.

ਨਾਮੁ ਤੇ ਗੁਰਬਾਣੀ

੧੨ ਦਸੰਬਰ ੨੦੧੪ ਦਿਨ ਸ਼ੁੱਕਰਵਾਰ ਸ਼ਾਮ ਨੂੰ ਸਰਦਾਰ ਪ੍ਰਗਟ ਸਿੰਘ ਜੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਜਵੱਦੀ ਲੁਧਿਆਣੇ ਦੇ ਪ੍ਰੋਫੈਸਰ ਵਲੋਂ ਇਥੇ ਅਜਮਾਨ ਵਿਖੇ ਸਰਦਾਰ ਰਤਨ ਸਿੰਘ ਜੀ ਦੀ ਕੰਪਨੀ ਕੰਪਊਂਡ ਵਿੱਚ ਗੁਰਮਤਿ ਕਲਾਸ ਲਗਾਈ ਹੋਈ ਸੀ। ਗੁਰਮਤਿ ਵਿਚਾਰ ਕਰਦਿਆਂ ਉਨ੍ਹਾਂ ਨੇ ਇੱਕ ਸਵਾਲ ਰੱਖਿਆ ‘ਨਾਮੁ`ਤੇ ‘ਗੁਰਬਾਣੀ` ਵਿਚੋਂ ਕਿਸ ਨੂੰ ਪਹਿਲ ਦੇਵੋਗੇ? ਸਭ ਸੋਚ ਵਿਚਾਰ ਦੁਆਰਾ ਕੋਈ ‘ਨਾਮੁ` ਨੂੰ ਜਾਂ ‘ਗੁਰਬਾਣੀ` ਨੂੰ ਪਹਿਲ ਦੇ ਵਿਚਾਰ ਰੱਖੇ। ਇਸ ਪਹਿਲ ਦੇ ਅਧਾਰ ਤੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਕੋਈ ਸੰਕੇਤ ਨਹੀਂ ਦਿੰਦੀ।

ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ।। (ਪੰਨਾ ੪੮੫)

ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ।। (ਪੰਨਾ ੪੩੮)

ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ।। (ਪੰਨਾ ੩੦੪)

ਗੋਬਿੰਦ ਸ਼ਬਦ ਰੱਬ ਜੀ ਦੇ ਨਾਮ ਨੂੰ ਸੰਬੋਧਨ ਕਰਦਾ ਹੈ ਅਤੇ ਗੁਰਬਾਣੀ ਰਾਹੀਂ ਪ੍ਰਗਟ ਕੀਤਾ ਹੈ। ਮੈਂ ਸੋਚ ਰਿਹਾ ਸੀ ਕਿ ਨਾਮੁ ਨੂੰ ਗੁਰਬਾਣੀ ਨੇ ਪ੍ਰਗਟ ਕੀਤਾ ਇਸ ਲਈ ਨਾਮੁ ਪਹਿਲਾਂ ਸੀ ਤਾਂ ਹੀ ਗੁਰਬਾਣੀ ਰਾਹੀਂ ਗੁਰੂ ਜੀ ਨੇ ਬਾਣੀ ਰਾਹੀਂ ਪ੍ਰਗਟ ਕੀਤਾ, ਪਰ ਨਾਮੁ ਤੋਂ ਗੁਰਬਾਣੀ ਤੱਕ ਦੀ ਵਿਚਾਰ ਨੂੰ ਪਹਿਲ ਦੇਣ ਚ ਕੋਈ ਵਿਚਾਰ ਨਹੀਂ ਸੀ ਸੁੱਝ ਰਹੀ। ਕਿਉਂਕਿ ਸਵਾਲ ਹੀ ਚੁਣਨ ਦਾ ਸੀ ਸੋ ਨਾਮੁ ਜਾਂ ਗੁਰਬਾਣੀ ਤੋਂ ਪਹਿਲ ਦੀ ਚੋਣ ਕਰਨੀ, ਜੋ ਕਿ ਸਭ ਕਰ ਰਹੇ ਸਨ, ਮਨ ਨੂੰ ਕਬੂਲ ਨਹੀਂ ਹੋ ਰਹੀ ਸੀ। ਇੱਕ ਸਹਿਜਧਾਰੀ ਸਿੱਖ, ਧਰਮਪਾਲ ਜੀ ਦੇ ਜਵਾਬ ਨੇ ਕਿ ‘ਨਾਮੁ ਹੀ ਗੁਰਬਾਣੀ` ਹੈ ਨੇ ਸਭ ਦੀ ਸੰਤਸ਼ੁਟੀ ਕਰ ਦਿੱਤੀ। ਨਾਮੁ ਤੋਂ ਗੁਰਬਾਣੀ ਦੀ ਘੁੰਡੀ ਖੁੱਲ ਗਈ ਅਤੇ ਸ਼ਬਦ-ਗੁਰੂ ਦੀ ਸਮਝ ਵੀ ਸੌਖੀ ਹੋ ਗਈ। ਇਸ ਸਵਾਲ ਤੋਂ ਉੱਪਜੇ ਵਿਚਾਰ ਤੇ ਉੱਤਰ ਤੋਂ ਨਵਿਰਤ ਹੋਈ ਵਿਚਾਰ ਇਸ ਲੇਖ ਦੁਆਰਾ ਕਲਮ ਬੰਦ ਕਰਨਾ ਚਹੁੰਦਾ ਹਾਂ ਤੇ ਹੋਰ ਸਪੱਸ਼ਟਤਾ ਜਾਂ ਸੁਧਾਰ ਪਾਠਕਾਂ ਤੋਂ ਮੰਗਦਾ ਹਾਂ ਜੀ। ਗੁਰਬਾਣੀ ਦਾ ਸ਼ਬਦ ਗੁਰ ਨਾਨਾਕ ਦੇਵ ਜੀ ਦਾ ਮਾਰੂ ਰਾਗ ਵਿੱਚ ਦਰਜ਼ ਹੈ:-

ਮਾਰੂ ਮਹਲਾ ੧।। ਅਰਬਦ ਨਰਬਦ ਧੁੰਧੂਕਾਰਾ।। ਧਰਣਿ ਨ ਗਗਨਾ ਹੁਕਮੁ ਅਪਾਰਾ।।

ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ।। ੧।।

ਖਾਣੀ ਨ ਬਾਣੀ ਪਉਣ ਨ ਪਾਣੀ।। ਓਪਤਿ ਖਪਤਿ ਨ ਆਵਣ ਜਾਣੀ।।

ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ।। ੨।।

ਨਾ ਤਦਿ ਸੁਰਗੁ ਮਛੁ ਪਇਆਲਾ।। ਦੋਜਕੁ ਭਿਸਤੁ ਨਹੀ ਖੈ ਕਾਲਾ।।

ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ।। ੩।।

ਬ੍ਰਹਮਾ ਬਿਸਨੁ ਮਹੇਸੁ ਨ ਕੋਈ।। ਅਵਰੁ ਨ ਦੀਸੈ ਏਕੋ ਸੋਈ।।

ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ।। ੪।।

ਨਾ ਤਦਿ ਜਤੀ ਸਤੀ ਬਨਵਾਸੀ।। ਨਾ ਤਦਿ ਸਿਧ ਸਾਧਿਕ ਸੁਖਵਾਸੀ।।

ਜੋਗੀ ਜੰਗਮ ਭੇਖੁ ਨ ਕੋਈ ਨਾ ਕੋ ਨਾਥੁ ਕਹਾਇਦਾ।। ੫।।

ਜਪ ਤਪ ਸੰਜਮ ਨਾ ਬ੍ਰਤ ਪੂਜਾ।। ਨਾ ਕੋ ਆਖਿ ਵਖਾਣੈ ਦੂਜਾ।।

ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ।। ੬।।

ਨਾ ਸੁਚਿ ਸੰਜਮੁ ਤੁਲਸੀ ਮਾਲਾ।। ਗੋਪੀ ਕਾਨੁ ਨ ਗਊ ਗ+ਆਲਾ।।

ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ।। ੭।।

ਕਰਮ ਧਰਮ ਨਹੀ ਮਾਇਆ ਮਾਖੀ।। ਜਾਤਿ ਜਨਮੁ ਨਹੀ ਦੀਸੈ ਆਖੀ।।

ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ ਧਿਆਇਦਾ।। ੮।।

ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ।। ਨਾ ਤਦਿ ਗੋਰਖੁ ਨਾ ਮਾਛਿੰਦੋ।।

ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ ਨਾ ਕੋ ਗਣਤ ਗਣਾਇਦਾ।। ੯।।

ਵਰਨ ਭੇਖ ਨਹੀ ਬ੍ਰਹਮਣ ਖਤ੍ਰੀ।। ਦੇਉ ਨ ਦੇਹੁਰਾ ਗਊ ਗਾਇਤ੍ਰੀ।।

ਹੋਮ ਜਗ ਨਹੀ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ।। ੧੦।।

ਨਾ ਕੋ ਮੁਲਾ ਨਾ ਕੋ ਕਾਜੀ।। ਨਾ ਕੋ ਸੇਖੁ ਮਸਾਇਕੁ ਹਾਜੀ।।

ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ।। ੧੧।।

ਭਾਉ ਨ ਭਗਤੀ ਨਾ ਸਿਵ ਸਕਤੀ।। ਸਾਜਨੁ ਮੀਤੁ ਬਿੰਦੁ ਨਹੀ ਰਕਤੀ।।

ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ।। ੧੨।।

ਬੇਦ ਕਤੇਬ ਨ ਸਿੰਮ੍ਰਿਤਿ ਸਾਸਤ।। ਪਾਠ ਪੁਰਾਣ ਉਦੈ ਨਹੀ ਆਸਤ।।

ਕਹਤਾ ਬਕਤਾ ਆਪਿ ਅਗੋਚਰੁ ਆਪੇ ਅਲਖੁ ਲਖਾਇਦਾ।। ੧੩।।

ਜਾ ਤਿਸੁ ਭਾਣਾ ਤਾ ਜਗਤੁ ਉਪਾਇਆ।। ਬਾਝੁ ਕਲਾ ਆਡਾਣੁ ਰਹਾਇਆ।।

ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ।। ੧੪।।

ਵਿਰਲੇ ਕਉ ਗੁਰਿ ਸਬਦੁ ਸੁਣਾਇਆ।। ਕਰਿ ਕਰਿ ਦੇਖੈ ਹੁਕਮੁ ਸਬਾਇਆ।।

ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ।। ੧੫।।

ਤਾ ਕਾ ਅੰਤੁ ਨ ਜਾਣੈ ਕੋਈ।। ਪੂਰੇ ਗੁਰ ਤੇ ਸੋਝੀ ਹੋਈ।।

ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ।। ੧੬।। ੩।। ੧੫।।

(ਪੰਨਾ ੧੦੩੫-੧੦੩੬)

