.

ਸਿੱਖ ਸੰਪ੍ਰਦਾਵਾਂ ਦੀ ਗੁਰਬਾਣੀ ਨਾਲ ਵਿਚਾਰਧਾਰਕ ਅਸੰਮਤੀ

(ਕਿਸ਼ਤ ਪਹਿਲੀ)

ਹਾਕਮ ਸਿੰਘ

ਸੰਪ੍ਰਦਾਵਾਂ ਹਰ ਧਰਮ ਵਿੱਚ ਉਤਪੰਨ ਹੋ ਜਾਂਦੀਆਂ ਹਨ। ਡਾ. ਸਰਬਜਿੰਦਾ ਸਿੰਘ ਅਨੁਸਾਰ “ਵਿਊਂਤਪਤੀ ਦੇ ਦ੍ਰਿਸ਼ਟੀਕੋਣ ਤੋਂ ਸੰਪ੍ਰਦਾ ਸ਼ਬਦ ਦਾ ਮੂਲ ‘ਦ’ ਧਾਤੂ ਹੈ, ਜਿਸ ਦਾ ਅਰਥ ਹੈ ਦੇਣਾ। ‘ਦ’ ਦੇ ਅੱਗੇ ਦੋ ਅਗੇਤਰ ‘ਸੰ ‘ਅਤੇ ‘ਪ੍ਰ’ ਹਨ। ਇਹਨਾਂ ਦੋ ਅਗੇਤਰਾ ਦੇ ਮੇਲ ਨਾਲ ਸ਼ਬਦ ਸੰਪ੍ਰਦਾਇ ਹੋਂਦ ਵਿੱਚ ਆਇਆ। ਇਸ ਸਮੁਚੇ ਸ਼ਬਦ ਦਾ ਅਰਥ ਹੈ ਸੰਸਕ੍ਰਿਤੀ ਵਿਚੋਂ ਜੋ ਲਿਆ ਉਹ ਦੂਸਰਿਆਂ ਨੂੰ ਦੇਣਾ। … ਪਰ ਇੱਕ ਗੱਲ ਨੂੰ ਸਮਝ ਲੈਣਾ ਬੇਹਦ ਜ਼ਰੂਰੀ ਹੈ ਕਿ ਸੰਪ੍ਰਦਾਵਾਂ ਅਨੇਕਾਂ ਹੋ ਸਕਦੀਆਂ ਹਨ, ਪਰ ਹਰ ਸੰਪ੍ਰਦਾ ਜਿਸ ਧਰਮ ਨਾਲ ਸਬੰਧਤ ਹੋਵੇਗੀ, ਉਸ ਦੇ ਮੂਲ ਸਿਧਾਂਤ ਨਾਲ ਜੁੜੇ ਰਹਿਣਾ ਉਸ ਲਈ ਲਾਜ਼ਮੀ ਹੁੰਦਾ ਹੈ। “(ਵਿਸ਼ਵ ਧਰਮ ਬਾਨੀ, ਗ੍ਰੰਥ, ਸੰਪ੍ਰਦਾਇ ਅਤੇ ਚਿੰਤਕ (ਭਾਗ-ਤੀਜਾ): ਸੰਪਾਦਕੀ)

ਸੰਪ੍ਰਦਾਵਾਂ ਬਾਰੇ ਦੋ ਹੋਰ ਹਵਾਲੇ ਹੇਠ ਦੇ ਰਹੇ ਹਾਂ:

[ਧਰਮਾਂ ਦੇ] “ਬਾਨੀਆਂ ਦੇ ਤੁਰ ਜਾਣ ਤੋਂ ਪਿਛੋਂ, ਪੈਰੋਕਾਰਾਂ ਵਿੱਚ ਆਇਆ ਅਵੇਸਲਾਪਨ ਅਜਿਹਾ ਵਾਤਾਵਰਣ ਪੈਦਾ ਕਰ ਦਿੰਦਾ ਹੈ ਕਿ ਹਰ ਸ਼ਖਸ ਇਹ ਮੈਹਸੂਸ ਕਰਨ ਤੇ ਮਜਬੂਰ ਹੋ ਜਾਂਦਾ ਹੈ ਕਿ ਹੁਣ ਇਸ ਧਰਮ ਦਾ ਖਾਤਮਾ ਲਾਜ਼ਮੀ ਹੈ। ਦੈਵੀ ਸਿਧਾਂਤਾਂ ਦੇ ਨਾਲ-ਨਾਲ ਅਜਿਹੇ ਸਿਧਾਂਤਾਂ ਦਾ ਮਿਲਗੋਭਾ ਵੀ ਕੌਮੀਅਤਾਂ ਸਵੀਕਾਰ ਕਰ ਲੈਂਦੀਆਂ ਹਨ, ਜਿਨ੍ਹਾਂ ਦਾ ਕੋਈ ਸਿਧਾਂਤਕ ਆਧਾਰ ਨਹੀਂ ਹੁੰਦਾ। ਪਰ ਇਸ ਨੂੰ ਐਨੀ ਮਾਨਤਾ ਪ੍ਰਾਪਤ ਹੋ ਜਾਂਦੀ ਹੈ ਕਿ ਉਹ ਮੂਲ ਹੋਣ ਦਾ ਭੁਲੇਖਾ ਪਾ ਅਸਲ ਸਿਧਾਂਤ ਨੂੰ ਗੌਣ ਮਹਿਸੂਸ ਕਰਾਉਣਾ ਸ਼ੁਰੂ ਕਰ ਦਿੰਦਾ ਹੈ। ਅਜਿਹੇ ਵਰਤਾਰੇ ਤੋ ਉਸ ਧਰਮ ਨਾਲ ਜੁੜੀਆਂ ਹੋਈਆਂ ਸੱਚੀਆਂ ਰੂਹਾਂ ਉਦਾਸ ਹੋ ਜਾਂਦੀਆਂ ਹਨ। “(ਡਾ. ਸਰਬਜਿੰਦਰ ਸਿੰਘ “ਸਿੰਘ ਸਭਾ ਲਹਿਰ ਦੀ ਸਥਾਪਨਾ ਤੇ ਸੰਪ੍ਰਦਾਇਕ ਯੋਗਦਾਨ” )

