.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਧਰਮੀ ਆਗੂ

ਧਰਮੀ ਦੇ ਅਖਰੀਂ ਅਰਥ ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿੱਚ ਇਸ ਤਰ੍ਹਾਂ ਲਿਖੇ ਹਨ—ਧਰਮਵਾਲਾ, ਈਮਾਨਦਾਰ, ੨ ਮਜਹਬ ਅਨੁਸਾਰ ਕਰਮ ਕਰਨ ਵਾਲਾ— “ਧਰਮੀ ਧਰਮੁ ਕਰਹਿ ਗਾਵਾਵਹਿ” (ਵਾਰ ਆਸਾ) ਕਾਮਨਾ ਸਹਿਤ ਕਰਮ ਕਰਕੇ ਕਰਮਕਾਂਡੀ ਫਲ਼ ਖੋ ਬੈਠਦੇ ਹਨ—

ਕਿਸੇ ਕਿਸਾਨ ਨੇ ਮਹਿੰਗਾ ਬੀਜ ਲੈ ਕੇ ਬੜੀ ਮੇਹਨਤ ਨਾਲ ਖੇਤੀ ਬੀਜੀ। ਹੌਲ਼ੀ ਹੌਲ਼ੀ ਕਿਸਾਨ ਦੀ ਫਸਲ ਤਿਆਰ ਹੁੰਦੀ ਹੈ। ਅਚਾਨਕ ਅਵਾਰਾ ਪਸ਼ੂਆਂ ਨੇ ਕਿਸਾਨ ਦੀ ਕੀਮਤੀ ਫਸਲ ਨੂੰ ਉਜਾੜ ਕੇ ਰੱਖ ਦਿੱਤਾ। ਉਜਾੜਨ ਦਾ ਅਰਥ ਹੈ ਬਰਬਾਦ ਕਰਨਾ, ਵਸੋਂ ਮਿਟਾ ਦੇਣੀ। ਦੂਸਰਾ ਖਾਣਾ ਥੋੜਾ ਤੇ ਵਿਗਾੜਨਾ ਜ਼ਿਆਦਾ ਹੁੰਦਾ ਹੈ। ਪਸ਼ੂਆਂ ਨੂੰ ਕੀਮਤੀ ਫਸਲ ਦਾ ਕੋਈ ਗਿਆਨ ਨਹੀਂ ਹੁੰਦਾ, ਉਹ ਨਿਹਚਿੰਤ ਹੋ ਕੇ ਪਲ਼ੀਆਂ ਫਸਲਾਂ ਦਾ ਨੁਕਸਾਨ ਕਰਦੇ ਹਨ। ਫਸਲ ਵਿਚਾਰੀ ਅੱਗੋਂ ਬੋਲਦੀ ਨਹੀਂ ਹੈ ਇਸ ਲਈ ਪਸ਼ੂ ਆਪਣੀ ਮਰਜ਼ੀ ਨਾਲ ਤਿਆਰ ਫਸਲ ਨੂੰ ਪੂਰੀ ਤਰ੍ਹਾਂ ਉਜਾੜ ਦੇਂਦੇ ਹਨ। ਨਸ਼ਿਆਂ ਨੇ ਘਰਾਂ ਦੇ ਘਰ ਉਜਾੜ ਦਿੱਤੇ ਹਨ। ਬੇਸਮਝ ਤੇ ਮੂਰਖ ਰਾਜਨੀਤਿਕ ਆਗੂਆਂ ਨੇ ਦੇਸ ਉਜਾੜ ਦਿੱਤੇ ਹਨ। ਗੁਰੂ ਨਾਨਕ ਸਾਹਿਬ ਜੀ ਚਾਰ ਚੁਫੇਰੇ ਧਰਮੀ ਲੋਕਾਂ ਵਲੋਂ ਵਰਤਾਏ ਜਾ ਰਹੇ ਕਹਿਰ ਨੂੰ ਦੇਖ ਕੇ ਹੀ ਕਿਹਾ ਸੀ, ਕਿ ਜਿੰਨ੍ਹਾਂ ਨੇ ਇਮਾਨਦਾਰੀ ਨਾਲ ਲੋਕਾਂ ਨੂੰ ਸੱਚ ਅਤੇ ਝੂਠ ਸਬੰਧੀ ਜਾਣਕਾਰੀ ਦੇਣੀ ਸੀ ਅੱਜ ਉਹੀ ਧਰਮੀ ਲੋਕ ਕਿਰਤੀ ਲੋਕਾਂ ਦਾ ਸ਼ੋਸ਼ਣ ਕਰ ਰਹੇ ਹਨ ਗੁਰਬਾਣੀ ਦਾ ਫੈਸਲਾ ਹੈ—

ਕਾਦੀ ਕੂੜੁ ਬੋਲਿ ਮਲੁ ਖਾਇ।। ਬ੍ਰਾਹਮਣੁ ਨਾਵੈ ਜੀਆ ਘਾਇ।।

ਜੋਗੀ ਜੁਗਤਿ ਨ ਜਾਣੈ ਅੰਧੁ।। ਤੀਨੇ ਓਜਾੜੇ ਕਾ ਬੰਧੁ।। ੨।।

ਰਾਗ ਧਨਾਸਰੀ ਮਹਲਾ ੧ ਪੰਨਾ ੬੬੨

ਕਾਜ਼ੀ (ਜੇ ਇੱਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣਾਂ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ-ਇਸ਼ਨਾਨ (ਭੀ) ਕਰਦਾ ਹੈ। ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ। (ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ। ੨।

ਪਿੱਛਲਿਆਂ ਲੇਖਾਂ ਵਿੱਚ ਅੰਧਾ ਆਗੂ ਤੇ ਜਨਤਾ ਦੀ ਬਣਦੀ ਜ਼ਿੰਮੇਵਾਰੀ ਦੇ ਸਬੰਧ ਵਿਚਾਰ ਕਰਨ ਦਾ ਯਤਨ ਕੀਤਾ ਗਿਆ ਸੀ ਕਿ ਅੱਜ ਪਰਜਾ ਚੰਦ ਛਿਲੜਾਂ, ਨਿਜੀ ਗ਼ਰਜਾਂ ਤੇ ਕੁੱਝ ਨਸ਼ਿਆਂ `ਤੇ ਹੀ ਆਪਣਾ ਹੱਕ ਵੇਚ ਦੇਂਦੀ ਹੈ ਜਿਸ ਦਾ ਖਮਿਆਜ਼ਾ ਇਸ ਨੂੰ ਪੰਜ ਸਾਲ ਤੱਕ ਭੁੱਗਤਣਾ ਪੈਂਦਾ ਹੈ। ਅੰਧੇ ਆਗੂ ਆਪਣੀ ਖਾਹਸ਼ਾਂ ਦੀ ਪੂਰਤੀ ਲਈ ਆਪਣੀ ਕੌਮ ਨੂੰ ਹੀ ਵੇਚ ਦੇਂਦੇ ਹਨ। ਸਮਾਜ ਦੀ ਅਹਿਮ ਕੜੀ ਧਾਰਮਿਕ ਆਗੂ ਜਿਸ ਨੇ ਮਨੁੱਖੀ ਭਾਈ ਚਾਰੇ ਨੂੰ ਚੰਗੇ ਕਿਰਦਾਰ ਦੀ ਸਿੱਖਿਆ ਦੇ ਕੇ ਚੰਗੇ ਸਮਾਜ ਦੀ ਸਿਰਜਣਾ ਕਰਨੀ ਸੀ ਪਰ ਉਸ ਦੀ ਕਾਰਜ ਸ਼ੈਲੀ ਵਿੱਚ ਬਹੁਤ ਵਿਗਾੜ ਆ ਗਿਆ ਹੈ।

ਜਨਤਾ ਬਹੁਤ ਭੋਲ਼ੀ ਹੈ ਤੇ ਇਸ ਭੋਲੇਪਨ ਦਾ ਤੇਜ਼ ਤਰਾਰ ਦਿਮਾਗ ਨੇ ਧਰਮ ਦਾ ਢੌਂਗ ਰਚ ਕਿ ਇਸ ਜਨਤਾ ਨੂੰ ਬਹੁਤ ਲੁੱਟਿਆ ਹੈ। ਧਾਰਮਿਕ ਆਗੂਆਂ ਨੇ ਆਮ ਜਨਤਾ ਵਿੱਚ ਇੱਕ ਵਹਿਮ ਪਾ ਦਿੱਤਾ ਹੈ ਕਿ ਸਾਡੇ ਪਾਸ ਸਫਲਤਾਵਾਂ ਦੀਆਂ ਕੁੰਜੀਆਂ ਹਨ ਜੋ ਅਸੀਂ ਤਪ ਸਾਧ ਕੇ ਲਈਆਂ ਹਨ। ਜਾਂ ਸਾਡੇ ਵੱਡੇ ਮਹਾਂਰਾਜ ਜੀ ਨੇ ਆਪਣੇ ਕੀਤੇ ਤਪ ਵਿਚੋਂ ਸਾਨੂੰ ਕੁੱਝ ਬਖਸ਼ਿਸ਼ਾਂ ਕੀਤੀਆਂ ਹਨ। ਵਿਚਾਰੇ ਲੋਕ ਇਸ ਆਸ ਨਾਲ ਕੇ ਪਤਾ ਨਹੀਂ ਕਦੋਂ ਬਾਬਾ ਜੀ ਨੇ ਸਾਡੇ `ਤੇ ਮਿਹਰਾਂ ਭਰਿਆ ਹੱਥ ਰੱਖ ਦੇਣਾ ਹੈ ਤੇ ਸਾਡੇ ਪਰਵਾਰ ਨੂੰ ਮੁੜ ਕੇ ਕੋਈ ਕੰਮ ਨਹੀਂ ਕਰਨਾ ਪੈਣਾ। ਜਨਤਾ ਵੀ ਏਹੀ ਚਾਹੁੰਦੀ ਹੈ ਕਿ ਸਾਨੂੰ ਕਰਨਾ ਕੁੱਝ ਨਾ ਪਏ ਪਰ ਮਿਲ ਸਭ ਕੁੱਝ ਜਾਣਾ ਚਾਹੀਦਾ ਹੈ।

ਧਰਮੀ ਆਗੂ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਨਤਾ ਨੂੰ ਸਚਾਈਆਂ ਬਾਰੇ ਦੱਸੇ। ਜਨਤਾ ਨੂੰ ਵਿਦਿਆ ਦੇਵੇ। ਭਲੇ ਕੰਮਾਂ ਵਿੱਚ ਲਗਾਈ ਰੱਖੇ। ਅੱਜ ਧਰਮੀ ਆਗੂ ਪੂਰੇ ਪੱਖਪਾਤੀ ਹੋ ਗਏ ਹਨ। ਹਰ ਫੈਸਲਾ ਆਪਣੇ ਉਪਰਲੇ ਰਾਜਨੀਤਿਕ ਲੋਕਾਂ ਨੂੰ ਪੁਛ ਕੇ ਕਰਦੇ ਹਨ। ਮੈਨੂੰ ਤੇ ਇੰਜ ਸਮਝ ਲੱਗਦਾ ਹੈ ਕਿ ਧਰਮੀ ਆਗੂ ਅਮੀਰਾਂ ਤੇ ਰਾਜਨੀਤਿਕ ਲੋਕਾਂ ਦੀ ਦਬੇਲ ਬਣ ਕੇ ਰਹਿ ਗਏ ਹੋਣ। ਅਮੀਰ ਲੋਕ ਧਰਮੀ ਲੋਕਾਂ ਨੂੰ ਦਾਨ ਦੇ ਕੇ ਪਰੇ-ਪੰਚਾਇਤ ਵਿੱਚ ਆਪਣੀ ਤਰੀਫ਼ ਸੁਣਦੇ ਹਨ ਜਦ ਕਿ ਰਾਜਨੀਤਿਕ ਲੋਕ ਧਾਰਮਿਕ ਲਿਬਾਸ ਵਾਲਿਆਂ ਨੂੰ ਆਪਣੇ ਅਨੁਸਾਰ ਚੱਲਣ ਲਈ ਮਜ਼ਬੂਰ ਕਰਦੇ ਹਨ।

ਦੁਨੀਆਂ ਦਾ ਇਤਿਹਾਸ ਭਰਿਆ ਪਿਆ ਹੈ ਉਹਨਾਂ ਧਰਮੀ ਲੋਕਾਂ ਨਾਲ ਜਿਨ੍ਹਾਂ ਨੇ ਰਾਜਨੀਤਿਕ ਲੋਕਾਂ ਦੀ ਦੁਬੇਲ ਬਣਨ ਤੋਂ ਨਾਂਹ ਕਰ ਦਿੱਤੀ ਪਰ ਜ਼ਹਿਰ ਦਾ ਪਿਆਲਾ ਪੀ ਲਿਆ। ਰਾਜਨੀਤਿਕ ਆਗੂ ਤੇ ਧਾਰਮਿਕ ਆਗੂ ਦਾ ਅਧਾਰ ਜਨਤਾ ਹੈ। ਰਾਜਨੀਤਿਕ ਤੇ ਧਾਰਮਿਕ ਲੋਕਾਂ ਦੀ ਇਕੋ ਹੀ ਭਾਵਨਾ ਹੈ ਕਿ ਲੋਕ `ਤੇ ਰਾਜ ਕਰਦਿਆਂ ਇਹਨਾਂ ਨੂੰ ਲੁੱਟਣਾ ਕਿਵੇਂ ਹੈ। ਇਹਨਾਂ ਦੋਹਾਂ ਦਾ ਸਬੰਧ ਵੀ ਬੜਾ ਅਜੀਬ ਹੈ। ਰਾਜਨੀਤਿਕ ਆਗੂਆਂ ਦੇ ਕੀਤੇ ਗੁਨਾਹਾਂ `ਤੇ ਧਰਮੀ ਆਗੂ ਪਰਦਾ ਪਉਂਦਾ ਹੈ ਤੇ ਧਾਰਮਿਕ ਆਗੂਆਂ ਵਲੋਂ ਫੈਲਾਏ ਜਾ ਰਹੇ ਅੰਧਵਿਸ਼ਵਾਸ਼ਾਂ, ਕਰਮ-ਕਾਂਡਾਂ ਨੂੰ ਮਾਨਤਾ ਰਾਜਨੀਤਿਕ ਆਗੂ ਦੇਂਦਾ ਹੈ।

ਬਣਤਰ ਏਦਾਂ ਦੀ ਬਣ ਚੁੱਕੀ ਹੈ ਕਿ ਗਰੀਬ ਹੋਰ ਗਰੀਬ ਹੋ ਰਿਹਾ ਹੈ ਰਾਜਨੀਤਿਕ ਤੇ ਧਰਮੀ ਆਗੂ ਦਿਨ-ਬ-ਦਿਨ ਅਮੀਰ ਹੋ ਰਹੇ ਹਨ। ਰਿਸ਼ਵੱਤ-ਖੋਰੀ, ਕਾਲਾ-ਬਜ਼ਾਰੀ, ਭਾਈ-ਭਤੀਜਾਵਾਦ, ਹੇਰਾਫੇਰੀਆਂ, ਡੇਰਿਆਂ ਦੀ ਚਕਾਚੌਂਦ ਵਿੱਚ ਬੇ-ਓੜਕ ਵਾਧਾ ਹੋਇਆ ਹੈ। ਦੁਨੀਆਂ ਦਾ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਸਮਾਜ ਸੁਧਾਰਾਂ ਦੀ ਗੱਲ ਆਈ ਹੈ ਤਾਂ ਧਰਮੀ ਲੋਕਾਂ ਨੇ ਅੱਗੇ ਆ ਕੌਮਾਂ ਦੀ ਗਵਾਈ ਕੀਤੀ ਹੈ। ਜਿਹੜਾ ਧਰਮ ਦਾ ਢੌਂਗ ਕਰ ਰਿਹਾ ਹੈ ਤੇ ਆਪਣਿਆਂ ਫ਼ਰਜ਼ਾ ਤੋਂ ਕੋਹਾਂ ਦੂਰ ਜਾ ਰਿਹਾ ਹੈ ਉਹਨਾਂ ਧਰਮੀ ਆਗੂਆਂ ਸਬੰਧੀ ਗੁਰਬਾਣੀ ਦਾ ਬੜਾ ਪਿਆਰਾ ਵਾਕ ਹੈ—

ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ।।

ਤੂ ਨੇਤ੍ਰੀ ਦੇਖਿ ਚਲਿਆ ਮਾਇਆ ਬਿਉਹਾਰੀ ਰਾਮ।।

ਸੰਗਿ ਤੇਰੈ ਕਛੁ ਨ ਚਾਲੈ ਬਿਨਾ ਗੋਬਿੰਦ ਨਾਮਾ।।

ਦੇਸ ਵੇਸ ਸੁਵਰਨ ਰੂਪਾ ਸਗਲ ਊਣੇ ਕਾਮਾ।।

ਪੁਤ੍ਰ ਕਲਤ੍ਰ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ।।

ਬਿਨਵੰਤ ਨਾਨਕ ਬਿਨੁ ਸਾਧਸੰਗਮ ਸਭ ਮਿਥਿਆ ਸੰਸਾਰੀ।। ੧।।

ਬਿਹਾਗੜਾ ਮਹਲਾ ਛੰਤ ੫ ਪੰਨਾ ੫੪੭

ਅੱਖਰੀਂ ਅਰਥ-- ਹੇ (ਸਾਰੀਆਂ) ਜੂਨਾਂ ਵਿਚੋਂ (ਉੱਤਮ ਫ਼ਰਜ਼ ਵਾਲੇ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਬੋਲ ਬੋਲਿਆ ਕਰ। (ਸਿਫ਼ਤਿ-ਸਾਲਾਹ ਵਲੋਂ) ਤੂੰ ਕਿਉਂ ਚੁੱਪ ਵੱਟੀ ਹੋਈ ਹੈ? ਆਪਣੀਆਂ ਅੱਖਾਂ ਨਾਲ (ਧਿਆਨ ਨਾਲ) ਵੇਖ; (ਨਿਰਾ) ਮਾਇਆ ਦਾ ਹੀ ਵਿਹਾਰ ਕਰਨ ਵਾਲਾ (ਇਥੋਂ ਖ਼ਾਲੀ ਹੱਥ) ਤੁਰ ਪੈਂਦਾ ਹੈ। ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਚੀਜ਼ ਤੇਰੇ ਨਾਲ ਨਹੀਂ ਜਾ ਸਕਦੀ। ਦੇਸਾਂ (ਦੇ ਰਾਜ), ਕੱਪੜੇ, ਸੋਨਾ, ਚਾਂਦੀ (—ਇਹਨਾਂ ਦੀ ਖ਼ਾਤਰ ਕੀਤੇ ਹੋਏ) ਸਾਰੇ ਉੱਦਮ ਵਿਅਰਥ ਹੋ ਜਾਂਦੇ ਹਨ। ਹੇ ਭਾਈ! ਪੁੱਤਰ, ਇਸਤ੍ਰੀ, ਦੁਨੀਆ ਦੀ ਵਡਿਆਈ—ਕੁਝ ਭੀ ਮਨੁੱਖ ਦੇ ਨਾਲ ਨਹੀਂ ਜਾਂਦਾ। ਹਾਥੀ ਘੋੜੇ ਆਦਿਕਾਂ ਦੀ ਲਾਲਸਾ ਭੀ ਵਿਕਾਰਾਂ ਵਲ ਲੈ ਜਾਂਦੀ ਹੈ। ਨਾਨਕ ਬੇਨਤੀ ਕਰਦਾ ਹੈ—ਸਾਧ ਸੰਗਤਿ ਤੋਂ ਬਿਨਾ ਦੁਨੀਆ ਦੇ ਸਾਰੇ ਉੱਦਮ ਨਾਸਵੰਤ ਹਨ।

ਜਦੋਂ ਧਰਮੀ ਆਗੂ ਰਿਸ਼ਵੱਤ ਲੈ ਕੇ ਕਿਸੇ ਦਾ ਹੱਕ ਖੋਹ ਕੇ ਦੂਜੇ ਨੂੰ ਦੇ ਦੇਣ ਤਾਂ ਇਸ ਤੋਂ ਵੱਡਾ ਕਲਜੁੱਗ ਹੋਰ ਕਿਹੜਾ ਹੋ ਸਕਦਾ ਹੈ। ਭਾਈ ਗੁਰਦਾਸ ਜੀ ਨੇ ਆਪਣੇ ਸਮੇਂ ਦੇ ਧਾਰਮੀ ਆਗੂਆਂ ਸਬੰਧੀ ਬੜਾ ਪਿਆਰਾ ਖ਼ਿਆਲ ਦਿੱਤਾ ਹੈ— “ਕਾਜ਼ੀ ਹੋਏ ਰਿਸਵਤੀ ਵੱਢੀ ਲੈ ਕੇ ਹੱਕ ਗਵਾਈ”।

ਅੱਜ ਧਰਮੀ ਆਗੂਆਂ ਦੇ ਪੱਖਪਾਤ ਵਾਲੇ ਫੈਸਲੇ ਪ੍ਰਤੱਖ ਦੇਖੇ ਜਾ ਸਕਦੇ ਹਨ। ਹੱਕ ਗਵਾਉਣ ਸਬੰਧੀ ਇੱਕ ਲੋਕ ਕਹਾਣੀ ਹੈ—ਕਹਿੰਦੇ ਨੇ ਬੱਚੇ ਆਪਸ ਵਿੱਚ ਖੇਢ ਰਹੇ ਸਨ, ਅਚਾਨਕ ਉਹਨਾਂ ਪਾਸੋਂ ਬਿੱਲੀ ਮਰ ਗਈ। ਮਾਮਲਾ ਧਰਮੀ ਆਗੂ ਦੀ ਕਚਹਿਰੀ ਵਿੱਚ ਗਿਆ। ਧਰਮੀ ਆਗੂ ਨੇ ਬੱਚਿਆਂ ਨੂੰ ਸਜਾ ਲਗਾ ਦਿੱਤੀ ਕਿ ‘ਹਲ` ਜਿਨੀ ਕਣਕ ਇਕੱਠੀ ਕਰਕੇ ਉਸ ਨੂੰ ਦਬਿਆ ਜਾਏ। ਬੱਚਿਆਂ ਦੇ ਮਾਪਿਆਂ ਦਾ ਤਰਾਅ ਨਿਕਲ ਗਿਆ ਕਿ ਏੰਨੀ ਕਣਕ ਕਿਥੋਂ ਲਿਆਵਾਂਗੇ? ਹੁਣ ਕਣਕ ਜ਼ਿਆਦਾ ਸੀ। ਕਿਸੇ ਬੰਦੇ ਨੇ ਧਰਮੀ ਆਗੂ ਦੇ ਕੰਨ ਵਿੱਚ ਜਾ ਫੂਕ ਮਾਰੀ ਕਿ ਜਨਾਬ ਤੁਹਾਡਾ ਸ਼ਿੰਦਾ ਵੀ ਨਾਲ ਸੀ। ਓਸੇ ਵੇਲੇ ਧਰਮੀ ਆਗੂ ਨੇ ਫੈਸਲੇ ਵਿੱਚ ਹੇਰ-ਫੇਰ ਮਾਰਦਿਆਂ ਕਿਹਾ ਕਿ ਯਾਰ ਇਹ ਕਿਹੜਾ ਕੰਮ ਔਖਾ ਹੈ, ‘ਹਲ` ਨੂੰ ਜ਼ਮੀਨ `ਤੇ ਲੰਮਿਆਂ ਪਾ ਕੇ ਉਸ ਉੱਪਰ ਕਿਲੋ ਕਿਲੋ ਕਣਕ ਪਾ ਦਿਓ ਹਲ ਆਪੇ ਨੱਪੀ ਜਾੲਗੀ। ਏਦਾਂ ਦੇ ਫੈਸਲੇ ਹਰ ਰੋਜ਼ ਦੇਖੇ ਸੁਣੇ ਜਾ ਸਕਦੇ ਹਨ।

