.

‘ਔਂਕੜ’

ਗੁਰਬਾਣੀ ਵਿਚ ‘ਔਂਕੜ’ ਦੀ ਵਰਤੋਂ ਬਹੁਤਾਤ ਵਿਚ ਕੀਤੀ ਗਈ ਹੈ। ਪਿੰਗਲ ਅਨੁਸਾਰ ਔਂਕੜ ਦੀ ਮਾਤਰਾ ਨਹੀਂ ਗਿਣੀ ਜਾਂਦੀ; ਕਿਉਂਕਿ ਇਸ ਦੇ ਉਚਾਰਣ ਵਿਚ ਜਿਆਦਾ ਸਮਾਂ ਨਹੀਂ ਲਗਦਾ, ਇਸ ਕਰਕੇ ਇਸ ਨੂੰ ਲਘੂ ਧੁਨੀ ਹੀ ਆਖਿਆ ਜਾਂਦਾ ਹੈ। ਆਮ ਕਰਕੇ ਔਂਕੜ ਦੀ ਵਰਤੋਂ ਅਤੇ ਉਚਾਰਣ ਬਿਧੀ ਤੋਂ ਨਾ-ਵਾਕਫ਼ ਸੱਜਣ ਇਸ ਨੂੰ ‘ਹੋੜੇ’ ਦੀ ਧੁਨੀ ਬਨਾਉਂਦੇ ਸੁਣੀਦੇ ਹਨ। ਇਸ ਕਰਕੇ ‘ਔਂਕੜ’ਦੀ ਸਰਲ ਰੁਪ ਵਿਚ ਵਰਤੋਂ ਬਾਰੇ ਵੀਚਾਰ ਸਾਂਝੀ ਕਰਨ ਦਾ ਮਨ ਬਣਾਇਆ ਹੈ, ਆਸ ਹੈ ਗੁਰਸਿੱਖ ਜਗਿਆਸੂ ਪਸੰਦ ਕਰਣਗੇ।

੧. ਨਾਂਵ (ਸੰਗਿਆ) ਵਾਚਕ ਲਫਜ਼ਾਂ ਨੂੰ ਇਕਵਚਨ ਬਨਾਉਣ ਲਈ ਗੁਰਬਾਣੀ ਵਿਚ ‘ਔਂਕੜ’ ਦੀ ਵਰਤੋਂ ਕੀਤੀ ਹੈ।ਇਸ ਨਿਯਮ ਅਨੁਸਾਰੀ ਔਂਕੜ ਦਾ ਸਮੱਗਰ ਗੁਰਬਾਣੀ ਵਿਚ, ਲਗ-ਮਾਤ੍ਰੀ ਨਿਯਮਾਂਵਲੀ ਮੁਤਾਬਕ ਉਚਾਰਣ ਨਹੀਂ ਹੁੰਦਾ।

“ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥ (ਜਪੁ ਜੀ ਪੰਨਾ ੧)

“ਨਾਨਕ ਪਾਤਿਸਾਹੀ ‘ਪਾਤਿਸਾਹੁ’ ॥੨੫॥ ( ਪੰਨਾ ੫)

“ਭਰੀਐ ਹਥੁ ਪੈਰੁ ਤਨੁ ਦੇਹ ॥ (ਪੰਨਾ ੪)

“ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥ (ਪੰਨਾ ੧੦)

ਉਪਰੋਕਤ ਪੰਗਤੀਆਂ ਵਿਚ ਲਫਜ਼ ‘ਸਤਿਨਾਮੁ, ਪੁਰਖੁ, ਨਿਰਭਉ, ਨਿਰਵੈਰੁ, ਪਾਤਿਸਾਹੁ, ਹਥੁ, ਪੈਰੁ, ਤਨੁ’ ਪੁਲਿੰਗ ਨਾਂਵ ਇਕਵਚਨ ਹਨ ਇਹਨਾ ਲਫਜ਼ਾਂ ਦੇ ਅੰਤ ਵਰਤੀ ਔਂਕੜ ਉਚਾਰਣ ਦਾ ਭਾਗ ਨਹੀਂ; ਕੇਵਲ ਲਫਜ਼ ਨੂੰ ਇਕਵਚਨ ਦਰਸਾਉਣ ਹਿਤ ਹੈ।

