.

ਗੁਰਬਾਣੀ ਅਤੇ ਇਤਿਹਾਸ ਦਾ ਸੁਮੇਲ (ਭਾਗ-6)

(ਸੁਖਜੀਤ ਸਿੰਘ ਕਪੂਰਥਲਾ)

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ-5 ਪੜੋ

ਇਸ ਚਲ ਰਹੀ ਲੇਖ ਲੜੀ ਤਹਿਤ ਉਹਨਾਂ ਗੁਰਬਾਣੀ ਦੇ ਸ਼ਬਦਾਂ ਦੀ ਵਿਚਾਰ ਨੂੰ ਪ੍ਰਾਰੰਭ ਕੀਤਾ ਗਿਆ ਹੈ ਜਿਹੜੇ ਸ਼ਬਦ ਕਿਸੇ ਨਾ ਕਿਸੇ ਇਤਿਹਾਸਕ ਘਟਨਾ ਨਾਲ ਸਬੰਧ ਰੱਖਦੇ ਹਨ। ਇਤਿਹਾਸਕ ਤੌਰ ਤੇ ਇਹ ਸ਼ਬਦ ਭਾਵੇਂ ਵਿਅਕਤੀ ਵਿਸ਼ੇਸ਼ ਨਾਲ ਸਬੰਧ ਰੱਖਦੇ ਹਨ ਪਰ ਅਧਿਆਤਮਕ ਤੌਰ ਤੇ ਉਪਦੇਸ਼ ਅਤੇ ਸਿਖਿਆ “ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ” (੬੪੭) ਅਨੁਸਾਰ ਸਮੁੱਚੀ ਮਾਨਵਤਾ ਲਈ ਸਰਬ ਸਾਂਝੀ ਹੀ ਹੈ।

ਧਨਾਸਰੀ ਮਹਲਾ ੧ ਆਰਤੀ (੬੬੩)

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ।।

ਧੂਪੁ ਮਨਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ।। ੧।।

ਕੈਸੀ ਆਰਤੀ ਹੋਇ।।

ਭਵ ਖੰਡਨਾ ਤੇਰੀ ਆਰਤੀ।। ਅਨਹਤਾ ਸਬਦ ਵਾਜੰਤ ਭੇਰੀ।। ੧।। ਰਹਾਉ।।

ਸਹਸ ਤਵ ਨੈਨ ਨਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤ+ਹੀ।।

ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ।। ੨।।

ਸਭਿ ਮਹਿ ਜੋਤਿ ਜੋਤਿ ਹੈ ਸੋਇ।।

ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ।।

ਗੁਰ ਸਾਖੀ ਜੋਤਿ ਪ੍ਰਗਟਿ ਹੋਇ।।

ਜੋ ਤਿਸੁ ਭਾਵੈ ਸੁ ਆਰਤੀ ਹੋਇ।। ੩।।

ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨ+ ਮੋਹਿ ਆਹੀ ਪਿਆਸਾ।।

ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮਿ ਵਾਸਾ।। ੪।। ੧।। ੭।। ੯।।

ਗੁਰੂ ਨਾਨਕ ਸਾਹਿਬ ਆਪਣੇ ਪ੍ਰਚਾਰ ਦੌਰੇ (ਉਦਾਸੀਆਂ) ਦੌਰਾਨ ਚਲਦੇ-ਚਲਦੇ ਭਾਈ ਮਰਦਾਨਾ ਜੀ ਦੇ ਸੰਗ ਜਗਨਨਾਥ ਪੁਰੀ ਦੀ ਧਰਤੀ ਤੇ ਪਹੁੰਚੇ। ਉਥੋਂ ਦੇ ਲੋਕਾਂ ਵਲੋਂ ਜਗਨ ਨਾਥ (ਸ੍ਰੀ ਕ੍ਰਿਸ਼ਨ ਜੀ) ਨੂੰ ਮੰਨਦੇ ਹੋਏ ਸ੍ਰੀ ਕ੍ਰਿਸ਼ਨ, ਬਲਰਾਮ ਅਤੇ ਭੱਦ੍ਰ ਦੀਆਂ ਮੂਰਤੀਆਂ ਨਾਲ ਹਰ ਸਾਲ ਰੱਥ ਯਾਤਰਾ ਦੇ ਰੂਪ ਵਿੱਚ ਸ਼ੋਭਾ ਯਾਤਰਾ ਸਜਾਈ ਜਾਂਦੀ ਹੈ। ਸਤਿਗੁਰੂ ਜੀ ਇਸ ਸਮੇਂ ਇਥੇ ਪਹੁੰਚੇ ਸਨ। ਲੋਕਾਂ ਦੇ ਮਨ ਵਿੱਚ ਇਹ ਵਿਸ਼ਵਾਸ ਪ੍ਰਪੱਕ ਸੀ ਕਿ ਜਗਨ ਨਾਥ ਹੀ ਜਗਤ ਦਾ ਮਾਲਕ ਹੈ, ਸਭ ਕੁੱਝ ਉਸੇ ਦੇ ਹੁਕਮ ਵਿੱਚ ਸ਼੍ਰਿਸ਼ਟੀ ਅੰਦਰ ਵਰਤ ਰਿਹਾ ਹੈ।

ਇਸੇ ਭਾਵਨਾ ਅਧੀਨ ਲੋਕ ਪੰਡਿਤਾਂ ਦੇ ਪਿਛੇ ਲਗ ਕੇ ਜਗਨ ਨਾਥ ਦੇ ਮੰਦਿਰ ਵਿੱਚ ਇੱਕਠੇ ਹੋ ਕੇ ਥਾਲ ਵਿੱਚ ਦੀਵੇ, ਧੂਫ, ਫੁਲ, ਸੁਗੰਧੀਆਂ ਰੱਖ ਕੇ, ਵੱਖ-ਵੱਖ ਸਾਜਾਂ ਦੀਆਂ ਅਵਾਜ਼ਾਂ ਦੇ ਸ਼ੋਰ ਵਿੱਚ ਮੂਰਤੀਆਂ ਨੂੰ ਚੌਰ ਕਰਦੇ ਹੋਏ, ਭਜਨ ਗਾਉਂਦੇ ਹੋਏ ਮੂਰਤੀਆਂ ਦੀ ਆਰਤੀ ਉਤਾਰ ਰਹੇ ਸਨ। ਪੰਡਿਤਾਂ ਦੁਆਰਾ ਸਜਾਏ ਆਰਤੀ ਦੇ ਥਾਲਾਂ ਵਿੱਚ ਲੋਕ ਮਾਇਆ ਅਰਪਣ ਕਰ ਰਹੇ ਸਨ। ਹਾਜ਼ਰ ਲੋਕਾਂ ਅਤੇ ਪੰਡਿਤਾਂ ਵਲੋਂ ਇਸ ਚਲ ਰਹੀ ਆਰਤੀ ਵਿੱਚ ਸ਼ਾਮਲ ਹੋਣ ਲਈ ਗੁਰੂ ਨਾਨਕ ਸਾਹਿਬ ਨੂੰ ਵੀ ਸੱਦਾ ਦਿਤਾ। ਸਤਿਗੁਰੂ ਕੁੱਝ ਸਮਾਂ ਮੰਦਿਰ ਦੇ ਅੰਦਰ ਰਹਿਣ ਉਪਰੰਤ ਚਲ ਰਹੀ ਆਰਤੀ ਦੌਰਾਨ ਹੀ ਖੁਲੇ ਅਸਮਾਨ ਵਿੱਚ ਆ ਗਏ ਅਤੇ ਰਾਤ ਦੇ ਸਮੇਂ ਅਸਮਾਨ ਵਿੱਚ ਚਮਕ ਰਹੇ ਚੰਦ ਤਾਰਿਆਂ ਨੂੰ ਨਿਹਾਰਣ ਲਗ ਪਏ ਅਤੇ ਕਿਸੇ ਅਗੰਮੀ ਸੋਚ ਵਿੱਚ ਡੁੱਬ ਗਏ।

