.

ਗੁਰਬਾਣੀ ਅਤੇ ਇਤਿਹਾਸ ਦਾ ਸੁਮੇਲ (ਭਾਗ-9)

(ਸੁਖਜੀਤ ਸਿੰਘ ਕਪੂਰਥਲਾ)

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ-8 ਪੜੋ

ਇਸ ਚਲ ਰਹੀ ਲੇਖ ਲੜੀ ਤਹਿਤ ਉਹਨਾਂ ਗੁਰਬਾਣੀ ਦੇ ਸ਼ਬਦਾਂ ਦੀ ਵਿਚਾਰ ਅਤੇ ਸ਼ਬਦ ਦੇ ਭਾਵ- ਅਰਥ ਨੂੰ ਮੁੱਖ ਰੱਖਦੇ ਹੋਏ ਵਿਸ਼ੇ ਨਾਲ ਸਬੰਧਿਤ ਗੁਰਮਤਿ ਸਿਧਾਂਤਾਂ ਪ੍ਰਤੀ ਜਾਣਕਾਰੀ ਨੂੰ ਪ੍ਰਾਰੰਭ ਕੀਤਾ ਗਿਆ ਹੈ ਜਿਹੜੇ ਸ਼ਬਦ ਕਿਸੇ ਨਾ ਕਿਸੇ ਇਤਿਹਾਸਕ ਘਟਨਾ ਨਾਲ ਸਬੰਧ ਰੱਖਦੇ ਹਨ। ਇਤਿਹਾਸਕ ਤੌਰ ਤੇ ਇਹ ਸ਼ਬਦ ਭਾਵੇਂ ਵਿਅਕਤੀ ਵਿਸ਼ੇਸ਼ ਨਾਲ ਸਬੰਧ ਰੱਖਦੇ ਹਨ ਪਰ ਅਧਿਆਤਮਕ ਤੌਰ ਤੇ ਉਪਦੇਸ਼ ਅਤੇ ਸਿਖਿਆ “ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ” (੬੪੭) ਅਨੁਸਾਰ ਸਮੁੱਚੀ ਮਾਨਵਤਾ ਲਈ ਸਰਬ ਸਾਂਝੀ ਹੀ ਹੈ।

==========

ਸਲੋਕ ਮਹਲਾ ੧ (ਵਾਰ ਆਸਾ-੪੬੭)

ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ।।

ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ।।

ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ।।

ਪੜੀਐ ਜੇਤੀ ਆਰਜਾ ਪੜੀਐ ਜੇਤੇ ਸਾਸ।।

ਨਾਨਕ ਲੇਖੈ ਇੱਕ ਗਲ ਹੋਰੁ ਹਉਮੈ ਝਖਣਾ ਝਾਖ।। ੧।।

ਗੁਰੂ ਨਾਨਕ ਸਾਹਿਬ ਆਪਣੇ ਪ੍ਰਚਾਰ ਦੌਰੇ (ਉਦਾਸੀਆਂ) ਦੌਰਾਨ ਚੱਲਦੇ-ਚੱਲਦੇ ਸ੍ਰੀਨਗਰ (ਜੰਮੂ ਕਸ਼ਮੀਰ) ਦੇ ਇਲਾਕੇ ਵਿੱਚ ਮਟਨ ਸਾਹਿਬ ਦੀ ਧਰਤੀ ਤੇ ਪਹੁੰਚੇ। ਉਥੇ ਸਤਿਗੁਰਾਂ ਦਾ ਮਿਲਾਪ ਆਪਣੇ ਆਪ ਨੂੰ ਵਿਦਵਾਨ ਅਖਵਾਉਣ ਵਾਲੇ, ਪ੍ਰਾਪਤ ਕੀਤੀ ਵਿਦਿਆ ਦੇ ਮਾਣ ਅਹੰਕਾਰ ਦੁਆਰਾ ਲੋਭ ਦੀਆਂ ਟੀਸੀਆਂ ਉੱਪਰ ਚੜ੍ਹੇ ‘ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰ` (੧੪੦) ਅਥਵਾ ‘ਲਿਖਿ ਲਿਖਿ ਪੜਿਆ ਤੇਤਾ ਕੜਿਆ` (੪੬੭) ਵਾਲੇ ਬ੍ਰਹਮ ਦਾਸ ਪੰਡਿਤ ਨਾਲ ਹੋਇਆ। ਇਸ ਦੀ ਵਿਸ਼ੇਸ਼ਤਾ ਇਹ ਸੀ ਕਿ ਆਪਣੇ ਨਾਲ ਹਮੇਸ਼ਾਂ ਪੁਸਤਕਾਂ/ਗ੍ਰੰਥਾਂ ਦੇ ਭਰੇ ਗੱਡੇ ਨਾਲ ਲੈ ਕੇ ਚਲਦਾ ਸੀ ਅਤੇ ਇਹ ਸ਼ਿਕਾਰੀ ਦੇ ਸ਼ਿਕਾਰ ਲਭੱਣ ਵਾਂਗ ਵਿਚਾਰ ਚਰਚਾ ਕਰਨ ਲਈ ਵਿਦਵਾਨ ਲੱਭਦਾ ਰਹਿੰਦਾ ਸੀ ਅਤੇ ਉਹਨਾਂ ਨੂੰ ਹਰਾਉਣ ਉਪਰੰਤ ਹਾਰਣ ਵਾਲੇ ਦੀਆਂ ਸਾਰੀਆਂ ਪੁਸਤਕਾਂ/ਗ੍ਰੰਥ ਆਪਣੇ ਕਬਜ਼ੇ ਵਿੱਚ ਕਰ ਲੈਂਦਾ ਸੀ।