੨. ਪੜਨਾਂਵਾਂ ਵਾਚੀ ਲਫਜ਼ਾਂ ਨੂੰ ਇਕਵਚਨ ਦਰਸਾਉਣ ਹਿਤ ਭੀ ਔਂਕੜ ਦਾ ਪ੍ਰਯੋਗ ਹੋਇਆ ਹੈ।

“ਏਹੁ ਲੇਖਾ ਲਿਖਿ ਜਾਣੈ ਕੋਇ ॥ ( ਪੰਨਾ ੩)

“ਜੀਉ ਪ੍ਰਾਣ ਮਨੁ ਤਨੁ ਹਰੇ ਸਾਚਾ ਏਹੁ ਸੁਆਉ ॥ ( ਪੰਨਾ ੪੭)

“ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ ॥੧॥ ( ਪੰਨਾ ੨੫ )

ਲਫਜ਼ ‘ਏਹੁ, ਇਸੁ’ਪੜਨਾਂਵ ਇਕਵਚਨ ਹਨ, ਅੰਤਲਾ ਔਂਕੜ ਉਚਾਰਣ ਦਾ ਭਾਗ ਨਹੀਂ ਹੈ, ਔਂਕੜ ਕੇਵਲ ਇਕਵਚਨ ਦਰਸਾਉਣ ਲਈ ਲਗਾਇਆ ਗਿਆ ਹੈ।

੩. ਗੁਰਬਾਣੀ ਅੰਦਰ ਕੁਝ ਤਤਸਮ ਇਸਤਰੀ ਲਿੰਗ ਲਫਜ਼ਾ ਨੂੰ ਮੂਲਕ ਤੌਰ ‘ਤੇ ਔਂਕੜ ਪਾਇਆ ਗਿਆ ਹੈ। ਇਹ ਔਂਕੜ ਮੂਲਕ ਹੋਣ ਕਾਰਣ ਆਇਆ ਹੈ:

“ਅਸੰਖ ਮਲੇਛ ਮਲੁ ਭਖਿ ਖਾਹਿ ॥ ( ਪੰਨਾ ੪)

“ਘਰ ਹੀ ਸਉਦਾ ਪਾਈਐ ਅੰਤਰਿ ਸਭ ਵਥੁ ਹੋਇ ॥ ( ਪੰਨਾ ੨੯)

“ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ ॥੪॥੬॥੭੬॥ ( ਪੰਨਾ ੪੪)

ਲਫਜ਼ ‘ਮਲੁ, ਵਥੁ, ਮਿਰਤੁ’ ਇਸਤਰੀ ਲਿੰਗ ਨਾਂਵ ਹੈ ਇਹਨਾ ਨਾਲ ਔਂਕੜ ਮੂਲਕ ਤੌਰ ‘ਤੇ ਭਾਵ ਉਪਰੋਕਤ ਲਫਜ਼ਾਂ ਦੀ ਮੂਲ ਭਾਸ਼ਾ ਤੋਂ ਨਾਲ ਆਇਆ ਹੈ। ਇਹ ਔਂਕੜ ਭੀ ਉਚਾਰਣ ਦਾ ਭਾਗ ਨਹੀਂ।

੪.ਜਿਹਨਾਂ ਕਿਰਿਆ-ਵਾਚੀ ਲਫਜ਼ਾਂ ਦੇ ਅੰਤਲੇ ਅੱਖਰ ਨੂੰ ਔਂਕੜ ਆ ਜਾਏ, ਉਹ ਲਫਜ਼ ਮਧਮ ਪੁਰਖ, ਵਰਤਮਾਨ ਕਾਲ, ਇਕਵਚਨ ਜਾਂ ਬਹੁਵਚਨ ਹੁੰਦੇ ਹਨ।ਅਜਿਹੇ ਲਫਜ਼ਾਂ ਦਾ ਅਰਥ ਹੁਕਮ ਜਾਂ ਬੇਨਤੀ ਰੂਪ ਵਿਚ ਹੁੰਦਾ ਹੈ:

“ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ॥ ( ਪੰਨਾ ੧੭)

“ਗੁਣ ਗਾਵਹੁ ਸੰਤ ਜੀਉ ਮੇਰੇ ਹਰਿ ਪ੍ਰਭ ਕੇਰੇ ਜੀਉ ॥ ( ਪੰਨਾ ੧੭੫)