ਕਿੰਨੀ ਹੈਰਾਨਗੀ ਦੀ ਗੱਲ ਹੈ ਕਿ ਅਜ ਸਿੱਖ ਸਮਾਜ ਵਿੱਚ ਅਖੌਤੀ ਸੰਤਾਂ-ਮਹਾਂਪੁਰਖਾਂ ਦੇ ਪਿਛੇ ਲੱਗ ਕੇ ਬਹੁਤ ਸਾਰੇ ਡੇਰਿਆਂ/ ਗੁਰਦੁਆਰਿਆਂ/ ਸਮਾਗਮਾਂ ਸਮੇ ਬਿਨਾਂ ਸੋਚੇ ਸਮਝੇ ਦੇਖਾ-ਦੇਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਰਤੀ ਉਤਾਰਨ ਦਾ ਐਸਾ ਕਰਮਕਾਂਡ ਕੀਤਾ ਜਾ ਰਿਹਾ ਹੈ। ਬਹੁਤ ਸਾਰੀਆਂ ਥਾਵਾਂ ਤੇ ਤਾਂ ਇਹ ਕਰਮ ਚਲ ਰਹੇ ਅਖੰਡ ਪਾਠ ਦੇ ਦੌਰਾਨ ਕੀਤੇ ਜਾਣ ਤੋਂ ਵੀ ਸੰਕੋਚ ਨਹੀਂ ਕੀਤਾ ਜਾਂਦਾ। ਇਹ ਆਰਤੀ ਉਤਾਰਨ ਲਈ ਪੰਡਿਤਾਂ ਦੇ ਬਣਾਏ ਭਜਨਾਂ ਦੀ ਥਾਂ ਤੇ ਗੁਰੂ ਨਾਨਕ ਸਾਹਿਬ, ਭਗਤ ਰਵਿਦਾਸ, ਸ੍ਰੀ ਸੈਣ, ਕਬੀਰ ਜੀ, ਧੰਨਾ ਜੀ ਦੇ ਆਪੇ ਬਣਾਏ ਆਰਤੀ ਰੂਪੀ ਗੁਰਬਾਣੀ ਦੇ ਸ਼ਬਦਾਂ ਅਤੇ ਬਿਨਾਂ ਸੋਚੇ ਸਮਝੇ ਕਹੇ ਜਾਂਦੇ ‘ਦਸਮ ਗ੍ਰੰਥ ‘ਦੀਆਂ ਕੁੱਝ ਰਚਨਾਵਾਂ ਨੂੰ ਸ਼ਾਮਲ ਕਰਦੇ ਹੋਏ ਦੀਵੇ, ਧੂਫ, ਸੁਗੰਧੀਆਂ, ਢੋਲਕੀਆਂ, ਚਿਮਟੇ, ਛੈਣੇ, ਹਾਰਮੋਨੀਅਮ, ਤਬਲੇ, ਖੜਤਾਲਾਂ ਨਗਾਰੇ ਆਦਿ ਦੇ ਸ਼ੋਰ ਵਿੱਚ ਜਿਵੇਂ ਪੰਡਿਤ ਲੋਕ ਜਗਨ ਨਾਥ ਦੀ ਮੂਰਤੀ ਦੇ ਆਲੇ ਦੁਆਲੇ ਥਾਲ ਘੁਮਾਉਂਦੇ ਹਨ, ਉਸੇ ਦੀ ਨਕਲ ਕਰਦੇ ਹੋਏ ਅਗਿਆਨਤਾ ਵਸ ਸਿਖ ਵੀ ਇਹੀ ਕਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਕਰੀ ਜਾਂਦੇ ਹਨ ਅਤੇ ‘ਸੰਖਨ ਕੀ ਧੁਨ ਘੰਟਨਿ ਕੀ ਕਰਿ ਫੂਲਨ ਕੀ ਬਰਖਾ ਬਰਖਾਵੈਂ’ (ਦਸਮ ਗ੍ਰੰਥ) ਦੀਆਂ ਤੁਕਾਂ ਆਉਂਦਿਆਂ ਹੀ ਫੁਲ ਪੱਤੀਆਂ ਦੀ ਵਰਖਾ ਆਰੰਭ ਕਰ ਦਿੰਦੇ ਹਨ। ਜਦੋਕਿ ਗੁਰਬਾਣੀ ਫੁੱਲ ਪੱਤੀਆਂ ਦੀ ਵਰਖਾ ਵਾਲੇ ਇਸ ਅਗਿਆਨਤਾ ਭਰਪੂਰ ਕਰਮਕਾਂਡ ਉੱਪਰ ਸ਼ਪਸਟ ਨਿਰਣਾ ਦਿੰਦੀ ਹੈ-

ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ।।

ਜਿਸ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ।।

ਭੂਲੀ ਮਾਲਨੀ ਹੈ ਇਉ।। ਸਤਿਗੁਰੁ ਜਾਗਤਾ ਹੈ ਦੇਉ।।

(ਆਸਾ-ਕਬੀਰ ਜੀ- 479)

ਭਗਤ ਕਬੀਰ ਜੀ ਨੇ ਐਸੇ ਨਾ-ਸਮਝ ਲੋਕਾਂ ਬਾਰੇ ਕਿਹਾ ਹੈ ਕਿ ਜੋ ਲੋਕ ਗੁਰਬਾਣੀ ਦੇ ਭਾਵ ਅਰਥਾਂ ਨੂੰ, ਉਪਦੇਸ਼ਾਂ ਨੂੰ ਸਮਝਣ ਤੋਂ ਬਿਨਾਂ ਹੀ ਵਰਤੀ ਜਾ ਰਹੇ ਹਨ ਉਹਨਾਂ ਲਈ ਗੁਰਬਾਣੀ ਦਾ ਦਰਜਾ ਇੱਕ ਗੀਤ ਤੋਂ ਵੱਧ ਕੋਈ ਨਹੀਂ, ਪਰ ਜਿਨ੍ਹਾਂ ਨੂੰ ਸਮਝ ਹੈ ਉਨ੍ਹਾਂ ਲਈ ਗੁਰਬਾਣੀ ਪ੍ਰਮੇਸ਼ਰ ਦੇ ਘਰ ਦੀ ਬ੍ਰਹਮ ਵਿਚਾਰ ਦਾ ਦਰਜਾ ਰੱਖਦੀ ਹੈ:-

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ।।

(ਗਉੜੀ-ਕਬੀਰ ਜੀ-੩੩੫)

ਭਾਈ ਕਾਨ੍ਹ ਸਿੰਘ ਨਾਭਾ (ਗੁਰਮਤਿ ਮਾਰਤੰਡ-ਪੰਨਾ 68 ਤੋਂ 70) ਇਸ ਵਿਸ਼ੇ ਤੇ ਲਿਖਦੇ ਹਨ-

“ਹਿੰਦੂ ਮਤ ਵਿੱਚ ਇਸ਼ਟ ਦੇਵਤਾ ਅੱਗੇ ਦੀਵੇ ਭੁਆਂ ਕੇ ਪੂਜਾ ਕਰਨ ਦਾ ਨਾਉਂ ‘ਆਰਤੀ ‘ (ਆਰਾਤ੍ਰਿਕ) ਹੈ, ਜਿਸ ਦਾ ਸਿਖ ਮੱਤ ਵਿੱਚ ਖੰਡਨ ਕੀਤਾ ਗਿਆ ਹੈ। ਗੁਰੂ ਸਾਹਿਬ ਨੇ ਸਿੱਖਾਂ ਨੂੰ ਅਖੰਡ ਆਰਤੀ ਦਾ ਉਪਦੇਸ਼ ਦਿਤਾ ਹੈ। -------

ਸਿਖ ਨਿਯਮਾਂ ਤੋਂ ਅਗਯਾਤ ਲਈ ਸਿੱਖ ਭਾਈ ਦੀਵੇ ਮਚਾ ਕੇ ਆਰਤੀ ਕਰਦੇ ਅਤੇ `ਚੰਡੀ ਚਰਿੱਤ੍ਰ ‘ਦਾ ਸਵੈਆ-

