.

ਗੂਜਰੀ ਕੀ ਵਾਰ ਮਹਲਾ ੩ ☬

(ਪੰ: 508-517)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-੮)

(ਲੜੀ ਜੋੜਣ ਲਈ, ਸਟੀਕ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਪਉੜੀ ਨੰ: ੩ ਦਾ ਮੂਲ ਪਾਠ, ਸਲੋਕਾਂ ਸਮੇਤ)

ਸਲੋਕੁ ਮਃ ੩॥ ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ॥ ਸਤਿਗੁਰ ਕੈ ਭਾਣੈ ਵਡਿਆਈ ਪਾਵੈ॥ ਨਾਨਕ ਆਪੁ ਛੋਡਿ ਗੁਰ ਮਾਹਿ ਸਮਾਵੈ॥ ੧ 

ਮਃ ੩॥ ਗੁਰ ਕੀ ਸਿਖ ਕੋ ਵਿਰਲਾ ਲੇਵੈ॥ ਨਾਨਕ ਜਿਸੁ ਆਪਿ ਵਡਿਆਈ ਦੇਵੈ॥ ੨ 

ਪਉੜੀ॥ ਮਾਇਆ ਮੋਹੁ ਅਗਿਆਨੁ ਹੈ ਬਿਖਮੁ ਅਤਿ ਭਾਰੀ॥ ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ॥ ਅਨਦਿਨੁ ਭਗਤੀ ਰਤਿਆ ਹਰਿ ਪਾਰਿ ਉਤਾਰੀ॥ ਗੁਰ ਸਬਦੀ ਮਨੁ ਨਿਰਮਲਾ ਹਉਮੈ ਛਡਿ ਵਿਕਾਰੀ॥ ਹਰਿ ਹਰਿ ਨਾਮੁ ਧਿਆਈਐ ਹਰਿ ਹਰਿ ਨਿਸਤਾਰੀ॥ ੩ 

(ਪਉੜੀ ੩, ਸਟੀਕ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕੁ ਮਃ ੩॥ ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ॥ ਸਤਿਗੁਰ ਕੈ ਭਾਣੈ ਵਡਿਆਈ ਪਾਵੈ॥ ਨਾਨਕ ਆਪੁ ਛੋਡਿ ਗੁਰ ਮਾਹਿ ਸਮਾਵੈ॥ ੧॥ {ਪੰ: ੫੦੯}

ਪਦ ਅਰਥ : —ਆਪੁਆਪਾ-ਭਾਵ, ਹਉਮੈ। ਜਿ ਸਤਿਗੁਰ ਭਾਵੈ—ਜੋ ਗੁਰੂ ਨੂੰ ਚੰਗਾ ਲੱਗੇ। ਸਤਿਗੁਰ ਕੈ ਭਾਣੈਸਤਿਗੁਰੂ ਦੀ ਰਜ਼ਾ `ਚ ਚਲਿਆਂ, ਸ਼ਬਦ-ਗੁਰੂ ਦੇ ਆਦੇਸ਼ਾਂ ਅਨੁਸਾਰੀ ਹੋਇਆਂ, ਸ਼ਬਦ-ਗੁਰੂ ਦੀ ਕਮਾਈ ਕੀਤਿਆਂ। ਵਡਿਆਈ ਪਾਵੈ ਪ੍ਰਭੂ ਵੱਲੋਂ ਜੀਵਨ `ਚ ਕਰਤੇ ਦੀ ਸਿਫ਼ਤ ਸਲਾਹ ਨਾਲ ਸਾਂਝ ਬਣ ਆਉਂਦੀ ਹੈ, ਜੀਵਨ `ਚ ਇਲਾਹੀ ਗੁਣ ਉਪਜਦੇ ਹਨ।

ਅਰਥ : — “ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ” - ਜਪ ਤਪ ਆਦਿ ਬੇਅੰਤ ਪ੍ਰਕਾਰ ਦੇ ਧਾਰਮਿਕ ਕਰਮ ਕਰਣੇ ਉਹੀ ਸਫ਼ਲ ਹਨ ਜਿਹੜੇ ਸਤਿਗੁਰੂ ਨੂੰ ਭਾ ਜਾਣ ਭਾਵ ਜਿਹੜੇ ਸਤਿਗੁਰੂ ਨੂੰ ਚੰਗੇ ਲਗਣ।

ਸਤਿਗੁਰ ਕੈ ਭਾਣੈ, ਵਡਿਆਈ ਪਾਵੈ” - ਸਤਿਗੁਰੂ ਦੀ ਰਜ਼ਾ `ਚ ਚਲਿਆਂ, ਸ਼ਬਦ-ਗੁਰੂ ਦੇ ਆਦੇਸ਼ਾਂ ਅਨੁਸਾਰੀ ਹਇਆਂ ਅਥਵਾ ਸ਼ਬਦ-ਗੁਰੂ ਦੀ ਕਮਾਈ ਕੀਤਿਆਂ ਹੀ ਮਨੁੱਖਾ ਜੀਵਨ `ਚ ਕਰਤੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਸਾਂਝ ਬਣਦੀ ਹੈ, ਜੀਵਨ `ਚੋਂ ਇਲਾਹੀ ਗੁਣ ਉਪਜਦੇ ਹਨ।

