.

ਧਰਮ ਵਿੱਚ ਸਮੱਸਿਆ-28

ਸੰਨਿਆਸ ਆਧਾਰਿਤ ਨਕਲੀ ਧਰਮ

ਹਰਚਰਨ ਸਿੰਘ (ਐਡੀਟਰ-ਸਿੱਖ ਵਿਰਸਾ)

Tel.: 403-681-8689 Email: hp8689@gmail.com www.sikhvirsa.com

ਨੋਟ: ਅੱਜ ਦੇ ਪ੍ਰਚਲਤ 10-15 ਵੱਡੇ ਜਥੇਬੰਦਕ ਧਰਮਾਂ (ਧਾਰਮਿਕ ਫਿਰਕਿਆਂ) ਅਤੇ ਉਨ੍ਹਾਂ ਵਿਚੋਂ ਨਿਕਲੇ 30000 ਤੋਂ ਵੱਧ ਵੱਡੇ-ਛੋਟੇ ਧਾਰਮਿਕ ਫਿਰਕਿਆਂ ਵਿੱਚ ਅਨੇਕਾਂ ਤਰ੍ਹਾਂ ਦੇ ਨਕਲੀ ਧਰਮ ਪ੍ਰਚਲਤ ਹੋ ਚੁੱਕੇ ਹਨ। ਜਿਨ੍ਹਾਂ ਤੇ ਪੁਜਾਰੀਆਂ, ਸਿਆਸਤਦਾਨਾਂ ਤੇ ਸਰਮਾਏਦਾਰਾਂ ਦੀ ਤਿੱਕੜੀ ਦਾ ਪੂਰਾ ਕਬਜ਼ਾ ਹੋ ਚੁੱਕਾ ਹੈ। ਧਰਮਾਂ ਦਾ ਤਕਰੀਬਨ 5 ਹਜ਼ਾਰ ਸਾਲ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹ ਤਿੱਕੜੀ ਰਲ਼ ਕੇ ਮਨੁੱਖਤਾ ਨੂੰ ਧਰਮ ਦੇ ਨਾਮ ਤੇ ਲੁੱਟਦੀ ਆ ਰਹੀ ਹੈ। ਧਰਮ ਇਨ੍ਹਾਂ ਲਈ ਪੈਸਾ ਕਮਾਉਣ ਦਾ ਧੰਦਾ ਤੇ ਸ਼ਰਧਾਲੂਆਂ ਦੀ ਤਾਕਤ ਨੂੰ ਆਪਣੇ ਸਿਆਸੀ ਮੁਫਾਦਾਂ ਲਈ ਵਰਤਣ ਦਾ ਜ਼ਰੀਆ ਹੈ। ਇਨ੍ਹਾਂ ਦਾ ਇਹ ਧੰਦਾ ਸਦੀਆਂ ਤੋਂ ਅਗਿਆਨਤਾ, ਅੰਧ-ਵਿਸ਼ਵਾਸ਼ ਤੇ ਕਰਮਕਾਂਡਾਂ ਦੇ ਅਧਾਰ ਤੇ ਚੱਲ ਰਿਹਾ ਹੈ। ਇਤਿਹਾਸ ਵਿੱਚ ਸਮੇਂ-ਸਮੇਂ ਅਨੇਕਾਂ ਸੱਚੇ ਮਨੁੱਖਤਾਵਾਦੀ ਧਰਮ ਗੁਰੂ, ਰਹਿਬਰ, ਪੀਰ-ਪੈਗੰਬਰ, ਮਹਾਂਪੁਰਸ਼ ਪੈਦਾ ਹੁੰਦੇ ਰਹੇ, ਜੋ ਮਨੁੱਖ ਨੂੰ ਅਸਲੀ ਧਰਮ ਨਾਲ ਜੋੜਦੇ ਰਹੇ, ਅਗਿਆਨਤਾ ਤੇ ਅੰਧ ਵਿਸ਼ਵਾਸ਼ ਦੀ ਬੇਹੋਸ਼ੀ ਵਿਚੋਂ ਜਗਾ ਕੇ ਸੱਚ ਦੇ ਰਾਹ ਪਾਉਂਦੇ ਰਹੇ। ਪਰ ਇਸ ਤਿਕੜੀ ਨੇ ਅਜਿਹੇ ਮਹਾਨ ਪੁਰਸ਼ਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ। ਉਨ੍ਹਾਂ ਨੂੰ ਸੂਲ਼ੀਆਂ, ਫਾਂਸੀਆਂ ਤੇ ਚੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚਦੇ ਰਹੇ ਤੇ ਅਨੇਕਾਂ ਤਰ੍ਹਾਂ ਦੀਆਂ ਮੁਸੀਬਤਾਂ ਉਨ੍ਹਾਂ ਦੇ ਰਾਹਾਂ ਵਿੱਚ ਖੜੀਆਂ ਕਰਦੇ ਰਹੇ। ਪਰ ਫਿਰ ਵੀ ਜਦੋਂ ਅਜਿਹੇ ਮਹਾਂਪੁਰਸ਼ ਆਪਣੀ ਨਵੀਂ ਤੇ ਵੱਖਰੀ ਵਿਚਾਰਧਾਰਾ ਮਨੁੱਖਤਾ ਨੂੰ ਦੇਣ ਵਿੱਚ ਸਫਲ ਹੋ ਜਾਂਦੇ ਤਾਂ ਉਨ੍ਹਾਂ ਦੇ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਸਮਾਂ ਪਾ ਕੇ ਇਹ ਤਿਕੜੀ ਨਵੇਂ ਰੂਪ ਵਿੱਚ ਉਸੇ ਮਹਾਂਪੁਰਸ਼ ਦੇ ਨਾਮ ਤੇ ਨਵੀਆਂ ਮਰਿਯਾਦਾਵਾਂ, ਕਰਮਕਾਂਡਾਂ ਤੇ ਚਿੰਨ੍ਹਾਂ ਨਾਲ ਲੈਸ ਹੋ ਕੇ ਨਵਾਂ ਧਾਰਮਿਕ ਫਿਰਕਾ ਖੜਾ ਕਰਕੇ ਉਨ੍ਹਾਂ ਦੇ ਅਨੁਆਈਆਂ ਨੂੰ ਆਪਣੇ ਨਕਲੀ ਧਰਮ ਦੇ ਮਾਇਆ ਜਾਲ ਵਿੱਚ ਫਸਾ ਲੈਂਦੇ। ਅੱਜ ਦੇ ਪ੍ਰਚਲਤ ਹਰ ਜਥੇਬੰਦਕ ਛੋਟੇ ਵੱਡੇ ਧਾਰਮਿਕ ਫਿਰਕੇ ਵਿੱਚ ਨਕਲੀ ਧਰਮਾਂ ਦਾ ਪੂਰਾ ਬੋਲਬਾਲਾ ਹੈ ਤੇ ਅਸਲੀ ਧਰਮ ਇਨ੍ਹਾਂ ਵਿਚੋਂ ਪੂਰੀ ਤਰ੍ਹਾਂ ਅਲੋਪ ਹੋ ਚੁੱਕਾ ਹੈ। ਹਰ ਧਾਰਮਿਕ ਫਿਰਕਾ ਝੂਠੀਆਂ, ਅੰਧ ਵਿਸ਼ਵਾਸ਼ੀ, ਅਗਿਆਨਤਾ ਭਰਪੂਰ ਰੀਤਾਂ-ਰਸਮਾਂ, ਕਰਾਮਾਤਾਂ, ਕਰਮਕਾਂਡਾਂ, ਮਰਿਯਾਦਾਵਾਂ, ਪ੍ਰੰਪਰਾਵਾਂ, ਧਾਰਮਿਕ ਚਿੰਨ੍ਹਾਂ ਦਾ ਮਿਲਗੋਭਾ ਜਿਹਾ ਨਕਲੀ ਧਰਮ ਬਣ ਚੁੱਕਾ ਹੈ। ਇਸ ਲੇਖ ਲੜੀ ਦਾ ਮਕਸਦ ਆਮ ਵਿਅਕਤੀ ਨੂੰ ਜਿਥੇ ਧਰਮ ਦੇ ਨਾਮ ਤੇ ਬਣੇ ਹੋਏ ਇਨ੍ਹਾਂ ਧਾਰਮਿਕ ਫਿਰਕਿਆਂ ਵਿਚਲੇ ਨਕਲੀ ਧਰਮਾਂ ਤੋਂ ਜਾਣੂ ਕਰਾਉਣਾ ਹੈ, ਉਥੇ ਅਸਲੀ ਧਰਮ ਦੀ ਜਾਣ ਪਛਾਣ ਕਰਾਉਣਾ ਵੀ ਹੈ ਤਾਂ ਕਿ ਲੋਕ ਸੱਚੇ ਤੇ ਅਸਲੀ ਧਰਮ ਨਾਲ ਜੁੜ ਸਕਣ। ਕੋਸ਼ਿਸ਼ ਇਹੀ ਹੈ ਕਿ ਲੋਕ ਬੇਹੋਸ਼ੀ ਤੋਂ ਜਾਗ ਪੈਣ ਤੇ ਪਛਾਣ ਕਰਨ ਦੇ ਸਮਰੱਥ ਹੋ ਸਕਣ ਕਿ ਜਿਸਨੂੰ ਉਹ ਤਨੋ, ਮਨੋ, ਧਨੋ ਧਰਮ ਸਮਝ ਕੇ ਆਪਾ ਨਿਛਾਵਰ ਕਰ ਰਹੇ ਹਨ, ਕੀ ਉਸ ਵਿੱਚ ਕੁੱਝ ਧਰਮ ਦਾ ਅੰਸ਼ ਹੈ ਵੀ ਜਾਂ ਉਹ ਸਿਰਫ ਪੁਜਾਰੀਆਂ ਦੀਆਂ ਬਣਾਈਆਂ ਅਗਿਆਨਤਾ ਤੇ ਅੰਧ ਵਿਸ਼ਵਾਸ਼ ਅਧਾਰਿਤ ਮਰਿਯਾਦਾਵਾਂ, ਰੀਤਾਂ-ਰਸਮਾਂ, ਕਰਮਕਾਂਡਾਂ ਦਾ ਭਾਰ ਹੀ ਢੋਹ ਰਹੇ ਹਨ। ਇਹ ਤਿਕੜੀ ਧਰਮ ਨੂੰ ਵਧਾਉਣ, ਧਰਮ ਦਾ ਰਾਜ ਸਥਾਪਿਤ ਕਰਨ ਅਤੇ ਧਰਮ ਨੂੰ ਖਤਰੇ ਦੇ ਨਾਂ ਤੇ ਪਿਛਲੇ 5 ਹਜ਼ਾਰ ਸਾਲਾਂ ਵਿੱਚ 15 ਹਜ਼ਾਰ ਤੋਂ ਵੱਧ ਯੁੱਧਾਂ ਰਾਹੀਂ ਮਨੁੱਖਤਾ ਦਾ ਵੱਡੇ ਪੱਧਰ ਤੇ ਘਾਣ ਕਰ ਚੁੱਕੀ ਹੈ। ਅੱਜ ਵੀ ਦੁਨੀਆਂ ਦੇ ਵੱਖ-ਵੱਖ ਖਿੱਤਿਆਂ ਵਿੱਚ ਧਰਮ ਅਧਾਰਿਤ ਹਥਿਆਰਬੰਦ ਸੰਗਠਨ ਧਰਮ ਨੂੰ ਖਤਰਾ, ਧਰਮ ਦਾ ਰਾਜ ਜਾਂ ਧਰਮ ਦਾ ਪ੍ਰਸਾਰ ਦੇ ਨਾਮ ਹੇਠ ਮਾਨਵਤਾ ਦਾ ਖੂਨ ਵਹਾ ਰਹੇ ਹਨ। ਅੱਜ ਕਿਸੇ ਵੀ ਅਖੌਤੀ ਧਰਮ ਨੂੰ ਖਤਰਾ ਨਾਸਤਿਕਾਂ, ਸਾਇੰਸਦਾਨਾਂ, ਅਧੁਨਿਕਵਾਦੀਆਂ ਜਾਂ ਧਰਮ ਵਿਰੋਧੀਆਂ ਤੋਂ ਨਹੀਂ, ਇਨ੍ਹਾਂ ਨਕਲੀ ਧਰਮਾਂ ਤੇ ਕਾਬਿਜ਼ ਇਸ ਤਿੱਕੜੀ ਤੋਂ ਹੈ। ਇਨ੍ਹਾਂ ਤੇ ਕਾਬਿਜ਼ ਕੱਟੜਪੰਥੀ ਤਾਕਤਾਂ ਤੋਂ ਹੈ, ਜੋ ਆਪਣੇ ਫਿਰਕੇ ਦੀਆਂ ਧਾਰਮਿਕ ਰਸਮਾਂ (ਪੂਜਾ-ਪਾਠ), ਧਾਰਮਿਕ ਚਿੰਨ੍ਹਾਂ ਜਾਂ ਬਾਹਰੀ ਧਾਰਮਿਕ ਦਿਖਾਵਿਆਂ-ਪਹਿਰਾਵਿਆਂ ਨੂੰ ਹੀ ਧਰਮ ਸਮਝਦੀਆਂ ਹਨ ਅਤੇ ਇਨ੍ਹਾਂ ਨੂੰ ਲੋਕਾਂ ਤੇ ਤਾਕਤ ਦੇ ਜ਼ੋਰ ਨਾਲ ਥੋਪਣਾ ਚਾਹੁੰਦੀਆਂ ਹਨ। ਧਰਮ ਨੂੰ ਕਦੇ ਕਿਸੇ ਤੋਂ ਖਤਰਾ ਨਹੀਂ ਹੁੰਦਾ, ਧਰਮ ਹਰ ਇੱਕ ਦਾ ਆਪਣਾ ਹੁੰਦਾ ਹੈ ਤੇ ਉਹ ਹਰ ਇੱਕ ਦੇ ਅੰਦਰ ਹੁੰਦਾ ਹੈ। ਖਤਰਾ ਧਾਰਮਿਕ ਫਿਰਕਿਆਂ ਨੂੰ ਇੱਕ ਦੂਜੇ ਤੋਂ ਆਪਸੀ ਤੰਗ ਨਜ਼ਰੀ ਤੇ ਸੌੜੀ ਸੋਚ ਕਾਰਨ ਹੁੰਦਾ ਹੈ। ਹਰ ਧਾਰਮਿਕ ਫਿਰਕਾ ਆਪਣਾ ਫਿਰਕਾ ਵਧਾਉਣ ਦੇ ਚੱਕਰ ਵਿੱਚ ਰਹਿੰਦਾ ਹੈ, ਜਿਸ ਨਾਲ ਛੋਟੇ ਫਿਰਕੇ ਵੱਡੇ ਫਿਰਕਿਆਂ ਤੋਂ ਖਤਰਾ ਮਹਿਸੂਸ ਕਰਦੇ ਹਨ। ਅਸਲੀ ਧਰਮ ਤੁਹਾਡੇ ਅੰਦਰੋਂ ਜਾਗ ਪੈਣ ਦਾ ਨਾਮ ਹੈ। ਆਪਣੇ ਆਪੇ ਦੀ ਪਹਿਚਾਣ ਦਾ ਨਾਮ ਹੈ ਤੇ ਸਭ ਵਿੱਚ ਵਸਦੀ ਰੱਬੀ ਜੋਤ ਨੂੰ ਮਹਿਸੂਸ ਕਰਨ ਦਾ ਨਾਮ ਹੈ। ਤੁਸੀਂ ਇਸ ਲੇਖ ਲੜੀ ਬਾਰੇ ਆਪਣੇ ਵਿਚਾਰ ਭੇਜ ਸਕਦੇ ਹੋ ਤਾਂ ਕਿ ਗੱਲ ਅੱਗੇ ਤੁਰ ਸਕੇ। ਤੁਹਾਡੇ ਸੁਝਾਵਾਂ ਤੇ ਵਿਚਾਰਾਂ ਬਾਰੇ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇਗੀ।

ਪਿਛਲੇ ਸਮੇਂ ਤੋਂ ਨਕਲੀ ਧਰਮਾਂ ਦੀ ਚੱਲ ਰਹੀ ਲੇਖ ਲੜੀ ਦੇ ਇਸ ਭਾਗ ਵਿੱਚ ‘ਸੰਨਿਆਸ ਅਧਾਰਿਤ ਨਕਲੀ ਧਰਮ’ ਤੇ ਵਿਚਾਰ ਕਰਾਂਗੇ। ਨਕਲੀ ਧਰਮਾਂ ਨੇ ਧਰਮਾਂ ਦੀ ਦੁਨੀਆਂ ਵਿੱਚ ਇਤਨਾ ਗੰਧਲਾਪਨ ਪੈਦਾ ਕੀਤਾ ਹੋਇਆ ਹੈ ਕਿ ਅਸਲੀ ਧਰਮ ਲੱਭਣਾ ਹੀ ਮੁਸ਼ਕਿਲ ਹੋ ਚੁੱਕਾ ਹੈ। ਸਾਰੇ ਧਾਰਮਿਕ ਫਿਰਕਿਆਂ ਵਿੱਚ ਨਕਲੀਪਨ ਇਤਨਾ ਭਾਰੂ ਹੋ ਚੁੱਕਾ ਹੈ ਕਿ ਅਸਲੀ ਦੀ ਪਛਾਣ ਕਰਨੀ ਮੁਸ਼ਕਿਲ ਹੋ ਗਈ। ਜਿਨ੍ਹਾਂ ਗੁਰੂਆਂ ਜਾਂ ਪੈਗੰਬਰਾਂ ਦੇ ਨਾਮ ਤੇ ਵੱਖ-ਵੱਖ ਜਥੇਬੰਧਕ ਫਿਰਕੇ ਆਪਣਾ ਧਰਮ ਦਾ ਧੰਦਾ ਚਲਾ ਰਹੇ ਹਨ, ਉਨ੍ਹਾਂ ਮਹਾਨ ਪੁਰਸ਼ਾਂ ਦੀ ਅਸਲੀ ਵਿਚਾਰਧਾਰਾ ਇਨ੍ਹਾਂ ਨੇ ਪੂਰੀ ਤਰ੍ਹਾਂ ਅਲੋਪ ਕੀਤੀ ਹੋਈ ਹੈ। ਉਨ੍ਹਾਂ ਦੀ ਵਿਚਾਰਧਾਰਾ ਨੂੰ ਵੇਚ ਕੇ, ਇਹ ਸਿਰਫ ਬਿਜਨੈਸ ਜਾਂ ਰਾਜਨੀਤੀ ਹੀ ਕਰ ਰਹੇ ਹਨ। ਉਨ੍ਹਾਂ ਦੀਆਂ ਮਨੁੱਖਤਾ ਲਈ ਕੁਰਬਾਨੀਆਂ ਤੇ ਮਨੁੱਖਤਾ ਦੇ ਭਲੇ ਲਈ ਦਿੱਤੀ ਗਈ ਵਿਚਾਰਧਾਰਾ ਦੀ ਇਹ ਨਕਲੀ ਫਿਰਕੇ ਸਿਰਫ ਖੱਟੀ ਹੀ ਖਾ ਰਹੇ ਹਨ। ਉਨ੍ਹਾਂ ਦੀਆਂ ਕੁਰਬਾਨੀਆਂ ਦਾ ਮੁੱਲ ਹੀ ਵੱਟ ਰਹੇ ਹਨ। ਧਰਮ ਨਾਲ ਇਨ੍ਹਾਂ ਦਾ ਦੂਰ ਦਾ ਵੀ ਕੋਈ ਸਬੰਧ ਨਹੀਂ। ਧਰਮ ਦਾ ਚੋਲਾ ਸਿਰਫ ਧਰਮ ਪ੍ਰਤੀ ਲੋਕਾਂ ਦੇ ਵਿਸ਼ਵਾਸ਼ ਕਾਰਨ, ਲੁੱਟਣ ਲਈ ਹੀ ਪਾਇਆ ਹੋਇਆ ਹੈ। ਜਿਸ ਰੱਬ ਦੇ ਨਾਮ ਤੇ ਇਹ ਧੰਦਾ ਕਰ ਰਹੇ ਹਨ, ਉਸ ਬਾਰੇ ਨਾ ਇਨ੍ਹਾਂ ਨੂੰ ਕੋਈ ਜਾਣਕਾਰੀ ਹੈ ਤੇ ਨਾ ਹੀ ਇਨ੍ਹਾਂ ਦਾ ਵਿਸ਼ਵਾਸ਼ ਹੈ। ਜੇ ਵਿਸ਼ਵਾਸ਼ ਹੋਵੇ ਤਾਂ ਕਿਵੇਂ ਫਿਰ ਇਹ ਜਿਸ ਰੱਬ ਦਾ ਹਊਆ ਸ਼ਰਧਾਲੂਆਂ ਅੱਗੇ ਖੜਾ ਕਰਦੇ ਹਨ, ਉਸ ਰੱਬ ਤੋਂ ਸ਼ਰਧਾਲੂਆਂ ਨੂੰ ਲੁੱਟਣ ਲੱਗੇ ਜਾਂ ਗੁੰਮਰਾਹ ਕਰਨ ਲੱਗੇ, ਆਪ ਬਿਲਕੁਲ ਨਹੀਂ ਡਰਦੇ। ਅਸਲ ਵਿੱਚ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਖੜਾ ਕੀਤਾ ਰੱਬ ਉਨ੍ਹਾਂ ਵਾਂਗ ਹੀ ਨਕਲੀ ਹੈ। ਜਿਹੜਾ ਹਮੇਸ਼ਾਂ ਉਨ੍ਹਾਂ ਵਾਂਗ ਹੀ ਲੁਟੇਰਾ ਜਮਾਤਾਂ ਦੇ ਹੱਕ ਵਿੱਚ ਭੁਗਤਦਾ ਹੈ, ਸ਼ਰਧਾਲੂ ਤਾਂ ਸਾਰੀ ਉਮਰ ਧਰਮ ਅਸਥਾਨਾਂ ਤੇ ਮੱਥੇ ਰਗੜਦਾ ਹੀ ਰਹਿ ਜਾਂਦਾ ਹੈ। ਜੇ ਤੁਸੀਂ ਨਕਲੀ ਧਰਮਾਂ ਦੀ ਹੁਣ ਤੱਕ ਦੀ ਸਾਰੀ ਚਰਚਾ ਧਿਆਨ ਨਾਲ ਪੜ੍ਹੀ ਹੋਵੇਗੀ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਜੇ ਇਨ੍ਹਾਂ ਵਿੱਚ ਸਭ ਕੁੱਝ ਨਕਲੀ ਨਹੀਂ ਤਾਂ ਬਹੁਤ ਕੁੱਝ ਨਕਲੀ ਜਰੂਰ ਹੈ। ਇਨ੍ਹਾਂ ਦੇ ਇਸ ਨਕਲੀਪਨ ਨੇ ਹੀ ਅੱਜ ਦੇ ਇਨਸਾਨ ਦਾ ਧਰਮ ਪ੍ਰਤੀ ਮੋਹ ਭੰਗ ਕੀਤਾ ਹੈ, ਸਗੋਂ ਨਾਸਤਿਕਤਾ ਵੀ ਇਨ੍ਹਾਂ ਦੇ ਧਰਮ ਦੇ ਨਾਮ ਤੇ ਕੀਤੇ ਜਾ ਰਹੇ ਸੋਸ਼ਣ ਕਾਰਨ ਹੀ ਵਧ ਰਹੀ ਹੈ। ਬੇਸ਼ਕ ਇਹ ਨਾਸਤਿਕਾਂ ਜਾਂ ਉਹ ਜਿਹੜੇ ਇਨ੍ਹਾਂ ਦੇ ਜਥੇਬੰਧਕ ਧਰਮਾਂ ਵਿੱਚ ਯਕੀਨ ਨਹੀਂ ਕਰਦੇ, ਉਨ੍ਹਾਂ ਨੂੰ ਦਿਨ ਰਾਤ ਆਪਣੇ ਧਰਮ ਅਸਥਾਨਾਂ ਵਿੱਚ ਭੰਡਦੇ ਹਨ। ਪਰ ਦੁਨੀਆਂ ਭਰ ਵਿੱਚ ਹੋ ਰਹੇ ਸਰਵੇ ਇਸ ਗੱਲ ਦੀ ਗਵਾਹੀ ਦੇ ਰਹੇ ਹਨ ਕਿ ਇਨ੍ਹਾਂ ਨਕਲੀ ਧਾਰਮਿਕ ਫਿਰਕਿਆਂ ਨੇ ਮਨੁੱਖ ਨੂੰ ਲੁੱਟਣ ਜਾਂ ਭਵਿੱਖ ਦੇ ਝੂਠੇ ਲਾਰਿਆਂ ਤੋਂ ਸਿਵਾਏ ਹੋਰ ਕੁੱਝ ਨਹੀਂ ਦਿੱਤਾ, ਇਸ ਲਈ ਲੋਕ ਇਨ੍ਹਾਂ ਤੋਂ ਕਿਨਾਰਾ ਕਰ ਰਹੇ ਹਨ ਤੇ ਬਹੁਤ ਸਾਰੇ ਲੋਕ ਅਸਲੀ ਧਰਮ ਤੇ ਅਸਲੀ ਰੱਬ ਦੀ ਖੋਜ ਵੱਲ ਨੂੰ ਵੀ ਵਧ ਰਹੇ ਹਨ। ਦੁਨੀਆਂ ਭਰ ਵਿੱਚ ਲੋਕ ਦਿਨ ਪ੍ਰਤੀ ਦਿਨ ਇਨ੍ਹਾਂ ਨਕਲੀ ਜਥੇਬੰਧਕ ਧਰਮਾਂ ਤੋਂ ਨਾ ਸਿਰਫ ਦੂਰ ਹੋ ਰਹੇ ਹਨ, ਸਗੋਂ ਦੇਸ਼ਾਂ ਦੀਆਂ ਮਰਦਮ ਸ਼ੁਮਾਰੀਆਂ ਵਿੱਚ ‘ਸਾਡਾ ਕੋਈ ਧਰਮ ਨਹੀਂ’ ਲਿਖਾਉਣ ਵਾਲਿਆਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ। ਇੱਕ ਗੱਲ ਹੋਰ ਵੀ ਨੋਟ ਕਰਨ ਵਾਲੀ ਹੈ ਕਿ ਪਿਛਲੇ 2 ਦਹਾਕਿਆਂ ਤੋਂ ਨਾਸਤਿਕਾਂ ਨਾਲੋਂ ਉਨ੍ਹਾਂ ਲੋਕਾਂ ਦੀ ਗਿਣਤੀ ਜ਼ਿਆਦਾ ਵਧ ਰਹੀ ਹੈ, ਜਿਹੜੇ ਕਿਸੇ ਵੀ ਜਥੇਬੰਧਕ ਧਰਮ ਵਿੱਚ ਯਕੀਨ ਨਹੀਂ ਰੱਖਦੇ। ਜਿਸ ਤੋਂ ਸਪੱਸ਼ਟ ਹੈ ਕਿ ਲੋਕਾਂ ਦਾ ਇਨ੍ਹਾਂ ਨਕਲੀ ਧਰਮਾਂ ਤੋਂ ਵਿਸ਼ਵਾਸ਼ ਉਠ ਰਿਹਾ ਹੈ ਤੇ ਇਨ੍ਹਾਂ ਦਾ ਭਵਿੱਖ ਖਤਰੇ ਵਿੱਚ ਪੈ ਚੁੱਕਾ ਹੈ। ਅਗਲੇ 25-30 ਸਾਲ ਹੋਰ, ਇਹ ਅਗਿਆਨਤਾ ਅਤੇ ਗੁਰਬਤ ਦੇ ਮਾਰੇ ਲੋਕਾਂ ਦੇ ਸਿਰ ਤੇ ਆਪਣਾ ਧੰਦਾ ਚਲਾਉਂਦੇ ਰਹਿਣਗੇ, ਪਰ ਇਹ ਬਹੁਤਾ ਚਿਰ ਚੱਲਣ ਵਾਲਾ ਨਹੀਂ। ਜਿਸ ਤਰ੍ਹਾਂ ਲੋਕ ਦੁਨੀਆਂ ਭਰ ਵਿੱਚ ਜਾਗਰੂਕ ਹੋ ਰਹੇ ਹਨ, ਉਸ ਅਨੁਸਾਰ ਹੀ ਇਨ੍ਹਾਂ ਦੀ ਚੁੰਗਲ ਵਿਚੋਂ ਵੀ ਨਿਕਲ ਰਹੇ ਹਨ। ਇਹੀ ਸਮਾਂ ਹੈ ਕਿ ਸੱਚੇ ਆਸਤਿਕਾਂ ਜਾਂ ਧਰਮਵਾਦੀਆਂ ਜਾਂ ਅਧਿਆਤਮਵਾਦੀਆਂ ਨੂੰ ਧਰਮ ਨੂੰ ਮੰਨਣ ਦੀ ਥਾਂ ਜਾਨਣ ਦਾ ਵਿਸ਼ਾ ਬਣਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਧਰਮ ਨੂੰ ਸ਼ਰਧਾ ਜਾਂ ਅੰਧ ਵਿਸ਼ਵਾਸ਼ ਨਾਲ ਨਹੀਂ, ਸਗੋਂ ਖੋਜ ਤੇ ਪ੍ਰਯੋਗ ਨਾਲ ਜੋੜਨ ਦੀ ਲੋੜ ਹੈ। ਜਿਥੇ ਲੋਕ ਆਪਣੀ ਪ੍ਰੈਕਟਿਸ (ਅਭਿਆਸ ਜਾਂ ਸਾਧਨਾ) ਕਰਕੇ ਮਨ, ਆਤਮਾ, ਨਿਰਾਕਾਰ, ਸੂਖਸ਼ਮ, ਅਧਿਆਤਮ ਆਦਿ ਬਾਰੇ ਆਪਣਾ ਅਨੁਭਵ ਕਰ ਸਕਣ। ਸੱਚੇ ਧਰਮੀ ਲੋਕਾਂ ਨੂੰ ਲੋਕ ਮਨਾਂ ਵਿੱਚ ਸਦੀਆਂ ਤੋਂ ਪਾਏ ਗਏ ਦਿਖਾਵਿਆਂ, ਪਹਿਰਾਵਿਆਂ, ਚਿੰਨ੍ਹਾਂ, ਕਰਮਕਾਂਡਾਂ, ਪੂਜਾ-ਪਾਠਾਂ ਦੇ ਭਰਮ `ਚੋਂ ਕੱਢ ਕੇ ਸੱਚੇ ਧਰਮ ਬਾਰੇ ਸੁਚੇਤ ਕਰਨਾ ਚਾਹੀਦਾ ਹੈ ਤਾਂ ਕਿ ਲੋਕ ਅਸਲੀ ਧਰਮ (ਆਪਣੇ ਆਪ ਨਾਲ) ਨਾਲ ਜੁੜ ਸਕਣ।

ਅਮਰੀਕਾ ਦੀ ‘ਗੈਲਪ’ ਨਾਂ ਦੀ ਇੱਕ ਸੰਸਥਾ ਜੋ ਕਿ ਪਿਛਲੇ ਤਕਰੀਬਨ 80 ਸਾਲਾਂ ਤੋਂ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਵਿਸ਼ਿਆਂ ਤੇ ਸਰਵੇ ਕਰਦੀ ਰਹਿੰਦੀ ਹੈ, ਜਿਸਦੇ ਤਕਰੀਬਨ 20 ਤੋਂ ਵੱਧ ਦੇਸ਼ਾਂ ਵਿੱਚ ਆਪਣੇ ਦਫਤਰ ਹਨ, ਵਲੋਂ 2012 ਵਿੱਚ ਕੀਤੇ ਗਏ ਇੱਕ ਸਰਵੇਖਣ ਅਨੁਸਾਰ ਜਿਥੇ ਦੁਨੀਆਂ ਭਰ ਵਿੱਚ 13% ਦੇ ਕਰੀਬ ਲੋਕਾਂ ਨੇ ਆਪਣੇ ਆਪ ਨੂੰ ‘ਨਾਸਤਿਕ’ ਮੰਨਿਆ ਭਾਵ ਕਿ ਜੋ ਰੱਬ ਜਾਂ ਦੇਵੀ-ਦੇਵਤਿਆਂ ਨਾਂ ਦੀ ਕਿਸੇ ਸ਼ਕਤੀ ਨੂੰ ਨਹੀਂ ਮੰਨਦੇ, ਉਥੇ 40% ਤੋਂ ਵੱਧ ਲੋਕਾਂ ਨੇ ਮੰਨਿਆ ਕਿ ਉਨ੍ਹਾਂ ਦਾ ਕਿਸੇ ਜਥੇਬੰਧਕ ਧਾਰਮਿਕ ਫਿਰਕੇ ਵਿੱਚ ਵਿਸ਼ਵਾਸ਼ ਨਹੀਂ। ਨਾ ਹੀ ਧਰਮ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਹੀ ਹੈ। ਉਹ ਧਰਮ ਨੂੰ ਸਮਾਜ ਵਿੱਚ ਸਦੀਆਂ ਤੋਂ ਪ੍ਰਚਲਤ ਰੀਤਾਂ-ਰਸਮਾਂ ਨਿਭਾਉਣ ਜਾਂ ਆਪਣੇ ਮਾਪਿਆਂ ਨੂੰ ਖੁਸ਼ ਕਰਨ ਲਈ ਹੀ ਮੰਨਦੇ ਹਨ, ਪਰ ਉਨ੍ਹਾਂ ਦਾ ਇਨ੍ਹਾਂ ਵਿੱਚ ਕੋਈ ਬਹੁਤਾ ਵਿਸ਼ਵਾਸ਼ ਨਹੀਂ ਤੇ ਨਾ ਹੀ ਉਨ੍ਹਾਂ ਨੂੰ ਅਜਿਹੇ ਕਰਮਕਾਂਡੀ ਤੇ ਝੂਠੇ ਪੂਜਾ-ਪਾਠ ਵਾਲੇ ਧਰਮ ਦੀ ਲੋੜ ਹੀ ਲਗਦੀ ਹੈ। ਜਦਕਿ ‘ਬੀ. ਬੀ. ਸੀ.’ ਵਲੋਂ 2004 ਵਿੱਚ ਕਰਵਾਏ ਗਏ ਇੱਕ ਸਰਵੇਖਣ ਅਨੁਸਾਰ ਦੁਨੀਆਂ ਭਰ ਵਿੱਚ ‘ਨਾਸਤਿਕਾਂ’ ਦੀ ਗਿਣਤੀ ਤਕਰੀਬਨ 8% ਸੀ, ਜੋ ਕਿ 2012 ਤੱਕ ਵੱਧ ਕਿ 13% ਹੋ ਚੁੱਕੀ ਹੈ ਤੇ ਇਸੇ ਤਰ੍ਹਾਂ ਸੰਸਥਾਗਤ ਧਰਮਾਂ ਨੂੰ ਮੰਨਣ ਵਾਲਿਆਂ ਦੀ ਗਿਣਤੀ ਵੀ ਪਿਛਲੇ ਇੱਕ ਦਹਾਕੇ ਵਿੱਚ ਦੁਗਣੀ ਹੋਈ ਹੈ। ਇਨ੍ਹਾਂ ਸਰਵੇਖਣਾਂ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਨੇਡਾ ਵਿੱਚ 28% ਤੋਂ ਵੱਧ ਲੋਕ ਕਿਸੇ ਵੀ ਜਥੇਬੰਧਕ ਧਰਮ ਨੂੰ ਨਹੀਂ ਮੰਨਦੇ। ਇਸੇ ਤਰ੍ਹਾਂ ‘ਯੂਰੋਬੈਰੋਮੀਟਰ’ ਨਾਂ ਦੀ ਸੰਸਥਾ ਦੇ ਸਰਵੇਖਣ ਅਨੁਸਾਰ 20% ਤੋਂ ਵੱਧ ਯੂਰਪੀਅਨ ਲੋਕ ਸੰਸਥਾਗਤ ਧਰਮਾਂ ਤੋਂ ਦੂਰ ਹੋ ਚੁੱਕੇ ਹਨ, ਧਰਮ ਦਾ ਉਨ੍ਹਾਂ ਦੇ ਜੀਵਨ ਵਿੱਚ ਕੋਈ ਮਹੱਤਵ ਨਹੀਂ। ਇਸੇ ਤਰ੍ਹਾਂ ਅਮਰੀਕਾ ਵਿੱਚ ਜਥੇਬੰਧਕ ਧਰਮਾਂ ਨੂੰ ਨਾ ਮੰਨਣ ਵਾਲਿਆਂ ਦੀ ਗਿਣਤੀ 30% ਤੋਂ ਉਪਰ ਹੋ ਚੁੱਕੀ ਹੈ। ਇਸ ਤੋਂ ਇਲਾਵਾ ਲੋਕਾਂ ਦਾ ਇੱਕ ਵੱਡਾ ਵਰਗ ਅਜਿਹਾ ਵੀ ਹੈ, ਜੋ ਨਾ ਤੇ ਰੱਬ ਜਾਂ ਦੇਵੀ-ਦੇਵਤਿਆਂ ਦੀ ਹੋਂਦ ਨੂੰ ਨਾ ਤੇ ‘ਆਸਤਿਕਾਂ’ ਵਾਂਗ ਹੀ ਮੰਨਦੇ ਹਨ ਤੇ ਨਾ ਹੀ ਨਾਸਤਿਕਾਂ ਵਾਂਗ ਪੂਰਾ ਇਨਕਾਰ ਕਰਦੇ ਹਨ ਅਤੇ ਨਾ ਉਹ ਜਥੇਬੰਧਕ ਧਰਮਾਂ ਨੂੰ ਹੀ ਮੰਨਦੇ ਹਨ ਤੇ ਨਾ ਹੀ ਬਹੁਤ ਵਿਰੋਧ ਵਿੱਚ ਹਨ, ਇਨ੍ਹਾਂ ਨੂੰ ਪਦਾਰਥਵਾਦੀ (ਪ੍ਰਤੱਖਵਾਦੀ ਜਾਂ ਭੌਤਿਕਵਾਦੀ) ਜਾਂ ਐਗਨੌਸਿਟਿਕ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਦਿਸਦੇ ਸੰਸਾਰ ਬਾਰੇ ਹੀ ਜਾਣਿਆ ਜਾ ਸਕਦਾ ਹੈ, ਅਣਦਿਸਦੇ ਬਾਰੇ ਨਹੀਂ ਜਾਣਿਆ ਜਾ ਸਕਦਾ। ਉਹ ਸਿਰਫ ਦਿਸਦੇ ਸੰਸਾਰ ਨੂੰ ਹੀ ਅੰਤਿਮ ਸੱਚ ਮੰਨਦੇ ਹਨ। ਮੇਰੇ ਖਿਆਲ ਵਿੱਚ ਉਹ ਲੋਕ ਜ਼ਿਆਦਾ ਠੀਕ ਹਨ, ਜਿਹੜੇ, ਜੋ ਨਹੀਂ ਪਤਾ ਉਸਨੂੰ ਘੱਟੋ-ਘੱਟ ਅੱਖਾਂ ਮੀਟ ਕੇ ਅੰਧ ਵਿਸ਼ਵਾਸ਼ ਵਿੱਚ ਤੇ ਨਹੀਂ ਮੰਨਦੇ, ਜਿਸ ਤਰ੍ਹਾਂ ਕਿ ਅਖੌਤੀ ਆਸਤਿਕ, ਬਿਨਾਂ ਜਾਣੇ ਨਾ ਸਿਰਫ ਮੰਨਦੇ ਹੀ ਹਨ, ਸਗੋਂ ਆਪਣੀ ਵਿਚਾਰਧਾਰਾ ਦੂਜਿਆਂ ਤੇ ਜ਼ਬਰੀ ਠੋਸਦੇ ਵੀ ਹਨ। ਮੇਰਾ ਇਹ ਮੰਨਣਾ ਹੈ ਕਿ ਨਾਸਤਿਕਾਂ ਜਾਂ ਪਦਾਰਵਾਦੀਆਂ ਨੂੰ ਅਸਲੀ ਧਰਮ ਨਾਲ ਦਲੀਲ ਤੇ ਤਜ਼ਰਬੇ ਨਾਲ ਮਨਾਇਆ ਜਾਂ ਸਮਝਾਇਆ ਜਾ ਸਕਦੇ ਹੈ, ਪਰ ਅੰਧਵਿਸ਼ਾਵਸ਼ੀ, ਅਗਿਆਨੀ ਤੇ ਕਰਮਕਾਂਡੀ ਸ਼ਰਧਾਲੂਆਂ ਨੂੰ ਅਸਲੀ ਧਰਮ ਨਾਲ ਜੋੜਨਾ ਬੜਾ ਮੁਸ਼ਕਿਲ ਹੈ, ਉਹ ਸੱਚ ਸਾਹਮਣੇ ਵਰਤਦਾ ਦੇਖ ਕੇ ਵੀ ਅੱਖਾਂ ਮੀਟੀ ਰੱਖਦੇ ਹਨ। ਉਨ੍ਹਾਂ ਨੇ ਆਪਣੀਆਂ ਅੱਖਾਂ ਤੇ ਸ਼ਰਧਾ ਦੀ ਅਜਿਹੀ ਪੱਟੀ ਬੰਨ੍ਹੀ ਹੋਈ ਹੈ ਕਿ ਸਚਾਈ ਸਪੱਸ਼ਟ ਦਿਖਾਈ ਦਿੰਦੀ ਹੋਣ ਦੇ ਬਾਵਜੂਦ ਵੀ ਸੱਚ ਤੋਂ ਅੱਖਾਂ ਫੇਰ ਲੈਂਦੇ ਹਨ। ਅਜਿਹੇ ਆਸਤਿਕਾਂ ਤੋਂ ਹੀ ਧਰਮ ਨੂੰ ਖਤਰਾ ਹੈ। ਇਸ ਲਈ ਪੁਜਾਰੀਆਂ ਵਲੋਂ ਕੀਤੇ ਜਾਂਦੇ ਇਸ ਪ੍ਰਚਾਰ ਵਿੱਚ ਕੋਈ ਸਚਾਈ ਨਹੀਂ ਕਿ ਨਾਸਤਿਕਤਾ ਤੇ ਸਾਇੰਸ ਦੇ ਪ੍ਰਚਾਰ-ਪ੍ਰਸਾਰ ਕਾਰਨ ਲੋਕ ਧਰਮ (ਨਕਲੀ) ਤੋਂ ਦੂਰ ਹੋ ਰਹੇ ਹਨ, ਜਦਕਿ ਸਚਾਈ ਇਹੀ ਹੈ ਕਿ ਇਨ੍ਹਾਂ ਦੀ ਆਪਣੀਆਂ ਧਰਮ ਵਿਰੋਧੀ ਕਰਤੂਤਾਂ ਤੇ ਝੂਠੇ ਲਾਰਿਆਂ ਕਾਰਨ ਹੀ ਲੋਕ ਇਨ੍ਹਾਂ ਤੋਂ ਹੀ ਨਹੀਂ, ਸਗੋਂ ਧਰਮ ਤੋਂ ਵੀ ਦੂਰ ਹੋ ਰਹੇ ਹਨ। ਮੇਰਾ ਵਿਸ਼ਵਾਸ਼ ਹੈ ਕਿ ਬੇਸ਼ਕ ਪੁਜਾਰੀ, ਸਿਆਸਤਦਾਨ ਤੇ ਸਰਮਾਏਦਾਰ ਮਨੁੱਖ ਦਾ ਹਰ ਪੱਧਰ ਤੇ ਸੋਸ਼ਣ ਕਰ ਰਹੇ ਹਨ, ਪਰ ਫਿਰ ਵੀ ਧਰਮ ਜਾਂ ਰੱਬ ਦਾ ਵਿਸ਼ਵਾਸ਼ ਮਨੁੱਖ ਨੂੰ ਧਰਵਾਸ ਦਿੰਦਾ ਹੈ, ਬੇਸ਼ਕ ਉਹ ਝੂਠਾ ਹੀ ਕਿਉਂ ਨਾ ਹੋਵੇ ਅਤੇ ਜੇ ਉਨ੍ਹਾਂ ਦਾ ਇਹ ਵਿਸ਼ਵਾਸ਼ ਵੀ ਖੁਸ ਜਾਵੇ ਤਾਂ ਅੱਧੀ ਦੁਨੀਆਂ ਦਿਨਾਂ ਵਿੱਚ ਹੀ ਪਾਗਲਖਾਨੇ ਪਹੁੰਚ ਜਾਵੇ। ਉਹ ਆਪਣੀਆਂ ਸਮੱਸਿਆਵਾਂ ਦਾ ਹੱਲ ਧਰਮ (ਨਕਲੀ) ਤੋਂ ਭਾਲਦੇ ਹਨ, ਪਰ ਇਨ੍ਹਾਂ ਨਕਲੀ ਪੁਜਾਰੀਆਂ ਜਾਂ ਨਕਲੀ ਧਰਮ ਗੁਰੂਆਂ ਕੋਲ ਝੂਠੇ ਦਾਅਵਿਆਂ, ਝੂਠੇ ਲਾਰਿਆਂ, ਝੂਠੀਆਂ ਆਸ਼ਾਵਾਂ ਤੇ ਝੂਠੀਆਂ ਅਰਦਾਸਾਂ ਤੋਂ ਇਲਾਵਾ ਦੇਣ ਲਈ ਕੁੱਝ ਨਹੀਂ ਹੈ। ਪਰ ਇਸ ਦੀ ਥਾਂ ਜੇ ਮਨੁੱਖ ਨੂੰ ਅਸਲੀ ਧਰਮ ਦੇ ਲ਼ੜ ਲਾ ਦਿੱਤਾ ਜਾਵੇ ਤੇ ਉਹ ਅਸਲੀ ਧਰਮ ਦੀ ਕਮਾਈ (ਪ੍ਰੈਕਟਿਸ) ਸ਼ੁਰੂ ਕਰ ਦੇਵੇ ਤਾਂ ਬਹੁਤ ਜਲਦੀ ਮਨੁੱਖ ਦੀਆਂ ਬਹੁਤੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ। ਸਾਡੀਆਂ ਬਹੁਤੀਆਂ ਸਮੱਸਿਆਵਾਂ, ਅਸਲ ਵਿੱਚ ਸਮੱਸਿਆਵਾਂ ਹੀ ਨਹੀਂ ਹਨ, ਸਗੋਂ ਮਨ ਦੀਆਂ ਭਵਿੱਖ ਬਾਰੇ ਕਲਪਨਿਕ ਚਿੰਤਾਵਾਂ ਵਿਚੋਂ ਉਪਜਦੀਆਂ ਹਨ। ਅਗਰ ਮਨੁੱਖ ਅਸਲੀ ਧਰਮ ਦੇ ਰਸਤੇ ਤੇ ਚੱਲ ਕੇ ਮਨ ਤੋਂ ਪਾਰ ਜਾਣਾ ਸਿੱਖ ਲਵੇ ਤਾਂ ਨਾ ਸਿਰਫ ਉਹ ਸ਼ਾਂਤੀ ਦਾ ਅਨੁਭਵ ਕਰ ਸਕਦਾ ਹੈ, (ਜਿਸ ਸ਼ਾਂਤੀ ਦੀ ਭਾਲ ਵਿੱਚ ਧਰਮ ਅਸਥਾਨਾਂ ਵਿੱਚ ਮੱਥੇ ਰਗੜਦਾ, ਪੂਜਾ ਪਾਠ ਕਰਦਾ ਤੇ ਦਾਨ ਦੱਸ਼ਣਾ ਦਿੰਦਾ ਹੈ), ਸਗੋਂ ਉਸਦੀਆਂ ਕਲਪਿਤ ਸਮੱਸਿਆਵਾਂ ਧੂੰਏ ਦੇ ਬੱਦਲਾਂ ਵਾਂਗ ਛਿਨ ਭਰ ਵਿੱਚ ਖਤਮ ਹੋ ਸਕਦੀਆਂ ਹਨ। ਸਿਰਫ ਥੋੜੀ ਮਿਹਨਤ ਤੇ ਲਗਨ ਦੀ ਲੋੜ ਹੈ। ਪਰ ‘ਘੋੜਾ ਘਾਹ ਨਾਲ ਦੋਸਤੀ ਕਰੂ ਤੇ ਭੁੱਖਾ ਮਰੂ’ ਦੀ ਕਹਾਵਤ ਵਾਂਗ, ਪੁਜਾਰੀਆਂ ਨੂੰ ਜੇ ਸੱਚ ਪਤਾ ਵੀ ਹੋਵੇ ਤਾਂ ਵੀ ਦੱਸਣਗੇ ਨਹੀਂ ਕਿਉਂਕਿ ਇਨ੍ਹਾਂ ਦਾ ਧੰਦਾ ਹੀ ਸੋਸ਼ਣ ਅਧਾਰਿਤ ਹੈ। ਇਨ੍ਹਾਂ ਚੱਲ ਹੀ ਤਾਂ ਸਕਦਾ ਹੈ, ਜੇ ਲੋਕ ਅੰਧਕਾਰ ਵਿੱਚ ਫਸੇ ਰਹਿਣ।

