.

“ਤਿਲੁ ਲਫਜ਼ ਦਾ ਅਰਥ-ਅੰਤਰ”

ਸਮੱਗਰ ਗੁਰਬਾਣੀ ਅੰਦਰ ਲਫਜ਼ ‘ਤਿਲ’ 12ਵਾਰ ਅਤੇ ‘ਤਿਲੁ’ 85 ਵਾਰ ਨਜ਼ਰੀਂ ਪੈਂਦਾ ਹੈ। ਗੁਰਬਾਣੀ ਵਿਚ ਇਸ ਲਫਜ਼ ਦੇ ਪ੍ਰਸੰਗਕ ਅਰਥ ਪ੍ਰਕਰਣ ਅਨੁਸਾਰ ਅਲੱਗ-ਅਲੱਗ ਹਨ। ਪ੍ਰੋ ਸਾਹਿਬ ਸਿੰਘ, ਗਿ. ਹਰਬੰਸ ਸਿੰਘ ਜੀ ਅਤੇ ਪ੍ਰੋ. ਮਨਮੋਹਨ ਸਿੰਘ ਜੀ ਦੁਆਰਾ ਇਸ ਲਫਜ਼ ਦੇ ਅਰਥ ਹਰ ਥਾਂ ‘ਤਿਲ਼ ਮਾਤਰ, ਰਤਾਅ ਭਰ, ਭੋਰਾ ਕੁ’ ਕੀਤੇ ਜਾਂਦੇ ਹਨ, ਪਰ ਇਹ ਦਰੁਸਤ ਨਹੀਂ। ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਗੁਰ ਸੇਵਕ ਸਭਾ ਦੀ ਮਿਹਨਤ ਦੀ ਖੋਜ਼ ਦਾ ਖ਼ਜ਼ਾਨਾ ‘ਸ਼ਬਦਾਰਥ’ ਅਤੇ ‘ਮਹਾਨ ਕੋਸ਼ ਇਸ ਪਰਥਾਇ ਸਾਨੂੰ ਬੜੀ ਸੁੰਦਰ ਸੇਧ ਦਿੰਦੇ ਹਨ। ਖ਼ੈਰ ਪਹਿਲਾਂ ‘ਤਿਲ’ ਲਫਜ਼ ਦੀ ਵੀਚਾਰ ਕਰੀਏ -:

ਇਹ ਲਫਜ਼ ਗੁਰਬਾਣੀ ਵਿਆਕਰਣ ਅਨੁਸਾਰ ਪਦਾਰਥ ਵਾਚਕ ਨਾਂਵ ਇਕਵਚਨ/ਬਹੁਵਚਨ ਹੈ। ਸੰਸਕ੍ਰਿਤ ਭਾਸ਼ਾ ‘ਤੋਂ ਇਹ ਲਫਜ਼ तिलਤਤਸਮ ਰੂਪ ਹੈ। -:

“ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ” (ਵਾਰ ਆਸਾ 463)

ਤਿਲ- {ਪਦਾਰਥ ਵਾਚਕ ਨਾਂਵ ਬਹੁਵਚਨ} ਤਿਲ਼। ਉਚਾਰਣ- ਤਿਲ਼। ‘ਤ’ ਉੱਤੇ ਬਲ ਧੁਨੀ ਦਾ ਪ੍ਰਯੋਗ ਨਹੀਂ ਕਰਨਾ।

“ਬਿਘਨੁ ਨ ਲਾਗੈ ਤਿਲ ਕਾ ਕੋਈ ਕਾਰਜ ਸਗਲ ਸਵਾਰੇ” (ਸੋਰਠਿ 28) ਤਿਲ-{ਪਦਾਰਥ ਵਾਚੀ ਨਾਂਵ ਇਕਵਚਨ} ਤਿਲ਼ ਮਾਤਰ, ਰਤਾ ਭਰ। “ਜੇ ਕੋ ਪਾਵੈ ਤਿਲ ਕਾ ਮਾਨੁ” (ਜਪੁ 4)

ਤਿਲ-{ਪਦਾਰਥ ਵਾਚਕ ਨਾਂਵ ਇਕਵਚਨ} ਤਿਲ਼ ਮਾਤਰ, ।

“ਰਾਮ ਨਾਮੁ ਇਕੁ ਤਿਲ ਤਿਲ ਗਾਵੈ ਮਨੁ ਗੁਰਮਤਿ ਨਾਮਿ ਸਮਾਵੈਗੋ” (ਕਾਨੜਾ 1308)