“ਕਿਸੇ ਵੀ ਧਰਮ ਦੀ ਸੰਪ੍ਰਦਾ ਉਸਦੀ ਰੁਹਾਨੀਅਤ (Spirit) ਤੋਂ ਅਲਹਿਦਾ ਨਹੀਂ ਹੁੰਦੀ, ਸਿਰਫ ਰੂਪ (Form) ਪਖੋਂ ਨਿਆਰੇ ਹੋਣ ਦਾ ਭਰਮ ਬਣਾਈ ਰੱਖਦੀ ਹੈ। ਇਹ ਵੀ ਸੱਚ ਹੈ ਕਿ ਹਰ ਧਰਮ ਸਮਾਂ ਪਾ ਕੇ ਆਪਣੇ ਸੰਪ੍ਰਦਾਈ ਰੂਪਾਂ ਰਾਹੀਂ ਹੀ ਵਿਕਾਸ ਕਰਦਾ ਹੈ। ਗੁਰੂ ਸਾਹਿਬਾਨ ਤੋਂ ਪਿਛੋਂ ਸਿੱਖ ਧਰਮ ਦੀਆਂ ਵੀ ਕਈ ਸੰਪ੍ਰਦਾਵਾਂ (ਜਿਵੇਂ ਨਿਰਮਲੇ, ਉਦਾਸੀ, ਨਿਹੰਗ ਸਿੰਘ, ਅਕਾਲੀ, ਅਖੰਡ ਕੀਰਤਨੀ, ਆਦਿ) ਵੇਖਣ ਨੂੰ ਮਿਲਦੀਆਂ ਹਨ। ਇਹ ਸਾਰੀਆਂ ਸੰਪ੍ਰਦਾਵਾਂ ਆਪਣੀ ਜੀਵਨ-ਜਾਚ (Way of Life) ਕਰਕੇ ਨਿਆਰੇ ਨਿਆਰੇ ਭੇਸ ਰੱਖਦੀਆਂ ਹਨ ਪਰ ਇਹਨਾਂ ਨੂੰ ਗੈਰ ਸਿੱਖ ਨਹੀਂ ਚਿਤਵਿਆ ਜਾ ਸਕਦਾ। “(ਡਾ. ਗੁਲਜ਼ਾਰ ਸਿੰਘ ਕੰਗ “ਨਾਮਧਾਰੀ ਸੰਪ੍ਰਦਾ” )

ਉਪਰ ਦਿੱਤੇ ਹਵਾਲੇ ਪੰਜਾਬੀ ਯੂਨੀਵਰਸਿਟੀ ਵਲੋਂ ਪ੍ਰਕਾਸ਼ਤ “ਵਿਸ਼ਵ ਧਰਮ ਬਾਨੀ, ਗ੍ਰੰਥ, ਸੰਪ੍ਰਦਾਇ ਅਤੇ ਚਿੰਤਕ” (ਭਾਗ ਤੀਜਾ) ਵਿਚੋਂ ਲਿੱਤੇ ਗਏ ਹਨ। ਇਹ ਹਵਾਲੇ ਅਕਾਦਮਿਕ ਵਿਦਵਾਨਾਂ ਦੇ ਸਿੱਖ ਸੰਪ੍ਰਦਾਵਾਂ ਦੀ ਅਸਲੀਅਤ ਬਾਰੇ ਵਿਚਾਰਾਂ ਵਿੱਚ ਭਿੰਨਤਾ ਨੂੰ ਉਜਾਗਰ ਕਰਦੇ ਹਨ। ਪਰ ਦੋਨੋ ਵਿਦਵਾਨ ਇਸ ਗੱਲ ਤੇ ਜ਼ਰੂਰ ਸਹਿਮਤ ਹਨ ਕਿ ਸੰਪ੍ਰਦਾਵਾਂ ਨੂੰ ਆਪਣੇ ‘ਧਰਮ ਦੇ ਮੂਲ਼ ਸਿਧਾਂਤ” ਜਾਂ “ਰੂਹਾਨੀਅਤ” ਨਾਲ ਜੁੜੇ ਰਹਿਣਾ ਲਾਜ਼ਮੀ ਹੁੰਦਾ ਹੈ। ਅਸਲ ਵਿੱਚ ਤੇ ਧਰਮ ਦੀ ਵਿਚਾਰਧਾਰਾ ਨਾਲ ਅਸੰਮਤੀ ਹੋਣ ਨਾਲ ਹੀ ਸੰਪ੍ਰਦਾਵਾਂ ਹੋਂਦ ਵਿੱਚ ਆਉਂਦੀਆਂ ਹਨ। ਇਸ ਲੇਖ ਵਿੱਚ ਕੁੱਝ ਸਿੱਖ ਸੰਪ੍ਰਦਾਵਾਂ ਸਮਝੀਆਂ ਜਾਂਦੀਆਂ ਸੰਪ੍ਰਦਾਵਾਂ ਦੀ ਗੁਰਬਾਣੀ ਵਿੱਚ ਪ੍ਰਗਟਾਏ ਮੂਲ ਸਿਧਾਂਤ ਨਾਲ ਸਬੰਧਾਂ ਅਤੇ ਅਨੁਕੂਲਤਾ ਬਾਰੇ ਵਿਚਾਰ ਕੀਤੀ ਜਾਵੇਗੀ।

ਸਾਰਾ ਸਿੱਖ ਜਗਤ ਇਸ ਗੱਲ ਤੇ ਸਹਿਮਤ ਹੈ ਕਿ ਸਿੱਖ ਧਰਮ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਇਹ ਗੁਰਬਾਣੀ ਹੀ ਸਿੱਖ ਧਰਮ ਦਾ “ਮੂਲ ਸਿਧਾਂਤ” ਜਾਂ “ਰੂਹਾਨੀਅਤ” ਹੈ। ਗੁਰਬਾਣੀ ਗੁਰੂ ਸਾਹਿਬਾਨ ਦੀ ਅਧਿਆਤਮਕ ਵਿਚਾਰਧਾਰਾ ਦਾ ਗਿਆਨ ਹੈ ਜਿਸ ਨੂੰ ਦਸਮ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਅੰਤਮ ਸੰਕਲਨ ਕਰਕੇ ਗੁਰਗੱਦੀ ਦੀ ਬਖਸ਼ਿਸ਼ ਦੁਆਰਾ ਸਿੱਖ ਜਗਤ ਦਾ ਰਹਿਨੁਮਾ ਘੋਸ਼ਤ ਕੀਤਾ ਸੀ ਅਤੇ ਸਿੱਖ ਜਗਤ ਨੂੰ ਕੇਵਲ ਇਸ ਬਾਣੀ ਦੇ ਹੀ ਲੜ ਲਗਣ ਦਾ ਆਦੇਸ਼ ਦਿੱਤਾ ਸੀ। ਗੁਰੂ ਸਾਹਿਬ ਦੇ ਆਦੇਸ਼ ਅਨੁਸਾਰ ਹਰ ਸਿੱਖ ਸੰਪ੍ਰਦਾਇ ਦੀ ਵਿਚਾਰਧਾਰਾ ਅਤੇ ਵਿਹਾਰ ਨੂੰ ਗੁਰਬਾਣੀ ਉਪਦੇਸ਼ ਤੋਂ ਉਤਪੰਨ ਅਤੇ ਉਸ ਦੇ ਅਨੁਕੂਲ ਹੋਣਾ ਚਾਹੀਦਾ ਹੈ। ਅਜੋਕੇ ਸਿੱਖ ਧਰਮ ਵਿੱਚ ਬਹੁਤ ਸਾਰੀਆਂ ਸੰਪ੍ਰਦਾਵਾਂ ਐਸੀਆਂ ਹਨ ਜਿਨ੍ਹਾਂ ਦੇ ਵਿਚਾਰ ਅਤੇ ਵਿਹਾਰ ਗੁਰਬਾਣੀ ਉਪਦੇਸ ਤੋਂ ਭਿੰਨ ਹੀ ਨਹੀਂ ਬਲਕਿ ਉਲਟ ਹਨ। ਇਹ ਸੰਪ੍ਰਦਾਵਾਂ ਅਕਸਰ ਆਪਣੇ ਸਵਾਰਥ ਲਈ ਗੁਰਬਾਣੀ ਉਪਦੇਸ਼ ਦੀ ਗਲਤ ਵਿਆਖਿਆ ਕਰਦੀਆਂ ਹਨ। ਇਹ ਗੁਰਬਾਣੀ ਦੇ ਕਈ ਸ਼ਬਦਾਂ ਨੂੰ ਆਪਣੀਆਂ ਅਜਿਹੀਆਂ ਸੰਸਾਰਕ ਗਤੀਵਿਧੀਆਂ ਨਾਲ ਜੋੜ ਕੇ ਧਾਰਮਕ ਹੋਣ ਦਾ ਭਰਮ ਪਾਉਂਦੀਆਂ ਹਨ ਜਿਨ੍ਹਾਂ ਦਾ ਗੁਰਬਾਣੀ ਉਪਦੇਸ਼ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਅਜੋਕੇ ਸਿੱਖ ਜਗਤ ਵਿੱਚ ਸੰਪ੍ਰਦਾਵਾਂ ਦੀ ਅਤੇ ਉਨ੍ਹਾਂ ਦੇ ਸਿੱਖ ਧਰਮ ਬਾਰੇ ਵੰਨ ਸੁਵੱਨੇ ਵਿਚਾਰਾਂ ਦੀ ਭਰਮਾਰ ਹੈ। ਐਸੇ ਵਾਤਾਵਰਣ ਵਿੱਚ ਗੁਰਬਾਣੀ ਦੇ ਮੂਲ ਸਿਧਾਂਤ ਬਾਰੇ ਅਸਪਸ਼ਟਤਾ ਹੋ ਜਾਣੀ ਸੁਭਾਵਕ ਹੈ। ਇਸ ਲਈ ਗੁਰਬਾਣੀ ਦੇ ਮੂਲ਼ ਸਿਧਾਂਤ ਬਾਰੇ ਸਪਸ਼ਟ ਹੋ ਕੇ ਹੀ ਸਿੱਖ ਸੰਪ੍ਰਦਾਵਾਂ ਦੀ ਵਿਚਾਰਧਾਰਾ ਦੇ ਗੁਰਬਾਣੀ ਨਾਲ ਸਬੰਧਾਂ ਬਾਰੇ ਜਾਣਿਆ ਜਾ ਸਕਦਾ ਹੈ।