ਵਿਦਿਆ ਹੋਣਾ ਮਾੜੀ ਗੱਲ ਨਹੀਂ ਪ੍ਰੰਤੂ ਵਿਦਿਆ ਰਾਹੀਂ ਮਿਲਣ ਵਾਲੇ ਗਿਆਨ ਦਾ ਅਹੰਕਾਰ ਕਰ ਲੈਣ ਵਾਲਾ ਮਨੁੱਖ ਪ੍ਰਮੇਸ਼ਰ ਦੇ ਦਰ-ਘਰ ਪ੍ਰਵਾਨ ਨਹੀਂ ਹੋ ਸਕਦਾ। ਗੁਰੂ ਸਾਹਿਬ ਗੁਰਬਾਣੀ ਅੰਦਰ ਇਸ ਪ੍ਰਥਾਇ ਫੁਰਮਾਣ ਕਰਦੇ ਹਨ ਕਿ ਜੋ ਆਖਦਾ ਹੈ ਕਿ ਮੈਂ ਸਭ ਕੁੱਝ ਜਾਣਦਾ ਹਾਂ, ਉਹ ਮੂਰਖ ਹੈ, ਕਿਉਂ ਕਿ ਵਿਦਿਆ ਦਾ ਕੋਈ ਅੰਤ ਨਹੀਂ, ਖੋਜ ਕਰਨ ਵਾਲਿਆਂ ਨੂੰ ਵਿਦਿਆ ਦੁਆਰਾ ਨਵੇਂ ਤੋਂ ਨਵੇਂ ਗਿਆਨ ਦੇ ਚਮਤਕਾਰਾਂ ਦੀ ਪ੍ਰਾਪਤੀ ਹੁੰਦੀ ਹੈ, ਜੋ ਸਹੀ ਅਰਥਾਂ ਵਿੱਚ ਵਿਦਵਾਨ ਹੋਵੇ ਉਹ ਅਹੰਕਾਰ ਰਹਿਤ ਹੋ ਜਾਂਦਾ ਹੈ, ਉਸ ਦਾ ਜੀਵਨ ਪਰ-ਉਪਕਾਰੀ ਹੋ ਜਾਂਦਾ ਹੈ। ਸਹੀ ਅਰਥਾਂ ਵਿੱਚ ਬਣੇ ਵਿਦਵਾਨਾਂ ਨੂੰ ‘ਮੈ ਵਿਦਵਾਨ ਹਾਂ` ਕਹਿਣ ਦੀ ਜਾਂ ਸਾਬਤ ਕਰਨ ਦੀ ਲੋੜ ਨਹੀਂ ਰਹਿ ਜਾਂਦੀ, ਉਹ ਆਪਣੀ ਵਿਦਿਆ ਦੁਆਰਾ ਪ੍ਰਾਪਤ ਗਿਆਨ ਦੇ ਕਾਰਣ ਆਪਣੇ ਆਪ ਪ੍ਰਸਿੱਧ ਹੋ ਕੇ ਸਹੀ ਅਰਥਾਂ ਵਿੱਚ ਦੁਨੀਆਂ ਅੰਦਰ ਸਤਿਕਾਰ ਪਾਉਂਦਾ ਹੈ-

-ਵਿਦਿਆ ਵੀਚਾਰੀ ਤਾਂ ਪਰਉਪਕਾਰੀ।।

(ਆਸਾ ਮਹਲਾ ੧- ੩੫੬)

-ਸੋਈ ਅਜਾਣ ਕਹੈ ਮੈ ਜਾਨਾ ਜਾਨਣਹਾਰ ਨ ਛਾਨਾ ਰੇ।।

(ਆਸਾ ਮਹਲਾ ੫- ੩੮੨)

-ਗੁਰ ਪ੍ਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ।।

(ਪ੍ਰਭਾਤੀ ਮਹਲਾ ੧-੧੩੨੯)