ਨਾਨਕ ਆਪੁ ਛੋਡਿ, ਗੁਰ ਮਾਹਿ ਸਮਾਵੈ” - ਗੁਰੂ ਤੀਜੇ ਨਾਨਕ ਫ਼ੁਰਮਾਉਂਦੇ ਹਨ, ਕੇਵਲ ਹਉਮੈ ਦਾ ਤਿਆਗ ਕਰਕੇ ਹੀ ਸਤਿਗੁਰੂ ਅਥਵਾ ਸ਼ਬਦ ਗੁਰੂ `ਚ ਲੀਨ ਹੋਇਆ ਜਾ ਸਕਦਾ ਹੈ ਭਾਵ ਹਉਮੈ ਦੇ ਤਿਆਗ ਤੋਂ ਬਿਨਾ ਸ਼ਬਦ-ਗੁਰੂ `ਚ ਅਭੇਦ ਨਹੀਂ ਹੋਇਆ ਜਾ ਸਕਦਾ ਅਥਵਾ ਸ਼ਬਦ-ਗੁਰੂ ਦੀ ਕਮਾਈ ਸੰਭਵ ਨਹੀਂ। ੧।

ਗੁਰਮੱਤ ਵਿਚਾਰ ਦਰਸ਼ਨ- ਜਿਵੇਂ ਕਿ ਫ਼ੁਰਮਾਣ ਹੈ “ਇਹੁ ਸਰੀਰੁ ਮਾਇਆ ਕਾ ਪੁਤਲਾ, ਵਿਚਿ ਹਉਮੈ ਦੁਸਟੀ ਪਾਈ॥ ਆਵਣੁ ਜਾਣਾ, ਜੰਮਣੁ ਮਰਣਾ, ਮਨਮੁਖਿ ਪਤਿ ਗਵਾਈ” (ਪੰ: ੩੧) ਇਹੀ ਨਹੀਂ ਫ਼ਿਰ ਇਸ ਪੱਖੋਂ ਵੀ ਬੇਅੰਤ ਗੁਰਬਾਣੀ ਫ਼ੁਰਮਾਨ ਹਨ ਜਿਹੜੇ ਸਪਸ਼ਟ ਕਰਦੇ ਹਨ ਕਿ ਮਨੁੱਖ ਰਾਹੀਂ ਕੀਤੇ ਜਾਂਦੇ ਅਨੇਕਾਂ ਜਪ ਤਪ ਆਦਿ ਧਰਮ-ਕਰਮ ਤੇ ਕਰਮਕਾਂਡ, ਮਨੁੱਖ ਦੀ ਇਸ ਹਉਮੈ `ਚ ਹੋਰ ਤੇ ਹੋਰ ਵਾਧਾ ਵੀ ਕਰਦੇ ਹਨ। ਦੁਰਲਭ ਮਨੁੱਖਾ ਜਨਮ ਨੂੰ ਬਿਰਥਾ ਕਰਣ ਦਾ ਕਾਰਣ ਬਣਦੇ ਹਨ ਅਤੇ ਪ੍ਰਭੂ ਮਿਲਾਪ ਲਈ ਸਹਾਈ ਨਹੀਂ ਹੁੰਦੇ ਜਿਵੇਂ:-

“ਜਪੁ ਤਪੁ ਸੰਜਮੁ ਸਾਧੀਐ, ਤੀਰਥਿ ਕੀਚੈ ਵਾਸੁ॥ ਪੁੰਨ ਦਾਨ ਚੰਗਿਆਈਆ, ਬਿਨੁ ਸਾਚੇ ਕਿਆ ਤਾਸੁ॥ ਜੇਹਾ ਰਾਧੇ ਤੇਹਾ ਲੁਣੈ, ਬਿਨੁ ਗੁਣ ਜਨਮੁ ਵਿਣਾਸੁ” (ਪੰ: ੫੭) ਹੋਰ

“ਆਪਸ ਕਉ ਕਰਮਵੰਤੁ ਕਹਾਵੈ॥ ਜਨਮਿ ਮਰੈ ਬਹੁ ਜੋਨਿ ਭ੍ਰਮਾਵੈ” (ਪੰ: ੨੭੮) ਅਤੇ

… “ਕੋਟਿ ਕਰਮ ਕਰੈ ਹਉ ਧਾਰੇ॥ ਸ੍ਰਮੁ ਪਾਵੈ ਸਗਲੇ ਬਿਰਥਾਰੇ॥ ਅਨਿਕ ਤਪਸਿਆ ਕਰੇ ਅਹੰਕਾਰ॥ ਨਰਕ ਸੁਰਗ ਫਿਰਿ ਫਿਰਿ ਅਵਤਾਰ" (ਉਹੀਪੰ: ੨੭੮) ਬਲਕਿ ਇਥੋਂ ਤੱਕ

ਜਬ ਇਹ ਜਾਨੈ ਮੈ ਕਿਛੁ ਕਰਤਾ॥ ਤਬ ਲਗੁ ਗਰਭ ਜੋਨਿ ਮਹਿ ਫਿਰਤਾ” (ਪੰ: ੨੭੮) ਪੁਨਾ

“ਤੀਰਥ ਬਰਤ ਅਰੁ ਦਾਨ ਕਰਿ, ਮਨ ਮੈ ਧਰੈ ਗੁਮਾਨੁ॥ ਨਾਨਕ ਨਿਹਫਲੁ ਜਾਤ ਤਿਹ, ਜਿਉ ਕੁੰਚਰ ਇਸਨਾਨੁ॥ ੪੬ ॥” (ਪੰ: ੧੪੨੮) ਆਦਿ ਬੇਅੰਤ ਗੁਰਬਾਣੀ ਫ਼ੁਰਮਾਨ।

