.

ਗੁਰਬਾਣੀ ਅਤੇ ਇਤਿਹਾਸ ਦਾ ਸੁਮੇਲ (ਭਾਗ-10)

(ਸੁਖਜੀਤ ਸਿੰਘ ਕਪੂਰਥਲਾ)

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ-9 ਪੜੋ

ਇਸ ਚਲ ਰਹੀ ਲੇਖ ਲੜੀ ਤਹਿਤ ਉਹਨਾਂ ਗੁਰਬਾਣੀ ਦੇ ਸ਼ਬਦਾਂ ਦੀ ਵਿਚਾਰ ਅਤੇ ਸ਼ਬਦ ਦੇ ਭਾਵ- ਅਰਥ ਨੂੰ ਮੁੱਖ ਰੱਖਦੇ ਹੋਏ ਵਿਸ਼ੇ ਨਾਲ ਸਬੰਧਿਤ ਗੁਰਮਤਿ ਸਿਧਾਂਤਾਂ ਪ੍ਰਤੀ ਜਾਣਕਾਰੀ ਨੂੰ ਪ੍ਰਾਰੰਭ ਕੀਤਾ ਗਿਆ ਹੈ ਜਿਹੜੇ ਸ਼ਬਦ ਕਿਸੇ ਨਾ ਕਿਸੇ ਇਤਿਹਾਸਕ ਘਟਨਾ ਨਾਲ ਸਬੰਧ ਰੱਖਦੇ ਹਨ। ਇਤਿਹਾਸਕ ਤੌਰ ਤੇ ਇਹ ਸ਼ਬਦ ਭਾਵੇਂ ਵਿਅਕਤੀ ਵਿਸ਼ੇਸ਼ ਨਾਲ ਸਬੰਧ ਰੱਖਦੇ ਹਨ ਪਰ ਅਧਿਆਤਮਕ ਤੌਰ ਤੇ ਉਪਦੇਸ਼ ਅਤੇ ਸਿਖਿਆ “ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ” (੬੪੭) ਅਨੁਸਾਰ ਸਮੁੱਚੀ ਮਾਨਵਤਾ ਲਈ ਸਰਬ ਸਾਂਝੀ ਹੀ ਹੈ।

==========

ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ।।

ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ।। ੨੧।।

(ਸਲੋਕ ਵਾਰਾ ਤੇ ਵਧੀਕ- ਮਹਲਾ ੧-੧੪੧੨)

ਗੁਰੂ ਨਾਨਕ ਸਾਹਿਬ ਆਪਣੇ ਪ੍ਰਚਾਰ ਦੌਰੇ (ਉਦਾਸੀਆਂ) ਦੌਰਾਨ ਚਲਦੇ-ਚਲਦੇ ਸਿਆਲਕੋਟ (ਪਾਕਿਸਤਾਨ) ਦੀ ਧਰਤੀ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਪਹੁੰਚੇ। ਉਸ ਸਮੇਂ ਇਸ ਧਰਤੀ ਉਪਰ ਵੱਸਣ ਵਾਲੇ ਲੋਕ ਆਉਣ ਵਾਲੇ ਇੱਕ ਅਖੌਤੀ ਡਰ ਦੇ ਅਧੀਨ ਸਹਿਮ ਦੀ ਅਵਸਥਾ ਅੰਦਰ ਪਏ ਹੋਏ ਸਨ। ਸਤਿਗੁਰਾਂ ਨੇ ਜਦੋਂ ਪੁੱਛ ਕੀਤੀ ਤਾਂ ਲੋਕਾਂ ਨੇ ਦਸਿਆ ਕਿ ਇਸ ਸ਼ਹਿਰ ਨੂੰ ਗਰਕ ਕਰ ਦੇਣ ਦੇ ਮੰਤਵ ਨਾਲ ‘ਹਮਜ਼ਾ ਗੌਂਸ` ਨਾਮ ਦਾ ਮੁਸਲਮਾਨ ਪੀਰ ਗੁੰਬਜ ਬੰਦ ਕਰਕੇ ਅੰਦਰ ਚਾਲੀ ਦਿਨ ਦਾ ਵਰਤ ਰੱਖ ਕੇ, ਸਮਾਧੀ ਲਾ ਕੇ ਬੈਠਾ ਹੋਇਆ ਹੈ, ਉਸ ਦਾ ਕਹਿਣਾ ਹੈ ਕਿ ਇਹ ਸਾਰਾ ਸ਼ਹਿਰ ਝੂਠਿਆਂ ਦਾ ਹੈ। (ਕਿਉਂ ਕਿ ਹਮਜ਼ਾ ਗੌਂਸ ਨਾਲ ਸਿਆਲਕੋਟ ਦੇ ਇੱਕ ਵਸਨੀਕ ਨੇ ਕੀਤੇ ਇਕਰਾਰ ਅਨੁਸਾਰ ਆਪਣਾ ਬੱਚਾ ਪੀਰ ਦੇ ਹਵਾਲੇ ਨਹੀਂ ਸੀ ਕੀਤਾ) ਉਹ 40 ਦਿਨਾਂ ਦੇ ਵਰਤ ਦੁਆਰਾ ਮਿਲੀ ਸ਼ਕਤੀ ਦੇ ਆਸਰੇ ਝੂਠਿਆਂ ਦੇ ਸਾਰੇ ਸ਼ਹਿਰ ਨੂੰ ਗਰਕ ਕਰ ਕੇ ਰੱਖ ਦੇਵੇਗਾ।

