.

ਭੱਟ ਬਾਣੀ-41

ਬਲਦੇਵ ਸਿੰਘ ਟੋਰਾਂਟੋ

ਧਰਮ ਕਰਮ ਪੂਰੈ ਸਤਿਗੁਰੁ ਪਾਈ ਹੈ।।

ਜਾ ਕੀ ਸੇਵਾ ਸਿਧ ਸਾਧ ਮੁਨਿ ਜਨ ਸੁਰਿ ਨਰ ਜਾਚਹਿ

ਸਬਦ ਸਾਰੁ ਏਕ ਲਿਵ ਲਾਈ ਹੈ।।

ਫੁਨਿ ਜਾਨੈ ਕੋ ਤੇਰਾ ਅਪਾਰੁ ਨਿਰਭਉ ਨਿਰੰਕਾਰੁ

ਅਕਥ ਕਥਨਹਾਰੁ ਤੁਝਹਿ ਬੁਝਾਈ ਹੈ।।

ਭਰਮ ਭੂਲੇ ਸੰਸਾਰ ਛੁਟਹੁ ਜੂਨੀ ਸੰਘਾਰ ਜਮ ਕੋ

ਨ ਡੰਡ ਕਾਲ ਗੁਰਮਤਿ ਧ੍ਯ੍ਯਾਈ ਹੈ।।

ਮਨ ਪ੍ਰਾਣੀ ਮੁਗਧ ਬੀਚਾਰੁ ਅਹਿਨਿਸਿ ਜਪੁ

ਧਰਮ ਕਰਮ ਪੂਰੈ ਸਤਿਗੁਰੁ ਪਾਈ ਹੈ।। ੨।।

(ਪੰਨਾ ੧੩੯੮)