ਸ਼ਬਦ ਦੇ ਆਖਰੀ ਅੰਕਾਂ।। ੧੬।। ੩।। ੧੫।। ਦਾ ਨਿਰਨਾ-ਪਹਿਲਾ ਅੰਕ ਇਸ ਸਬਦ ਦੇ ‘੧੬` ਪਦਿਆਂ ਦਾ ਲਿਖਾਇਕ ਹੈ। ਦੂਜਾ ਅੰਕ `੩` ਸ਼ਬਦ ‘ਮਾਰੂ ਮਹਲਾ ੧ ਦਖਣੀ` ਵਿੱਚ ਇਹੇ ਤਿਸਰਾ ਸ਼ਬਦ ਦਾ ਲਿਖਾਇਕ ਹੈ। ਇਸ ਤੋਂ ਪਹਿਲਾਂ ਛੇ ਸ਼ਬਦਾਂ ਦਾ ਸੰਗ੍ਰਹਿ, ਸ਼੍ਰਿਸ਼ਟੀ ਰਚਨਾ ਪ੍ਰਥਾਇ ਅਤੇ ਉਸ ਤੋਂ ਪਹਿਲਾਂ ਹੋਰ ਛੇ ਸ਼ਬਦਾਂ ਦੇ ਸੰਗ੍ਰਹਿ ਨਾਲ ਇੱਥੋਂ ਤੱਕ (੩+੬+੬=੧੫) ਭਾਵ ਆਖਰੀ ਅੰਕ `੧੫` ਦਾ ਲਿਖਾਇਕ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੧੦੨੦ ਅੰਕ ਤੋਂ ‘ਮਾਰੂ ਸੋਲਹੇ ਮਹਲਾ ੧` ਦੇ ਸ਼ਬਦ ਸ਼ੁਰੂ ਹੂੰਦੇ ਹਨ। ਸਿਰਲੇਖ ਵਿੱਚ ‘ਸੋਲਹੇ` ਸ਼ਬਦ ੧੬ ਦੀ ਗਿਣਤੀ ਦਾ ਪ੍ਰਤੀਕ ਹੈ। ਇਸ ਮਾਰੂ ਰਾਗ ਵਿੱਚ ੧੬ ਪਦਿਆਂ ਦੇ ਸ਼ਬਦ ਹਨ। ਕਈ ਸ਼ਬਦ ੧੭ ਪਦਿਆਂ ਦੇ ਵੀ ਹਨ, ਜਿਵੇਂ ਕਿ ੮ਵਾਂ, ੯ਵਾਂ, ੧੦ਵਾਂ, ੧੧ਵਾਂ ਅਤੇ ੧੭ਵਾਂ। ੧੮ਵਾਂ, ੧੯ਵਾਂ, ੨੦ਵਾਂ, ੨੧ਵਾਂ ਅਤੇ ੨੨ਵਾਂ ਸ਼ਬਦ ੧੫ ਪਦਿਆਂ ਦੇ ਹਨ। ਕੁੱਲ ੨੨ ਸ਼ਬਦ ਗੁਰੂ ਨਾਨਕ ਦੇਵ ਜੀ ਦੇ ੧੦੪੩ ਪੰਨੇ ਤੱਕ ਹਨ ਤੇ ਉਸ ਤੋਂ ਬਾਦ ਮਾਰੂ ਸੋਲਹੇ ਮਹਲਾ ੩ ਦੇ ਸ਼ਬਦ ਸ਼ੁਰੂ ਹੁੰਦੇ ਹਨ।

ਆਓ ਹੁਣ ਲੇਖ ਦੀ ਵਿਚਾਰ ਵਲ ਪਰਤੀਏ,

ਉਪਰਲੇ ਸ਼ਬਦ ਦੇ ਪਹਿਲੇ ਤੇ ਦੂਜੇ ਪਦੇ ਰੱਬ ਜੀ ਦੀ ਸੁੰਨ ਅਵਸਥਾ, ਜਿਸ ਨੂੰ ਅਰਬਦ ਨਰਬਦ ਸਮੇਂ ਪਹਿਲਾਂ ‘ਧੁੰਧੂਕਾਰਾ` ਸ਼ਬਦ ਨਾਲ ਸੰਬੋਧਨ ਕੀਤਾ ਹੈ ਅਤੇ ਜਗਤ ਦਾ ਪਸਾਰਾ ਨਹੀਂ ਹੋਇਆ ਸੀ। ਨਾ ਹੀ ਪੈਦਾ ਕਰਨ ਦੀਆਂ ਖਾਣੀਆਂ ਸਨ, ਨਾ ਉਤਪਤੀ ਤੇ ਨਾ ਹੀ ਵਿਨਾਸ਼ ਸੀ। ‘੧` ਆਪ ਹੀ ਸੀ, ਭਾਵ ਨਾ ਗੁਰੂ ਦੀ ਸ਼ਖਸ਼ੀਅਤ ਸੀ ਤੇ ਨਾ ਹੀ ਗੁਰਬਾਣੀ। ਸਪੱਸ਼ਟ ਹੈ ‘੧` ਹੀ ‘੧` ਸੀ, ਨਾ ਨਾਮੁ ਤੇ ਨਾ ਗੁਰਬਾਣੀ।

ਉਪ੍ਰੋਕਤ ਸ਼ਬਦ ਦੇ ੧੫ਵੇਂ ਪਦੇ ਨੂੰ ਵਿਚਾਰੀਏ। ਇਸ ਦੀਆਂ ਪਹਿਲੀਆਂ ਦੋ ਪੰਕਤੀਆਂ ਨੂੰ ਬਾਦ ਵਿੱਚ ਵਿਚਾਰਾਂ-ਗੇ ਪਹਿਲਾਂ ਤੀਜੀ ਪੰਕਤੀ ‘ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ।। ੧੫।। ਨੂੰ ਵਿਚਾਰੀਏ। ਰੱਬ ਜੀ ਦੀ ਗੁਪਤ ਅਵਸਥਾ ਆਦਿ ਹੈ ਜਿਸ ਬਾਰੇ ਕੋਈ ਬਿਆਨ ਨਹੀਂ ਕਰ ਸਕਦਾ। ਕੁਦਰਤੀ ਸਚੁ ਹੈ ਜੇ ਇਹ ਕਹੀਐ ਕਿ ਗੁਰਬਾਣੀ ਨੇ ਵੀ ਨਹੀਂ ਬਿਆਨ ਕੀਤਾ, ਗੁਰਬਾਣੀ ਨੇ ਰੱਬ ਜੀ ਨੂੰ ‘ਬੇਅੰਤ` ਕਹਿ ਕੇ ਸਿੱਖਾਂ ਨੂੰ ਉਪਦੇਸ਼ ਦਿੱਤਾ ਹੈ ਕਿ ਰੱਬ ਜੀ ਦੇ ਅੰਤ ਦੀ ਭਾਲ ਵੱਲ ਨ ਖਪਤ ਹੋਈ। ਸਾਡੇ ਮੰਦ ਭਾਗ ਕਿ ਅਸੀਂ ਪਹਿਲਾਂ ਅੰਤ ਜਾਣਨਾ ਚਾਹੁੰਦੇ ਹਾਂ ਤੇ ਪਿੱਛੋਂ ਤੁਰਨਾ। ਗੁਰਬਾਣੀ ਦੀ ਸਿੱਖਿਆ ਕਿ ਗੁਰੂ ਦੀ ਦੱਸੀ ਸਿੱਖਿਆ ਤੇ ਤੁਰ ਪੈ, ਜੋ ਤੈਨੂੰ ਉਸ ਮਾਰਗ ਤੇ ਲੈ ਜਾਏਗਾ, ਜੋ ਬੇਅੰਤ ਨਾਲ ਜੋੜਦਾ ਹੈ। ‘ਗੁਪਤਹੁ ਪਰਗਟੀ ਆਇਦਾ` ਦਾ ਭਾਵ ਓਸ ਸੁੰਨ ਅਵਸਥਾ (ਗੁਪਤ) ਤੋਂ ਖੰਡ ਬ੍ਰਹਮੰਡ ਅਤੇ ਪਾਤਾਲ ਦੀ ਰਚਨਾ ਪ੍ਰਗਟ ਕੀਤੀ। ਹੋਰ ਖੋਲ ਕੇ ਵਿਚਾਰੀਏ ਤਾਂ ਇਹ ‘੧`ਤੋਂ ਅਨੇਕਾਂ ਰੂਪਾਂ ਵਿੱਚ ‘੧` ਦਾ ਹੀ ਪਸਾਰਾ ਹੈ। ਨਾਮੁ ਤੇ ਜਗਤ ਪਸਾਰਾ, ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ। ਇਸ ਪਸਾਰੇ ਬਾਰੇ ਸਭ ਤੋਂ ਵੱਧ ਇੱਕ ਵਿਚਾਰ ਹੈ ਕਿ ਰੱਬ ਜੀ ਦੇ ਇੱਕ ਧਮਾਕੇ ਨਾਲ, ਇੱਕ ਅਵਾਜ਼ ਨਾਲ ਜਾਂ ਇੱਕ ਸ਼ਬਦ ਨਾਲ ਇਹ ਸਾਰਾ ਪ੍ਰਗਟ ਰੂਪ ਹੋਂਦ ਵਿੱਚ ਆਇਆ। ਇਸ ਵਾਰੇ ਅਨੇਕਾਂ ਵਿਦਵਾਨ ਗੁਰਬਾਣੀ ਦੀ ਪੰਗਤੀ:-

