.

ਗੁਰਬਾਣੀ ਅਤੇ ਇਤਿਹਾਸ ਦਾ ਸੁਮੇਲ (ਭਾਗ-5)

(ਸੁਖਜੀਤ ਸਿੰਘ ਕਪੂਰਥਲਾ)

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ-4 ਪੜੋ

ਇਸ ਚਲ ਰਹੀ ਲੇਖ ਲੜੀ ਤਹਿਤ ਉਹਨਾਂ ਗੁਰਬਾਣੀ ਦੇ ਸ਼ਬਦਾਂ ਦੀ ਵਿਚਾਰ ਨੂੰ ਪ੍ਰਾਰੰਭ ਕੀਤਾ ਗਿਆ ਹੈ ਜਿਹੜੇ ਸ਼ਬਦ ਕਿਸੇ ਨਾ ਕਿਸੇ ਇਤਿਹਾਸਕ ਘਟਨਾ ਨਾਲ ਸਬੰਧ ਰੱਖਦੇ ਹਨ। ਇਤਿਹਾਸਕ ਤੌਰ ਤੇ ਇਹ ਸ਼ਬਦ ਭਾਵੇਂ ਵਿਅਕਤੀ ਵਿਸ਼ੇਸ਼ ਨਾਲ ਸਬੰਧ ਰੱਖਦੇ ਹਨ ਪਰ ਅਧਿਆਤਮਕ ਤੌਰ ਤੇ ਉਪਦੇਸ਼ ਅਤੇ ਸਿਖਿਆ “ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ” (੬੪੭) ਅਨੁਸਾਰ ਸਮੁੱਚੀ ਮਾਨਵਤਾ ਲਈ ਸਰਬ ਸਾਂਝੀ ਹੀ ਹੈ।

==============

ਆਸਾ ਮਹਲਾ ੧ (੩੫੮)

ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ।।

ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ।। ੧।।

ਲੋਕਾ ਮਤ ਕੋ ਫਕੜਿ ਪਾਇ।।

ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ।। ੧।। ਰਹਾਉ।।

ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ।।

ਐਥੇ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ।। ੨।।

ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮਰਾਉ।।

ਸਚਾ ਨਾਵਣੁ ਤਾਂ ਥੀਐ ਜਾਂ ਅਹਿਨਿਸਿ ਲਾਗੈ ਭਾਉ।। ੩।।

ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ।।

ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ ਨਾਹਿ।। ੪।। ੨।। ੩੨।।

ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਆਪਣੇ ਪ੍ਰਚਾਰ ਦੌਰੇ ਦੌਰਾਨ ਗਇਆ (ਬਿਹਾਰ) ਦੀ ਧਰਤੀ ਤੇ ਪਹੁੰਚੇ। ਇਸ ਧਰਤੀ ਉੱਪਰ ਪੰਡਿਤਾਂ ਵਲੋਂ ਆਪਣੀ ਉਪਜੀਵਕਾ ਲਈ ਪ੍ਰਚਲਿਤ ਕੀਤੇ ਕਰਮਕਾਂਡਾਂ ਦੀ ਤਰਾਂ ਹੀ ਇੱਕ ਹੋਰ ਫੋਕਟ ਕਰਮਕਾਂਡ ਪ੍ਰਚਲਿਤ ਕੀਤਾ ਹੋਇਆ ਸੀ ਕਿ ਇਸ ਧਰਤੀ ਉੱਪਰ ਮਰ ਚੁੱਕੇ ਵਡ-ਵਡੇਰਿਆਂ, ਜਿਨ੍ਹਾਂ ਨੂੰ ਬ੍ਰਾਹਮਣ ਦੀ ਭਾਸ਼ਾ ਵਿੱਚ ਪਿਤਰ ਵੀ ਕਿਹਾ ਜਾਂਦਾ ਹੈ, ਦੀ ਗਤੀ/ ਉਧਾਰ ਲਈ ਜਵਾਂ ਦੇ ਆਟੇ ਦੇ ਪੇੜੇ- ਪਿੰਡ ਦਾਨ, ਸਰਾਧ ਆਦਿ ਕਰਨ ਅਤੇ ਪੰਡਿਤਾਂ ਨੂੰ ਦਾਨ-ਪੁੰਨ ਕਰਨ ਨਾਲ ਪਿਤਰਾਂ ਦੀ ਮੁਕਤੀ ਹੋ ਜਾਂਦੀ ਹੈ।