ਤਾਂ ਤੇ ਸਪਸ਼ਟ ਹੈ ਕਿ ਇਸ ਹਉਮੈ ਕਾਰਣ, ਮਨੁੱਖ ਲਈ ਮੁੜ ਮੁੜ ਜਨਮ ਮਰਨ ਦਾ ਗੇੜ ਹੀ ਬਣਿਆ ਰਹਿੰਦਾ ਹੈ। ਮਨੁੱਖਾ ਜਨਮ ਸਫ਼ਲ ਨਹੀਂ ਹੁੰਦਾ ਤੇ ਜੀਵ ਪ੍ਰਭੂ `ਚ ਅਭੇਦ ਨਹੀਂ ਹੁੰਦਾ। ਇਹੀ ਨਹੀਂ, ਗੁਰਬਾਣੀ `ਚ ਬੇਅੰਤ ਵਾਰ ਦ੍ਰਿੜ ਕਰਵਾਇਆ ਹੈ ਕਿ ਇਹ ਸਮ੍ਰਥਾ ਜਪ ਤਪ ਆਦਿ ਕਰਮਕਾਂਡਾਂ `ਚ ਹੈ ਹੀ ਨਹੀਂ ਕਿ ਉਹ ਮਨੁੱਖਾਜਨਮ ਅੰਦਰੋਂ ਹਉਮੈ ਦਾ ਨਿਵਾਰਣ ਕਰਣ। ਦਰਅਸਲ ਅਜਿਹੇ ਕਰਮਕਾਂਡ ਮਨੁੱਖਾ ਜੀਵਨ ਅੰਦਰ ਹਉਮੈ `ਚ ਵਾਧਾ ਤਾਂ ਕਰਦੇ ਹਨ ਜਦਕਿ ਇਹ ਕਰਮ ਕਾਂਡ ਜੀਵ ਲਈ ਪ੍ਰਭੂ ਮਿਲਾਪ ਲਈ ਸਾਧਨ ਨਹੀਂ ਹਨ। ਇਸੇ ਲਈ ਸਲੋਕ ਦਾ ਮੂਲ ਵਿਸ਼ਾ ਹੀ “ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ” ਹੀ ਹੈ ਜਿਸ ਨੂੰ ਸਮਝਣ ਤੇ ਪਹਿਚਾਨਣ ਦੀ ਲੋੜ ਹੈ।

ਉਪ੍ਰੰਤ ਇਹ ਵੀ ਸਪਸ਼ਟ ਕੀਤਾ ਹੈ ਕਿ ਇਹ ਸਮ੍ਰਥਾ ਕੇਵਲ ਸ਼ਬਦ-ਗੁਰੂ `ਚ ਹੈ। ਸ਼ਬਦ ਗੁਰੂ ਜੀਵ ਨੂੰ ਕਰਤੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੋੜਦਾ ਤੇ ਉਸ ਅੰਦਰੋਂ ਇਸ ਹਉਮੈ ਦਾ ਨਾਸ ਕਰਦਾ ਹੈ। ਇਸ ਤਰ੍ਹਾਂ ਸਤਿਗੁਰੂ ਭਾਵ ਸ਼ਬਦ-ਗੁਰੂ ਜੀਵ ਨੂੰ ਪ੍ਰਭੂ `ਚ ਅਭੇਦ ਕਰਕੇ ਉਸ ਦੇ ਜਨਮ ਨੂੰ ਸਫ਼ਲ ਕਰਣ ਦੇ ਵੀ ਸਮ੍ਰਥ ਹੈ। ਫ਼ੁਰਮਾਨ ਹੈ “ਮਨ ਮੇਰੇ, ਹਉਮੈ ਮੈਲੁ ਭਰਨਾਲਿ॥ ਹਰਿ ਨਿਰਮਲੁ ਸਦਾ ਸੋਹਣਾ ਸਬਦਿ ਸਵਾਰਣਹਾਰੁ॥ ਸਤਗੁਰੁ ਸੇਵਿ ਸਦਾ ਸੁਖੁ ਪਾਇਆ, ਜੋਤੀ ਜੋਤਿ ਮਿਲਾਈ” (ਉਹੀ ਪੰ: ੩੧)

ਇਸ ਤਰ੍ਹਾਂ “ਸਤਿਗੁਰ ਕੈ ਭਾਣੈ ਵਡਿਆਈ ਪਾਵੈ॥ ਨਾਨਕ ਆਪੁ (ਹਉਮੈ) ਛੋਡਿ ਗੁਰ ਮਾਹਿ ਸਮਾਵੈ” ਅਨੁਸਾਰ ਸ਼ਬਦ-ਗੁਰੂ ਦੀ ਕਮਾਈ ਨਾਲ ਮਨੁੱਖ ਦਾ ਇਹ ਲੋਕ ਵੀ ਤੇ ਪ੍ਰਲੋਕ ਵੀ ਦੋਵੇਂ ਸੁਹੇਲੇ ਹੋ ਜਾਂਦੇ ਹਨ। ਮਨੁੱਖ ਦਾ ਜਨਮ ਸੰਤੋਖੀ, ਤ੍ਰਿਸ਼ਨਾ, ਚਿੰਤਾ, ਭਟਕਣਾ-ਵਿਕਾਰ, ਹਉਮੈ ਰਹਿਤ, ਅਨੰਦਮਈ ਤੇ ਵਡਿਆਈਆਂ ਭਰਪੂਰ ਹੋ ਜਾਂਦਾ ਹੈ। ਮਨੁੱਖ ਜੀਂਦੇ ਜੀਅ ਆਤਮਕ ਪੱਖੋਂ ਪ੍ਰਭੂ `ਚ ਅਭੇਦ ਹੋ ਜਾਂਦਾ ਹੈ। ਇਸ ਤਰ੍ਹਾਂ ਅਜਿਹਾ ਸਫ਼ਲ ਜੀਵਨ, ਸਰੀਰਕ ਮੌਤ ਤੋਂ ਬਾਅਦ ਵੀ ਪ੍ਰਭੂ `ਚ ਸਮਾ ਜਾਂਦਾ ਹੈ। ਉਹ ਮੁੜ ਜਨਮ-ਮਰਨ ਤੇ ਭਿੰਨ ਭਿੰਨ ਜੂਨਾਂ-ਗਰਭਾਂ ਦੇ ਗੇੜ `ਚ ਨਹੀਂ ਆਉਂਦਾ।