ਕੀਤਾ ਪਸਾਉ ਏਕੋ ਕਵਾਉ।। ਤਿਸ ਤੇ ਹੋਏ ਲਖ ਦਰੀਆਉ।।

ਕੁਦਰਤਿ ਕਵਣ ਕਹਾ ਵੀਚਾਰੁ।। ਵਾਰਿਆ ਨ ਜਾਵਾ ਏਕ ਵਾਰ।। ਜੋ ਤੁਧੁ ਭਾਵੈ ਸਾਈ ਭਲੀ ਕਾਰ।। ਤੂ ਸਦਾ ਸਲਾਮਤਿ ਨਿਰੰਕਾਰ।। ੧੬।। (ਪੰਨਾ ੩)

ਪੜ੍ਹ ਕੇ ਗੁਰੂ ਨਾਨਕ ਜੀ ਦੀ ਮੋਹਰ ਲਗਾਉਂਦੇ ਹਨ ਜੋ ਠੀਕ ਨਹੀਂ ਜਾਪਦਾ। ਇਸ ਦੀ ਵਿਚਾਰ ਜੇ ਇਸ ਤਰ੍ਹਾਂ ਕੀਤੀ ਜਾਵੇ ਤਾਂ ਗੁਰਬਾਣੀ ਸਿਧਾਂਤ ਨਾਲ ਮੇਲ ਖਾਂਦੀ ਹੈ (ਕਿ ਕਈਆਂ ਤੋਂ ਸੁਣਿਆ ਹੈ, ਕੇਈ ਕਹਿੰਦੇ ਹਨ ਕਿ) ਰੱਬ ਜੀ ਨੇ ਇਹ ਪਸਾਰਾ ਇੱਕ ਵਾਕ ਭਾਵ ਸ਼ਬਦ (ਜਾਂ ਕੁੰਨ ਜਿਸ ਤਰ੍ਹਾਂ ਮੁਸਲਮਾਨਾਂ ਦਾ ਮੰਨਣਾ ਹੈ) ਨਾਲ ਕੀਤਾ ਤੇ ਉਸ ਤੋਂ ਜੀਵਨ ਦੀਆਂ ਲੱਖਾਂ ਨਦੀਆਂ, ਦਰੀਆਓ ਕਈ ਕਿਸਮਾਂ ਵਿੱਚ ਹੋਂਦ ਚ ਆਈਆਂ। ਨਾਨਕ ਜੀ ਇਸ ਨੂੰ ਬੜੇ ਪ੍ਰੇਮ ਨਾਲ ਨਿਕਾਰਦੇ ਹੋਏ ਅਪਣੇ ਵਿਚਾਰ ਰੱਖਦੇ ਹਨ ਕਿ ਕੁਦਰਤ ਪਸਾਰੇ ਬਾਰੇ (ਮੈਂ) ਕੀ ਵੀਚਾਰ ਦੇਵਾਂ (ਭਾਵ ਨਹੀਂ ਦੇ ਸਕਦਾ)। ਮੈਂ ਤਾਂ ‘੧` ਤੋਂ ਇੱਕ ਵਾਰ ਵੀ ਵਾਰਿਆ ਨਹੀਂ ਜਾ ਸਕਦਾ, ਕਿਉਂਕਿ (ਆਦਿ ਤੋਂ) ਸਲਾਮਤਿ ਨਿਰੰਕਾਰ ਜੀ ਨੂੰ ਜੋ ਭਾਉਂਦਾ ਹੈ (ਸਾਨੂੰ) ਉਸੀ ‘੧` ਦੇ ਭਾਣੇ ਵਿੱਚ ਰਹਿਣਾ (ਬਣਦਾ) ਹੈ।

ਜਗਤ ਪਸਾਰੇ ਬਾਰੇ ਗੁਰਬਾਣੀ ਰਾਹੀਂ ਇਸ ਸੱਚ ਨੂੰ ਗੁਰੂ ਨਾਨਕ ਦੇਵ ਜੀ ਨੇ ਹੀ ਆਪਣੀ ਬਾਣੀ ‘ਸਿਰੀ ਰਾਗੁ ਮਹਲ ੧` ਦੇ ੧੫ਵੇਂ ਸ਼ਬਦ ਵਿੱਚ;

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ।।

ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ।। ਨਿਰਮਲੁ ਮੈਲਾ ਨਾ ਥੀਐ ਸਬਦਿ ਰਤੇ ਪਤਿ ਹੋਇ।। ੩।। (ਪੰਨਾ ੧੯)

(ਪਾਠਕ ਜੀ, ਦੇਖੋ ਇਥੇ ‘ਮਹਲ` ਨੂੰ ਕਿਸ ਤਰ੍ਹਾਂ ਮਹੱਲਾ ਉਚਾਰਣ ਕਰ ਸਕਦੇ ਹਾਂ, ਨਹੀਂ ਕਰ ਸਕਦੇ। ਪਰ ਅਸੀਂ “ਮਹੱਲਾ” ਪੜ੍ਹ ਕੇ ਇਸ ਦੇ ਮਤਲਬ ਤੋਂ ਵਾਂਝੇ ਰਹਿ ਜਾਂਦੇ ਹਾਂ ਤੇ ਗਲਤ ਦਲੀਲਾਂ ਦਿੰਦੇਂ ਹਾਂ)

ਸ਼ਬਦ ਵਿਚਾਰ:- ਭਾਵ ‘੧` ਸਾਚੇ ਤੋਂ ਪਵਨ/ਹਵਾ ਹੋਂਦ ਵਿੱਚ ਆਈ ਅਤੇ ਪਵਨ ਤੋਂ ਜਲ ਹੋਂਦ ਵਿੱਚ ਆਇਆ ਤੇ ਜਲ ਨਾਲ ਤਿੰਨ ਲੋਕ ਸਾਜੇ ਤੇ ਅਪਣੀ ਸੱਤਿਆ ਹਰ ਇੱਕ ਚ ਰੱਖੀ। (ਹਰ ਇੱਕ ਵਿੱਚ ਸੱਤਿਆ, ਤਾਕਤ ਰੱਬ ਜੀ ਦੀ ਹੋਂਦ ਦਾ ਪ੍ਰਤੀਕ ਹੈ) ਪਰ ਨਿਰਮਲ ‘੧` (ਜੋ ਸਭ ਵਿੱਚ ਵੱਸਦਾ ਹੈ ਪਰ ਸਭ ਦੇ ਵਜੂਦ ਦੀ) ਮੈਲ ਤੋਂ ਅਛੋਹ ਹੈ। ਗੁਰ ਦੇ ਸ਼ਬਦ ਵਿੱਚ ਰੰਗੇ ਹੋਏ ਨੂੰ ਜਗਤ ਸੰਸਾਰ ਵਿੱਚ ਆਦਰ ਮਿਲਦਾ ਹੈ ਅਤੇ ਵਿਕਾਰਾਂ ਦੀ ਮੈਲ, ਸ਼ਬਦ/ਨਾਂਮ ਨਾਲ ਰੰਗੇ ਹੋਏ ਦੇ (ਨਿਰਮਲ ਸਰੀਰ ਅਤੇ ਮਨ) ਨੂੰ ਮੈਲਾ ਨਹੀਂ ਕਰ ਸਕਦੀ।