ਸਾਡੇ ਮੁਲਕ ਵਿੱਚ ਇੱਕ ਬਹੁਤ ਵੱਡਾ ਅੰਧ-ਵਿਸ਼ਵਾਸ ਹੈ ਕਿ ਜਿਸ ਨੇ ਖਾਸ ਕਿਸਮ ਦਾ ਚੋਲਾ ਪਹਿਨ ਲਿਆ ਉਹ ਪੱਕਾ ਧਰਮੀ ਹੈ ਤੇ ਉਸ ਦੀ ਹਰ ਕੀਤੀ ਗੱਲ ਸੌ ਫੀ ਸਦੀ ਸੱਚ ਹੁੰਦੀ ਹੈ। ਮੁਲਕ ਦੇ ਕੋਨੇ ਕੋਨੇ ਵਿੱਚ ਇਹਨਾਂ ਧਰਮੀ ਲੋਕਾਂ ਦਾ ਤੰਦੂਆ ਜਾਲ ਵਿਛਿਆ ਹੋਇਆ ਹੈ। ਅੱਜ ਪੰਜਾਬ ਸਭ ਤੋਂ ਵੱਧ ਧਰਮੀ ਆਗੂਆਂ ਦੀ ਇੱਕ ਮੰਡੀ ਬਣਿਆ ਪਿਆ ਨਜ਼ਰ ਆ ਰਿਹਾ ਹੈ। ਜਿਹੜਾ ਮਰਜ਼ੀ ਏੱਥੇ ਆ ਕੇ ਡੇਰਾ ਸਥਾਪਿਤ ਕਰ ਲੈਂਦਾ ਹੈ ਤੇ ਲੋਕ ਕੁੱਝ ਦਿਨਾਂ ਵਿੱਚ ਹੀ ਉਸ ਨੂੰ ਮਾਲਾ ਕਰ ਦੇਂਦੇ ਹਨ। ਅਸਲ ਵਿੱਚ ਰਾਜਨੀਤਿਕ ਲੋਕਾਂ ਦਾ ਇਹ ਵੋਟ ਬੈਂਕ ਬਣ ਜਾਂਦਾ ਹੈ। ਲੱਖਾਂ ਸ਼ਕਾਇਤਾਂ ਆਉਣ ਦੇ ਬਾਵਜੂਦ ਵੀ ਇਹਨਾਂ ਦੀਆਂ ਗਤੀ ਵਿਧੀਆਂ `ਤੇ ਕਦੇ ਕੋਈ ਕਾਰਵਾਈ ਨਹੀਂ ਹੋਈ। ਇਹਨਾਂ ਅਯਾਸ਼ ਧਰਮੀ ਆਗੂਆਂ ਦੀਆਂ ਅੱਜ ਬਲਾਤਕਾਰ ਦੀਆਂ ਕਹਾਣੀਆਂ ਜੱਗ ਜ਼ਾਹਰ ਹੋ ਰਹੀਆਂ ਹਨ ਪਰ ਲੋਕ ਫਿਰ ਵੀ ਇਹਨਾਂ `ਤੇ ਵਿਸ਼ਵਾਸ ਕਰਕੇ ਚੱਲ ਰਹੇ ਹਨ।