ਇਸ ਤਰ੍ਹਾਂ ਸਲੋਕ `ਚ ਤੀਜੇ ਨਾਨਕ ਸਪਸ਼ਟ ਕਰਦੇ ਹਨ, ਜੇ ਮਨੁੱਖ ਆਪੁ ਛੋਡਿ, ਭਾਵ ਹਉਮੈ ਨੂੰ ਤਿਆਗ ਕੇ ਸਤਿਗੁਰੂ ਦੀ ਰਜ਼ਾ `ਚ ਜੀਵਨ ਜੀਵੇ ਤਾਂ ਉਹ ਗੁਰ ਮਾਹਿ ਸਮਾਵੈ”। ਉਹ ਸਤਿਗੁਰੂ ਦੇ ਦਰ ਤੋਂ ਆਦਰ ਮਾਣ ਪਾਂਦਾ ਹੈ। ਇਸਤਰ੍ਹਾਂ ਸ਼ਬਦ-ਗੁਰੂ ਦੀ ਕਮਾਈ ਹੀ ਸਿੱਖ ਲਈ ਜਪ ਤੇ ਤਪ ਆਦਿ ਸਾਰੇ ਕਰਮਕਾਂਡ ਕਰਣੇ ਵੀ ਹਨ, ਫ਼ਿਰ ਉਸ ਨੂੰ ਉਨ੍ਹਾਂ ਕਰਮਖਾਂਡਾਂ ਦੀ ਲੋੜ ਨਹੀਂ ਰਹਿੰਦੀ।

ਮਃ ੩॥ ਗੁਰ ਕੀ ਸਿਖ ਕੋ ਵਿਰਲਾ ਲੇਵੈ॥ ਨਾਨਕ ਜਿਸੁ ਆਪਿ ਵਡਿਆਈ ਦੇਵੈ॥ ੨॥ {ਪੰ: ੫੦੯}

ਅਰਥ : ਗੁਰ ਕੀ ਸਿਖ ਕੋ ਵਿਰਲਾ ਲੇਵੈ” -ਕੋਈ ਵਿਰਲਾ ਮਨੁੱਖ ਹੀ ਸਤਿਗੁਰੂ ਦੀ ਸਿੱਖਿਆ ਦਾ ਲਾਭ ਲੈਂਦਾ ਹੈ ਭਾਵ ਸ਼ਬਦ-ਗੁਰੂ ਦਾ ਅਨੁਸਾਰੀ ਹੋ ਕੇ ਆਪਣੇ ਜੀਵਨ ਨੂੰ ਸੁਆਰਦਾ ਹੈ।

ਨਾਨਕ ਜਿਸੁ ਆਪਿ ਵਡਿਆਈ ਦੇਵੈ” -ਤੀਜੇ ਨਾਨਕ ਫ਼ੁਰਮਾਉਂਦੇ ਹਨ, ਜੀਵਨ `ਚ ਸ਼ਬਦ-ਗੁਰੂ ਦੀ ਸਿੱਖਿਆ ਦਾ ਅਨੁਸਰੀ ਹੋਣ ਵਾਲੀ ਵਡਿਆਈ ਵੀ ਪ੍ਰਭੂ ਵੱਲੋਂ ਉਸੇ ਨੂੰ ਪ੍ਰਾਪਤ ਹੁੰਦੀ ਹੈ ਜਿਸ ਨੂੰ ਪ੍ਰਭੂ ਆਪ ਬਖ਼ਸ਼ਦਾ ਹੈ। ੨।

ਗੁਰਮੱਤ ਵਿਚਾਰ ਦਰਸ਼ਨ-ਗੁਰਬਾਣੀ ਵਿਚਾਰਧਾਰਾ ਦੇ ਦਾਇਰੇ `ਚ ਰਹਿ ਕੇ ਸਲੋਕ ਵਿਚਲੇ ਵਿਸ਼ੇ “ਗੁਰ ਕੀ ਸਿਖ ਕੋ ਵਿਰਲਾ ਲੇਵੈ॥”ਨਾਨਕ ਜਿਸੁ ਆਪਿ ਵਡਿਆਈ ਦੇਵੈ” ਨੂੰ ਜ਼ਰਾ ਗਹੁ ਵਿਚਾਰਾਂਗੇ ਤਾਂ ਸਲੋਕ ਅੰਦਰਲੇ ਮੂਲ ਵਿਸ਼ੇ ਨੂੰ ਸਮਝਣ ਅਤੇ ਪਹਿਚਾਨਣ ਨੂੰ ਵੀ ਉੱਕਾ ਦੇਰ ਨਹੀਂ ਲਗੇਗੀ। ਉਪ੍ਰੰਤ ਸਲੋਕ ਵਿਚਲੀਆਂ ਦੋਨਾਂ ਪੰਕਤੀਆਂ ਚੋਂ ਵੀ ਮੂਲ ਵਿਸ਼ੇ ਨੂੰ ਸਮਝਣ ਲਈ “ਨਾਨਕ ਜਿਸੁ ਆਪਿ ਵਡਿਆਈ ਦੇਵੈ” ਵਾਲੀ ਪੰਕਤੀ ਹੋਰ ਵੀ ਵਿਸ਼ੇਸ਼ ਧਿਆਨ ਮੰਗਦੀ ਹੈ।

