.

ਜਿਨੀੑ ਪਛਾਤਾ ਹੁਕਮੁ ਤਿਨੇ ਕਦੇ ਨ ਰੋਵਣਾ

ਸਤਿਗੁਰਾਂ ਨੇ ਸੁਖੀ ਰਹਿਣ ਦੀ ਵਿਧੀ ਸਮਝਾਈ ਹੈ ਤੇ ਗੁਰਬਾਣੀ ਦੇ ਵੱਖ ਵੱਖ ਸਬਦਾਂ ਰਾਹੀਂ ਇਸ ਦੀ ਪੂਰੀ ਵਿਆਖਿਆਂ ਕੀਤੀ ਹੈ।
ਜਬ ਲਗੁ ਹੁਕਮੁ ਨ ਬੂਝਤਾ ਤਬ ਹੀ ਲਉ ਦੁਖੀਆ
ਮਨ ਕੀ ਮਤਿ ਤਿਆਗਹੁ ਹਰਿ ਜਨ ਹੁਕਮ ਬੂਝਿ ਸੁਖੁ ਪਾਈਐ
ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ
ਜੋ ਹੁਕਮੁ ਨ ਬੂਝੈ ਖਸਮ ਕਾ ਸੋਈ ਨਰੁ ਕਚਾ॥

ਸਤਿਗੁਰਾਂ ਨੇ ਸਾਨੂੰ ਚਿਤਾਵਨੀ ਦੇ ਕੇ ਸਮਝਾਇਆ ਹੈ ਕਿ ਜਦ ਤਕ ਅਸੀਂ ਰਬੀ ਹੁਕਮ ਨੂੰ ਨਹੀਂ ਸਮਝਦੇ ਅਥਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸਾਂ ਨੂੰ ਸਮਝ ਕੇ ਗਿਆਨਵਾਨ ਨਹੀਂ ਹੋ ਜਾਂਦੇ ਉਤਨੇ ਚਿਰ ਤਕ ਅਸੀਂ ਦੁਖੀ ਹੀ ਰਹਾਂਗੇ । ਸਤਿਗੁਰਾਂ ਦਾ ਫੁਰਮਾਨ ਹੈ ਕਿ ਹੁਕਮ ਬੁਝਣ ਨਾਲ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ ਇਸ ਕਰਕੇ ਸਾਨੂੰ ਆਪਣੀ ਮਨਮਤ ਛਡ ਕੇ ਗੁਰਬਾਣੀ ਸਮਝਣੀ ਚਾਹੀਦੀ ਹੈ । ਹੁਕਮ ਨਾਂ ਬੁਝਣ ਵਾਲਾ ਪ੍ਰਾਣੀ ਅੰਧਾ ਹੈ ਅਤੇ ਨਿਰੀਆਂ ਕਚੀਆਂ ਗਲਾਂ ਕਰਦਾ ਹੈ ਅਤੇ ਸਦਾ ਦੁਖੀ ਰਹਿੰਦਾ ਹੈ ।
ਜਿਨਿ ਹੁਕਮੁ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵਏ
ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ
ਜਿਨੀ ਪਛਾਤਾ ਹੁਕਮੁ ਤਿਨੇ ਕਦੇ ਨ ਰੋਵਣਾ
ਗੁਰ ਮਿਲਿ ਹੁਕਮੁ ਪਛਾਣਿਆ ਤਬ ਹੀ ਤੇ ਸੁਖੀਆ॥
ਸਤਿਗੁਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਹੁਕਮ ਪਛਾਣਿਆ ਹੈ ਕੇਵਲ ਉਨ੍ਹਾਂ ਨੇ ਹੀ ਸੁਖਾਂ ਦਾ ਅਨੰਦ ਮਾਣਿਆ ਹੈ। ਹੁਕਮ ਨੂੰ ਪਛਾਨਣ ਵਾਲੇ ਦਿਨ ਰਾਤ ਸੁਖੀ ਰਹਿੰਦੇ ਹਨ। ਉਨ੍ਹਾਂ ਦੇ ਸਾਰੇ ਰੋਣੇ ਧੋਣੇ ਮੁਕ ਜਾਂਦੇ ਹਨ। ਗੁਰਮਤਿ ਦਾ ਇਹ ਪਕਾ ਸਿਧਾਂਤ ਹੈ ਕਿ ਜਦੋਂ ਭੀ ਪ੍ਰਾਣੀ ਗੁਰੂ ਦੀ ਮਤਿ ਲੈਕੇ ਹੁਕਮ ਪਛਾਣ ਲਏਗਾ ਉਸ ਵੇਲੇ ਤੋਂ ਹੀ ਉਹ ਸੁਖੀ ਹੋ ਜਾਵੇਗਾ।
ਕਹੁ ਨਾਨਕ ਜਿਨਿ ਹੁਕਮੁ ਪਛਾਤਾ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ
ਗੁਰ ਕਿਰਪਾ ਤੇ ਹੁਕਮੁ ਪਛਾਣੈ ਜੁਗਹ ਜੁਗੰਤਰ ਕੀ ਬਿਧਿ ਜਾਣ
ਪ੍ਰਭ ਮਿਲਣੈ ਕੀ ਏਹ ਨੀਸਾਣੀ ਮਨਿ ਇੱਕੋ ਸਚਾ ਹੁਕਮੁ ਪਛਾਣੀ॥

