.

ਗੁਰਬਾਣੀ ਅਤੇ ਇਤਿਹਾਸ ਦਾ ਸੁਮੇਲ (ਭਾਗ-7)

(ਸੁਖਜੀਤ ਸਿੰਘ ਕਪੂਰਥਲਾ)

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ-6 ਪੜੋ

ਇਸ ਚਲ ਰਹੀ ਲੇਖ ਲੜੀ ਤਹਿਤ ਉਹਨਾਂ ਗੁਰਬਾਣੀ ਦੇ ਸ਼ਬਦਾਂ ਦੀ ਵਿਚਾਰ ਨੂੰ ਪ੍ਰਾਰੰਭ ਕੀਤਾ ਗਿਆ ਹੈ ਜਿਹੜੇ ਸ਼ਬਦ ਕਿਸੇ ਨਾ ਕਿਸੇ ਇਤਿਹਾਸਕ ਘਟਨਾ ਨਾਲ ਸਬੰਧ ਰੱਖਦੇ ਹਨ। ਇਤਿਹਾਸਕ ਤੌਰ ਤੇ ਇਹ ਸ਼ਬਦ ਭਾਵੇਂ ਵਿਅਕਤੀ ਵਿਸ਼ੇਸ਼ ਨਾਲ ਸਬੰਧ ਰੱਖਦੇ ਹਨ ਪਰ ਅਧਿਆਤਮਕ ਤੌਰ ਤੇ ਉਪਦੇਸ਼ ਅਤੇ ਸਿਖਿਆ “ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ” (੬੪੭) ਅਨੁਸਾਰ ਸਮੁੱਚੀ ਮਾਨਵਤਾ ਲਈ ਸਰਬ ਸਾਂਝੀ ਹੀ ਹੈ।

===========

ਧਨਾਸਰੀ ਮਹਲਾ ੧ ਘਰ ੩ ੴ ਸਤਿਗੁਰ ਪ੍ਰਸਾਦਿ।। (੬੬੨-੬੬੩)

ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ।।

ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ।। ੧।।

ਕਲ ਮਹਿ ਰਾਮ ਨਾਮੁ ਸਾਰੁ।।

ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ।। ੧।। ਰਹਾਉ।।

ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ।।

ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮੁ ਅਲੋਅ।। ੨।।

ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ।।

ਸ੍ਰਿਸਟਿ ਸਭ ਇੱਕ ਵਰਨ ਹੋਈ ਧਰਮ ਕੀ ਗਤਿ ਰਹੀ।। ੩।।

ਅਸਟ ਸਾਜ ਸਾਜਿ ਪੁਰਾਣ ਸੋਧਹਿ ਕਰਹਿ ਬੇਦ ਅਭਿਆਸੁ।।

ਬਿਨੁ ਨਾਮ ਹਰਿ ਕੇ ਮੁਕਤਿ ਨਾਹੀ ਕਹੈ ਨਾਨਕੁ ਦਾਸੁ।। ੪।। ੧।। ੬।। ੮।।

ਗੁਰੂ ਨਾਨਕ ਸਾਹਿਬ ਆਪਣੇ ਪ੍ਰਚਾਰ ਦੌਰੇ (ਉਦਾਸੀਆਂ) ਦੌਰਾਨ ਭਾਈ ਮਰਦਾਨਾ ਜੀ ਸੰਗ ਉੜੀਸਾ ਵਿੱਚ ਪੁਰੀ ਦੀ ਧਰਤੀ ਤੇ ਪਹੁੰਚੇ। ਇਹ ਸਥਾਨ ਹਿੰਦੂ ਮੱਤ ਦੇ ਪ੍ਰਸਿੱਧ ਧਾਰਮਿਕ ਤੀਰਥਾਂ ਵਿਚੋਂ ਇੱਕ ਹੈ। ਜਿਥੇ ਇਸ ਧਰਤੀ ਉਪਰ ਗੁਰੂ ਸਾਹਿਬ ਨੇ ਸੱਚੀ ਆਰਤੀ ਦਾ ਉਪਦੇਸ਼ ਕੀਤਾ, ਉਸਦੇ ਨਾਲ-ਨਾਲ ਇੱਕ ਹੋਰ ‘ਕਲਯੁਗ` ਨਾਮਕ ਪਾਂਡੇ ਦੇ ਆਪਣੀ ਉਪਜੀਵਕਾ ਦੇ ਸੁਆਰਥ ਲਈ ‘ਰੋਟੀਆ ਕਾਰਣਿ ਪੂਰਹਿ ਤਾਲ` (੪੬੫) ਵਾਲੇ ਚਲਾਏ ਜਾ ਰਹੇ ਪਾਖੰਡ ਦਾ ਭਾਂਡਾ ਚੌਰਾਹੇ ਵਿੱਚ ਭੰਨ ਦਿਤਾ।

