.

ਨਾਨਕ ਦੁਖੀਆ ਸਭੁ ਸੰਸਾਰੁ

“ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ”
“ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ
ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ”
“ਨਾਨਕ ਦੁਖੀਆ ਸਭੁ ਸੰਸਾਰੁ”

ਸਤਿਗੁਰਾਂ ਨੇ ਗੁਰਬਾਨੀ ਰਾਹੀਂ ਸਾਨੂੰ ਸਖਿਆ ਦਿਤੀ ਹੈ ਕਿ ਕੇਵਲ ਸਧਾਰਨ ਲੋਕ ਹੀ ਨਹੀਂ ਬਲਕਿ ਵਡੇ ਵਡੇ ਲੋਕਾਂ ਸਮੇਤ ਸਾਰਾ ਸੰਸਾਰ ਦੁਖੀ ਹੈ, ਸਾਰਾ ਜਗ ਦੁਖੀ ਹੈ। ਦੁੱਖਾਂ ਦੀ ਅੱਗ ਘਰ ਘਰ ਲਗੀ ਹੋਈ ਹੈ। ਕਿਸੇ ਵੀ ਵਿਅਕਤੀ ਨਾਲ ਗਲ ਕਰਕੇ ਦੇਖ ਲਓ ਸਭ ਦੇ ਸਭ ਦੁਖਾਂ ਤੇ ਕਲੇਸ਼ਾਂ ਦੇ ਵਿੱਚ ਫਸੇ ਹੀ ਦਿਸਣਗੇ।
“ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ”
“ਗੁਰ ਕੀ ਬਾਣੀ ਜਿਸੁ ਮਨਿ ਵਸੈ॥ ਦੂਖੁ ਦਰਦੁ ਸਭੁ ਤਾ ਕਾ ਨਸੈ”
“ਗੁਰ ਕਾ ਸਬਦੁ ਵਸੈ ਮਨਿ ਜਾ ਕੈ॥ ਦੁਖੁ ਦਰਦੁ ਭ੍ਰਮੁ ਤਾ ਕਾ ਭਾਗੈ”

ਸਤਿਗੁਰਾਂ ਦੀ ਬਾਣੀ ਸਾਡੇ ਸਾਰੇ ਦੁਖ ਦੂਰ ਕਰਨ ਦਾ ਇੱਕੋ ਇੱਕ ਵਸੀਲਾ ਹੈ। ਜਿਹੜਾ ਭੀ ਪ੍ਰਾਣੀ ਇਸ ਨੂੰ ਸਮਝ ਕੇ ਮਨ ਵਿੱਚ ਵਸਾਵੇਗਾ ਉਸ ਦੇ ਦੁੱਖ ਦਰਦ, ਭਰਮ, ਚਿੰਤਾ ਆਦਿ ਸਾਰੇ ਦੇ ਸਾਰੇ ਦੂਰ ਹੋ ਜਾਣਗੇ। ਪ੍ਰਮਾਤਮਾ ਤੋਂ ਆਈ ਬਾਣੀ ਸਾਡੀਆਂ ਸਾਰੀਆਂ ਚਿੰਤਾਵਾਂ ਮਿਟਾਉਣ ਦੇ ਸਮਰਥ ਹੈ।
“ਨ ਸਬਦੁ ਬੂਝੈ ਨ ਜਾਣੈ ਬਾਣੀ॥ ਮਨਮੁਖਿ ਅੰਧੇ ਦੁਖਿ ਵਿਹਾਣੀ”
“ਸੰਧਿਆ ਤਰਪਣੁ ਕਰਹਿ ਗਾਇਤ੍ਰੀ ਬਿਨੁ ਬੂਝੇ ਦੁਖੁ ਪਾਇਆ”