ਜਿਹੜੇ ਪ੍ਰਾਣੀਆਂ ਨੇ ਹੁਕਮ ਸਮਝਿਆ ਹੈ ਕੇਵਲ ਉਨ੍ਹਾਂ ਨੇ ਹੀ ਪ੍ਰਮਾਤਮਾ ਨੂੰ ਖੁਸ਼ ਕਰਨ ਦਾ ਭੇਤ ਜਾਣਿਆ ਹੈ । ਉਨ੍ਹਾਂ ਨੂੰ ਹੀ ਗੁਰੂ ਦੀ ਸਿਖਿਆ ਰਾਹੀਂ ਪ੍ਰਭੂ ਮਿਲਾਪ ਦੀ ਜੁਗਾਂ ਜੁਗੰਤਰਾਂ ਤੋਂ ਚਲੀ ਆ ਰਹੀ ਬਿਧੀ ਦਾ ਪਤਾ ਲਗਿਆ ਹੈ । ਰਬ ਜੀ ਨੂੰ ਮਿਲਣ ਦੀ ਇਹ ਇੱਕ ਨਿਸ਼ਾਨੀ ਹੈ ਕਿ ਜਿਨ੍ਹਾਂ ਨੇ ਉਸ ਨੂੰ ਪਾਇਆ ਹੈ ਉਨ੍ਹਾਂ ਦਾ ਮਨ ਰਬੀ ਹੁਕਮ ਨੂੰ ਸਮਝਣ ਵਿੱਚ ਲੀਨ ਰਹਿੰਦਾ ਹੈ ।
ਨਾਨਕ ਹੁਕਮਿ ਮੰਨਿਐ ਸੁਖੁ ਪਾਈਐ ਗੁਰ ਸਬਦੀ ਵੀਚਾਰਿ
ਹੁਕਮੁ ਮੰਨੇ ਸੋਈ ਸੁਖੁ ਪਾਏ ਹੁਕਮੁ ਸਿਰਿ ਸਾਹਾ ਪਾਤਿਸਾਹਾ ਹੇ
ਗੁਰਮੁਖਿ ਹੁਕਮੁ ਮੰਨੇ ਸਹ ਕੇਰਾ ਹੁਕਮੇ ਹੀ ਸੁਖੁ ਪਾਏ
ਹੁਕਮੁ ਮੰਨਿ ਸੁਖੁ ਪਾਇਆ ਪ੍ਰੇਮ ਸੁਹਾਗਣਿ ਹੋਇ॥

ਸਤਿਗੁਰਾਂ ਦਾ ਫੈਸਲਾ ਹੈ ਕਿ ਗੁਰ ਸ਼ਬਦ ਦੇ ਵਿੱਚਾਰ ਰਾਹੀਂ ਸਮਝ ਕੇ ਹੁਕਮ ਮੰਨਣ ਨਾਲ ਹੀ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ। ਸੁਖੀ ਹੋਣ ਲਈ ਵਡੇ ਵਡੇ ਸ਼ਾਹਾਂ ਪਾਤਸ਼ਾਹਾਂ ਨੂੰ ਵੀ ਹੁਕਮ ਮੰਨਣਾ ਪੈਂਦਾ ਹੈ । ਹੁਕਮ ਨਾਂ ਮੰਨਣ ਦੀ ਕਿਸੇ ਨੂੰ ਵੀ ਛੋਟ ਨਹੀਂ ਹੈ। ਹੁਕਮ ਮੰਨਣ ਵਾਲੇ ਹੀ ਸੁਖੀ ਹਨ ਅਤੇ ਵਡੇ ਭਾਗਾਂ ਵਾਲੇ ਹਨ । ਗੁਰਮਖਿ ਪ੍ਰੇਮ ਤੇ ਸ਼ਰਧਾ ਨਾਲ ਹੁਕਮ ਮੰਨਦੇ ਹਨ ਅਤੇ ਹੁਕਮ ਵਿੱਚ ਹੀ ਖੁਸ਼ ਰਹਿਕੇ ਸੁਖ ਮਾਣਦੇ ਹਨ।
ਮਾਨੈ ਹੁਕਮੁ ਸੋਹੈ ਦਰਿ ਸਾਚੈ ਆਕੀ ਮਰਹਿ ਅਫਾਰੀ
ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ
ਨਾਨਕ ਹੁਕਮੁ ਨ ਮੰਨਈ ਤਾ ਘਰ ਹੀ ਅੰਦਰਿ ਦੂਰਿ॥