ਪਦ ਅਰਥ:- ਧਰਮ – ਸੱਚ। ਕਰਮ – ਆਪਣੇ ਜੀਵਨ ਵਿੱਚ ਅਪਣਾਉਣਾ। ਪੂਰੈ – ਪੂਰਨ। ਸਤਿਗੁਰੁ – ਸਤਿਗੁਰ ਦੀ ਬਖ਼ਸ਼ਿਸ਼ ਗਿਆਨ। ਸਤਿਗੁਰ ਦੇ ਰਾਖ਼ੇ ਨੂੰ ਔਂਕੜ ਹੋਣ ਕਾਰਨ ਗੁਰਮੁਖੀ ਦੇ ਵਿਆਕਰਣ ਅਨੁਸਾਰ ਅਰਥ ਸਤਿਗੁਰ ਦੀ ਬਖ਼ਸ਼ਿਸ਼ ਗਿਆਨ ਬਣਦੇ ਹਨ। ਪਾਈ ਹੈ – ਪਾਇਆ ਹੈ, ਜਾਣਿਆ ਹੈ। ਜਾ ਕੀ ਸੇਵਾ – ਜੋ ਉਸ ਸੱਚੇ ਦੀ ਸੇਵਾ ਵਿੱਚ ਜੁੜਦੇ ਹਨ। ਉਸ ਦੀ ਸੇਵਾ ਕੀ ਹੈ? “ਹਰਿ ਕੀ ਟਹਲ ਕਮਾਵਣੀ ਜਪੀਐ ਪ੍ਰਭ ਕਾ ਨਾਮੁ।। “ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਹੀ ਉਸ ਦੀ ਸੇਵਾ ਹੈ। ਜਾਚਹਿ – ਲੋੜਦੇ ਹਨ। ਸਬਦ – ਗਿਆਨ ਦੀ ਬਖ਼ਸ਼ਿਸ਼। ਸਾਰੁ – ਸੱਚ ਸਮਝ ਕੇ। ਫੁਨਿ – ਫਿਰ। ਜਾਨੈ – ਆਪਣੇ ਆਪ ਨੂੰ ਜਾਣਦੇ ਹਨ। ਕੋ – ਕਿਹੜੇ, ਜਿਹੜੇ। ਤੁਝਹਿ – ਤੂੰ। ਬੁਝਾਈ – ਬੁਝਾਉਦੇ, ਜਣਾਉਦੇ, ਸਾਬਤ ਕਰਦੇ ਹਨ। ਭਰਮ – ਭਰਮ ਵਿੱਚ ਭੁੱਲੇ ਹੋਏ। ਸੰਸਾਰ – ਸੰਸਾਰੀ, ਸੰਸਾਰ ਦੇ ਰਹਿਣ ਵਾਲੇ ਲੋਕ। ਛੁਟਹੁ ਜੂਨੀ ਸੰਘਾਰ ਜਮ – ਜੰਮ ਕੇ ਮਰ ਜਾਣ ਵਾਲੇ ਜਮਦੂਤਾਂ ਤੋਂ ਛੁਟਕਾਰਾ ਲੈਣ ਲਈ ਪ੍ਰੇਰਨਾ ਕਰਨਾ (ਅਵਤਾਰਵਾਦੀਆਂ) ਤੋਂ ਛੁਟਹੁ-ਖਹਿੜਾ ਛੁਡਾ ਲੈਣ ਲਈ ਪ੍ਰੇਰਨਾ। ਕੋ – ਉਨ੍ਹਾਂ। ਡੰਡ – ਡਰ। ਕਾਲ – ਜੀਵਨ ਕਾਲ। ਗੁਰਮਤਿ ਧ੍ਯ੍ਯਾਈ ਹੈ – ਜਿਨ੍ਹਾਂ ਨੇ ਗੁਰਮਤਿ ਅਪਣਾਈ ਹੋਈ ਹੈ। ਮਨ ਪ੍ਰਾਣੀ - ਜੋ ਪ੍ਰਾਣੀ ਮੰਨ ਲੈਂਦੇ ਹਨ। ਮੁਗਧ – ਸੁੰਦਰ (ਮ: ਕੋਸ਼)। ਮੁਗਧ ਬੀਚਾਰੁ – ਸੁੰਦਰ ਭਾਵ ਸੱਚ ਦੀ ਵੀਚਾਰਧਾਰਾ। ਅਹਿਨਿਸ –ਦਿਨ ਰਾਤ, ਹਮੇਸ਼ਾ ਲਈ। ਜਪੁ – ਜਪਣਾ, ਅਭਿਆਸ ਕਰਨਾ। ਧਰਮ - ਸੱਚ। ਕਰਮ – ਆਪਣੇ ਜੀਵਨ ਦਾ ਹਿੱਸਾ ਬਣਾ ਲੈਣਾ। ਧਰਮ ਕਰਮ - ਸੱਚ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲੈਣ ਵਾਲੇ।