ਜਿਹੜਾ ਪ੍ਰਾਣੀ ਨਾ ਗੁਰਬਾਣੀ ਸਮਝਦਾ ਹੈ ਅਤੇ ਨਾ ਗੁਰ ਸ਼ਬਦ ਬੁਝਦਾ ਹੈ ਉਹ ਸਾਰੀ ਉਮਰ ਦੁਖੀ ਰਹਿੰਦਾ ਹੈ। ਮਨਮੁਖ ਲੋਕ ਮਹਾਂਪੁਰਖਾਂ ਦੇ ਉਪਦੇਸ਼ਾਂ `ਤੇ ਚਲਣ ਦੀ ਬਜਾਏ ਤਿੰਨ ਵੇਲਿਆਂ ਦੇ ਸੰਧਿਆ ਪਾਠ ‘ਗਾਇਤ੍ਰੀ-ਮੰਤਰ ਪਾਠ ਅਤੇ ਹੋਰ ਫੋਕਟ ਕਰਮਕਾਂਡਾਂ ਵਿੱਚ ਹੀ ਖਚਤ ਰਹਿੰਦੇ ਹਨ ਅਤੇ ਉਪਦੇਸ਼ਾਂ ਨੂੰ ਨਾ ਸਮਝਣ ਕਰਕੇ ਦੁਖ ਪਾਉਂਦੇ ਹਨ।
“ਦੂਖ ਵਿਸਾਰਣੁ ਸਬਦੁ ਹੈ ਜੇ ਮੰਨਿ ਵਸਾਏ ਕੋਇ”
“ਸਭਿ ਜਪ ਸਭਿ ਤਪ ਸਭ ਚਤੁਰਾਈ॥ ਊਝੜਿ ਭਰਮੈ ਰਾਹਿ ਨ ਪਾਈ॥
ਬਿਨੁ ਬੂਝੇ ਕੋ ਥਾਇ ਨ ਪਾਈ॥
“ਪੜਿਐ ਨਾਹੀ ਭੇਦੁ ਬੁਝੀਐ ਪਾਵਣਾ”
“ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ॥
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ”

ਗੁਰੂ ਦਾ ਸ਼ਬਦ ਦੁੱਖਾਂ ਦੇ ਇਲਾਜ ਦੀ ਦਵਾਈ ਹੈ। ਜਿਹੜਾ ਪ੍ਰਾਣੀ ਸ਼ਬਦ ਆਪਣੇ ਮਨ ਵਿੱਚ ਵਸਾਏਗਾ ਉਹ ਅਰੋਗ ਹੋ ਜਾਵੇਗਾ। ਇਲਾਜ ਦਾ ਭੇਤ ਬੇਧਿਆਨੇ ਪੜ੍ਹਣ ਨਾਲ ਨਹੀਂ ਸਗੋਂ ਬੁਝਣ ਨਾਲ ਸਮਝ ਆਉਂਦਾ ਹੈ। ਸਤਿਗੁਰਾਂ ਦਾ ਸੰਦੇਸ਼ ਹੈ ਕਿ ਗੁਰਬਾਣੀ ਅਕਲ ਨਾਲ ਪੜ੍ਹ ਕੇ ਬੁਝੋ ਅਤੇ ਬੁਝਕੇ ਸਾਰੇ ਸੰਸਾਰ ਨੂੰ ਇਸ ਦੇ ਗਿਆਨ ਤੋਂ ਜਾਣੂ ਕਰਾਓ। ਬਿਨਾਂ ਸਮਝੇ ਜਪਾਂ-ਤਪਾਂ ਵਿੱਚ ਲਗੇ ਲੋਕ ਕੁਰਾਹੇ ਪਏ ਹੋਏ ਹਨ ਅਤੇ ਧਿਆਨ ਨਾਲ ਪੜ੍ਹਕੇ ਬੁਝਣਾ ਹੀ ਇੱਕੋ ਇੱਕ ਠੀਕ ਰਸਤਾ ਹੈ। ਗੁਰਮਤਿ ਦਾ ਰਾਹੁ ਕੇਵਲ ਇਹੋ ਹੀ ਹੈ। ਹੋਰ ਰਾਹ ਦੱਸਣ ਵਾਲੇ ਅਗਿਆਨੀ ਸ਼ਰਧਾਲੂਆਂ ਨੂੰ ਕੁਰਾਹੇ ਪਾਕੇ ਗੁਮਰਾਹ ਕਰਦੇ ਹਨ ਅਤੇ ਕਰਮਕਾਂਡਾਂ ਦੇ ਰਸਤੇ ਤੋਰਨ ਵਾਲੇ ਆਪਣੇ ਚੇਲੇ- ਚਾਟੜਿਆਂ ਨਾਲ ਕਾਰਸਤਾਨੀ ਕਰ ਰਹੇ ਹਨ।