“ਮਨ ਮੇਰੇ ਸਤਿਗੁਰ ਕੈ ਭਾਣੈ ਚਲੁ ॥ ( ਪੰਨਾ ੩੭ )

“ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ॥ (ਪੰਨਾ ੨੨ )

ਉਕਤ ਪੰਗਤੀਆਂ ਵਿਚ ਲਫਜ਼’ਆਵਹੁ, ਗਾਵਹੁ, ਚਲੁ, ਕਰਹੁ’ ਮਧਮ ਪੁਰਖ ਵਰਤਮਾਨ ਕਾਲ ਵਾਚੀ ਹਨ ਇਹਨਾ ਦਾ ਅਰਥ ਹੈ ‘ਤੁਸੀਂ ਆਵਹੁ, ਤੁਸੀਂ ਗਾਵਹੁ, ਤੂੰ ਚਲ, ਤੁਸੀਂ ਕਰਹੋ। ਉਪਰੋਕਤ ਲਫਜ਼ਾਂ ਨਾਲ ਮਿਲਦੇ-ਜੁਲਦੇ ਹੋਰ ਲਫਜ਼-:

‘ਨਾਵਹੁ, ਪਾਵਹੁ, ਸਿਖਹੁ, ਲਾਵਹੁ, ਜਾਵਹੁ, ਰਾਖਹੁ, ਆਦਿ। ਉਕਤ ਲਫਜ਼ਾਂ ਦਾ ਔਂਕੜ ਉਚਾਰਣ ਦਾ ਭਾਗ ਹੈ।

੫. ਕਿਰਿਆ-ਵਾਚੀ ਲਫਜ਼ ਜਿੰਨਾ ਦਾ ਅੰਤਲਾ ਅੱਖਰ ‘ਉ’ਹੁੰਦਾ ਹੈ, ਉਹ ਉਤਮ ਪੁਰਖ ਜਾਂ ਅਨ ਪੁਰਖ ਹੁੰਦੇ ਹਨ। ਜਿਵੇਂ-:

“ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ ॥ ( ਪੰਨਾ ੧੦)

“ਰਮਈਆ ਰੇਨੁ ਸਾਧ ਜਨ ਪਾਵਉ ॥ ( ਪੰਨਾ ੧੭੭)

“ਕਰ ਕਰਿ ਟਹਲ ਰਸਨਾ ਗੁਣ ਗਾਵਉ ॥ ( ਪੰਨਾ ੧੮੯)

ਕਰਉ-{ਕਿਰਿਆ,ਵਰਤਮਾਨ ਕਾਲ, ਉਤਮ ਪੁਰਖ ਇਕਵਚਨ} ਕਰਦਾ ਹਾਂ। ਉਚਾਰਣ- ਕਰਉਂ।

ਪਾਵਉ-{ਕਿਰਿਆ,ਵਰਤਮਾਨ ਕਾਲ, ਉਤਮ ਪੁਰਖ ਇਕਵਚਨ} ਪਾਉਂਦਾ ਹਾਂ।ਉਚਾਰਣ-ਪਾਵਉਂ।

ਗਾਵਉ-{ਕਿਰਿਆ,ਵਰਤਮਾਨ ਕਾਲ, ਉਤਮ ਪੁਰਖ ਇਕਵਚਨ} ਗਾਉਂਦਾ ਹਾਂ।ਉਚਾਰਣ-ਗਾਵਉਂ।

“ਅੰਕੁ ਜਲਉ ਤਨੁ ਜਾਲੀਅਉ ਮਨੁ ਧਨੁ ਜਲਿ ਬਲਿ ਜਾਇ ॥ (ਪੰਨਾ ੫੪)

“ਆਗਿਆ ਤੁਮਰੀ ਮੀਠੀ ਲਾਗਉ ਕੀਓ ਤੁਹਾਰੋ ਭਾਵਉ ॥ ( ਪੰਨਾ ੭੧੩)

“ਪਾਉ ਪਖਾਲਾ ਤਿਸ ਕੇ ਮਨਿ ਤਨਿ ਨਿਤ ਭਾਵਉ ॥ ( ਪੰਨਾ ੩੧੮)