ਇਸ ਤੋਂ ਪਹਿਲੋਂ ਕਿ ਗੁਰਬਾਣੀ ਦੇ ਮੂਲ ਸਿਧਾਂਤ ਬਾਰੇ ਵਿਚਾਰ ਕੀਤੀ ਜਾਵੇ, ਕੁੱਝ ਨੁਕਤੇ ਸਪਸ਼ਟ ਕਰ ਲੈਣੇ ਜ਼ਰੂਰੀ ਹਨ। ਇਕ, ਗੁਰਬਾਣੀ ਉਪਦੇਸ਼ ਅਤੇ ਸਿੱਖ ਇਤਹਾਸ ਵਿੱਚ ਮੂਲ ਅੰਤਰ ਹੈ। ਗੁਰਬਾਣੀ ਅਧਿਆਤਮਕ ਗਿਆਨ ਹੈ ਅਤੇ ਸਦੀਵੀ ਸੱਚ ਹੈ। ਇਤਹਾਸ ਸੰਸਾਰਕ ਜਾਣਕਾਰੀ ਹੈ ਅਤੇ ਬਦਲਦੀ ਰਹਿੰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਿੱਖ ਇਤਹਾਸ ਦੀਆਂ ਘਟਨਾਵਾਂ ਨੂੰ ਪਰਭਾਵਤ ਅਤੇ ਉਤਸ਼ਾਹਤ ਕੀਤਾ ਹੈ, ਅਤੇ ਗੁਰਬਾਣੀ ਦੇ ਕੁੱਝ ਸ਼ਬਦ ਇਤਹਾਸਕ ਘਟਨਾਵਾਂ ਵਲ ਸੰਕੇਤ ਕਰਦੇ ਹਨ ਪਰ ਸਿੱਖ ਇਤਹਾਸ ਗੁਰਬਾਣੀ ਉਪਦੇਸ਼ ਨਹੀਂ ਹੈ ਅਤੇ ਨਾ ਹੀ ਕਿਸੇ ਇਤਹਾਸਕ ਘਟਨਾ ਨੂੰ ਗੁਰਬਾਣੀ ਉਪਦੇਸ਼ ਦਾ ਦਰਜਾ ਦਿੱਤਾ ਜਾ ਸਕਦਾ ਹੈ। ਦੂਜਾ, ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤ ਬਾਣੀ ਹੀ ਗੁਰਬਾਣੀ ਹੈ। ਹੋਰ ਕੋਈ ਗ੍ਰੰਥ, ਰਚਨਾ, ਸਾਖੀ ਜਾਂ ਵਾਰਤਾ ਗੁਰਬਾਣੀ ਜਾਂ ਸਿੱਖ ਧਰਮ ਦੇ ਮੂਲ ਸਿਧਾਂਤ ਦਾ ਸਰੋਤ ਨਹੀਂ ਹੈ। ਇਥੇ ਇਹ ਵੀ ਸਪਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਾਨਵਤਾ ਦੇ ਕਲਯਾਨ ਲਈ ਰਚਿਆ ਅਧਿਆਤਮਕ ਗਿਆਨ ਹੈ ਕੋਈ ਸੰਸਾਰਕ ਜਾਣਕਾਰੀ, ਸਮਾਜ ਸੁਧਾਰ ਦੀ ਵਿਧੀ, ਰਾਜ ਸ਼ਾਸਤਰ, ਫੌਜੀ ਕਵਾਇਦ, ਕਰਮ ਕਾਂਡ ਜਾਂ ਇੱਛਾ ਪੂਰਕ ਮੰਤਰ ਨਹੀਂ ਹੈ। ਗੁਰੂ ਸਾਹਿਬਾਨ ਨੇ ਕੇਵਲ ਅਧਿਆਤਮਕ ਗਿਆਨ ਦਾ ਹੀ ਪਰਚਾਰ ਕੀਤਾ ਹੈ ਅਤੇ ਸਿੱਖ ਧਾਰਮਕ ਪਰੰਪਰਾ ਵਾਸਤਵ ਵਿੱਚ ਗੁਰਬਾਣੀ ਉਪਦੇਸ਼ ਨੂੰ ਮਨੁੱਖਾ ਜੀਵਨ ਵਿੱਚ ਸਾਕਾਰ ਕਰਨ ਦੀ ਪ੍ਰਕਿਰਿਆ ਨੂੰ ਹੀ ਆਖਿਆ ਗਿਆ ਹੈ। ਤੀਜਾ, ਇਤਹਾਸ ਗਵਾਹ ਹੈ ਕਿ ਜਿਹੜੀ ਵੀ ਸੰਪ੍ਰਦਾਇ ਗੁਰਬਾਣੀ ਉਪਦੇਸ਼ ਨੂੰ ਅਣਡਿੱਠ ਕਰਕੇ ਉਸ ਤੋਂ ਉਲਟ ਰਾਹ ਪਰ ਚੱਲੀ ਹੈ ਉਸ ਨੇ ਸਿੱਖ ਜਗਤ ਵਿੱਚ ਆਪਣੀ ਪਰਤੀਤ ਖੋ ਲਈ ਹੈ। ਚੌਥਾ, ਗੁਰਬਾਣੀ ਦਾ ਲੋਕਾਂ ਦੇ ਮਨਾਂ ਤੇ ਅਮਿਟ ਪਰਭਾਵ ਅਤੇ ਸ਼ਰਧਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਧਿਆਤਮਕ ਗਿਆਨ ਦੇ ਸਦੀਵੀ ਸੱਚ ਦਾ ਪਰਿਣਾਮ ਹੈ। ਗੁਰਬਾਣੀ ਦੀ ਲੋਕ ਪ੍ਰੀਅਤਾ ਕਿਸੇ ਸਮਾਜਕ ਗੁੱਟ, ਸੰਸਥਾ, ਸ਼ਕਤੀ, ਸੰਸਾਰਕ ਕਰਮ ਕਾਂਡ ਜਾਂ ਰਹਿਤ ਮਰਯਾਦਾ ਪਰ ਨਿਰਭਰ ਨਹੀਂ ਕਰਦੀ ਕਿਊਂਕੇ ਵਿਸ਼ਵ ਦੇ ਚਿੰਤਕ ਸਮਾਜਕ ਇਕੱਠਾਂ, ਸ਼ਕਤੀ ਜਾਂ ਰੀਤਾਂ ਨੂੰ ਮਹਤੱਤਾ ਨਹੀ ਦਿੰਦੇ ਉਹ ਤੇ ਕੇਵਲ ਵਿਚਾਰਧਾਰਕ ਉਤੱਮਤਾ ਨੂੰ ਪਰਵਾਨ ਕਰਦੇ ਹਨ, ਜਿਸ ਨੂੰ ਗੁਰਬਾਣੀ ਅਭਿਵਿਅਕਤ ਕਰਦੀ ਹੈ। ਕਈ ਸਿੱਖ ਆਗੂਆਂ ਦਾ ਵਿਚਾਰ ਹੈ ਕਿ ਰਾਜ ਤੋਂ ਬਿਨਾ ਸਿੱਖ ਧਰਮ ਨਹੀਂ `ਚਲ’ ਸਕਦਾ। ਪਰ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨਾਲ ਸਾਰੇ ਭਾਰਤ ਅਤੇ ਅਰਬ ਦੇਸ਼ਾਂ ਵਿੱਚ ਗੁਰਬਾਣੀ ਦੇ ਅਧਿਆਤਮਕ ਗਿਆਨ ਦਾ ਪ੍ਰਕਾਸ਼ ਫੈਲਾ ਦਿੱਤਾ ਸੀ ਅਤੇ ਅਵਿਨਾਸ਼ੀ ਸਿੱਖ ਧਰਮ ਦੀ ਨੀਂਹ ਰੱਖ ਦਿੱਤੀ ਸੀ। ਉਨ੍ਹਾਂ ਨੂੰ ਗੁਰਬਾਣੀ ਦਾ ਸੰਦੇਸ਼ ਦੇਣ ਲਈ ਕਿਸੇ ਰਾਜ ਜਾਂ ਫੌਜ ਦੀ ਲੌੜ ਨਹੀਂ ਪਈ ਸੀ। ਭਾਰਤ ਦੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਨਾਲ ਨਾਲ ਬਾਬਰ ਜੈਸੇ ਸ਼ਕਤੀਸ਼ਾਲੀ ਬਾਦਸ਼ਾਹ ਵੀ ਉਨ੍ਹਾਂ ਦੇ ਮੁਰੀਦ ਬਣ ਗਏ ਸਨ।

