.

ਪਤਿਤ ਕੌਣ?

ਗੁਰਬਾਣੀ ਵਿੱਚ “ਪਤਿ” ਸ਼ਬਦ ਇੱਜ਼ਤ, ਮਾਣ ਜਾਂ ਵਡਿਆਈ ਲਈ ਵੀ ਵਰਤਿਆ ਗਿਆ ਹੈ ਜਿਵੇਂ ਗੁਰ ਮਿਲਿ ਭਉਜਲੁ ਲੰਘੀਐ ਦਰਗਹ ਪਤਿ ਪਰਵਾਣੁ ॥ 22 ਤੇ ਧਰਮ ਦੀ ਦੁਨੀਆਂ ਵਿੱਚ ਇਹ ਮਾਣ ਵਡਿਆਈ ਉਸ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਸ ਦਾ ਮਨ ਗੁਰੂ ਨਾਲ ਸਾਂਝ ਪਾ ਕੇ ਵਿਕਾਰਾਂ ਤੋਂ ਰਹਿਤ ਹੋ ਕੇ ਪਾਵਨ, ਪੁਨੀਤ, ਪਵਿੱਤ੍ਰ ਜਾਂ ਪਾਕ ਹੋ ਜਾਵੇ। ਹਿਰਦੈ ਕਮਲੁ ਪ੍ਰਗਾਸਿਆ ਲਾਗਾ ਸਹਜਿ ਧਿਆਨੁ ॥ ਮਨੁ ਨਿਰਮਲੁ ਹਰਿ ਰਵਿ ਰਹਿਆ ਪਾਇਆ ਦਰਗਹਿ ਮਾਨੁ ॥26 ਇਸ ਦੇ ਬਿਪ੍ਰੀਤ ਜਿਸ ਦਾ ਮਨ ਵਿਕਾਰਾਂ ਨਾਲ ਅਪਵਿੱਤਰ, ਨਾਪਾਕ ਜਾਂ ਮੈਲਾ ਹੋਵੇ ਉਹ ਆਪਣਾ ਮਾਨ ਵਡਿਆਈ ਜਾਂ ਪਤਿ (ਇੱਜ਼ਤ) ਗਵਾ ਲੈਂਦਾ ਹੈ ਜਾਂ ਪਤਿਤ (ਬੇਇਜ਼ਤ) ਹੋ ਜਾਂਦਾ ਹੈ ਮਨਿ ਮੈਲੈ ਭਗਤਿ ਨ ਹੋਵਈ ਨਾਮੁ ਨ ਪਾਇਆ ਜਾਇ ॥ ਮਨਮੁਖ ਮੈਲੇ ਮੈਲੇ ਮੁਏ ਜਾਸਨਿ ਪਤਿ ਗਵਾਇ ॥ 39 ਮੈਲੇ ਮਨ ਵਾਲੇ ਮਨਮੁੱਖ ਆਪਣੀ ਪਤਿ ਗਵਾ ਕੇ ਪਤਿਤ ਹੋ ਜਾਂਦੇ ਹਨ ਤੇ ਅਜੇਹੇ (ਮਨਮੁੱਖਾਂ ਦੇ) ਵਿਕਾਰਾਂ ਵਸ ਕੀਤੇ, ਕਰਮਾਂ ਨੂੰ ਗੁਰਬਾਣੀ ਨੇ ਪਤਿਤ ਮੰਨਿਆ ਹੈ। ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ ॥ 692. ਇਸ ਲਈ ਪਤਿਵੰਤ (ਇਜ਼ਤਦਾਰ) ਹੋਣਾ ਜਾਂ ਪਤਿਤ (ਬੇਇਜ਼ਤ) ਹੋਣਾ ਮਨ (ਜੋ ਸਭ ਕਰਮਾਂ ਦਾ ਮੂਲ ਹੈ) ਦੀ ਪਵਿੱਤ੍ਰਤਾ ਤੇ ਹੀ ਨਿਰਭਰ ਹੈ। ਇਹ ਗਲ ਵੱਖਰੀ ਹੈ ਕਿ ਧਰਮ ਨੂੰ ਬਾਹਰਲੀ ਰੂਪ ਰੇਖਾ, ਰੀਤਾਂ ਰਸਮਾਂ ਤੇ ਕਰਮ ਕਾਂਡਾਂ ਤੇ ਆਧਾਰਤ ਕਰ ਦੇਣ ਕਾਰਨ ਪਤਿਤ ਦੀ ਪਰਿਭਾਸ਼ਾ ਵੀ ਬਾਹਰਲੀ ਰੂਪ ਰੇਖਾ ਤੇ ਹੀ ਨਿਰਭਰ ਹੋ ਗਈ ਹੈ ਪਰ ਗੁਰਮਤ ਅਨੁਸਾਰ ਇਹ ਮਨ ਦੀ ਪਵਿੱਤ੍ਰਤਾ ਤੇ ਹੀ ਨਿਰਭਰ ਹੈ। ਅਗਰ “ਪਤਿਤ” ਦੀ ਪ੍ਰਿਭਾਸ਼ਾ ਨੂੰ ਬਾਹਰਲੀ ਰੂਪ ਰੇਖਾ, ਰੀਤਾਂ ਰਸਮਾਂ ਤੇ ਕਰਮ ਕਾਂਡਾਂ ਤੇ ਨਿਰਭਰ ਕੀਤਾ ਜਾਵੇ ਤਾਂ ਸੰਸਾਰ ਦੇ ਤਕਰੀਬਨ ਚਾਰ ਹਜ਼ਾਰ ਧਰਮ ਮਨੌਤੀਆਂ ਅਨੁਸਾਰ “ਪਤਿਤ” ਦੀ ਵਿਆਖਿਆ ਕਰਨੀ ਮੁਸ਼ਕਿਲ ਹੋ ਜਾਵੇਗੀ, ਪਰ ਅਗਰ ਇਸ ਨੂੰ ਮਨ ਦੀ ਪਵਿੱਤ੍ਰਤਾ ਤੇ ਨਿਰਭਰ ਕੀਤਾ ਜਾਵੇ ਤਾਂ ਇਸ ਦੀ ਵਿਆਖਿਆ ਕੇਵਲ ਇਕੋ ਹੀ ਰਹਿ ਜਾਂਦੀ ਹੈ ਤੇ ਇਹੀ ਕਾਰਨ ਹੈ ਕਿ ਗੁਰਬਾਣੀ ਅਨੁਸਾਰ ਇਸ ਦੀ ਵਿਆਖਿਆ ਮਨ ਦੀ ਪਵਿੱਤ੍ਰਤਾ ਤੇ ਹੀ ਨਿਰਭਰ ਹੈ। ਮਨੁੱਖ ਆਪਣੇ ਮਨ (ਦੀ ਪਵਿੱਤ੍ਰਤਾ) ਨੂੰ ਤਾਂ ਜਾਣ ਸਕਦਾ ਹੈ ਪਰ ਕਿਸੇ ਦੂਜੇ ਦੇ ਮਨ ਨੂੰ ਨਹੀ ਜਾਣ ਸਕਦਾ ਤੇ ਮਨ (ਦੀ ਅਵਸਥਾ) ਨੂੰ ਜਾਣੇ ਬਿਨਾ ਕਿਸੇ ਨੂੰ ਪਤਿਤ ਕਰਾਰ ਦੇਣਾ ਕੋਈ ਸਿਆਣਪ ਨਹੀ। ਗੁਰਬਾਣੀ ਦਾ ਕਥਨ ਹੈ ਕਿ ਮਾਇਆ ਮੋਹੁ ਜਗਤੁ ਸਬਾਇਆ ॥ ਤ੍ਰੈ ਗੁਣ ਦੀਸਹਿ ਮੋਹੇ ਮਾਇਆ ॥ 129 ਗੁਰੂ ਜਾਣਦਾ ਹੈ ਕਿ ਮਨੁੱਖ ਨੂੰ ਮਾਇਆ (ਵਿਕਾਰ) ਜਨਮ ਤੋਂ ਹੀ ਘੇਰ ਲੈਂਦੀ ਹੈ, ਯਾ ਜੁਗ ਮਹਿ ਏਕਹਿ ਕਉ ਆਇਆ ॥ ਜਨਮਤ ਮੋਹਿਓ ਮੋਹਨੀ ਮਾਇਆ ॥ 251 ਇਸੇ ਲਈ ਮਨੁੱਖ ਦੇ ਮਨ (ਦੀ ਅਵਸਥਾ) ਨੂੰ ਜਾਣਦੇ ਹੋਏ ਉਸ ਨੇ ਸਚਾਈ ਪ੍ਰਗਟ ਕੀਤੀ ਹੈ ਕਿ ਸਾਰਾ ਸੰਸਾਰ ਹੀ ਮੋਹ ਮਾਇਆ (ਵਿਕਾਰਾਂ) ਦੀ ਲਪੇਟ ਵਿੱਚ ਹੈ, ਸਾਰੇ ਜੀਵ ਤਿੰਨਾਂ ਗੁਣਾ (ਵਿਕਾਰਾਂ) ਦੇ ਪ੍ਰਭਾਵ ਹੇਠ ਹਨ ਇਸ ਲਈ ਕਿਹਾ ਜਾ ਸਕਦਾ ਹੈ ਕਿ ਵਿਰਲੇ ਪਤਿਵੰਤਿਆਂ ਨੂੰ ਛੱਡ ਕੇ ਸਾਰਾ ਸੰਸਾਰ ਹੀ ਵਿਕਾਰਾਂ ਦੇ ਪ੍ਰਭਾਵ ਥੱਲੇ ਕੀਤੇ ਕਰਮਾਂ ਅਨੁਸਾਰ ਪਤਿਤ ਹੋ ਰਿਹਾ ਹੈ।

ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ ॥ 1411 ਪਰ ਵਾਸਤਵ ਵਿੱਚ ਹਰ ਕੋਈ ਆਪਣੇ ਆਪ ਨੂੰ ਪੂਰਨ ਪਾਕ, ਪੁਨੀਤ ਜਾਂ ਪਵਿੱਤ੍ਰ ਹੀ ਸਮਝਦਾ ਹੈ ਭਾਵੇਂ ਗੁਰਮਤ ਦੀ ਤੱਕੜੀ ਦੇ ਪੱਲੇ ਵਿੱਚ ਉਹ ਪੂਰਾ ਉਤਰੇ ਜਾਂ ਨਾ। ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ ॥ ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥ 469 ਇਸ ਵਿਖਾਵੇ ਦੀ ਦੁਨੀਆਂ ਵਿੱਚ ਮਾਨ ਵਡਿਆਈ ਜਾਂ ਪਤਿ ਵੀ ਵਖਾਵੇ ਦੀ ਫੋਕੀ (ਨਕਲੀ) ਜੇਹੀ ਹੀ ਰਹਿ ਗਈ ਹੈ ਕਿਉਂਕਿ ਹਕੀਕਤ ਵਿੱਚ ਹਰ ਪਤਿ ਦੇ ਨਾਲ ਪਤਿਤਾ ਵੀ ਖੜੀ ਹੈ। ਦੁੱਖ ਸੁੱਖ ਵਾਙੂੰ ਦੋਨਾਂ ਨੂੰ ਵੱਖਰਾ ਨਹੀ ਕੀਤਾ ਜਾ ਸਕਦਾ। ਇਸੇ ਲਈ ਜਿਥੇ ਗੁਰਬਾਣੀ ਕਿਸੇ ਨੂੰ ਬੁਰਾ ਕਹਿਣ ਦੇ ਹੱਕ ਵਿੱਚ ਨਹੀ ਉਥੇ ਉਸ ਨੂੰ ਫੋਕੀ ਮਾਨ ਵਡਿਆਈ (ਪਤਿ) ਦੇਣ ਦੇ ਹੱਕ ਵਿੱਚ ਵੀ ਨਹੀ ਕਿਉਂਕਿ ਇਹ ਫੋਕੀ ਪਤਿ ਵਿਕਾਰਾਂ ਦਾ ਕਾਰਨ ਬਣ ਜਾਂਦੀ ਹੈ। ਇਸ ਲਈ ਗੁਰਬਾਣੀ ਦਾ ਫੈਸਲਾ ਹੈ ਕਿ ਬੁਰਾ ਭਲਾ ਕੋਈ ਨ ਕਹੀਜੈ ॥ ਛੋਡਿ ਮਾਨੁ ਹਰਿ ਚਰਨ ਗਹੀਜੈ ॥186 ਕਿਸੇ ਦੂਜੇ ਨੂੰ ਪਤਿਤ ਜਾਂ ਪੁਨੀਤ ਦਾ ਫਤਵਾ ਦੇਣਾ ਛੱਡ ਕੇ, ਦੁਨੀਆ ਦੀ ਫੋਕੀ ਮਾਨ ਵਡਿਆਈ (ਜੋ ਹੰਕਾਰ ਹੀ ਪੈਦਾ ਕਰਦੀ ਹੈ) ਦੀ ਆਸ ਛੱਡ ਕੇ (ਗੁਰਬਾਣੀ ਦੁਆਰਾ) ਪਰਮਾਤਮਾ ਦੇ ਹੁਕਮ ਵਿੱਚ ਚੱਲਣਾ ਹੀ ਸੱਚੀ ਪਤਿ ਦੇ ਅਧਿਕਾਰੀ ਬਣਨਾ ਹੈ। ਸੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੈ ਜਿਸੁ ਮੀਠਾ ਜੀਉ ॥108 ਜਿਸ ਨੇ ਗੁਰੂ ਦੇ ਹੁਕਮ ਵਿੱਚ ਚੱਲ ਕੇ ਉਸ ਨਾਲ ਪਰੀਤ ਪਾ ਲਈ, ਗੁਰੂ ਉਸ ਨੂੰ ਪਤਿਤ ਤੋਂ ਪੁਨੀਤ ਜਾਂ ਪਤਿਵੰਤ ਬਣਾ ਕੇ ਸਦਾ ਉਸ ਦੇ ਸੰਗ ਵਸਦਾ ਹੈ, ਉਸ ਨੂੰ ਫਿਰ ਪਤਿਤ ਨਹੀ ਹੋਣ ਦਿੰਦਾ, ਪਰ ਜਿਸ ਦੀ ਗੁਰੂ ਨਾਲ ਪਰੀਤ ਨਹੀ ਪਈ ਉਹ ਵਿਕਾਰਾਂ ਵੱਸ ਹੋਇਆ ਖੁਆਰ ਹੁੰਦਾ ਰਹਿੰਦਾ ਹੈ। ਗੁਰਬਾਣੀ ਦੇ ਕਥਨ ਅਨੁਸਾਰ: ਮਾਇਆ ਮੋਹਿ ਸਭੋ ਜਗੁ ਬਾਧਾ ॥ ਹਉਮੈ ਪਚੈ ਮਨਮੁਖ ਮੂਰਾਖਾ ॥ 394 ਹੁਣ ਜੇ ਸਾਰਾ ਜਗਤ ਹੀ ਮਾਇਆ ਦੇ ਮੋਹ (ਵਿਕਾਰਾਂ) ਵਿੱਚ ਬੱਝਾ ਹੋਇਆ, ਆਪਣੀ ਮਨਮੱਤ ਤੇ ਹਉਮੈ ਕਾਰਨ ਖੁਆਰ ਹੋਣ ਕਰਕੇ, ਪਤਿਤ ਹੈ, ਤਾਂ ਫਤਵਾ ਕਿਸ ਨੂੰ ਲਾ ਰਿਹਾ ਹੈ? ਪਤਿਤ ਮਨੁੱਖ ਹੀ ਪਤਿਤਪੁਣੇ ਦੇ ਫਤਵੇ ਲਾਈ ਜਾਂਦਾ ਹੈ। ਜੋ ਆਪ ਪੁਨੀਤ ਜਾਂ ਪਵਿੱਤ੍ਰ ਹੈ ਉਹ ਕਿਸੇ ਦੂਸਰੇ ਨੂੰ ਪਤਿਤ ਹੋਣ ਦਾ ਫਤਵਾ ਲਾ ਹੀ ਨਹੀ ਸਕਦਾ। ਇਹੀ ਤਾਂ ਪੁਨੀਤ ਜਾਂ ਪਵਿੱਤ੍ਰ ਹੋਣ ਦੀ ਕਸਵੱਟੀ ਹੈ। ਗੁਰੂ ਦਾ ਅਟੱਲ ਫੇਸਲਾ ਹੈ ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥ ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥ 1381 ਕਿਸੇ ਨੂੰ ਮੰਦਾ ਜਾਂ ਬੁਰਾ ਆਖਣਾ ਹੀ ਉਸ ਨੂੰ ਬੇਇਜ਼ਤ, ਬੇਪਤਿ (ਪਤਿਤ) ਕਰਨਾ ਹੈ ਪਰ ਜਿਸ ਦੇ ਹਿਰਦੇ ਵਿੱਚ ਗੁਰੂ ਦੇ ਬਚਨ ਦ੍ਰਿੜ ਹੋ ਜਾਣ ਕਿ ਸਭਨਾਂ ਵਿੱਚ ਪਰਮਾਤਮਾ ਹੀ ਵਸਦਾ ਹੈ ਤਾਂ ਉਹ ਕਿਸੇ ਨੂੰ ਮੰਦਾ ਕਹਿ ਕੇ ਪਤਿਤ ਕਿਵੇਂ ਕਰ ਸਕਦਾ ਹੈ? ਆਪਣੀ ਜੀਵਨ ਯਾਤਰਾ ਵਿੱਚ ਗੁਰੂ ਸਾਹਿਬਾਨਾਂ ਦਾ ਹਰ ਤਰਾਂ ਦੇ ਮਨੁੱਖਾਂ ਨਾਲ ਵਾਹ ਪੈਂਦਾ ਸੀ ਪਰ ਗੁਰ ਇਤਹਿਾਸ ਵਿੱਚ ਕਦੇ ਪੜ੍ਹਨ ਵਿੱਚ ਨਹੀ ਆਇਆ ਕਿ ਉਹਨਾਂ ਕਿਸੇ ਨੂੰ ਪਤਿਤ ਹੋਣ ਦਾ ਫਤਵਾ ਲਾਇਆ ਹੋਵੇ ਕਿਉਂਕਿ ਪਤਿਤ ਨੂੰ ਪਾਵਨ ਕਰਨਾ ਤਾਂ ਗੁਰੂ ਦਾ ਆਪਣਾ ਬਿਰਧ ਜਾਂ ਸੁਭਾਅ ਹੈ ਪਤਿਤ ਪਵਿਤ ਲਗਿ ਗੁਰ ਕੇ ਪੈਰੇ ਜੀਉ ॥ (216) ਗੁਰੂ ਦੇ ਚਰਨਾਂ (ਗੁਰਉਪਦੇਸ਼) ਨਾਲ ਜੁੜ ਕੇ ਵਿਕਾਰਾਂ ਤੋਂ ਮੁਕਤ ਹੋ ਕੇ ਤਾਂ ਪਵਿਤ (ਪੁਨੀਤ) ਹੋਣਾ ਹੈ, ਤੇ ਜਿਸ ਦਾ ਬਿਰਧ ਕੇਵਲ ਪਵਿੱਤ੍ਰ ਜਾਂ ਪੁਨੀਤ ਕਰਕੇ ਪਤਿਵੰਤ ਬਣਾਉਣਾ ਹੈ ਉਹ ਕਿਸੇ ਨੂੰ ਪਤਿਤ ਦਾ ਫਤਵਾ ਕਿਵੇਂ ਲਾ ਸਕਦਾ ਹੈ?

ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣਹ ॥ ਗੁਰ ਦਇਆਲ ਸਮਰਥ ਗੁਰ ਗੁਰ ਨਾਨਕ ਪਤਿਤ ਉਧਾਰਣਹ ॥ 710 ਉਹ ਸਮਰੱਥ ਦਇਆਲੂ ਤਾਂ ਕੇਵਲ ਪਤਿਤ ਨੂੰ ਪੁਨੀਤ ਕਰਕੇ ਉਸ ਦਾ ਉਧਾਰ ਹੀ ਕਰਦਾ ਹੈ। ਜੇ ਗੁਰੂ ਕਿਸੇ ਨੂੰ ਪਤਿਤ ਦਾ ਫਤਵਾ ਨਹੀ ਲਾਉਂਦਾ ਤਾਂ ਗੁਰੂ ਦਾ ਸਿੱਖ ਇਹ ਕਰਮ ਕਿਵੇਂ ਕਰ ਸਕਦਾ ਹੈ? ਇਸ ਲਈ ਧਰਮ ਵਿੱਚ ਕਿਸੇ ਨੂੰ ਪਤਿਤ ਹੋਣ ਦਾ ਫਤਵਾ ਲਾਉਣਾ ਗੁਰਮਤ ਵਿਰੁਧ ਹੈ। ਡੌਕਟਰ ਦਾ ਕਰਮ ਬਿਮਾਰੀ ਨੂੰ ਠੀਕ ਕਰਨਾ ਹੁੰਦਾ ਹੈ ਪਰ ਜੇ ਡੌਕਟਰ ਹੀ ਲੋਕਾਂ ਨੂੰ ਬਿਮਾਰ ਕਰਨਾ ਸ਼ੁਰੂ ਕਰ ਦੇਵੇ ਤਾਂ ਉਹ ਡੌਕਟਰ ਅਖਵਾਉਣ ਦਾ ਹੱਕਦਾਰ ਨਹੀ ਰਹਿ ਜਾਂਦਾ ਇਸੇ ਤਰਾਂ ਧਰਮ (ਮਨ ਦੀ ਸਾਧਨਾ) ਤਾਂ ਹੈ ਹੀ ਵਿਕਾਰਾਂ ਵੱਸ ਹੋਏ ਪਤਿਤ ਮਨ ਨੂੰ ਪੁਨੀਤ ਕਰਨ ਲਈ ਪਰ ਜਿਹੜਾ ਧਰਮ ਪਤਿਤ ਮਨੁੱਖ ਨੂੰ ਪੁਨੀਤ ਕਰਨ ਦੀ ਬਜਾਏ ਪਤਿਤ ਕਰਾਰ ਦੇਈ ਜਾਵੇ, ਉਹ ਫਿਰ ਧਰਮ ਤਾਂ ਨਹੀ ਮਜ਼ਬ ਹੋ ਸਕਦਾ ਹੈ। ਵਾੜ ਹੀ ਖੇਤ ਨੂੰ ਉਜਾੜਨ ਲੱਗ ਪਵੇ ਤਾਂ ਉਹ ਵਾੜ ਕਹਿਲਾਉਣ ਦੀ ਹੱਕਦਾਰ ਕਿਵੇਂ ਹੋ ਸਕਦੀ ਹੈ। ਇਹ ਇੱਕ ਮਨੁੱਖ ਦਾ ਭਰਮ ਹੀ ਹੈ ਕਿ ਕੇਵਲ ਕਿਸੇ ਇੱਕ ਰਸਮ ਨਾਲ ਕਿਸੇ ਨੂੰ ਧਰਮੀ ਬਣਾਇਆ ਜਾ ਸਕਦਾ ਹੈ ਕਿਉਂਕਿ ਨਾ ਕੋਈ ਕਿਸੇ ਨੂੰ ਧਰਮ ਵਿੱਚ ਸ਼ਾਮਲ ਕਰਕੇ ਉਸ ਨੂੰ ਪਤਿਵੰਤ ਬਣਾ ਸਕਦਾ ਹੈ ਤੇ ਨਾ ਹੀ ਕੋਈ ਕਿਸੇ ਨੂੰ ਧਰਮ ਵਿੱਚੋਂ ਛੇਕ ਕੇ ਪਤਿਤ ਕਰਾਰ ਦੇ ਸਕਦਾ ਹੈ। ਪਹਿਲਾਂ ਤਾਂ, ਧਰਮ ਇੱਕ ਨਿਜੀ ਮਾਮਲਾ ਹੈ ਜਿਸ ਵਿੱਚ ਕਿਸੇ ਦੂਜੇ ਦਾ ਦਖਲ ਨਹੀ ਹੋ ਸਕਦਾ, ਤੇ ਦੂਜਾ ਇਹ, ਕਿ ਇਹ ਹੱਕ ਕੇਵਲ ਤੇ ਕੇਵਲ ਗੁਰੂ ਕੋਲ ਹੀ ਹੈ ਜੋ ਅੰਤਰਜਾਮੀ ਸਭ ਦੇ ਦਿਲਾਂ ਦੀਆਂ ਜਾਣਦਾ ਹੈ। ਗੁਰੂ ਦੀ ਤਾਂ ਇਹ ਵਡਿਆਈ ਹੈ ਕਿ ਦਰ ਆਏ ਹਰ ਪ੍ਰਾਣੀ ਨੂੰ ਗਲ ਨਾਲ ਲਾ ਕੇ ਆਪਣੇ ਉਪਦੇਸ਼ਾਂ ਦੁਆਰਾ ਪਾਕ ਜਾਂ ਪੁਨੀਤ ਕਰਕੇ ਪਤਿਵੰਤ ਬਣਾਉਂਦਾ ਹੈ ਕਿਉਂਕਿ ਇਹੀ ਉਸ ਦਾ ਬਿਰਧ ਹੈ, ਸੁਭਾਅ ਹੈ ਮਿਲਿ ਸਾਧੂ ਦੁਰਮਤਿ ਖੋਏ ॥ ਪਤਿਤ ਪੁਨੀਤ ਸਭ ਹੋਏ ॥ 624 ਤੇ ਜੋ ਵੀ ਉਸ ਦੇ ਉਪਦੇਸ਼ ਵਿੱਚ ਇਸ਼ਨਾਨ ਕਰੇਗਾ (ਉਪਦੇਸ਼ ਤੇ ਚਲੇਗਾ) ਉਹ ਪਤਿਤ ਤੋਂ ਪੁਨੀਤ (ਪਤਿਵੰਤ) ਹੋ ਜਾਵੇਗਾ, ਕਾਗੋਂ ਹੰਸ ਹੋ ਜਾਵੇਗਾ, ਨਾਪਾਕ ਤੋਂ ਪਾਕ ਹੋ ਜਾਵੇਗਾ, ਵਿਕਾਰਾਂ ਤੋਂ ਮੁਕਤ ਹੋ ਜਾਵੇਗਾ, ਅਗਿਆਨਤਾ ਦੇ ਹਨੇਰੇ ਵਿਚੋਂ ਗਿਆਨ ਦੀ ਰੌਸ਼ਨੀ ਵਿੱਚ ਆ ਜਾਵੇਗਾ। ਇਥੇ ਗੁਰੂ ਵਲੋਂ ਕੋਈ ਮਜਬੂਰੀ ਨਹੀ, ਗੁਰਗਿਆਨ ਦੇ ਸਰੋਵਰ ਵਿੱਚ ਨ੍ਹਾਉਣ ਦੀ ਕੋਈ ਬੰਧਿਸ਼ ਨਹੀ, ਕੋਈ ਜ਼ਬਰਦਸਤੀ ਨਹੀ ਤੇ ਹਰ ਕਿਸੇ ਨੂੰ ਉਪਦੇਸ਼ ਲੈਣ ਜਾਂ ਇਨਕਾਰੀ ਹੋਣ ਦੀ ਪੂਰਨ ਖੁਲ ਹੈ। ਇਹੀ ਤਾਂ ਗੁਰੂ ਦੀ ਵਡਿਆਈ ਹੈ ਕਿ ਗੁਰੂ ਬੰਧਨ ਪਾਉਂਦਾ ਨਹੀ ਬਲਿਕੇ ਪਏ ਬੰਧਨਾਂ ਨੂੰ ਕੱਟਦਾ ਹੈ। ਅਖੌਤੀ ਧਰਮਾਂ ਦੀਆਂ ਸਦੀਆਂ ਪੁਰਾਣੀਆਂ ਤੇ ਬੁਸੀਆਂ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਦੁਆਰਾ ਬਣਾਏ ਗਏ ਗੁਲਾਮ ਮਨੁਖ ਦੇ ਬੰਧਨਾਂ ਨੂੰ ਗਿਆਨ ਦੀ ਖੜਗ ਨਾਲ ਕੱਟ ਕੇ ਤਾਂ ਗੁਰੂ ਨੇ ਮੁਕਤ ਕਰਾਇਆ ਸੀ, ਪਤਿਵੰਤ ਬਣਾਇਆ ਸੀ, ਪਤਿ ਬਖਸ਼ੀ ਸੀ, ਪਰ ਅਫਸੋਸ ਕਿ ਮਨੁੱਖ ਗੁਰਗਿਆਨ ਦੀ ਖੜਗ ਨੂੰ ਲੋਹੇ ਦੀ ਖੜਗ ਨਾਲ ਬਦਲਾ ਬੈਠਾ ਹੈ ਜਿਸ ਦਾ ਨਤੀਜਾ (ਧਰਮ ਦਾ ਨਿਘਾਰ) ਸਭ ਦੇ ਸਾਹਮਣੇ ਹੈ। ਧਰਮ ਅਸਥਾਨਾਂ ਤੇ ਲੋਹੇ ਦੀ ਲਿਸ਼ਕਦੀ ਖੜਗ ਦੇ (ਪਤਿ ਰੋਲਣ ਦੇ) ਚਮਤਕਾਰ ਤਾਂ ਆਮ ਵੇਖੇ ਜਾ ਸਕਦੇ ਹਨ ਪਰ ਗਿਆਨ ਦੀ ਖੜਗ ਦੀ ਲਿਸ਼ਕ ਦੇ (ਪਤਿਵੰਤ ਬਣਾਉਣ ਦੇ ਚਮਤਕਾਰ) ਕਿਤੇ ਨਜ਼ਰ ਨਹੀ ਆਉਂਦੇ। ਜਿਹੜੀ (ਲੋਹੇ) ਦੀ ਖੜਗ ਕਦੇ ਕਦੇ ਕੰਮ ਆਉਣੀ ਹੈ ਉਹ ਤਾਂ ਮਨੁੱਖ ਨੇ ਧਾਰਨ ਕਰ ਲਈ ਪਰ ਜੋ (ਗਿਆਨ) ਖੜਗ ਨਿੱਤ ਤੇ ਹਰ ਪਲ ਕੰਮ ਆਉਣ ਵਾਲੀ ਹੈ ਉਸ ਨੂੰ ਤਿਆਗੀ ਬੈਠਾ ਹੈ ਗੁਰ ਤੇ ਗਿਆਨੁ ਪਾਇਆ ਅਤਿ ਖੜਗੁ ਕਰਾਰਾ ॥ ਦੂਜਾ ਭ੍ਰਮੁ ਗੜੁ ਕਟਿਆ ਮੋਹੁ ਲੋਭੁ ਅਹੰਕਾਰਾ ॥ 1087 ਇਹੀ (ਗਿਆਨ ਦੀ) ਖੜਗ ਹੈ ਜਿਸ ਦੇ ਅਲੱਗ ਹੋਣ ਤੋਂ ਗੁਰੂ ਨੇ ਵਰਜਿਆ ਸੀ ਕਿਉਂਕਿ ਇਹ ਨਿੱਤ ਦੇ ਭਰਮਾਂ ਤੇ ਵਿਕਾਰਾਂ ਦੇ ਪਤਿਤਪੁਣੇ ਤੋਂ ਬਚਾ ਕੇ ਪਵਿੱਤ੍ਰ, ਪੁਨੀਤ ਜਾਂ ਪਤਿਵੰਤ ਬਣਾ ਦਿੰਦੀ ਹੈ। ਬਾਹਰਲੇ, ਪਤਿ ਲੁਟੇਰੇ, ਦੁਸ਼ਮਣ ਨਾਲ ਤਾਂ ਕਿਤੇ ਕਿਤਾਈਂ ਟਾਕਰਾ ਹੁੰਦਾ ਹੈ ਪਰ ਜੋ, ਪਤਿ ਲੁਟੇਰਾ, ਦੁਸ਼ਮਣ (ਵਿਕਾਰ) ਅੰਦਰੋਂ ਹਮਲੇ ਕਰਕੇ ਹਰ ਪਲ ਪਤਿ ਲੁੱਟੀ ਜਾ ਰਿਹਾ ਹੈ, ਬੇਪਤਿ (ਪਤਿਤ) ਕਰੀ ਜਾ ਰਿਹਾ ਹੈ ਉਸ ਤੋਂ ਬਚਣ ਲਈ ਲੋਹੇ ਦੀ ਖੜਗ ਨਹੀ ਬਲਿਕੇ ਕੇਵਲ ਗੁਰੂ ਦੀ ਬਖਸ਼ੀ ਗਿਆਨ ਖੜਗ ਹੀ ਸਹਾਈ ਹੋ ਸਕਦੀ ਹੈ। ਗਿਆਨ ਖੜਗੁ ਕਰਿ ਕਿਰਪਾ ਦੀਨਾ ਦੂਤ ਮਾਰੇ ਕਰਿ ਧਾਈ ਹੇ ॥ 1072 ਇੱਕ ਗੁਰਗਿਆਨ ਖੜਗ ਹੀ ਹੈ ਜੋ ਦੂਤਾਂ (ਵਿਕਾਰਾਂ) ਤੇ ਹੱਲਾ ਬੋਲ ਕੇ, ਤੇ ਉਹਨਾਂ ਨੂੰ ਮਾਰ ਕੇ, ਪਤਿਤ ਹੋਣ ਤੋਂ ਬਚਾ ਸਕਦੀ ਹੈ। ਅਗਿਆਨਤਾ ਕਾਰਨ ਵਿਕਾਰ ਹੀ ਮਨੁੱਖ ਨੂੰ ਪਤਿਤ ਬਣਾ ਦਿੰਦੇ ਹਨ ਤੇ ਗੁਰੂ, ਗਿਆਨ ਦੀ ਖੜਗ ਨਾਲ ਵਿਕਾਰੀ ਬੰਧਨਾਂ ਨੂੰ ਕੱਟ ਕੇ ਪਤਿਤ ਤੋਂ ਪੁਨੀਤ ਕਰ ਦਿੰਦਾ ਹੈ, ਬੰਧਨ ਮੁਕਤ ਕਰ ਦਿੰਦਾ ਹੈ, ਪਤਿਵੰਤ ਬਣਾ ਦਿੰਦਾ ਹੈ। ਗੁਰੂ ਦੇ ਬਚਨਾਂ ਤੇ ਚੱਲਣ ਨਾਲ, ਉਸ ਦੇ ਹੁਕਮ ਨੂੰ ਮੰਨਣ ਨਾਲ ਹੀ ਆਦਰ, ਸਤਿਕਾਰ ਜਾਂ ਪਤਿਵੰਤ ਦਾ ਅਧਿਕਾਰੀ ਬਣਿਆ ਜਾ ਸਕਦਾ ਹੈ ਨਾਇ ਮੰਨਿਐ ਪਤਿ ਊਪਜੈ ਸਾਲਾਹੀ ਸਚੁ ਸੂਤੁ ॥ ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ ਪੂਤ ॥ 471 ਧਰਮ ਦੇ ਬਾਹਰਲੇ ਚਿੰਨ ਅੰਦਰੂਨੀ ਵਿਕਾਰਾਂ ਤੋਂ ਸੁਰਖਰੂ ਕਰਕੇ ਪਤਿ ਨਹੀ ਬਚਾ ਸਕਦੇ, ਕੇਵਲ ਪਰਮਾਤਮਾ ਦੇ ਨਾਮ (ਹੁਕਮ) ਦੇ ਚਿੰਨ ਧਾਰਨ ਨਾਲ, ਉਸ ਦੀ ਸਿਫਤ ਸ਼ਾਲਾਘਾ ਕਰਨ ਨਾਲ (ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ ॥ 100), ਗੁਰੂ ਦੇ ਉਪਦੇਸ਼ਾਂ ਦੇ ਚਿੰਨ ਧਾਰਨ ਨਾਲ ਹੀ ਪਤਿ ਪ੍ਰਵਾਨ ਹੋਣੀ ਹੈ। ਪਰ ਮਨੁੱਖ ਸੌਖੇ ਰਾਹਾਂ ਦੀ ਭਾਲ ਵਿੱਚ ਪਰਮਾਤਮਾ ਦੇ ਹੁਕਮ ਤੋਂ ਇਨਕਾਰੀ ਹੋ ਕੇ, ਵਿਕਾਰਾਂ ਦੇ ਚਿੱਕੜ ਵਿੱਚ ਫਸ ਕੇ ਆਪ ਹੀ ਆਪਣੀ ਪਤਿ ਗਵਾ ਬੈਠਦਾ ਹੈ। ਉਸ ਨੂੰ ਇਹ ਵੱਡ੍ਹਾ ਭਰਮ ਹੈ ਕਿ ਬਾਹਰਲੇ ਦੁਨਿਆਵੀ ਪਦਾਰਥਾਂ, ਕਰਮ ਕਾਂਡਾਂ ਜਾਂ ਝੂਠੀ ਪਤਿ ਦੇ ਦਾਹਵਿਆਂ ਨਾਲ ਪਤਿਵੰਤ ਹੋਇਆ ਜਾ ਸਕਦਾ ਹੈ ਪਰ ਗੁਰੂ ਦਾ ਫੇਸਲਾ ਹੈ ਕਿ: ਸੇ ਧਨਵੰਤੇ ਸੇ ਪਤਿਵੰਤੇ ਹਰਿ ਕੀ ਸਰਣਿ ਸਮਾਹਿ ॥ 