ਗੁਰਬਾਣੀ ਅਨੁਸਾਰ ਮਨੁੱਖੀ ਮੰਨ ਚ ਸਦਾ ਦੋ ਵਿਰੋਧੀ ਬਿਰਤੀਆਂ ਪਣਪਦੀਆਂ ਹਨ ਇੱਕ ਮਨਮੁਖੀ ਤੇ ਦੂਜੀ ਗੁਰਮੁਖੀ। ਇੱਕ ਮਨ ਦੇ ਪਿਛੇ ਟੁਰਣ ਵਾਲੀ ਤੇ ਦੂਜੀ ਸ਼ਬਦ-ਗੁਰੂ ਦੇ ਅਨੁਸਾਰੀ ਚਲਣ ਵਾਲੀ। ਮਨ ਦੀ ਇੱਕ ਅਵਸਥਾ ਤਾਂ, ਬੇਸ਼ੱਕ ਅਨਜਾਣੇ `ਚ ਹੀ ਸਹੀ ਪਰ ਆਪਾ ਭਾਵ ਅਥਵਾ ਹਉਮੈ ਆਧਾਰਤ ਹੁੰਦੀ ਹੈ। ਜਦਕਿ ਮਨੁੱਖਾ ਮਨ ਦੀ ਹੀ ਦੂਜੀ ਅਵਸਥਾ ਹੁੰਦੀ ਹੈ ਗੁਰੂਦਰ ਨੂੰ ਪੂਰਣਤਾ ਸਮ੍ਰਪਿਤ ਸੁਭਾਅ ਵਾਲੀ, ਜਿਹੜੀ ਕਿ ਨਿਤਾਂਤ ਹਉਮੈ ਰਹਿਤ ਅਵਸਥਾ ਹੁੰਦੀ ਹੈ। ਗਹਿਰਾਈ ਤੋਂ ਦੇਖਾਂਗੇ ਤਾਂ ਤੀਜੇ ਪਾਤਸ਼ਾਹ ਦੇ ਉਪ੍ਰੋਕਤ ਦੋਨਾਂ ਸਲੋਕਾਂ `ਚ ਵਿਸ਼ੇਸ਼ਕਰ ਅਤੇ ਦੂਜੇ ਇਕੱਲੇ ਸਲੋਕ ਦੀਆਂ ਦੋਨਾਂ ਪੰਕਤੀਆਂ `ਚ ਵੀ, ਗੁਰਦੇਵ ਰਾਹੀ ਦਰਅਸ਼ਲ ਇਸ ਵਿਸ਼ੇ ਅਥਵਾ ਮਨੁੱਖੀ ਮਨ ਦੀਆਂ ਇਨ੍ਹਾਂ ਦੋਨਾਂ ਵਿਰੋਧੀ ਅਵਸਥਾਵਾਂ ਭਾਵ ਬਿਰਤੀਆਂ ਦਾ ਹੀ ਨਿਰੂਪਣ ਕੀਤਾ ਹੋਇਆ ਹੈ।

ਆਪੌ ਜਾਣੈ, ਭਾਵ ਹਉਮੈ ਆਧਾਰਤ ਅਵਸਥਾ `ਚ ਮਨੁੱਖ ਦੇ ਅੰਤਰ-ਆਤਮੇ ਦੀ ਸੋਚ ਇਹੀ ਹੁੰਦੀ ਹੈ ਕਿ ਅਮੁੱਕੀ ਪ੍ਰਾਪਤੀ ਮੇਰੇ ਯਤਣ ਕਾਰਣ ਹੋਈ ਹੈ, ਨਹੀਂ ਤਾਂ ਅਜਿਹਾ ਸੰਭਵ ਹੀ ਨਹੀ ਸੀ। ਗੁਰਦੇਵ ਨੇ ਮਨੁੱਖਾ ਜਨਮ ਦੀ ਇਸੇ ਘਾਟ ਨੂੰ ਬਾਣੀ ਆਸਾ ਕੀ ਵਾਰ `ਚ “ਹਉਮੈ ਬੂਝੈ ਤਾ ਦਰੁ ਸੂਝੈ॥ ਗਿਆਨ ਵਿਹੂਣਾ ਕਥਿ ਕਥਿ ਲੂਝੈ” (ਪੰ: ੪੬੬) ਵਾਲੀ ਸ਼ਬਦਾਵਲੀ ਨਾਲ ਵੀ ਉਘਾੜਿਆ ਹੈ। ਦਰਅਸਲ ਮਨੁੱਖੀ ਮਨ ਦੀ ਅਜਿਹੀ ਅਵਸਥਾ ਲਈ ਹੀ ਗੁਰਦੇਵ ਇਸ ਤਰ੍ਹਾਂ ਵੀ ਨਿਰਣਾ ਦਿੰਦੇ ਹਨ “ਨਾਨਕ ਜੇ ਕੋ ਆਪੌ ਜਾਣੈ, ਅਗੈ ਗਇਆ ਨ ਸੋਹੈ” (ਬਾਣੀ ਜਪੁ)।