ਅਰਥ:- ਹੇ ਭਾਈ! ਉਸ ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਗਿਆਨ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਪੂਰਨ ਗਿਆਨ ਦੀ ਜਿਨ੍ਹਾਂ ਨੇ ਪ੍ਰਾਪਤੀ ਕੀਤੀ ਹੈ, ਕਰਦੇ ਹਨ, ਉਹ ਗਿਆਨ ਦੀ ਪ੍ਰਾਪਤੀ ਕਰਨ ਵਾਲੇ ਉਸ ਸੱਚੇ ਦੀ ਸੇਵਾ ਵਿੱਚ ਜੁਟਦੇ ਹਨ ਭਾਵ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਂਦੇ ਹਨ। ਉਹ ਹੀ ਦਰਅਸਲ ਸਿਧ-ਉੱਤਮ, ਸਾਧ, ਮੁਨਿ, ਸ੍ਰੇਸ਼ਟ, ਨਰ-ਮਰਦ ਪੁਰਸ਼ ਹਨ। ਉਹ ਤੇਰੀ ਇਕੁ ਸੱਚੇ ਦੀ ਹੀ ਬਖ਼ਸ਼ਿਸ਼ ਲੋੜਦੇ ਹਨ ਅਤੇ ਉਨ੍ਹਾਂ ਨੇ ਇਕੁ ਸੱਚੇ ਦੀ ਤੇਰੀ ਬਖ਼ਸ਼ਿਸ਼ ਸਬਦ-ਗਿਆਨ, ਸੱਚ ਨਾਲ ਆਪਣੀ ਲਿਵ ਲਾਈ ਭਾਵ ਆਪਣਾ ਨਾਤਾ ਸੱਚ ਨਾਲ ਹੀ ਜੋੜਿਆ ਹੋਇਆ ਹੈ। ਜਿਨ੍ਹਾਂ ਨੇ ਸੱਚ ਨਾਲ ਆਪਣਾ ਨਾਤਾ ਜੋੜਿਆ ਹੋਇਆ ਹੈ, ਉਹ ਫਿਰ ਜਿਹੜੇ (ਅਵਤਾਰਵਾਦੀ) ਆਪਣੇ ਆਪ ਨੂੰ ਤੁਝਹਿ-ਤੂੰ ਅਪਾਰੁ ਨਿਰਭਉ ਨਿਰੰਕਾਰੁ ਕਥਨਹਾਰੁ, ਅਕਥ-ਕਥਿਆ ਨਾ ਜਾਣ ਵਾਲਾ ਬੁਝਾਈ-ਬੁਝਾਉਂਦੇ ਸਾਬਤ ਕਰਦੇ ਹਨ ਅਤੇ ਜਾਣਦੇ ਹਨ, ਉਨ੍ਹਾਂ ਦੀ ਪ੍ਰਵਾਹ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਗੁਰਮਤਿ ਅਪਣਾਈ ਹੋਈ ਹੈ। ਜਿਨ੍ਹਾਂ ਨੇ ਗੁਰਮਤਿ ਧਿਆਈ ਹੈ ਭਾਵ ਆਪਣੇ ਜੀਵਨ ਵਿੱਚ ਅਪਣਾਈ ਹੈ, ਉਹ ਉਨ੍ਹਾਂ ਨੂੰ ਜੂਨੀ ਸੰਘਾਰ-ਜੰਮ ਕੇ ਮਰ ਜਾਣ ਵਾਲੇ ਜਮਾਂ (ਅਵਤਾਰਵਾਦੀ) ਜਮਾਂ-ਜਮਦੂਤ ਕਿਸਮ ਦੇ ਲੋਕਾਂ ਦੇ (ਫੋਕੇ) ਡੰਡੇ-ਡਰਾਵੇ ਦਾ ਡਰ ਜੀਵਨ ਕਾਲ ਵਿੱਚ ਨਹੀਂ ਰਹਿੰਦਾ, ਉਹ ਸਗੋਂ ਭਰਮ ਵਿੱਚ ਭੁਲੇ ਹੋਏ ਹੋਰਨਾਂ (ਅਵਤਾਰਵਾਦੀਆਂ) ਨੂੰ ਰੱਬ ਮੰਨਣ ਵਾਲਿਆਂ ਲੋਕਾਂ ਨੂੰ ਵੀ ਉਨ੍ਹਾਂ ਦੇ ਚੁੰਗਲ ਵਿੱਚੋਂ ਛੁੱਟਣ ਲਈ ਪ੍ਰੇਰਣਾ ਕਰਦੇ ਹਨ। ਜਿਹੜੇ ਪ੍ਰਾਣੀ, ਸੱਚ ਨੂੰ ਪ੍ਰਣਾਏ ਹੋਏ ਨਰ-ਮਰਦ ਪੁਰਸ਼ਾਂ ਦੀ ਦਰਸਾਈ ਸੁੰਦਰ (ਸੱਚੀ) ਵੀਚਾਰਧਾਰਾ ਨੂੰ ਮੰਨ ਕੇ ਦਿਨ ਰਾਤ ਆਪਣੇ ਜੀਵਨ ਵਿੱਚ ਅਭਿਆਸ ਕਰਦੇ ਹਨ ਉਹ ਪੂਰੈ ਗਿਆਨ ਦੀ ਪ੍ਰਾਪਤੀ ਨਾਲ ਸੱਚ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲੈਂਦੇ ਹਨ।

ਹਉ ਬਲਿ ਬਲਿ ਜਾਉ ਸਤਿਗੁਰ ਸਾਚੇ ਨਾਮ ਪਰ।।

ਕਵਨ ਉਪਮਾ ਦੇਉ ਕਵਨ ਸੇਵਾ ਸਰੇਉ

ਏਕ ਮੁਖ ਰਸਨਾ ਰਸਹੁ ਜੁਗ ਜੋਰਿ ਕਰ।।

ਫੁਨਿ ਮਨ ਬਚ ਕ੍ਰਮ ਜਾਨੁ ਅਨਤ ਦੂਜਾ ਨ ਮਾਨੁ

ਨਾਮੁ ਸੋ ਅਪਾਰੁ ਸਾਰੁ ਦੀਨੋ ਗੁਰਿ ਰਿਦ ਧਰ।।

ਨਲ੍ਯ੍ਯ ਕਵਿ ਪਾਰਸ ਪਰਸ ਕਚ ਕੰਚਨਾ ਹੁਇ

ਚੰਦਨਾ ਸੁਬਾਸੁ ਜਾਸੁ ਸਿਮਰਤ ਅਨ ਤਰ।।

ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ

ਹਉ ਬਲਿ ਬਲਿ ਜਾਉ ਸਤਿਗੁਰ ਸਾਚੇ ਨਾਮ ਪਰ।। ੩।।

(ਪੰਨਾ ੧੩੯੮-੯੯)