ਭਾਈ ਕਾਨ੍ਹ ਸਿੰਘ ਨਾਭਾ ਇਸ ਵਿਸ਼ੇ ਉਪਰ ਗੁਰਬਾਣੀ ਅਤੇ ਭਗਤ ਰਤਨਾਵਲੀ ਦੇ ਹਵਾਲੇ ਵਿੱਚ ਬਹੁਤ ਹੀ ਭਾਵਪੂਰਤ ਵਿਚਾਰ ਦਿੰਦੇ ਹਨ-

ਵਿਦਿਆ ਪਾ ਕੇ ਕਈ ਤੀਖਣ ਬੁਧਿ ਵਾਲੇ ਦੇਸ਼ ਹਿੱਤ ਦੀ ਥਾਂ ਤੇ ਹਾਨੀਕਾਰਕ ਸਾਬਤ ਹੁੰਦੇ

ਹਨ, ਅਜਿਹੇ ਕੁਲ-ਘਾਤਕ, ਸ਼ੈਤਾਨ ਵਿਦਵਾਨਾਂ ਨੂੰ ਗੁਰੂ ਸਾਹਿਬ ਸ਼ਿਕਾਰੀ ਦਾ ਸਿਖਾਇਆ ਹੋਇਆ ਮ੍ਰਿਗ, ਪਾਲਤੂ ਬਾਜ਼ ਅਤੇ ਪੇਟ-ਦਾਸੀਏ ਰਾਜਯ ਕਰਮਚਾਰੀ ਦਾ ਦ੍ਰਿਸ਼ਟਾਂਤ ਦਿੰਦੇ ਹਨ ਕਿਉਂ ਕਿ ਪੜ੍ਹਾਏ ਹੋਏ (ਅਰਥਾਤ ਸਿਖਾਏ ਹੋਏ) ਮ੍ਰਿਗ ਅਤੇ ਬਾਜ਼ ਤਥਾ ਸਵਾਰਥੀ ਕਰਮਚਾਰੀ ਦਾ ਨਾਮ ਭੀ ਪੜਿਆਂ ਵਿੱਚ ਹੈ ਪਰ ਇਹ ਜਾਤਿ ਭਾਈਆਂ ਨੂੰ ਜਾਤਿ ਵਿਰੋਧੀ ਫਾਹੀ ਵਿੱਚ ਫਸਾਉਣ ਲਈ ਸਹਾਇਤਾ ਦਿੰਦੇ ਹਨ, ਅਜਿਹੇ ਪੜ੍ਹਿਆਂ ਨੂੰ ‘ਅਗੈ ਨਾਹੀ ਥਾਉ`। `

(ਗੁਰਮਤਿ ਮਾਰਤੰਡ-ਪੰਨਾ ੮੨੭)

ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾ ਪੜਿਆ ਨਾਉ।।

ਫਾਂਧੀ ਲਾਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ।।

(ਵਾਰ ਮਲਾਰ-ਮਹਲਾ ੧-੧੨੮੮)

‘ਜਿਉਂ ਅੰਨਾ ਖੂਹ ਵਿੱਚ ਡਿੱਗ ਪਵੇ ਤਾਂ ਉਸ ਨੂੰ ਕੋਈ ਕੁਛ ਨਹੀਂ ਆਖਦਾ ਪਰ ਜਿਉਂ ਸੁਜਾਖਾ ਹੱਥ ਵਿੱਚ ਦੀਪਕ ਲੈ ਕੇ ਖੂਹ ਵਿੱਚ ਪਾਉਂਦਾ ਹੈ ਤਾਂ ਉਸ ਨੂੰ ਭੰਡੀ ਹੁੰਦੀ ਹੈ, ਤੈਸੇ ਜੋ ਅਣ-ਪੜ੍ਹਿਆ ਹੋਇਆ ਪਾਪ ਕਰਦਾ ਹੈ ਤਾਂ ਉਸਨੂੰ ਭੰਡੀ ਨਹੀਂ ਹੁੰਦੀ, ਜੋ ਪੜ੍ਹਿਆ ਹੋਇਆ ਪਾਪ ਕਰਦਾ ਹੈ ਤਾਂ ਉਸ ਨੂੰ ਸਾਰੇ ਜਗਤ ਦੀ ਭੰਡੀ ਹੁੰਦੀ ਹੈ ਤੇ ਵਾਹਿਗੁਰੂ ਦੇ ਦਰਬਾਰ ਭੀ ਮੂੰਹ ਨਹੀਂ ਦੇ ਸਕਦਾ। `

(ਭਗਤ ਰਤਨਾਵਲੀ-ਗੁਰਮਤਿ ਮਾਰਤੰਡ-ਪੰਨਾ ੮੨੯)

-ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ।।

ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ।।

(ਸਲੋਕ ਕਬੀਰ ਜੀ-੧੩੭੬)

ਗੁਰਬਾਣੀ ਤਾਂ ਸਾਨੂੰ ਗਿਆਨ ਦਿੰਦੀ ਹੈ ਕਿ ਜਨਮ-ਜਾਤੀ ਤੋਂ ਕਿਸੇ ਮਨੁੱਖ ਨੂੰ ਪੰਡਿਤ ਮੰਨ ਲੈਣਾ ਅਗਿਆਨਤਾ ਹੈ, ਇਹ ਪੰਡਿਤ ਦੀ ਉਪਾਧੀ ਦਾ ਸਬੰਧ ਵਿਦਿਆ ਦੁਆਰਾ ਪ੍ਰਾਪਤ ਗਿਆਨ ਨਾਲ ਹੈ-

ਬਿਨ ਬਿਦਿਆ ਕਹਾ ਕੋਈ ਪੰਡਿਤ।।

(ਮਾਰੂ ਕਬੀਰ ਜੀ-੧੧੦੩)

ਕੇਵਲ ਵਿਦਿਆ ਦੁਆਰਾ ਗਿਆਨ ਦੀ ਪ੍ਰਾਪਤੀ ਕਰ ਲੈਣਾ ਹੀ ਮੰਜ਼ਿਲ ਦੀ ਪ੍ਰਾਪਤੀ ਨਹੀਂ ਹੈ, ਸਗੋਂ ਇਸ ਗਿਆਨ ਨੂੰ ਜਿਥੇ ਸਮਾਜਕ, ਪਰਿਵਾਰਕ, ਸੰਸਾਰਕ ਖੇਤਰ ਵਿੱਚ ਸੁਖਾਲੇ ਜੀਵਨ ਲਈ ਵਰਤਣਾ ਹੈ, ਉਸ ਦੇ ਨਾਲ-ਨਾਲ ਪਰਮਾਰਥ ਦੇ ਮਾਰਗ ਉਪਰ ਕੀਤੇ ਜਾਣ ਵਾਲੇ ਦਾਨ-ਪੁੰਨ, ਭਗਤੀ, ਗੁਰਬਾਣੀ ਸਮਝਣ-ਸਮਝਾਉਣ ਲਈ ਵਰਤਣ ਦੀ ਜਰੂਰਤ ਹੈ ਕਿਉਂ ਕਿ ਅਕਲ ਵਾਲਿਆਂ ਦਾ ਕੀਤਾ ਹੋਇਆ ਦਾਨ ਹਮੇਸ਼ਾ ਫਲਦਾਇਕ ਹੁੰਦਾ ਹੈ, ਮੂਰਖ ਬਿਰਤੀ ਵਾਲਿਆਂ ਦਾ ਦਾਨ ਮੁਫਤ-ਖੋਰੇ ਲੋਕਾਂ ਉਪਰ ਉਪਕਾਰ ਕਰਨ ਦੀ ਬਜਾਏ ਉਹਨਾਂ ਦੇ ਨੁਕਸਾਨ ਦਾ ਕਾਰਣ ਬਣ ਜਾਂਦਾ ਹੈ ਅਤੇ ਧਰਮ ਦੇ ਨਾਮ ਉਪਰ ਕੀਤਾ ਹੋਇਆ ਦਾਨ-ਪੁੰਨ ਵਿਅਰਥ ਚਲਾ ਜਾਂਦਾ ਹੈ-

ਅਕਲਿ ਏਹ ਨ ਆਖੀਐ ਅਕਲ ਗਵਾੲਐ ਬਾਦਿ।।

ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ।।

ਅਕਲੀ ਪੜਿ ਕੈ ਬੂਝੀਐ ਅਕਲੀ ਕੀਚੈ ਦਾਨੁ।।

ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ।।

(ਵਾਰ ਸਾਰੰਗ-ਮਹਲਾ ੧ -੧੨੪੫)