ਭਾਈ ਕਾਨ੍ਹ ਸਿੰਘ ਨਾਭਾ ਵਲੋਂ ‘ਮਹਾਨ ਕੋਸ਼` ਪੰਨਾ 169 ਉਪਰ ਸਰਾਧ ਸਬੰਧੀ ਵੇਰਵਾ ਦਿੰਦੇ ਹੋਏ ਲਿਖਿਆ ਹੈ-

ਸਰਾਧ- 1. ਸ਼ਰਧਾ ਨਾਲ ਕੀਤਾ ਹੋਇਆ ਕਰਮ 2. ਪਿਤਰਾਂ ਵਾਸਤੇ ਸ਼ਰਧਾ ਨਾਲ ਕੀਤਾ ਅੰਨ ਵਸਤਰ ਆਦਿ ਦਾਨ। ਹਿੰਦੂ ਮਤ ਵਿੱਚ ਸਰਾਧ ਦੇ ਚਾਰ ਭੇਦ ਹਨ-

(ੳ) ਨਿਤਯ ਸਰਾਧ- ਜੋ ਨਿਤ ਹੀ ਦੇਵਤਾ ਪਿਤਰਾਂ ਨੂੰ ਜਲ ਆਦਿ ਦੇਣਾ।

(ਅ) ਪਾਰਵਣ ਸਰਾਧ- ਜੋ ਅਮਾਵਸ ਆਦਿ ਪਰਵਾਂ ਪੁਰ ਕਰਨਾ।

(ੲ) ਕਯਾਹ ਸਰਾਧ- ਜੋ ਮੋਏ ਹੋਏ ਪਿਤਰ ਦੇ ਦੇਹਾਂਤ ਵਾਲੇ ਦਿਨ ਕਰਨਾ।

(ਸ) ਮਹਾਲਯ ਸਰਾਧ- ਜੋ ਅੱਸੂ ਦੇ ਪਹਿਲੇ ਪੱਖ ਵਿੱਚ ਕਰਨਾ।

ਪੰਡਿਤਾਂ ਦੇ ਭਰਮਜਾਲ ਵਿੱਚ ਫਸੇ ਲੋਕ ਇਹ ਕਰਮਕਾਂਡ ਬਿਨਾਂ ਸੋਚੇ ਸਮਝੇ ਕਰੀ ਜਾ ਰਹੇ ਸਨ। ਪੰਡਿਤਾਂ ਦੇ ਕਹਿਣ ਅਨੁਸਾਰ ਪਿਤਰਾਂ ਦੇ ਨਾਮ ਉਪਰ ਬ੍ਰਾਹਮਣਾਂ ਨੂੰ ਭੋਜਨ ਛਕਾਉਣ ਉਪਰੰਤ ਕਾਵਾਂ-ਕੁਤਿਆਂ ਨੂੰ ਵੀ ਇਸ ਆਸ ਨਾਲ ਭੋਜਨ ਪਾਇਆ ਜਾਂਦਾ ਹੈ ਕਿ ਇਹ ਭੋਜਨ ਪਿਤਰ ਲੋਕ ਵਿੱਚ ਸਾਡੇ ਪਿਤਰਾਂ ਤਕ ਪੁਜ ਜਾਵੇਗਾ। ਇੱਕ ਵਿਚਾਰਵਾਨ (ਗੁਰਬਾਣੀ ਨਹੀਂ) ਦਾ ਕਥਨ ਹੈ ਕਿ ਜੇਕਰ ਐਸਾ ਮੰਨ ਲਿਆ ਜਾਵੇ ਕਿ ਹੋ ਜਾਂਦਾ ਹੈ ਤਾਂ-