ਮਨੁੱਖਤਾ ਦੇ ਦਰਦ ਨੂੰ ਆਪਣਾ ਦਰਦ ਸਮਝਣ ਵਾਲੇ ਗੁਰੂ ਨਾਨਕ ਇਹ ਸਾਰਾ ਕੁੱਝ ਵੇਖ ਕੇ ਅਭਿੱਜ ਕਿਵੇਂ ਰਹਿ ਸਕਦੇ ਸਨ। ਗੁੰਬਜ ਦੇ ਨੇੜੇ ਬੈਠ ਕੇ ਭਾਈ ਮਰਦਾਨਾ ਜੀ ਦੀ ਰਬਾਬ ਸੰਗ ਉਨ੍ਹਾਂ ਨੇ ਉਚੀ ਅਵਾਜ਼ ਵਿੱਚ ਰੱਬੀ ਕੀਰਤਨ ਸ਼ੁਰੂ ਕਰ ਦਿਤਾ। ਕੀਰਤਨ ਦੀ ਅਵਾਜ਼ ਕੰਨਾਂ ਵਿੱਚ ਪੈਣ ਤੇ ਪੀਰ ਹਮਜ਼ਾ ਗੌਂਸ, ਜੋ ਵਰਤ ਅਤੇ ਸਮਾਧੀ ਵਿੱਚ ਲੀਨ ਹੋਣ ਦਾ ਦਾਅਵਾ ਕਰਦਾ ਹੋਇਆ ਗੁੰਬਜ਼ ਦੇ ਅੰਦਰ ਬੈਠਾ ਸੀ, ਗੁੰਬਜ਼ ਤੋਂ ਬਾਹਰ ਨਿਕਲਿਆ। ਸਤਿਗੁਰਾਂ ਦੀ ਅਗੰਮੀ ਸ਼ਖਸ਼ੀਅਤ ਦੇ ਦਰਸ਼ਨ ਕਰਕੇ ਅਤੇ ਰੱਬੀ ਕੀਰਤਨ ਦੇ ਪ੍ਰਭਾਵ ਅਧੀਨ ਜੁੜੀਆਂ ਸੰਗਤਾਂ ਦਾ ਅਸਰ ਉਸ ਉਪਰ ਵੀ ਹੋਇਆ।

ਬਾਹਰ ਨਿਕਲਦਿਆਂ ਹੀ ਪੀਰ ਹਮਜ਼ਾ ਗੌਂਸ ਨੇ ਸਾਹਿਬਾਂ ਉਪਰ ਪ੍ਰਸ਼ਨ ਕੀਤਾ ਕਿ ਤੁਸੀਂ ਇਸ ਝੂਠਿਆਂ ਦੇ ਸ਼ਹਿਰ ਵਾਲੇ ਵਸਨੀਕ ਲੋਕਾਂ ਦੀ ਮਦਦ ਉਪਰ ਕਿਉਂ ਆਏ ਹੋ? ਸਤਿਗੁਰਾਂ ਨੇ ਜਵਾਬ ਦਿੱਤਾ ਕਿ ਇਹ ਧਰਮੀ ਪੁਰਸ਼ ਦੀ ਨਿਸ਼ਾਨੀ ਨਹੀਂ ਕਿ ਉਸ ਅਨੁਸਾਰ ਕਿਸੇ ਇੱਕ ਝੂਠੇ ਦੀ ਸਜ਼ਾ ਸਾਰੇ ਸ਼ਹਿਰ ਨੂੰ ਦਿਤੀ ਜਾਵੇ। ਸਾਰੇ ਲੋਕ ਇੱਕ ਅੱਲ੍ਹਾ ਦੀ ਸੰਤਾਨ ਹਨ ਅਤੇ ਉਸ ਦੇ ਬੱਚਿਆਂ ਨੂੰ ਦੁਖ ਕਸ਼ਟ ਦੇਣ ਨਾਲ ਅੱਲ੍ਹਾ-ਤਾਲਾ ਦੀ ਖੁਸ਼ੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ।

ਪ੍ਰੰਤੂ ਪੀਰ ਹਮਜ਼ਾ ਗੌਂਸ ਅਜੇ ਵੀ ਇਸ ਗੱਲ ਤੇ ਬਜਿਦ ਸੀ ਕਿ ਸਾਰਾ ਸ਼ਹਿਰ ਹੀ ਝੂਠਿਆਂ ਦਾ ਹੈ। ਸਤਿਗੁਰਾਂ ਨੇ ਉਸ ਪੀਰ ਦੇ ਇਸ ਬੇ-ਬੁਨਿਆਦ ਸ਼ੰਕੇ ਦੀ ਨਵਿਰਤੀ ਕਰਨ ਲਈ (ਉਸ ਅਨੁਸਾਰ ਇੱਕ ਵਿਅਕਤੀ ਦੇ ਪ੍ਰਣ ਪੂਰਾ ਨਾਂ ਕਰ ਸਕਣ ਕਾਰਣ ਸਾਰੇ ਸ਼ਹਿਰ ਨੂੰ ਝੂਠੇ ਹੋਣ ਦਾ ਖਿਤਾਬ ਦੇ ਦੇਣਾ) ਭਾਈ ਮਰਦਾਨਾ ਜੀ ਨੂੰ ਦੋ ਪੈਸੇ ਦੇ ਕੇ ਬਜ਼ਾਰ ਵਿਚੋਂ ਇੱਕ ਪੈਸੇ ਦਾ ‘ਸੱਚ` ਅਤੇ ਇੱਕ ਪੈਸੇ ਦਾ ‘ਝੂਠ` ਖਰੀਦ ਕੇ ਲਿਆਉਣ ਲਈ ਆਦੇਸ਼ ਦਿਤਾ। ਭਾਈ ਮਰਦਾਨਾ ਕਈ ਦੁਕਾਨਾਂ ਤੇ ਗਏ ਪਰ ਬਹੁ-ਗਿਣਤੀ ਦੁਕਾਨਦਾਰਾਂ ਨੂੰ ਤਾਂ ਇਸ ਸੌਦੇ ਦੀ ਸਮਝ ਹੀ ਨਹੀਂ ਆਈ। ਪ੍ਰੰਤੂ ਇੱਕ ਦੁਕਾਨਦਾਰ ਭਾਈ ਮੂਲਾ ਨੇ ਦੋ ਪੈਸੇ ਲੈ ਕੇ ਕਾਗਜ਼ ਦੀ ਇੱਕ ਪਰਚੀ ਉੱਪਰ ‘ਮਰਣਾ ਸੱਚ` ਅਤੇ ਦੂਜੀ ਪਰਚੀ ਉਪਰ ‘ਜਿਊਣਾ ਝੂਠ` ਲਿਖ ਕੇ ਮੰਗ ਅਨੁਸਾਰ ਸੌਦਾ ਦੇ ਦਿੱਤਾ। ਭਾਈ ਮੂਲੇ ਦੇ ਇਸ ਸੰਦੇਸ਼ ਰੂਪੀ ਸੌਦੇ ਨਾਲ ਸਤਿਗੁਰੂ ਜੀ ਨੇ ਪੀਰ ਹਮਜ਼ਾ ਗੌਂਸ ਦੇ ਉਸ ਸ਼ੰਕੇ ਦੀ ਨਵਿਰਤੀ ਕਰ ਦਿੱਤੀ ਕਿ ਸਾਰਾ ਸ਼ਹਿਰ ਝੂਠਿਆਂ ਦਾ ਨਹੀਂ ਸਗੋਂ ਇਸ ਸ਼ਹਿਰ ਵਿੱਚ ਭਾਈ ਮੂਲਾ ਜੀ ਵਰਗੇ ਸਤਿ ਪੁਰਸ਼ ਵੀ ਵੱਸਦੇ ਹਨ ਜੋ ਮਰਣਾ ਸੱਚ ਅਤੇ ਜਿਊਣਾ ਝੂਠ ਵਾਲੇ ਜੀਵਨ ਦੇ ਸੱਚ ਨੂੰ ਸਮਝਦੇ ਹਨ।