ਸੰਖਨ ਕੀ ਧੁਨਿ ਘੰਟਨ ਕੀ ਕਰਿ ਫੂਲਨ ਹੀ ਬਰਖਾ ਬਰਖਾਵੇ।।

ਪੜ ਕੇ ਸੰਖ ਵਜਾਉਂਦੇ, ਘੰਟੇ ਖੜਕਾਂਉਦੇ ਹੋਏ (ਘੰਟੇ ਵਜਾਉਣ ਦੀ ਰੀਤ ਸਭ ਤੋਂ ਪਹਿਲਾਂ ਅਵਿਚਲ ਨਗਰ ਦੇ ਗੁਰਦੁਆਰੇ ਉਦਾਸੀ ਪੁਜਾਰੀਆਂ ਨੇ ਚਲਾਈ) ਫੁੱਲ ਬਰਸਾਂਉਦੇ ਹਨ, ਜੋ ਦੇਵਤਿਆਂ ਵਲੋਂ ਕੀਤੀ ਗਈ ਦੁਰਗਾ ਦੀ ਆਰਤੀ ਦੀ ਨਕਲ ਹੈ। ਅਸਾਡੇ ਵਿੱਚ ਆਰਤੀ ਦਾ ਪ੍ਰਚਾਰ ਕਿਵੇਂ ਹੋਇਆ? ਇਸ ਦਾ ਕਾਰਣ ਇਹ ਹੈ?

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਪਿਛੋਂ ਪ੍ਰਸਿੱਧ ਸਿੱਖ ਮੰਦਿਰਾਂ ਵਿੱਚ ਪੁਜਾਰੀ ਗ੍ਰੰਥੀ ਸ਼ਾਂਤੀ ਨਾਲ ਨਹੀ ਰਹਿ ਸਕਦੇ ਸਨ, ਕਿਉਂ ਕਿ ਉਸ ਵੇਲੇ ਦੇ ਅਨਯਾਈ ਹਾਕਮ ਸਿੰਘਾਂ ਪਰ ਭਾਰੀ ਸਖਤੀ ਕਰਦੇ ਸੇ, ਬਹੁਤ ਗੁਰਦੁਆਰਿਆਂ ਦੀ ਸੇਵਾ ਉਸ ਸਮੇਂ ਉਦਾਸੀ ਸਾਧੂਆਂ ਨੇ ਸਾਂਭ ਲਈ ਸੀ, ਜਿਨ੍ਹਾਂ ਨੇ ਪੜੋਸੀ ਹਿੰਦੂਆਂ ਨੂੰ ਪ੍ਰਸੰਨ ਕਰਕੇ ਭੇਟਾ ਲੈਣ ਲਈ ਸਤਿਗੁਰੂ ਨਾਨਕ ਦੇਵ ਦੇ ਸਿਧਾਂਤਾਂ ਤੋਂ ਵਿਰੁੱਧ ਹਿੰਦੂ ਪੂਜਾ ਸਿੱਖ ਮੰਦਿਰਾਂ ਵਿੱਚ ਪ੍ਰਚਲਿਤ ਕਰ ਦਿਤੀ। ਇਸ ਪਿਛੋਂ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਧਾਨ ਕਰਮਚਾਰੀ ਡੋਗਰੇ ਅਰ ਬ੍ਰਾਹਮਣਾਂ ਨੇ ਉਸ ਦੀ ਹੋਰ ਭੀ ਪੁਸ਼ਟੀ ਕਰਕੇ ਬੇਅੰਤ ਕੁਰੀਤੀਆਂ ਦਾ ਪ੍ਰਚਾਰ ਕਰ ਦਿਤਾ। ਜੈਸੇ ਕਿ ਦੀਵੇ ਮਚਾ ਕੇ ਆਰਤੀ ਕਰਨੀ, ਟਿੱਕੇ ਲਾਉਂਣੇ, ਕਿਵਾੜ ਬੰਦ ਜਾਂ ਪੜਦਾ ਕਰਕੇ ਪ੍ਰਸਾਦ ਦਾ ਭੋਗ ਲਾਉਣਾ (ਅਵਿਚਲ ਨਗਰ, ਹਜੂਰ ਸ਼ਾਹਿਬ ਇਸ ਵੇਲੇ ਭੀ ਕਿਵਾੜ ਬੰਦ ਕਰਕੇ, ਘੰਟੇ ਵਜਾ ਕੇ ਪ੍ਰਸਾਦ ਦਾ ਭੋਗ ਲਗਾਇਆ ਜਾਂਦਾ ਹੈ) ਨਗਾਰੇ ਦੀ ਥਾਂ ਘੰਟਿਆਂ ਦੀ ਘਨਘੋਰ ਲਾਉਣੀ, ਗੁਰੂ ਸਾਹਿਬਾਨ ਦੇ ਜਨਮ ਦਿਨਾਂ ਪਰ ਬਾਲ ਭੋਗ (ਟਿੱਕੀ) ਪ੍ਰਸ਼ਾਦ ਬਣਾਉਣਾ, ਇਤਯਾਦਕ।