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਅਧਿਆਤਮਕ ਵਿਚਾਰਧਾਰਾ ਸੱਚੀ, ਵਿਸ਼ਾਲ, ਅਥਾਹ, ਰਹੱਸਮਈ ਅਤੇ ਅਨੋਖੀ ਹੈ। ਇਹ ਕਿਸੇ ਵਿਸ਼ੇਸ਼ ਜਨ ਸਮੂਹ ਲਈ ਨਹੀਂ ਬਲਕਿ ਸਾਰੀ ਮਾਨਵਤਾ ਲਈ ਰਚੀ ਗਈ ਹੈ। ਗੁਰਬਾਣੀ ਦੇ ਮੂਲ ਸਿਧਾਂਤ ਨੂੰ ਦੋ ਹਿਸਿਆਂ ਵਿੱਚ ਬਿਆਨ ਕੀਤਾ ਜਾ ਸਕਦਾ ਹੈ: ਇਕ, ਪ੍ਰਭੁ ਦੇ ਗੁਣਾਂ ਅਤੇ ਸੰਸਾਰ ਅਤੇ ਮਨੁੱਖ ਨਾਲ ਸਬੰਧਾਂ ਦੇ ਵਰਨਨ ਰਾਹੀਂ। ਦੂਜਾ, ਗੁਰਬਾਣੀ ਦੇ ਸੰਸਾਰ ਬਾਰੇ ਦ੍ਰਿਸ਼ਟੀਕੋਣ ਰਾਹੀਂ। ਇਨ੍ਹਾਂ ਵਿਸ਼ਿਆਂ ਤੇ ਗੁਰਬਾਣੀ ਦੇ ਵਿਚਾਰ ਅਤੇ ਉਨ੍ਹਾਂ ਨਾਲ ਸਬੰਧਤ ਗੁਰਬਾਣੀ ਫੁਰਮਾਨ ਹੇਠ ਦਿੱਤੇ ਗਏ ਹਨ।

ਪਰਭੂ ਇੱਕ ਹੈ। ਹੋਂਦ ਕੇਵਲ ਪਰਭੂ ਦੀ ਹੀ ਹੈ, ਹੋਰ ਕਿਸੇ ਦੀ ਹੋਂਦ ਨਹੀਂ ਹੈ। ਉਹ ਸਦਾ ਤੋਂ ਹੈ ਅਤੇ ਸਦਾ ਹੀ ਕਾਇਮ ਰਹੇਗਾ। ਉਹ ਆਪਣੇ ਆਪ ਤੋਂ ਹੈ, ਆਪਣੇ ਆਪ ਦਾ ਕਰਤਾ ਉਹ ਆਪ ਹੀ ਹੈ। “ੴਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥” (ਪੰ: ੧); “ਆਪੇ ਪਟੀ ਕਲਮ ਆਪਿ ਉਪਰਿ ਲੇਖ ਭਿ ਤੂ॥ ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ॥” (ਪੰ: ੧੨੯੧); “ਜੇਤਾ ਸਬਦੁ ਸੁਰਤਿ ਧੁਨਿ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰੁ ਨ ਦੂਜਾ ਕਹਉ ਮਾਈ॥ ੧॥ ਸਾਹਿਬ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥” (ਪੰ: ੩੫੦); “ਇਕਸੁ ਬਿਨੁ ਨਾਹੀ ਦੂਜਾ ਕੋਇ॥” (ਪੰ: ੧੯੩); “ਆਦੇਸੁ ਤਿਸੈ ਆਦੇਸੁ ਆਦਿ ਅਨੀਲੇ ਅਨਾਦਿ ਅਨਾਹਤੁ ਜੁਗੁ ਜੁਗੁ ਏਕੋ ਵੇਸੁ॥” (ਪੰ: ੭); “ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥” (ਪੰ: ੧); “ਥਾਪਿਆ ਨ ਜਾਇ ਕੀਤਾ ਨ ਹੋਇ॥ ਆਪੇ ਆਪਿ ਨਿਰੰਜਨੁ ਸੋਇ॥” (ਪੰ: ੨); “ਆਪੀਨੈ ਆਪੁ ਸਾਜਿਓ ਆਪੀਨੈ ਰਚਿ ਨਾਉ॥” (ਪੰ: ੪੬੩)। ਉਹ ਨਿਹਚਲ ਹੈ ਅਤੇ ਬਦਲਦਾ ਨਹੀਂ। “ਨਿਹਚਲੁ ਏਕੁ ਸਚਾ ਸਚੁ ਸੋਇ॥” (ਪੰ: ੨੨੭)। ਉਸ ਦਾ ਕੋਈ ਪਦਾਰਥਕ ਰੂਪ ਨਹੀਂ ਹੈ। “ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥ ਤਿਸਿਹ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ॥” (ਪੰ: ੨੮੩)।

