.

ਭੱਟ ਬਾਣੀ-45

ਬਲਦੇਵ ਸਿੰਘ ਟੋਰਾਂਟੋ

ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ।।

ਹੁਤੀ ਜੁ ਪਿਆਸ ਪਿਊਸ ਪਿਵੰਨ ਕੀ ਬੰਛਤ ਸਿਧਿ ਕਉ ਬਿਧਿ ਮਿਲਾਯਉ।।

ਪੂਰਨ ਭੋ ਮਨ ਠਉਰ ਬਸੋ ਰਸ ਬਾਸਨ ਸਿਉ ਜੁ ਦਹੰ ਦਿਸਿ ਧਾਯਉ।।

ਗੋਬਿੰਦ ਵਾਲੁ ਗੋਬਿੰਦ ਪੁਰੀ ਸਮ ਜਲ੍ਯ੍ਯਨ ਤੀਰਿ ਬਿਪਾਸ ਬਨਾਯਉ।।

ਗਯਉ ਦੁਖੁ ਦੂਰਿ ਬਰਖਨ ਕੋ ਸੁ ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ।। ੬।। ੧੦।।

(ਪੰਨਾ ੧੪੦੦)

ਪਦ ਅਰਥ:- ਗੁਰੂ – ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰ ਦੇਣ ਵਾਲੇ ਗਿਆਨ ਦਾ ਪ੍ਰਕਾਸ਼। ਮੁਖੁ – ਚਿਹਰਾ, ਸੱਚੇ ਚਿਹਰੇ (truthfull faces)ਦੇਖਿ – ਵੱਲ ਤੱਕ, ਤੱਕਣਾ, ਵੇਖਣਾ। ਗਰੂ – ਮਹਾਨ ਆਤਮ ਸੁਖ (ਭੱਟ ਸਵਈਏ ਸਟੀਕ ਜੋਗਿੰਦਰ ਸਿੰਘ ਤਲਵਾੜਾ)। ਹੁਤੀ - ਸੀ। ਜੁ - ਜਿਹੜੀ। ਪਿਊਸ – ਪੀਣ, ਪ੍ਰਾਪਤ ਕਰਨ ਦੀ। ਪਿਵੰਨ – ਅੰਮ੍ਰਿਤ, ਅੰਮ੍ਰਿਤ ਮਨ ਨੂੰ ਸ਼ਾਂਤ ਕਰ ਦੇਣ ਵਾਲਾ ਗਿਆਨ। ਕੀ - ਦੀ। ਬੰਛਤ – ਚਾਹਤ, ਲਾਲਸਾ। ਹੁਤੀ ਜੁ ਪਿਆਸ ਪਿਊਸ ਪਿਵੰਨ ਕੀ ਬੰਛਤ – ਉਨ੍ਹਾਂ ਅੰਦਰ ਜਿਹੜੀ ਅੰਮ੍ਰਿਤ, ਮਨ ਨੂੰ ਸ਼ਾਂਤ ਕਰ ਦੇਣ ਵਾਲੇ ਗਿਆਨ ਦੀ ਪ੍ਰਾਪਤ ਕਰਨ ਦੀ ਪਿਆਸ ਦੀ ਚਾਹਤ ਸੀ। ਸਿਧਿ – ਕੇਂਦਰਤ। ਸਿਧਿ ਕਉ – ਕੇਂਦਰਤ (concentrate) ਕਰਨ ਦੇ ਨਾਲ। ਬਿਧਿ-ਜਾਨਣ ਦੀ ਕ੍ਰਿਆ, ਵਿਧੀ, ਜਾਣਕਾਰੀ। ਮਿਲਾਯਉ – ਮਿਲ ਜਾਣਾ, ਪ੍ਰਾਪਤ ਹੋ ਜਾਣਾ। ਬਿਧਿ ਮਿਲਾਯਉ – ਜਾਣਕਾਰੀ ਪ੍ਰਾਪਤ ਹੋ ਗਈ। ਪੂਰਨ – ਪੂਰਨ ਤੌਰ ਉੱਪਰ। ਭੋ – ਉਹ, ਉਨ੍ਹਾਂ ਦਾ। ਮਨ ਠਉਰ ਬਸੋ – ਮਨ ਟਿਕ ਗਏ। ਰਸ ਬਾਸਨ – ਅਗਿਆਨਤਾ ਦੇ ਰਸਾ ਦੀਆਂ ਵਾਸ਼ਨਾਵਾਂ। ਸਿਉ – ਨਾਲ। ਜੁ – ਜਿਨ੍ਹਾਂ। ਦਹੰ ਦਿਸਿ – ਦਸਾਂ ਦਿਸ਼ਾਵਾਂ। ਧਾਯਉ – ਭਟਕਦਾ, ਭਟਕਣਾ। ਗੋਬਿੰਦ ਵਾਲੁ – ਪਾਲਕ ਅਤੇ ਰੱਖਿਅਕ ਵਾਲੇ ਹੋ ਗਏ। ਵਾਲੁ – ਵਾਲੇ ਹੀ। ਗੋਬਿੰਦੁ ਪੁਰੀ – ਸ੍ਰਿਸ਼ਟੀ ਦੇ ਪਾਲਣ ਹਾਰੇ ਦੀ ਪੂਰਨ ਬਖ਼ਸ਼ਿਸ਼ ਹੋਈ। ਪੁਰੀ – ਸੰ: ਪੂਰਨ ਹੋਈ, ਪੂਰਿਤ ਹੋਈ। ਸਮ – ਸੰ: ਮਨ ਦਾ ਰੋਕਣਾ, ਭਾਵ ਭਟਕਣ ਤੋਂ ਆਪਣੇ ਆਪ ਨੂੰ ਰੋਕਣਾ, ਜਿਨ੍ਹਾਂ ਦਾ ਮਨ ਭਟਕਣਾ ਤੋਂ ਰੁਕ ਗਿਆ। ਜਲ੍ਯ੍ਯਨ – ਅਗਿਆਨਤਾ ਦੀ ਅਗਨੀ ਦੇ ਜਲਨ ਤੋਂ। ਤੀਰਿ – ਸੰ: ਪੂਰਨ ਕਰਨਾ, ਪਾਰ ਲਾਉਣਾ, ਪਾਰ ਹੋਣ ਲਈ। ਜਲ੍ਯ੍ਯਨ ਤੀਰਿ – ਅਗਿਆਨਤਾ ਦੀ ਜਲਣ ਤੋਂ ਰੁਕ ਕੇ ਅੱਗੇ। ਬਿਪਾਸ – ਸੰ: ਵਿਪਾਸ਼, ਦੇਖੋ ਬਿਆਸ (ਮ: ਕੋਸ਼) ੩ ਸੰ: ਵਿਸਤਾਰ, ਫੈਲਾਉ। ਬਿਪਾਸ ਬਨਾਯਉ – ਫੈਲਾਉ, ਕੀਤਾ ਭਾਵ ਪ੍ਰਚਾਰਿਆ, ਪ੍ਰਚਾਰ ਕੀਤਾ। ਗਯਉ – ਚਲੇ ਜਾਣਾ, ਹੋ ਗਿਆ। ਦੁਖੁ – ਰੋਗ। ਦੂਰਿ – ਦੂਰ ਹੋ ਜਾਣਾ। ਬਰਖਨ ਕੋ – ਵਰ੍ਹਿਆਂ ਬੱਧੀ, ਕਈ ਵਰ੍ਹਿਆਂ ਤੋਂ। ਸੁ – ਉਹ, ਉਨ੍ਹਾਂ ਦੇ। ਗੁਰੂ – ਗਿਆਨ ਦਾ ਪ੍ਰਕਾਸ਼। ਮੁਖੁ – ਚਿਹਰਾ, ਚਿਹਰੇ। ਦੇਖਿ – ਦੇਖਿਆ। ਗਰੂ – ਮਹਾਨ। ਸੁਖੁ ਪਾਯਉ – ਸੁਖ ਪ੍ਰਾਪਤ ਕੀਤਾ।