ਇਹ ਪਹਿਲਾ ਪੱਖ ਭਾਈ ਮੂਲਾ ਜੀ ਦੇ ਜੀਵਨ ਦਾ ਗੁਰਮਤਿ ਸਿਧਾਂਤਾਂ ਦੀ ਸਮਝ ਵਿੱਚ ਅਨੁਕੂਲਤਾ ਵਾਲਾ ਹੈ। ਗੁਰੂ ਨਾਨਕ ਸਾਹਿਬ ਨੇ ਉਸ ਦੇ ਜੀਵਨ ਦਾ ਦੂਜਾ ਵਿਰੋਧੀ ਪੱਖ ਵੀ ਸਾਡੇ ਸਾਹਮਣੇ ਰੱਖਿਆ ਹੈ। ਵੇਖਣਾ ਅਸੀਂ ਹੈ ਕਿ ਅਸੀਂ ਭਾਈ ਮੂਲਾ ਜੀ ਦੇ ਜੀਵਨ ਦੇ ਕਿਸ ਪੱਖ ਨਾਲ ਸਬੰਧਿਤ ਹਾਂ।

ਭਾਈ ਮੂਲਾ ਜੀ ਵਲੋਂ ਲਿਖੇ ਸ਼ਬਦ ‘ਮਰਣਾ ਸੱਚ ਅਤੇ ਜਿਉਣਾ ਝੂਠ` ਨੂੰ ਪੜ੍ਹਦੇ-ਸੁਣਦੇ ਹੋਏ ਅਸੀਂ ਸਾਰੇ ਬਾਹਰੀ ਤੌਰ ਤੇ ਸਹਿਮਤ ਹੋ ਜਾਂਦੇ ਹਾਂ, ਪਰ ਕੀ ਮੌਤ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਲਈ ਤਿਆਰ ਵੀ ਹਾਂ?

ਅਸੀਂ ਵੇਖਦੇ ਹਾਂ ਕਿ ਜੇਕਰ ਪੁੱਤਰ ਮਾਂ ਦੇ ਸਾਹਮਣੇ ਕਹਿ ਦੇਵੇ ਕਿ ਮਾਂ! ਮੈਂ ਮਰ ਜਾਣਾ ਹੈ ਤਾਂ ਮਾਂ ਬੜੀ ਤੇਜੀ ਨਾਲ ਬੱਚੇ ਦੇ ਮੂੰਹ ਅੱਗੇ ਹੱਥ ਰੱਖ ਕੇ ਜਬਰਦਸਤੀ ਉਸਦਾ ਮੂੰਹ ਬੰਦ ਕਰਦੀ ਹੋਈ ਆਖਦੀ ਹੈ ਕਿ ਪੁੱਤਰ! ਤੈਨੂੰ ਕੋਈ ਚੱਜ ਦੀ ਗੱਲ ਨਹੀਂ ਆਉਂਦੀ, ਐਵੇਂ ਨਹੀਂ ਮਰਣ-ਮਰਾਉਣ ਦੀਆਂ ਗੱਲਾਂ ਕਰੀ ਦੀਆਂ। ਇਸ ਪੱਖ ਉਪਰ ਜਦੋਂ ਅਸੀਂ ਗੁਰਬਾਣੀ ਦਰਸ਼ਨ ਵਿਚੋਂ ਵੇਖਦੇ ਹਾਂ ਤਾਂ ਸਭ ਤੋਂ ਚੱਜ ਦੀ ਗੱਲ ਹੀ ਇਹ ਹੈ ਕਿ ਜੀਵਨ ਦੀ ਆਸ ਛੱਡ ਕੇ ਮਰਣ ਨੂੰ ਹਰ ਸਮੇਂ ਚੇਤੇ ਰੱਖਿਆ ਜਾਵੇ। ਇਸ ਸੰਸਾਰ ਵਿੱਚ ਕੋਈ ਹਮੇਸ਼ਾ ਨਹੀਂ ਰਹਿ ਸਕਿਆ ਹੈ ਅਤੇ ਨਾ ਹੀ ਰਹਿ ਸਕੇਗਾ। ਮੌਤ ਦਾ ਕੀ ਭਰੋਸਾ ਬਚਪਨ- ਜਵਾਨੀ- ਬੁਢੇਪੇ ਵਿੱਚ ਕਦੋਂ ਆ ਜਾਵੇ। ਮੌਤ ਤਾਂ ਅਟੱਲ ਸਚਾਈ ਹੈ।

-ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ।।

ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ।।

(ਸਲੋਕ ਮਹਲਾ ੫-੧੧੦੨)

-ਸੇਖ ਹੈਆਤੀ ਜਗਿ ਨ ਕੋਈ ਥਿਰੁ ਰਹਿਆ।।

ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ।।

(ਆਸਾ- ਸੇਖ ਫਰੀਦ ਜੀ-੪੮੮)