ਬੇਦ ਪਾਠ ਮਤਿ ਪਾਪਾਂ ਖਾਇ॥
ਬੇਦ ਪਾਠ ਸੰਸਾਰ ਕੀ ਕਾਰ॥ ਪੜ੍ਹਿ ਪੜ੍ਹਿ ਪੰਡਿਤ ਕਰਹਿ ਬੀਚਾਰ॥
ਬਿਨੁ ਬੂਝੇ ਸਭ ਹੋਇ ਖੁਆਰ॥
ਚਾਰੇ ਬੇਦ ਮੁਖਾਗਰ ਪਾਠਿ॥ ਪੁਰਬੀ ਨਾਵੈ ਵਰਨਾਂ ਕੀ ਦਾਤਿ॥
ਵਰਤ ਨੇਮ ਕਰੇ ਦਿਨ ਰਾਤਿ॥ 2॥
ਕਾਜੀ ਮੁਲਾਂ ਹੋਵਹਿ ਸੇਖ॥ ਜੋਗੀ ਜੰਗਮ ਭਗਵੇ ਭੇਖ॥
ਕੋ ਗਿਰਹੀ ਕਰਮਾ ਕੀ ਸੰਧਿ॥ ਬਿਨੁ ਬੂਝੇ ਸਭ ਖੜੀਅਸਿ ਬੰਧਿ॥
ਸਮਝਿ ਸੂਝਿ ਸਹਜ ਘਰਿ ਹੋਵਹਿ॥ ਬਿਨੁ ਬੂਝੇ ਸਗਲੀ ਪਤਿ ਖੋਵਹਿ॥

ਦੁੱਖਾਂ ਦੀ ਨਵਿਰਤੀ ਧਰਮ ਗ੍ਰੰਥਾਂ ਵਿੱਚ ਦਰਸਾਈ ਹੋਈ ਸਿਖਿਆ ਉਪਰ ਚਲਣ ਨਾਲ ਹੁੰਦੀ ਹੈ। ਗੁਰ ਸਿਧਾਤਾਂ ਨੂੰ ਸਮਝਣ ਦੇ ਮੰਤਵ ਤੋਂ ਬਿਨਾਂ ਪੜ੍ਹੇ ਜਾਂਦੇ ਪਾਠ ਕਿਸੇ ਦਾ ਕੁੱਝ ਨਹੀਂ ਸੰਵਾਰਦੇ। ਗਿਣਤੀ ਅਤੇ ਤੋਤੇ ਰਟਨ ਪਾਠ ਪੜ੍ਹਣ ਵਾਲੇ ਧਾਰਮਿਕ ਨੇਤਾ ਅਥਵਾ ਪੰਡਿਤ, ਕਾਜ਼ੀ, ਮੁਲਾਂ, ਜੋਗੀ, ਜੰਗਮ, ਭਗਵੇਂ ਚੋਲਿਆਂ ਵਾਲੇ ਸੰਨਿਆਸੀ ਅਤੇ ਕਰਮਕਾਂਡ ਕਰਨ ਵਾਲੇ ਗ੍ਰਸਿਤੀ ਆਦਿ ਸਭ ਦੇ ਸਭ ਖੁਆਰ ਹੋ ਰਹੇ ਹਨ। ਰਸਮੀ ਪਾਠ ਨਾਲ ਸਿਧਾਤਾਂ ਦੀ ਸਮਝ ਨਹੀਂ ਲਗਦੀ, ਸਮਝ ਤਾਂ ਧਿਆਨ ਨਾਲ ਪੜ੍ਹ ਕੇ ਹੀ ਆਉਂਦੀ ਹੈ।
ਬਿਨ ਬੂਝੇ ਝਗਰਤ ਜਗੁ ਕਾਚਾ॥ 4॥
ਗੁਰੁ ਸਮਝਾਵੈ ਸੋਝੀ ਹੋਈ॥ ਗੁਰਮੁਖਿ ਵਿਰਲਾ ਬੁਝੈ ਕੋਈ॥
ਪੜਹਿ ਗੁਣਹਿ ਤੂੰ ਬਹੁਤੁ ਪੁਕਾਰਹਿ ਵਿਣੁ ਬੂਝੇ ਤੂੰ ਡੂਬਿ ਮੁਆ॥
ਸਰੈ ਸਰੀਅਤਿ ਕਰਹਿ ਬੀਚਾਰੁ॥ ਬਿਨੁ ਬੂਝੇ ਕੈਸੇ ਪਾਵਹਿ ਪਾਰੁ॥
ਬੂਝਹੁ ਹਰਿ ਜਨ ਸਤਿਗੁਰ ਬਾਣੀ॥