ਅਰਥ:- ਹੇ ਮੇਰੇ ਮਨ! ਉਨ੍ਹਾਂ ਸੱਚੇ ਚਿਹਰਿਆਂ ਵੱਲ ਤੱਕ ਜਿਨ੍ਹਾਂ ਨੇ ਇਹ ਜੀਵਨ ਵਿੱਚ ਦਾ ਪ੍ਰਕਾਸ਼ ਕਰ ਦੇਣ ਵਾਲਾ ਗਿਆਨ ਗ੍ਰਹਿਣ ਕਰਕੇ ਮਹਾਨ ਸੁਖ ਪ੍ਰਾਪਤ ਕੀਤਾ ਹੈ। ਉਨ੍ਹਾਂ ਅੰਦਰ ਜਿਹੜੀ ਮਨ ਦੀ ਪਿਆਸ ਨੂੰ ਸ਼ਾਂਤ ਕਰ ਦੇਣ ਵਾਲੇ ਅੰਮ੍ਰਿਤ-ਗਿਆਨ ਪ੍ਰਾਪਤ ਕਰਨ ਦੀ ਚਾਹਤ ਸੀ, ਉਹ ਬਿਧਿ ਉਨ੍ਹਾਂ ਨੂੰ ਗਿਆਨ ਵਿੱਚ ਧਿਆਨ ਕੇਂਦਰਤ ਕਰਨ ਨਾਲ ਪ੍ਰਾਪਤ ਹੋ ਗਈ। ਜਿਨ੍ਹਾਂ ਨੂੰ ਗਿਆਨ ਦੀ ਬਿਧਿ-ਜਾਣਕਾਰੀ ਪ੍ਰਾਪਤ ਹੋਈ, ਉਨ੍ਹਾਂ ਦਾ ਮਨ ਗਿਆਨ ਨਾਲ ਅਗਿਆਨਤਾ ਦੀਆਂ ਵਾਸ਼ਨਾਵਾਂ ਵਿੱਚ ਦਹਿਦਿਸ ਭਟਕਣ ਵੱਲੋਂ ਹਟ ਕੇ ਪੂਰਨ ਤੌਰ `ਤੇ ਗਿਆਨ ਉੱਪਰ ਟਿਕ ਗਿਆ। ਇਸ ਤਰ੍ਹਾਂ ਜਿਨ੍ਹਾਂ ਦਾ ਮਨ ਅਗਿਆਨਤਾ ਦੀ ਜਲਨ ਤੋਂ ਰੁਕ ਕੇ ਅੱਗੇ ਪੂਰਨ ਗਿਆਨ ਉੱਪਰ ਟਿਕ ਗਿਆ, ਉਨ੍ਹਾਂ ਉੱਪਰ ਗੋਬਿੰਦ-ਸ੍ਰਿਸ਼ਟੀ ਦੇ ਪਾਲਣਹਾਰੇ ਦੀ ਬਖ਼ਸ਼ਿਸ ਹੋਈ ਅਤੇ ਉਹ ਉਸ ਵਾਲੇ ਭਾਵ ਉਸ ਗੋਬਿੰਦ ਦੇ ਹੀ ਹੋ ਗਏ ਅਤੇ ਉਨ੍ਹਾਂ ਨੇ ਹੀ ਅੱਗੇ ਇਸ ਸੱਚ ਗਿਆਨ ਦਾ ਫੈਲਾਉ ਭਾਵ ਪ੍ਰਚਾਰ ਕੀਤਾ। ਇਸ ਤਰ੍ਹਾਂ ਉਨ੍ਹਾਂ ਵੱਲੋਂ ਅੱਗੇ ਪ੍ਰਚਾਰ ਕਰਨ ਨਾਲ ਜਿਨ੍ਹਾਂ ਨੂੰ ਵਰ੍ਹਿਆਂ ਬੱਧੀ ਤੋਂ ਅਗਿਆਨਤਾ ਦਾ ਦੁੱਖ ਸੀ, ਉਨ੍ਹਾਂ ਦੇ ਚਿਹਰਿਆਂ `ਤੇ ਵੀ ਗਿਆਨ ਦਾ ਪ੍ਰਕਾਸ਼ ਦੇਖਿਆ (ਭਾਵ ਉਹ ਵੀ ਗਿਆਨਵਾਨ ਹੋ ਗਏ) ਜੋ ਗਿਆਨਵਾਨ ਹੋ ਗਏ, ਉਨ੍ਹਾਂ ਨੇ ਵੀ ਅੱਗੇ ਆਪਣੇ ਜੀਵਨ ਵਿੱਚ ਮਹਾਨ ਸੁਖ ਪ੍ਰਾਪਤ ਕੀਤਾ।

ਸਮਰਥ ਗੁਰੂ ਸਿਰਿ ਹਥੁ ਧਰ੍ਯ੍ਯਉ।।

ਗੁਰਿ ਕੀਨੀ ਕ੍ਰਿਪਾ ਹਰਿ ਨਾਮੁ ਦੀਅਉ ਜਿਸੁ ਦੇਖਿ ਚਰੰਨ ਅਘੰਨ ਹਰ੍ਯ੍ਯਉ।।

ਨਿਸਿ ਬਾਸੁਰ ਏਕ ਸਮਾਨ ਧਿਆਨ ਸੁ ਨਾਮ ਸੁਨੇ ਸੁਤੁ ਭਾਨ ਡਰ੍ਯ੍ਯਉ।।

ਭਨਿ ਦਾਸ ਸੁ ਆਸ ਜਗਤ੍ਰ ਗੁਰੂ ਕੀ ਪਾਰਸੁ ਭੇਟਿ ਪਰਸੁ ਕਰ੍ਯ੍ਯਉ।।

ਰਾਮਦਾਸੁ ਗੁਰੂ ਹਰਿ ਸਤਿ ਕੀਯਉ ਸਮਰਥ ਗੁਰੂ ਸਿਰਿ ਹਥੁ ਧਰ੍ਯ੍ਯਉ।। ੭।। ੧੧।।

(ਪੰਨਾ ੧੪੦੦)