ਇਕ ਤਰਕਸ਼ੀਲ ਵਿਅਕਤੀ ਨੇ ਉਪਰਲੀ ਵਿਚਾਰ ਸੁਣ ਕੇ ਕਹਿਣ ਲੱਗਾ ‘ਕੀ ਰੱਬ ਜੀ ਨੇ ਗੁਰੂ ਨਾਨਕ ਜੀ ਦੇ ਮੋਢੇ ਤੇ ਹੱਥ ਮਾਰ ਕੇ ਦੱਸਿਆ ਸੀ ਕਿ ਮੈਂ ਸਭ ਤੋਂ ਪਹਿਲਾਂ ਪਵਨ ਰੂਪ ਹੋਇਆ ਤੇ ਫਿਰ ਪਾਣੀ ਤੇ ਤਿਨ ਲੋਕ ਸਾਜੇ`। ਮੈਂ ਕਿਹਾ ਨਹੀਂ, ਮੋਢੇ ਤੇ ਹੱਥ ਮਾਰ ਕੇ ਨਹੀਂ ਸਗੋਂ ਗੁਰੂ ਨਾਨਕ ਜੀ ਨੂੰ ਵਿਵੇਕ-ਬੁਧ ਬਖ਼ਸ਼ੀ ਸੀ ਜਿਸ ਦਾ ਸਦਕਾ ਗੁਰੂ ਨਾਨਕ ਜੀ ਨੂੰ ਹਰ ਇੱਕ ਦੇ ਆਦਿ-ਅੰਤ ‘੧` ਵਿੱਚ ਸਮਾਇਆ ਦੇਖਿਆ ਤੇ ਇਸ ਸ਼ਬਦ ਦੁਆਰਾ ਸੱਚ ਨੂੰ ਪ੍ਰਗਟ ਕੀਤਾ। ਤਰਕਸ਼ੀਲ਼ ਮੁਸਕਰਾ ਕੇ ਕਹਿਣ ਲੱਗਾ ਕਿ ‘੧` ਵਿੱਚ ਸਮਾਇਆ ਦੀ ਕੋਈ ਦਲੀਲ ਦੀ ਕਸਵੱਟੀ ਤੇ ਪੂਰੀ ਉਤਰਦੀ ਉਦਾਹਰਣ ਦੇ ਸਕਦੇ ਹੋ? ਮੈ ਪੁਛਿਆ ਤੁਹਾਡੀ ਕੀ ਉਮਰ ਹੈ। ਉਸ ਨੇ ਜਵਾਬ ਦਿੱਤਾ ੬੦ ਸਾਲ (ਇਹ ਗੱਲ ੨੦੦੪ ਦੀ ਹੈ ਤੇ ਹੁਣ ਉਨ੍ਹਾਂ ਦੀ ਉਮਰ ੭੪ ਸਾਲ ਹੈ) ਮੈ ਕਿਹਾ ਗੁਰੂ ਨਾਨਕ ਦੇਵ ਜੀ ਦੀ ਉਮਰ ੭੨/੭੩ ਇਤਿਹਾਸਕਾਰ ਲਿਖਦੇ ਹਨ। ਕਲਪਨਾ ਕਰੋ ਕਿ ਤੁਸੀਂ ਗੁਰੂ ਨਾਨਕ ਜੀ ਦੇ ਸਮੇਂ ਕਾਲ ਵਿੱਚ ਉਨ੍ਹਾਂ ਤੋਂ ੨੫ ਸਾਲ ਬਾਦ ਚ ਪੈਦਾ ਹੋਏ ਅਤੇ ਆਪ ਜੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਦ ਵੀ ਜੀਵਨ ਬਿਤਾਇਆ। ਅਫ਼ਸੋਸ ਦੀ ਗੱਲ ਇਹ ਹੈ ਕਿ ਜੋ ਗੁਰੂ ਨਾਨਕ ਜੀ ਨੇ ਅਸਲੀਅਤ ਦੇਖੀ ਤੇ ਬਿਆਨ ਕੀਤੀ, ਉਹ ਅੱਜ ਵੀ ਸਾਡੇ ਸਾਹਮਣੇ ਅਤੇ ਹਰ ਥਾਂ ਮੌਜੂਦ, ਤੇ ਹੋ ਰਹੀ ਹੈ, ਪਰ ਸਾਡੀ ਪਕੜ ਚ ਨਹੀਂ ਆ ਰਹੀ। ਇਸ ਗੱਲ ਨੂੰ ਸਮਝਣ ਵਾਸਤੇ ਵਿਗਿਆਨ ਦੀ ਦਲੀਲ ਦੁਆਰਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਵਨ ਜੋ ਕਿ ਕਈਆਂ ਗੈਸਾਂ ਦਾ ਸਮੂੰਹ ਹੈ ਭਾਵ, ਆਕਸੀਜ਼ਨ (O2) , ਕਾਰਬਨ ਡਾਇਓਕਸਾਈਡ (CO2) , ਨਾਈਟ੍ਰੋਜ਼ਨ (N2) , ਹਾਈਡ੍ਰੋਜ਼ਨ (H2) ਅਤੇ ਅਨੇਕਾਂ ਹੀ ਹੋਰ ਗੈਸਾਂ ਦਾ ਸਮੂੰਹ ਹੁੰਦਾ ਹੈ। ਪਵਨ ਵਿੱਚ ਧੂਲ਼ ਹੈ ਜੋ ਕਿ ਧਾਤਾਂ ਦਾ ਸੁਖਸ਼ਮ ਕਣ ਹੈ। ਧਾਤ ਜਿਵੇਂ ਸੋਨਾ, ਚਾਂਦੀ, ਲੋਹਾ, ਪਿੱਤਲ, ਕਾਸ਼ੀ, ਕੈਲਸ਼ੀਅਮ, ਮੈਗਨੀਸ਼ੀਅਮ, ਕਾਰਬਨ, ਸੋਡੀਅਮ, ਫੈਰੋਸ ਅਤੇ ਅਨੇਕਾਂ ਹੋਰ ਧਾਤਾਂ ਪਵਨ ਵਿੱਚ ਮੌਜੂਦ ਹਨ। ਇਸੀ ਹਵਾ/ਪਵਨ ਵਿੱਚ ਜਦੋਂ ਜੁਗਤ ਨਾਲ ਦੋ ਹਿੱਸੇ ਹਾਈਡ੍ਰੋਜ਼ਨ (H2) ਤੇ ਇੱਕ ਹਿੱਸਾ ਆਕਸੀਜ਼ਨ (O2) ਮਿਲ ਜਾਣ ਤਾਂ H2O ਭਾਵ ਪਾਣੀ, ਜਲ ਦੀ ਬੂੰਦ ਹੋਂਦ ਵਿੱਚ ਆਉਂਦੀ ਹੈ। ਇਹ ਪਾਣੀ ਦੀ ਸੂਖਸ਼ਮ ਬੂੰਦ ਧਾਤਾਂ ਦੀ ਸੂਖਸ਼ਮ ਕਣਾਂ ਨੂੰ ਜੋੜ ਕੇ ਧਾਤਾਂ ਨੂੰ ਅਤੇ ਧਰਤੀ ਨੂੰ ਹੋਂਦ ਵਿੱਚ ਲਿਆਉਂਦਾ ਹੈ ਤੇ ਇਸ ਤਰ੍ਹਾਂ ਕਈ ਧਰਤੀਆਂ ਨੂੰ ਜਿਸ ਤਰ੍ਹਾਂ ਆਪਣੀ ਧਰਤੀ, ਸੂਰਜ, ਚੰਦ ਤੇ ਸਾਰੇ ਸਟਾਰ ਹੋਂਦ ਵਿੱਚ ਆਏ।

ਆਪਣੇ ਸਰੀਰ ਨੂੰ ਲਈਏ, ਮਰਨ ਤੋਂ ਬਾਦ ਇਸ ਨੂੰ ਅਗਨ ਭੇਟ ਕਰਦੇ ਹਾਂ, ਸਭ ਤੋਂ ਪਹਿਲਾਂ ਅਗਨ, ਸਰੀਰ ਵਿੱਚੋਂ ਗੈਸਾਂ ਤੇ ਪਾਣੀ ਨੂੰ ਹਵਾ ਤੇ ਭਾਫ ਦੇ ਰੂਪ ਚ ਕੱਢਦਾ ਹੈ, ਫਿਰ ਸਰੀਰ ਦੀ ਚਮੜੀ ਨੂੰ ਪਾਣੀ ਤੇ ਸਵਾਹ (ਮਿੱਟੀ) ਰੂਪ ਬਣਾ ਦਿੰਦਾ ਹੈ, ਫਿਰ ਇਸ ਸਵਾਹ ਤੇ ਹੱਢੀਆਂ ਨੂੰ ਹੋਰ ਗਰਮ ਕਰੋ ਤੇ ਤਰਲ ਰੂਪ (Fluid ਪਾਣੀ) ਤੇ ਫਿਰ ਹੋਰ ਗਰਮ ਕਰੋ ਤੇ ਸਾਰੀ ਸਮਗਰੀ ਪਵਨ ਹਵਾ ਰੂਪ ਵਿੱਚ ਬਦਲ ਜਾਂਦੀ ਹੈ। ਸੋ ਪਵਨ ਤੋਂ ਜਗਤ ਦਾ ਆਦਿ ਤੇ ਪਵਨ ਵਿੱਚ ਜਗਤ ਹੋਂਦ ਦਾ ਅੰਤ। ਆਦਿ ਤੋਂ ਅੰਤ ‘੧` ਇੱਕ ਪਵਨ ਹੀ ਪਵਨ। ਇਸ ਸੰਸਾਰ ਵਿੱਚ ਹਰ ਇੱਕ ਚੀਜ਼ ਨੂੰ ਅਗਨ ਭੇਟ ਕਰਨ ਤੇ ਉਸ ਦਾ ਅੰਤ ਪਵਨ ਹੀ ਹੈ। ਇਹ ਸਚਾਈ ਦੀ ਸਮਝ ਗੁਰੂ ਨਾਨਕ ਦੇਵ ਜੀ ਦੀ ਬਿਬੇਕ-ਬੁਧ ਦੁਆਰਾ ਪਕੜ ਵਿੱਚ ਆਈ। ਆਪਣੇ ਸ਼ਬਦਾਂ ਦੁਆਰਾ ਜਿਨ੍ਹਾਂ ਸ਼ਬਦਾਂ ਦੇ ਸੰਗ੍ਰਹਿ ਨਾਲ ਇਹ ਸੱਚ ਦਾ ਗਿਆਨ ਪ੍ਰਗਟ ਕੀਤਾ ਅਤੇ ਸ਼ਬਦਾਂ ਦੇ ਇਕੱਠ ਤੋਂ ਉਪਜਿਆ ਗਿਆਨ ਹੀ ਸਾਡਾ ਤੇ ਗੁਰੂ ਨਾਨਕ ਦੇਵ ਜੀ ਦਾ ਸ਼ਬਦ-ਗੁਰੂ ਹੈ। ਜਿਹੜੇ ਸ਼ਬਦਾਂ ਦੇ ਸੰਗ੍ਰਹਿ ਤੋਂ ਸੱਚ ਦਾ ਗਿਆਨ ਮਿਲ ਰਿਹਾ ਹੈ ਉਹ ਹੀ ਸ਼ਬਦ-ਗੁਰੂ ਹੈ।