ਗੁਰਬਣੀ `ਚ ਬਾਰ ਬਾਰ ਇਸੇ ਨੂੰ ਹਉਮੈ, ਆਪ, ਮੈ ਜਾਂ ਆਪੌ ਜਾਣੇ ਆਦਿ ਦਾ ਨਾਮ ਵੀ ਦਿੱਤਾ ਹੋਇਆ ਹੈ। ਮਨੁੱਖੀ ਮਨ ਦੀ ਇਸੇ ਆਪ ਮੈ ਤੇ ਅਪੌ ਜਾਣੈ ਭਾਵ ਹਉਮੈ ਵਾਲੀ ਅਵਸਥਾ ਨਾਲ ਸੰਬੰਧਤ, ਵਿਸ਼ੇ ਨੂੰ ਸਪਸ਼ਟ ਕਰਣ ਲਈ ਬਾਣੀ ਸੁਖਮਨੀ ਸਾਹਿਬ `ਚੋਂ ਅਸੀਂ ਜਬ ਇਹ ਜਾਨੈ ਮੈ ਕਿਛੁ ਕਰਤਾ॥ ਤਬ ਲਗੁ ਗਰਭ ਜੋਨਿ ਮਹਿ ਫਿਰਤਾ” (ਪੰ: ੨੭੮) ਵਾਲਾ ਗੁਰ ਪ੍ਰਮਾਣ ਵੀ ਲੈ ਚੁੱਕੇ ਹਾਂ ਅਤੇ ਇਸ ਸੰਬੰਧੀ ਗੁਰਬਾਣੀ `ਚੋਂ ਹੋਰ ਵੀ ਬੇਅੰਤ ਫ਼ੁਰਮਾਨ ਪ੍ਰਾਪਤ ਹਨ।

“ਜੋਤੀ ਜੋਤਿ ਮਿਲਾਈ” -ਫ਼ਿਰ ਜਦੋਂ ਮਨੁੱਖ ਦਾ ਉਹੀ ਮਨ, ਸ਼ਬਦ ਗੁਰੂ ਦੀ ਕਮਾਈ ਸਦਕਾ “ਸਤਗੁਰੁ ਸੇਵਿ ਸਦਾ ਸੁਖੁ ਪਾਇਆ, ਜੋਤੀ ਜੋਤਿ ਮਿਲਾਈ” (ਪੰ: ੩੧) ਅਨੁਸਾਰ ਸੁਅੱਛ ਤੇ ਨਿਰੋਲ ਹਉਮੈ ਰਹਿਤ ਹੋ ਜਾਂਦਾ ਹੈ ਤਾਂ ਇਸ ਨੂੰ ਸਮਝ ਆ ਜਾਂਦੀ ਹੈ ਕਿ ਅਮੁੱਕੀ ਪ੍ਰਾਪਤੀ ਉਸ ਦੇ ਕਿਸੇ ਆਪਣੇ ਉੱਦਮ ਤੇ ਯਤਣ ਕਾਰਣ ਨਹੀਂ ਹੋਈ ਬਲਕਿ ਪ੍ਰਭੂ ਦੀ ਆਪਣੀ ਬਖ਼ਸ਼ਿਸ਼ ਸਦਕਾ ਹੋਈ ਹੈ। ਮਨੁਖਾ ਜੀਵਨ ਦੇ ਇਸੇ ਸੱਚ ਨੂੰ ਗਰਦੇਵ ਇਸ ਤਰ੍ਹਾਂ ਵੀ ਬਿਆਣ ਕਰਦੇ ਹਨ। ਆਪ ਦਾ ਫ਼ੁਰਮਾਣ ਹੈ “ਬਿਨੁ ਗੁਰ ਰੋਗ ਨ ਤੁਟਈ, ਹਉਮੈ ਪੀੜ ਨ ਜਾਇ॥ ਗੁਰ ਪਰਸਾਦੀ ਮਨਿ ਵਸੈ, ਨਾਮੇ ਰਹੈ ਸਮਾਇ॥ ਗੁਰ ਸਬਦੀ ਹਰਿ ਪਾਈਐ, ਬਿਨੁ ਸਬਦੇ ਭਰਮਿ ਭੁਲਾਇ(ਪੰ: ੩੬)।

ਅਜਿਹੇ ਸਮ੍ਰਪਿਤ ਮਨੁੱਖੀ ਮਨ ਦੀ ਜਿਹੜੀ ਉਭਰਵੀਂ ਅਵਸਥਾ ਹੁੰਦੀ ਹੈ ਬਾਣੀ ਜਪੁ `ਚ ਗੁਰਦੇਵ ਨੇ “ਸਭਿ ਗੁਣ ਤੇਰੇ ਮੈ ਨਾਹੀ ਕੋਇ॥ ਵਿਣੁ ਗੁਣ ਕੀਤੇ ਭਗਤਿ ਨ ਹੋਇ” ਵਾਲੀ ਸ਼ਬਦਾਵਲੀ ਨਾਲ ਵੀ ਬਿਆਣਿਆ ਹੈ। ਫ਼ਿਰ ਗੁਰਬਾਣੀ `ਚੋਂ ਹੀ ਇਸ ਦੀ ਪ੍ਰੌੜਤਾ `ਚ ਕਬੀਰ ਜੀ ਵੀ ਆਪਣੇ ਇਸ ਸਲੋਕ ਨਾਲ ਕਰਦੇ ਹਨ ਫ਼ੁਰਮਾਂਦੇ ਹਨ “ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ॥ ਕਿਆ ਜਾਨਉ ਕਿਛੁ ਹਰਿ ਕੀਆ ਭਇਓ ਕਬੀਰੁ ਕਬੀਰ” (ਪੰ: ੧੩੬੭)। iੲਸਤਰ੍ਹਾਂ ਇਸ ਵਿਸ਼ੇ ਸੰਬੰਧਤ ਵੀ ਬੇਅੰਤ ਗੁਰਬਾਣੀ ਫ਼ੁਰਮਾਨ ਪ੍ਰਾਪਤ ਹਨ।