ਪਦ ਅਰਥ:- ਸਮਰਥ – ਪੂਰਨ। ਸਮਰੱਥ ਗੁਰੂ – ਪੂਰਨ ਗਿਆਨ ਦੇ ਪ੍ਰਕਾਸ਼ ਦਾ। ਸਿਰਿ ਹਥੁ ਧਰ੍ਯ੍ਯਉ – ਸਿਰ `ਤੇ ਹੱਥ ਰੱਖਿਆ। ਗੁਰਿ ਕੀਨੀ ਕ੍ਰਿਪਾ – ਗਿਆਨ ਦੀ ਬਖ਼ਸ਼ਿਸ਼ ਕੀਤੀ। ਨਾਮੁ ਦੀਅਉ – ਸੱਚ ਬਖ਼ਸ਼ਿਸ਼ ਰੂਪ ਵਿੱਚ ਦਿੱਤਾ। ਜਿਸੁ ਦੇਖਿ – ਜਿਸ ਦੇ ਦੇਖਦਿਆਂ। ਚਰੰਨ – ਚਰਨ, (ਦੇਹਧਾਰੀਆਂ ਦੇ ਪੈਰ)। ਅਘੰਨ – ਪਾਪ, ਬੁਰਿਆਈ। ਹਰ੍ਯ੍ਯਉ – ਖ਼ਤਮ ਹੋ ਜਾਣਾ। ਨਿਸਿ – ਰਾਤ। ਬਾਸੁਰ – ਦਿਨ। ਏਕ ਸਮਾਨ – ਇੱਕ ਦੇ ਸਮਾਨ। ਧਿਆਨ – ਸਤਿਕਾਰ। ਸੁ – ਉਨ੍ਹਾਂ ਨੇ। ਨਾਮ – ਸੱਚ। ਸੁਤੁ – ਸੰ: ਨਿਚੋੜ, ਸਤ। ਨਿਚੋੜ ਭਾਵ ਸਿਰੇ ਦਾ ਸੱਚ।। ਭਾਨ – ਜ਼ਾਹਿਰ ਹੋਣਾ, ਪ੍ਰਤੀਤ ਹੋਣਾ। ਭਨਿ – ਭੰਨ ਕੇ, ਤੋੜ ਕੇ.”ਭਨਿ ਭਨਿ ਘੜੀਐ” (ਓਅੰਕਾਰ) (ਮ: ਕੋਸ਼)। ਡਰ੍ਯ੍ਯਉ – ਡਰ ਪ੍ਰਤੀਤ ਹੋਣਾ। ਦਾਸ – ਸੇਵਕ, ਦਾਸ ਦੇ ਅਰਥ ਸੇਵਕ ਵੀ ਹਨ ਅਤੇ ਗੁਲਾਮ ਵੀ, ਦੇਖੋ (ਮ: ਕੋਸ਼)। ਭਨਿ ਦਾਸ - ਗ਼ੁਲਾਮੀ ਤੋੜ ਕੇ। ਸੁ ਆਸ ਜਗਤ੍ਰ ਗੁਰੂ ਕੀ – ਆਸ ਉਸ ਗਿਆਨ ਦੇ ਪ੍ਰਕਾਸ਼ ਗਿਆਨ ਗੁਰੂ ਦੀ ਰੱਖਣੀ ਚਾਹੀਦੀ ਹੈ ਜੋ ਜਗਤ੍ਰ-ਜਗ ਦੀ ਕਰਮ-ਕਾਂਡੀ ਵੀਚਾਰਧਾਰਾ ਵਿੱਚ ਡੁੱਬਣ ਤੋਂ ਜਗਤ੍ਰ-ਤਰ ਕੇ ਉੱਪਰ ਉਠ ਕੇ ਪਾਰਸ ਰੂਪ ਵੀਚਾਰਧਾਰਾ ਗਿਆਨ ਨੂੰ ਪਰਸਣਾ ਕੀਤਾ। ਜਗਤ੍ਰ – ਜੱਗ ਤਰ ਜਾਣਾ ਭਾਵ ਜਗਤ ਦੀ ਅਗਿਆਨਤਾ ਵਿੱਚ ਡੁੱਬਣ ਤੋਂ ਬਚ ਜਾਣਾ। ਰਾਮਦਾਸੁ – ਜਿਵੇਂ ਰਾਮਦਾਸ ਜੀ ਨੇ। ਗੁਰੂ ਹਰਿ ਸਤਿ – ਗਿਆਨ ਦੇ ਪ੍ਰਕਾਸ਼ ਹਰਿ ਨੂੰ ਸਤਿ ਕਰਕੇ ਅਪਣਾਉਣਾ ਕੀਤਾ। ਸਮਰਥ ਗੁਰੂ ਸਿਰਿ ਹਥੁ ਧਰ੍ਯ੍ਯਉ – ਤਾਂ ਹਰੀ ਨੇ ਪੂਰਨ ਗਿਆਨ ਦੇ ਪ੍ਰਕਾਸ਼ ਦੀ ਬਖ਼ਸ਼ਿਸ਼ ਦਾ ਹੱਥ ਸਿਰ ਉੱਪਰ ਰੱਖਿਆ।