ਪਦ ਅਰਥ:- ਹਉ ਬਲਿ ਬਲਿ ਜਾਉ – ਮੈਂ ਤਾਂ ਵਾਰੇ ਵਾਰੇ ਜਾਂਦਾ ਹਾ। ਸਤਿਗੁਰ ਸਾਚੇ – ਸੱਚੇ ਸਤਿਗੁਰ ਤੋਂ। ਨਾਮ – ਸੱਚ। ਪਰ – ਤੋਂ, ਉਪਰੋਂ। ਸਤਿਗੁਰ ਸਾਚੇ ਨਾਮ ਪਰ – ਸਦਾ ਸਦੀਵੀ ਸਥਿਰ ਰਹਿਣ ਵਾਲੇ ਸੱਚੇ ਦੇ ਸੱਚ ਉੱਪਰੋਂ। ਉਪਮਾ – ਉਸਤਤ ਕਰਨੀ। ਦੇਉ – ਦਿੱਤੀ ਜਾ ਸਕਦੀ ਹੈ। ਕਵਨ ਉਪਮਾ ਦੇਉ ਕਵਨ ਸੇਵਾ ਸਰੇਉ – ਨਾ ਹੀ ਉਸ ਦੀ ਉਪਮਾ ਦੀ ਕਿਸੇ ਨਾਲ ਤੁਲਨਾ ਕੀਤੀ ਜਾ ਸਕਦੀ ਹੈ। ਕਵਨ – ਨਾ ਹੀ ਉਸ ਨੂੰ ਕਿਸੇ ਨਾਲ। ਸੇਵਾ – ਸਿਫਤ। ਸਰੇਉ – ਸਰੇਵਨ, ਸਰੇਵਨ ਕਰਨਾ, ਸਰੇਵਾਂ, ਤੋਲਣਾ, ਤੁਲਨਾ ਕਰਨੀ। ਏਕ ਮੁਖ – ਇੱਕ ਮੁਖੀ ਹੋ ਕੇ ਭਾਵ ਇੱਕ ਦੇ ਹੋ ਕੇ। ਰਸਨਾ – ਆਪਣੀ ਰਸਨਾ ਨਾਲ। ਰਸਹੁ - ਇਕੁ ਨੂੰ ਹੀ ਆਪਣੀ ਰਸਨਾ ਉੱਪਰ ਲਿਆਉ। ਜੁਗ – ਹਰ ਸਮੇਂ। ਜੋਰਿ ਕਰ – ਦ੍ਰਿੜ੍ਹਤਾ ਕਰਕੇ। ਫੁਨਿ – ਫਿਰ ਹੀ। ਮਨ – ਮੰਨ ਕੇ। ਬਚ – ਬਚਨ, ਗਿਆਨ। ਉਹ ਬਚਨ ਜੋ ਗਿਆਨ-ਸੱਚ ਨੂੰ ਪ੍ਰਗਟਾਉਂਦੇ ਹੋਣ। ਕ੍ਰਮ – ਅਮਲ। ਕ੍ਰਮ ਜਾਨੁ – ਅਮਲ ਕਰਨਾ, ਜੀਵਨ ਵਿੱਚ ਅਪਣਾਉਣਾ। ਅਨਤ – ਸੰ: ਵਿ-ਜੋ ਨਤ (ਝੁਕਿਆ ਹੋਇਆ) ਨਹੀਂ (ਮ: ਕੋਸ਼)। ਅਨਤ ਦੂਜਾ ਨ ਮਾਨੁ – ਇਕੁ ਸੱਚੇ ਤੋਂ ਸਿਵਾਏ ਕਿਸੇ ਹੋਰ ਦੂਜੇ (ਅਵਤਾਰਵਾਦੀ) ਅੱਗੇ ਨਹੀਂ ਝੁਕਣਾ। ਨਾਮੁ – ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ, ਅਮਲ ਕਰਕੇ। ਸੋ – ਉਸ ਦੀ। ਅਪਾਰੁ ਸਾਰੁ – ਅਪਾਰ ਬਖ਼ਸ਼ਿਸ਼ ਨਾਲ। ਦੀਨੋ – ਸੱਚ ਨੂੰ, ਧਰਮ ਨੂੰ। ਦੀਨ ਤੋਂ ਦੀਨੋ ਹੈ। ਜਾ ਕੇ – ਜਿਸ ਦੇ। ਨਲ੍ਯ੍ਯ ਕਵਿ ਪਾਰਸ ਪਰਸ ਕਚ ਕੰਚਨਾ ਹੁਇ – ਹੇ ਭਾਈ! ਕਵੀ ਨਲ੍ਹ ਆਖਦਾ ਹੈ ਜਿਨ੍ਹਾਂ ਨੇ ਇਸ ਪਾਰਸ ਰੂਪ ਵੀਚਾਰਧਾਰਾ ਨੂੰ ਪਰਸਿਆ, ਉਹ ਕੱਚ ਤੋਂ ਕੰਚਨ ਹੋਏ। ਉਨ੍ਹਾਂ ਨੇ ਚੰਦਨ ਵਾਂਗ ਇਸ ਗਿਆਨ ਦੀ ਖ਼ੁਸ਼ਬੋ ਨੂੰ ਅੱਗੇ ਹੋਰਨਾਂ ਵਿੱਚ ਵੰਡਿਆ। ਦੇਖਤ – ਸਾਹਮਣੇ ਆਉਣ ਨਾਲ। ਜਾ ਕੇ ਦੇਖਤ – ਜਿਸ ਦੇ ਸਾਹਮਣੇ ਆਉਣ ਭਾਵ ਜਾਨਣ ਨਾਲ। ਨਿਵਾਰੇ – ਛੁਟਕਾਰਾ ਲੈਣਾ, ਛੁਟਕਾਰਾ ਹੋਣਾ। ਜੀ – ਹਿੰਮਤ, ਹੌਸਲਾ (ਮ: ਕੋਸ਼)।