ਸਤਿਗੁਰਾਂ ਨੇ ਪੇਟ ਦੇ ਅਫਾਰੇ ਦੇ ਦੁੱਖ ਦੀ ਪੀੜ ਦੀ ਉਦਾਹਰਣ ਦੇ ਕੇ ਸਪੱਸ਼ਟ ਕੀਤਾ ਹੈ ਕਿ ਹੁਕਮ ਮੰਨਣ ਤੋਂ ਆਕੀ ਪ੍ਰਾਣੀ ਬਹੁਤ ਦੁਖੀ ਰਹਿੰਦੇ ਹਨ। ਮਨਮੁਖ ਪੂਰੇ ਗੁਰੂ ਦਾ ਹੁਕਮ ਨਹੀਂ ਮੰਨਦੇ। ਉਹ ਗੁਰੂ ਤੋਂ ਬੇਮੁਖ ਹੋਣ ਕਰ ਕੇ ਸੁੱਖਾਂ ਦੇ ਸੋਮੇ ਨਾਲੋਂ ਟੁੱਟੇ ਰਹਿੰਦੇ ਹਨ। ਕੇਵਲ ਹੁਕਮ ਮੰਨਣ ਵਾਲੇ ਹੀ ਪ੍ਰਭੂ ਦੇ ਦਰ ‘ਤੇ ਸੋਭਾ ਪਾਉਂਦੇ ਹਨ ।
ਦੁਖੁ ਲਗਾ ਬਿਨੁ ਸੇਵਿਐ ਹੁਕਮੁ ਮੰਨੇ ਦੁਖੁ ਜਾਇ
ਸੇਵਕ ਸੇਵਹਿ ਮੰਨਿ ਹੁਕਮੁ ਅਪਾਰਾ ॥ ਮਨਮੁਖ ਹੁਕਮੁ ਨ ਜਾਣਹਿ ਸਾਰਾ ॥
ਹੁਕਮੁ ਨ ਜਾਣਹਿ ਬਪੁੜੇ ਭੂਲੇ ਫਿਰਹਿ ਗਵਾਰ
ਪਿਰ ਕਾ ਹੁਕਮੁ ਨ ਜਾਣਈ ਭਾਈ ਸਾ ਕੁਲਖਣੀ ਕੁਨਾਰਿ॥

ਹੁਕਮ ਮੰਨਣ ਨਾਲ ਦੁਖ ਮਿਟਦੇ ਹਨ। ਸਾਡੇ ਦੁਖਾਂ ਦਾ ਕਾਰਨ ਸਾਡੇ ਵਲੋਂ ਸਤਿਗੁਰਾਂ ਦੀ ਸੇਵਾ ਦੀ ਘਾਟ ਹੈ। ਸਚੇ ਸੇਵਕ ਜਨ ਹੁਕਮ ਮੰਨਕੇ ਸੇਵਾ ਕਰਦੇ ਹਨ। ਮਨਮੁਖ ਹੁਕਮ ਮੰਨਣ ਦੀ ਮਹਤਤਾ ਨਹੀਂ ਸਮਝਦੇ, ਉਹ ਹੁਕਮ ਦੀ ਸਾਰ ਨਹੀਂ ਜਾਣਦੇ। ਹੁਕਮ ਨਾ ਜਾਨਣ ਵਾਲੇ ਮੂਰਖ ਗਵਾਰਾਂ ਦੀ ਤਰਾਂ ਕੁਰਾਹੇ ਪਏ ਹੋਏ ਹਨ ਅਤੇ ਸਦਾ ਖੁਆਰ ਹੁੰਦੇ ਹਨ। ਸਤਿਗੁਰਾਂ ਨੇ ਹੁਕਮ ਨਾ ਜਾਨਣ ਵਾਲਿਆਂ ਦੀ ਤੁਲਨਾ ਭੈੜੇ ਲਛਣਾਂ ਵਾਲੀ ਕੁਲਖਣੀ ਨਾਰ ਦੇ ਬਰਾਬਰ ਕਰਕੇ ਸਾਨੂੰ ਗੁਰਬਾਣੀ ਸਮਝਣ ਦੀ ਲੋੜ ਅਥਵਾ ਜਰੂਰਤ ਸਮਝਾਈ ਹੈ।
ਸਾਚੇ ਗੁਰ ਤੇ ਹੁਕਮੁ ਪਛਾਨੁ
ਗੁਰ ਕੈ ਸਬਦਿ ਹੁਕਮੁ ਪਛਾਣੁ
ਗੁਰਮਤੀ ਹੁਕਮੁ ਬੂਝੀਐ ਹੁਕਮੇ ਮੇਲਿ ਮਿਲਾਈ ਰਾਮ
ਗੁਰਮਤਿ ਹੋਇ ਤ ਹੁਕਮੁ ਪਛਾਣੈ

