.

‘ਹੋੜਾ’

ਹੋੜਾ, ਅੱਖਰ ‘ਅ’ ਅਤੇ ‘ੲ’ ਤੋਂ ਬਿਨਾ ਹੋਰ ਸਾਰੇ ਵਰਣਮਾਲਾ ਦੇ ਅੱਖਰਾਂ ਉਤੇ ਲਗਦਾ ਹੈ। ਪਿੰਗਲ ਅਨੁਸਾਰ ‘ਹੋੜੇ’ ਦੀਰਘ ਮਾਤਰਾ ਦਾ ਵਾਚਕ ਹੈ, ਗੁਰਬਾਣੀ ਵਿਚ ਕਿਸੇ ਲਫਜ਼ ਨੂੰ ਇਕ ਮਾਤਰੀਆ ਤੋਂ ਦੋ ਮਾਤਰੀਆ ਬਨਾਉਣ ਲਈ ਹੋੜੇ ਦੀ ਵਰਤੋਂ ਵਿਸ਼ੇਸ਼ ਤੌਰ ‘ਤੇ ਕੀਤੀ ਗਈ ਹੈ। ਗੁਰਬਾਣੀ ਵਿਚ ਹੋੜੇ ਦੀ ਵਿਆਕਰਣਿਕ ਅਤੇ ਕਾਵਿਕ ਤੌਰ ‘ਤੇ ਵਰਤੋਂ ਬਾਰੇ ਸਮਝਣ ਦਾ ਯਤਣ ਕਰੀਏ:

੧. ਗੁਰਬਾਣੀ ਵਿਚ ਛੰਦ ਦੀ ਇਕਸਾਰਤਾ ਲਈ ਤੁਕਾਂਤ ਨੂੰ ਮੇਲਣ ਲਈ ਹੋੜੇ ਦੀ ਵਰਤੋਂ ਸੰਗਿਆਵਾਚੀ ਅਤੇ ਵਿਸ਼ੇਸ਼ਣਾਂ ਦੇ ਅੰਤਲੇ ਅੱਖਰ ਨਾਲ ਕੀਤੀ ਗਈ ਹੈ:

‘ਨਾਨਕੁ ਨੂੰ ‘ਨਾਨਕੋ’

ਕਰਤਾਰੁ ਨੂੰ ‘ਕਰਤਾਰੋ’

ਮਾਣੁ ਨੂੰ ‘ਮਾਣੋ’

ਜਾਨਣਹਾਰੁ ਨੂੰ ‘ਜਾਨਣਹਾਰੋ’

ਤਰਣਹਾਰ ਨੂੰ ‘ਤਰਣਹਾਰੋ’ ਆਦਿ।

ਉਪਰੋਕਤ ਲਫਜ਼ਾਂ ਨੂੰ ਕੇਵਲ ਤੁਕਾਂਤ ਮੇਲਣ ਲਈ ‘ਹੋੜੇ’ ਦੀ ਵਰਤੋਂ ਕੀਤੀ ਹੈ ਅਰਥਾਂ ਵਿਚ ਕੋਈ ਤਬਦੀਲੀ ਨਹੀਂ ਆਉਂਦੀ।

੨.ਅੰਤਕ ‘ਹੋੜੇ’ਵਾਲੇ ਸ਼ਬਦਾਂ ਵਿਚੋਂ ਸੰਬੰਧਕੀ ਅਰਥ ਭੀ ਨਿਕਲਦੇ ਹਨ:

“ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ ॥ ( ਪੰਨਾ ੧੮)

ਏਕੋ-{ਸੰਬੰਧ ਕਾਰਕ}ਇਕ ਦਾ।

“ਓਹੁ ਸਭਨਾ ਕੀ ਰੇਣੁ ਬਿਰਹੀ ਚਾਰਣੋ ॥ ( ਪੰਨਾ ੯੬੩)

ਚਾਰਣੋ-{ਸੰਬੰਧ ਕਾਰਕ} ਚਰਣਾਂ ਦਾ।

“ਜਿਸੁ ਆਇਆ ਹਥਿ ਨਿਧਾਨੁ ਸੁ ਰਹਿਆ ਭਾਲਣੋ ॥ ( ਪੰਨਾ ੯੬੩)

ਭਾਲਣੋ-{ਨਾਂਵ ਅਪਾਦਾਨ ਕਾਰਕ} ਭਾਲਣ ਤੋਂ।

“ਏਕੁ ਸਿਮਰਿ ਏਕੋ ਮਨ ਆਹਿ ॥ ( ਪੰਨਾ ੨੮੯)

ਏਕੋ-{ਸੰਪਰਦਾਨ ਕਾਰਕ} ਇਕ ਨੂੰ॥

੩.ਗੁਰਬਾਣੀ ਵਿਚ ਕਿਰਿਆਵਾਚੀ ਲਫਜ਼ਾਂ ਨੂੰ ਅੰਤ ਹੋੜਾ ਵਰਤਿਆ ਗਿਆ ਹੈ ਅਤੇ ਜਿਆਦਾਤਰ ਭੂਤਕਾਲ ਦਾ ਸੂਚਕ ਹੁੰਦਾ ਹੈ:

“ਸੁਨਿਬੋ ਸਖੀ ਕੰਤਿ ਹਮਾਰੋ ਕੀਅਲੋ ਖਸਮਾਨਾ ॥ ( ਪੰਨਾ ੩੭੨)