ਜਦੋਂ ਚੋਰ `ਤੇ ਕੁੱਤੀ ਆਪਸ ਵਿੱਚ ਰਲ਼ ਜਾਣ ਓਦੋਂ ਚੋਰੀਆਂ ਹੋਣਗੀਆਂ ਹੀ ਹੋਣਗੀਆਂ। ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੀ ਹੈ। ਪਰ ਕਦੇ ਕਿਸੇ ਧਰਮੀ ਆਗੂਆਂ ਦੇ ਕੰਨ `ਤੇ ਕਦੇ ਜੂੰ ਨਹੀਂ ਸਰਕੀ। ਗੁਰੂ ਨਾਨਕ ਸਾਹਿਬ ਜੀ ਨੇ ਐਸੇ ਧਰਮੀ ਆਗੂ ਨੂੰ ਨਿਕਾਰਦਿਆਂ ਕਿਹਾ ਹੈ ਜਿਹੜਾ ਆਪਣੀ ਕੌਮ ਨੂੰ ਹੀ ਚੁਰਾਹੇ ਵਿੱਚ ਲਿਆ ਕਿ ਖੜਾ ਕਰਦਾ ਹੈ ਉਹ ਕਾਹਦਾ ਪੜ੍ਹਿਆ ਲਿਖਿਆ ਧਰਮੀ ਹੈ---

ਹਰਣਾਂ ਬਾਜਾਂ ਤੈ ਸਿਕਦਾਰਾਂ, ਏਨਾੑ ਪੜਿੑਆ ਨਾਉ।।

ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ।।

ਸੋ ਪੜਿਆ ਸੋ ਪੰਡਿਤੁ ਬੀਨਾ ਜਿਨੀੑ ਕਮਾਣਾ ਨਾਉ।।

ਪਹਿਲੋ ਦੇ ਜੜ ਅੰਦਰਿ ਜੰਮੈ ਤਾ ਉਪਰਿ ਹੋਵੈ ਛਾਂਉ।।

ਰਾਜੇ ਸੀਹ ਮੁਕਦਮ ਕੁਤੇ।। ਜਾਇ ਜਗਾਇਨਿੑ ਬੈਠੇ ਸੁਤੇ।।

ਚਾਕਰ ਨਹਦਾ ਪਾਇਨਿੑ ਘਾਉ।। ਰਤੁ ਪਿਤੁ ਕੁਤਿਹੋ ਚਟਿ ਜਾਹੁ।।

ਜਿਥੈ ਜੀਆਂ ਹੋਸੀ ਸਾਰ।। ਨਕੀ ਵਢੀ ਲਾਇਤਬਾਰ।। ੨।।

ਸਲੋਕ ਮ: ੧ (ਪੰਨਾ ੧੨੮੮

ਅੱਖਰੀਂ ਅਰਥ-- ਹਰਨ, ਬਾਜ਼ ਤੇ ਅਹਲਕਾਰ—ਇਹਨਾਂ ਦਾ ਨਾਮ ਲੋਕ “ਪੜ੍ਹੇ ਹੋਏ” ਰੱਖਦੇ ਹਨ (ਪਰ ਇਹ ਵਿੱਦਿਆ ਕਾਹਦੀ ਹੈ? ਇਹ ਤਾਂ) ਫਾਹੀ ਲੱਗੀ ਹੋਈ ਹੈ ਜਿਸ ਵਿੱਚ ਆਪਣੇ ਹੀ ਜਾਤਿ-ਭਰਾਵਾਂ ਨੂੰ ਫਸਾਂਦੇ ਹਨ; ਪ੍ਰਭੂ ਦੀ ਹਜ਼ੂਰੀ ਵਿੱਚ ਐਸੇ ਪੜ੍ਹੇ ਹੋਏ ਕਬੂਲ ਨਹੀਂ ਹਨ।

ਜਿਸ ਜਿਸ ਨੇ ‘ਨਾਮ` ਦੀ ਕਮਾਈ ਕੀਤੀ ਹੈ ਉਹੀ ਵਿਦਵਾਨ ਹੈ ਪੰਡਿਤ ਹੈ ਤੇ ਸਿਆਣਾ ਹੈ (ਕਿਉਂਕਿ ਰੁੱਖ ਦੀ) ਜੜ੍ਹ ਸਭ ਤੋਂ ਪਹਿਲਾਂ (ਜ਼ਮੀਨ ਦੇ) ਅੰਦਰ ਜੰਮਦੀ ਹੈ ਤਾਂ ਹੀ (ਰੁੱਖ ਉੱਗ ਕੇ) ਬਾਹਰ ਛਾਂ ਬਣਦੀ ਹੈ (ਸੋ, ਸੁਖਦਾਤੀ ਵਿੱਦਿਆ ਉਹੀ ਹੈ ਜੇ ਪਹਿਲਾਂ ਮਨੁੱਖ ਆਪਣੇ ਮਨ ਵਿੱਚ ‘ਨਾਮ` ਬੀਜੇ)।