ਗੁਰਮੁਖਿ ਹੋਇ ਸੁ ਹੁਕਮੁ ਪਛਾਣੈ ਮਾਨੈ ਹੁਕਮੁ ਸਮਾਇਦਾ॥
ਸਤਿਗੁਰਾਂ ਦਾ ਇਹ ਵੀ ਹੁਕਮ ਹੈ ਕਿ ਕੇਵਲ ਸਚੇ ਗੁਰੂ ਦਾ ਹੁਕਮ ਹੀ ਪਛਾਨਣਾ ਹੈ ਕਚੇ ਗੁਰੂ ਦਾ ਨਹੀਂ। ਹੁਕਮ ਨੂੰ ਗੁਰ ਸ਼ਬਦ ਰਾਹੀਂ ਸਮਝਕੇ ਪਛਾਨਣਾ ਹੈ । ਗੁਰਮਤਿ ਰਾਹੀਂ ਹੁਕਮ ਬੁਝਣਾ ਹੈ। ਸ਼ਰਧਾ ਅਤੇ ਪ੍ਰੇਮ ਨਾਲ ਗੁਰੂ ਦੀ ਸ਼ਰਨ ਪੈ ਕੇ ਹੁਕਮ ਸਮਝਣਾ ਹੈ। ਸਤਿਗੁਰਾਂ ਦਾ ਸਿੱਖ ਬਣਨ ਵਾਸਤੇ ਗੁਰਬਾਣੀ ਸਮਝਕੇ ਹੁਕਮ ਮੰਨਣੇ ਲਾਜ਼ਮੀ ਹਨ। ਹੁਕਮ ਨਾ ਮੰਨਣ ਵਾਲਿਆਂ ਨੂੰ ਗੁਰੂ ਸਾਹਿਬ ਮਨਮੁਖ ਕਹਿੰਦੇ ਹਨ। ਮਨਮੁਖਾਂ ਨੂੰ ਸਤਿਗੁਰੂ ਆਪਣਾ ਸਿੱਖ ਨਹੀਂ ਸਮਝਦੇ। ਉਨ੍ਹਾਂ ਨੇ ਹੁਕਮ ਅਦੂਲੀ ਕਰਨ ਵਾਲੀ ਆਪਣੀ ਔਲਾਦ ਨੂੰ ਵੀ ਸਿਖ ਨਹੀਂ ਮੰਨਿਆ ਅਤੇ ਉਨ੍ਹਾਂ ਨਾਲ ਕੋਈ ਵਾਸਤਾ ਨਹੀਂ ਰਖਿਆ। ਇਸ ਦੇ ਉਲਟ ਹੁਕਮ ਮੰਨਣ ਵਾਲਿਆਂ ਦੂਸਰਿਆਂ ਨੂੰ ਸਭ ਤੋਂ ਉਚੀ ਗੁਰੂ ਵਾਲੀ ਪਦਵੀ ਬਖਸ਼ੀ । ਇਹ ਸਾਡਾ ਆਪਣਾ ਫੈਸਲਾ ਹੈ ਕਿ ਅਸੀਂ ਹੁਕਮ ਸਮਝਕੇ ਸੁਖੀ ਰਹਿਣਾ ਹੈ ਜਾਂ ਬਿਨਾਂ ਸਮਝੇ ਦੁਖੀ ਰਹਿਣਾ ਹੈ। ਸੁੱਖਾਂ ਦੀ ਪ੍ਰਾਪਤੀ ਵਾਸਤੇ ਗੁਰਬਾਣੀ ਸਮਝਣੀ ਲਾਜ਼ਮੀ ਹੈ।
ਜੁਗਰਾਜ ਸਿੰਘ ਧਾਲੀਵਾਲ।
.