‘ਸੰਨਿਆਸ ਅਧਾਰਿਤ ਨਕਲੀ ਧਰਮ’ ਬਾਰੇ ਵਿਸਥਾਰ ਵਿੱਚ ਜਾਣ ਤੋਂ ਪਹਿਲਾਂ ਇਹ ਜਾਨਣਾ ਵੀ ਜਰੂਰੀ ਹੈ ਕਿ ‘ਸੰਨਿਆਸ’ ਦਾ ਅਰਥ ਕੀ ਹੈ। ਅੰਗਰੇਜ਼ੀ ਵਿੱਚ ਇਸਨੂੰ ‘ਰੀਨਾਊਂਸ ਜਾਂ ਰੀਨਾਊਂਸੀਏਸ਼ਨ’ ਕਹਿੰਦੇ ਹਨ। ਜਿਸਦਾ ਅੱਖਰੀ ਅਰਥ ਹੈ; ਛੱਡ ਦੇਣਾ, ਤਿਆਗ ਕਰ ਦੇਣਾ, ਇਛਾ ਨਾ ਰੱਖਣੀ, ਤੱਜ ਦੇਣਾ, ਉਪਰਾਮ ਹੋ ਜਾਣਾ, ਆਸਵੀਕਾਰ ਕਰਨਾ, ਨਾਮਨਜੂਰ ਕਰਨਾ, ਸਬੰਧ ਤੋੜ ਲੈਣਾ। ਇਸੇ ਤਰ੍ਹਾਂ ਉਹ ਵਿਅਕਤੀ ਜਿਹੜਾ ਕੁੱਝ ਤਿਆਗ ਦੇਵੇ, ਛੱਡ ਦੇਵੇ, ਦੁਨੀਆਂ ਤੋਂ ਉਪਰਾਮ ਹੋ ਜਾਵੇ, ਕੋਈ ਇੱਛਾ ਨਾ ਰੱਖੇ, ਦੁਨੀਆਂ ਜਾਂ ਪਰਿਵਾਰ ਤੋਂ ਸਬੰਧ ਤੋੜ ਲਵੇ, ਦੁਨੀਆਂਦਾਰੀ ਨੂੰ ਨਾਮਨਜੂਰ ਕਰ ਦੇਵੇ, ਅਜਿਹੇ ਵਿਅਕਤੀ ਨੂੰ ‘ਸੰਨਿਆਸੀ’ ਕਿਹਾ ਜਾਂਦਾ ਹੈ। ਇਸ ਤੋਂ ਭਾਵ ਹੋਇਆ ਕਿ ‘ਸੰਨਿਆਸੀ’ ਉਹ ਵਿਅਕਤੀ ਹੈ, ਜੋ ਦੁਨੀਆਂਦਾਰੀ (ਪਰਿਵਾਰ ਜਾਂ ਸਮਾਜ) ਅਤੇ ਵਸਤਾਂ ਦਾ ਮੋਹ ਤਿਆਗ ਕੇ ਕਿਤੇ ਦੂਰ ਜੰਗਲ, ਪਹਾੜ ਆਦਿ ਵਿੱਚ ਚਲਾ ਜਾਵੇ ਜਾਂ ਆਮ ਸਮਾਜ ਤੋਂ ਵੱਖ ਹੋ ਕੇ ਆਪਣਾ ਵੱਖਰਾ ਆਸ਼ਰਮ (ਡੇਰਾ) ਬਣਾ ਕੇ ਬੈਠ ਜਾਵੇ। ਕੀ ਸਿਰਫ ਪਰਿਵਾਰ ਜਾਂ ਵਸਤਾਂ ਨੂੰ ਤਿਆਗਣ ਨਾਲ ਮਨੁੱਖ ਤਿਆਗੀ ਜਾਂ ਸੰਨਿਆਸੀ ਬਣ ਸਕਦਾ ਹੈ? ਕੀ ਕੋਈ ਵਿਅਕਤੀ ਸਿਰਫ ਕੁੱਝ ਛੱਡ ਦੇਣ ਨਾਲ ਕਾਮਨਾਵਾਂ ਜਾਂ ਵਾਸਨਾਵਾਂ ਤੋਂ ਮੁਕਤ ਹੋਇਆ ਹੈ? ਜੇ ਤੁਸੀਂ ਇਨ੍ਹਾਂ ਤਥਾ-ਕਥਿਤ (ਅਖੌਤੀ) ਤਿਆਗੀਆਂ ਦੇ ਨੇੜੇ ਜਾ ਕੇ ਦੇਖੋ ਤਾਂ ਪਤਾ ਚਲਦਾ ਹੈ ਕਿ ਇਨ੍ਹਾਂ ਵਿੱਚ ਸਗੋਂ ਉਸੇ ਚੀਜ਼ ਦੀ ਵੱਧ ਪਕੜ ਹੈ, ਜਿਸਨੂੰ ਤਿਆਗਣ ਦਾ ਦਾਅਵਾ ਕਰਦੇ ਹਨ। ਜਿਸ ਤਰ੍ਹਾਂ ਕੋਈ ਮਰਦ ਜਾਂ ਔਰਤ ਦਾ ਤਿਆਗ ਤਾਂ ਕਰ ਸਕਦਾ ਹੈ, ਪਰ ਕੀ ਉਹ ਕਾਮ ਦਾ ਤਿਆਗ ਕਰ ਸਕਦਾ ਹੈ? ਕਾਮ ਤੇ ਕੁਦਰਤੀ ਪ੍ਰਕ੍ਰਿਆ ਹੈ, ਕੀ ਕੁਦਰਤ ਦੇ ਨਿਯਮ ਤੋਂ ਉਲਟ ਜਾ ਕੇ ਮਨੁੱਖ ਸੁੱਖੀ ਰਹਿ ਸਕਦਾ ਹੈ? ਕਾਮ ਤੇ ਸਾਡੇ ਅੰਦਰ ਹੈ, ਫਿਰ ਕੀ ਅੰਦਰ ਦੀ ਚੀਜ਼ ਕੋਲ ਰੱਖ ਕੇ (ਜਿਸ ਤੋਂ ਭੱਜਣਾ ਸੀ) ਬਾਹਰੋਂ ਔਰਤ ਜਾਂ ਮਰਦ ਦੇ ਤਿਆਗ ਨਾਲ ਮਨੁੱਖ ਬਹਿੰਗਮ ਜਾਂ ਬ੍ਰਹਮਚਾਰੀ ਬਣ ਸਕਦਾ ਹੈ? ਕਈ ਅਜਿਹੇ ਤਿਆਗੀ ਵੀ ਦੇਖਣ ਨੂੰ ਮਿਲਦੇ ਹਨ, ਜੋ ਕਾਮ-ਵਾਸਨਾ ਤੋਂ ਬਚਣ ਲਈ ਆਪਣਾ ਗੁਪਤ ਅੰਗ ਕਟਾ ਲੈਂਦੇ ਹਨ ਜਾਂ ਕਿਸੇ ਢੰਗ ਨਾਲ ਨਸ਼ਟ ਕਰ ਲੈਂਦੇ ਹਨ, ਪਰ ਉਨ੍ਹਾਂ ਨੂੰ ਪਤਾ ਨਹੀਂ ਕਾਮ ਗੁਪਤ ਅੰਗ ਵਿੱਚ ਨਹੀਂ, ਸਗੋਂ ਦਿਮਾਗ ਜਾਂ ਮਨ ਵਿੱਚ ਹੈ। ਫਿਰ ਕੀ ਉਨ੍ਹਾਂ ਵਲੋਂ ਸਰੀਰ ਦੇ ਕਿਸੇ ਬਾਹਰੀ ਭਾਗ ਨੂੰ ਕੱਟਣ ਜਾਂ ਨਸ਼ਟ ਕਰਨ ਨਾਲ ਕਾਮ ਵਾਸਨਾ, ਜੋ ਕਿ ਅੰਦਰ ਹੈ, ਖਤਮ ਹੋ ਸਕਦੀ ਹੈ? ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਧਰਮਾਂ ਵਿੱਚ ਅਖੌਤੀ ਸੰਨਿਆਸੀ (ਤਿਆਗੀ) ਬਾਹਰੋਂ ਦਿਖਾਵੇ ਮਾਤਰ ਬੜਾ ਕੁੱਝ ਛੱਡਣ ਦਾ ਪਾਖੰਡ ਕਰਦੇ ਹਨ, ਜਿਸਨੂੰ ਛੱਡਣਾ ਹੈ, ਜੇ ਉਸਦੀ ਦੀ ਭੁੱਖ (ਤ੍ਰਿਸ਼ਨਾ) ਅੰਦਰ ਹੈ ਤਾਂ ਕੀ ਬਾਹਰੋਂ ਤਿਆਗ ਨਾਲ ਸੰਨਿਆਸੀ ਬਣਿਆ ਜਾ ਸਕਦਾ ਹੈ? ਇੱਕ ਕਹਾਣੀ ਹੈ ਕਿ ਕੋਈ ਕ੍ਰੋਧੀ ਮਨੁੱਖ ਆਪਣੇ ਕ੍ਰੋਧ ਤੋਂ ਦੁਖੀ ਹੋ ਕੇ ਘਰ-ਪਰਿਵਾਰ ਛੱਡ ਕੇ ਦੂਰ ਕਿਸੇ ਜੰਗਲ ਵਿੱਚ ਚਲਾ ਗਿਆ ਤੇ ਕਈ ਸਾਲ ਕ੍ਰੋਧ ਤਿਆਗ ਕਰਨ ਦਾ ਅਭਿਆਸ ਕਰਨ ਤੋਂ ਬਾਅਦ ਜਦੋਂ ਵਾਪਿਸ ਦੁਨੀਆਂ ਵਿੱਚ ਆਇਆ ਤਾਂ ਕਿਸੇ ਮੇਲੇ ਵਿੱਚ ਜਾ ਵੜਿਆ ਤੇ ਵੜਦੇ ਦੇ ਕਿਸੇ ਨੇ ਪੈਰ ਤੇ ਪੈਰ ਰੱਖ ਦਿੱਤਾ ਤਾਂ ਉਹ ਇਕਦਮ ਅੱਗ ਬਭੂਲਾ ਹੋ ਗਿਆ ਕਿ ਲੋਕਾਂ ਨੂੰ ਤੁਰਨ ਦੀ ਤਾਮੀਜ਼ ਨਹੀਂ, ਇੱਕ ਸੰਨਿਆਸੀ ਦਾ ਵੀ ਲਿਹਾਜ਼ ਨਹੀਂ ਕਰਦੇ? ਕੁੱਝ ਚਿਰ ਬਾਅਦ ਉਸਨੂੰ ਹੋਸ਼ ਆਈ ਕਿ ਗਿਆ ਤੇ ਉਹ ਕ੍ਰੋਧ ਨੂੰ ਤਿਆਗ ਕਰਨ ਸੀ, ਕਈ ਸਾਲ ਦੇ ਅਭਿਆਸ ਤੋਂ ਬਾਅਦ ਕ੍ਰੋਧ ਤਾਂ ਕੀ ਜਾਣਾ ਸੀ, ਤਿਆਗੀ ਹੋਣ ਦਾ ਹੰਕਾਰ ਵੀ ਨਾਲ ਲੈ ਆਇਆ। ਕੀ ਸਿਰਫ ਬਾਹਰੋਂ ਤਿਆਗ ਕਰਨ ਨਾਲ ਕੋਈ ਸੰਨਿਆਸੀ ਹੋ ਸਕਦਾ ਹੈ? ਬੇਸ਼ਕ ਬਹੁਤ ਵਾਰ ਜਿਸਦਾ ਅਸੀਂ ਤਿਆਗ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਸਾਨੂੰ ਬਾਹਰ ਦਿਸਦਾ ਹੁੰਦਾ ਹੈ, ਪਰ ਅਸਲ ਵਿੱਚ ਉਸ ਸਬੰਧੀ ਭਾਵਨਾ ਜਾਂ ਤ੍ਰਿਸ਼ਨਾ ਤੇ ਸਾਡੇ ਅੰਦਰ ਹੁੰਦੀ ਹੈ। ਇਸ ਲਈ ਬਾਹਰੋਂ ਤਿਆਗ ਕਰਨ ਨਾਲ ਮਨ ਕਦੇ ਤ੍ਰਿਪਤ ਨਹੀਂ ਹੋ ਸਕਦਾ, ਸਗੋਂ ਉਸੇ ਲਈ ਵੱਧ ਭਟਕਦਾ ਹੈ? ਕਈ ਸੰਨਿਆਸੀ ਲੋਕ ਕੱਪੜਿਆਂ ਦਾ ਤਿਆਗ ਕਰਦੇ ਹਨ ਜਾਂ ਘੱਟ ਕੱਪੜੇ ਜਾਂ ਸਾਦੇ ਕੱਪੜੇ ਪਾਉਂਦੇ ਹਨ, ਕੀ ਬਾਹਰੋਂ ਕੱਪੜੇ ਤਿਆਗ ਦੇਣ ਜਾਂ ਸਾਦੇ ਕੱਪੜੇ ਪਾਉਣ ਨਾਲ ਮਨ ਅੰਦਰ ਦੀਆਂ ਵਾਸਨਾਵਾਂ ਤੇ ਕਾਬੂ ਪਾਇਆ ਜਾ ਸਕਦਾ ਹੈ? ਇਸੇ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਸੰਨਿਆਸੀ ਤੁਹਾਨੂੰ ਧਰਮਾਂ ਦੀ ਦੁਨੀਆਂ ਵਿੱਚ ਮਿਲਣਗੇ, ਜਿਨ੍ਹਾਂ ਨੇ ਕੁੱਝ ਨਾ ਕੁੱਝ ਬਾਹਰੋਂ ਤਿਆਗ ਕਰਕੇ ਸੰਨਿਆਸੀ ਜਾਂ ਧਰਮੀ ਹੋਣ ਦਾ ਭਰਮ ਪਲ਼ਿਆ ਹੁੰਦਾ ਹੈ, ਜਦਕਿ ਵਿਕਾਰ ਜਾਂ ਕਾਮਨਾਵਾਂ ਤੇ ਸਾਡੇ ਅੰਦਰ ਹਨ, ਜਦ ਤੱਕ ਉਨ੍ਹਾਂ ਨੂੰ ਸੰਬੋਧਿਤ ਨਹੀਂ ਹੋਇਆ ਜਾਵੇਗਾ, ਮਨੁੱਖ ਬਾਹਰੀ ਵਸਤਾਂ ਦੇ ਤਿਆਗ ਨਾਲ ਧਰਮੀ ਨਹੀਂ ਬਣ ਸਕਦਾ। ਇੱਕ ਗੱਲ ਹੋਰ ਖਿਆਲ ਕਰਨ ਵਾਲੀ ਹੈ ਕਿ ਮਨੁੱਖ ਜਿਸ ਚੀਜ਼ ਨੂੰ ਤਿਆਗਣ ਦੀ ਕੋਸ਼ਿਸ਼ ਕਰਦਾ ਹੈ, ਪ੍ਰੇਸ਼ਾਨੀ ਵੀ ਉਸਤੋਂ ਹੀ ਵੱਧ ਮਿਲਦੀ ਹੈ, ਜੇ ਇਸ ਤਰ੍ਹਾਂ ਕਹੀਏ ਕਿ ਜਿਸਦਾ ਤਿਆਗ ਕਰੀਦਾ ਹੈ, ਉਹ ਹੀ ਸਾਡੇ ਮਨ ਦੇ ਗਹਿਰੇ ਤਲ ਤੇ ਵਸ ਜਾਂਦੀ ਹੈ। ਸਗੋਂ ਜਦੋਂ ਮਨੁੱਖ ਉਸਨੂੰ ਸਹਿਜ ਵਿੱਚ ਭੋਗਦਾ ਹੈ ਤਾਂ ਇਤਨਾ ਦੁਖੀ ਨਹੀਂ ਹੁੰਦਾ, ਜਿਤਨਾ ਤਿਆਗ ਕਰਕੇ ਹੁੰਦਾ ਹੈ। ਜਿਸ ਤਰ੍ਹਾਂ ਕਈ ਵਿਅਕਤੀ ਧਰਮ ਦੇ ਨਾਮ ਤੇ ਅੰਨ ਦਾ ਤਿਆਗ (ਵਰਤ, ਰੋਜ਼ੇ, ਫਾਸਟਿੰਗ ਆਦਿ) ਕਰਦੇ ਹਨ, ਇੱਕ ਤਾਂ ਛੱਡਣ ਦੇ ਬਹਾਨੇ ਵੱਧ ਖਾਂਦੇ ਹਨ ਤੇ ਦੂਜਾ ਸੰਜਮ ਵਿੱਚ ਖਾਣ ਵਾਲੇ ਨੂੰ ਤੇ ਖਾਣ ਤੋਂ ਕਈ ਘੰਟੇ ਬਾਅਦ ਜਦੋਂ ਦੁਬਾਰਾ ਭੁੱਖ ਲਗਦੀ ਹੈ, ਉਦੋਂ ਭੋਜਨ ਦਾ ਚੇਤਾ ਆਉਂਦਾ ਹੈ, ਪਰ ਜਿਹੜਾ ਛੱਡਣ ਦੀ ਜਿਦ ਕਰਦਾ ਹੈ, ਉਸਦਾ ਤਾਂ ਸਾਰਾ ਦਿਨ ਧਿਆਨ ਭੋਜਨ ਵਿੱਚ ਹੀ ਰਹਿੰਦਾ ਹੈ। ਕਈ ਅਜਿਹੇ ਤਿਆਗੀ ਵੀ ਮਿਲਦੇ ਹਨ, ਜਿਹੜੇ ਘਰ-ਬਾਰ ਜਾਂ ਦੌਲਤ ਤਿਆਗ ਕਰਕੇ ਸੰਨਿਆਸੀ ਬਣ ਗਏ ਹੁੰਦੇ ਹਨ, ਫਿਰ ਉਹ ਲੋਕਾਂ ਤੇ ਇਸ ਗੱਲ ਦਾ ਰੋਹਬ ਪਾਉਂਦੇ ਹਨ ਜਾਂ ਉਨ੍ਹਾਂ ਦੇ ਚੇਲੇ ਅਜਿਹਾ ਪ੍ਰਚਾਰ ਕਰਦੇ ਹਨ ਕਿ ਸਵਾਮੀ ਜੀ ਜਾਂ ਸੰਤ ਜੀ ਨੇ ਆਪਣੀ ਜਇਦਾਦ ਜਾਂ ਦੌਲਤ ਤਿਆਗ ਦਿੱਤੀ ਤੇ ਦੂਜੇ ਪਾਸੇ ਤਿਆਗੀ ਜੀ ਨੂੰ ਇਸ ਗੱਲ ਦਾ ਹੰਕਾਰ ਹੁੰਦਾ ਹੈ ਕਿ ਉਸਨੇ ਘਰ-ਬਾਰ ਛੱਡ ਦਿੱਤਾ, ਜਾਇਦਾਦ ਜਾਂ ਦੌਲਤ ਨੂੰ ਲੱਤ ਮਾਰ ਕੇ ਅਧਿਆਤਮ ਦਾ ਰਾਹ ਚੁਣ ਲਿਆ। ਅਸਲ ਵਿੱਚ ਇਹ ਕਹਿਣ ਲਈ ਹੀ ਹੁੰਦਾ ਹੈ, ਲੱਤ ਮਾਰੀ ਨਹੀਂ ਹੁੰਦੀ, ਲੱਤ ਨਾਲ ਦੌਲਤ ਬੰਨ੍ਹੀ ਹੋਈ ਹੁੰਦੀ ਹੈ, ਨਹੀਂ ਤਾਂ ਜਿਸਨੂੰ ਤਿਆਗ ਦਿੱਤਾ, ਉਸਦਾ ਹੰਕਾਰ ਕਾਹਦਾ ਜਾਂ ਜਿਸਨੂੰ ਛੱਡ ਦਿੱਤਾ, ਤੁਹਾਡਾ ਉਸਤੇ ਕੀ ਹੱਕ ਰਹਿ ਗਿਆ? ਅਸਲੀ ਤਿਆਗੀ ਤਾਂ ਉਹੀ ਹੈ, ਜਿਹੜਾ ਉਸ ਮਾਇਆ ਵਿੱਚ ਰਹਿ ਕਿ ਉਸ ਤੋਂ ਨਿਰਲੇਪ ਰਹਿੰਦਾ ਹੈ ਤੇ ਹੰਕਾਰ ਨਹੀਂ ਕਰਦਾ, ਸਗੋਂ ਉਸਨੂੰ ਕੁਦਰਤ ਦੀ ਦਾਤ ਸਮਝ ਕੇ ਖੁਸ਼ੀ ਨਾਲ ਖਰਚਦਾ ਜਾਂ ਵਰਤਦਾ ਹੈ। ਕਈ ਅਜਿਹੇ ਤਿਆਗੀ ਵੀ ਦੇਖਣ ਨੂੰ ਮਿਲਦੇ ਹਨ, ਜਿਹੜੇ ਦੁਨੀਆਂਦਾਰੀ ਛੱਡ ਕੇ ਸਮਾਜ ਸੇਵਾ (ਅਖੌਤੀ) ਵਿੱਚ ਪੈ ਜਾਂਦੇ ਹਨ। ਜੇ ਉਨ੍ਹਾਂ ਦੀ ਨੇੜਿਉਂ ਹਾਲਤ ਦੇਖੋ ਤਾਂ ਅਜਿਹੇ ਅਖੌਤੀ ਸਮਾਜ ਸੇਵਕ, ਸੇਵਾ ਕਰ ਨਹੀਂ ਰਹੇ ਹੁੰਦੇ, ਸਗੋਂ ਸੇਵਾ ਦਾ ਭਾਰ ਹੀ ਢੋਹ ਰਹੇ ਹੁੰਦੇ ਹਨ, ਕਿਉਂਕਿ ਸੇਵਾ ਰਾਹੀਂ ਮਾਣ ਇੱਜ਼ਤ ਦਾ ਜੋ ਰਸ (ਆਨੰਦ) ਮਿਲਦਾ ਹੈ, ਉਹ ਛਿਣ ਮਾਤਰ ਦਾ ਹੀ ਹੁੰਦਾ ਹੈ, ਪਰ ਮਨੁੱਖ ਸਭ ਕੁੱਝ ਛੱਡ ਕੇ ਸਮਾਜ ਸੇਵਾ ਦਾ ਅਜਿਹਾ ਜੰਜਾਲ ਆਪਣੇ ਗਲ਼ ਪਾ ਲੈਂਦਾ ਹੈ ਕਿ ਸਾਰੀ ਉਮਰ ਉਸਦਾ ਭਾਰ ਢੋਂਹਦਾ ਹੈ। ਅਸਲ ਵਿੱਚ ਜਦੋਂ ਤੱਕ ਤੁਹਾਡੇ ਕੋਲ ਅੰਦਰ ਅਸਲੀ ਤੇ ਸਦੀਵੀ ਆਨੰਦ ਨਹੀਂ, ਮਨੁੱਖ ਅੰਦਰੋਂ ਸ਼ਾਂਤ ਨਹੀਂ, ਬਾਹਰੋਂ ਧਾਰਨ ਕੀਤਾ ਤਿਆਗ ਮਨੁੱਖ ਨੂੰ ਅੰਦਰੋਂ ਖੋਖਲਾ ਕਰਦਾ ਹੈ, ਜਿਸ ਨਾਲ ਅਜਿਹੇ ਅਖੌਤੀ ਸੰਨਿਆਸੀ ਅਕਸਰ ਹੰਕਾਰ ਤੇ ਕ੍ਰੋਧੀ ਹੁੰਦੇ ਹਨ।

ਇਸੇ ਤਰ੍ਹਾਂ ਧਰਮਾਂ ਦੇ ਪੁਜਾਰੀ ਮਨੁੱਖ ਨੂੰ ਅਜਿਹਾ ਉਪਦੇਸ਼ ਦਿੰਦੇ ਹਨ ਕਿ ਸਾਰੇ ਵਿਕਾਰ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਤ੍ਰਿਸ਼ਨਾ, ਨਫਰਤ, ਚਿੰਤਾ, ਵੈਰ, ਦਵੈਸ਼ ਆਦਿ) ਮਨ ਪੈਦਾ ਕਰਦਾ ਹੈ, ਇਸ ਲਈ ਸਾਨੂੰ ਇਨ੍ਹਾਂ ਤੋਂ ਬਚਣ ਲਈ ਮਨ ਨੂੰ ਮਾਰਨਾ ਪਵੇਗਾ ਜਾਂ ਮਨ ਨੂੰ ਕਾਬੂ ਵਿੱਚ ਰੱਖਣਾ ਪਵੇਗਾ। ਇਸ ਵਿਚੋਂ ਹੀ ਤਿਆਗ ਜਾਂ ਸੰਨਿਆਸ ਨਿਕਲਿਆ ਹੈ। ਪਰ ਕੀ ਕੋਈ ਕਿਸੇ ਯਤਨ ਨਾਲ ਮਨ ਤੇ ਕਾਬੂ ਪਾ ਸਕਦਾ ਹੈ ਜਾਂ ਮਨ ਨੂੰ ਮਾਰ ਸਕਦਾ ਹੈ? ਮਨ ਰਾਹੀਂ ਹੀ ਤੇ ਕੁਦਰਤ ਨੇ ਸੰਸਾਰ ਦੀ ਖੇਡ ਰਚਾਈ ਹੋਈ ਹੈ, ਕੀ ਫਿਰ ਮਨ ਨੂੰ ਮਾਰਨ ਦੀ ਕੋਸ਼ਿਸ਼ ਪ੍ਰਕ੍ਰਿਤੀ (ਹੁਕਮ ਤੋਂ ਉਲਟ) ਤੋਂ ਉਲਟ ਚੱਲਣ ਦੀ ਗੱਲ ਨਹੀਂ? ਕੀ ਕੁਦਰਤ ਦੇ ਹੁਕਮ (ਲਾਅ ਆਫ ਨੇਚਰ) ਤੋਂ ਉਲਟ ਜਾ ਕੇ ਕੋਈ ਸੁੱਖੀ ਹੋ ਸਕਦਾ ਹੈ। ਮਨ ਨੂੰ ਨਾ ਹੀ ਮਾਰਿਆ ਜਾ ਸਕਦਾ ਹੈ ਤੇ ਨਾ ਹੀ ਕਾਬੂ ਕੀਤਾ ਜਾ ਸਕਦਾ ਹੈ, ਮਨ ਤੋਂ ਪਾਰ ਜਾਇਆ ਸਕਦਾ ਹੈ, ਜਿਸਨੂੰ ਮਨ ਨੂੰ ਜਿੱਤਣਾ ਵੀ ਕਹਿੰਦੇ ਹਨ। ਮਨ ਨੂੰ ਮਾਰ ਕੇ ਜਾਂ ਕਾਬੂ ਕਰਕੇ ਤੁਸੀਂ ਆਪਣੇ ਆਪ ਨੂੰ ਵੀ ਨਹੀਂ ਜਿੱਤ ਸਕਦੇ, ਪਰ ਮਨ ਨੂੰ ਜਿੱਤ ਕੇ ਤੁਸੀਂ ਜੱਗ ਜਿੱਤ ਸਕਦੇ ਹੋ, ਪਰ ਨਕਲੀ ਧਰਮ ਸਾਨੂੰ ਮਨ ਨੂੰ ਮਾਰਨ ਜਾਂ ਕੰਟਰੋਲ ਕਰਨ ਦੀ ਪੁੱਠੀ ਪੱਟੀ ਪੜ੍ਹਾਉਂਦੇ ਹਨ, ਜਿਸ ਵਿਚੋਂ ਹੀ ਸੰਨਿਆਸ ਵਰਗੇ ਨਕਲੀ ਧਰਮ ਪੈਦਾ ਹੁੰਦੇ ਹਨ। ਤੁਹਾਨੂੰ ਕੋਈ ਤਕਲੀਫ ਦੇਣ ਦੀ ਕੋਸ਼ਿਸ਼ ਕਰੇ ਤੇ ਤੁਹਾਡੇ ਅੰਦਰ ਕ੍ਰੋਧ ਪੈਦਾ ਹੋਣ ਦੀ ਥਾਂ, ਉਸ ਅਗਿਆਨੀ ਮਨੁੱਖ ਲਈ ਦਇਆ ਪੈਦਾ ਹੋਵੇ, ਅਜਿਹੇ ਮਨ ਦੀ ਸਾਨੂੰ ਲੋੜ ਹੈ, ਜੋ ਕਿ ਸੱਚੇ ਧਰਮ ਦੀ ਸਾਧਨਾ ਨਾਲ ਪੈਦਾ ਹੋ ਸਕਦਾ ਹੈ, ਨਕਲੀ ਪੂਜਾ-ਪਾਠਾਂ ਜਾਂ ਦਿਖਾਵੇ ਕਰਮਕਾਂਡਾਂ ਨਾਲ ਨਹੀਂ। ਅਸਲ ਵਿੱਚ ਸੰਨਿਆਸ ਵਾਲਾ ਤਰੀਕਾ ਧਰਮ ਤੇ ਕੁਦਰਤ ਤੋਂ ਉਲਟ ਚੱਲਣ ਦਾ ਰਾਹ ਹੈ। ਪ੍ਰਕ੍ਰਿਤੀ ਤੋਂ ਉਲਟ ਚੱਲ ਕੇ ਕਦੇ ਕਿਸੇ ਨੇ ਸੁੱਖ ਨਹੀਂ ਪਾਇਆ। ਦੂਸਰੀ ਗੱਲ ਇਹ ਵੀ ਸਮਝਣ ਵਾਲੀ ਹੈ ਕਿ ਦੁੱਖ ਤੇ ਸੁੱਖ, ਇਕੋ ਸਿੱਕੇ ਦੇ ਦੋ ਪਹਿਲੂ ਹਨ, ਇਨ੍ਹਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਜਿਥੇ ਸੁੱਖ ਹੈ, ਉਥੇ ਹੀ ਦੁੱਖ ਹੈ। ਦੁੱਖ ਨੂੰ ਸੁੱਖ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ, ਅਸਲ ਵਿੱਚ ਜੇ ਡੂੰਘਾਈ ਨਾਲ ਵਿਚਾਰਿਆ ਜਾਵੇ ਤਾਂ ਜਿਸਨੂੰ ਅਸੀਂ ਸੁੱਖ ਸਮਝਦੇ ਹਾਂ, ਉਹ ਦੁੱਖ ਦਾ ਹੀ ਛੋਟਾ ਰੂਪ ਹੁੰਦਾ ਹੈ। ਜਿਥੋਂ ਵੀ ਸਾਨੂੰ ਬਾਹਰੀ ਸੁੱਖ ਮਿਲਦਾ ਹੈ, ਜੇ ਉਸੇ ਸੁੱਖ ਦੀ ਮਾਤਰਾ ਵਧਾ ਦਿੱਤੀ ਜਾਵੇ ਤਾਂ ਉਹੀ ਸੁੱਖ, ਦੁੱਖ ਬਣ ਜਾਂਦਾ ਹੈ। ਕੁੱਝ ਉਦਾਹਰਣਾਂ ਨਾਲ ਸਮਝਣ ਦਾ ਯਤਨ ਕਰਦੇ ਹਾਂ, ਆਮ ਤੌਰ ਤੇ ਮਨੁੱਖ ਨੂੰ ਮਿੱਠਾ ਚੰਗਾ ਲਗਦਾ ਹੈ, ਸੁਆਦ ਲਗਦਾ ਹੈ, ਉਸ ਵਿਚੋਂ ਸੁੱਖ ਦਾ ਅਨੁਭਵ ਹੁੰਦਾ ਹੈ, ਇਸਦਾ ਮਤਲਬ ਹੋਇਆ ਕਿ ਜਿਤਨਾ ਅਸੀਂ ਵੱਧ ਮਿੱਠਾ ਖਾਵਾਂਗੇ, ਸਾਨੂੰ ਉਤਨੇ ਗੁਣਾਂ ਵੱਧ ਸੁੱਖ ਮਿਲੇਗਾ, ਪਰ ਅਜਿਹਾ ਨਹੀਂ, ਸਾਨੂੰ ਸਭ ਨੂੰ ਪਤਾ ਹੈ ਕਿ ਵੱਧ ਮਿੱਠਾ ਖਾ ਕੇ ਸੁੱਖ ਨਹੀਂ, ਦੁੱਖ ਹੀ ਮਿਲੇਗਾ। ਇਸੇ ਤਰ੍ਹਾਂ ਕਾਮ ਕਿਰਿਆ ਮਨੁੱਖ ਨੂੰ ਸੁੱਖ ਦਿੰਦੀ ਹੈ, ਪਰ ਪਰ ਕਿਸੇ ਹੱਦ ਤੱਕ ਹੀ ਉਹ ਸੁੱਖ ਹੁੰਦਾ ਹੈ, ਅਗਰ ਅਸੀਂ ਉਹ ਹੱਦ ਪਾਰ ਕਰਦੇ ਹਾਂ ਤਾਂ ਉਹੀ ਦੁੱਖ ਬਣ ਜਾਂਦਾ ਹੈ। ਇੱਕ ਹੋਰ ਉਦਾਹਰਣ ਲੈਂਦੇ ਹਾਂ ਕਿ ਆਮ ਤੌਰ ਤੇ ਜਦੋਂ ਕੋਈ ਮਨੁੱਖ ਨਸ਼ਾ (ਸ਼ਰਾਬ ਜਾਂ ਕੋਈ ਹੋਰ) ਕਰਦਾ ਹੈ ਤਾਂ ਉਸਨੂੰ ਇਸ ਨਾਲ ਕੁੱਝ ਸਮੇਂ ਲਈ ਸਰੂਰ ਆਉਂਦਾ ਹੈ ਤੇ ਉਹ ਦੁਨੀਆਂਦਾਰੀ ਭੁੱਲ ਕੇ ਕੁੱਝ ਪਲ ਸੁੱਖ ਦਾ ਅਨੁਭਵ ਕਰਦਾ ਹੈ, ਇਸਦਾ ਭਾਵ ਹੋਇਆ ਕਿ ਉਹ ਜਿਤਨਾ ਵੱਧ ਨਸ਼ਾ ਕਰੇਗਾ, ਉਤਨਾ ਸਰੂਰ ਜਾਂ ਸੁੱਖ ਵੱਧ ਮਿਲੇਗਾ, ਪਰ ਸਾਨੂੰ ਸਭ ਨੂੰ ਪਤਾ ਹੈ ਕਿ ਵੱਧ ਨਸ਼ਾ ਲੈਣ ਨਾਲ ਸੁੱਖ ਨਹੀਂ, ਦੁੱਖ ਹੀ ਮਿਲਦਾ, ਇਥੋਂ ਤੱਕ ਕਿ ਬਹੁਤ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ। ਇਸੇ ਤਰ੍ਹਾਂ ਤੁਸੀਂ ਆਪਣੇ ਵਲੋਂ ‘ਸੁੱਖ’ ਦੀ ਕੋਈ ਉਦਾਹਰਣ ਲੈ ਕੇ ਸੋਚ ਸਕਦੇ ਹੋ ਕਿ ਜਿਥੋਂ ਵੀ ਤੁਹਾਨੂੰ ਸੁੱਖ ਮਿਲਦਾ ਹੈ, ਅਗਰ ਉਸੇ ਸੁੱਖ ਦੀ ਮਾਤਰਾ ਵਧਾ ਦਿੱਤੀ ਜਾਵੇ ਤਾਂ ਉਹ ਦੁੱਖ ਬਣ ਜਾਂਦਾ ਹੈ, ਜਿਸਦਾ ਭਾਵ ਇਹੀ ਹੈ ਕਿ ਸਾਡਾ ਅਖੌਤੀ ਸੁੱਖ, ਜਿਸ ਲਈ ਅਸੀਂ ਨਕਲੀ ਧਰਮਾਂ ਵਿੱਚ ਫਸੇ ਹੋਏ ਹਾਂ, ਪੁਜਾਰੀਆਂ ਤੋਂ ਅਰਦਾਸਾਂ ਕਰਾਉਂਦੇ ਹਾਂ, ਸੁੱਖਣਾ ਸੁੱਖਦੇ ਹਾਂ, ਪੂਜਾ-ਪਾਠ ਕਰਦੇ ਜਾਂ ਕਰਾਉਂਦੇ ਹਾਂ, ਉਹ ਸੁੱਖ ਨਹੀਂ, ਅਸਲ ਵਿੱਚ ਦੁੱਖ ਹੀ ਹੈ, ਸਿਰਫ ਦੁੱਖ ਦਾ ਛੋਟਾ ਰੂਪ ਹੈ? ਅਸਲੀ ਧਰਮ ਸਾਨੂੰ ਦੁੱਖ-ਸੁੱਖ ਤੋਂ ਪਾਰ ਪਰਮ ਸ਼ਾਂਤੀ ਤੇ ਪਰਮ ਆਨੰਦ ਦੀ ਅਵਸਥਾ ਵਿੱਚ ਲਿਜਾਣ ਦਾ ਨਾਮ ਹੈ। ਉਸ ਬਾਰੇ ਉਹੀ ਦੱਸ ਸਕਦਾ ਹੈ, ਜਿਸਨੇ ਉਸ ਪਰਮ ਆਨੰਦ ਨੂੰ ਮਾਣਿਆ ਹੋਵੇ, ਪਰਮ ਸ਼ਾਂਤੀ ਦਾ ਅਨੁਭਵ ਕੀਤਾ ਹੋਵੇ? ਧੰਦਾ ਕਰਨ ਵਾਲੇ ਪੁਜਾਰੀ ਤੁਹਾਨੂੰ ਉਸ ਪਰਮ ਆਨੰਦ ਤੱਕ ਨਹੀਂ ਲਿਜਾ ਸਕਦੇ ਕਿਉਂਕਿ ਉਨ੍ਹਾਂ ਨੂੰ ਸੁੱਖ ਤੁਹਾਡੇ ਡਾਲਰਾਂ `ਚੋਂ ਮਿਲਦਾ ਹੈ।

ਨਕਲੀ ਧਰਮ ਸਾਨੂੰ ਦੁੱਖ-ਸੁੱਖ ਦੇ ਚੱਕਰ ਵਿੱਚ ਉਲਝਾ ਕੇ ਹੀ ਆਪਣਾ ਧੰਦਾ ਚਲਾਉਂਦੇ ਹਨ। ਉਨ੍ਹਾਂ ਦੇ ਬਹੁਤੇ ਪੂਜਾ ਪਾਠ ਤੇ ਕਰਮਕਾਂਡ ਸੁੱਖਾਂ ਦੀ ਪ੍ਰਾਪਤੀ ਤੇ ਦੁੱਖਾਂ ਦੀ ਨਵਿਰਤੀ ਲਈ ਹੀ ਹੁੰਦੇ ਹਨ। ਉਨ੍ਹਾਂ ਦੀਆਂ ਅਰਦਾਸਾਂ ਵੀ ਸੁੱਖਾਂ-ਦੁੱਖਾਂ ਬਾਰੇ ਹੀ ਹੁੰਦੀਆ ਹਨ। ਉਨ੍ਹਾਂ ਪਤਾ ਨਹੀਂ ਕਿ ਦੁੱਖ-ਸੁੱਖ ਕੀ ਹਨ ਤੇ ਇਹ ਇਕੋ ਸਿੱਕੇ ਦੇ ਦੋ ਪਹਿਲੂ ਕਿਵੇਂ ਹਨ। ਸੰਨਿਆਸ ਰੂਪੀ ਧਰਮ ਨੂੰ ਅਸੀਂ ਇਸ ਪੱਖ ਤੋਂ ਵੀ ਦੇਖ ਸਕਦੇ ਹਾਂ ਕਿ ਆਮ ਤੌਰ ਤੇ ਮਨੁੱਖ ਸੋਚਦਾ ਹੈ, ਉਸ ਕੋਲ ਧਨ ਵੱਧ ਆ ਜਾਵੇ, ਵਸਤਾਂ ਵੱਧ ਆ ਜਾਣ ਜਾਂ ਹੋਰ ਜਿਸਨੂੰ ਵੀ ਉਹ ਸੁੱਖ ਸਮਝਦਾ ਹੈ, ਉਸਦੀ ਵੱਧ ਤੋਂ ਵੱਧ ਪ੍ਰਾਪਤੀ ਲਈ ਯਤਨ ਕਰਦਾ ਹੈ। ਜਦੋਂ ਉਸਨੂੰ ਉਹ ਸੁੱਖ (ਅਖੌਤੀ) ਵੱਧ ਮਾਤਰਾ (ਅਸਲ ਵਿੱਚ ਦੁੱਖ) ਵਿੱਚ ਮਿਲਦਾ ਜਾਂਦਾ ਹੈ ਤਾਂ ਫਿਰ ਪਤਾ ਲਗਦਾ ਹੈ ਕਿ ਇਹ ਤਾਂ ਦੁੱਖ ਦਾ ਹੀ ਵਿਸਥਾਰ ਹੈ। ਫਿਰ ਉਹ ਸੋਚਦਾ ਕਿ ਸ਼ਾਇਦ ਇਸਨੂੰ ਛੱਡਣ ਵਿੱਚ ਸੁੱਖ ਹੈ। ਇਥੋਂ ਹੀ ਸੰਨਿਆਸ (ਤਿਆਗ) ਅਧਾਰਿਤ ਧਰਮ ਦਾ ਜਨਮ ਹੋਇਆ ਹੈ। ਪਰ ਅਸਲੀ ਧਰਮ ਨਾ ਛੱਡਣ ਵਿੱਚ ਹੈ ਤੇ ਨਾ ਹੀ ਫੜਨ ਵਿੱਚ ਹੈ? ਅਸਲੀ ਧਰਮ ਮਨ ਦੀ ਉਹ ਅਵਸਥਾ ਹੈ, ਜਿਥੇ ਮਨੁੱਖ ਸਹਿਜ ਵਿੱਚ ਜੋ ਛੁੱਟਦਾ ਹੈ, ਉਸਨੂੰ ਛੱਡ ਦਿੰਦਾ ਹੈ ਤੇ ਜੋ ਫੜਨ ਵਾਲਾ ਹੈ, ਉਸਨੂੰ ਅਪਨਾ ਲੈਂਦਾ ਹੈ, ਪਰ ਕੁੱਝ ਵੀ ਫੜਦਾ ਨਹੀਂ ਤੇ ਕੁੱਝ ਵੀ ਛੱਡਦਾ ਨਹੀਂ। ਸਹਿਜ, ਦੁੱਖ-ਸੁੱਖ ਤੋਂ ਪਰ੍ਹੇ ਪਰਮ ਆਨੰਦ ਜਾਂ ਪਰਮ ਸ਼ਾਂਤੀ ਦੀ ਅਵਸਥਾ ਵਿਚੋਂ ਹੀ ਪੈਦਾ ਹੋ ਸਕਦਾ ਹੈ। ਧਰਮ ਹੀ ਇੱਕ ਅਜਿਹਾ ਮਾਰਗ ਹੈ, ਜਿਹੜਾ ਤੁਹਾਨੂੰ ਉਸ ਅਵਸਥਾ ਵਿੱਚ ਲਿਜਾਣ ਦੇ ਸਮਰੱਥ ਹੈ। ਦੁਨਿਆਵੀ ਜਾਂ ਬਾਹਰੀ ਸੁੱਖ ਸਹੂਲਤਾਂ ਦੁੱਖ ਦੇ ਛੋਟੇ ਰੂਪ ਤੋਂ ਵੱਧ ਕੁੱਝ ਨਹੀਂ ਹਨ। ਇਸ ਲਈ ਇਹ ਸਾਨੂੰ ਸਦੀਵੀ ਆਨੰਦ ਨਹੀਂ ਦੇ ਸਕਦੀਆਂ। ਆਨੰਦ ਵਸਤੂਆਂ ਜਾਂ ਵਿਸ਼ਿਆਂ-ਵਿਕਾਰਾਂ ਦੇ ਭੋਗ ਵਿੱਚ ਨਹੀਂ, ਨਾ ਹੀ ਇਨ੍ਹਾਂ ਨੂੰ ਛੱਡਣ ਵਿੱਚ ਹੈ ਤੇ ਨਾ ਹੀ ਨਕਲੀ ਧਰਮਾਂ ਵਲੋਂ ਸਿਖਾਈ ਜਾਂਦੀ ਅਖੌਤੀ ਨੈਤਿਕਤਾ ਵਿੱਚ ਹੈ। ਆਨੰਦ ਮਨ ਦੀ ਉਹ ਅਵਸਥਾ ਹੈ, ਜਦੋਂ ਤੁਸੀਂ ਮਨ ਤੋਂ ਪਾਰ ਚਲੇ ਜਾਂਦੇ ਹੋ। ਪਰ ਮਨ ਤੋਂ ਪਾਰ ਜਾਣ ਲਈ ਮਨ ਨੂੰ ਮਾਰਨ ਜਾਂ ਕੰਟਰੋਲ ਕਰਨ ਦੀ ਲੋੜ ਨਹੀਂ, ਜਿਹਾ ਕਿ ਸਾਨੂੰ ਇਨ੍ਹਾਂ ਨਕਲੀ ਧਰਮਾਂ ਵਲੋਂ ਸਿਖਾਇਆ ਜਾਂਦਾ ਹੈ। ਇਸ ਲਈ ਸੰਨਿਆਸ ਜਾਂ ਤਿਆਗ ਵਰਗੇ ਹਠ ਕਰਮ ਕਰਨ ਦੀ ਲੋੜ ਨਹੀਂ ਹੈ। ਇਨ੍ਹਾਂ ਵਲੋਂ ਸਿਖਾਇਆ ਜਾਂਦਾ ਝੂਠਾ ਤਿਆਗ ਤੇ ਹਠ, ਮਨੁੱਖ ਅੰਦਰ ਦੁਬੰਧ ਪੈਦਾ ਕਰਦਾ ਹੈ, ਜਿਸ ਨਾਲ ਮਨੁੱਖ ਬਾਹਰੀ ਕਰਮਕਾਂਡਾਂ, ਪੂਜਾ-ਪਾਠ ਤੇ ਪਹਿਰਾਵੇ ਰਾਹੀਂ ਤਾਂ ਧਰਮੀ (ਨਕਲੀ) ਬਣ ਜਾਂਦਾ ਹੈ, ਪਰ ਅੰਦਰੋਂ ਆਮ ਮਨੁੱਖ ਤੋਂ ਵੀ ਹੇਠਾਂ ਡਿਗ ਪੈਂਦਾ ਹੈ। ਇਸਦਾ ਮੁੱਖ ਕਾਰਨ ਇਹੀ ਹੈ ਕਿ ਆਮ ਮਨੁੱਖ ਆਪਣੇ ਉਪਰ ਬਾਹਰੀ ਬੰਧਨ ਨਹੀਂ ਪਾਉਂਦਾ, ਭਾਵੇਂ ਕਿ ਅਗਿਆਨਤਾ ਵਸ ਕਰਮਕਾਂਡ ਤੇ ਕਰਦਾ ਹੈ, ਪਰ ਅਖੌਤੀ ਧਰਮੀਆਂ ਵਾਂਗ ਬਾਹਰੋਂ ਧਰਮੀ ਹੋਣ ਦਾ ਦਿਖਾਵਾ ਨਹੀਂ ਕਰਦਾ ਤੇ ਆਮ ਦੁਨਿਆਵੀ ਲੋਕਾਂ ਵਾਂਗ ਆਪਣੇ ਮਨ ਦੀ ਮੌਜ ਵੀ ਕਰ ਲੈਂਦਾ ਹੈ। ਜਿਸ ਨਾਲ ਉਸਨੂੰ ਥੋੜਾ ਜਿਹਾ ਕੁੱਝ ਸਮੇਂ ਲਈ ਰਸ ਮਿਲਦਾ ਹੈ। ਇਸ ਤਰ੍ਹਾਂ ਅਖੌਤੀ ਤਿਆਗੀ ਦੋਹਰਾ ਜੀਵਨ ਬਤੀਤ ਕਰਦਾ ਹੈ, ਜੋ ਕਿ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੁੰਦਾ ਹੈ।

ਅਜਿਹੇ ਤਿਆਗ (ਸੰਨਿਆਸ) ਅਧਾਰਿਤ ਨਕਲੀ ਧਰਮਾਂ ਵਿਚੋਂ ਨਿਕਲਣ ਲਈ ਸਾਨੂੰ ਇਹ ਸਮਝਣਾ ਬਹੁਤ ਜਰੂਰੀ ਹੈ ਕਿ ਅਸਲੀ ਧਰਮ ਦਾ ਤੁਹਾਡੇ ਤੋਂ ਸਿਵਾਏ ਕਿਸੇ ਹੋਰ ਨਾਲ ਕੋਈ ਸਬੰਧ ਨਹੀਂ ਤੇ ਦੂਜਾ ਅਸਲੀ ਧਰਮ ਦਾ ਸਬੰਧ ਤੁਹਾਡੇ ਆਪਣੇ ਸਰੀਰ ਨਾਲ ਵੀ ਨਹੀਂ, ਸਗੋਂ ਤੁਹਾਡੇ ਅੰਦਰ ਵਸਦੀ ਉਸ ਜੋਤ ਨਾਲ ਹੈ। ਇਸ ਲਈ ਬਾਹਰੋਂ ਕੁੱਝ ਤਿਆਗ ਕਰਨ ਜਾਂ ਬਾਹਰੋਂ ਸਰੀਰ ਤੇ ਕੁੱਝ ਧਾਰਨ ਕਰਨ ਦਾ ਧਰਮ ਨਾਲ ਕੋਈ ਸਬੰਧ ਨਹੀਂ ਅਤੇ ਨਾ ਹੀ ਸਰੀਰ ਦੁੱਖ ਦੇਣ ਦਾ ਧਰਮ ਨਾਲ ਕੋਈ ਸਬੰਧ ਹੈ। ਕਈ ਅਜਿਹੇ ਤਿਆਗੀ ਵੀ ਹਨ, ਜੋ ਕੁੱਝ ਪਾਉਣ ਦੇ ਲਾਲਚ ਵਿੱਚ ਸਰੀਰ ਨੂੰ ਕਸ਼ਟ ਦਿੰਦੇ ਹਨ, ਪਰ ਇਸ ਨਾਲ ਕੁੱਝ ਵੀ ਪ੍ਰਾਪਤੀ ਨਹੀਂ ਹੋ ਸਕਦੀ। ਧਰਮ ਅਸਲ ਵਿੱਚ ਮਨੁੱਖੀ ਮਨ ਦੀ ਉਸ ਸ਼ਾਂਤੀ ਤੇ ਪਰਮ ਆਨੰਦ ਵਾਲੀ ਅਵਸਥਾ `ਚੋਂ ਪੈਦਾ ਹੁੰਦਾ, ਜਿਥੇ ਸਹਿਜ ਵਿੱਚ ਜਦੋਂ ਕੁੱਝ ਛੁੱਟਦਾ ਹੋਵੇ ਤਾਂ ਮਨ ਵਿੱਚ ਫੜਨ ਦੀ ਲਾਲਸਾ ਨਾ ਹੋਵੇ ਅਤੇ ਜੇ ਕੁੱਝ ਮਿਲਦਾ ਹੋਵੇ, ਉਸਨੂੰ ਮਿਲਣ ਦਾ ਹੰਕਾਰ ਨਾ ਹੋਵੇ। ਜਿਹੜਾ ਦੁੱਖ-ਸੁੱਖ ਦੀ ਅਵਸਥਾ ਤੋਂ ਪਾਰ ਚਲਾ ਜਾਂਦਾ ਹੈ, ਉਹੀ ਅਸਲੀ ਧਰਮੀ, ਅਸਲੀ ਤਿਆਗੀ ਤੇ ਅਸਲੀ ਸੰਨਿਆਸੀ ਹੋ ਸਕਦਾ ਹੈ। ਅਜਿਹੇ ਅਸਲੀ ਸੰਨਿਆਸੀ ਬਣਨ ਲਈ ਮਨੁੱਖ ਨੂੰ ਪੁਜਾਰੀਆਂ ਮਗਰ ਲੱਗ ਕੇ ਕੁੱਝ ਤਿਆਗ ਕਰਨ ਜਾਂ ਆਪਣੇ ਦਿਮਾਗ ਨਾਲ ਸੋਚ ਕੇ ਕੁੱਝ ਤਿਆਗ ਕਰਨ ਦੀ ਲੋੜ ਨਹੀਂ, ਇਹ ਸਭ ਕੁੱਝ ਸਹਿਜ ਵਿਚੋਂ ਉਪਜਣਾ ਚਾਹੀਦਾ ਹੈ। ਫਿਰ ਹੀ ਤੁਸੀਂ ਸੱਚੇ ਧਰਮੀ ਜਾਂ ਸੰਨਿਆਸੀ ਬਣ ਸਕਦੇ ਹੋ। ਅਜਿਹੀ ਅਵਸਥਾ ਤੱਕ ਜਾਣ ਲਈ ਜਿਥੇ ਸਾਨੂੰ ਧਰਮ ਨੂੰ ਜਾਨਣ, ਉਸਦੀ ਖੋਜ ਕਰਨ, ਉਸਦੀ ਕਮਾਈ ਕਰਨ ਦੀ ਲੋੜ ਹੈ, ਉਥੇ ਬਾਹਰੀ ਦਿਖਾਵੇ ਵਾਲੇ ਕਰਮਕਾਂਡ, ਬਾਹਰੀ ਪਹਿਰਾਵੇ, ਬਾਹਰੀ ਚਿੰਨ੍ਹ, ਬਾਹਰੀ ਕਰਮਕਾਂਡ, ਬਾਹਰੀ ਪੂਜਾ-ਪਾਠ ਕੰਮ ਨਹੀਂ ਆ ਸਕਦੇ।
.