( ‘ਨਾਮ` ਤੋਂ ਸੱਖਣੀ ਵਿੱਦਿਆ ਦਾ ਹਾਲ ਤੱਕੋ), ਰਾਜੇ (ਮਾਨੋ) ਸ਼ੇਰ ਹਨ (ਉਹਨਾਂ ਦੇ, ਪੜ੍ਹੇ ਹੋਏ) ਅਹਲਕਾਰ (ਮਾਨੋ) ਕੁੱਤੇ ਹਨ, ਬੈਠੇ-ਸੁੱਤੇ ਬੰਦਿਆਂ ਨੂੰ (ਭਾਵ, ਵੇਲੇ ਕੁਵੇਲੇ) ਜਾ ਜਗਾਂਦੇ ਹਨ (ਭਾਵ, ਤੰਗ ਕਰਦੇ ਹਨ)। ਇਹ ਅਹਲਕਾਰ (ਮਾਨੋ ਸ਼ੇਰਾਂ ਦੀਆਂ) ਨਹੁੰਦ੍ਰਾਂ ਹਨ, ਜੋ (ਲੋਕਾਂ ਦਾ) ਘਾਤ ਕਰਦੀਆਂ ਹਨ, (ਰਾਜੇ-ਸ਼ੀਂਹ ਇਹਨਾਂ ਮੁਕੱਦਮ) ਕੁੱਤਿਆਂ ਦੀ ਰਾਹੀਂ (ਲੋਕਾਂ ਦਾ) ਲਹੂ ਪੀਂਦੇ ਹਨ। ਪਰ ਜਿੱਥੇ ਜੀਵਾਂ ਦੀ (ਕਰਣੀ ਦੀ) ਪਰਖ ਹੁੰਦੀ ਹੈ, ਓਥੇ ਅਜੇਹੇ (ਪੜ੍ਹੇ ਹੋਏ ਬੰਦੇ) ਬੇ-ਇਤਬਾਰੇ ਨੱਕ-ਵੱਢੇ (ਸਮਝੇ ਜਾਂਦੇ ਹਨ)। ੨।

ਨਿਜੀ ਗ਼ਰਜ਼ਾ ਤੋਂ ਉੱਪਰ ਉੱਠ ਕੇ ਅੱਜ ਧਰਮੀ ਆਗੂਆਂ ਨੂੰ ਹੱਕ ਸੱਚ ਦੀ ਅਵਾਜ਼ ਪਹਿਛਾਨਣੀ ਚਾਹੀਦੀ ਹੈ। ਮੀਡੀਆ ਦੀ ਬਦੌਲਤ ਅੱਜ ਬਹੁਤ ਸਾਰੇ ਧਰਮੀ ਆਗੁਆਂ ਦੀ ਅਸਲੀ ਤਸਵੀਰ ਲੋਕਾਂ ਸਾਹਮਣੇ ਆ ਰਹੀ ਹੈ ਪਰ ਲੋਕ ਫਿਰ ਵੀ ਮੰਨਣ ਲਈ ਤਿਆਰ ਨਹੀਂ ਹਨ। ਬਣਿਆ ਬਣਾਇਆ ਉੱਤਰ ਹੁੰਦਾ ਹੈ ਕਿ ਜੀ ਇਹ ਜ਼ਰੂਰ ਕਿਸੇ ਦੀ ਡੂੰਘੀ ਸਾਜ਼ਿਸ ਦਾ ਸਿੱਟਾ ਹੈ ਸਾਡੇ ਬਾਬਾ ਜੀ ਤਾਂ ਏਦਾਂ ਦੇ ਨਹੀਂ ਹਨ। ਦੁਨੀਆਂ ਹਰ ਖੇਤਰ ਵਿੱਚ ਤਰੱਕੀਆਂ ਕਰ ਰਹੀ ਹੈ ਪਰ ਇੱਕ ਅਸੀਂ ਹਾਂ ਜੋ ਮਰਨ ਉਪਰੰਤ ਧਰਮੀਆਂ ਆਗੂਆਂ ਪਾਸੋਂ ਸੀਟ ਰਿਜ਼ਰਵ ਕਰਵਾ ਰਹੇ ਹਾਂ।
.