ਜਿਹੜੇ ਅਨਪੜ੍ਹ, ਅਧਪੜ੍ਹ, ਅਖੌਤੀ, ਆਪੂੰ ਬਣੇ ਸਾਧ-ਬਾਬੇ ਗੁਰਬਾਣੀ ਫੁਰਮਾਣਾਂ ‘ਪੜਿਆ ਅਣਪੜਿਆ ਪਰਮ ਗਤ ਪਾਵੈ ` (੧੯੭) ‘ਪੜਿਆ ਹੋਵੈ ਗੁਨਹਗਾਰ ਤਾ ਓਮੀ ਸਾਧੁ ਨ ਮਾਰੀਐ` (੪੬੯) ‘ਪੜਿਆ ਅਤੇ ਓਮੀਆ ਵੀਚਾਰੁ ਅਗੈ ਵੀਚਾਰੀਐ ` (੪੬੯) ‘ਕਿਆ ਪੜੀਐ ਕਿਆ ਗੁਨੀਐ … … ਪੜੇ ਸੁਨੇ ਕਿਆ ਹੋਈ ` (੬੫੫) ਆਦਿਕ ਦੀ ਵਰਤੋਂ ਬਿਨਾਂ ਅਰਥ -ਭਾਵ ਵਿਚਾਰੇ, ਆਪਣੇ ਸੁਆਰਥ ਤਹਿਤ, ਆਪਣੀ ਅਨਪੜ੍ਹਤਾ (ਓਮੀ ਪੁਣੇ) ਨੂੰ ਛੁਪਾਉਣ ਲਈ ਕਰਦੇ ਹਨ, ਜਿਹੜੇ ਇਹ ਵੀ ਕਹਿੰਦੇ ਹਨ ਕਿ ਭਗਤ ਕਬੀਰ ਨੇ ਕਿਹੜੀ ਪੀ. ਐਚ. ਡੀ. ਕੀਤੀ ਹੋਈ ਸੀ? (ਜਦੋਂ ਕਿ ਅਸਲੀਅਤ ਇਹ ਹੈ ਕਿ ਕਬੀਰ ਜੀ ਆਪਣੇ ਸਮੇਂ ਦੇ ਪੀ. ਐਚ. ਡੀ. ਤੋਂ ਘੱਟ ਨਹੀਂ ਸਨ ਅਤੇ ਕਿਸੇ ਵੀ ਤਰਾਂ ਵਿਦਿਆ ਦੇ ਵਿਰੋਧੀ ਨਹੀਂ ਸਨ) ਆਖਦੇ ਹੋਏ ਦੁਨਿਆਵੀ ਵਿਦਿਆ ਦਾ ਵਿਰੋਧ ਕਰਦੇ ਹਨ ਪ੍ਰੰਤੂ ਇਸੇ ਵਿਦਿਆ ਦੁਆਰਾ ਨਿਕਲੀਆਂ ਵੱਖ-ਵੱਖ ਵਿਗਿਆਨਕ ਖੋਜਾਂ ਵਿਚੋਂ ਨਿਕਲੀਆਂ ਅਜੋਕੀਆਂ ਸੁਖ-ਸਹੂਲਤਾਂ (ਜੋ ਉਹਨਾਂ ਦੀ ਵਰਤੋਂ ਕਰਨ ਦੇ ਸਮਰੱਥ ਹੋਣ) ਹਵਾਈ ਜਹਾਜ਼, ਵਧੀਆ ਗੱਡੀਆਂ, ਵਧੀਆ ਮੋਬਾਈਲ, ਇੰਟਰਨੈਟ, ਵਟਸਐਪ, ਫੇਸ ਬੁੱਕ, ਟੈਲੀਵੀਜਨ ਆਦਿ ਦੀ ਵਰਤੋਂ ਕਰਨ ਤੋਂ ਰੱਤੀ ਭਰ ਵੀ ਸੰਕੋਚ ਨਹੀਂ ਕਰਦੇ। ਵਿਦਿਆ ਦਾ ਵਿਰੋਧ ਕਰਨ ਵਾਲੇ, ਕਿਰਤ ਦੇ ਸਿਧਾਂਤ ਤੋਂ ਭਗੌੜੇ, ਵਿਹਲੜ ਸਾਧਾਂ ਨੂੰ ਗੁਰੂ ਨਾਨਕ ਸਾਹਿਬ, ਭਗਤ ਕਬੀਰ ਜੀ ਵਾਂਗ ਪੈਦਲ ਚਲਣਾ ਚਾਹੀਦਾ ਹੈ। ਸੱਚ ਕਹਿਣ ਦੇ ਸਮੇਂ ਸੱਚ ਕਹਿਣ ਦੀ ਦਲੇਰੀ ਦਿਖਾਉਣ ਦੇ ਸਮਰਥਾਵਾਨ ਹੋਣਾ ਚਾਹੀਦਾ ਹੈ।