ਕਾਗ ਸ੍ਵਾਨ ਮਾਨਸ ਜੋ ਖਾਂਵੇ, ਮਲ ਮੂਤਰ ਤਿਸ ਤੁਰਤ ਬਨਾਵੈਂ।

ਕੀ ਬਾਪ ਨੂੰ ਮਿਲਸੀ ਭਾਈ, ਜੋ ਕੁਛ ਵਸਤ ਉਨ੍ਹਾਂ ਨੇ ਖਾਈ।

‘ਆਸਾ ਕੀ ਵਾਰ` ਜੋ ਸਪਸ਼ਟ ਤੌਰ ਤੇ ਡੰਕੇ ਦੀ ਚੋਟ ਨਾਲ ਐਸੇ ਫੋਕਟ ਕਰਮਕਾਂਡਾਂ ਦਾ ਭਾਂਡਾਂ ਚੌਰਾਹੇ ਵਿੱਚ ਭੰਨਦੀ ਹੈ, ਵਿੱਚ ਗੁਰੂ ਨਾਨਕ ਸਾਹਿਬ ਨੇ ਤਰਕ ਦਿਤਾ ਹੈ ਕਿ ਜੇ ਮੰਨ ਲਿਆ ਜਾਵੇ ਕਿ ਐਸਾ ਦਾਨ-ਪੁੰਨ ਪਿਤਰਾਂ ਨੂੰ ਪਹੁੰਚ ਜਾਂਦਾ ਹੈ ਤਾਂ ਕੋਈ ਚੋਰ-ਠੱਗ ਬੇਗਾਨੇ ਘਰ ਦੀਆਂ ਠੱਗੀਆਂ, ਚੋਰੀ ਕੀਤੀਆਂ ਵਸਤੂਆਂ ਆਪਣੇ ਪਿਤਰਾਂ ਨਮਿਤ ਦਾਨ ਕਰ ਦੇਵੇ ਤਾਂ ਜਿਸਦੇ ਘਰੋਂ ਇਹ ਚੋਰੀ ਕੀਤੀਆਂ ਗਈਆਂ ਹਨ, ਉਸਦੇ ਪਿਤਰ ਵੀ ਪਿਤਰ ਲੋਕ ਵਿੱਚ ਮੌਜੂਦ ਹੋਣ ਕਾਰਨ ਇਹ ਵਸਤੂਆਂ ਪਛਾਣ ਲਈਆਂ ਜਾਣਗੀਆਂ ਅਤੇ ਉਹ ਪਿਤਰ ਦਾਨ ਕਰਨ ਵਾਲੇ ਦੇ ਪਿਤਰਾਂ ਦੇ ਧੀਆਂ-ਪੁਤਰਾਂ ਨੂੰ ਚੋਰ ਆਖਣਗੇ, ਜਿਸ ਨਾਲ ਪਿਤਰਾਂ ਦਾ ਉਧਾਰ ਹੋਣ ਦੀ ਥਾਂ ਪਿਤਰ ਲੋਕ ਵਿੱਚ ਦਾਨ ਕਰਨ ਵਾਲੇ ਦੇ ਪਿਤਰਾਂ ਦੀ ਬਹੁਤ ਬਦਨਾਮੀ ਹੋਵੇਗੀ। ਐਸਾ ਹੋਣ ਨਾਲ ਇਹ ਕਰਮ ਉਲਟਾ ਨੁਕਸਾਨਦਾਇਕ ਹੋ ਜਾਵੇਗਾ। ਗੁਰੂ ਸਾਹਿਬ ਤਾਂ ਫੈਸਲਾ ਦਿੰਦੇ ਹਨ ਕਿ ਪ੍ਰਮੇਸ਼ਰ ਦੇ ਘਰ ਦਾ ਨਿਯਮ ਹੈ ਹੈ ਕਿ ‘ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ` (੪੬੨) ਦੇ ਅਨੁਸਾਰ ਫੈਸਲਾ ਕਰਦੇ ਹੋਏ ਠਗੀ-ਚੋਰੀ ਦਾ ਮਾਲ ਪਿਤਰਾਂ ਨੂੰ ਪਹੁੰਚਾਉਣ ਦਾ ਦਾਅਵਾ ਕਰਨ ਵਾਲੇ ਦਲਾਲ, ਪੰਡਿਤਾਂ, (ਭਾਈਆਂ ਦੇ ਵੀ) ਦੇ ਹੱਥ ਸਜ਼ਾ ਵਜੋਂ ਕਟ ਦਿੱਤੇ ਜਾਣਗੇ। ਇਸ ਸਲੋਕ ਰਾਹੀਂ ਗੁਰੂ ਨਾਨਕ ਪਾਤਸ਼ਾਹ ਤਾਂ ਸਪਸ਼ਟ ਗੁਰਮਤਿ ਸਿਧਾਂਤ ਦਸਦੇ ਹਨ ਕਿ ਮਰਣ ਪਿੱਛੋਂ ਕੁੱਝ ਵੀ ਨਹੀਂ ਭੇਜਿਆ ਜਾ ਸਕਦਾ ਸਗੋਂ ਜੀਵ ਨੇ ਆਪਣੇ ਹੱਥੀਂ ਜੋ ਕੁੱਝ ਵੀ ਆਪਣੇ ਜੀਵਨ ਦੌਰਾਨ ਕਰਮਾਂ ਰੂਪੀ ਖੇਤੀ ਕਰਦੇ ਹੋਏ ਚੰਗਾ-ਮਾੜਾ ਖਟਿਆ ਕਮਾਇਆ ਹੈ ਉਹ ਹੀ ਨਾਲ ਜਾਂਦਾ ਹੈ ਇਸ ਲਈ ਮਰਣ ਪਿਛੋਂ ਭੇਜਣ/ ਪਹੁੰਚਣ ਦੀ ਆਸ ਛੱਡ ਕੇ ਜੀਵਨ ਵਿੱਚ ਹੀ ਜੀਵਨ ਨੂੰ ਸਫਲ ਕਰਨ ਲਈ ਚੰਗੇ ਕਰਮ ਕਰਨ ਵਲ ਯਤਨਸ਼ੀਲ ਰਹਿਣਾ ਚਾਹੀਦਾ ਹੈ-

ਜੇ ਮੋਹਾਕਾ ਘਰੁ ਮੁਹੈ, ਘਰੁ ਮੁਹਿ ਪਿਤਰੀ ਦੇਇ।।

ਅਗੈ ਵਸਤੁ ਸਿਵਾਣੀਐ ਪਿਤਰੀ ਚੋਰ ਕਰੇਇ।।

ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ।।

ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ।।

(ਆਸਾ ਕੀ ਵਾਰ-ਸਲੋਕ ਮਹਲਾ ੧-੪੭੨)

ਗੁਰਬਾਣੀ ਤਾਂ ਸਪਸ਼ਟ ਰੂਪ ਵਿੱਚ ਸਾਡਾ ਮਾਰਗ ਦਰਸ਼ਨ ਕਰਦੀ ਹੈ ਕਿ ਜੋ ਜੀਵ ਸੰਸਾਰ ਵਿੱਚ ਆ ਕੇ ਚਲਾ ਹੀ ਗਿਆ, ਉਸ ਦੀ ਹੋਂਦ ਹੀ ਖਤਮ ਹੋ ਗਈ, ਉਸ ਦੇ ਨਮਿਤ ਦਾਨ-ਪੁੰਨ ਕਰਕੇ ਕਾਵਾਂ, ਕੁਤਿਆਂ ਪੰਡਿਤਾਂ ਆਦਿ ਨੂੰ ਖੁਆ ਕੇ ਪਹੁੰਚਾਉਣ ਦੀ ਆਸ ਰੱਖਣੀ ਕੇਵਲ ਅਗਿਆਨਤਾ ਹੀ ਹੈ। ਇਸ ਅਗਿਆਨਤਾ ਦਾ ਕਾਰਣ ਗੁਰੂ ਦੇ ਗਿਆਨ ਤੋਂ ਵਿਹੂਣੇ ਹੋਣਾ ਹੈ-

-ਆਇਆ ਗਇਆ ਮੁਇਆ ਨਾਉ।। ਪਿਛੈ ਪਤਲਿ ਸਦਿਹੁ ਕਾਵ।।

ਨਾਨਕ ਮਨਮੁਖਿ ਅੰਧੁ ਪਿਆਰੁ।। ਬਾਝੁ ਗੁਰੂ ਡੁਬਾ ਸੰਸਾਰੁ।।

(ਵਾਰ ਮਾਝ-ਸਲੋਕ ਮ: ੧-੧੩੮)

-ਮਾਂ ਪਿਉ ਪਰਹਰਿ ਕਰੈ ਦਾਨ ਬੇਈਮਾਨ ਅਗਿਆਨ ਪਰਾਣੀ।।

ਗੁਰ ਪ੍ਰਮੇਸ਼ਰ ਸਾਰੁ ਨ ਜਾਣੀ।।

(ਭਾਈ ਗੁਰਦਾਸ ਜੀ-ਵਾਰ ੩੭ ਪਉੜੀ ੧੩)

