.

ਭੱਟ ਬਾਣੀ-44

ਬਲਦੇਵ ਸਿੰਘ ਟੋਰਾਂਟੋ

ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ।।

ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ।।

ਗੁਰੁ ਕਰੁ ਸਚੁ ਬੀਚਾਰੁ ਗੁਰੂ ਕਰੁ ਰੇ ਮਨ ਮੇਰੇ।।

ਗੁਰੁ ਕਰੁ ਸਬਦ ਸਪੁੰਨ ਅਘਨ ਕਟਹਿ ਸਭ ਤੇਰੇ।।

ਗੁਰੁ ਨਯਣਿ ਬਯਣਿ ਗੁਰੁ ਗੁਰੁ ਕਰਹੁ ਗੁਰੂ ਸਤਿ ਕਵਿ ਨਲ੍ਯ੍ਯ ਕਹਿ।।

ਜਿਨਿ ਗੁਰੂ ਨ ਦੇਖਿਅਉ ਨਹੁ ਕੀਅਉ ਤੇ ਅਕਯਥ ਸੰਸਾਰ ਮਹਿ।। ੪।। ੮।।

(ਪੰਨਾ ੧੩੯੯)

ਪਦ ਅਰਥ:- ਗੁਰ ਬਿਨੁ ਘੋਰੁ ਅੰਧਾਰੁ – ਗਿਆਨ ਤੋਂ ਬਿਨਾਂ ਮਨੁੱਖ ਦੇ ਜੀਵਨ ਵਿੱਚ ਘੋਰ ਅੰਧੇਰਾ ਹੈ। ਗੁਰੂ – ਗਿਆਨ ਦਾ ਪ੍ਰਕਾਸ਼। ਗੁਰੂ ਬਿਨੁ ਸਮਝ ਨ ਆਵੈ – ਗਿਆਨ ਦੇ ਪ੍ਰਕਾਸ਼ ਤੋਂ ਬਗ਼ੈਰ ਸਮਝ ਨਹੀਂ ਆਉਂਦੀ ਭਾਵ ਕੁੱਝ ਸੁੱਝਦਾ ਨਹੀਂ। ਸੁਰਤਿ – ਧਿਆਨ (attention)ਸਿਧਿ – ਕੇਂਦਰਤ (concentrate) ਕਰਨਾ। ਗੁਰ ਬਿਨੁ ਸੁਰਤਿ ਨ ਸਿਧਿ – ਗਿਆਨ ਵਿੱਚ ਧਿਆਨ ਕੇਂਦਰਤ ਕਰਨ ਬਿਨਾਂ। ਗੁਰੂ ਬਿਨੁ ਮੁਕਤਿ ਨ ਪਾਵੈ – ਅਤੇ ਨਾ ਹੀ ਗਿਆਨ ਦੇ ਪ੍ਰਕਾਸ਼ ਤੋਂ ਬਿਨਾਂ ਅਗਿਆਨਤਾ ਦੇ ਹਨੇਰੇ ਤੋਂ ਮੁਕਤ ਹੀ ਹੋਇਆ ਜਾ ਸਕਦਾ ਹੈ। ਗੁਰੁ ਕਰੁ – ਗਿਆਨ ਨੂੰ ਗ੍ਰਹਿਣ ਕਰਕੇ। ਸਚੁ ਬੀਚਾਰੁ ਗੁਰੂ – ਸੱਚ ਦੀ ਵੀਚਾਰ ਗਿਆਨ ਨਾਲ ਪ੍ਰਕਾਸ਼ ਹੋਣਾ ਹੈ। ਰੇ ਮਨ ਮੇਰੇ – ਹੇ ਮੇਰੇ ਮਨ। ਸਚੁ ਬੀਚਾਰੁ – ਸੱਚ ਗਿਆਨ ਦੀ ਵੀਚਾਰ ਕਰੋ। ਗੁਰੁ ਕਰੁ – ਗਿਆਨ ਨੂੰ ਗ੍ਰਹਿਣ ਕਰਨ ਨਾਲ। ਸਬਦ – ਗਿਆਨ ਦੀ ਬਖ਼ਸ਼ਿਸ਼। ਸਪੁੰਨ – ਪਵਿੱਤਰ। ਸਬਦ ਸਪੁੰਨ – ਪਵਿੱਤਰ ਬਖ਼ਸ਼ਿਸ਼। ਅਘਨ – ਪਾਪ, ਬੁਰੇ ਕੰਮ, ਬੁਰਿਆਈਆਂ। ਅਘਨ ਕਟਹਿ ਸਭ ਤੇਰੇ – ਉਹ ਪਵਿੱਤਰ ਬਖ਼ਸ਼ਿਸ਼ ਹੀ ਤੇਰੇ ਜੀਵਨ ਵਿੱਚੋਂ ਬੁਰਿਆਈਆਂ ਕੱਟ ਸਕਦੀ ਹੈ। ਗੁਰੁ ਨਯਣਿ ਬਯਣਿ ਗੁਰੁ – ਗਿਆਨ ਨੂੰ ਨੈਣਾਂ ਵਿੱਚ ਗ੍ਰਹਿਣ ਕਰੋ ਭਾਵ ਹਰੇਕ ਨੂੰ ਬਗ਼ੈਰ ਰੰਗ, ਨਸਲ, ਜਾਤ-ਪਾਤ, ਲਿੰਗ ਭੇਦ ਭਾਵ ਦੇ ਦੇਖੋ ਅਤੇ ਗਿਆਨ ਨੂੰ ਹੀ ਆਪਣੇ ਬਯਣਿ ਬਚਨ ਭਾਵ ਜੀਵਨ ਵਿੱਚ। ਗੁਰੂ – ਗਿਆਨ ਦਾ ਪ੍ਰਕਾਸ਼। ਸਤਿ – ਸਦੀਵੀ। ਗੁਰੁ ਕਰਹੁ ਗੁਰੂ ਸਤਿ ਕਵਿ ਨਲ੍ਯ੍ਯ ਕਹਿ – ਕਵੀ ਨਲ ਤਾਂ ਇਹ ਆਖਦਾ ਹੈ ਕਿ ਗਿਆਨ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰਨ ਨਾਲ ਸਦੀਵੀ ਪ੍ਰਕਾਸ਼ ਹੈ ਭਾਵ ਅਗਿਆਨਤਾ ਦੇ ਹਨੇਰੇ ਤੋਂ ਬਚਿਆ ਜਾ ਸਕਦਾ ਹੈ। ਜਿਨਿ – ਜਿਨ੍ਹਾਂ ਨੇ। ਗੁਰੂ – ਗਿਆਨ ਦਾ ਪ੍ਰਕਾਸ਼। ਜਿਨਿ ਗੁਰੂ ਨ ਦੇਖਿਅਉ – ਜਿਨ੍ਹਾਂ ਨੇ ਕਦੀ ਗਿਆਨ ਦਾ ਪ੍ਰਕਾਸ਼, ਚਾਨਣ ਦੇਖਿਆ ਹੀ ਨਹੀਂ ਭਾਵ ਅਗਿਆਨਤਾ ਦੇ ਹਨੇਰੇ ਵਿੱਚ ਹੀ ਰਹੇ। ਨਹੁ ਕੀਅਉ – ਨਾ ਕਦੇ ਕੋਸ਼ਿਸ਼ ਹੀ ਕੀਤੀ। ਤੇ ਅਕਯਥ ਸੰਸਾਰ ਮਹਿ – ਉਹ (ਅਵਤਾਰਵਾਦੀ) ਸੰਸਾਰ ਵਿੱਚ ਅਕਥ ਬਣੇ ਬੈਠੇ ਹਨ।

ਅਰਥ:- ਇਸ ਕਰਕੇ ਹੇ ਭਾਈ! ਗਿਆਨ ਤੋਂ ਬਿਨਾਂ ਮਨੁੱਖ ਦੇ ਜੀਵਨ ਵਿੱਚ ਘੋਰ ਹਨੇਰਾ ਹੈ ਅਤੇ ਗਿਆਨ ਦੇ ਪ੍ਰਕਾਸ਼ ਤੋਂ ਬਿਨਾਂ (ਅਗਿਆਨਤਾ ਦੇ ਹਨੇਰੇ ਵਿੱਚ) ਸਮਝ ਵੀ ਨਹੀਂ ਆਉਂਦੀ। ਗਿਆਨ ਵਿੱਚ ਧਿਆਨ (attention) ਕੇਂਦਰਤ (concentrate) ਕਰਨ ਤੋਂ ਬਗ਼ੈਰ ਪ੍ਰਕਾਸ਼ ਨਹੀਂ ਅਤੇ ਗਿਆਨ ਦੇ ਪ੍ਰਕਾਸ਼ ਤੋਂ ਬਿਨਾਂ ਅਗਿਆਨਤਾ ਦੇ ਹਨੇਰੇ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ। ਇਸ ਕਰਕੇ ਹੇ ਮੇਰੇ ਮਨ! ਪ੍ਰਕਾਸ਼ ਲਈ ਸੱਚ ਨੂੰ ਆਪਣੇ ਜੀਵਨ ਵਿੱਚ ਵੀਚਾਰ ਕਰਕੇ ਗਿਆਨ ਨੂੰ ਗ੍ਰਹਿਣ ਕਰ। ਗਿਆਨ ਨੂੰ ਗ੍ਰਹਿਣ ਕਰਨ ਨਾਲ ਹੀ ਗਿਆਨ ਦੀ ਪਵਿੱਤਰ ਬਖ਼ਸ਼ਿਸ਼ ਨਾਲ ਤੇਰੇ ਜੀਵਨ ਵਿੱਚੋਂ (ਅਗਿਆਨਤਾ) ਦੀਆਂ ਬੁਰਿਆਈਆਂ ਕੱਟੀਆਂ ਜਾ ਸਕਦੀਆਂ ਹਨ। ਇਸ ਕਰਕੇ ਗਿਆਨ ਨੂੰ ਆਪਣੇ ਨੈਣਾਂ ਵਿੱਚ ਗ੍ਰਹਿਣ ਕਰੋ ਭਾਵ ਹਰੇਕ ਨੂੰ ਬਗ਼ੈਰ ਰੰਗ, ਨਸਲ, ਜਾਤ-ਪਾਤ, ਲਿੰਗ ਭੇਦ ਭਾਵ ਦੇ ਦੇਖੋ ਅਤੇ ਆਪਣੇ ਬਚਨਾਂ ਵਿੱਚ ਵੀ ਗਿਆਨ ਨੂੰ ਹੀ ਗ੍ਰਹਿਣ ਕਰੋ। ਕਵੀ ਨਲ੍ਹ ਤਾਂ ਆਖਦਾ ਹੈ ਕਿ ਗਿਆਨ ਨੂੰ ਜੀਵਨ ਵਿੱਚ ਗ੍ਰਹਿਣ ਕਰਨ ਨਾਲ ਹੀ ਸਦੀਵੀ ਪ੍ਰਕਾਸ਼ ਹੈ ਭਾਵ ਗਿਆਨ ਨਾਲ ਹੀ ਹਮੇਸ਼ਾ ਲਈ ਅਗਿਆਨਤਾ ਦੇ ਹਨੇਰੇ ਤੋਂ ਬਚਿਆ ਜਾ ਸਕਦਾ ਹੈ। ਜਿਨ੍ਹਾਂ ਨੇ ਕਦੇ ਗਿਆਨ ਨੂੰ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਗਿਆਨ ਦਾ ਪ੍ਰਕਾਸ਼, ਚਾਨਣ ਕਦੀ ਦੇਖਿਆ ਹੀ ਨਹੀਂ, ਉਹ (ਅਵਤਾਰਵਾਦੀ) ਸੰਸਾਰ ਵਿੱਚ ਅਕਥ ਨਾ ਕਥੇ ਜਾਣ ਵਾਲੇ ਆਪਣੇ ਆਪ ਨੂੰ ਹੀ (ਰੱਬ) ਬਣਾ ਕੇ ਪੇਸ਼ ਕਰਦੇ ਰਹੇ (ਭਾਵ ਗਿਆਨ ਤੋਂ ਸੱਖਣੇ ਅਗਿਆਨੀ ਅਵਤਾਰਵਾਦੀ ਆਪਣੇ ਆਪ ਨੂੰ ਰੱਬ ਬਣਾ ਕੇ ਪੇਸ਼ ਕਰਦੇ ਹਨ ਅਤੇ ਕਰਦੇ ਰਹੇ ਹਨ)।