-ਐਸੋ ਇਹੁ ਸੰਸਾਰੁ ਪੇਖਨਾ ਰਹਨੁ ਨ ਕੋਊ ਪਈ ਹੈ ਰੇ।।

ਸੂਧੇ ਸੂਧੇ ਰੇਗਿ ਚਲਹੁ ਤੁਮ ਨਤਰ ਕੁਧਕਾ ਦਿਵਈ ਹੈ ਰੇ।। ਰਹਾਉ।।

ਬਾਰੇ ਬੂਢੇ ਤਰੁਨੇ ਭਈਆ ਸਭਹੂ ਜਮੁ ਲੈ ਜਈ ਹੈ ਰੇ।।

ਮਾਨਸੁ ਬਪੁਰਾ ਮੂਸਾ ਕੀਨੋ ਮੀਚੁ ਬਿਲਈਆ ਖਈ ਹੈ ਰੇ।। ੧।।

(ਬਿਲਾਵਲੁ ਕਬੀਰ ਜੀ - ੮੫੫)

ਮਾਤਾ-ਪਿਤਾ ਆਪਣੇ ਬੱਚੇ ਦਾ ਜਨਮ ਦਿਨ ਮਨਾਉਂਦੇ ਹੋਏ ਮਿਠਾਈਆਂ ਵੰਡਦੇ, ਵਧਾਈਆਂ ਲੈਂਦੇ ਹੋਏ ਪੁੱਤਰ ਦੇ ਉਮਰ ਵਿੱਚ ਵੱਡੇ ਹੋਣ ਦੀ ਖੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ। ਇਹ ਤਸਵੀਰ ਦਾ ਕੇਵਲ ਇੱਕ ਹੀ ਪਾਸਾ ਹੈ। ਗੁਰਬਾਣੀ ਸਾਨੂੰ ਜੀਵਨ ਰੂਪੀ ਤਸਵੀਰ ਦਾ ਦੂਜਾ ਪਾਸਾ ਵੀ ਵਿਖਾਉਂਦੀ ਹੈ ਕਿ ਹਰੇਕ ਜੀਵ ਦੇ ਪੈਦਾ ਹੋਣ ਸਮੇਂ ‘ਮਰਣੁ ਲਿਖਾਇ ਮੰਡਲੁ ਮਹਿ ਆਏ` (੧੦੨੨) ਜੀਵਨ ਦੇ ਅੰਤ ਨੂੰ ਨਿਸ਼ਚਿਤ ਕਰਕੇ ਪ੍ਰਮੇਸ਼ਰ ਵਲੋਂ ਭੇਜਿਆ ਜਾਂਦਾ ਹੈ, ਇਸ ਅਧਾਰ ਤੇ ਬੱਚਾ ਵੱਡਾ ਨਹੀਂ ਸਗੋਂ ਉਸਦੇ ਜੀਵਨ ਵਿੱਚ ਵਾਧੇ ਦੀ ਬਜਾਏ ਇੱਕ ਸਾਲ ਦਾ ਘਾਟਾ ਪੈ ਗਿਆ ਹੈ। ਮਨੁੱਖ ਆਪਣੇ ਜੀਵਨ ਵਿੱਚ ਮੌਤ ਤੋਂ ਬਚਣ ਲਈ ਕਈ ਤਰਾਂ ਦੇ ਸਰਫੇ ਕਰਦਾ ਹੋਇਆ ਕਈ ਪਾਪੜ ਵੇਲਦਾ ਹੈ ਪਰ ਜਦੋਂ ਮੌਤ ਆਉਂਦੀ ਹੈ ਤਾਂ ਕਿਸੇ ਨੂੰ ਪੁਛਣ ਦੀ ਲੋੜ ਵੀ ਨਹੀਂ ਸਮਝਦੀ-

-ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ।।

ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਉ ਹਸੈ।। ੧।।

ਐਸਾ ਤੈਂ ਜਗੁ ਭਰਮਿ ਲਾਇਆ।।

ਕੈਸੇ ਬੂਝੈ ਜਬ ਮੋਹਿਆ ਹੈ ਮਾਇਆ।। ੧।। ਰਹਾਉ।।

(ਸਿਰੀ ਰਾਗ-ਕਬੀਰ ਜੀਉ ਕਾ-੯੧)

-ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਇ।।

ਨਾਨਕ ਕਿਸ ਨੋ ਆਖੀਐ ਵਿਣੁ ਪੁਛਿਆ ਹੀ ਲੈ ਜਾਇ।।

(ਸਲੋਕ ਵਾਰਾ ਤੇ ਵਧੀਕ-ਮਹਲਾ ੧-੧੪੧੨)

ਜਿਥੇ ਗੁਰਬਾਣੀ ਸਾਨੂੰ ‘ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ (੧੪੨੯) ਅਤੇ ‘ਜੋ ਜਨਮੈ ਸੋ ਜਾਨਹੁ ਮੂਆ` (੩੭੫) ਦਾ ਉਪਦੇਸ਼ ਦਿੰਦੀ ਹੈ, ਉਸਦੇ ਨਾਲ-ਨਾਲ ਇਹ ਵੀ ਦਸਦੀ ਹੈ ਕਿ ਪ੍ਰਮੇਸ਼ਰ ਤਾਂ ਸਮੇਂ-ਸਮੇਂ ਮੌਤ ਦਾ ਅਲਾਰਮ ਵੀ ਵਜਾੳ਼ੁਂਦਾ ਹੈ ਤਾਂ ਜੋ ਜੀਵ ਹੁਣ ਵੀ ਸੁਚੇਤ ਹੋ ਜਾਵੇ। ਪ੍ਰੰਤੂ ਜੀਵ ਕੈਸੇ ਅਨਜਾਣ- ਅਨਭੋਲ ਹਨ, ਅਲਾਰਮ ਨੂੰ ਬੰਦ ਕਰਨ ਦੇ ਯਤਨ ਕਰਦੇ ਹੋਏ ਸੋਚਦੇ ਹਨ ਸ਼ਾਇਦ ਇਸ ਨਾਲ ਮੌਤ ਵੀ ਦੂਰ ਚਲੀ ਜਾਵੇਗੀ-

ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ।।

ਜੇ ਸਉ ਵਰਿਆ ਜੀਵਣਾ ਭੀ ਤਨ ਹੋਸੀ ਖੇਹ।। ੪੧।।

-ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆਂ।।

ਰੇ ਮਨ ਗਹਿਲੇ ਬਾਵਲੇ ਮਾਣਹਿ ਕਿਆ ਰਲੀਆਂ।। ੫੫।।

-ਏਨੀ ਲੋਇਣੀ ਦੇਖਦਿਆ ਕੇਤੀ ਚਲਿ ਗਈ।।

ਫਰੀਦਾ ਲੋਕਾ ਆਪੋ ਆਪਣੀ ਮੈ ਆਪਣੀ ਪਈ।। ੯੪।।

(ਸਲੋਕ ਸ਼ੇਖ ਫਰੀਦ ਕੇ-੧੩੮੦/੧੩੮੨)

ਜਦੋਂ ਅਸੀਂ ਇਤਿਹਾਸ ਵਿੱਚ ਝਾਤੀ ਮਾਰ ਕੇ ਵੇਖਦੇ ਹਾਂ ਤਾਂ ਇੱਕ ਗੱਲ ਪ੍ਰੱਤਖ ਰੂਪ ਵਿੱਚ ਸਾਹਮਣੇ ਆਉਂਦੀ ਹੈ ਕਿ ਸ਼ਹਾਦਤਾਂ ਦਾ ਇਤਿਹਾਸ ਉਹਨਾਂ ਨੇ ਹੀ ਰਚਿਆ ਜਿਹੜੇ ਮੌਤ ਤੋਂ ਡਰਨ ਦੀ ਬਜਾਏ ਮੌਤ ਨੂੰ ਖਿੜੇ ਮੱਥੇ ਪ੍ਰਵਾਨ ਚੜ ਕੇ ਨਾਇਕ ਬਣ ਗਏ। ਉਹਨਾਂ ਦੇ ਸਾਹਮਣੇ ਜੀਵਨ ਦੇ ਇਵਜ਼ ਵਿੱਚ ਧਰਮ ਪਰਿਵਰਤਨ ਕਰਨ ਜਾਂ ਮੌਤ ਨੂੰ ਪ੍ਰਵਾਨ ਕਰਨ ਦੀਆਂ ਸ਼ਰਤਾਂ ਰੱਖੀਆਂ ਗਈਆਂ। ਜਿਵੇਂ ਭਾਈ ਤਾਰੂ ਸਿੰਘ ਨੂੰ ਕਿਹਾ ਗਿਆ ਕਿ ਮੁਸਲਮਾਨ ਬਣ ਜਾਵੋ ਨਹੀਂ ਤਾਂ ਮਾਰ ਦਿਤੇ ਜਾਵੋਗੇ। ਪਰ ਧਰਮੀ ਪੁਰਸ਼ ਦਾ ਦ੍ਰਿੜਤਾ, ਤਰਕ-ਭਰਪੂਰ, ਸਵਾਲ-ਜਵਾਬ ਸੀ “ਕੀ ਮੁਸਲਮਾਨ ਮਰਦੇ ਨਹੀਂ, ਜੇ ਮੁਸਲਮਾਨ ਬਣ ਕੇ ਵੀ ਇੱਕ ਦਿਨ ਮਰ ਹੀ ਜਾਣਾ ਹੈ ਤਾਂ ਮੈਂ ਆਪਣੇ ਗੁਰੂ ਤੋਂ ਬੇ-ਮੁਖ ਹੋ ਕੇ ਕਿਉਂ ਮਰਾਂ? “

ਆਮ ਮਨੁੱਖ ਦੇ ਜੀਵਨ ਵਿੱਚ ‘ਮੌਤ ਦਾ ਡਰ` ਅਤੇ ਇਸ ਸਬੰਧੀ ‘ਗੁਰਮਤਿ ਸਿਧਾਂਤ` ਪ੍ਰਤੀ ਡਾ. ਗੁਰਸ਼ਰਨਜੀਤ ਸਿੰਘ ਦੇ ਵਿਚਾਰ ਬਹੁਤ ਭਾਵਪੂਰਤ ਹਨ-

ਮੌਤ ਜੀਵਨ ਦਾ ਇੱਕ ਸੱਚ ਹੈ। ਮੌਤ ਤੋਂ ਡਰ ਕੁਦਰਤੀ ਹੈ। ਮੌਤ ਮ੍ਰਿਤਕ ਪ੍ਰਾਣੀ ਲਈ ਸ਼ਾਇਦ ਖੋਫ਼ਨਾਕ ਨਹੀਂ ਹੁੰਦੀ, ਸਗੋਂ ਉਸਦੇ ਰਿਸ਼ਤੇਦਾਰਾਂ ਲਈ ਵਧੇਰੇ ਖੋਫ਼ਨਾਕ ਹੁੰਦੀ ਹੈ। ਇਸ ਦਾ ਕਾਰਣ ਰਿਸ਼ਤੇਦਾਰਾਂ ਦੀ ਮ੍ਰਿਤਕ ਪ੍ਰਾਣੀ ਉਪਰ ਨਿਰਭਰਤਾ ਹੈ। ਜਿੰਨਾ ਕੋਈ ਮ੍ਰਿਤਕ ਪ੍ਰਾਣੀ ਉਪਰ ਨਿਰਭਰ ਕਰਦਾ ਹੈ, ਉਤਨਾ ਉਸਨੂੰ ਦੁੱਖ ਹੁੰਦਾ ਹੈ।