ਐਸੇ ਪਾਖੰਡੀ ਲੋਕਾਂ ਦਾ ਗੁਰਬਾਣੀ ਬਿਲਕੁਲ ਵੀ ਲਿਹਾਜ਼ ਨਹੀਂ ਕਰਦੀ। ਇਹ ਵੱਖਰੀ ਗੱਲ ਹੈ ਕਿ ਅੱਜ ਦੇ ਪ੍ਰਚਾਰਕ ਭਾਵੇਂ ਕਹਿਣ ਲੱਗੇ ਲਿਹਾਜ਼ ਜਰੂਰ ਕਰ ਜਾਂਦੇ ਹਨ। ਜਦੋਂ ਵੀ ਕਿਸੇ ਐਸੇ ਮਨੁੱਖ ਨੂੰ ਗੁਰਬਾਣੀ ਦੀ ਕਸਵੱਟੀ ‘ਕੂੜੁ ਠਗੀ ਗੁਝੀ ਨਾ ਰਹੈ ਮੁਲੰਮਾ ਪਾਜ ਲਹਿ ਜਾਇ` (੩੦੩) ਅਥਵਾ ‘ਠਗੈ ਸੇਤੀ ਠਗੁ ਰਲਿ ਆਇਆ ਸਾਥੁ ਭਿ ਇਕੋ ਜੇਹਾ` (੯੬੦) ਤੇ ਪਰਖਾਂਗੇ ਤਾਂ ਸਭ ਕੁੱਝ ਸਪਸ਼ਟ ਤਸਵੀਰ ਸਾਹਮਣੇ ਆ ਜਾਵੇਗੀ।

ਭਗਤ ਕਬੀਰ ਜੀ ਤਾਂ ਬਾਹਰੋਂ ਧਰਮੀ ਦਿਖਾਈ ਦਿੰਦੇ, ਲਿਬਾਸ ਅਤੇ ਚਿੰਨ ਧਾਰਨ ਕੀਤੇ ਹੋਏ ਪਰ ਅੰਦਰੋਂ ਧਰਮੀ ਨਹੀਂ ਬਣੇ ਮਨੁੱਖਾਂ ਨੂੰ ਤਾਂ ਬਨਾਰਸ ਕੇ ਠੱਗ ਆਖਣ ਤੋਂ ਰੱਤੀ ਭਰ ਵੀ ਸੰਕੋਚ ਨਹੀਂ ਕਰਦੇ:-

ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ।।

ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ।।

ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ।। ੧।।

ਐਸੇ ਸੰਤ ਨ ਮੋ ਕਉ ਭਾਵਹਿ।। ਡਾਲਾ ਸਿਉ ਪੇਡਾ ਗਟਕਾਵਹਿ।। ੧।। ਰਹਾਉ।। … …

(ਆਸਾ-ਕਬੀਰ ਜੀ-੪੭੬)

ਭਾਈ ਕਾਨ੍ਹ ਸਿੰਘ ਨਾਭਾ (ਗੁਰਮਤਿ ਮਾਰਤੰਡ ਪੰਨਾ ੬੬੮) ਪਾਖੰਡ ਦੇ ਵਿਸ਼ੇ ਉਪਰ ਗੁਰਮਤਿ ਸਿਧਾਂਤ ਹੇਠ ਲਿਖੇ ਅਨੁਸਾਰ ਦਿੰਦੇ ਹਨ-

ਮਾਨ ਅਤੇ ਪਦਾਰਥਾਂ ਦੇ ਲਾਲਚ ਵਿੱਚ ਫਸ ਕੇ ਆਪਣੀ ਰਹਿਣੀ ਦੇ ਵਿਰੁਧ ਦਿਖਾਵੇ ਮਾਤ੍ਰ ਕਰਮ

ਕਰਨੇ ਅਤੇ ਲਿਬਾਸ ਤਥਾ ਚਿੰਨ੍ਹ ਭਲੇ ਲੋਕਾਂ ਦੇ ਬਣਾਉਣੇ ਪਾਖੰਡ ਅਰ ਭੇਖ ਹੈ।”

ਜੋ ਲੋਕ ਕੇਵਲ ਉਦਰ ਪੂਰਤੀ ਲਈ, ਲੋਕਾਂ ਨੂੰ ਲੁਟਣ ਲਈ ਬਾਹਰੀ ਭੇਖ ਧਾਰਨ ਕਰਕੇ, ਲੋਕਾਂ ਨੂੰ ਭਰਮ-ਭੁਲੇਖੇ ਵਿੱਚ ਪਾ ਕੇ ਆਪਣੀ ਮਨ ਦੀ ਮਤਿ ਅਨੁਸਾਰ ਘਰ-ਘਰ ਜਾ ਕੇ ਮੰਗਦੇ ਫਿਰਦੇ ਹਨ ‘ਬਹੁ ਭੇਖ ਕੀਆ ਦੇਹੀ ਦੁਖੁ ਦੀਆ` (੪੬੭) ਅਨੁਸਾਰ ਦੁਖ ਸਹਿੰਦੇ ਹੋਏ ਲੋਕਾਂ ਨੂੰ ਭਰਮਾਉਂਦੇ ਹਨ, ਗੁਰਬਾਣੀ ਐਸੇ ਕਪਟੀ ਧਰਮੀ ਮਨੁੱਖਾਂ ਤੋਂ ਬਚਣ ਲਈ ਬਾਰ-ਬਾਰ ਸਾਡਾ ਮਾਰਗ ਦਰਸ਼ਨ ਕਰਦੀ ਹੈ-

- ਐ ਜੀ ਬਹੁਤੇ ਭੇਖ ਕਰਹਿ ਭਿਖਿਆ ਕਉ ਕੇਤੇ ਉਦਰੁ ਭਰਨ ਕੈ ਤਾਈ।।

ਬਿਨੁ ਹਰਿ ਭਗਤਿ ਨਾਹੀ ਸੁਖੁ ਪ੍ਰਾਨੀ ਬਿਨੁ ਗੁਰ ਗਰਬੁ ਨ ਜਾਈ।।

(ਗੂਜਰੀ ਮਹਲਾ ੧-੫੦੪)

-ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ।।

ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ।।

(ਸਲੋਕ ਸ਼ੇਖ ਫਰੀਦ ਕੇ-੧੩੮੦)