ਗੁਰੂ ਗੁਰੂ ਗੁਰੁ ਕਰੁ ਮਨ ਮੇਰੇ।।

ਤਾਰਣ ਤਰਣ ਸਮ੍ਰਥੁ ਕਲਿਜੁਗਿ

ਸੁਨਤ ਸਮਾਧਿ ਸਬਦ ਜਿਸੁ ਕੇਰੇ।।

ਫੁਨਿ ਦੁਖਨਿ ਨਾਸੁ ਸੁਖਦਾਯਕੁ ਸੂਰਉ

ਜੋ ਧਰਤ ਧਿਆਨੁ ਬਸਤ ਤਿਹ ਨੇਰੇ।।

ਪੂਰਉ ਪੁਰਖੁ ਰਿਦੈ ਹਰਿ ਸਿਮਰਤ

ਮੁਖੁ ਦੇਖਤ ਅਘ ਜਾਹਿ ਪਰੇਰੇ।।

ਜਉ ਹਰਿ ਬੁਧਿ ਰਿਧਿ ਸਿਧਿ ਚਾਹਤ

ਗੁਰੂ ਗੁਰੂ ਗੁਰੁ ਕਰੁ ਮਨ ਮੇਰੇ।। ੫।। ੯।।

(ਪੰਨਾ ੧੩੯੯-੧੪੦੦)