ਬਾਹਰੀ ਤੌਰ ਤੇ ਵਿਦਿਆ ਦਾ ਵਿਰੋਧ ਕਰਨ ਵਾਲੇ ਬਹੁ-ਗਿਣਤੀ ਸਾਧਾਂ ਨੇ ਜਦੋਂ ਵੇਖਿਆ ਕਿ ਧਰਮ ਦੇ ਨਾਮ ਉਪਰ ਖੋਲ੍ਹੇ ਜਾਣ ਵਾਲੇ ਸਕੂਲ-ਕਾਲਜ ਵਧੀਆ ਬਿਜਨਸ ਹਨ ਤਾਂ ਉਨ੍ਹਾਂ ਨੇ ਝਟ-ਪਟ ਇਧਰ ਮੋੜੇ ਪਾ ਲਏ ਅਤੇ ਗੁਰੂ ਸਾਹਿਬਾਨ ਦੇ ਨਾਮ ਉਪਰ ਐਸੀਆਂ ਸੰਸਥਾਵਾਂ ਖੋਲ੍ਹਣ ਵਿੱਚ ਕੋਈ ਦੇਰ ਨਾ ਲਾਈ। ਪਰ ਅਜੋਕੇ ਸਮੇਂ ਗੁਰੂ ਸਾਹਿਬਾਨ ਦੇ ਨਾਵਾਂ ਹੇਠ ਚਲ ਰਹੇ ਸਕੂਲਾਂ-ਕਾਲਜਾਂ-ਸੰਸਥਾਵਾਂ ਦੇ ਬੇ-ਲੋੜੇ ਵਧੇ ਹੋਏ ਖਰਚਿਆਂ ਕਾਰਣ ਇਹ ਕੇਵਲ ਮਲਕ ਭਾਗੋ ਦੇ ਬੱਚਿਆਂ ਲਈ ਹੀ ਰਾਖਵੇਂ ਬਣੇ ਹੋਏ ਹਨ, ਭਾਈ ਲਾਲੋ ਦੇ ਬੱਚਿਆਂ ਨੂੰ ਤਾਂ ਸਰਕਾਰੀ ਸਕੂਲਾਂ ਦਾ ਆਸਰਾ ਹੀ ਲੈਣਾ ਪੈਂਦਾ ਹੈ ਅਤੇ ਪਵੇਗਾ। ਆਪਣੇ-ਆਪ ਨੂੰ ਗੁਰੂ ਨਾਨਕ ਦੇ ਪੈਰੋਕਾਰ, ਧਰਮੀ ਅਖਵਾਉਣ ਵਾਲੇ ਇਹ ਪ੍ਰਬੰਧਕ-ਮਾਲਕ ਗੁਰਮਤਿ ਦੇ ਸਿਧਾਂਤ -

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।।

ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸੁ।।

ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ।।

(ਸਿਰੀ ਰਾਗ ਮਹਲਾ ੧-੧੫)

ਨੂੰ ਸਮਝਣ ਤੋਂ ਇਨਕਾਰੀ ਹਨ ਕਿ ਜਿਥੇ ਭਾਈ ਲਾਲੋ ਵਰਗਿਆਂ ਦਾ ਸਤਿਕਾਰ ਨਹੀ ਹੋਵੇਗਾ ਉਥੇ ਬਾਬਾ ਨਾਨਕ ਵੀ ਨਹੀਂ ਹੋਵੇਗਾ।

ਗੁਰਮਤਿ ਕਿਸੇ ਵੀ ਤਰਾਂ ਵਿਦਿਆ ਦੁਆਰਾ ਗਿਆਨ ਪ੍ਰਾਪਤ ਕਰਨ ਦਾ ਵਿਰੋਧ ਨਹੀਂ ਕਰਦੀ। ਫਰਕ ਤਾਂ ਸਿਰਫ ਏਨਾ ਹੈ ਕਿ ਪ੍ਰਾਪਤ ਕੀਤੇ ਗਿਆਨ ਨੂੰ ਵਰਤਿਆ ਕਿਵੇਂ, ਕਿਸ ਪਾਸੇ ਜਾ ਰਿਹਾ ਹੈ। ਜੇ ਸਦ-ਉਪਯੋਗ ਹੋਵੇ ਤਾਂ ਲਾਹੇਵੰਦ ਹੈ, ਜੇਕਰ ਦੁਰ-ਉਪਯੋਗ ਹੋਵੇ ਤਾਂ ਉਹੀ ਗਿਆਨ ਨੁਕਸਾਨ-ਦਾਇਕ ਹੋ ਨਿਬੜਦਾ ਹੈ। ਇਸ ਸਬੰਧ ਵਿੱਚ ਕੁੱਝ ਕੁ ਉਦਾਹਰਣਾਂ ਹੇਠ ਲਿਖੇ ਅਨੁਸਾਰ ਹਨ-

ਖੋਜ: ਐਟਮ

ਸਦ- ਉਪਯੋਗ –ਐਨਰਜੀ। ਦੁਰਉਪਯੋਗ- ਮਾਰੂ ਬੰਬ (ਹੀਰੋਸ਼ੀਮਾ-ਨਾਗਾਸਕੀ ਦੀ ਤਬਾਹੀ)

ਖੋਜ: ਰਾਕਟ

ਸਦ- ਉਪਯੋਗ -ਸਪੇਸ ਦੀ ਖੋਜ ਲਈ। ਦੁਰਉਪਯੋਗ- ਮਿਜ਼ਾਈਲ ਮਾਰਣ, ਵਿਨਾਸ਼ ਲਈ।

ਖੋਜ: ਇੰਟਰਨੈਟ

ਸਦ- ਉਪਯੋਗ -ਅਜੋਕੇ ਸਮੇਂ ਗਿਆਨ ਪ੍ਰਾਪਤੀ ਦਾ ਬਿਹਤਰੀਨ ਸੋਮਾ। ਦੁਰਉਪਯੋਗ-ਜੀਵਨ ਦੀ ਬਰਬਾਦੀ ਲਈ ਵੀ ਅਗਿਆਨਤਾ ਦਾ ਬਹੁਤ ਵੱਡਾ ਖਜ਼ਾਨਾ।