ਨਾਮੁ ਦੇ ਅੱਖਰੀ ਅਰਥ ਤੇ ਗੁਰਬਾਣੀ ਵਿੱਚ ਆਏ ਨਾਮੁ ਦੇ ਭਾਵ ਅਰਥਾਂ ਬਾਰੇ ਵਿਚਾਰ ਕਰੀਏ। ਰੱਬ ਜੀ ਨੇ ਸ਼੍ਰਿਸ਼ਟੀ (ਕਾਇਨਾਤ) ਰਚੀ, ਜਿਸ ਵਿੱਚ ਸਾਰੀ ਕਾਇਨਾਤ ਤੇ ਬ੍ਰਹਿਮੰਡ ਆ ਜਾਂਦੇ ਹਨ, ਪਰ ਇਨ੍ਹਾਂ ਸਭ ਨੂੰ ਨਾਮ ਅਸੀਂ ਦਿੱਤਾ ਹੈ (ਭਾਵ ਮਨੁੱਖ ਨੇ ਦਿੱਤਾ)। ਕਿਸੀ ਵੀ ਚੀਜ਼ ਨੂੰ ਨਾਮ ਅਸੀਂ ਦਿੰਦੇ ਹਾਂ ਜੋ ਸਾਡੇ ਗਿਆਨ ਇੰਦ੍ਰਿਆਂ ਦੀ ਪਕੜ ਵਿੱਚ ਹਨ ਅਤੇ ਜਿਸ ਦਾ ਵਜੂਦ ਹੈ। ਰੱਬ ਜੀ ਬਾਰੇ ਗੁਰਬਾਣੀ ਦੇ ਸ਼ਬਦਾਂ ਦੇ ਸੰਕੇਤ:

ਤਿਸੁ ਰੂਪੁ ਨ ਰੇਖ ਅਦਿਸਟੁ ਅਗੋਚਰੁ ਗੁਰਮੁਖਿ ਅਲਖੁ ਲਖਾਇਆ।। (ਪੰਨਾ ੪੪੮)

ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ।।

ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ।। ੧।। (ਪੰਨਾ ੨੮੩)

ਤਿਸੁ ਰੂਪੁ ਨ ਰੇਖ ਅਦ੍ਰਿਸਟੁ ਕਹੁ ਜਨ ਕਿਉ ਧਿਆਈਐ।। (ਪੰਨਾ ੬੪੪)

ਨਾ ਤਿਸੁ ਰੂਪੁ ਨ ਰੇਖਿਆ ਕਾਈ।। ਅੰਤਿ ਨ ਸਾਹਿਬੁ ਸਿਮਰਿਆ ਜਾਈ।। ੩।। (ਪੰਨਾ ੭੫੦)

ਬਰਨ ਆਸ੍ਰਮ ਸਾਸਤ੍ਰ ਸੁਨਉ ਦਰਸਨ ਕੀ ਪਿਆਸ।।

ਰੂਪੁ ਨ ਰੇਖ ਨ ਪੰਚ ਤਤ ਠਾਕੁਰ ਅਬਿਨਾਸ।। ੨।। (ਪੰਨਾ ੮੧੬)

ਅਗਮ ਅਗੋਚਰੁ ਰੂਪੁ ਨ ਰੇਖਿਆ।। ਖੋਜਤ ਖੋਜਤ ਘਟਿ ਘਟਿ ਦੇਖਿਆ।। (ਪੰਨਾ ੯੩੮-੯੩੯)

ਸ੍ਰੀ ਰਾਮਚੰਦ ਜਿਸੁ ਰੂਪੁ ਨ ਰੇਖਿਆ।। ਬਨਵਾਲੀ ਚਕ੍ਰਪਾਣਿ ਦਰਸਿ ਅਨੂਪਿਆ।।

ਸਹਸ ਨੇਤ੍ਰ ਮੂਰਤਿ ਹੈ ਸਹਸਾ ਇਕੁ ਦਾਤਾ ਸਭ ਹੈ ਮੰਗਾ।। ੪।। (ਪੰਨਾ ੧੦੮੨)

ਇਸ ਕਰਕੇ ਗੁਰਬਾਣੀ ਨੇ ਰੱਬ ਜੀ ਨੂੰ ਕੋਈ ਇੱਕ ਵਿਸ਼ੇਸ਼ ਨਾਮ ਨਹੀਂ ਦਿੱਤਾ, ਹਾਂ ਗੁਰਬਾਣੀ ਨੇ ਰੱਬ ਜੀ ਨੂੰ “ਸਤਿ” ਦੇ ਨਾਮੁ ਨਾਲ ਸੰਬੋਧਨ ਕੀਤਾ ਹੈ, ਮਾਰੂ ਸੋਲਹੇ ਮਹਲਾ ੫ ਅੰਦਰ ੨ ਪਦਿਆਂ ਦਾ ਇੱਕ ਸ਼ਬਦ ਹੈ ਜਿਸ ਵਿੱਚ ਰੱਬ ਜੀ ਨੂੰ ੧੦੦ ਤੋਂ ਵਧੀਕ ਨਾਮਾਂ ਦਾ ਵਰਨਣ ਹੈ ਅਤੇ ੨੦ਵਾਂ ਪਦਾ ਹੈ;

ਕਿਰਤਮ ਨਾਮ ਕਥੇ ਤੇਰੇ ਜਿਹਬਾ।। ਸਤਿ ਨਾਮੁ ਤੇਰਾ ਪਰਾ ਪੂਰਬਲਾ।।

ਕਹੁ ਨਾਨਕ ਭਗਤ ਪਏ ਸਰਣਾਈ ਦੇਹੁ ਦਰਸੁ ਮਨਿ ਰੰਗੁ ਲਗਾ।। ੨੦।। (ਪੰਨਾ ੧੦੮੩)

ਇੱਥੇ ‘ਸਤਿ` ਰੱਬ ਜੀ ਦੀ ਹੋਂਦ ਦਾ ਪ੍ਰਤੀਕ ਹੈ। ਭਾਵ ਹਰ ਇੱਕ ਸੰਸਾਰ ਰਚਨਾ ਦੇ ਵਜੂਦ ਵਿੱਚ ‘ਸਤਿ` ਹੈ। ‘ਸਤਿ` ਭਾਵ ਸੱਤਿਅ, ਸ਼ਕਤੀ, ਜੋਤ ਆਦਿ। ਪਰ ‘ਸਤਿ` ਦਾ ਆਪਣਾ ਕੋਈ ਇੱਕ ਵਜੂਦ ਗੁਰਬਾਣੀ ਨੇ ਨਹੀਂ ਬਿਆਨ ਕੀਤਾ, ਹਾਂ ਹਰ ਵਜੂਦ ਅੰਦਰ ਰੱਬ ਜੀ ਦੀ ਹੋਂਦ ਹੈ। ਸਤਿ ਸਤਿਆ ਹੈ।

ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤ+ਹੀ।।

ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ।। ੨।। (ਪੰਨਾ ੧੩)

ਰੱਬ ਜੀ ਦੀ ਕੋਈ ਖਾਸ ਇੱਕ ਅੱਖ ਨਹੀਂ, ਨਾ ਕੋਈ ਖਾਸ ਇੱਕ ਮੂਰਤਿ (ਵਜੂਦ), ਤੇ ਨਾ ਹੀ ਕੋਈ ਖਾਸ ਇੱਕ ਪੈਰ ਜਾਂ ਨੱਕ ਆਦਿਕ। ਜਪੁ ਬਾਣੀ ਦੀ ੧੯ ਪਉੜੀ ਚ ਦਰਜ਼ ਹੈ;

ਜੇਤਾ ਕੀਤਾ ਤੇਤਾ ਨਾਉ।। ਵਿਣੁ ਨਾਵੈ ਨਾਹੀ ਕੋ ਥਾਉ।। (ਪੰਨਾ ੪)

ਇਹ ਸਾਰਾ ਜਗਤ ਰੱਬ ਜੀ ਦਾ ਕੀਤਾ ਹੈ, ਅਤੇ ਹਰ ਇੱਕ ਵਿੱਚ ਰੱਬ ਜੀ ਦੀ ਸੱਤਿਆ ਰੂਪ ਵਿੱਚ ਰੱਬ ਜੀ ਦੀ ਹੋਂਦ ਮੌਜੂਦ ਹੈ ਜੋ ਕਿ ‘ਨਾਉ` ਦਾ ਪ੍ਰਤੀਕ ਹੈ। ਰੱਬ ਜੀ ਦੀ ਹੋਂਦ ਤੋਂ ਬਿਨਾਂ ਕੋਈ ਥਾਂ ਹੈ ਹੀ ਨਹੀਂ। ਜੋ ਕਿ ‘ਨਾਵੈ` ਨਾਲ ਰੱਬ ਜੀ ਹੋਂਦ ਦਾ ਪ੍ਰਤੀਕ ਹੈ।