ਪਰਭੂ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ ਅਤੇ ਉਸ ਵਿੱਚ ਆਪ ਵਿੱਦਮਾਨ ਹੈ। “ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰਿਆਉ॥” (ਪੰ: ੩); “ਓਅੰਕਾਰਿ ਸਭ ਸ੍ਰਿਸਟਿ ਉਪਾਈ॥” (ਪੰ; ੧੦੬੧) ਅਤੇ “ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥” (ਪੰ: ੧੯)। ਸਾਰੀ ਕਾਇਨਾਤ ਉਸ ਦੇ ਹੁਕਮ ਅਤੇ ਨਿਯਮਾਂ ਅਨੁਸਾਰ ਚਲਦੀ ਹੈ। “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥” (ਪੰ: ੧); “ਚਹੁਦਿਸਿ ਹੁਕਮੁ ਵਰਤੈ ਪ੍ਰਭੁ ਤੇਰਾ ਚਹੁਦਿਸਿ ਨਾਮ ਪਤਾਲੰ॥ ਸਭ ਮਹਿ ਸਬਦੁ ਵਰਤੈ ਪ੍ਰਭੁ ਸਾਚਾ ਕਰਮਿ ਮਿਲੈ ਬੈਆਲੰ॥” (ਪੰ: ੧੨੭੫); “ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ॥” (ਪੰ: ੨੬੮) ਅਤੇ “ਆਪਨ ਸੂਤਿ ਸਭੁ ਜਗਤੁ ਪਰੋਇ॥” (ਪੰ: ੨੯੨)। ਸ੍ਰਿਸ਼ਟੀ ਪਰਭੂ ਦੀ ਰਚੀ ਖੇਡ ਹੈ, ਇਹ ਦੂਜੀ ਅਤੇ ਕੁਦਰਤ ਹੈ। “ਸਭੁ ਖੇਲੁ ਤਮਾਸਾ ਤੇਰੀ ਵਡਿਆਈ॥” (ਪੰ: ੧੦੬੧) ਅਤੇ “ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥” (ਪੰ: ੪੬੩)। ਇਹ ਖੇਡ ਨਿਰੰਤਰ ਬਦਲ ਰਹੀ ਅਤੇ ਜਮਣ-ਮਰਨ ਦੇ ਗੇੜ ਵਿੱਚ ਪਈ ਹੋਈ ਹੈ। ਜੋ ਉਪਜਿਆ ਹੈ ਉਸ ਦਾ ਬਿਨਸਣਾ ਨਿਸ਼ਚਤ ਹੈ। “ਐਸੋ ਇਹੁ ਸੰਸਾਰੁ ਪੇਖਨਾ ਰਹਨੁ ਨ ਕੋਊ ਪਈ ਹੈ ਰੇ॥ ਸੂਧੇ ਸੂਧੇ ਰੇਗਿ ਚਲਹੁ ਤੁਮ ਨਤਰ ਕੁਧਕਾ ਦਿਵਈ ਹੈ ਰੇ॥ ੧॥ ਰਹਾਉ॥ ਬਾਰੇ ਬੂਢੇ ਤਰੁਨੇ ਭਈਆ ਸਭਹੂ ਜਮੁ ਲੈ ਜਈਹੈ ਰੇ॥ ਮਾਨਸੁ ਬਪੁਰਾ ਮੂਸਾ ਕੀਨੋ ਮੀਚੁ ਬਿਲਈਆ ਖਈਹੈ ਰੇ॥” (ਪੰ: ੮੫੫); “ਜੋ ਅਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ॥” (ਪੰ: ੪੭੪); “ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ॥” (ਪੰ: ੪੬੮) ਅਤੇ “ਜੋ ਉਪਜੈ ਸੋ ਕਾਲਿ ਸੰਘਾਰਿਆ॥” (ਪੰ: ੨੨੭)। ਪਰਭੂ ਗੁਣਾਂ ਦਾ ਖਜ਼ਾਨਾ, ਦਿਆਲੂ, ਕਿਰਪਾਲੂ ਅਤੇ ਸ੍ਰਿਸ਼ਟੀ ਦਾ ਪਾਲਣਹਾਰ ਹੈ। “ਸਭਿ ਗੁਣ ਤੇਰੇ ਮੈ ਨਾਹੀ ਕੋਇ॥” ਪੰ: ੪); “ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥” (ਪੰ: ੨); “ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਇ॥” (ਪੰ: ੧੮); “ਨਾਨਕ ਪਿਤਾ ਮਾਤਾ ਹੈ ਹਰਿ ਪ੍ਰਭੁ ਹਮ ਬਾਰਿਕ ਹਰਿ ਪ੍ਰਤਿਪਾਰੇ॥” (ਪੰ: ੮੮੨)।

ਮਨੁੱਖ ਪਦਾਰਥਕ ਸਰੀਰ, ਆਤਮਾ ਅਤੇ ਮਨ ਦੇ ਸੁਮੇਲ ਦੀ ਉਪਜ ਹੈ। “ਪੰਚ ਤਤੁ ਮਿਲਿ ਕਾਇਆ ਕੀਨੀ॥ ਤਿਸ ਮਹਿ ਰਾਮ ਰਤਨੁ ਲੈ ਚੀਨੀ॥ ਆਤਮ ਰਾਮੁ ਰਾਮ ਹੈ ਆਤਮ॥ ਹਰਿ ਪਾਈਐ ਸਬਦਿ ਵਿਚਾਰਾ ਹੇ॥” (ਪੰ: ੧੦੩੦); “ਆਤਮ ਮਹਿ ਰਾਮੁ ਰਾਮ ਮਹਿ ਆਤਮੁ ਚੀਨਸਿ ਗੁਰ ਬੀਚਾਰਾ॥” (ਪੰ: ੧੧੫੩); “ਨਗਰੀ ਨਾਇਕੁ ਨਵਤਨੋ ਬਾਲਕੁ ਲੀਲ ਅਨੁਪੁ॥ ਨਾਰਿ ਨ ਪੁਰਖੁ ਨ ਪੰਖਣੂ ਸਾਚਉ ਚਤੁਰੁ ਸਰੂਪੁ॥” (ਪੰ: ੧੦੧੦); ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂੰ ਜਗ ਮਹਿ ਆਇਆ॥ ਹਰਿ ਜੋਤਿ ਰਖੀ ਤੁਧ ਵਿੱਚ ਤਾ ਤੂ ਜਗ ਮਹਿ ਆਇਆ॥” (ਪੰ: ੯੨੧) ਅਤੇ “ਤਨ ਮਹਿ ਮਨੂਆ ਮਨ ਮਹਿ ਸਾਚਾ॥” (ਪੰ: ੬੮੬); । ਮਨ ਸਰੀਰ ਦਾ ਚਾਲਕ ਅਤੇ ਮਨੁੱਖਾ ਹਸਤੀ ਦਾ ਕਾਰਨ ਹੈ। “ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੇ ਨਾਲਿ ਹੈ ਗੁਰਮਤੀ ਰੰਗੁ ਮਾਣਿ॥” (ਪੰ: ੪੪੧); “ਇਹੁ ਮਨੁ ਕਰਮਾ ਇਹੁ ਮਨੁ ਧਰਮਾ॥ ਇਹੁ ਮਨੁ ਪੰਚ ਤਤੁ ਤੇ ਜਨਮਾ॥” (ਪੰ: ੪੧੫)। ਮਨੁੱਖ ਦਾ ਜਨਮ ਹਉਮੈ ਵਿੱਚ ਹੁੰਦਾ ਹੈ। “ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ॥” (ਪੰ: ੯੪੬) ਅਤੇ “ਜਿਨਿ ਰਚਿ ਰਚਿਆ ਪੁਰਖਿ ਬਿਧਾਤੈ ਨਾਲੇ ਹਉਮੈ ਪਾਈ॥ ਜਨਮ ਮਰਣੁ ਉਸ ਹੀ ਕਉ ਹੈ ਰੇ ਓਹਾ ਆਵੈ ਜਾਈ’ (ਪੰ: ੯੯੯)। ਮਨੁੱਖਾ ਜਨਮ ਦਾ ਮਨੋਰਥ ਪਰਭੂ ਮਿਲਾਪ ਹੈ। “ਭਈ ਪਰਾਪਤਿ ਮਾਨੁੱਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥” (ਪੰ: ੧੨)। ਹਉਮੈ ਮਨੁੱਖੀ ਮਨ ਨੂੰ ਤੈਗੁਣੀ ਸੰਸਾਰ ਦੇ ਮਾਇਆ ਜਾਲ ਵਿੱਚ ਫਸਾ ਕੇ ਪਰਭੂ ਨਾਲ ਮਿਲਣ ਤੋਂ ਰੋਕਦੀ ਹੈ।” ਭਤਿਰਿ ਪੰਚ ਗੁਪਤ ਮਨਿ ਵਾਸੇ॥ ਥਿਰੁ ਨ ਰਹਹਿ ਜੈਸੇ ਭਵਹਿ ਉਦਾਸੇ॥ ਮਨੁ ਮੇਰਾ ਦਇਆਲ ਸੇਤੀ ਥਿਰੁ ਨ ਰਹੈ॥ ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ॥” (ਪੰ: ੩੫੯)। ਇਸ ਲਈ ਮਨ ਉਤੇ ਕਾਭੂ ਪਾਉਣ, ਉਸ ਨੂੰ ਵਸ ਵਿੱਚ ਰਖਣ ਦੀ ਲੋੜ ਹੁੰਦੀ ਹੈ। ਗੁਰਬਾਣੀ ਇਸ ਨੂੰ “ਮਨ ਮਾਰਨਾ” ਵੀ ਆਖਦੀ ਹੈ। ਮਨੁੱਖੀ ਮਨ ਦਾ ਪਰਭੂ ਨਾਲ ਮਿਲਾਪ ਕੇਵਲ ਗੁਭੂ ਦੀ ਕਿਰਪਾ ਦੁਆਰਾ ਗੁਰ ਸ਼ਬਦ ਦੀ ਓਟ ਲੈ ਕੇ ਹੀ ਸੰਭਵ ਹੈ, ਜਿਸ ਲਈ ਮਨੁੱਖ ਨੂੰ ਹਰ ਵੇਲੇ ਪਰਭੂ ਨੂੰ ਯਾਦ ਰਖਣਾ ਅਤੇ ਉਸ ਦੀ ਰਜ਼ਾ ਵਿੱਚ ਰਹਿੰਦੇ ਹੋਏ ਉਸ ਨਾਲ ਮਿਲਾਪ ਲਈ ਅਰਦਾਸ ਬੇਨਤੀ ਕਰਨੀ ਲੋੜੀਂਦੀ ਹੈ। “ਇਹੁ ਭਵਜਲੁ ਜਗਤੁ ਸਬਦਿ ਗੁਰ ਤਰੀਐ॥ ਅੰਤਰ ਕੀ ਦੁਬਿਧਾ ਅੰਤਰਿ ਮਰੀਐ॥” (ਪੰ: ੧੦੪੨); ਸਬਦੁ ਚੀਨਿ ਮਨੁ ਨਿਰਮਲੁ ਹੋਵੈ ਤਾ ਹਰਿ ਕੇ ਗੁਣ ਗਾਵੈ॥ ਗੁਰਮਤੀ ਆਪੇ ਆਪੁ ਪਛਾਣੈ ਤਾ ਨਿਜ ਘਰਿ ਵਾਸਾ ਪਾਵੈ॥” (ਪੰ: ੫੬੫); “ਮਨੁ ਮਰੈ ਧਾਤੁ ਮਰਿ ਜਾਇ॥ ਬਿਨੁ ਮਨ ਮੂਏ ਕੈਸੇ ਹਰਿ ਪਾਇ॥ ਇਹੁ ਮਨੁ ਮਰੈ ਦਾਰੂ ਜਾਣੈ ਕੋਇ॥ ਮਨੁ ਸਬਦਿ ਮਰੈ ਬੂਝੈ ਜਨੁ ਸੋਇ॥” (ਪੰ: ੬੬੫); “ਮਾਰੂ ਮਾਰਣ ਜੋ ਗਏ ਮਾਰਿ ਨ ਸਕਹਿ ਗਵਾਰ॥ ਨਾਨਕ ਜੇ ਇਹੁ ਮਾਰੀਐ ਗੁਰਸਬਦੀ ਵੀਚਾਰਿ॥ ਏਹੁ ਮਨ ਮਾਰਿਆ ਨ ਮਰੈ ਜੇ ਲੋਚੈ ਸਭ ਕੋਇ॥ ਨਾਨਕ ਮਨ ਹੀ ਕਉ ਮਨੁ ਮਾਰਸੀ ਜੇ ਸਤਿਗੁਰੂ ਭੇਟੇ ਸੋਇ॥” (ਪੰ: ੧੦੮੯); “ਸਬਦਿ ਸੂਰ ਜੁਗ ਚਾਰੇ ਅਉਧੂ ਬਾਣੀ ਭਗਤਿ ਵੀਚਾਰੀ॥ ਏਹੁ ਮਨੁ ਮਾਇਆ ਮੋਹਿਆ ਅਉਧੂ ਨਿਕਸੈ ਸਬਦਿ ਵੀਚਾਰੀ॥” (ਪੰ: ੯੦੮); “ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਨ ਦੂਜੀ ਵਾਰ॥ ਸਬਦੈ ਹੀ ਤੇ ਪਾਈਐ ਹਰਿ ਨਾਮੇ ਲਗੈ ਪਿਆਰ॥ ਬਿਨੁ ਸਬਦੈ ਜਗੁ ਭੂਲਾ ਫਿਰੈ ਮਰਿ ਜਨਮੈ ਵਾਰੋ ਵਾਰ॥” (ਪੰ: ੫੮)।