ਅਰਥ:- ਭੱਟ ਨਲ੍ਹ ਜੀ ਆਖਦੇ ਹਨ, ਮੈਂ ਤਾਂ ਇਸ ਨਤੀਜੇ ਉੱਪਰ ਪੁੱਜਾ ਹਾਂ ਕਿ ਉਸ ਸੱਚੇ ਸਤਿਗੁਰ-ਕਰਤੇ ਦੇ ਨਾਮ-ਸੱਚ ਤੋਂ ਬਲਿਹਾਰ ਜਾਣਾ ਚਾਹੀਦਾ ਹੈ। ਉਸ ਸੱਚੇ ਸਦੀਵੀ ਸਥਿਰ ਰਹਿਣ ਵਾਲੇ ਦੀ ਕਿਸੇ (ਅਵਤਾਰਵਾਦੀ) ਦੀ ਸੇਵਾ-ਸਿਫਤ ਕਰਕੇ ਉਸ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਹੇ ਭਾਈ! ਇੱਕ ਮੁਖੀ ਹੋ ਕੇ ਭਾਵ ਇਕੁ ਦੇ ਹੀ ਹੋ ਕੇ (ਦੋਮੂੰਹੇ, ਦੁਫਸਲੇ ਨਾ ਹੋ ਕੇ) ਆਪਣੀ ਰਸਨਾ ਨਾਲ ਜੁਗ-ਹਮੇਸ਼ਾ ਹਰ ਸਮੇਂ ਜ਼ੋਰ ਕਰ-ਦ੍ਰਿੜ੍ਹਤਾ ਕਰਕੇ, ਇੱਕ ਰਸ ਉਸ ਕਰਤੇ ਨੂੰ ਹੀ ਰਸਹੁ-ਭਾਵ ਆਪਣੀ ਰਸਨਾ `ਤੇ ਲਿਆਉ। ਫਿਰ ਇਸ ਸੱਚ ਨੂੰ ਸੱਚ ਮੰਨ ਕੇ, ਗਿਆਨ ਨੂੰ ਹੀ ਆਪਣੇ ਜੀਵਨ ਵਿੱਚ ਅਪਣਾਉਣ ਨੂੰ ਹੀ ਆਪਣਾ ਧਰਮ ਜਾਣ ਕੇ, ਦੂਜੇ ਕਿਸੇ ਹੋਰ (ਅਵਤਾਰਵਾਦੀ) ਨੂੰ ਨਾ ਮੰਨਦੇ ਹੋਏ, ਨਾਮੁ-ਸੱਚ ਨੂੰ ਆਪਣੇ ਜੀਵਨ ਵਿੱਚ ਅਮਲ ਕਰਕੇ ਉਸ ਦੀ ਅਪਾਰ ਬਖ਼ਸ਼ਿਸ਼ ਨਾਲ ਦੀਨੋ-ਸੱਚ, ਗੁਰਿ-ਗਿਆਨ ਨੂੰ ਆਪਣੇ ਹਿਰਦੇ ਵਿੱਚ ਧਰੋ ਭਾਵ ਵਸਾਉ। ਕਵੀ ਨਲ੍ਹ ਆਖਦਾ ਹੈ ਕਿ ਹੇ ਭਾਈ! ਜਿਨ੍ਹਾਂ ਨੇ ਇਸ ਪਾਰਸ ਰੂਪ (ਵੀਚਾਰਧਾਰਾ) ਨੂੰ ਪਰਸਿਆ ਭਾਵ ਅਪਣਾਇਆ, ਉਹ ਕੱਚ ਤੋਂ ਕੰਚਨ ਹੋਏ ਅਤੇ ਉਨ੍ਹਾਂ ਨੇ ਚੰਨਣ ਵਾਂਗ ਇਸ ਗਿਆਨ ਦੀ ਖ਼ੁਸ਼ਬੋਂ ਨੂੰ ਅੱਗੇ ਹੋਰਨਾਂ ਵਿੱਚ ਵੰਡਿਆ। ਇਹ ਗਿਆਨ ਜਿਸ ਦੇ ਦੇਖਤ-ਵਾਚਣ ਭਾਵ ਜਾਨਣ ਅਤੇ ਜੀ-ਹਿੰਮਤ ਕਰਨ ਦੇ ਨਾਲ ਜਿਨ੍ਹਾਂ ਦੀ (ਅਵਤਾਰਵਾਦ) ਦੀ ਕਾਮੀ ਕਰੋਧੀ ਵੀਚਾਰਧਾਰਾ ਤੋਂ ਛੁਟਕਾਰਾ ਹੋਇਆ, ਉਹ ਸੱਚੇ ਸਤਿਗੁਰ-ਸਦੀਵੀ ਸਥਿਰ ਰਹਿਣ ਵਾਲੇ ਸੱਚੇ ਦੇ ਸੱਚ ਦੇ ਦੁਆਰੇ ਤੋਂ ਹੀ ਬਲਿ-ਬਲਿ ਬਲਿਹਾਰ ਜਾਂਦੇ ਹਨ।
.