ਸੋ ਨਾਮੁ, ਗੁਰਬਾਣੀ ਵਿਚ, ਨਾਂਵ (Noun) ਨਹੀਂ, ਪਰ ਵਿਸ਼ੇਸ਼ਣ (Adjective) ਹੈ ਜੋ ਰੱਬ ਜੀ ਦੇ ਗੁਣਾਂ ਦਾ ਪ੍ਰਤੀਕ ਹੈ। ਮਨੁੱਖ ਨੂੰ ਗੁਰਬਾਣੀ ਦਾ ਉਪਦੇਸ਼ ਹੀ ਹੈ ਕਿ ਤੂੰ ਰੱਬ ਜੀ ਦੇ ਗੁਣ ਧਾਰਨ ਕਰ। ਸੋ ਰੱਬ ਜੀ ਨੇ ਆਪਣੀ ‘ਸੁੰਨ` ਅਵਸਥਾ ਤੋਂ ਜਗਤ ਦਾ ਪਸਾਰਾ ਕੀਤਾ ਤੇ ਨਾਲ ਹੀ ਨਾਮੁ ਦਾ ਪਸਾਰਾ ਕੀਤਾ। ਸਮੇਂ ਨਾਲ ਆਪੇ ਹੀ” ਸੈਭੰ” ਦੇ ਨਿਯਮ ਨਾਲ ਦੋ ਚੀਜ਼ਾਂ ਦੇ ਸੰਯੋਗ ਨਾਲ, ਦੋਨਾ ਦਾ ਵਜੂਦ ਮਿਟਣ ਤੇ, ਆਪੇ ਹੀ ਤੀਸਰੀ ਚੀਜ਼ ਦਾ ਵਜੂਦ ਪ੍ਰਗਟ ਹੋਇਆ। ਹੋਰ ਸੌਖਾ ਸਮਝਣ ਲਈ ਉਪਰ ਦਿਤੀ ਪਾਣੀ ਦੀ ਉਧਾਰਣ ਸਹਾਈ ਹੋਵੇਗੀ।

ਹਾਈਡ੍ਰੋਜ਼ਨ (H2) ਤੇ ਆਕਸੀਜ਼ਨ (O2) ਦੇ ਜੁਗਤ ਦੇ ਸੁਮੇਲ ਵਿੱਚ ਦੋਨਾ ਦਾ ਵਜੂਦ ਖਤੱਮ ਹੋ ਗਿਆ ਤੇ ਨਵਾਂ ਵਜੂਦ ਪਾਣੀ ਆਪੇਹੀ ਪ੍ਰਗਟ ਹੋਇਆ। ਪਰ, ਪਾਣੀ ਦੇ ਵਜੂਦ ਵਿੱਚ ਹਾਈਡ੍ਰੋਜ਼ਨ ਤੇ ਆਕਸੀਜਨ ਦੀ ਹੋਂਦ ਮੋਜੂਦ ਰਹੰਦੀ ਹੇ ਜੋ ੧ ਦੀ ਹੋਂਦ ਦਾ ਪ੍ਰਤੀਕ ਹੈ।

ਨਾ ਕਛੁ ਆਇਬੋ।। ਨਾ ਕਛੁ ਜਾਇਬੋ।। ਰਾਮ ਕੀ ਦੁਹਾਈ।। ੧।। ਰਹਾਉ।। (ਪੰਨਾ ੬੯੫)

ਅਤੇ ਸਹਿਜੇ ਸਹਿਜ ਮਨੁੱਖ ਦਾ ਵਿਕਾਸ ਵਜੂਦ ਵਿੱਚ ਆਇਆ। ਰੱਬ ਜੀ ਦੀ ਕ੍ਰਿਪਾ ਸਦਕਾ ਮਨੁੱਖ ਨੂੰ ਬਿਬੇਕ-ਬੁੱਧ ਪ੍ਰਦਾਨ ਕੀਤੀ ਜਿਸ ਦਾ ਸਦਕਾ ਸੰਸਾਰੀ ਜੀਵਨ ਅਤੇ ਰਚਨਾ ਵਿੱਚ ਗੁਣ ਤੇ ਅਵਗੁਣ ਵਿਚਾਰਨ ਦੀ ਮੱਤ ਦਿੱਤੀ, ਜਿਸ ਨੂੰ ਗੁਰਬਾਣੀ ਨੇ ਗੁਰੂ ਨਾਲ ਸਬੋਧਨ ਕੀਤਾ ਹੈ।

ਸੰਤਾ ਕਉ ਮਤਿ ਕੋਈ ਨਿੰਦਹੁ ਸੰਤ ਰਾਮੁ ਹੈ ਏਕ+।।

ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ+।। ੪।। ੫।। (ਪੰਨਾ ੭੯੩)

ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ।। ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ।। ੬।। ੩।। (ਪੰਨਾ ੯੬੯)

ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ।।

ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ।। ੩।। ੧੧।। (ਪੰਨਾ ੬੩੩-੬੩੪)

ਆਪਣੀ ਮਨ ਬਿਰਤੀ ਇਕਾਗਰ ਕਰ ਕੇ, ਅਰਦਾਸ ਕਰੀਏ, ਸਤਿਗੁਰ ਜੀ ਕਿਰਪਾ ਕਰੋ, ਬਿਬੇਕ-ਬੁਧ ਬਖਸ਼ੋ, ਸਤਿਗੁਰੂ ਜੀ ਗੁਣਾਂ ਦੇ ਧਾਰਣੀ ਬਣਾਓ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਉਪਦੇਸ਼ਾਂ ਤੇ ਚੱਲਣ ਦੀ ਸਮਰੱਥਾ ਬਖਸ਼ੋ ਜੀ, ਨਾਮੁ ਮਨ ਵਸਾਓ।

ਇਸੇ ਹੀ ਸਹਿਜਧਾਰੀ ਸਿੱਖ, ਧਰਮਪਾਲ ਜੀ ਨੇ ਕੁੱਝ ਹਫ਼ਤੇ ਪਹਿਲਾਂ ਬੜਾ ਸੋਹਣਾ ਸਵਾਲ ਕੀਤਾ ਸੀ ਕਿ ਅਸੀਂ ਗੁਰਬਾਣੀ ਦੇ ਕਈ ਸ਼ਬਦ ਉਚਾਰਣ. (ਬਿੰਦੀ) ਲਗਾ ਕੇ ਪੜ੍ਹਦੇ ਹਾਂ ਜਦ ਕਿ ਉਸ ਸ਼ਬਦ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਦਰ. (ਬਿੰਦੀ) ਨਹੀਂ ਲੱਗੀ ਹੋਈ। ਸਮਰੱਥ ਅਭੁੱਲ ਗੁਰੂ ਜੀ ਨੇ ਬਾਣੀ ਸਪੰਾਦਨਾ ਵਕਤ ੀ, ਿ, ਾ, ੁ, ੂ, ੍ਰ ਅਤੇ ਕਈ ਜਗ੍ਹਾ ਤੇ ਂ (ਬਿੰਦੀ) ਵਰਤੀ ਹੈ ਤਾਂ ਫਿਰ ਅਭੁੱਲ ਗੁਰੂ ਜੀ ਨੇ ਇਨ੍ਹਾਂ ਸ਼ਬਦਾਂ ਤੇ ਂ (ਬਿੰਦੀ) ਕਿਉਂ ਨਹੀਂ ਲਗਾਈ? ਵਿਚਾਰ ਦੌਰਾਨ ਸਭ ਨੇ ਯੋਗਦਾਨ ਪਾਇਆ ਅਤੇ ਜਿਸ ਨਿਰਣੇ ਤੇ ਪਹੁੰਚੇ ਉਹ ਇੰਝ ਸੀ।

ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ।।

ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ।।

ਨਾਨਕ ਸਾਚੁ ਨ ਵੀਸਰੈ ਮੇਲੇ ਸਬਦੁ ਅਪਾਰੁ।। ੮।। ੧੨।। (ਪੰਨਾ ੬੧)

ਗੁਰੂ ਜੀ ਨੇ ਕਈ ਸ਼ਬਦਾਂ ਤੇ. (ਬਿੰਦੀ) ਨਾ ਲਗਾ ਕੇ ਸਾਨੂੰ ਸੁਚੇਤ ਤੇ ਸਹਜ ਵਿੱਚ ਸ਼ਬਦ ਦੇ ਅਰਥਾਂ ਅਤੇ ਭਾਵ ਨਾਲ ਜੁੜਨ ਦੀ ਜੁਗਤ ਦੱਸੀ ਹੈ। ਉਧਾਰਨ ਵਜੋ ਹੇਠ ਲਿਖੇ ਸ਼ਬਦ ਇਸ ਵਿਚਾਰ ਨੂੰ ਸ਼ਪਸ਼ਟ ਕਰਨ ਵਿੱਚ ਸਹਾਈ ਹੋਣਗੇ।

ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ।। (ਪੰਨਾ ੧੫)

ਬਾਬਾ ਹੋਰੁ ਖਾਣਾ ਖੁਸੀ ਖੁਆਰੁ।।

ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ।। ੧।। (ਪੰਨਾ ੧੬)

ਖੁਸੀ ਖੁਆਰ ਭਏ ਰਸ ਭੋਗਣ ਫੋਕਟ ਕਰਮ ਵਿਕਾਰ ਕਰੇ।।

ਨਾਮੁ ਬਿਸਾਰਿ ਲੋਭਿ ਮੂਲੁ ਖੋਇਓ ਸਿਰਿ ਧਰਮ ਰਾਇ ਕਾ ਡੰਡੁ ਪਰੇ।। ੧੦।। (ਪੰਨਾ ੧੦੧੪)

ਉਪ੍ਰੋਕਤ ਤਿੰਨ ਪਦਿਆਂ ਵਿੱਚ ਖੁਸੀ ਸ਼ਬਦ ਹੈ ਸ਼ਬਦ ਵਿੱਚ ‘ਸ` ਬਿੰਦੀ ਤੋਂ ਬਿਨਾ ਹੈ। ‘ਮਹਾਨ ਕੋਸ਼` (ਭਾਈ ਕਾਨ੍ਹ ਸਿੰਘ ਨਾਭਾ ਦੀ ਰਚਨਾ) ਵਿੱਚ ਵੀ ਇਹ ਸ਼ਬਦ ਨਹੀਂ ਹੈ। ਮਹਾਨ ਕੋਸ਼ ਦੇ ਪੰਨਾ ੧੩੭੭ ਤੇ ਸ਼ਬਦ ਖ਼ੁਸ਼ੀ ਹੈ, ਜਿਸ ਦਾ ਮਤਲਬ ਪਸੰਦ ਹੈ ਤੇ ਇਸ ਮਤਲਬ ਨਾਲ ਸ਼ਬਦ ਦੇ ਭਾਵ ਅਰਥਾਂ ਤੱਕ ਪਹੁੰਚ ਜਾਈਦਾ ਹੈ, ਅਤੇ ਉਪਰ ਲਿਖੇ ੧੦੧੪ ਪੰਨੇ ਵਾਲਾ ਸ਼ਬਦ ਵੀ ਮਹਾਨ ਕੋਸ਼ ਵਿੱਚ “ਖੁਸੀ” ਦੇ ਉਧਾਹਰਣ ਦੇ ਤੌਰ ਤੇ ਲਿਖਿਆ ਮਿਲਦਾ ਹੈ।

ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ।। (ਪੰਨਾ ੫੫੭)

ਮੋਰੀ ਦੇ ਰੂਪ ਚ ਬਿੰਦੀ ਬਿਨਾ ਇਸ ਦਾ ਅਰਥ ਸੁਰਾਖ ਬਣਦਾ ਹੈ। ਸੋ ਮੋਰੀਂ ਬਿੰਦੀ ਲਾ ਕੇ ਉਚਾਰਣ ਕਰਨਾ ਬਣਦਾ ਹੈ, ਜੋ ਮੋਰ ਪੰਛੀ ਵਲ ਸੰਕੇਤ ਹੈ।

ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ।। (ਪੰਨਾ ੮)

ਇਥੇ ਚੰਗਿਆਈਆ ਤੇ ਾ (ਕੰਨਾ) ਉੱਪਰੇ ਬਿੰਦੀ ਨਾਲ ਹੀ ਉਚਾਰਣ ਤੇ ਮਤਲਬ ਠੀਕ ਸਮਝ ਆਉਂਦਾ ਹੈ।

ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ।।

ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ।। (ਪੰਨਾ ੯੧੭)

ਇੱਥੇ ਵਾਧਾਈਆਂ, ਪਰੀਆਂ ਅਤੇ ਆਈਆਂ ਤੇ ਬਿੰਦੀ ਲਗਾ ਕੇ ਉਚਾਰਣ ਕਰਾਂਗੇ ਤਾਂ ਸਹੀ ਮਤਲਬ ਨਾਲ ਸੁਰਤਿ ਜੁੜੇਗੀ।

ਗਲੀ ਜੋਗੁ ਨ ਹੋਈ।।

ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ।। ੧।। (ਪੰਨਾ ੭੩੦)

ਇੱਥੇ ‘ਗਲੀ` ਬਿਨਾ ਬਿੰਦੀ ਦੇ ਉਚਾਰਣ ਨਾਲ ਮੁਹੱਲੇ ਦੀ ਗਲੀ ਮਤਲਬ ਬਣਦਾ ਹੈ। ਗੱਲੀਂ ਦੇ ਉਚਾਰਣ ਨਾਲ ਮਤਲਬ ਬਣਦਾ ਹੈ ‘ਗੱਲਾਂ ਕਰਨ ਨਾਲ` ਜੋ ਠੀਕ ਹੈ। ਇੱਥੇ ਦੇਖੋ ‘ੱ` (ਅੱਧਕ) ਦੇ ਨਾਲ ਉਚਾਰਣ ਸਹੀ ਬਣਦਾ ਹੈ, ਪਰ ਸਾਰੀ ਗੁਰਬਾਣੀ ਵਿੱਚ ਲਿਖਤੀ ਰੂਪ ਵਿੱਚ ‘ੱ` (ਅੱਧਕ) ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ਼ ਨਹੀਂ। ਗੁਰਬਾਣੀ ਵਿੱਚ ਹੋਰ ਪੰਜ ਅੱਖਰ ਹਨ ਜੋ ਨਹੀਂ ਹਨ, ਜਿਵੇਂ ਕਿ ਸ਼, ਖ਼, ਗ਼, ਜ਼, ਅਤੇ ਫ਼। (ਸਮੇਂ ਦੇ ਨਾਲ ਲ਼ ਪੈਰ ਚ ਵੀ ਬਿੰਦੀ ਲੱਗਣੀ ਸ਼ੁਰੂ ਹੋ ਗਈ ਹੈ)।

ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ।।

ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ।। (ਪੰਨਾ ੧੪੦)

ਇਸ ਸ਼ਬਦ ਵਿੱਚ ‘ਮੁਸਲਾ` ਨੂੰ ‘ੱ` (ਅੱਧਕ) ਤੋਂ ਬਿਨਾ ਉਚਾਰਣ ਨਾਲ ਅਰਥ ਦੇ ਅਨੱਰਥ ਹੋ ਜਾਣਗੇ ਅਤੇ ‘ਸਰਮ`ਤੇ ‘ਰੋਜਾ` ਦੇ ਸ਼ ਤੇ ਜ਼ ਉਚਾਰਣ ਨਾਲ ਸਹੀ ਮਤਲਬ ਬਣਦੇ ਹਨ।

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ।।

ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ।। ੧।। (ਪੰਨਾ ੯)

ਇੱਥੇ ‘ਮਸਕਤਿ` ਦੇ ਸ ਦੇ ਨੀਚੇ ਬਿੰਦੀ ਤੇ ‘ੱ` (ਅੱਧਕ) ਨਾਲ ਉਚਾਰਣ ਤੇ ਮਤਲਬ ਸਹੀ ਬਣਦਾ ਹੈ। ਭਾਵ, ਮੱਸ਼ਕਤਿ (ਮਿਹਨਤ ਨਾਲ)। ਉੱਜਲੇ ਮੁਖ ਵਾਲੇ।

ਅਕਾਸ਼ ਦੇ ਬੱਦਲ ਨੂੰ ਗੁਰਬਾਣੀ ਵਿੱਚ ‘ਬਾਦਰ` ਲਿਖਿਆ ਹੈ। ਜੇ ਇਸ ਨੂੰ ਅਸੀਂ ਬਿੰਦੀ ਲਗਾ ਕੇ ਪੜ੍ਹਾਂਗੇ ਤਾਂ ‘ਬਾਂਦਰ` (ਜਾਨਵਰ) ਉਚਾਰਣ ਹੋਵੇਗਾ ਅਤੇ ਅਰਥਾਂ ਦੇ ਅਨਰਥ ਹੋ ਜਾਣਗੇ।

ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ।। ੧।। (ਪੰਨਾ ੧੨੩੧)

ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ।। ੨।। ੨।। (ਪੰਨਾ ੨੧੯)

ਇੱਥੇ ਛਾਈ ਬਿੰਦੀ ਲਗਾ ਕੇ ਪੜ੍ਹਣਾ ਹੈ ਤਾਂ ਅਰਥ ਬਣੇਗਾ ਪਰਛਾਂਈਂ। ਨਹੀ ਤਾਂ ਬਿੰਦੀ ਤੋ ਬਿਨਾ ਇਸਦਾ ਮਤਲਬ ਸਵਾਹ ਮਿੱਟੀ ਨਿਕਲੇਗਾ। ਜਿਵੇਂ:-

ਅਲੁ ਮਲੁ ਖਾਈ ਸਿਰਿ ਛਾਈ ਪਾਈ।। ਮੂਰਖਿ ਅੰਧੈ ਪਤਿ ਗਵਾਈ।। (ਪੰਨਾ ੪੬੭)

ਪੁਰਤਾਨ ਸਿੰਘਾਂ ਨੂੰ ਸੀਨਾ-ਬ-ਸੀਨਾ ਗੁਰਬਾਣੀ ਕੰਠ ਸੀ ਅਤੇ ਉਚਾਰਣ ਵੀ ਠੀਕ ਬੋਲੀ ਮੁਤਾਬਿਕ ਕਰਦੇ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਗਟ ਹੋਣ ਤੋਂ ਪਹਿਲਾਂ ਸਿੱਖਾਂ ਕੋਲ ਲਿਖਤੀ ਰੂਪ ਵਿੱਚ ਗੁਰਬਾਣੀ ਨਹੀਂ ਸੀ। ਸਹੀ ਉਚਾਰਣ ਦੇ ਭਾਵ ਅਰਥਾਂ ਨਾਲ ਉਨ੍ਹਾਂ ਦਾ ਜੀਵਨ ਗੁਰਬਾਣੀ ਰੂਪ ਹੋ ਕੇ ਗੁਰਬਾਣੀ ਹੀ ਬਣ ਕੇ ਜੀਵਿਆ ਸੀ।

ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ।। (ਪੰਨਾ ੩੦੪)

ਅਭੁੱਲ ਅਤੇ ਸਮਰੱਥ ਪੰਜਵੇਂ ਗੁਰੂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਸੰਪਾਦਨਾ ਕਰਕੇ, ਗੁਰਬਾਣੀ ਵਿੱਚ ਹੀ ਸਾਨੂੰ ਸ਼ੁੱਧ ਉਚਾਰਣ ਦੇ ਸੰਕੇਤ ਦਿੱਤੇ ਹਨ, ਪਰ ਅਸੀਂ ਮੂਰਖ ਉਸ ਵੱਲ ਧਿਆਨ ਹੀ ਨਹੀਂ ਦਿੰਦੇ। ‘ਮਹਲਾ` ਨੂੰ ‘ਮਹੱਲਾ` ਪੜ੍ਹੀ ਜਾਂਦੇ ਹਾਂ। ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਵੀ ਗੁਰੂ ਵਾਕ ਪੜ੍ਹਦੇ ਸਮੇਂ ਜਥੇਦਾਰ ਵੀ ‘ਮਹਲਾ` ਨੂੰ ‘ਮਹੱਲਾ` ਹੀ ਬੋਲ ਰਿਹਾ ਹੁੰਦਾ ਐ, ਆਪ ਅੱਜ ਵੀ ਸੁਣ ਸਕਦੇ ਹੋ। ਅਭੁਲ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਚਾਰ ਵਾਰ ਲਿਕਤੀ ਰੂਪ ਵਿੱਚ ਸੰਕੇਤ ਵਜੋ ਦਰਜ ਕੀਤਾ ਹੈ:-