ਗੁਰਬਾਣੀ ਦੇ ਸੰਸਾਰ ਬਾਰੇ ਉਪਦੇਸ਼ ਅਤੇ ਦ੍ਰਿਸ਼ਟੀਕੋਣ ਬਾਰੇ ਸਿੱਖ ਜਗਤ ਵਿੱਚ ਬਹੁਤ ਭਾਰੀ ਅਗਿਆਨਤਾ ਅਤੇ ਗਲਤ ਫੈਹਮੀਆਂ ਹਨ। ਗੁਰਬਾਣੀ ਦੀ ਅਧਿਆਤਮਕ ਵਿਚਾਰਧਾਰਾ ਦਾ ਅਕਸਰ ਹੀ ਸੰਸਾਰਕ ਗਤੀਵਿਧੀਆਂ ਵਿੱਚ ਰਲਗੱਡ ਕਰਕੇ ਪਰਭਾਵ ਬਦਲ ਦਿੱਤਾ ਜਾਂਦਾ ਹੈ। ਗੁਰਬਾਣੀ ਵਿੱਚ ਸੰਸਾਰ ਦੇ ਤਿੰਨ ਪੱਖਾਂ ਦਾ ਵਰਨਨ ਹੈ, ਜਿਨ੍ਹਾਂ ਨੂੰ ਗੁਰਬਾਣੀ ਫੁਰਮਾਨਾਂ ਸਹਿਤ ਹੇਠ ਦਿੱਤਾ ਜਾਂਦਾ ਹੈ।

ਪਹਿਲਾ, ਸੰਸਾਰ ਪ੍ਰਭੂ ਦੀ ਸਿਰਜੀ ਖੇਡ ਹੈ ਜਿਸ ਵਿੱਚ ਮਾਇਆ ਦਾ ਪਰਬਲ ਪਰਭਾਵ ਹੈ ਅਤੇ ਮਾਇਆ ਦੇ ਪਰਭਾਵ ਤੇ ਕਾਬੂ ਪਾਉਣਾ ਬਹੁਤ ਔਖਾ ਹੈ। “ਮਾਇਆ ਕਿਸ ਨੋ ਆਖੀਐ ਕਿਆ ਮਾਇਆ ਕਰਮ ਕਮਾਇ॥ ਦੁਖਿ ਸੁਖਿ ਇਹੁ ਜੀਉ ਬਧੁ ਹੈ ਹਉਮੈ ਕਰਮ ਕਮਾਇ॥ (ਪੰ: ੬੭); “ਇਹੁ ਸੰਸਾਰੁ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ॥ ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ॥” (ਪੰ: ੬੯੩); “ਮਾਇਆ ਸੰਚਿ ਰਾਜੇ ਅਹੰਕਾਰੀ॥ ਮਾਇਆ ਸਾਥਿ ਨ ਚਲੈ ਪਿਆਰੀ॥ ਮਾਇਆ ਮਮਤਾ ਹੈ ਬਹੁ ਰੰਗੀ॥ ਬਿਨੁ ਨਾਵੈ ਕੋ ਸਾਥਿ ਨ ਸੰਗੀ॥” (ਪੰ: ੧੩੪੨)। ਮਾਇਆ ਸੰਸਾਰ ਨੂੰ ਪਰਭੂ ਤੋਂ ਸੁਤੰਤਰ, ਵਖਰਾ ਅਤੇ ਦੂਜਾ ਹੋਣ ਦਾ ਭਰਮ ਪਾਉਂਦੀ ਹੈ। “ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ॥ ਇਹੁ ਮਾਇਆ ਜਿਤੁ ਹਰਿ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ॥” (ਪੰ: ੯੨੧)। ਘਟ ਘਟ ਵਿੱਚ ਪ੍ਰਭੂ ਵਸ ਰਿਹਾ ਹੈ ਪਰ ਸਾਧਾਰਣ ਮਨੁੱਖ ਨੂੰ ਨਜ਼ਰ ਨਹੀਂ ਆਉਂਦਾ ਕਿਊਂਕੇ ਮਾਇਆ ਦੇ ਪਰਭਾਵ ਕਾਰਨ ਮਨੁੱਖ ਕੇਵਲ ਗਤੀਸ਼ੀਲ ਪਦਾਰਥ ਦੇਖਣ ਦੇ ਹੀ ਸਮਰਥ ਹੈ। “ਸੇ ਅਖੜੀਆਂ ਬਿਅਂਨਿ ਜਿਨ੍ਹੀ ਡਿਸੰਦੋ ਮਾਪਿਰੀ” (ਪੰ: ੧੧੦੦); “ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟ ਹੋਈ॥” (ਪੰ: ੯੨੨)। ਸੰਸਾਰਕ ਖੇਡ ਅਤੇ ਮਾਇਆ ਦੀ ਅਸਲੀਅਤ ਦਾ ਪ੍ਰਭੂ ਨੂੰ ਹੀ ਗਿਆਨ ਹੈ ਮਨੁੱਖ ਦੇ ਕਿਆਸ, ਜਿਸ ਨੂੰ ਵਿਗਿਆਨ ਵੀ ਆਖ ਦਿੱਤਾ ਜਾਂਦਾ ਹੈ, ਅਧੂਰੇ ਅਤੇ ਭੁਲੇਖਾ ਪਾਊ ਹਨ। “ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ॥” (ਪੰ: ੫); “ਹਰਿ ਕੀ ਗਤਿ ਨਹਿ ਕੋਊ ਜਾਨੈ॥” (ਪੰ: ੫੩੭); “ਐਸਾ ਗਿਆਨ ਜਪਹੁ ਮਨ ਮੇਰੇ॥ ਹੋਵਹੁ ਚਾਕਰ ਸਾਚੇ ਕੇਰੇ॥ ੧॥ ਰਹਾਉ॥ ਗਿਆਨੁ ਧਿਆਨੁ ਸਭੁ ਕੋਈ ਰਵੈ॥ ਬਾਂਧਨਿ ਬਾਧਿਆ ਸਭੁ ਜਗੁ ਭਵੈ॥” (ਪੰ: ੭੨੮); “ਗਿਆਨ ਗਿਆਨੁ ਕਥੈ ਸਭੁ ਕੋਈ ਕਥਿ ਕਥਿ ਬਾਦੁ ਕਰੈ ਦੁਖੁ ਹੋਈ॥” (ਪੰ: ੮੩੧)।