1225 ਗੁਰੂ (ਗੁਰਬਾਣੀ) ਦੀ ਸ਼ਰਨ ਭਾਵ ਹੁਕਮ ਵਿੱਚ ਚੱਲੇ ਬਿਨਾ ਧਨਵੰਤ (ਗੁਣਵੰਤ) ਤੇ ਪਤਿਵੰਤ ਨਹੀ ਹੋਇਆ ਜਾ ਸਕਦਾ। ਪਰ ਅੱਜ ਗੁਰ ਉਪਦੇਸ਼ ਤੋਂ ਸੱਖਣੇ ਤੇ ਭਰਮਾਂ ਵਿੱਚ ਪਏ ਧਰਮ ਦੇ ਠੇਕੇਦਾਰ, ਧਰਮ ਦੇ ਆਗੂ, ਧਰਮ ਦੇ ਦ੍ਹਾਵੇਦਾਰ, ਆਪਣੀਆਂ ਹੀ ਘੜੀਆਂ ਝੂਠੀਆਂ ਪਦਵੀਆਂ ਤੇ ਹੰਕਾਰ ਵਸ ਹੋਏ ਗੁਣਵੰਤ ਤੇ ਪਤਿਵੰਤ ਬਣੇ ਬੈਠੇ ਹਨ ਤੇ ਦੂਜਿਆਂ ਨੂੰ ਪਤਿਤ ਕਰਾਰ ਦੇਣ ਵਿੱਚ ਜ਼ਰਾ ਵੀ ਸੰਕੋਚ ਨਹੀ ਕਰਦੇ। ਗੁਰਬਾਣੀ ਉਪਦੇਸ਼ ਹੈ:

ਆਪਸ ਕਉ ਜੋ ਭਲਾ ਕਹਾਵੈ ॥ ਤਿਸਹਿ ਭਲਾਈ ਨਿਕਟਿ ਨ ਆਵੈ ॥ 278 ਕਿਸੇ ਨੂੰ ਪਤਿਤ ਕਹਿਣ ਵਾਲਾ ਆਪ ਪੁਨੀਤ ਕਿਵੇਂ ਹੋ ਸਕਦਾ ਹੈ? ਇੱਕ ਨਿਰਮਲ, ਪੁਨੀਤ ਤੇ ਪਵਿੱਤ੍ਰ ਗੁਰਮੁਖ ਆਪਣੇ ਗੁਰੂ ਦੀ ਹੁਕਮ ਅਦੂਲੀ ਕਰਕੇ ਕਿਸੇ ਦੂਜੇ ਦੀ ਪਤਿ ਤੇ ਹਮਲਾ ਹਰਗਿਜ਼ ਨਹੀ ਕਰ ਸਕਦਾ, ਗੁਰ ਫੁਰਮਾਨ ਹੈ ਗੁਰਮੁਖਿ ਆਪੁ ਪਛਾਣੀਐ ਬੁਰਾ ਨ ਦੀਸੈ ਕੋਇ ॥ 1244, ਕਿਸੇ ਦੂਜੇ ਨੂੰ ਬੁਰਾ ਆਖ ਕੇ ਪਤਿਤ ਕਰਨਾ, ਆਪਣੇ ਆਪ ਨੂੰ ਹੀ ਪਤਿਤ ਸਾਬਤ ਕਰ ਦਿੰਦਾ ਹੈ। ਜੋ ਸੂਰਮਾ (ਗੁਰੂ ਦੁਆਰਾ) ਆਪਣੀਆਂ ਬੁਰਿਆਈਆਂ (ਵਿਕਾਰਾਂ) ਨੂੰ ਮਿਟਾ ਕੇ ਪਤਿਵੰਤ ਹੋ ਜਾਂਦਾ ਹੈ ਪਤਿ ਰਾਖੀ ਗੁਰਿ ਪਾਰਬ੍ਰਹਮ ਤਜਿ ਪਰਪੰਚ ਮੋਹ ਬਿਕਾਰ ॥ 258 ਉਹ ਕਿਸੇ ਦੂਜੇ ਨੂੰ ਬੁਰਾ ਕਹਿ ਕੇ ਪਤਿਤ ਨਹੀ ਕਰ ਸਕਦਾ ਬੀਰਾ ਆਪਨ ਬੁਰਾ ਮਿਟਾਵੈ ॥ ਤਾਹੂ ਬੁਰਾ ਨਿਕਟਿ ਨਹੀ ਆਵੈ ॥ 258 ਕਿਉਂਕਿ ਉਸ ਨੂੰ ਕੋਈ ਬੁਰਾ (ਪਤਿਤ) ਦਿਸਦਾ ਹੀ ਨਹੀ। ਇਸ ਲਈ ਕਿਸੇ ਦੂਜੇ ਨੂੰ ਪਤਿਤ ਕਹਿਣ ਤੋਂ ਪਹਿਲਾਂ ਆਪਣੇ ਵਲ ਝਾਤੀ ਮਾਰਨੀ ਬੜੀ ਲਾਭਦਾਇਕ ਹੋ ਸਕਦੀ ਹੈ। ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥ 1378

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.
.