ਅਰਥ:- ਹੇ ਭਾਈ! ਇਸ ਤਰ੍ਹਾਂ ਜਿਨ੍ਹਾਂ ਦੇ ਸਿਰ `ਤੇ ਸਮਰੱਥ ਗੁਰੂ-ਪੂਰਨ ਗਿਆਨ ਦਾ ਪ੍ਰਕਾਸ਼ ਕਰ ਦੇਣ ਵਾਲੇ ਹਰੀ ਨੇ ਆਪਣੀ ਬਖ਼ਸ਼ਿਸ਼ ਦਾ ਹੱਥ ਰੱਖਿਆ, ਗਿਆਨ ਦੀ ਬਖ਼ਸ਼ਿਸ਼ ਕੀਤੀ, ਨਾਮੁ-ਸੱਚ ਬਖ਼ਸ਼ਿਸ਼ ਰੂਪ ਵਿੱਚ ਦਿੱਤਾ, ਜਿਸ ਦੇ ਦੇਖਦਿਆਂ ਹੀ ਉਨ੍ਹਾਂ ਦੇ ਜੀਵਨ ਵਿੱਚੋਂ (ਦੇਹਧਾਰੀਆਂ ਦੇ) ਚਰਨਾਂ `ਤੇ ਝੁਕਣ ਦਾ ਪਾਪ-ਬੁਰਿਆਈ ਜੀਵਨ ਵਿੱਚੋਂ ਖ਼ਤਮ ਹੋ ਗਈ। ਇਸ ਤਰ੍ਹਾਂ ਦੂਸਰੇ ਪਾਸੇ ਜਿਹੜੇ (ਅਵਤਾਰਵਾਦੀ) ਆਪਣੇ ਆਪ ਨੂੰ ਇੱਕ ਹਰੀ ਦੇ ਸਮਾਨ-ਬਰਾਬਰ ਸਤਿਕਾਰਤ ਸਮਝਦੇ ਸਨ, ਜਦੋਂ ਉਨ੍ਹਾਂ ਨੇ ਇਹ ਸਿਰੇ ਦਾ ਸੱਚ ਸੁਣਿਆ ਤਾਂ ਉਨ੍ਹਾਂ ਨੂੰ (ਆਪਣੀ ਹੋਂਦ ਦਾ) ਡਰ ਪ੍ਰਤੀਤ ਹੋਇਆ। ਕਿਉਂਕਿ ਜਿਨ੍ਹਾਂ ਨੇ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਇਆ, ਉਨ੍ਹਾਂ ਨੇ (ਅਵਤਾਰਵਾਦੀ) ਗ਼ੁਲਾਮੀ ਤੋੜ ਕੇ, ਆਸ ਉਸ ਗਿਆਨ ਦੇ ਪ੍ਰਕਾਸ਼ ਕਰ ਦੇਣ ਵਾਲੇ ਗਿਆਨ ਗੁਰੂ ਦੀ ਰੱਖੀ ਅਤੇ ਜਗਤ ਦੀ (ਕਰਮ-ਕਾਂਡੀ ਵੀਚਾਰਧਾਰਾ) ਵਿੱਚ ਡੁੱਬਣ ਤੋਂ ਬਚ ਕੇ ਪਾਰਸ-ਪਵਿੱਤਰ ਵੀਚਾਰਧਾਰਾ ਨੂੰ ਪਰਸਣਾ ਕੀਤਾ। ਜਿਵੇਂ ਕਿ ਰਾਮਦਾਸ ਜੀ ਨੇ ਜੀਵਨ ਵਿੱਚ ਗਿਆਨ ਦੇ ਪ੍ਰਕਾਸ਼ ਕਰ ਦੇਣ ਵਾਲੇ ਹਰੀ ਨੂੰ ਅਪਣਾਉਣਾ ਕੀਤਾ ਤਾਂ ਹਰੀ ਨੇ ਪੂਰਨ ਤੌਰ `ਤੇ ਉਨ੍ਹਾਂ ਦੇ ਸਿਰ ਉੱਪਰ ਆਪਣੀ ਬਖ਼ਸ਼ਿਸ਼ ਗਿਆਨ ਦਾ ਹੱਥ ਰੱਖਿਆ।

ਨੋਟ:- ਇਹ ਸੱਚ ਬੜੀ ਚੰਗੀ ਤਰ੍ਹਾਂ ਸਾਨੂੰ ਜਾਨਣ ਦੀ ਲੋੜ ਹੈ ਕਿ ਜਦੋਂ ਵੀ ਸੱਚ ਸਾਹਮਣੇ ਆਉਂਦਾ ਹੈ ਤਾਂ ਦੇਹਧਾਰੀ ਅਵਤਾਰਵਾਦੀ ਨੂੰ ਆਪਣੀ ਹੋਂਦ ਖ਼ਤਰੇ ਵਿੱਚ ਆਉਣ ਦਾ ਡਰ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਰਿਹਾ ਹੈ ਜੋ ਅੱਜ ਮੌਜੂਦਾ ਸਮੇਂ ਵੀ ਹੈ। ਇਹ ਉੱਪਰਲੇ ਸਵਈਏ ਅੰਦਰ ਝਲਕ ਹੈ।
.