ਜਿਸ ਮੁਸਲਮਾਨ ਦੇ ਕੰਧੇ (ਕੰਨਿ) ਉਤੇ ਨਮਾਜ਼ ਪੜ੍ਹਣ ਦਾ ਆਸਣ (ਮੁਸਲਾ) ਹੈ, ਗਲ ਵਿੱਚ ਕੰਬਲ ਦਾ ਲਿਬਾਸ (ਕਫਨੀ) ਹੈ, ਦਿਲ ਅੰਦਰ ਛੁਰੀ (ਦਿਲ ਵਿੱਚ ਕਰੂਰਤਾ) ਹੈ ਪਰ ਬੋਲਾਂ ਵਿੱਚ ਗੁੜ ਵਰਗੀ ਮਿਠਾਸ ਹੈ, ਐਸੇ ਪਾਖੰਡੀ ਲੋਕ ਬਾਹਰੋਂ ਭਾਵੇਂ ਚੰਗੇ ਧਰਮੀ ਦਿਸਦੇ ਹਨ ਪਰ ਅੰਦਰੋਂ ਸਾਰਾ ਕੁੱਝ ਅਗਿਆਨਤਾ ਰੂਪੀ ਹਨੇਰੇ ਵਿੱਚ ਭਟਕਣਾ ਹੀ ਹੈ, ਹੋਰ ਕੁੱਝ ਨਹੀਂ। ਅਸੀਂ ਕਿਤੇ ਇਹ ਨਾ ਸੋਚੀਏ ਕਿ ਬਾਬਾ ਫਰੀਦ ਜੀ ਤਾਂ ਉਕਤ ਉਪਦੇਸ਼ ਕੇਵਲ ਮੁਸਲਮਾਨ ਨੂੰ ਦੇ ਰਹੇ ਹਨ, ਦ੍ਰਿਸ਼ਟਾਂਤ ਭਾਵੇਂ ਮੁਸਲਮਾਨ ਦਾ ਹੈ, ਪ੍ਰੰਤੂ ਉਪਦੇਸ਼ ਬਾਣੀ ਨੂੰ ਗੁਰੂ ਆਖ ਕੇ ਮੱਥਾ ਟੇਕਣ ਵਾਲੇ ਸਿੱਖਾਂ ਉਪਰ ਸਭ ਤੋਂ ਪਹਿਲਾਂ ਲਾਗੂ ਹੁੰਦਾ ਹੈ।

ਗੁਰੂ ਨਾਨਕ ਸਾਹਿਬ ਜਦੋਂ-ਜਦੋਂ ਐਸੇ ਠੱਗ ਬਿਰਤੀ ਲੋਕਾਂ ਨੂੰ ਧਰਮ ਦੇ ਨਾਮ ਉਪਰ ਕੀਤੇ ਜਾ ਰਹੇ ਕਰਮਕਾਂਡਾਂ ਪ੍ਰਤੀ ‘ਛੋਡੀਲੇ ਪਾਖੰਡਾ।। ਨਾਮ ਲਇਐ ਜਾਹਿ ਤਰੰਦਾ` (੪੭੧) ਦਾ ਉਪਦੇਸ਼ ਦਿੰਦੇ ਤਾਂ ਐਸੇ ਲੋਕ ਆਪਣਾ ਪਾਜ ਉਘੜਦਾ ਵੇਖ ਕੇ ਆਪਣੀ ਚਮੜੀ ਬਚਾਉਣ ਲਈ ਗੁਰੂ ਸਾਹਿਬ ਉਪਰ ਵੀ ਦੋਸ਼ ਲਾਉਣ ਤੋਂ ਰੱਤੀ ਭਰ ਸੰਕੋਚ ਨਾ ਕਰਦੇ। ਉਹ ਗੁਰੂ ਸਾਹਿਬ ਨੂੰ ‘ਦੁਧ ਵਿੱਚ ਕਾਂਜੀ` ਪਾਉਣ ਵਾਲਾ ਆਖ ਕੇ ਭੰਡਦੇ ਹੋਏ ਗ੍ਰਹਿਸਥੀਆਂ ਨੂੰ ਮਾੜਾ ਆਖਦੇ। ਪਰ ਗੁਰੂ ਸਾਹਿਬਾਨ ਐਸੀ ਅਗੰਮੀ ਸਖਸ਼ੀਅਤ ਸਨ ਜਿਨ੍ਹਾਂ ਕੋਲ ਹਰ ਸਵਾਲ ਦਾ ਜਵਾਬ ਬੜੀ ਤਰਕਸ਼ੀਲਤਾ ਵਾਲਾ ਹੈ। ਜੋ ਵੀ ਸੁਣਦਾ ਉਹ ਨਿਰਉਤਰ ਹੋ ਜਾਂਦਾ।

