.

ਹੋਰ ਆਸ ਬਿਡਾਣੀ ਦੀ ਛੱਟ ਅਤੇ ਸੰਗਲੀ?
ਅਵਤਾਰ ਸਿੰਘ ਮਿਸ਼ਨਰੀ (5104325827)

ਬਿਡਾਣੀ ਦਾ ਅਰਥ ਹੈ ਬਿਗਾਨੀ, ਹੋਰ ਆਸ ਬਿਡਾਣੀ ਦਾ ਮਤਲਵ ਹੈ ਹੋਰਨਾਂ ਦੀ ਆਸ ਜਾਂ ਟੇਕ ਅਤੇ ਛੱਟ ਦਾ ਅਰਥ ਹੈ ਭਾਰ। ਇਹ ਪੰਗਤੀ ਗੁਰਬਾਣੀ ਵਿਖੇ ਵੀ ਆਈ ਹੈ-ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ ॥(੪੯੯) ਅੱਜ ਸਿੱਖਾਂ ਨੇ ਹੋਰ ਹੋਰ ਰੱਬਾਂ, ਦੇਵੀ ਦੇਵਤਿਆਂ, ਮਜਹਬਾਂ, ਅਕੀਦਿਆਂ, ਕਰਮਕਾਂਡਾਂ, ਗੁਰੂਆਂ ਅਤੇ ਗ੍ਰੰਥਾਂ ਦੀਆਂ ਆਸਾਂ ਲਾਈਆਂ, ਛੱਟਾਂ ਚੁੱਕੀਆਂ ਅਤੇ ਗੁਲਾਮੀ ਦੀਆਂ ਸੰਗਲੀਆਂ ਸਿੱਖ ਪੰਥ ਦੇ ਗਲ ਪਾਈਆਂ ਹੋਈਆਂ ਹਨ। ਜਿਵੇਂ ਅਖੌਤੀ ਦਸਮ ਗ੍ਰੰਥ, ਮਰਯਾਦਾ ਅਤੇ ਕੈਲੰਡਰ ਦੀ ਵੀ ਜੋਰਾਂ ਸ਼ੋਰਾਂ ਤੇ ਬਿਡਾਣੀ(ਬਿਗਾਨੀ) ਆਸ ਘੁੱਟ ਕੇ ਪਕੜੀ ਹੋਈ ਹੈ। ਦੇਖੋ! ਸਿੱਖਾਂ ਦਾ “ਸ਼ਬਦ ਗੁਰੂ” ਗੁਰੂ ਗ੍ਰੰਥ ਸਾਹਿਬ ਹੀ ਹੈ। ਉਸ ਦੇ ਬਰਾਬਰ ਜਾਂ ਕਿਨਾਰੇ ਤੇ ਕੋਈ ਵੀ ਗ੍ਰੰਥ ਖੜਾ ਕਰਨਾ ਸਿੱਖ ਕੌਮ ਦੀ ਜੜੀਂ ਤੇਲ ਦੇਣ ਵਾਲੀ ਗੱਲ ਹੈ।
ਬ੍ਰਾਹਮਣੀ ਵਿਚਾਰਧਾਰਾ ਵਾਲੇ ਲੋਕ ਸਿੱਖੀ ਭੇਖ ਵਿੱਚ ਆ ਕੇ ਗੁਰੂ ਗੋਬਿੰਦ ਸਿੰਘ ਉੱਤੇ ਨਾਂ-ਕਾਬਲੇ ਬਰਦਾਸ਼ਤ ਦੋਸ਼ ਲਾ ਰਹੇ ਹਨ। ਜਿਸ ਅਸ਼ਲੀਲ ਪੁਸਤਕ ਦਾ ਗੁਰੂ ਲਿਖਾਰੀ ਹੀ ਨਹੀਂ ਧੱਕੇ, ਧੌਂਸ, ਡਾਂਗਾਂ ਅਤੇ ਹਥਿਆਰਾਂ ਦੇ ਜੋਰ ਨਾਲ ਗੁਰੂ ਜੀ ਨੂੰ ਖਾਹ ਮਖਾਹ ਇਸ ਦਾ ਲਿਖਾਰੀ ਬਣਾਇਆ ਜਾ ਰਿਹਾ ਹੈ। ਮਰਯਾਦਾ ਵੀ ਵੱਖ ਵੱਖ ਸੰਪ੍ਰਦਾਵਾਂ ਜਾਂ ਡੇਰਿਆਂ ਦੀ ਧੱਕੇ ਨਾਲ ਥੋਪੀ ਅਤੇ ਕੈਲੰਡਰ ਵੀ ਬ੍ਰਹਮਣੀ ਚੰਗੀਆਂ ਮੰਦੀਆਂ ਥਿੱਤਾਂ, ਸੰਗ੍ਰਾਂਦਾਂ, ਪੂਰਨਮਾਸ਼ੀਆਂ, ਅਮਾਵਸਾਂ, ਪੰਚਕਾਂ ਅਤੇ ਹਰ ਸਾਲ ਥਿੱਤਾਂ ਦੀ ਬਦਲੀ ਵਾਲਾ ਥੋਪਿਆ ਹੋਇਆ ਹੈ। ਇਹ ਤਾਂ ਇਉਂ ਹੈ ਜਿਵੇਂ ਔਰਤ ਆਪਣੇ ਪਤੀ ਦੇ ਨਾਲ ਨਾਲ ਹੋਰਾਂ ਮੱਗਰ ਵੀ ਲੱਗੀ ਫਿਰੇ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਪੂਰਾ ਗੁਰੂ ਨਹੀਂ, ਸਿੱਖਾਂ ਦੀ ਆਪਣੌ ਕੋਈ ਮਰਯਾਦਾ ਨਹੀਂ, ਨਿਸ਼ਾਂਨ ਨਹੀਂ ਵਿਧਾਨ ਨਹੀਂ ਅਤੇ ਆਪਣਾ ਕੌਮੀ ਕੈਲੰਡਰ ਨਹੀਂ ਕਿ ਸਿੱਖਾਂ ਨੂੰ ਹੋਰ ਦਾ ਵੀ ਆਸਰਾ ਲੈਣਾ ਜਰੂਰੀ ਹੈ? ਜੇ ਗੁਰੂ ਗ੍ਰੰਥ ਸਾਹਿਬ ਤੇ ਪੱਕਾ ਨਿਸਚਾ ਹੀ ਨਹੀਂ ਤਾਂ ਫਿਰ ਇਹ ਕਾਹਦੇ ਤੋਂ ਬਾਰ ਬਾਰ ਪੜ੍ਹੀ ਜਾਂਦੇ ਹੋ ਕਿ-ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ? ਜੇ ਬਾਕੀ ਗੁਰੂਆਂ ਨੂੰ ੨੩੯ ਸਾਲ ਅਜਿਹੇ ਕਿਸੇ ਅਖੌਤੀ ਉਲੱਥੇ ਵਾਲੇ ਗ੍ਰੰਥ, ਸੰਪ੍ਰਦਾਈ ਮਰਯਾਦਾ, ਬ੍ਰਾਹਮਣੀ ਕੈਲੰਡਰ ਦੀ ਲੋੜ ਨਹੀਂ ਪਈ ਤਾਂ ੪੫ ਕੁ ਸਾਲ ਦੀ ਉਮਰ ਵਿੱਚ ੧੭ ਜੰਗਾਂ ਦੁਸ਼ਮਣ ਨਾਲ ਲੜਨ ਵਾਲੇ ਗੁਰੂ ਗੋਬਿੰਦ ਸਿੰਘ ਨੂੰ ਇਸ਼ਕ, ਮੁਸ਼ਕ, ਅਖੌਤੀ ਦੇਵੀ ਦੇਵਤਾ, ਵਿਭਚਾਰ ਅਤੇ ਮਾਰੂ ਨਸ਼ਿਆਂ ਨਾਲ ਭਰਪੂਰ ਕਥਾਵਾਂ ਕਵਿਤਾ ਵਿੱਚ ਲਿਖਣ ਦੀ ਕੀ ਜਰੂਤ ਪੈ ਗਈ ਅਤੇ ਕੀ ਉਨ੍ਹਾਂ ਕੋਲ ਐਸੀ ਬੇ ਸਿਰ ਪੈਰ ਵਾਲੀ ਕੂੜ ਕਬਾੜ ਅਸ਼ਲੀਲ ਕਿਵਤਾ ਲਿਖਣ ਦਾ ਸਮਾਂ ਸੀ? ਜਦ ਕਿ ਕਹਿੰਦੇ ਹਨ ਕਿ ਅਖੌਤੀ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਕਿਤੇ ਬਾਅਦ ਵਿੱਚ ਸ਼ਾਜਿਸ ਅਧੀਨ ਲਿਖਿਆ ਗਿਆ। ਸੰਪ੍ਰਦਾਈ ਮਰਯਾਦਾ ਵੀ ਨਿਰਮਲਿਆਂ ਅਤੇ ਉਦਾਸੀਆਂ ਬਣਾਈ ਜੋ ਕਾਸ਼ੀ ਬਨਾਰਸ ਨਾਲ ਸਬੰਧਤ ਸਨ ਤੇ ਹਨ। ਕੈਲੰਡਰ ਵੀ ਦੇਵੀ ਭਗਤ ਯੋਤਸ਼ੀਆਂ ਵਾਲਾ ਅੰਖਾਂ ਮੀਟ ਕੇ ਮੰਨ ਲਿਆ ਜੋ ਇਤਿਹਾਸਕ ਦਿਹਾੜਿਆਂ ਦੀਆਂ ਤਾਰੀਖਾਂ ਅਦਲੀ ਬਦਲੀ ਦਾ ਦੋਸ਼ੀ ਹੈ। ਭਲਿਓ ਜਿਸ ਸਿੱਖ ਦਾ ਪਾਰਉਤਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ ਕਰ ਸਕਦੀ ਉਹ ਭਾਂਵੇਂ ਲੱਖਾਂ ਹੋਰ ਗ੍ਰੰਥਾਂ ਦੀ ਪਾਠ ਪੂਜਾ ਕਰਦਾ, ਸੰਪ੍ਰਦਾਈ ਸਾਧਾਂ ਦੀ ਮਰਯਾਦਾ ਅਤੇ ਬ੍ਰਾਹਮਣੀ ਕੈਲੰਡਰ ਅਪਣਾਈ ਫਿਰੇ ਪਾਰ ਨਹੀਂ ਹੋਵੇਗਾ। “ਇਕਾ ਬਾਣੀ ਇਕ ਗੁਰ” ਦਾ ਉਪਦੇਸ਼ ਲੈਣ ਵਾਲੀ ਸਿੱਖ ਕੌਮ ਵਿੱਚ, ਵੱਖ ਵੱਖ ਹੋਰ ਗ੍ਰੰਥ, ਪੰਥ, ਮਰਯਾਦਾ ਤੇ ਕੈਲੰਡਰ ਪ੍ਰਚਲਿਤ ਕਰਕੇ, ਐਸੀ ਫੁੱਟ ਪਾਈ ਗਈ ਹੈ ਜੋ ਆਏ ਦਿਨ ਕੌਮ ਨੂੰ ਪਾੜ ਕੇ ਲੀਰੋ ਲੀਰ ਕਰੀ ਜਾ ਰਹੀ ਹੈ ਅਤੇ ਬਦਕਿਸਮਤੀ ਨਾਲ ਕੌਮ ਦੇ ਆਗੂ ਵੀ ਮਿਲਗੋਭੇ ਹੋ, ਕਿਸੇ ਗਰਜ, ਲਾਲਚ ਜਾਂ ਅਗਿਆਨਤਾਵੱਸ ਬਾਮਣ ਭਾਊ ਵਾਲਾ ਹੀ ਰੋਲ ਅਦਾ ਕਰੀ ਜਾ ਰਹੇ ਹਨ। ਅਰਦਾਸ ਹੈ ਅਕਾਲ ਪੁਰਖ ਕਰਤਾਰ ਕੌਮ ਦੇ ਰਹਿਨੁਮਾ ਆਗੂਆਂ ਨੂੰ ਸੁਮੱਤਿ ਬਖਸ਼ੇ ਤਾਂ ਕਿ ਕੌਮ ਇੱਕ ਗ੍ਰੰਥ, ਇੱਕ ਪੰਥ, ਇੱਕ ਵਿਧਾਨ, ਇੱਕ ਨਿਸ਼ਾਨ ਅਤੇ ਇੱਕ ਨਾਨਕਸ਼ਾਹੀ ਕੈਲੰਡਰ ਤੇ ਭਰੋਸਾ ਕਰਕੇ ਹੋਰ ਥੋਪੇ ਗਏ ਗ੍ਰੰਥਾਂ, ਪੰਥਾਂ, ਵਿਧਾਨਾਂ, ਨਿਸ਼ਾਨਾਂ ਅਤੇ ਕੈਲੰਡਰਾਂ ਦੀ “ਆਸ ਵਿਡਾਣੀ ਵਾਲੀ ਗੁਲਾਮੀ ਦੀ ਛੱਟ ਤੇ ਸੰਗਲੀ” ਸਿਰੋਂ ਅਤੇ ਗਲੋਂ ਲਾਹ ਕੇ ਅੰਦਰੂਨੀ ਤੇ ਬਾਹਰੀ ਤੌਰ ਤੇ ਗੁਰ ਉਪਦੇਸ਼ ਗੁਰਬਾਣੀ ਅਤੇ ਗੁਰ ਇਤਿਹਾਸ (ਬਾਬਾਣੀਆਂ ਕਹਾਣੀਆਂ) ਵਿਖੇ ਬਖਸ਼ੀ ਕੌਮੀ ਅਜਾਦ ਫਿਜਾ ਵਾਲਾ ਨਿੱਘ ਤੇ ਅਨੰਦ ਮਾਣਦੀ ਹੋਈ, ਮਾਨ ਨਾਲ ਸਿਰ ਉੱਚਾ ਕਰਕੇ ਸੰਸਾਰ ਵਿੱਚ ਵਿਚਰ ਸੱਕੇ।
.