ਜਲਉ-{ਕਿਰਿਆ ਹੁਕਮੀ ਭਵਿਖਤ ਅਨ ਪੁਰਖ ਇਕਵਚਨ} ਜਲ਼ ਜਾਏ।ਉਚਾਰਣ-ਜਲਉ।

ਲਾਗਉ, ਭਾਵਉ {ਹੁਕਮੀ ਭਵਿਖਤ ਅਨ ਪੁਰਖ ਇਕਵਚਨ} ਮਿੱਠੀ ਲੱਗੇ, ਭਾਵੇ। ਉਚਾਰਣ- ਲਾਗਉ,ਭਾਵਉ।

੬.ਸਧਾਰਨ ਵਿਸ਼ੇਸ਼ਣਾਂ ਵਾਚੀ ਲਫਜ਼ਾਂ ਦੇ ਭੀ ਅੰਤਲੇ ਅੱਖਰ ਨੂੰ ਔਂਕੜ ਪਾਇਆ ਜਾਂਦਾ ਹੈ:

“ਮਨਮੁਖੁ ਕਾਇਰੁ ਕਰੂਪੁ ਹੈ ਬਿਨੁ ਨਾਵੈ ਨਕੁ ਨਾਹਿ ॥ ( ਪੰਨਾ ੫੯੧)

“ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ ॥੧॥ ਰਹਾਉ ॥ ( ਪੰਨਾ ੧੭ )

“ਕੁਚਲੁ ਕਠੋਰੁ ਕਾਮੀ ਮੁਕਤੁ ਕੀਜੈ ॥੪॥ ( ਪੰਨਾ ੭੩੮)

ਕਾਇਰੁ, ਕਰੂਪ, ਸਾਚ, ਕੁਚਲੁ, ਆਦਿ ਵਿਸ਼ੇਸ਼ਣ ਹਨ।

੭. ਲਹਿੰਦੀ ਪੰਜਾਬੀ ਦੇ ਭੂਤਕਾਲ ਕਿਰਿਆ ਵਾਚੀ ਲਫਜ਼ਾਂ ਦਾ ਅੰਤਲਾ ਅੱਖਰ ‘ਮੁ, ਨੁ, ਹੁ, ਸੁ’ ਔਂਕੜ ਸਹਿਤ ਹੁੰਦਾ ਹੈ। ਜਿਵੇਂ:

“ਬਨਿ ਭੀਹਾਵਲੈ ਹਿਕੁ ਸਾਥੀ ਲਧਮੁ ਦੁਖ ਹਰਤਾ ਹਰਿ ਨਾਮਾ ॥ (ਪੰਨਾ ੫੧੯)

“ਭਉਜਲੁ ਬਿਖਮੁ ਅਸਗਾਹੁ ਗੁਰਿ ਬੋਹਿਥੈ ਤਾਰਿਅਮੁ ॥ ( ਪੰਨਾ ੭੧੦)

ਲਧਮੁ-{ਕਿਰਿਆ ਭੂਤਕਾਲ ਕਾਲ, ਇਕਵਚਨ, ਉਤਮ ਪੁਰਖ, ਪੜਨਾਂਵੀ ਪਿਛੇਤਰ} ਮੈਂ ਲੱਭਾ।

ਤਾਰਿਅਮੁ-{ਕਿਰਿਆ ਭੂਤਕਾਲ, ਇਕਵਚਨ, ਉਤਮ ਪੁਰਖ, ਪੜਨਾਂਵੀ ਪਿਛੇਤਰ} ਮੈਨੂੰ ਤਾਰ ਲਿਆ ਹੈ

ਅੰਤਲਾ ਅੱਖਰ ‘ਮੁ’ ਪੜਨਾਂਵੀ ਪਿਛੇਤਰ ਉਤਮ ਪੁਰਖ ਇਕਵਚਨ ਦਾ ਵਾਚਕ ਹੈ।

“ਭਗਤਿ ਖਜਾਨਾ ਬਖਸਿਓਨੁ ਹਰਿ ਨਾਮੁ ਨਿਧਾਨੁ ॥੪॥ ( ਪੰਨਾ ੭੮੬)