।। ੪।। ੧੪।। ਸਿਰੀਰਾਗੁ ਮਹਲ ੧।। (ਪੰਨਾ ੧੯)

।। ੪।। ੨੧।। ਆਸਾ ਮਹਲ ੫।। (ਪੰਨਾ ੩੭੬)

।। ੪।। ੨੩।। ੭੪।। ਆਸਾ ਮਹਲ ੫।। (ਪੰਨਾ ੩੮੯)

੧ੴ ਸਤਿਗੁਰ ਪ੍ਰਸਾਦਿ।। ਰਾਗੁ ਗੋਡ।। ਮਹਲ ੫ ਚਉਪਦੇ ਘਰੁ ੨।। (ਪੰਨਾ ੮੬੨)

ਗੁਰਬਾਣੀ ਵਿੱਚ ੧, ੨, ੩, … ਦੇ ਉਚਾਰਣ ਪਹਿਲਾ, ਦੂਜਾ ਤੇ ਤੀਜਾ ਪੜ੍ਹਨ ਦੇ ਸੰਕੇਤ ਵੀ ਅਭੁੱਲ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਸੰਪਾਦਨਾ ਵਕਤ “ਪੋਥੀ” ਰੂਪ ਅਤੇ ਦਸਵੇਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ, ਜਿਵੇ ਕਿ:-

ੴ ਸਤਿਗੁਰ ਪ੍ਰਸਾਦਿ।। ਰਾਗੁ ਸਿਰੀ ਰਾਗੁ ਮਹਲਾ ਪਹਿਲਾ ੧ ਘਰ ੧।। (ਪੰਨਾ ੧੪)

ਸੋਰਠਿ ਮਹਲਾ ੧ ਪਹਿਲਾ ਦੁਤੁਕੀ।। (ਪੰਨਾ ੬੩੬)

ਸਿਰੀਰਾਗੁ ਮਹਲਾ ੧ ਘਰੁ ਦੂਜਾ ੨।। (ਪੰਨਾ ੨੩)

ੴ ਸਤਿਗੁਰ ਪ੍ਰਸਾਦਿ।। ਰਾਗੁ ਗੂਜਰੀ ਭਗਤਾ ਕੀ ਬਾਣੀ

ਸ੍ਰੀ ਕਬੀਰ ਜੀਉ ਕਾ ਚਉਪਦਾ ਘਰੁ ੨ ਦੂਜਾ।। (ਪੰਨਾ ੫੨੪)

ੴ ਸਤਿਗੁਰ ਪ੍ਰਸਾਦਿ।। ਧਨਾਸਰੀ ਮਹਲਾ ੧ ਘਰੁ ਦੂਜਾ।। (ਪੰਨਾ ੬੬੧)

ਗੂਜਰੀ ਮਹਲਾ ੩ ਤੀਜਾ।। (ਪੰਨਾ ੪੯੨)

ੴ ਸਤਿਗੁਰ ਪ੍ਰਸਾਦਿ।। ਵਡਹੰਸੁ ਮਹਲਾ ੩ ਮਹਲਾ ਤੀਜਾ।। (ਪੰਨਾ ੫੮੨)

ਧਨਾਸਰੀ ਮਹਲਾ ੩ ਤੀਜਾ।। (ਪੰਨਾ ੬੬੪)

ਬਸੰਤੁ ਮਹਲਾ ੩ ਤੀਜਾ।। (ਪੰਨਾ ੧੧੬੯)

ਪਾਠਕ ਜੀ, ਬਿਬੇਕ-ਬੁੱਧ ਨਾਲ ਵਿਚਾਰਨ ਦੀ ਲੋੜ ਹੈ, ਜਿਸ ਪੋਥੀ ਦੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ ਓਸ ਪੋਥੀ ਨੂੰ “ਗੁਰੂ” ਦੀ ਪਦਵੀ ਨਹੀ ਦਿੱਤੀ ਸੀ ਅਤੇ ਨਾ ਹੀ ਓਸ ਪੋਥੀ ਦਾ ਪ੍ਰਕਾਸ਼ ਗੁਰੂ ਰੂਪ ਵਿੱਚ ਆਪਣੇ ਜੀਵਨ ਕਾਲ ਦੌਰਾਨ ਕੀਤਾ ਸੀ। ਸੋਚੋ, ਜੇ ਪੋਥੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੁੱਲ ਪ੍ਰਕਾਸ਼ ਕਰਕੇ ਗੁਰੂ ਅਰਜਨ ਦੇਵ ਜੀ ਸੰਗਤ ਵਿੱਚ ਬੈਠੇ ਹੋਣ ਤਾਂ ਗੁਰੂ ਦਰਬਾਰ ਵਿੱਚ ਹਾਜ਼ਰ ਹੋਣ ਵਾਲਾ ਸਿੱਖ ਪਹਿਲਾਂ ਕਿਸ ਨੂੰ ਆਪਣਾ ਸੀਸ ਝੁਕਾਏਗਾ? ਇਸ ਬਾਰੇ ਸਾਡੀ ਅਗਿਆਨਤਾ ਹੀ ਇਹਨਾਂ ਬਾਬਿਆਂ ਤੇ ਡੇਰੇਦਾਰਿਆਂ ਵਾਲਿਆਂ ਨੂੰ ਸਾਡੀ ਸੋਸਾਇਟੀ ਵਿੱਚ ਬੇ-ਖੋਫ਼ ਸਤਿਕਾਰ ਦਵਾਈ ਜਾ ਰਹੀ ਹੈ। ਹੋਰ ਜਾਣਕਾਰੀ ਲਈ ਪੜੋ “ਗੁਰੂ-ਬਾਣੀ ਦੀ ਕਸਵਟੀ ਤੇ ਗੁਰਬਿਲਾਸ ਪਾਤਸ਼ਾਹੀ ੬, ਭਾਗ ਪਹਿਲਾ ਅਤੇ ਦੂਜਾ”। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗ਼ਨਾ ਕੇਨੇਡਾ। ਉਨ੍ਹਾਂ ਦਾ ਫੋਨ ਨ: 001 905 450 3954. ਬਿਰਦ ਕਾਲਾ ਅਫਗ਼ਾਨਾ ਜੀ ਆਪਣੀ ੳਮਰ ਦਾ ਆਖਰੀ ਸਮਾਂ ਗਿਆਨੀ ਦਿੱਤ ਸਿੰਘ ਜੀ ਵਾਂਗ ਸਾਡੇ ਅਗਿਅਨੀ ਜਥੇਦਾਰਾਂ (ਜਿਨ੍ਹਾਂ ਦੇ ਜਥਿਆਂ ਦੀ ਗਿਣਤੀ ਦਾ ਕੋਈ ਪਤਾ ਨਹੀ ਅਤੇ ਆਪ ਮੁਹਾਰੇ ਸਰਕਾਰੀ ਜਥੇਦਾਰ ਸਿੱਖਾਂ ਤੇ ਥੋਪੇ ਗਏ ਹਨ) ਦੇ ਥਾਣੇ ਤੋ ਜਾਰੀ ਕੁਫਰ-ਫੁਰਮਾਨਾਂ ਦਾ ਸਦਕਾ ਗਿਆਨ ਦਾ ਸੋਮਾ ਅਤੇ ਗੁਰੂ ਇਤਿਹਾਸ ਦਾ ਖੋਜੀ, ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ, ਇਕਲਣ ਜੀਵਨ ਬਤੀਤ ਕਰ ਰਹੇ ਹਨ।

ਪੂਰਾਤਨ ਸਿੰਘਾਂ ਤੋਂ ਸੀਨਾ-ਬ-ਸੀਨਾ ਚਲੀ ਆਈ ਮਰਿਯਾਦਾ ਕਿ ਛੋਟੇ ਵੱਡਿਆਂ ਤੋਂ ਗੁਰਬਾਣੀ ਉਚਾਰਣ ਦੀ ‘ਸੰਥਿਆ` ਕਾਇਮ ਰੱਖੀ। ਜੋ ਅੱਜ ਗੁਰਸਿਖਾਂ ਵਿੱਚ ਅਤੇ ਗੁਰਦੁਆਰਿਆਂ ਵਿੱਚ ਦੇਖਣ ਨੂੰ ਘੱਟ/ਨਹੀਂ ਮਾਤਰ ਹੀ ਮਿਲਦੀ ਹੈ। ਸਾਨੂੰ ਸਭ ਨੂੰ ਉਪਰਾਲਾ ਕਰਣਾ ਬਣਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੁਲੇ ਸਹਜ ਪਾਠ ਸਹਜੇ-ਸਹਜੇ ਘਟ ਤੋ ਘਟ ੧, ੨, ੩ ਪੰਨੇ ਰੌਜ਼ ਪੜ੍ਹੀਏ ਤਾਂ ਜੋ ਸ਼ੁਧ ਉਚਾਰਨ ਤੇ ਇਕਾਗਰਤਾ ਨਾਲ ਸ਼ਬਦ ਸ਼ੁਰਤ ਦਾ ਮੇਲ ਹੋ ਜਾਇ।

ਸ਼ਬਦ ਵਿਚਾਰ ਨਾਲ ਜੁੜੇ ਸਿੱਖਾਂ ਦੀ ਚਰਣ ਧੂੜ।

ਪ੍ਰਭਜੀਤ ਸਿੰਘ ਧਵਨ

ਡੁਬਈ (ਯੂ. ਏ. ਈ.)

ਸੰਪਰਕ ਨੰ. +971-50-8954294

E-Mail : psdhawan@emirates.net.ae
.