ਇਸ ਵਿਸ਼ੇ ਉੱਪਰ ਭਗਤ ਕਬੀਰ ਜੀ ਨੇ ਵੀ ਸਪਸ਼ਟ ਕਰਦੇ ਹੋਏ ਭਰਮ ਭੁਲੇਖਿਆਂ ਵਿੱਚ ਪਈ ਮਨੁੱਖਤਾ ਨੂੰ ਸਮਝਾਇਆ ਹੈ ਕਿ ਜੋ ਲੋਕ ਜਿਊਂਦੇ ਬਜੁਰਗਾਂ ਦਾ ਤਾਂ ਸਤਿਕਾਰ ਨਹੀਂ ਕਰਦੇ, ਮਰਨ ਪਿੱਛੋਂ ਉਹਨਾਂ ਬਜੁਰਗਾਂ (ਪਿਤਰਾਂ) ਦੇ ਨਮਿਤ ਕੀਤੇ ਗਏ ਦਾਨ-ਪੁੰਨ ਦਾ ਕੀ ਅਰਥ ਰਹਿ ਜਾਂਦਾ ਹੈ?

ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ।।

ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ।। ੧।।

ਮੋ ਕਉ ਕੁਸਲੁ ਬਤਾਵਹੁ ਕੋਈ।।

ਕੁਸਲੁ ਕੁਸਲੁ ਕਰਤੇ ਜਗੁ ਬਿਨਸੈ ਕੁਸਲੁ ਭੀ ਕੈਸੇ ਹੋਈ।। ੧।। ਰਹਾਊ।।

ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ।।

ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਲਹਿਆ ਨ ਲੇਹੀ।। ੨।।

(ਰਾਗ ਗਉੜੀ ਬੈਰਾਗਣਿ- ਕਬੀਰ ਜੀ-੩੩੨)

ਜਦੋਂ ਗੁਰੂ ਨਾਨਕ ਸਾਹਿਬ ਗਇਆ ਦੀ ਧਰਤੀ ਤੇ ਪਹੁੰਚੇ ਸਨ ਤਾਂ ਲੋਕ ਉਕਤ ਵਰਨਣ ਸਾਰੇ ਕਰਮਕਾਂਡ ਅਗਿਆਨਤਾ ਵਸ ਪੰਡਿਤਾਂ ਦੀ ਦੇਖ-ਰੇਖ ਹੇਠ ਕਰ ਰਹੇ ਸਨ। ਪੰਡਿਤਾਂ ਨੇ ਗੁਰੂ ਸਾਹਿਬ ਨੂੰ ਵੀ ਆਪਣੇ ਪਿਤਰਾਂ ਦੇ ਉਧਾਰ ਨਮਿਤ ਹੋਰ ਲੋਕਾਂ ਵਾਂਗ ਦਾਨ-ਪੁੰਨ ਆਦਿਕ ਕਰਨ ਲਈ ਪਰੇਰਿਆ। ਗੁਰੂ ਨਾਨਕ ਸਾਹਿਬ ਨੇ ਉਲਟਾ ਪ੍ਰਸ਼ਨ ਕੀਤਾ ਕਿ ਇਸ ਨਾਲ ਕੀ ਹੋਵੇਗਾ, ਉਹਨਾਂ ਨੂੰ ਕੀ ਕਰਨਾ ਪਵੇਗਾ? ਪੰਡਿਤਾਂ ਨੇ ਦੱਸਿਆ ਕਿ ਦੀਵਾ ਵੱਟੀ ਕਰਾਂਗੇ ਤਾਂ ਉਸਦਾ ਚਾਨਣ ਪਿਤਰਾਂ ਤਕ ਪਹੁੰਚੇਗਾ, ਦਾਨ-ਪੁੰਨ ਭੋਜਨ ਆਦਿ ਵੀ ਜੋ ਪੰਡਿਤਾਂ ਨੂੰ ਦਿਉਗੇ, ਸ਼ਾਸਤਰਾਂ ਦੀ ਦਸੀ ਰੀਤੀ ਅਨੁਸਾਰ ਉਹ ਵੀ ਤੁਹਾਡੇ ਪਿਤਰਾਂ ਤਕ ਪਹੁੰਚ ਜਾਵੇਗਾ। ਗੁਰੂ ਸਾਹਿਬ ਨੇ ਫਿਰ ਪ੍ਰਸ਼ਨ ਕੀਤਾ ਕਿ ਇਸਦਾ ਅਸਰ ਕਿੰਨਾ ਸਮਾਂ ਰਹੇਗਾ? ਉਤਰ ਮਿਲਿਆ ਕਿ ਇੱਕ ਸਾਲ, ਅਗਲੇ ਸਾਲ ਫਿਰ ਕਰਨਾ ਪਵੇਗਾ।

ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਦੀ ਰਬਾਬ ਸੰਗ ਆਸਾ ਰਾਗ ਦਾ ਵਿਸ਼ਾ ਅਧੀਨ ਸ਼ਬਦ ਗਾਉਂਦੇ ਹੋਏ ਪੰਡਿਤਾਂ ਅਤੇ ਉਥੇ ਹਾਜ਼ਰ ਇਕੱਠ ਵਿੱਚ ਖੜੇ ਲੋਕਾਂ ਨੂੰ, ਜੋ ਕਰਮਕਾਂਡਾਂ ਵਿੱਚ ਫਸ ਕੇ ਸਭ ਕੁੱਝ ਕਰੀ ਜਾ ਰਹੇ ਸਨ, ਨੂੰ ਸਮਝਾਇਆ ਕਿ ਜੇਕਰ ਅਸੀਂ ਆਪਣੇ ਜੀਵਨ ਕਾਲ ਅੰਦਰ ਹੀ ਸ਼ੁਭ ਕਰਮਾਂ ਦੀ ਖੇਤੀ ਬੀਜਾਂਗੇ ਤਾਂ ਜਿਵੇਂ ਇੱਕ ਚਿੰਗਾਰੀ ਲਕੜਾਂ ਦੇ ਬਹੁਤ ਵੱਡੇ ਢੇਰ ਨੂੰ ਸਾੜ ਕੇ ਸਵਾਰ ਕਰਨ ਦੀ ਸਮਰਥਾ ਰੱਖਦੀ ਹੈ ਠੀਕ ਉਸੇ ਤਰਾਂ ਸਾਡੇ ਆਪਣੇ ਦੁਆਰਾ ਕੀਤੇ ਗਏ ਸ਼ੁਭ ਕਰਮ ਹੀ ਸਾਡਾ ਉਧਾਰ ਕਰਨ ਦੇ ਸਮੱਰਥ ਹੋ ਜਾਣਗੇ। ਇਹ ਪੰਡਿਤ (ਬ੍ਰਾਹਮਣ) ਜੋ ਕੁੱਝ ਆਮ ਮਨੁੱਖਾਂ ਕੋਲੋਂ ਅੰਨੀ ਸ਼ਰਧਾ ਦੇ ਤਹਿਤ ਕਰਵਾਈ ਜਾ ਰਹੇ ਹਨ ਇਹ ਤਾਂ ਇਹਨਾਂ ਨੇ ਆਪਣੀ ਉਪਜੀਵਕਾ ਲਈ ਚਲਾਇਆ ਹੋਇਆ ਫੋਕਟ ਕਰਮਕਾਂਡ ਹੈ ਇਸ ਦਾ ਕੋਈ ਵੀ ਲਾਭ ਨਾਂ ਤੁਹਾਨੂੰ ਅਤੇ ਨਾਂ ਹੀ ਤੁਹਾਡੇ ਪਿਤਰਾਂ ਨੂੰ ਮਿਲ ਸਕਦਾ ਹੈ। ਜੀਵਨ ਵਿੱਚ ਧਾਰਣ ਕੀਤੇ ਗਏ ਸ਼ੁਭ ਗੁਣਾਂ ਦਾ ਖਜਾਨਾ ਨਾ ਇਸ ਲੋਕ ਵਿੱਚ ਅਤੇ ਨਾ ਹੀ ਪਰਲੋਕ ਵਿੱਚ ਨਿਖੁਟਦਾ ਹੈ, ਲੋੜ ਗੁਰੂ ਦੇ ਗਿਆਨ ਦੁਆਰਾ ਸਮਝਣ ਦੀ ਹੈ-

ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸਬਦੁ ਲਇਓ।।

ਕਹਤ ਕਬੀਰੁ ਸਗਲ ਪਾਪ ਖੰਡਨੁ ਸੰਤਹੁ ਲੈ ਉਧਰਿਓ।।

(ਬਿਲਾਵਲੁ-ਕਬੀਰ ਜੀ-੮੫੬)

ਪਰ ਅਫਸੋਸ ਨਾਲ ਲਿਖਣਾ ਪੈਂਦਾ ਹੈ ਕਿ ਗੁਰੂ ਸਾਹਿਬਾਨ ਨੇ ਤਾਂ ਐਸੇ ਫੋਕਟ ਕਰਮਕਾਂਡਾਂ ਨੂੰ ਗਲਤ ਦਸਿਆ ਸੀ ਅਜ ਅਗਿਆਨਤਾ ਵਸ ਬਹੁਤ ਸਾਰੇ ਸਿਖ, ਗੁਰਦੁਆਰਾ ਪ੍ਰਬੰਧਕ, ਗ੍ਰੰਥੀ ਸਾਹਿਬਾਨ ਆਦਿ ਵਲੋਂ ਗੁਰੂ ਸਾਹਿਬਾਨ ਦੇ ਨਾਮ ਹੇਠ ਹੀ ਉਹਨਾਂ ਦੇ ਸਰਾਧ ਆਦਿਕ ਹੀ ਗੁਰਦੁਆਰਿਆਂ ਵਿੱਚ ਕਰੀ-ਕਰਵਾਈ ਜਾ ਰਹੇ ਹਨ। ਪਤਾ ਨਹੀਂ ‘ਮੱਕੇ ਵਿਚੋਂ ਕੁਫਰ ਦੀ ਆਵਾਜ` ਉਠਣੀ ਕਦੋਂ, ਕਿਵੇਂ ਬੰਦ ਹੋਵੇਗੀ?

ਸਿਖਿਆ:- ਪਿਤਰਾਂ ਨਮਿਤ ਦਾਨ-ਪੁੰਨ, ਪੂਜਾ, ਸਰਾਧ ਆਦਿਕ ਕਰਮਕਾਂਡ ਕਰਨ ਦੀ ਥਾਂ ਤੇ ਅਸੀਂ ਆਪਣੇ-ਆਪਣੇ ਘਰਾਂ ਵਿੱਚ ਜਿਊਂਦੇ ਬਜੁਰਗਾਂ ਦਾ ਅਦਬ ਸਤਿਕਾਰ ਹਰ ਹਾਲਤ ਵਿੱਚ ਕਾਇਮ ਰੱਖੀਏ। ਫੋਕਟ ਕਰਮਕਾਂਡਾਂ ਵਿੱਚ ਫਸਣ ਦੀ ਥਾਂ ਮਰਨ ਉਪਰੰਤ ਧੀਆਂ-ਪੁਤਰਾਂ ਵਲੋਂ ਕੀਤੇ ਦਾਨ ਪੁੰਨ ਦੁਆਰਾ ਉਧਾਰ ਹੋਣ ਦੀ ਆਸ ਰੱਖਣ ਦੀ ਥਾਂ ਜਿਊਂਦੇ ਜੀਅ ਹੀ ਆਪਣੇ -ਆਪਣੇ ਜੀਵਨ ਵਿੱਚ ਸ਼ੁਭ-ਗੁਣਾਂ ਦੇ ਧਾਰਨੀ ਹੋ ਕੇ ਜੀਵਨ ਮੁਕਤ ਬਣੀਏ। ਜੇ ਅਸੀਂ ਐਸਾ ਨਹੀਂ ਕਰਦੇ ਤਾਂ ਅਸੀਂ ਗੁਰੂ ਨਾਨਕ ਸਾਹਿਬ ਦੇ ਇਸ ਸ਼ਬਦ ਨੂੰ ਕੇਵਲ ਪੜਿਆ-ਸੁਣਿਆ ਹੈ, ਸਮਝਿਆ ਕੋਈ ਨਹੀਂ।

===============

(ਚਲਦਾ … …)

ਸੁਖਜੀਤ ਸਿੰਘ, ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.