ਸੱਪ: ਸਦ- ਉਪਯੋਗ -ਜ਼ਹਿਰ ਤੋਂ ਜੀਵਨ ਰੱਖਿਅਕ ਦਵਾਈਆਂ। ਦੁਰਉਪਯੋਗ- ਜ਼ਹਿਰ ਦੀ ਮਾਰਣ ਲਈ ਵਰਤੋਂ।

ਹਵਾਈ ਜ਼ਹਾਜ਼: ਸਦ- ਉਪਯੋਗ -ਸਫ਼ਰ ਦਾ ਸਭ ਤੋਂ ਵਧੀਆ ਆਧੁਨਿਕ ਸਾਧਨ। ਦੁਰਉਪਯੋਗ-ਅਮਰੀਕਾ ਦੇ Twin Tower ਦੀ ਬਰਬਾਦੀ (ਪੜ੍ਹੇ-ਲਿਖੇ ਲੋਕ ਹੀ ਇਹ ਕੰਮ ਕਰ ਸਕਦੇ ਸਨ)

ਸਿੱਖ ਮੱਤ ਅਨੁਸਾਰ ਹਰ ਸਿੱਖ ਨੂੰ ਦੂਜੇ ਸਿੱਖ ਨੂੰ ਗੁਰਸਿੱਖੀ, ਗੁਰਮੁਖੀ ਸਿਖਣੀ ਸਿਖਾਉਣੀ ਚਾਹੀਦੀ ਹੈ ਅਤੇ ਹੋਰ ਚੰਗੀ ਵਿਦਿਆ, ਜਿਥੋਂ ਵੀ ਪ੍ਰਾਪਤ ਕੀਤੀ ਜਾ ਸਕੇ, ਪ੍ਰਾਪਤ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ-

ਗੁਰਮੁਖੀ ਅੱਖਰ ਜੇ ਹੈਂ ਭਾਈ।

ਸਿੰਘ ਸਿੰਘ ਤੇ ਸੀਖਹੁ ਜਾਈ।

ਔਰ ਜੋ ਬਿਦਯਾ ਜਹ ਤਹ ਹੋਈ।

ਅਵਰਨ ਤੇ ਵੀ ਲੇਵਹੁ ਸੋਈ।

(ਰਹਿਤ ਨਾਮਾ-ਭਾਈ ਦੇਸਾ ਸਿੰਘ)

ਗੁਰੂ ਨਾਨਕ ਸਾਹਿਬ ਦੀ ਜਦੋਂ ਇਸ ਹੰਕਾਰ-ਗ੍ਰਸਤ ਪੰਡਿਤ ਬ੍ਰਹਮ ਦਾਸ ਨਾਲ ਭੇਂਟ ਹੋਈ ਤਾਂ ਸਤਿਗੁਰਾਂ ਨੇ ਉਸ ਨੂੰ ਸਮਝਾਇਆ ਕਿ ਧਰਮ ਪੁਸਤਕਾਂ ਨੂੰ ਪੜ੍ਹਨ-ਸੁਨਣ-ਵਿਚਾਰਣ ਦਾ ਲਾਭ ਤਾਂ ਹੀ ਹੈ ਜੇਕਰ ਮਨ ਵਿੱਚ ਹੰਕਾਰ ਦੀ ਜਗ੍ਹਾ ਨਿਮਰਤਾ ਆ ਜਾਵੇ। ਜਿਸ ਤਰਾਂ ਉਹ ਧਰਮ ਪੁਸਤਕਾਂ ਦੀ ਵਰਤੋਂ ਹਉਮੈ ਵਧਾਉਣ ਲਈ ਕਰ ਰਿਹਾ ਹੈ ਇਸ ਤਰਾਂ ਦੀ ਵਿਚਾਰ-ਚਰਚਾ ਨਾਲ ਪ੍ਰਮੇਸ਼ਰ ਦੀ ਪ੍ਰਸੰਨਤਾ ਪ੍ਰਾਪਤ ਨਹੀਂ ਹੁੰਦੀ, ਪ੍ਰਮੇਸ਼ਰ ਤਾਂ ਨਿਰਮਾਣਤਾ ਭਰਪੂਰ ਪ੍ਰੇਮਾ-ਭਗਤੀ ਨਾਲ ਹੀ ਪਤੀਜਦਾ ਹੈ, ਕੋਈ ਜਿੰਨੇ ਮਰਜ਼ੀ ਧਰਮ ਗ੍ਰੰਥ, ਪੁਸਤਕਾਂ, ਸਾਰੀ ਜਿੰਦਗੀ ਵਿੱਚ ਪੜ੍ਹਦਾ ਹੀ ਰਹੇ ਤਾਂ ਵੀ ਜੇ ਧਰਮ ਪੁਸਤਕਾਂ, ਗ੍ਰੰਥਾਂ ਵਿਚੋਂ ਤੱਤ-ਗਿਆਨ ਜੀਵਨ ਦਾ ਹਿਸਾ ਨਹੀ ਬਣਿਆ ਤਾਂ ਸਾਰੀ ਮਿਹਨਤ, ਲਗਾਇਆ ਗਿਆ ਜਿੰਦਗੀ ਭਰ ਦਾ ਸਮਾਂ ਵੀ ਮਾਨੋ ਵਿਅਰਥ ਹੀ ਗਵਾਉਣ ਦੇ ਤੁਲ ਹੈ।