ਸਿੱਖੀ ਵਿੱਚ ਸਿਧਾਂਤਕ ਤੌਰ ਤੇ ਮੌਤ ਤੋਂ ਡਰਨ ਨੂੰ ਫਜ਼ੂਲ ਦਸਿਆ ਗਿਆ ਹੈ। ਸਿੱਖੀ ਵਿੱਚ ਇਹ ਵੀ ਦਸਿਆ ਗਿਆ ਹੈ ਕਿ ਰੱਬ ਦੇ ਹੁਕਮ ਤੋਂ ਬਿਨਾਂ ਕੁੱਝ ਵੀ ਨਹੀਂ ਹੁੰਦਾ ਅਤੇ ਸਭ ਜੀਵਾਂ ਦੀ ਪ੍ਰਤਿਪਾਲਣਾ ਕਰਨ ਵਾਲਾ ਉਹੀ ਹੈ। ਪਰ ਇਸਦੇ ਬਾਵਜੂਦ ਆਮ ਮਨੁੱਖ ਆਪਣੇ ਕਿਸੇ ਸਬੰਧੀ ਦੀ ਮੌਤ ਦੇ ਸਦਮੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਇਸ ਸਮੇਂ ਵੈਰਾਗ ਹੋਣਾ ਕੁਦਰਤੀ ਹੈ। ਪਰ ਗੁਰਮਤਿ ਸਾਨੂੰ ਇਸ ਤਰਾਂ ਦੇ ਮੌਕੇ ਤੇ ਭਾਣਾ ਮੰਨਣ ਦੀ ਸਿਖਿਆ ਦਿੰਦੀ ਹੈ ਅਤੇ ਰੋਣ ਤੋਂ ਵਰਜਦੀ ਹੈ। “

(ਗੁਰਮਤ ਨਿਰਣਯ ਕੋਸ਼-ਪੰਨਾ 154)

ਅਸੀਂ ਅਕਸਰ ਵੇਖਦੇ-ਸੁਣਦੇ ਹਾਂ ਕਿ ਜਦੋਂ ਅਸੀਂ ਮ੍ਰਿਤਕ ਪ੍ਰਾਣੀ ਦੀ ਅਰਥੀ ਨਾਲ ਸ਼ਮਸ਼ਾਨ ਘਾਟ ਨੂੰ ਜਾ ਰਹੇ ਹੁੰਦੇ ਹਾਂ, ਜਿੰਨਾ ਚਿਰ ਸ਼ਮਸ਼ਾਨ ਘਾਟ ਦੇ ਅੰਦਰ ਹੁੰਦੇ ਹਾਂ ਤਾਂ ਸਾਡੇ ਸਾਰਿਆਂ ਦੀ ਆਪਸੀ ਗੱਲਬਾਤ ਦਾ ਵਿਸ਼ਾ ਮੌਤ ਦਾ ਹੁੰਦਾ ਹੈ, ਇਸ ਤਰਾਂ ਲੱਗਦਾ ਹੈ ਕਿ ਜਿਵੇਂ ਅਸੀਂ ਸਾਰਿਆਂ ਨੇ ਮੌਤ ਰੂਪੀ ਅਟੱਲ ਸਚਾਈ ਨੂੰ ਪੂਰਨ ਤੌਰ ਤੇ ਸਵੀਕਾਰ ਕਰ ਲਿਆ ਹੈ। ਪਰ ਸ਼ਮਸ਼ਾਨ ਘਾਟ ਦੇ ਗੇਟ ਤੋਂ ਬਾਹਰ ਨਿਕਲਣ ਦੀ ਦੇਰੀ ਹੁੰਦੀ ਹੈ ਅਸੀਂ ਮੌਤ ਨਾਲ ਸਬੰਧਿਤ ਬ੍ਰਹਮ-ਗਿਆਨ ਵੀ ਉਥੇ ਹੀ ਛੱਡ ਆਉਂਦੇ ਹਾਂ।

ਗੁਰਮਤਿ ਮਰਯਾਦਾ ਅਨੁਸਾਰ ‘ਸੋਹਿਲਾ ਸਾਹਿਬ` ਦੀ ਬਾਣੀ ਦਾ ਪਾਠ ਹਰੇਕ ਸਿੱਖ ਨਿਤਨੇਮ ਵਜੋਂ ਰਾਤ ਨੂੰ ਸੌਣ ਤੋਂ ਪਹਿਲਾਂ ਪੜ੍ਹ ਕੇ ਸੌਂਦਾ ਹੈ ਅਤੇ ਇਸ ਪਾਠ ਨੂੰ ਸ਼ਮਸ਼ਾਨ ਘਾਟ ਵਿੱਚ ਮ੍ਰਿਤਕ ਪ੍ਰਾਣੀ ਦੀ ਚਿਖਾ ਨੂੰ ਲਾਂਬੂ ਲਾ ਕੇ ਹਾਜ਼ਰ ਸੰਗਤ ਵਲੋਂ ਇੱਕ ਪਾਸੇ ਬੈਠ ਕੇ ਪੜ੍ਹਨ ਦਾ ਵਿਧਾਨ ਨਿਰਧਾਰਤ ਹੈ। ਵਿਚਾਰਵਾਨਾਂ ਦਾ ਬਹੁਤ ਭਾਵਪੂਰਤ ਮੱਤ ਹੈ ਕਿ ਇਹਨਾਂ ਦੋਵਾਂ ਸਮਿਆਂ ਉਪਰ ਸੋਹਿਲਾ ਦੀ ਬਾਣੀ ਪੜ੍ਹਣ ਦੇ ਵਿਧਾਨ ਵਿੱਚ ਇਕਸਾਰਤਾ ਇਸ ਲਈ ਹੈ ਕਿ ‘ਸਿੱਖਾ! ਯਾਦ ਰੱਖੀਂ, ਕੀ ਪਤਾ ਸ਼ਮਸ਼ਾਨ ਘਾਟ ਵਿੱਚ ਤੇਰਾ ਕੋਈ ‘ਸੋਹਿਲਾ` ਪੜ੍ਹੇ ਜਾਂ ਨਾਂ ਪੜ੍ਹੇ, ਤੂੰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣਾ ‘ਸੋਹਿਲਾ` ਆਪ ਪੜ੍ਹ ਕੇ ਸੌਇਆਂ ਕਰ`। ਪਰ ਹੈਰਾਨੀ ਹੈ ਕਿ ਨਿਤਨੇਮ ਵਜੋਂ ਸੋਹਿਲਾ ਪੜ੍ਹ ਕੇ ਸੌਣ ਵਾਲਾ ਵੀ ‘ਮਰਣਾ ਸੱਚ ਜਿਉਣਾ ਝੂਠ` ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀ ਹੁੰਦਾ।