-ਇਸੁ ਭੇਖੈ ਥਾਵਹੁ ਗਿਰਹੋ ਭਲਾ ਜਿਥਹੁ ਕੋ ਵਰਸਾਇ।।

ਸਬਦਿ ਰਤੇ ਤਿਨਾ ਸੋਝੀ ਪਈ ਦੂਜੈ ਭਰਮਿ ਭੁਲਾਇ।।

(ਵਡਹੰਸ ਕੀ ਵਾਰ- ਮਹਲਾ ੩-੫੮੬)

-ਹੋਇ ਅਤੀਤੁ ਗ੍ਰਿਹਸਤਿ ਤਜਿ ਫਿਰਿ ਉਨਹੁ ਕੇ ਘਰਿ ਮੰਗਣਿ ਜਾਈ।।

ਬਿਨੁ ਦਿਤੇ ਕਛੁ ਹਥਿ ਨ ਆਈ।।

(ਭਾਈ ਗੁਰਦਾਸ ਜੀ-ਵਾਰ ੧ ਪਉੜੀ ੪੦)

ਪੁਰੀ ਦੀ ਧਰਤੀ ਉਪਰ ਇੱਕ ਪਾਸੇ ਲੋਕਾਂ ਦਾ ਇੱਕਠ ਵੇਖ ਕੇ ਗੁਰੂ ਨਾਨਕ ਸਾਹਿਬ ਨੇ, ਭਾਈ ਮਰਦਾਨਾ ਜੀ ਨੂੰ ਵੀ ਤਮਾਸ਼ਾ ਵੇਖਣ ਲਈ ਆਖਿਆ। ਗੁਰੂ ਸਾਹਿਬ ਅਤੇ ਭਾਈ ਮਰਦਾਨਾ ਜੀ ਵੀ ਉਸ ਤਮਾਸ਼ੇ ਦਾ ਹਿੱਸਾ ਬਣ ਗਏ। ਕੀ ਵੇਖਦੇ ਹਨ ਕਿ ਕਲਯੁਗ ਨਾਮ ਦਾ ਪਾਂਡਾ ਸਮਾਧੀ ਦਾ ਪਾਖੰਡ ਕਰਦਾ ਹੋਇਆ ਆਪਣੇ ਸਾਹਮਣੇ ਇੱਕ ਗੜਵਾ (ਕਰਵਾ-ਭਾਂਡਾ) ਰੱਖ ਕੇ ਲੋਕਾਂ ਨੂੰ ਉਸ ਦੇ ਭਾਂਡੇ ਵਿੱਚ ਪੈਸੇ ਪਾਉਣ ਉਪਰੰਤ ਅੱਖਾਂ ਬੰਦ ਕਰਨ ਲਈ ਉਪਦੇਸ਼ ਦਿੰਦਾ, ਐਸਾ ਕਰਨ ਨਾਲ ਉਹਨਾਂ ਨੂੰ ਤਿੰਨ ਲੋਕਾਂ ਦੇ ਦਰਸ਼ਨ ਕਰਾਉਣ ਦਾ ਲਾਲਚ ਦਿੰਦਾ। ਐਨੇ ਸੌਖੇ ਤਰੀਕੇ (ਭਾਂਡੇ ਵਿੱਚ ਪੈਸੇ ਪਾ ਕੇ ਅੱਖਾਂ ਬੰਦ ਕਰਨ ਨਾਲ) ਤਿੰਨ ਲੋਕਾਂ ਦੇ ਦਰਸ਼ਨ ਹੋਣ ਦੇ ਐਸੇ ਸੌਖੇ ਕਰਮ ਤੋਂ ਕੌਣ ਵਾਂਝਾ ਰਹਿੰਦਾ? ਲੋਕ ਇਸ ਲਾਲਚ ਨਾਲ ਅਗਿਆਨਤਾ ਵਸ ਉਸਦੇ ਗੜਵੇ ਵਿੱਚ ਪੈਸੇ ਪਾ ਕੇ ਅੱਖਾਂ ਬੰਦ ਕਰ ਲੈਂਦੇ। ਕਲਯੁਗੀ ਪਾਂਡਾ ਵੀ ਪਦਮ ਆਸਣ ਲਾਉਣ ਦੇ ਪਾਖੰਡ ਵਿੱਚ ਕਦੀ ਆਪਣੀਆਂ ਅੱਖਾਂ ਬੰਦ ਕਰਦਾ, ਕਦੀ ਖੋਲ੍ਹਦਾ, ਕਦੀ ਅੰਗੂਠੇ (ਆਂਟ) ਨਾਲ ਇੱਕ ਨਾਸਿਕਾ ਕਦੀ ਦੂਜੀ ਨਾਸਿਕਾ (ਨੱਕ ਦੀ ਸਾਹ ਲੈਣ ਵਾਲੀ ਨਲੀ) ਨੂੰ ਬੰਦ ਕਰ ਲੈਂਦਾ। ਜਦੋਂ ਸਾਰਿਆਂ ਨੇ ਗੜਵੇ ਵਿੱਚ ਪੈਸੇ ਪਾਉਣ ਉਪਰੰਤ ਅੱਖਾਂ ਬੰਦ ਕਰ ਲਈਆਂ ਤਾਂ ਗੁਰੂ ਸਾਹਿਬ ਨੇ ਭਾਈ ਮਰਦਾਨੇ ਨੂੰ ਉਸ ਪਾਂਡੇ ਦਾ ਪੈਸਿਆਂ ਵਾਲਾ ਗੜਵਾ ਚੁਕ ਕੇ ਲੁਕਾ ਦੇਣ ਲਈ ਆਖਿਆ। ਭਾਈ ਮਰਦਾਨਾ ਜੀ ਨੇ ਐਸਾ ਹੀ ਕੀਤਾ।