ਸੱਚ ਇਹ ਹੈ ਕਿ ਇਸ ਦੂਜੇ ਸਲੋਕ “ਗੁਰ ਕੀ ਸਿਖ ਕੋ ਵਿਰਲਾ ਲੇਵੈ॥ ਨਾਨਕ ਜਿਸੁ ਆਪਿ ਵਡਿਆਈ ਦੇਵੈ” ਦਾ ਸਾਰ ਵੀ ਇਹੀ ਹੈ ਕਿ ਸੰਸਾਰ ਤਲ `ਤੇ ਬਹੁਤੇ ਲੋਕ ਤਾਂ ‘ਆਪੌ ਜਾਣੈ’ ਤੇ ਬੇਸ਼ੱਕ ਅਨਜਾਣੇ `ਚ ਹੀ ਸਹੀ ਪਰ ਮੂਲ ਰੂਪ ਆਪਣੀ ਹਉਮੈ ਭਰਪੂਰ ਬਿਰਤੀ ਸਹਿਤ, ਬੇਅੰਤ ਉੱਦਮ ਕਰਕੇ ਵੀ, ਸ਼ਬਦ-ਗੁਰੂ ਦੀ ਕਮਾਈ ਵਾਲੇ ਪ੍ਰਭੂ ਦੀ ਵਡਿਆਈ ਭਰਪੂਰ ਜੀਵਨ ਤੋਂ ਖਾਲੀ ਰਹਿੰਦੇ ਹਨ।

ਜਦਕਿ ਦੂਜੇ “ਗੁਰ ਕੀ ਸਿਖ ਕੋ ਵਿਰਲਾ ਲੇਵੈਅਨੁਸਾਰ ਬੇਸ਼ੱਕ ਵਿਰਲੇ ਹੋਣ, ਪਰ ਇਹ ਉਹ ਹੁੰਦੇ ਹਨ ਜਿਨ੍ਹਾਂ ਦੇ ਜੀਵਨ ਅੰਦਰ ਸ਼ਬਦ ਗੁਰੂ ਦਾ ਪ੍ਰਕਾਸ਼ ਤਾਂ ਹੋ ਚੁੱਕਾ ਹੁੰਦਾ ਹੈ। ਫ਼ਿਰ ਵੀ ਉਹ ਮਨ ਕਰਕੇ ਸਪਸ਼ਟ ਹੁੰਦੇ ਹਨ ਕਿ ਉਨ੍ਹਾਂ ਨੂੰ ਸਫ਼ਲ ਜੀਵਨ ਵਾਲੀ ਅਜਿਹੀ ਦਾਤ ਉਨ੍ਹਾਂ ਦੇ ਆਪਣੇ ਕਿਸੇ ਉੱਦਮ, ਯਤਣ ਤੇ ਲਗਣ ਕਾਰਣ ਨਹੀਂ ਮਿਲੀ। ਇਹ ਸਭ ਕਿਆ ਜਾਨਉ ਕਿਛੁ ਹਰਿ ਕੀਆ ਅਕਾਲਪੁਰਖ ਨੇ ਆਪ, ਆਪਣੀ ਬਖ਼ਸ਼ਿਸ਼ ਕਰਕੇ, ਉਨ੍ਹਾਂ ਦੇ ਜੀਵਨ ਅੰਦਰ ਆਪਣੀ ਸਿਫ਼ਤ ਸਲਾਹ, ਇਲਾਹੀ ਗੁਣਾਂ ਤੇ ਵਡਿਆਈਆਂ ਭਰ ਦਿੱਤੀਆਂ ਹਨ। ਅਜਿਹੇ ਗੁਣ ਤੇ ਵਡਿਆਈਆਂ ਜਿਨ੍ਹਾਂ ਕਾਰਣ ਲੋਕਾਈ ਵੀ ਉਨ੍ਹਾਂ ਨੂੰ ਚੰਗਾ ਤੇ ਗੁਣਵਾਣ ਇਨਸਾਨ ਜਾਣ ਕੇ ਉਨ੍ਹਾਂ ਦਾ ਸਤਿਕਾਰ ਕਰਣ ਲੱਗ ਪਈ ਹੈ।

ਪਉੜੀ॥ ਮਾਇਆ ਮੋਹੁ ਅਗਿਆਨੁ ਹੈ ਬਿਖਮੁ ਅਤਿ ਭਾਰੀ॥ ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ॥ ਅਨਦਿਨੁ ਭਗਤੀ ਰਤਿਆ ਹਰਿ ਪਾਰਿ ਉਤਾਰੀ॥ ਗੁਰ ਸਬਦੀ ਮਨੁ ਨਿਰਮਲਾ ਹਉਮੈ ਛਡਿ ਵਿਕਾਰੀ॥ ਹਰਿ ਹਰਿ ਨਾਮੁ ਧਿਆਈਐ ਹਰਿ ਹਰਿ ਨਿਸਤਾਰੀ॥ ੩॥ {ਪੰ: ੫੦੯}