ਗੁਰਮਤਿ ਸਾਨੂੰ ‘ਜੇ ਜੀਵੈ ਪਤਿ ਲਥੀ ਜਾਇ।। ਸਭੁ ਹਰਾਮ ਜੇਤਾ ਕਿਛੁ ਖਾਇ।। ` (੧੪੨) ਦੀ ਸਿਖਿਆ ਦਿੰਦੀ ਹੈ ਕਿ ਉਮਰ ਭਾਵੇਂ ਛੋਟੇ ਸਾਹਿਬਜਾਦਿਆਂ ਵਾਂਗ ਥੋੜੀ ਹੀ ਕਿਉਂ ਨਾ ਜੀਵੀ ਜਾਵੇ ਪਰ ਹੋਵੇ ਅਣਖ ਭਰਪੂਰ। ਮੌਤ ਕਦੋਂ, ਕਿਥੇ, ਕਿਵੇਂ ਆਵੇਗੀ, ਇਹ ਕੋਈ ਵੀ ਨਹੀਂ ਦੱਸ ਸਕਦਾ ਕਿਉਂ ਕਿ ਇਹ ਸਭ ਕੁੱਝ ਪ੍ਰੇਮਸ਼ਰ ਦੇ ਹੱਥ ਵਿੱਚ ਹੈ, ਗੁਰਬਾਣੀ ਸਾਨੂੰ ਗਿਆਨ ਦਿੰਦੀ ਹੈ ਕਿ ਜੇਕਰ ਮੌਤ ਅਤੇ ਰੱਬ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇ ਤਾਂ ਜੀਵਨ ਦੀ ਨਾਸ਼ਮਾਨਤਾ ਨੂੰ ਸਮਝਦੇ ਹੋਏ ਮੌਤ ਨੂੰ ਖਿੜੇ ਮੱਥੇ (ਮਰਣਾ ਸੱਚ ਜਿਉਣਾ ਝੂਠ) ਪ੍ਰਵਾਨ ਕਰਨ ਦੀ ਜੀਵਨ ਜਾਚ ਬਣ ਸਕਦੀ ਹੈ।

ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ।।

ਜੇਕਰ ਸਾਹਿਬ ਮਨਹੁ ਨ ਵੀਸਰੈ ਤਾ ਸਹਲਾ ਮਰਣਾ ਹੋਇ।।

(ਵਾਰ ਬਿਹਾਗੜਾ-ਮਹਲਾ ੩-੫੫੫)

ਜਿਸ ਧਰਤੀ ਤੇ ਇੱਕ ਪੈਸੇ ਦਾ ‘ਮਰਣਾ ਸੱਚ` ਅਤੇ ਇੱਕ ਪੈਸੇ ਦਾ ‘ਜਿਊਣਾ ਝੂਠ` ਰੂਪੀ ਸੌਦਾ ਵੇਚਣ ਵਾਲਾ ਭਾਈ ਮੂਲਾ ਰਹਿੰਦਾ ਸੀ, ਸਤਿਗੁਰੂ ਨਾਨਕ ਦੇਵ ਜੀ ਨੇ ਉਸ ਮੂਲੇ ਦੇ ਜੀਵਨ ਦਾ ਦੂਜਾ ਪੱਖ, ਜੋ ਮਾਇਆ ਦੇ ਪ੍ਰਭਾਵ ਅਧੀਨ ਭਗਤ ਰਵਿਦਾਸ ਜੀ ਦੇ ਬਚਨ-

ਮਾਟੀ ਕੋ ਪੁਤਰਾ ਕੈਸੇ ਨਚਤੁ ਹੈ।।

ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ।। ੧ ਰਹਾਉ।।

ਜਬ ਕਛੁ ਪਾਵੈ ਤਬ ਗਰਬੁ ਕਰਤ ਹੈ।।

ਮਾਇਆ ਗਈ ਤਬ ਰੋਵਨੁ ਲਗਤੁ ਹੈ।। ੧।। ….

(ਆਸਾ-ਰਵਿਦਾਸ ਜੀ-੪੮੭)

ਅਨੁਸਾਰ ਮਾਇਆ ਦਾ ਪੁੱਤਰ ਬਣ ਚੁੱਕਾ ਸੀ, ਉਜਾਗਰ ਕਰਨ ਅਤੇ ਮਨੁੱਖਤਾ ਨੂੰ ਸੇਧ ਦੇਣ ਦੇ ਮੰਤਵ ਨਾਲ ਦੂਜੀ ਵਾਰ ਭਾਈ ਮਰਦਾਨਾ ਜੀ ਦੇ ਸੰਗ ਸਿਆਲਕੋਟ ਦੀ ਧਰਤੀ ਤੇ ਪਹੁੰਚੇ। ਸਿਆਲਕੋਟ ਦੀ ਪਹਿਲੀ ਫੇਰੀ ਸਮੇਂ ਤੋਂ ਹੀ ਇਥੇ ਗੁਰੂ ਸਾਹਿਬ ਦੀਆਂ ਸਿਖਿਆਵਾਂ ਦੇ ਪ੍ਰਚਾਰ- ਪਸਾਰ ਲਈ ਸਤਿਸੰਗ ਸ਼ੁਰੂ ਹੋ ਗਿਆ ਸੀ। ਹੁਣ ਦੂਜੀ ਵਾਰ ਸਤਿਗੁਰੂ ਦੇ ਉਥੇ ਪਹੁੰਚਣ ਉਪਰ ਹੋਰ ਸ਼ਰਧਾਲੂ ਤਾਂ ਆਏ ਪਰ ਭਾਈ ਮੂਲਾ ਨਹੀਂ ਆਇਆ। ਉਸਦੀ ਰੁਚੀ ਹੁਣ ਸਤਿਸੰਗ ਦੀ ਬਜਾਏ ਧਨ ਜੋੜਨ ਵਿੱਚ ਲਗੀ ਹੋਈ ਸੀ ਅਤੇ ਮਾਇਆ ਦੇ ਹੰਕਾਰ ਕਾਰਨ ਸਤਿਸੰਗ ਨੂੰ ਇੱਕ ਵਾਧੂ ਅਤੇ ਸਮਾਂ ਬਰਬਾਦ ਕਰਨ ਦਾ ਸਾਧਨ ਹੀ ਸਮਝਣ ਲੱਗ ਪਿਆ ਸੀ। ਹੁਣ ਉਸਦੀ ਜੀਵਨ ਅਵਸਥਾ ‘ਮਾਇਆ ਮਨਹੁ ਨ ਵੀਸਰੈ ਮਾਗੈ ਦੰਮਾ ਦੰਮੁ` (੧੪੨੬) ਵਾਲੀ ਬਣ ਚੁਕੀ ਸੀ।