ਹੁਣ ਜਦੋਂ ਕਲਯੁਗ ਨਾਮੀ ਪਾਂਡੇ ਨੇ ਅੱਖਾਂ ਖੋਲੀਆਂ, ਗੜਵਾ ਸਾਹਮਣੇ ਨਾਂ ਵੇਖ ਕੇ ਕ੍ਰੋਧ ਨਾਲ ਅੱਗ-ਬਗੂਲਾ ਹੋ ਉਠਿਆ। ਕਹਿਣ ਲੱਗਾ ਕਿ ਸਾਧਾਂ ਨਾਲ ਮਸ਼ਕਰੀ ਕਰਨ ਦੀ ਹਿੰਮਤ ਕਿਸਨੇ ਕੀਤੀ ਹੈ, ਉਹ ਉਸਨੂੰ ਸਰਾਪ ਦੇ ਦੇਵੇਗਾ? ਪਾਂਡੇ ਦਾ ਗੁੱਸਾ ਸੁਭਾਵਿਕ ਹੀ ਸੀ ਕਿਉਂਕਿ ਜਿਸ ਮਾਇਆ ਪ੍ਰਾਪਤੀ ਲਈ ਇਹ ਪਾਖੰਡ ਰਚਿਆ ਜਾ ਰਿਹਾ ਸੀ, ਜੇ ਮਾਇਆ ਵਾਲਾ ਗੜਵਾ ਹੀ ਗਵਾਚ ਜਾਏ ਤਾਂ ਇਸ ਸਾਰੇ ਪ੍ਰਪੰਚ ਦਾ ਕੀ ਫਾਇਦਾ? ਜਦੋਂ ਉਸ ਇੱਕਠ ਵਿੱਚ ਪਾਂਡੇ ਨੇ ਆਪਣੀ ਹਾਲ-ਪਾਹਰਿਆ ਨਾਲ ਅਸਮਾਨ ਸਿਰ ਤੇ ਚੁੱਕ ਲਿਆ ਤਾਂ ਗੁਰੂ ਸਾਹਿਬ ਉਸ ਪਾਂਡੇ ਨੂੰ ਮੁਖਾਤਿਬ ਹੋ ਕੇ ਕਹਿਣ ਲੱਗੇ ਕਿ ਤੁਸੀਂ ਹੁਣੇ ਆਖ ਰਹੇ ਸੀ ਕਿ ਉਸਨੂੰ ਅੱਖਾਂ ਬੰਦ ਕਰਕੇ ਤਿੰਨ ਲੋਕਾਂ (ਧਰਤੀ-ਅਕਾਸ਼-ਪਤਾਲ) ਦੇ ਦਰਸ਼ਨ ਹੋ ਰਹੇ ਹਨ ਅਤੇ ਲੋਕਾਂ ਨੂੰ ਵੀ ਇਹ ਦਰਸ਼ਨ ਕਰਾਉਣ ਦਾ ਲਾਲਚ ਦੇ ਰਹੇ ਸੀ, ਉਹ ਇੱਕ ਵਾਰ ਫਿਰ ਅੱਖਾਂ ਬੰਦ ਕਰਕੇ ਆਪਣਾ ਗੜਵਾ ਲੱਭ ਕਿਉਂ ਨਹੀਂ ਲੈਂਦਾ? ਪਰ ਇਸ ਤਰਾਂ ਗੜਵਾ ਲੱਭਣਾ ਉਸ ਦੇ ਵਸ ਵਿੱਚ ਨਹੀਂ ਸੀ ਕਿਉਂ ਕਿ ਇਹ ਤਾਂ ਲੋਕਾਂ ਨੂੰ ਭਰਮ-ਭੁਲੇਖੇ ਵਿੱਚ ਪਾ ਕੇ ਕੇਵਲ ਆਪਣੀ ਉਪਜੀਵਕਾ ਲਈ ਪਾਂਡੇ ਦੇ ਪਾਖੰਡ ਤੋਂ ਵੱਧ ਕੁੱਝ ਵੀ ਨਹੀਂ ਸੀ। ਪਾਂਡਾ ਗੁੱਸੇ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਦੀ ਸ਼ਾਨ ਦੇ ਖਿਲਾਫ ਵੀ ਊਲ-ਜਲੂਲ ਬਕਣ ਲੱਗਾ। ਗੁਰੂ ਸਾਹਿਬ ਨੇ ਹਾਜ਼ਰ ਲੋਕਾਂ ਦੇ ਇੱਕਠ ਸਾਹਮਣੇ ਭਾਈ ਮਰਦਾਨੇ ਰਾਹੀਂ ਉਸਦੀ ਆਪਣੀ ਪਿਠ ਪਿਛੋਂ ਗੜਵਾ ਚੁਕਵਾ ਕੇ ਸਾਹਮਣੇ ਰੱਖਦੇ ਹੋਏ, ਪਾਂਡੇ ਦੇ ਠੱਗੀ ਭਰਪੂਰ ਪਾਖੰਡ ਦਾ ਭਾਂਡਾ ਭੰਨਦੇ ਹੋਏ ਲੋਕਾਂ ਨੂੰ ਸਮਝਾਇਆ ਕਿ ਜਿਸ ਪਾਂਡੇ ਨੂੰ ਇਸੇ ਧਰਤੀ ਉਪਰ ਆਪਣੀ ਹੀ ਪਿਠ ਪਿਛੇ ਪਏ ਹੋਏ ਆਪਣੇ ਗੜਵੇ ਦੀ ਹੀ ਸੋਝੀ ਨਹੀਂ ਹੈ, ਉਹ ਤੁਹਾਨੂੰ ਤਿੰਨ ਲੋਕਾਂ ਦੇ ਦਰਸ਼ਨ ਕਿਵੇਂ ਕਰਵਾ ਸਕਦਾ ਹੈ? ਗੁਰੂ ਸਰਾਫ ਨੇ ਹਾਜ਼ਰ ਇੱਕਠ ਸਾਹਮਣੇ

ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ।।

ਅੰਤਰਜਾਮੀ ਸਭ ਕਿਛੁ ਜਾਨੈ ਉਸ ਤੇ ਕਹਾ ਛਪਾਇਆ।।

(ਆਸਾ ਮਹਲਾ ੫ - ੩੮੧)

ਕਲਯੁਗ ਨਾਮਕ ਪਾਂਡੇ ਦੀ ਅਸਲੀਅਤ ਦਾ ਪਾਜ ਉਘੇੜ ਕੇ ਸਭ ਦੇ ਸਾਹਮਣੇ ਨਸ਼ਰ ਕਰ ਦਿਤਾ।

ਪ੍ਰੰਤੂ ਗੁਰੂ ਨਾਨਕ ਸਾਹਿਬ ਜਾਣਦੇ ਸਨ ਕਿ ਐਸੇ ਪਾਖੰਡੀ ਇਥੇ ਹੀ ਨਹੀਂ, ਇਸ ਸਮੇਂ ਹੀ ਨਹੀਂ, ਸਗੋਂ ਵੱਖ-ਵੱਖ ਥਾਵਾਂ ਤੇ ਆਉਣ ਵਾਲੇ ਸਮੇਂ ਵਿੱਚ ਵੀ ਵਾਰ-ਵਾਰ ਪੈਦਾ ਹੋ ਕੇ ਮਨੁੱਖਤਾ ਨੂੰ ਭਰਮ -ਭੁਲੇਖਿਆਂ ਵਿੱਚ ਪਾ ਕੇ ਲੁਟਦੇ ਰਹਿਣਗੇ, ਆਉਣ ਵਾਲੇ ਸਮੇਂ ਵਿੱਚ ਵੀ ਲੋਕਾਈ ਨੂੰ ਐਸੇ ਠਗ ਬਿਰਤੀ ਦੇ ਕਰਮਕਾਂਡੀਆਂ ਤੋਂ ਬਚਾਉਣ ਲਈ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਦੀ ਰਬਾਬ ਸੰਗ ਵਿਸ਼ਾ ਅਧੀਨ ਸ਼ਬਦ ਗਾਇਨ ਕੀਤਾ ਅਤੇ ਇਸ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹਿੱਸਾ ਬਣਾ ਕੇ ਸਦੀਵੀ ਮਾਰਗ ਦਰਸ਼ਨ ਹਿੱਤ ਮਨੁੱਖਤਾ ਨੂੰ ਸਮਰਪਿਤ ਕਰ ਦਿਤਾ।

ਸਿਖਿਆ:- ਸਾਨੂੰ ਧਰਮ ਦੇ ਨਾਮ ਉਪਰ ਠੱਗੀਆਂ ਮਾਰਨ ਵਾਲੇ, ਭੇਖੀ, ਵਿਹਲੜ, ਮੰਗ ਖਾਣੇ, ਗ੍ਰਹਿਸਥੀਆਂ ਨੂੰ ਮਾੜਾ ਆਖਣ ਵਾਲੇ, ਕਰਮ ਕਾਂਡੀ, ਬਗੁਲ ਸਮਾਧੀਆਂ ਲਾਉਣ ਵਾਲੇ ਪਾਖੰਡੀਆਂ ਤੋਂ ਗੁਰਬਾਣੀ ਗਿਆਨ ਦੇ ਚਾਨਣ ਵਿੱਚ ਹਮੇਸ਼ਾਂ ਲਈ ਜਿਥੇ ਆਪ ਬਚਣਾ ਹੈ ਉਥੇ ਹੋਰਾਂ ਨੂੰ ਵੀ ਬਚਾਉਣ ਪ੍ਰਤੀ ਹਰ ਸਮੇਂ ਯਤਨਸ਼ੀਲ ਰਹਿਣਾ ਚਾਹੀਦਾ ਹੈ। ਜੇ ਅਜਿਹਾ ਨਹੀਂ ਕਰਦੇ ਤਾਂ ਅਸੀਂ ਗੁਰੂ ਨਾਨਕ ਸਾਹਿਬ ਦੇ ਇਸ ਸ਼ਬਦ ਨੂੰ ਕੇਵਲ ਪੜਿਆ-ਸੁਣਿਆ ਹੀ ਹੈ ਸਮਝਿਆ ਨਹੀਂ।

=======

(ਚਲਦਾ … …)

ਸੁਖਜੀਤ ਸਿੰਘ, ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.