ਅਸੀਂ ਹੈਰਾਨ ਹਾਂ ਕਿ ਉਨ੍ਹਾਂ ਭਾਈਆਂ ਦੀ ਬੁੱਧਿ ਪਰ, ਜੋ ਮੂੰਹੋਂ ਦੀਵਿਆਂ ਦੀ ਆਰਤੀ ਦੇ ਖੰਡਨ ਰੂਪ ਸ਼ਬਦ ਪੜਦੇ ਹਨ ਅਤੇ ਹੱਥਾਂ ਨਾਲ ਦੀਵੇ ਅਰਥਾਤ ਗੁਰ ਸ਼ਬਦ ਵਿਰੁੱਧ ਕ੍ਰਿਯਾ ਕਰਦੇ ਹਨ।”

ਆਪਣੇ ਬਣਾਏ ਗਏ ਆਰਤੀ ਵਾਲੇ ਸ਼ਬਦਾਂ ਦੇ ਸੰਗ੍ਰਹਿ (ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਵਿੱਚ ਪੰਚਮ ਪਾਤਸ਼ਾਹ ਵਲੋਂ ਸੰਪਾਦਨਾ ਅਤੇ ਦਸਮ ਪਾਤਸ਼ਾਹ ਵਲੋਂ ਸੰਪੂਰਨਤਾ ਕਰਦੇ ਸਮੇਂ ਐਸਾ ਕੋਈ ਵੀ ਸੰਗ੍ਰਹਿ ਨਹੀਂ ਬਣਾਇਆ) ਦੇ ਅਰਥਾਂ ਨੂੰ ਵਿਚਾਰਣ ਦੀ ਵੀ ਜਰੂਰਤ ਨਹੀਂ ਸਮਝੀ ਜਾਂਦੀ ਜਿਵੇਂ ‘ਗੋਪਾਲ ਤੇਰਾ ਆਰਤਾ’

(ਧਨਾਸਰੀ ਧੰਨਾ ਜੀ- ੬੯੫) ਵਿੱਚ ਆਰਤਾ ਸ਼ਬਦ ਦੇ ਅਰਥਾਂ ਬਾਰੇ ਕਿਹਾ ਜਾਂਦਾ ਹੈ ਕਿ ਬਾਕੀ ਗੁਰੂ ਸਾਹਿਬਾਨ, ਭਗਤਾਂ ਨੇ ਆਰਤੀ ਕੀਤੀ ਹੈ ਪਰ ਧੰਨੇ ਜੱਟ ਨੇ ਆਰਤਾ ਕੀਤਾ ਹੈ। ਜਦੋਂ ਕਿ ਇਥੇ ਆਰਤਾ ਸ਼ਬਦ ਦਾ ਅਰਥ ਪੂਰੇ ਸ਼ਬਦ ਦੇ ਅਰਥਾਂ ਦੇ ਪਰਿਖੇਪ ਵਿੱਚ ਕਿਸੇ ਵੀ ਤਰਾਂ ਆਰਤੀ ਨਾਲ ਸਬੰਧਿਤ ਨਾਂ ਹੋ ਕੇ ‘ਲੋੜਵੰਦ ‘ਦੇ ਅਰਥਾਂ ਵਿੱਚ ਹੈ। ਇਸੇ ਤਰਾਂ ਆਰਤੀ ਨਾਲ ਪੜੇ ਜਾ ਰਹੇ ਬਾਕੀ ਸ਼ਬਦਾਂ ਪ੍ਰਤੀ ਵੀ ਇਹੀ ਸਚਾਈ ਹੈ।