ਬਖਸਿਓਨੁ-{ਕਿਰਿਆ, ਭੂਤਕਾਲ ਇਕਵਚਨ, ਅਨ ਪੁਰਖ, ਕਰਤਾ ਕਾਰਕ, ਪੜਨਾਂਵੀ ਪਿਛੇਤਰ}ਉਸ ਨੇ ਬਖਸ਼ਿਆ ਹੈ।

ਅੰਤਲਾ ਅੱਖਰ ‘ਨੁ’ ਪੜਨਾਂਵੀ ਪਿਛੇਤਰ ਅਨ ਪੁਰਖ ਇਕਵਚਨ ਕਰਤਾ ਕਾਰਕ ਦਾ ਵਾਚਕ ਹੈ।

“ਤਤੈ ਤਾਮਸਿ ਜਲਿਓਹੁ ਮੂੜੇ ਥਥੈ ਥਾਨ ਭਰਿਸਟੁ ਹੋਆ ॥ ( ਪੰਨਾ ੪੩੫)

ਜਲਿਓਹੁ-{ਕਿਰਿਆ ਭੂਤਕਾਲ ਮਧਮ ਪੁਰਖ ਇਕਵਚਨ, ਪੜਨਾਂਵੀ ਪਿਛੇਤਰ} ਤੂੰ ਸੜਿਆ ਹੋਇਆ ਹੈਂ।

ਅੰਤਲਾ ਅੱਖਰ ‘ਹੁ’ ਪੜਨਾਂਵੀ ਪਿਛੇਤਰ ਮਧਮ ਪੁਰਖ ਇਕਵਚਨ ਦਾ ਵਾਚਕ ਹੈ। ਉਚਾਰਣ- ਜਲਿਓਹੁ।

“ਸਹਿ ਟਿਕਾ ਦਿਤੋਸੁ ਜੀਵਦੈ ॥੧॥ ( ਪੰਨਾ ੯੬੬)

“ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥੪॥ (ਪੰਨਾ ੯੬੭)

ਦਿਤੋਸੁ-{ਭੂਤਕਾਲ ਅਨਪੁਰਖ ਇਕਵਚਨ ਪੜਨਾਂਵੀ ਪਿਛੇਤਰ ਪੁਲਿੰਗ} ਦਿੱਤਾ ਉਸ ਨੇ ।

ਸੁਧੋਸੁ-{ਭੂਤਕਾਲ ਅਨਪੁਰਖ ਇਕਵਚਨ ਪੜਨਾਂਵੀ ਪਿਛੇਤਰ ਪੁਲਿੰਗ} ਸੋਧਿਆ ਉਸ ਨੇ।

੮.ਲਹਿੰਦੀ ਬੋਲੀ ਦੀਆਂ ਭਵਿਖਤ ਕਾਲ ਦੀਆਂ ਕ੍ਰਿਆਵਾਂ ਦਾ ਅੰਤਲਾ ਅੱਖਰ ‘ਗੁ’ਅੰਤ ਔਂਕੜ ਸਹਿਤ ਹੁੰਦਾ ਹੈ ਅਤੇ ਪੁਲਿੰਗ ਦਾ ਵਾਚੀ ਹੁੰਦਾ ਹੈ:

“ਬਿਨੁ ਨਾਵੈ ਪਾਜੁ ਲਹਗੁ ਨਿਦਾਨਿ ॥੧॥ (ਪੰਨਾ ੮੩੨ )

ਲਹਗੁ-{ਪੁਲਿੰਗ,ਭਵਿਖਤ ਕਾਲ ਇਕਵਚਨ, ਕ੍ਰਿਆਵੀ ਪਿਛੇਤਰ}ਲਹਿ ਜਾਵੇਗਾ।

੯.ਜਿਹੜੇ ‘ਨਾਂਵ’ ਸੰਗਿਆ ਵਾਚੀ ਲਫਜ਼ਾਂ ਦਾ ਅੰਤਲਾ ਅੱਖਰ ‘ਹੁ’ ਹੋਵੇ,ਉਹਨਾਂ ਵਿਚੋਂ ਸੰਬੰਧਕੀ ਅਰਥ ਨਿਕਲਦੇ ਹਨ :

“ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ ॥ ( ਪੰਨਾ ੧੮੨)