ਪਦ ਅਰਥ:- ਗੁਰੂ - ਗਿਆਨ ਦਾ ਪ੍ਰਕਾਸ਼। ਗੁਰੂ ਗੁਰੁ – ਜੀਵਨ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਗਿਆਨ ਨੂੰ ਗ੍ਰਹਿਣ ਕਰਨਾ। ਗੁਰੁ ਕਰੁ – ਗਿਆਨ ਨੂੰ ਗ੍ਰਹਿਣ ਕਰ। ਮਨ ਮੇਰੇ – ਹੇ ਮਨ ਮੇਰੇ। ਤਾਰਣ ਤਰਣ ਸਮ੍ਰਥੁ – ਉਧਾਰ ਕਰਨ ਦੇ ਸਮਰੱਥ ਹੈ। ਕਲਿਜੁਗਿ – ਅਗਿਆਨਤਾ ਦੇ ਹਨੇਰੇ ਵਿੱਚ। ਸੁਨਤ – ਸੁਣ ਕੇ। ਸਮਾਧਿ – ਲੀਨ ਹੁੰਦੇ ਹਨ। ਸਬਦ – ਜੀਵਨ ਵਿੱਚ ਪ੍ਰਕਾਸ਼ ਕਰ ਦੇਣ ਵਾਲੇ ਗਿਆਨ ਦੀ ਬਖ਼ਸ਼ਿਸ਼। ਜਿਸੁ ਕੇਰੇ – ਜਿਹੜੇ ਇਸ ਦੇ ਵਿੱਚ। ਕੇਰੇ – ਦੇ (ਗੁ: ਗ੍ਰ: ਦਰਪਣ)। ਫੁਨਿ – ਫਿਰ। ਦੁਖਨਿ – ਦੁੱਖਾਂ ਦੀ ਜੜ੍ਹ, ਅਗਿਆਨਤਾ ਨੂੰ। ਨਾਸੁ – ਖ਼ਤਮ ਹੋ ਜਾਣਾ। ਸੁਖਦਾਯਕੁ ਸੂਰਉ – ਜੀਵਨ ਵਿੱਚੋਂ ਅਗਿਆਨਤਾ ਦਾ ਹਨੇਰਾ ਖ਼ਤਮ ਕਰਕੇ ਸ਼ਾਂਤ ਕਰ ਦੇਣ ਵਾਲੇ ਗਿਆਨ ਦੇ ਸੂਰਜ ਦਾ ਪ੍ਰਕਾਸ਼। ਜੋ – ਜਿਹੜਾ। ਧਰਤ ਧਿਆਨੁ – ਧਿਆਨ ਧਰਨ ਨਾਲ ਭਾਵ ਤਵੱਜੋ ਦੇਣ ਨਾਲ। ਬਸਤ – ਵੱਸਦਾ ਹੈ। ਤਿਹ – ਉਹ, ਉਸ ਦੇ। ਨੇਰੇ – ਨੇੜੇ। ਪੂਰਉ ਪੁਰਖੁ – ਸਮਰੱਥ ਪੁਰਖ ਕਰਤਾ। ਰਿਦੈ – ਹਿਰਦੇ। ਰਿਦੈ ਹਰਿ – ਹਿਰਦੇ ਅੰਦਰ ਸੱਚ ਰੂਪ ਹਰੀ। ਸਿਮਰਤ – ਅਭਿਆਸ ਕਰਨਾ। ਮੁਖੁ – ਚਿਹਰੇ, ਉਹ ਚਿਹਰੇ ਜਿਨ੍ਹਾਂ ਦੇ ਅੰਦਰ ਸੱਚ ਹੈ। ਦੇਖਤ – ਦੇਖਦਿਆਂ-ਦੇਖਦਿਆਂ ਹੀ। ਅਘ – ਅਪਰਾਧ, ਕੁਦਰਤ ਦੇ ਨਿਯਮ ਵਿਰੁੱਧ ਕੰਮ ਕਰਨੇ, ਬੰਦੇ ਨੂੰ ਰੱਬ ਸਮਝਣਾ, ਕਰਮ-ਕਾਂਡੀ ਗੱਲਾਂ ਵਿੱਚ ਵਿਸ਼ਵਾਸ ਕਰਨਾ, ਜਾਤਿ ਪਾਤ, ਲਿੰਗ ਭੇਦ ਵਿੱਚ ਵਿਸ਼ਵਾਸ ਰੱਖਣਾ ਇਹ ਗੁਰਮਤਿ ਅਨੁਸਾਰ ਇੱਕ ਬਹੁਤ ਵੱਡਾ ਅਪਰਾਧ ਹੈ। ਜਾਹਿ ਪਰੇਰੇ – ਪਰੇ, ਦੂਰ ਚਲੇ ਜਾਂਦੇ ਹਨ। ਜਉ – ਅਗਰ। ਹਰਿ ਬੁਧਿ – ਸੱਚ ਰੂਪ ਹਰੀ ਦੀ ਬਖ਼ਸ਼ਿਸ਼ ਸੱਚ ਰੂਪ ਬੁਧ, ਮੱਤ। ਰਿਧਿ – ਸਫਲਤਾ, ਸਫਲ। ਸਿਧਿ – ਕੇਂਦਰਤ (concentrate)ਚਾਹਤ – ਚਾਹੁਣਾ। ਗੁਰੂ – ਗਿਆਨ ਦਾ ਪ੍ਰਕਾਸ਼। ਗੁਰੁ – ਗਿਆਨ ਨੂੰ ਗ੍ਰਹਿਣ ਕਰਨਾ। ਕਰੁ – ਕਰ। ਮਨ ਮੇਰੇ – ਹੇ ਮੇਰੇ ਮਨ।