ਤਿਲ-ਤਿਲ-{ਪਦਾਰਥ ਵਾਚੀ ਨਾਂਵ} ਤਿਲ਼-ਤਿਲ਼, ਭਾਵ ਹਰ ਵੇਲੇ।

ਗੁਰਬਾਣੀ ਵਿਚ ‘ਤਿਲ’ ਲਫਜ਼ ‘ਤਿਲ਼, ਜਿਨਸ ਦਾ ਨਾਂਮ, ਰਤਾ ਭਰ, ਹਰ ਵੇਲੇ’ ਆਦਿਕ ਦੇ ਅਰਥਾਂ ਵਿਚ ਆਉਂਦਾ ਹੈ ਜਿਵੇਂ -:

“ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ” (ਸਿਰੀਰਾਗ 35)

“ਕਹਣੁ ਨ ਜਾਈ ਤੇਰੀ ਤਿਲੁ ਵਡਿਆਈ” (ਸੋਦਰ 9)

“ਜੇ ਸਉ ਸਾਇਰ ਮੇਲੀਅਹਿ ਤਿਲੁ ਨ ਪੁਜਾਵਹਿ ਰੋਇ” (ਸਿਰੀਰਾਗ 53)

ਤਿਲੁ-{ਪਦਾਰਥ ਵਾਚੀ ਨਾਉਂ ਇਕਵਚਨ} ਤਿਤ ਮਾਤ੍ਰ।

ਵੀਚਾਰ ਅਧੀਨ ਲਫਜ਼ ‘ਤਿਲੁ’ ਹੈ। ਜਿਸ ਦਾ ਅਰਥ ਗੁਰਬਾਣੀ ਅੰਦਰ ‘ਰਤਾ ਭਰ, ਥੋੜ੍ਹਾ ਕੁ, ਖਿੱਚ, ਤਾਂਘ ਆਦਿ ਮਿਲਦਾ ਹੈ। ਪਰ ਜਦੋਂ ਗੁਰਬਾਣੀ ਅੰਦਰ ਇਸ ਲਫਜ਼ ਦੇ ਨਾਲ ਲਫਜ਼ ‘ਤਮਾਇ, ਤਮਾਏ ਤਮਾਈ’ ਆਦਿ ਆ ਜਾਣ ਤਾਂ ‘ਤਿਲੁ’ ਦਾ ਅਰਥ ‘ਰਤਾ ਭਰ’ ਕਰਨਾ ਦਰੁਸਤ ਨਹੀਂ ਹੈ। ਇਸ ਲਫਜ਼ ਨੂੰ ਸਮਝਣ ਲਈ ਪਹਿਲਾਂ ‘ਤਮਾਈ’ ਲਫਜ਼ ਨੂੰ ਸਮਝੀਏ। ਗੁਰਬਾਣੀ ਅੰਦਰ ਲਫਜ਼ ‘ਤਮਾਇ’ 12 ਵਾਰ, ‘ਤਮਾਏ’ ਇਕ ਵਾਰ ਅਤੇ ‘ਤਮਾਈ’ ਪੰਜ ਵਾਰ ਆਉਂਦਾ ਹੈ। ‘ਤਮਾਈ’ ਲਫਜ਼ ਅਰਬੀ ਦੇ ‘ਤਮਅ’ ਤੋਂ ਤਦਭਵ ਰੂਪ ਹੈ। ਜਿਸ ਦਾ ਅਰਥ ਹੈ ‘ਲਾਲਚ, ਹਿਰਸ, ਤਮਾਂ ਆਦਿ।‘ਤਮਾਈ’ ਹੀ ਗੁਰਮਤਿ ਕਾਵਿ ਪ੍ਰਬੰਧ ਅਧੀਨ ਗੁਰਬਾਣੀ ਵਿਚ ‘ਤਮਾਇ, ਤਮਾਏ’ ਬਣਿਆ ਹੈ।

ਏਸੇ ਤਰ੍ਹਾਂ ਹੀ ਲਫਜ਼ ‘ਤਿਲੁ’ ਅਰਬੀ ਤੋਂ ਤਤਸਮ ਰੂਪ ਹੈ। ਇਸਦਾ ਪ੍ਰਸੰਗਕ ਅਰਥ ਹੈ ‘ਧੋਖਾ, ਛਲ, ਕਪਟ’ ਆਦਿ। ਭਾਵ ਦੋਵੇਂ ਲਫਜ਼ ‘ਤਿਲੁ’ ਅਤੇ ‘ਤਮਾਈ’ ਅਰਬੀ ਸਨਾ ਤੋਂ ਹਨ ਇਹਨਾਂ ਦੇ ਅਰਥ ‘ਕਪਟ ਅਤੇ ਲਾਲਚ’ ਹਨ।ਜਿਵੇਂ -:

“ਵਡਾ ਦਾਤਾ ਤਿਲੁ ਨ ਤਮਾਇ” (ਜਪੁ 5)

ਤਿਲੁ-{ਭਾਵ ਵਾਚਕ ਨਾਂਵ ਇਕਵਚਨ} ਕਪਟ।

ਉਚਾਰਣ : ਉਪਰੋਕਤ ਲਫਜ਼ ਦੇ ਅਖੱਰ ‘ਲ’ ਉਪਰ ਬਲਧੁਨੀ ਦਾ ਪ੍ਰਯੋਗ ਕਰਨਾ ਹੈ। ‘ਤਿੱਲ’ ਵਾਂਗ।

‘ਨ’ ਪਦ ਦੇਹਲੀ ਦੀਪਕ ਹੈ।

ਅਰਥ :

ਉਹ ਬੜੀਆਂ ਦਾਤਾਂ ਦੇਣ ਵਾਲਾ ਹੈ, ਉਸ ਨੂੰ ਨਾ ਕਪਟ ਹੈ ਨਾ ਲਾਲਚ ਹੈ ।“ਪੂੰਜੀ ਸਾਚੀ ਗੁਰੁ ਮਿਲੈ ਨਾ ਤਿਸੁ ਤਿਲੁ ਨ ਤਮਾਇ” (ਸਿਰੀਰਾਗ 59)

ਉਪਰੋਕਤ ਪੰਗਤੀ ਵਿਚ ਦੋ ‘ਨ’ ਇਹ ਸਪਸ਼ੱਟ ਕਰਦੇ ਹਨ ਕਿ ‘ਤਿਲੁ’ ਲਫਜ਼ ਅਲੱਗ ਹੈ ਅਤੇ ‘ਤਮਾਇ’ ਅਲੱਗ।

ਤਿਲੁ-{ਭਾਵ ਵਾਚਕ ਨਾਂਵ ਇਕਵਚਨ} ਕਪਟ। ਉਚਾਰਣ -ਤਿੱਲ।ਅਰਥ :

ਜਿਸ ਨੂੰ ਗੁਰੂ ਮਿਲਦਾ ਹੈ ਉਹਨਾ ਦੀ ਆਤਮਕ ਜੀਵਨ ਵਾਲੀ ਪੂੰਜੀ ਸਦਾ ਲਈ ਥਿਰ ਹੋ ਜਾਂਦੀ ਹੈ ਅਤੇ ਉਸ ਅੰਦਰ ਨਾ ਕਪਟ ਅਤੇ ਨਾ ਲਾਲਚ ਰਹਿੰਦਾ ਹੈ

(ਅਰਥ ਅਨਵੈ ਕਰਕੇ)

“ਸਭਸੈ ਦਾਤਾ ਤਿਲੁ ਨ ਤਮਾਈ” ,(ਮਾਰੂ ਸੋਲਹੇ 1022)

ਅਰਥ :

ਹਰੇਕ ਜੀਵ ਨੂੰ ਦਾਤਾਂ ਦੇਣ ਵਾਲਾ ਹੈ ਉਸ ਨੂੰ ਕਿਸੇ ਜੀਵ ਨਾਲ ਕਪਟ, ਲਾਲਚ ਨਹੀਂ ਹੈ।“ਜਨੁ ਨਾਨਕ ਵਡਿਆਈ ਆਖੈ ਹਰਿ ਕਰਤੈ ਕੀ ਜਿਸ ਨੋ ਤਿਲੁ ਨ ਤਮਾਏ” (ਬਿਹਾਗੜਾ ਵਾਰ 554) ਤਿਲੁ-{ਭਾਵ ਵਾਚਕ ਨਾਂਵ ਇਕਵਚਨ} ਕਪਟ, ਉਚਾਰਣ -ਤਿੱਲ।ਅਰਥ:

ਸੇਵਕ ਨਾਨਕ ਉਸ ਪ੍ਰਭੂ ਦੀ ਸਿਫਤਿ-ਸਾਲਾਹ ਕਰਦਾ ਹੈ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਪਰ ਉਸ ਨੂੰ ਨਾ ਕਪਟ ਹੈ ਅਤੇ ਨਾ ਲਾਲਚ।

ਭੁੱਲ-ਚੁਕ ਦੀ ਖ਼ਿਮਾ

ਹਰਜਿੰਦਰ ਸਿੰਘ ‘ਘੜਸਾਣਾ’

khalsasingh.hs@gmail.com

mob-75976-43748
.