ਨੈਨਹੁ-{ਨਾਂਵ,ਅਧਿਕਰਨ ਕਾਰਕ}ਅੱਖਾਂ ਵਿਚ। ਉਚਾਰਣ-ਨੈਨਹੁਂ

ਨੋਟ: ‘ਹੁ’ ਵਿਚ ਔਂਕੜ ਦੀ ਧੁਨੀ ਹੀ ਉਚਾਰਣੀ ਹੈ,ਹੋੜੇ ਦੀ ਧੁਨੀ ਨਹੀਂ ਬਨਾਉਣੀ।

“ਪਾਵਹੁ ਬੇੜੀ ਹਾਥਹੁ ਤਾਲ ॥ (ਪੰਨਾ ੧੧੬੬)

ਹਾਥਹੁ-{ਨਾਂਵ ਕਰਮ ਕਾਰਕ ਬਹੁਵਚਨ} ਹੱਥਾਂ ਨਾਲ।ਹਾਥਹੁਂ।

“ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ ॥ ( ਪੰਨਾ ੧੬ )

ਮਨਹੁ-{ਨਾਂਵ, ਅਪਾਦਾਨ ਕਾਰਕ} ਮਨ ਤੋਂ।ਉਚਾਰਣ-ਮਨਹੁਂ।

੧੦. ਜਿੰਨਾ ਲਫਜ਼ਾਂ ਦੇ ਵਿਚਕਾਰ ਕਿਸੇ ਅੱਖਰ ਨੂੰ ਔਂਕੜ ਲੱਗਾ ਹੁੰਦਾ ਹੈ ਉਹ ਔਂਕੜ ਜਾਂ ਤਾਂ ਲਫਜ਼ ਦਾ ਮੂਲ ਔਂਕੜ ਹੁੰਦਾ ਹੈ ਜਾਂ ਕਾਵਿਕ ਤੌਰ ‘ਤੇ ਮਾਤ੍ਰਿਕ ਗਿਣਤੀ ਪੂਰੀ ਕਰਨ ਲਈ ਹੁੰਦਾ ਹੈ, ਐਸੇ ਔਂਕੜ ਨੂੰ ਉਚਾਰਣ ਦਾ ਭਾਗ ਜ਼ਰੂਰ ਬਨਾਉਣਾ ਹੈ:

“ਮਹੁਰਾ, ਸਹੁਰਾ, ਬਸੁਧਾ, ਚਤੁਰਾਈ, ਪਰਮੇਸੁਰ, ਕਿੰਗੁਰੀ, ਬਛੁਰਾ, ਈਸੁਰ, ਕਰੁਣਾ, ਮਹੇਸੁਰ, ਅਨੁਰਾਗ, ਮਧੁਰੀ, ਲਟੁਰੀ, ਅੰਕੁਰ, ਠਾਕੁਰ, ਆਦਿ।“

੧੧.ਗੁਰਬਾਣੀ ਵਿਚ ਕਿਤੇ-ਕਿਤੇ ਇਹ ਨਿਯਮ ਵਰਤਿਆ ਹੈ ਕਿਸੇ ਲਫਜ਼ ਦੇ ਅੰਤਲੇ ਅੱਖਰ ਨੂੰ ‘ਵ’ ਦੀ ਥਾਂ ‘ਤੇ ਔਂਕੜ ਪਾ ਦਿਤੀ ਜਾਂਦੀ ਹੈ, ਇਹ ਔਂਕੜ ਇਕਵਚਨ ਦੀ ਲਖਾਇਕ ਨਹੀਂ ਹੁੰਦੀ; ਕੇਵਲ ਉਸ ਲਫਜ਼ ਦੇ ਮੂਲ ਸਰੂਪ ਨੂੰ ਪ੍ਰਗਟ ਕਰਦੀ ਹੈ। ਭਾਵ ‘ਵ’ ਦਾ ਔਂਕੜ ਵਿਚ ਰੂਪਾਂਤਰ ਹੋਇਆ ਹੈ :

“ਪੰਚ ਤਤੁ ਮਿਲਿ ਦਾਨੁ ਨਿਬੇਰਹਿ ਟਾਂਡਾ ਉਤਰਿਓ ਪਾਰਾ॥॥ ( ਪੰਨਾ ੩੩੩)

“ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥( ਪੰਨਾ ੯੨੨)

“ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ ॥ ( ਪੰਨਾ ੬੨)

“ਸੁਅਸਤਿ ਆਥਿ ਬਾਣੀ ਬਰਮਾਉ ॥ ( ਪੰਨਾ ੪ )

“ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨਿ ॥੧॥ ( ਪੰਨਾ ੧੧੨੪)

“ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ( ਪੰਨਾ ੮ )

“ਬਿਸੰਭਰੁ ਦੇਵਨ ਕਉ ਏਕੈ ਸਰਬ ਕਰੈ ਪ੍ਰਤਿਪਾਲਾ ॥ ( ਪੰਨਾ ੨੪)

ਤਤੁ ਦਾ ਮੂਲ ਸਰੂਪ ‘ਤਤਵ’ ਹੈ।

ਵਿਸੁ ਦਾ ‘ਵਿਸਵ’। ਸੁਅਸਤਿ ਦਾ ‘ਸਵਾਸਤ’।

ਦੁਆਰ ਦਾ ‘ਦਵਾਰ’।ਸੁਪਚ ਦਾ ‘ਸਵਪਚ’।

ਮਹਤੁ ਦਾ ‘ਮਹਤਵ’। ਬਿਸੰਭਰ ਦਾ ‘ਬਿਸੰਵਭਰ’।

੧੨.ਗੁਰਬਾਣੀ ਅੰਦਰ ਕਿਸੇ ਲਫਜ਼ ਦੇ ਅਗੇਤਰ ਵਿਚ ਅੱਖਰ ‘ਕੁ’ ਔਂਕੜ ਸਹਿਤ ਨਿਖੇਧ-ਬੋਧ ਨੂੰ ਅਤੇ ਅੱਖਰ ‘ਸੁ’ ਔਂਕੜ ਸਹਿਤ ਸ੍ਰੇਸ਼ਟ-ਭਾਵ ਨੂੰ ਦਰਸਾਉਂਦੇ ਹਨ:

“ਵੇਸ ਕਰੇ ਕੁਰੂਪਿ ਕੁਲਖਣੀ ਮਨਿ ਖੋਟੈ ਕੂੜਿਆਰਿ ॥ ( ਪੰਨਾ ੮੯ )

“ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ ॥ ( ਪੰਨਾ ੧੦੮੮ )

“ਕੁਰੁਤਾ ਬੀਜੁ ਬੀਜੇ ਨਹੀ ਜੰਮੈ ਸਭੁ ਲਾਹਾ ਮੂਲੁ ਗਵਾਇਦਾ ॥੫॥ ( ਪੰਨਾ ੧੦੭੫ )

ਕੁਰੂਪਿ, ਕੁਚਜੀ (ਕੁਚੱਜੀ), ਕੁਰੁਤਾ (ਕੁ-ਰੁਤਾ), ਕੁਨਾਰਿ, ਕੁਥਾਉ, ਕੁਸੁਧ, ਕੁਕਰਮ, ਆਦਿ।

“ਨਾਨਕ ਸਾ ਸੁਆਲਿਓ ਸੁਲਖਣੀ ਜਿ ਰਾਵੀ ਸਿਰਜਨਹਾਰਿ ॥੧॥ ( ਪੰਨਾ ੮੯)

“ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ ॥ ( ਪੰਨਾ ੫੫੮)

“ਏਹ ਸੁਮਤਿ ਗੁਰੂ ਤੇ ਪਾਈ ॥ ( ਪੰਨਾ ੯੯ )

ਸੁਲਖਣੀ, ਸੁਚਜੀ (ਸੁਚੱਜੀ), ਸੁਮਤਿ (ਸੁ- ਮਤਿ), ਸੁਕਰਮ, ਸੁਮੰਤ੍ਰ, ਸੁਚਾਰੀ, ਸੁਵੰਨੜੀ, ਸੁਵੰਨੀ, ਸੁਵਰਨੁ, ਸੁਵਿਨਾ, ਸੁਵੈਦੁ, ਆਦਿ।

ਭੁੱਲ-ਚੁਕ ਦੀ ਖਿਮਾਂ

ਹਰਜਿੰਦਰ ਸਿੰਘ ‘ਘੜਸਾਣਾ’

Khalsasingh.hs@gmail.com
.