ਭਾਈ ਮੂਲੇ ਦੇ ਸਤਿਸੰਗ ਵਿੱਚ ਨਾ ਆਉਣ ਤੇ ਗੁਰੂ ਨਾਨਕ ਸਾਹਿਬ ਨੇ ਆਪ ਤਰਸ ਖਾ ਕੇ, ਸੱਦ ਕੇ ਲਿਆਉਣ ਲਈ ਭਾਈ ਮਰਦਾਨਾ ਜੀ ਨੂੰ ਉਸਦੇ ਘਰ ਭੇਜਿਆ। ਪਰ ਮੂਲੇ ਨੇ ਘਰ ਹੋਣ ਦੇ ਬਾਵਜੂਦ ਪਿਛਲੇ ਕਮਰੇ ਵਿੱਚ ਲੁਕਦੇ ਹੋਏ ਆਪਣੀ ਪਤਨੀ ਦੇ ਰਾਹੀਂ ਇਹ ਅਖਵਾ ਦਿੱਤਾ ਕਿ ਮੂਲਾ ਘਰ ਨਹੀਂ ਹੈ। ਕੁਦਰਤੀ ਹਨੇਰੇ ਕਮਰੇ ਵਿੱਚ ਲੁਕੇ ਬੈਠੇ ਮੂਲੇ ਨੂੰ ਸੱਪ ਲੜ ਗਿਆ ਅਤੇ ਉਸਦੀ ਮੌਤ ਹੋ ਗਈ।

ਗੁਰੂ ਸਾਹਿਬ ਤਰਸ ਦੇ ਘਰ ਵਿੱਚ ਆਏ- ਜਿਹੜਾ ਮੂਲਾ ਕੁੱਝ ਸਾਲ ਪਹਿਲਾਂ ‘ਮਰਣਾ ਸੱਚ ਜਿਊਣਾ ਝੂਠ` ਦਾ ਸੌਦਾ ਵੇਚ ਕੇ ਜੀਵਨ ਵਿੱਚ ਮਾਇਆ ਦੀ ਅਸਲੀਅਤ ਨੂੰ ਪਰਖਣ ਵਾਲਾ ਅੱਜ “ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ।। ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ।। “ (੫੧੦) ਮਾਇਆ ਦਾ ਦਾਸ ਬਣ ਕੇ ਇਸ ਨਾਸ਼ਮਾਨ ਸੰਸਾਰ ਤੋਂ ਜੀਵਨ ਦੀ ਬਾਜ਼ੀ ਹਾਰ ਕੇ ਅਜਾਂਈ ਤੁਰ ਗਿਆ। ਸਤਿਗੁਰੂ ਨੂੰ ਭਾਈ ਮੂਲੇ ਦੇ ਜੀਵਨ ਦੇ ਦੂਸਰੇ ਪੱਖ ਉਪਰ ਤਰਸ ਆਇਆ, ਉਨ੍ਹਾਂ ਨੇ ਮੂਲੇ ਪ੍ਰਤੀ ਇਸ ਤਰਸ ਨੂੰ ਮਨੁੱਖਤਾ ਦੇ ਸਦੀਵੀਂ ਮਾਰਗ ਦਰਸ਼ਨ ਲਈ ਵਿਸ਼ਾ ਅਧੀਨ ਸਲੋਕ ਉਚਾਰਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹਿੱਸਾ ਬਣਾ ਦਿਤਾ।

ਸਿਖਿਆ- ‘ਮਰਣਾ ਸੱਚ ਅਤੇ ਜਿਊਣਾ ਝੂਠ` ਵਾਲੇ ਸਾਖੀ ਦੇ ਇਸ ਉਪਦੇਸ਼ ਨੂੰ ਪ੍ਰਪੱਕਤਾ ਨਾਲ ਮਨ ਵਿੱਚ ਵਸਾ ਕੇ ਆਪਣੇ ਜੀਵਨ ਵਿਚੋਂ ਠੱਗੀ-ਫਰੇਬ, ਅਉਗਣਾਂ ਆਦਿ ਵਿਕਾਰਾਂ ਨੂੰ ਪਾਸੇ ਕਰਕੇ ਜੀਵਨ ਨੂੰ ਸ਼ੁਭ ਗੁਣਾਂ ਨਾਲ ਸ਼ਿੰਗਾਰ ਲਈਏ ਤਾਂ ਸਾਡਾ ਲੋਕ ਪਰਲੋਕ ਸੰਵਰ ਜਾਵੇਗਾ ਨਹੀਂ ਤਾਂ ਸਾਡਾ ਹਸ਼ਰ ਵੀ ਭਾਈ ਮੂਲੇ ਵਰਗਾ ਅਵੱਸ਼ ਤੌਰ ਤੇ ਹੋ ਜਾਵੇਗਾ। ਜੇ ਐਸਾ ਨਹੀਂ ਕਰਦੇ ਤਾਂ ਅਸੀਂ ਗੁਰੂ ਨਾਨਕ ਸਾਹਿਬ ਦੇ ਇਸ ਸਲੋਕ ਅਤੇ ਸਾਖੀ ਨੂੰ ਕੇਵਲ ਪੜਿਆ-ਸੁਣਿਆ ਹੈ, ਸਮਝਿਆ ਕੋਈ ਨਹੀਂ।

========

(ਚਲਦਾ … …)

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.