ਗੁਰਬਾਣੀ ਅਨੁਸਾਰ ਅਨੇਕਾਂ ਲੋਕ ਧਰਮ ਗਰੰਥ ਪੜਦੇ ਹਨ, ਵਿੱਚਾਰਦੇ ਹਨ ਅਤੇ ਦੂਸਰਿਆਂ ਸੁਣਾਉਂਦੇ ਹਨ ਪਰ ਆਪ ਗਿਆਨ ਗ੍ਰਹਿਣ ਨਹੀਂ ਕਰਦੇ। ਅਜਿਹੇ ਵਿਅਕਤੀ ਡੁਬਕੇ ਮਰਿਆਂ ਦੀ ਨਿਆਈਂ ਹਨ। ਅਗਿਆਨਤਾ ਹੀ ਸੰਸਾਰ ਵਿੱਚ ਝਗੜਿਆਂ ਦਾ ਮੂਲ਼ ਹੈ। ਗਿਆਨ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋ ਸਕਦਾ। ਸਤਿਗੁਰਾਂ ਨੇ ਗੁਰਬਾਣੀ ਸਮਝਣ ਦਾ ਹੁਕਮ ਕੀਤਾ ਹੈ। ਪੜਿ ਪੜਿ ਗੱਡੀਆਂ ਲੱਦਣ ਦੇ ਕਰਮ ਨੂੰ ਝੱਖਣਾ-ਝਾਖ ਕਹਿਆ ਹੈ।
“ਬਿਨੁ ਬੂਝੇ ਪਸੂ ਕੀ ਨਿਆਈ”
“ਬਿਨ ਬੂਝੇ ਪਸੂ ਭਏ ਬੇਤਾਲੇ”
“ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ”
“ਭਾਈ ਰੇ ਗੁਰਮੁਖਿ ਬੂਝੈ ਕੋਇ॥
ਬਿਨੁ ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ”
“ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ॥
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ”
“ਮਾਨੁਖੁ ਬਿਨੁ ਬੂਝੇ ਬਿਰਥਾ ਆਇਆ॥
ਅਨਿਕ ਸਾਜ ਸੀਗਾਰ ਬਹੁ ਕਰਤਾ ਜਿਉ ਮਿਰਤਕੁ ਓਡਾਇਆ”
“ਏਕ ਵਸਤੁ ਬੂਝਹਿ ਤਾ ਹੋਵਹਿ ਪਾਕ॥ ਬਿਨੁ ਬੂਝੇ ਤੂੰ ਸਦਾ ਨਾਪਾਕ”
“ਦੁਖੁ ਲਗਾ ਬਿਨੁ ਸੇਵਿਐ ਹੁਕਮੁ ਮੰਨੇ ਦੁਖੁ ਜਾਇ”

ਧਰਮ ਗ੍ਰੰਥਾਂ ਦੇ ਗਿਆਨ ਤੋਂ ਸਖਣੇ ਪ੍ਰਾਣੀ ਬੇਤਾਲੇ ਢੋਰ ਪਸ਼ੂ ਦੀ ਨਿਆਈਂ ਹਨ। ਇਨ੍ਹਾਂ ਦਾ ਵਢਮੁੱਲਾ ਜਨਮ ਬਿਅਰਥ ਚਲਾ ਜਾਂਦਾ ਹੈ। ਦੁਖਾਂ ਦਾ ਕਾਰਨ ਸਤਿਗੁਰਾਂ ਦੀ ਸਿੱਖਿਆ ਨੂੰ ਬੁਝਣ ਤੋਂ ਆਕੀ ਹੋਣਾ ਹੀ ਹੈ। ਗੁਰਬਾਣੀ ਸਮਝ ਕੇ ਹੁਕਮ ਮੰਨਣ ਵਾਲਿਆਂ ਦੇ ਸਾਰੇ ਦੁਖ ਦੂਰ ਹੋ ਜਾਂਦੇ ਹਨ।
“ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ”
“ਤਿਸ ਨੋ ਸਦਾ ਦਇਆਲੁ ਜਿਨਿ ਗੁਰ ਤੇ ਮਤਿ ਲਈ”
“ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ”

ਸਤਿਗੁਰਾਂ ਦੀ ਬਖਸ਼ਸ਼ ਨਾਲ ਮੇਹਰ ਨਾਲ ਖੁਸ਼ੀਆਂ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰ ਉਹਨਾਂ ਪ੍ਰਾਣੀਆਂ ਤੇ ਸਦਾ ਹੀ ਦਇਆਲ ਰਹਿੰਦੇ ਹਨ ਜਿਨ੍ਹਾਂ ਸਤਿਗੁਰਾਂ ਦੀ ਦਇਆਲ ਮਤ ਧਾਰਨ ਕੀਤੀ ਹੈ। ਅਜਿਹੇ ਪ੍ਰਾਣੀਆਂ ਤੋਂ ਸਤਿਗੁਰ ਕੁਰਬਾਨ ਜਾਂਦੇ ਹਨ ਜਿਹੜੇ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਕੇ ਬੁਝਦੇ ਹਨ ਅਤੇ ਫਿਰ ਆਪਣੇ ਮਨ ਵਿੱਚ ਵਸਾਉਂਦੇ ਹਨ।
ਸਤਿਗੁਰਾਂ ਦੀ ਮੇਹਰ ਤੇ ਬਖਸ਼ਸ ਓਨਾਂ ਚਿਰ ਹੀ ਹੈ ਜਿਨਾਂ ਚਿਰ ਸ਼ਰਧਾਲੂ ਗੁਰਾਂ ਦੇ ਹੁਕਮ ਦੀ ਪਾਲਣਾ ਕਰਦਾ ਹੈ। ਹੁਕਮ ਨਾਂ ਮੰਨਣ ਕਰਕੇ ਹੀ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਅਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਆਪਣੇ ਬੇਟੇ ਗੁਰਗੱਦੀ ਦੇ ਪਾਤਰ ਨਹੀਂ ਬਣ ਸਕੇ, ਪਰ ਹੁਕਮਾਂ ਦੀ ਪਾਲਣਾ ਕਰਨ ਵਾਲੇ ਬੇਗਾਨੇ ਭਾਈ ਲਹਿਣਾ ਜੀ, ਅਮਰੂ ਨਿਥਾਵਾਂ ਅਤੇ ਬੇਸਹਾਰਾ ਭਾਈ ਜੇਠਾ ਜੀ ਸਭ ਤੋਂ ਉਚੀ ਗੁਰੂ ਵਾਲੀ ਪਦਵੀ ਤੇ ਜਾ ਪਹੁੰਚੇ। ਹੁਕਮ ਰਜਾਈ ਚਲਣਾ ਗੁਰਮਤਿ ਦਾ ਮੁੱਢਲਾ ਅਸੂਲ ਹੈ। ਸਤਿਗੁਰਾਂ ਨੇ ਗੁਰਬਾਣੀ ਨੂੰ ਅਕਲ ਨਾਲ ਪੜ੍ਹਕੇ ਬੁਝਣ ਦੇ ਨਾਲ ਨਾਲ ਇਸ ਨੂੰ ਮਨ ਵਿੱਚ ਵਸਾਉਂਣ ਦਾ ਹੁਕਮ ਕੀਤਾ ਹੈ। ਮਨ ਵਿੱਚ ਵਸਾਉਣ ਵਾਲਿਆ ਦੇ ਸਾਰੇ ਦੁਖ ਦਰਦ ਦੂਰ ਹੋ ਜਾਣ ਦੀ ਗਰੰਟੀ ਵਾਰ ਵਾਰ ਦੁਹਰਾਈ ਹੈ ਤਾਂ ਕਿ ਕਿਸੇ ਦੇ ਮਨ ਵਿੱਚ ਸ਼ੰਕਾ ਜਾਂ ਭੁਲੇਖਾ ਨਾ ਰਹਿ ਜਾਵੇ ਅਤੇ ਬਿਨਾ ਸਮਝੇ ਪੜ੍ਹਣ ਵਾਲਿਆਂ ਨੂੰ ਵੀ ਬਾਰ ਬਾਰ ਚਿਤਾਵਣੀ ਦੇ ਕੇ ਸਪਸ਼ਟ ਕੀਤਾ ਹੈ ਕਿ ਉਹ ਸਦਾ ਦੁਖੀ ਰਹਿਣਗੇ। ਸੁਖਾਂ ਦੀ ਪ੍ਰਾਪਤੀ ਲਈ ਗੁਰਬਾਣੀ ਸਮਝਣੀ ਲਾਜ਼ਮੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਸਰਬ-ਸਾਂਝਾ ਹੈ। ਇਹ ਸਾਰੇ ਸੰਸਾਰ ਦੀਆਂ ਸਮਸਿਆਵਾਂ ਹਲ ਕਰਨ ਦੀ ਸਮਰਥਾ ਰਖਦਾ ਹੈ। ਇਹਨਾਂ ਮੁਸ਼ਕਲਾਂ ਦਾ ਹਲ ਸਤਿਗੁਰਾਂ ਨੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਬਹੁਤ ਹੀ ਵਧੀਆ, ਸਪਸ਼ਟ ਤੇ ਸੌਖੇ ਤਰੀਕੇ ਨਾਲ ਉਦਾਹਰਨਾਂ ਦੇ ਕੇ ਸਮਝਾਇਆ ਹੋਇਆ ਹੈ। ਸਤਿਗੁਰਾਂ ਦਾ ਹੁਕਮ ਹੈ ਕਿ ਗੁਰਬਾਣੀ ਸਮਝੋ ਤੇ ਦੂਸਰਿਆਂ ਨੂੰ ਸਮਝਾਓ। ਗੁਰਬਾਣੀ ਦੀ ਸਹੀ ਕਥਾ ਕਰਕੇ ਇਸ ਨੂੰ ਸਮਝਾਉਣ ਵਾਲੇ ਸਤਿਗੁਰਾਂ ਨੂੰ ਬਹੁਤ ਪਿਆਰੇ ਲਗਦੇ ਹਨ। ਗੁਰਬਾਣੀ ਆਪ ਸਮਝਕੇ ਦੂਸਰਿਆਂ ਨੂੰ ਸਮਝਾਉਣ ਵਾਲੇ ਹੀ ਗੁਰੂ ਸਾਹਿਬਾਂ ਦੇ ਅਸਲੀ ਸਿਖ ਹਨ। ਬਾਕੀ ਅਸੀਂ ਸਭ ਦੇ ਸਭ ਮੰਗਖਾਣੇ ਭੇਖਧਾਰੀ ਸਾਧਾਂ ਸੰਤਾਂ ਦੇ ਚੇਲੇ ਚਾਟੜੇ ਜਾਂ ਲਕੀਰ ਦੇ ਫਕੀਰ, ਪਿਛਲੱਗ, ਭੇਡਚਾਲੀ ਸਿਖ ਹੀ ਹਾਂ। ਆਪਾਂ ਨੂੰ ਗੁਰਬਾਣੀ ਸਮਝਣ ਦਾ ਉਪਰਾਲਾ ਕਰਨਾ ਚਾਹੀਦਾ ਹੈ ਇਸ ਤੋਂ ਬਿਨਾਂ ਆਪਣੀ ਬਹੁਤ ਖੁਆਰੀ ਹੋਵੇਗੀ।
ਜੁਗਰਾਜ ਸਿੰਘ ਧਾਲੀਵਾਲ।
.