ਅਰਥ:- ਹੇ ਭਾਈ! ਜਿਹੜੇ ਇਸ ਜੀਵਨ ਵਿੱਚ ਪ੍ਰਕਾਸ਼ ਕਰ ਦੇਣ ਵਾਲੇ ਗਿਆਨ ਨੂੰ ਸੁਣ ਕੇ ਇਸ ਵਿੱਚ ਲੀਨ ਹੁੰਦੇ ਹਨ, ਉਨ੍ਹਾਂ ਲਈ ਇਹ ਗਿਆਨ, ਅਗਿਆਨਤਾ ਦੇ ਹਨੇਰੇ ਵਿੱਚੋਂ ਤਰਣ ਤਾਰਣ-ਉਧਾਰ ਕਰਨ ਭਾਵ ਉੱਪਰ ਚੁੱਕ ਲੈਣ ਦੇ ਸਮਰੱਥ ਹੈ। ਇਸ ਕਰਕੇ ਹੇ ਮੇਰੇ ਮਨ! ਜੀਵਨ ਵਿੱਚ ਗਿਆਨ ਦਾ ਪ੍ਰਕਾਸ਼ ਕਰ ਦੇਣ ਵਾਲੇ ਇਸ ਗਿਆਨ ਨੂੰ ਹੀ ਗ੍ਰਹਿਣ ਕਰ। ਜੋ ਵੀ ਇਸ ਗਿਆਨ ਵਿੱਚ ਨੇੜਿਓਂ ਧਿਆਨ ਧਰਦਾ ਭਾਵ ਧਿਆਨ ਕੇਂਦਰਤ ਕਰਦਾ ਹੈ, ਫਿਰ ਉਸ ਦੇ ਹੀ ਜੀਵਨ ਵਿੱਚ ਅਗਿਆਨਤਾ ਦੇ ਦੁੱਖਾਂ ਦਾ ਨਾਸ ਕਰਨ ਵਾਲੇ ਸੁਖਦਾਯਕੁ ਸੂਰਉ-ਮਨ ਨੂੰ ਸ਼ਾਂਤ ਕਰ ਦੇਣ ਵਾਲੇ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਇਸ ਤਰ੍ਹਾਂ ਜਿਹੜੇ ਚਿਹਰਿਆਂ (ਸੁੰਦਰ ਚਿਹਰੇ ਜਿਨ੍ਹਾਂ) ਨੇ ਆਪਣੇ ਹਿਰਦੇ ਅੰਦਰ ਪੂਰਨ ਪੁਰਖੁ (ਅਕਾਲ ਪੁਰਖ) ਹਰੀ ਦਾ ਸੱਚ ਗਿਆਨ ਅਪਣਾਇਆ, ਉਨ੍ਹਾਂ ਦੇ ਜੀਵਨ ਵਿੱਚੋਂ ਦੇਖਦਿਆਂ-ਦੇਖਦਿਆਂ ਹੀ ਅਪਰਾਧ ਪਰੇ ਚਲੇ ਗਏ। ਹੇ ਮੇਰੇ ਮਨ! ਅਗਰ ਤੂੰ ਵੀ ਆਪਣੇ ਜੀਵਨ ਵਿੱਚ ਹਰਿ ਬੁਧਿ-ਸੱਚੀ ਬਖ਼ਸ਼ਿਸ਼ ਲੈਣ ਵਿੱਚ ਸਫਲ ਹੋਣਾ ਚਾਹੁੰਦਾ ਹੈਂ ਤਾਂ ਆਪਣਾ ਧਿਆਨ ਜੀਵਨ ਵਿੱਚ ਗਿਆਨ ਦਾ ਪ੍ਰਕਾਸ਼ ਕਰ ਦੇਣ ਵਾਲੇ ਗਿਆਨ ਨੂੰ ਗ੍ਰਹਿਣ ਕਰਨ ਲਈ ਇਸ ਗਿਆਨ ਵਿੱਚ ਧਿਆਨ ਸਿਧਿ-ਕੇਂਦਰਤ (concentrate) ਕਰ।
.