ਕੀਅਲੋ-{ਕਿਰਿਆ ਭੂਤਕਾਲ ਇਕਵਚਨ ਅਨ ਪੁਰਖ} ਕੀਤਾ।

“ਜਬ ਹਮ ਹਰਿ ਸੇਤੀ ਮਨੁ ਮਾਨਿਆ ਕਰਿ ਦੀਨੋ ਜਗਤੁ ਸਭੁ ਗੋਲ ਅਮੋਲੀ ॥੧॥ ( ਪੰਨਾ ੧੬੮)

ਦੀਨੋ-{ਕਿਰਿਆ ਭੂਤਕਾਲ ਬਹੁਵਚਨ ਅਨਪੁਰਖ} ਦਿਤਾ।

੪.ਅੰਤਕ ਹੋੜਾ ਗੁਰਬਾਣੀ ਅੰਦਰ ਕਈ ਲਫਜ਼ਾਂ ਨੂੰ ਭਵਿਖਤ ਕਾਲ ਦਾ ਸੂਚਕ ਭੀ ਆਇਆ ਹੈ। ਜਦੋਂ ਭਵਿਖਤ ਕਾਲ ਦੀ ਕਿਰਿਆ ਉਤਮ ਪੁਰਖ ਵਿਚ ਆ ਜਾਏ ਤਾਂ ਉਸ ਲਫਜ਼ ਦਾ ਉਚਾਰਣ ਬਿੰਦੀ ਸਹਿਤ ਕੀਤਾ ਜਾਂਦਾ ਹੈ:

“ਬੈਰਾਗੀ ਰਾਮਹਿ ਗਾਵਉਗੋ ॥ ( ਪੰਨਾ ੯੭੩)

ਗਾਵਉਗੋ-{ਕਿਰਿਆ ਭਵਿਖਤ ਕਾਲ ਉਤਮ ਪੁਰਖ ਇਕਵਚਨ} ਗਾਵਾਂਗਾ।ਉਚਾਰਣ-ਗਾਵਉਂਗੋ।

“ਸਬਦਿ ਅਤੀਤ ਅਨਾਹਦਿ ਰਾਤਾ ਆਕੁਲ ਕੈ ਘਰਿ ਜਾਉਗੋ ॥੧॥ ਰਹਾਉ ॥ ( ਪੰਨਾ ੯੭੩)

ਜਾਉਗੋ-{ਕਿਰਿਆ,ਭਵਿਖਤ ਕਾਲ ਉਤਮ ਪੁਰਖ ਇਕਵਚਨ} ਜਾਵਾਂਗਾ।ਉਚਾਰਣ-ਜਾਉਂਗੋ।

“ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੇਨੁ ਬਜਾਵਉਗੋ ॥੧॥ ( ਪੰਨਾ ੯੭੩)

ਬਜਾਵਉਗੋ-{ਕਿਰਿਆ ਭਵਿਖਤ ਕਾਲ ਉਤਮ ਪੁਰਖ ਇਕਵਚਨ} ਬਜਾਵਾਂਗਾ। ਉਚਾਰਣ-ਬਜਾਵਉਂਗੋ ।

੫. ਗੁਰਬਾਣੀ ਵਿਚ ਕਈ ਲਫਜ਼ਾਂ ਦੇ ਅੰਤ ‘ਲੋ’ ਪਛੇਤਰ ਵਰਤਿਆ ਹੈ, ਅਜਿਹਾ ਕਾਵਿਕ ਅਤੇ ਭਾਸ਼ਾਈ ਤੌਰ ‘ਤੇ ਕੀਤਾ ਜਾਂਦਾ ਹੈ:

“ਮਲੈ ਨ ਲਾਛੈ ਪਾਰ ਮਲੋ ਪਰਮਲੀਓ ਬੈਠੋ ਰੀ ਆਈ ॥ ਆਵਤ ਕਿਨੈ ਨ ਪੇਖਿਓ ਕਵਨੈ ਜਾਣੈ ਰੀ ਬਾਈ ॥੧॥ ਕਉਣੁ ਕਹੈ ਕਿਣਿ ਬੂਝੀਐ ਰਮਈਆ ਆਕੁਲੁ ਰੀ ਬਾਈ ॥੧॥ ਰਹਾਉ ॥ ਜਿਉ ਆਕਾਸੈ ਪੰਖੀਅਲੋ ਖੋਜੁ ਨਿਰਖਿਓ ਨ ਜਾਈ ॥ ਜਿਉ ਜਲ ਮਾਝੈ ਮਾਛਲੋ ਮਾਰਗੁ ਪੇਖਣੋ ਨ ਜਾਈ ॥੨॥ ਜਿਉ ਆਕਾਸੈ ਘੜੂਅਲੋ ਮ੍ਰਿਗ ਤ੍ਰਿਸਨਾ ਭਰਿਆ ॥ ਨਾਮੇ ਚੇ ਸੁਆਮੀ ਬੀਠਲੋ ਜਿਨਿ ਤੀਨੈ ਜਰਿਆ ॥੩॥੨॥ ( ਪੰਨਾ ੫੨੫)

ਪਰ ਮਲ ਤੋਂ ਪਾਰ ਮਲੋ

ਪੰਖੀ ਤੋਂ ਪੰਖੀਅਲੋ

ਘੜ ਤੋਂ ਘੜੂਅਲੋ

ਮਛੁਲੀ ਤੋਂ ਮਾਛੁਲੋ ਆਦਿ।

ਭੁੱਲ-ਚੁਕ ਮੁਆਫ

ਹਰਜਿੰਦਰ ਸਿੰਘ ‘ਘੜਸਾਣਾ’

[email protected] 




.