ਜਗਨਨਾਥ ਪੁਰੀ ਦੇ ਮੰਦਿਰ ਵਿੱਚ ਆਰਤੀ ਦੀ ਸਮਾਪਤੀ ਉਪਰੰਤ ਪੰਡਿਤ ਜਦੋਂ ਮੰਦਿਰ ਵਿਚੋਂ ਬਾਹਰ ਆਏ ਤਾਂ ਕੀ ਵੇਖਿਆ ਕਿ ਗੁਰੂ ਨਾਨਕ ਸਾਹਿਬ ਦੇ ਮੰਦਿਰ ਦੇ ਅੰਦਰ ਹੋਣ ਦੀ ਥਾਂ ਤੇ ਬਾਹਰ ਖੁਲੇ ਅਸਮਾਨ ਹੇਠ ਖੜੇ ਹੋ ਕੇ ਅਕਾਸ਼ ਵਿੱਚ ਚੜੇ ਚੰਦ-ਤਾਰਿਆਂ ਨੂੰ ਕਿਸੇ ਦੈਵੀ-ਦ੍ਰਿਸ਼ਟੀ ਨਾਲ ਨਿਹਾਰ ਰਹੇ ਸਨ। ਪੰਡਿਤਾਂ ਨੇ ਹੈਰਾਨ ਹੋ ਕੇ ਪ੍ਰਸ਼ਨ ਕੀਤਾ ਕਿ ਆਰਤੀ ਤਾਂ ਅੰਦਰ ਹੋ ਰਹੀ ਸੀ, ਤੁਸੀਂ ਬਾਹਰ ਕਿਉਂ ਆ ਗਏ? ਸਤਿਗੁਰੂ ਜੀ ਨੇ ਸਮਝਾਇਆ ਕਿ ਉਸ ਪ੍ਰਮੇਸ਼ਰ ਦੀ ਸੱਚੀ ਆਰਤੀ ਜੋ ਉਸਦੀ ਸਾਜੀ ਹੋਈ ਕੁਦਰਤ ਵਿੱਚ ਰੱਬੀ ਨਿਯਮ ਅਨੁਸਾਰ ਆਪਣੇ ਆਪ ਹਰ ਸਮੇਂ ਹੋ ਰਹੀ ਹੈ। ਉਹ ਉਸ ਆਰਤੀ ਵਿੱਚ ਸ਼ਾਮਲ ਹੋ ਗਏ ਹਨ ਅਤੇ ਉਸ ਹੋ ਰਹੀ ਆਰਤੀ ਨੂੰ “ਵੇਖ ਵਿਡਾਣੁ ਰਹਿਆ ਵਿਸਮਾਦੁ” (੪ ੬ ੪) ਅਨੁਸਾਰ ਵਿਸਮਾਦੀ ਅਵਸਥਾ ਵਿੱਚ ਵੇਖ ਰਹੇ ਸੀ। ਗੁਰੂ ਨਾਨਕ ਸਾਿਹਬ ਨੇ ਭਾਈ ਮਰਦਾਨਾ ਜੀ ਦੀ ਰਬਾਬ ਸੰਗ ਵਿਸ਼ਾ ਅਧੀਨ ਸ਼ਬਦ ਗਾਉਂਦੇ ਹੋਏ ਉਥੇ ਹਾਜ਼ਰ ਇਕੱਠ ਨੂੰ ਸਮਝਾਇਆ ਕਿ ਤੁਹਾਡੀ ਮਤ ਅਨੁਸਾਰ ਜਗਨਨਾਥ ਕੇਵਲ ਇੱਕ ਮੰਦਿਰ ਵਿੱਚ ਮੂਰਤੀ ਰੂਪ ਵਿੱਚ ਸਥਾਪਨ ਹੈ ਪ੍ਰੰਤੂ ਮੇਰੀ ਦ੍ਰਿਸ਼ਟੀ ਵਿੱਚ ਰੱਬੀ ਗਿਆਨ ਅਨੁਸਾਰ ਪ੍ਰਮੇਸ਼ਰ ਨਿਰਾਕਾਰ ਅਤੇ ਸਰਵ-ਵਿਆਪਕ ਹੈ, ਉਸਨੂੰ ਕਿਸੇ ਨਿਸ਼ਚਿਤ ਰੂਪ ਵਿੱਚ ਇੱਕ ਸਥਾਨ ਤਕ ਸੀਮਤ ਨਹੀਂ ਕੀਤਾ ਜਾ ਸਕਦਾ ਹੈ। ਕੋਈ ਮੰਦ- ਬੁਧੀ (ਥੋੜੀ ਬੁਧੀ ਵਾਲਾ) ਜੀਵ ਉਸ ਪ੍ਰਮ-ਪਿਤਾ ਪ੍ਰਮੇਸ਼ਰ ਦੀ ਆਰਤੀ ਕਿਵੇਂ ਕਰ ਸਕਦਾ ਹੈ? ਪ੍ਰਮੇਸ਼ਰ ਦੇ ਬਣਾਏ ਨਿਯਮਾਂ ਨੂੰ ਸਮਝਦੇ ਹੋਏ ਉਸ ਦੇ ਨਿਯਮਾਂ ਨੂੰ ਗੁਰੂ ਦੀ ਮਤ ਦੁਆਰਾ ਸਮਝ ਕੇ ਚਲਣ/ਜੀਵਨ ਜੀਊਣ ਨਾਲ ਹੀ ਅਸੀਂ ਉਸਦੀ ਸੱਚੀ-ਸੁੱਚੀ ਆਰਤੀ ਦਾ ਹਿੱਸਾ ਬਣ ਸਕਦੇ ਹਾਂ। ਲੋੜ ਅਗਿਆਨਤਾ ਵਸ ਵੇਖਾ-ਵੇਖੀ, ਬਿਨ੍ਹਾ ਸੋਚੇ ਸਮਝੇ ਕੀਤੇ ਜਾ ਰਹੇ ਕਰਮ ਕਾਂਡਾਂ ਰੂਪੀ ਗਫਲਤ ਦੀ ਨੀਂਦਰ ਵਿਚੋਂ ਜਾਗ ਕੇ ਗੁਰਬਾਣੀ ਗਿਆਨ ਦੇ ਚਾਨਣ ਵਿੱਚ ਆਉਣ ਦੀ ਹੈ।