ਗੁਰੂ ਨਾਨਕ ਸਾਹਿਬ ਨੇ ਇਸ ਘਟਨਾ ਦੇ ਪਰਿਖੇਪ ਵਿੱਚ ਭਾਈ ਮਰਦਾਨਾ ਜੀ ਦੀ ਰਬਾਬ ਸੰਗ ਵਿਸ਼ਾ ਅਧੀਨ ਸਲੋਕ ਦਾ ਗਾਇਨ ਕੀਤਾ ਅਤੇ ਇਸ ਸਲੋਕ ਨੂੰ ਆਸਾ ਕੀ ਵਾਰ ਬਾਣੀ ਦਾ ਹਿੱਸਾ ਬਣਾ ਕੇ ਇਸ ਵਿਸ਼ੇ ਉਪਰ ਸਦੀਵੀਂ ਪੱਥ ਪ੍ਰਦਰਸ਼ਨ ਦੇ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿਤਾ।

ਗੁਰੂ ਸਾਹਿਬ ਦੇ ਇਸ ਉਪਦੇਸ਼ ਨੂੰ ਸਮਝ ਕੇ ਮੰਨਦੇ ਹੋਏ ਬ੍ਰਹਮ ਦਾਸ ਨੇ ਆਪਣੇ ਚੇਲੇ ਕਮਾਲ ਦੇ ਨਾਲ ਗੁਰਮਤਿ ਮਾਰਗ ਨੂੰ ਧਾਰਨ ਕਰ ਲਿਆ ਅਤੇ ਕਸ਼ਮੀਰ ਦੀ ਧਰਤੀ ਉੱਪਰ ਦੋਵੇਂ ਮਿਲ ਕੇ ਸਿੱਖ ਧਰਮ ਦੇ ਪ੍ਰਚਾਰਕ ਬਣ ਕੇ ਵਿਚਰਣ ਲੱਗ ਪਏ।

ਸਿਖਿਆ:- ਸਾਨੂੰ ਦੁਨਿਆਵੀ, ਪਰਿਵਾਰਕ, ਸਮਾਜਕ, ਅਧਿਆਤਮਕ, ਵਿਦਿਅਕ ਪ੍ਰਾਪਤੀਆਂ ਕਰਨ ਲਈ ਗੁਰੂ ਦੱਸੀ ਜੀਵਨ-ਜੁਗਤ ਅਨੁਸਾਰ ਹਰ ਸਮੇਂ ਯਤਨ ਜ਼ਰੂਰ ਕਰਨੇ ਚਾਹੀਦੇ ਹਨ, ਇਸ ਪਾਸੇ ਤਨ-ਮਨ-ਧਨ ਨਾਲ ਲੱਗੇ ਰਹਿਣ ਦੀ ਲੋੜ ਹੈ ਅਤੇ ਵਿਦਿਆ ਦੁਆਰਾ ਪ੍ਰਾਪਤ ਗਿਆਨ ਦੀ ਮਨੁੱਖਤਾ ਦੇ ਭਲੇ ਹਿਤ ਸਦ-ਵਰਤੋਂ ਹੀ ਕਰਨੀ ਚਾਹੀਦੀ ਹੈ। ਪਰ ਗੁਰੂ ਕ੍ਰਿਪਾ ਨਾਲ ਹੋਈਆਂ ਪ੍ਰਾਪਤੀਆਂ ਦਾ ਕਦੀ ਵੀ ਮਾਣ-ਅਹੰਕਾਰ ਨਹੀਂ ਕਰਨਾ ਚਾਹੀਦਾ। ਜੇ ਅਸੀਂ ਅਜਿਹਾ ਨਹੀਂ ਕਰਦੇ ਤਾਂ ਗੁਰੂ ਨਾਨਕ ਸਾਹਿਬ ਦੇ ਇਸ ਸਲੋਕ ਨੂੰ ਕੇਵਲ ਪੜਿਆ-ਸੁਣਿਆ ਹੀ ਹੈ, ਸਮਝਿਆ ਕੋਈ ਨਹੀਂ।

========

(ਚਲਦਾ … …)

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.