ਦੂਜਾ, ਸੰਸਾਰ “ਦੁਯੀ ਕੁਦਰਤਿ” ਹੈ। ਇਹ ਪ੍ਰਭੂ ਦਾ ਸਰਗੁਣ ਸਰੂਪ ਹੈ। ਇਸ ਵਿੱਚ ਮਾਇਆ ਦਾ ਪਰਭਾਵ ਵਿਆਪਕ ਹੈ ਪਰ ਹੁਕਮ ਪ੍ਰਭੂ ਦਾ ਚਲਦਾ ਹੈ। ਪ੍ਰਭੂ ਨੇ ਸੰਸਾਰਕ ਖੇਡ ਦੇ ਨਿਯਮ ਨਿਰਧਾਰਤ ਕੀਤੇ ਹੋਏ ਹਨ। ਪ੍ਰਭੂ ਦਾ ਭਾਣਾ ਮੰਨਣ ਨਾਲ ਹੀ ਸੁੱਖ ਦੀ ਪ੍ਰਾਪਤੀ ਸੰਭਵ ਹੈ। “ਬੰਦਿ ਖਲਾਸੀ ਭਾਣੈ ਹੋਇ॥ ਹ+ਰ ਆਖਿ ਨ ਸਕੈ ਕੋਇ॥” (ਪੰ: ੫); “ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਨੁਖ॥” (ਪੰ: ੪੧੭); ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸਥੈ ਜਾਇ ਰੂਆਈਐ॥ ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ॥” (ਪੰ: ੪੧੮); “ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥” (ਪੰ: ੧) ਅਤੇ ਜਹ ਬੈਸਾਲਹਿ ਤਹ ਬੈਸਾ ਸੁਆਮੀ ਜਹ ਭੇਜਹਿ ਤਹ ਜਾਵਾ॥ ਸਭ ਨਗਰੀ ਮਹਿ ਏਕੋ ਰਾਜਾ ਸਭੇ ਪਵਿਤ੍ਰ ਹਹਿ ਥਾਵਾ॥” (ਪੰ: ੯੯੩)। ਹਰ ਕਰਮ ਦਾ ਫਲ ਨਿਸ਼ਚਤ ਹੈ। “ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ॥” (ਪੰ: ੪੬੮); “ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ” (ਪੰ: ੪੭੦) ਅਤੇ “ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥” (ਪੰ: ੪੩੩)। ਨਿਸ਼ਕਾਮ ਕਰਮ ਵਿੱਚ ਪਰਭੂ ਦੀ ਰਜ਼ਾ ਹੁੰਦੀ ਹੈ। “ਸੇਵਾ ਕਰਤ ਹੋਇ ਨਿਹਕਾਮੀ॥ ਤਿਸ ਕਉ ਹੋਤ ਪਰਾਪਤਿ ਸੁਆਮੀ॥” (ਪੰ: ੨੮੬)। ਸੰਸਾਰਕ ਇਛਾਵਾਂ ਦਾ ਤਿਆਗ ਕਰਨ ਤੇ ਹੀ ਪਰਭੂ ਦੀ ਰਜ਼ਾ ਵਿੱਚ ਰਹਿ ਸਕੀਦਾ ਹੈ। “ਆਸਾ ਮਨਸਾ ਸਗਲ ਤਿਅਗੈ ਜਗ ਤੇ ਰਹੈ ਨਿਰਾਸਾ॥ ਕਾਮ ਕ੍ਰੋਧ ਜਿਹ ਪਰਸੈ ਨਾਹਿਨ ਤਿਹ ਘਟਿ ਬ੍ਰਹਮੁ ਨਿਵਾਸਾ॥” (ਪੰ: ੬੩੩); “ਆਸਾ ਮਨਸਾ ਸਬਦਿ ਜਲਾਇ॥” (ਪੰ: ੪੧੩) ਅਤੇ “ਆਸਾ ਮਨਸਾ ਮਾਰੇ ਨਿਰਾਸੁ ਹੋਇ ਗੁਰਸਬਦੀ ਵੀਚਾਰੁ॥” (ਪੰ: ੮੫੧)।

ਤੀਜਾ, ਸੰਸਾਰ ਦੇ ਜੀਵਾਂ ਅੰਦਰ ਪ੍ਰਭੂ ਦਾ ਵਾਸਾ ਹੈ ਅਤੇ ਉਨ੍ਹਾਂ ਵਿੱਚ ਪ੍ਰਭੂ ਦੇ ਦਰਸ਼ਨ ਕੀਤੇ ਜਾ ਸਕਦੇ ਹਨ ਜੇਕਰ ਮਨੁੱਖ ਮਾਇਾਆ ਦੇ ਪਰਭਾਵ ਤੋਂ ਨਿਰਲੇਪ ਹੋ ਕੇ ਹਲੀਮੀ, ਸਹਿਜ, ਨਿਰਵੈਰਤਾ, ਸੇਵਾ ਅਤੇ ਸਿਮਰਨ ਵਾਲਾ ਪਰਉਪਕਾਰੀ ਜੀਵਨ ਧਾਰਨ ਕਰ ਲਵੇ। “ਜਬ ਇਹੁ ਮਨਿ ਮਹਿ ਕਰਤ ਗੁਮਾਨਾ॥ ਤਬ ਇਹੁ ਬਾਵਰੁ ਫਿਰਤ ਬਿਗਾਨਾ॥ ਜਬ ਇਹੁ ਹੂਆ ਸਗਲ ਕੀ ਰੀਨਾ॥ ਤਾ ਤੇ ਰਮਈਆ ਘਟਿ ਘਟਿ ਚੀਨਾ॥” (ਪੰ: ੨੩੫); “ਦਰਸਨ ਕੀ ਪਿਆਸ ਜਿਸੁ ਨਰ ਹੋਇ॥ ਏਕਤ ਰਾਚੈ ਪਰਹਰਿ ਦੋਇ॥” (ਪੰ: ੧੧੮੮) ਅਤੇ “ਕਬੀਰ ਰੋੜਾ ਹੋਇ ਰਹੁ ਬਾਟ ਕਾ ਤਜਿ ਮਨ ਕਾ ਅਭਿਮਾਨੁ॥ ਐਸਾ ਕੋਈ ਦਾਸੁ ਹੁਇ ਤਾਹਿ ਮਿਲੈ ਭਗਵਾਨੁ॥ ਕਬੀਰ ਰੋੜਾ ਹੂਆ ਤ ਕਿਆ ਭਇਆ ਪੰਥੀ ਕਉ ਦੁਖੁ ਦੇਇ॥ ਐਸਾ ਤੇਰਾ ਦਾਸੁ ਹੈ ਜਿਉ ਧਰਨੀ ਮਹਿ ਖੇਹ॥ ਕਬੀਰ ਖੇਹ ਹੂਈ ਤਉ ਕਿਆ ਭਇਆ ਜੋ ਉਡਿ ਲਾਗੈ ਅੰਗ॥ ਹਰਿ ਜਨੁ ਐਸਾ ਚਾਹੀਐ ਜਿਉ ਪਾਨੀ ਸਰਬੰਗ॥ ਕਬੀਰ ਪਾਨੀ ਹੂਆ ਤ ਕਿਆ ਭਇਆ ਸੀਰਾ ਤਾਤਾ ਹੋਇ॥ ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ॥” ਪੰ: ੧੩੭੦)।
.