ਸਿਖਿਆ:- ਜਿਸ ਸ਼ਬਦ ਵਿੱਚ ਪੰਡਿਤਾਂ ਵਾਲੀ ਕਰਮਕਾਂਡੀ ਆਰਤੀ ਦਾ ਖੰਡਨ ਗੁਰੂ ਨਾਨਕ ਸਾਹਿਬ ਨੇ ਕੀਤਾ ਹੈ ਉਸੇ ਸ਼ਬਦ ਨੂੰ ਪੜਦੇ-ਗਾਉਂਦੇ ਹੋਏ ਸ਼ਬਦ ਦੀ ਭਾਵਨਾ ਦੇ ਬਿਲਕੁਲ ਉਲਟ ਅਸੀਂ ਉਹੀ ਕਰਮ ਕਰੀ ਜਾ ਰਹੇ ਹਾਂ। ਜੇਕਰ ਅਸੀਂ ਅਗਿਆਨਤਾ ਦਾ ਪੱਲਾ ਛੱਡ ਕੇ ਗੁਰਬਾਣੀ ਗਿਆਨ ਦੀ ਰੋਸ਼ਨੀ ਵਿੱਚ ਕਰਮ ਨਹੀਂ ਕਰਦੇ ਤਾਂ ਅਸੀਂ ਗੁਰੂ ਨਾਨਕ ਸਾਹਿਬ ਦੇ ਇਸ ਸ਼ਬਦ ਨੂੰ ਕੇਵਲ ਪੜਿਆ-ਸੁਣਿਆ ਹੈ ਸਮਝਿਆ ਨਹੀਂ।

(ਚਲਦਾ … …)

ਸੁਖਜੀਤ ਸਿੰਘ, ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.