ਪਦ ਅਰਥ : —ਬਿਖਮ—ਬਹੁਤ ਔਖਾ, ਦੂਬਰ। ਤਰੀਐ ਤਾਰੀ—ਤਾਰੀ ਤਰੀ ਜਾਏ, ਪਾਰ ਲੰਘਿਆ ਜਾਏ, ਸੰਸਾਰ ਸਮੁੰਦਰ ਤੋਂ ਪਾਰ ਲੰਘਿਆ ਜਾਏ। ਅਨਦਿਨੁ—ਹਰ ਰੋਜ਼, ਦਿਨ ਤੇ ਰਾਤ, ਸੁਆਸ ਸੁਆਸ। ਰਤਿਆ—ਜੇ ਰੰਗੇ ਰਵੀਏ। ਨਿਸਤਾਰੀ—ਛੁਟਕਾਰਾ ਕਰਵਾਉਂਦਾ ਹੈ। ਹਰਿ ਹਰਿ ਨਿਸਤਾਰੀ—ਪਭੂ ਆਪ ਵਿਕਾਰਾਂ ਤੋਂ ਛੁਟਕਾਰਾ ਕਰਵਾ ੰਿਦੰਦਾ ਹੈ, ਜੀਵਨਮੁਕਤ ਕਰ ਦਿੰਦਾ ਹੈ, ਜੀਵ ਦੇ ਲੋਕ ਤੇ ਪ੍ਰਲੋਕ ਦੋਵੇਂ ਸੁਹੇਲੇ ਕਰ ਦਿੰਦਾ ਹੈ।

ਅਰਥ : — “ਮਾਇਆ ਮੋਹੁ, ਅਗਿਆਨੁ ਹੈ, ਬਿਖਮੁ ਅਤਿ ਭਾਰੀ” - ਮਾਇਆ ਦਾ ਮੋਹ ਅਥਵਾ ਮਾਇਕ ਪਦਾਰਥਾਂ ਦੀ ਪਕੜ, ਅਗਿਆਨਤਾ ਨੂੰ ਜਨਮ ਦਿੰਦੀ ਹੈ। ਅਜਿਹੀ ਅਗਿਆਨਤਾ, ਮਨੁੱਖਾ ਜੀਵਨ ਲਈ ਬਹੁਤ ਭਾਰੀ ਹੁੰਦੀ ਹੈ ਤੇ ਜਿਸਨੂੰ ਪਾਰ ਕਰਣਾ ਬੜਾ ਔਖਾ ਹੁੰਦਾ ਹੈ।

ਪਥਰ ਪਾਪ ਬਹੁ ਲਦਿਆ, ਕਿਉ ਤਰੀਐ ਤਾਰੀ” - ਫ਼ਿਰ ਜੇ ਮਨੁੱਖਾ ਜੀਵਨ ਵੀ ਬਹੁਤੇ ਪਾਪਾਂ ਤੇ ਅਉਗੁਣਾ ਰੂਪੀ ਪੱਥਰਾਂ ਨਾਲ ਹੀ ਲੱਦਿਆਂ ਹੋਇਆ ਹੋਵੇ; ਤਾਂ ਸੰਸਾਰ ਸਮੁੰਦਰ `ਚੋਂ ਤਰ ਕੇ ਪਾਰ ਵੀ ਕਿਵੇਂ ਹੋਇਆ ਜਾ ਸਕਦਾ ਹੈ? ਭਾਵ ਅਜਿਹੀ ਹਾਲਤ `ਚ ਇਸ ਮਾਇਆ ਮੋਹ ਤੋਂ ਪੈਦਾ ਹੋਈ ਅਗਿਆਨਤਾ ਕਾਰਣ, ਸੰਸਾਰ ਸਮੁੰਦਰ ਨੂੰ ਪਾਰ ਵੀ ਨਹੀਂ ਕੀਤਾ ਜਾ ਸਕਦਾ।

ਅਨਦਿਨੁ ਭਗਤੀ ਰਤਿਆ, ਹਰਿ ਪਾਰਿ ਉਤਾਰੀ” - ਫ਼ਿਰ ਜਿਹੜੇ ਦਿਨ ਰਾਤ, ਹਰ ਵੇਲੇ ਅਤੇ ਸੁਆਸ ਸੁਆਸ, ਪ੍ਰਭੂ ਪਿਆਰ ਤੇ ਉਸ ਦੇ ਨਾਮ ਰੰਗ `ਚ ਰੰਗੇ ਰਹਿੰਦੇ ਹਨ, ਅਕਾਲਪੁਰਖ ਆਪ ਉਨ੍ਹਾਂ ਨੂੰ ਸੰਸਾਰ ਸਮੁੰਦ੍ਰ ਤੋਂ ਪਾਰ ਲੰਘਾ ਦਿੰਦਾ ਹੈ।

ਗੁਰ ਸਬਦੀ ਮਨੁ ਨਿਰਮਲਾ ਹਉਮੈ ਛਡਿ ਵਿਕਾਰੀ” - ਕਾਰਣ ਹੁੰਦਾ ਹੈ ਕਿ ਸ਼ਬਦ-ਗੁਰੂ ਦੀ ਕਮਾਈ ਰਾਹੀਂ ਉਨ੍ਹਾਂ ਦਾ ਮਨ ਹਉਮੈ ਆਦਿ ਵਿਕਾਰਾਂ ਦਾ ਤਿਆਗ ਕਰਕੇ ਪਵਿੱਤ੍ਰ ਤੇ ਨਿਰਮਲ ਹੋ ਚੁੱਕਾ ਹੁੰਦਾ ਹੈ।

ਹਰਿ ਹਰਿ ਨਾਮੁ ਧਿਆਈਐ, ਹਰਿ ਹਰਿ ਨਿਸਤਾਰੀ” - ਤਾਂ ਤੇ ਪ੍ਰਭੂ ਦਾ ਨਾਮ ਹੀ ਸਿਮਰਨਾ ਅਥਵਾ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜੇ ਰਹਿਣਾ ਚਾਹੀਦਾ ਹੈ। ਇਸ ਤੋਂ ਪ੍ਰਭੂ ਆਪ ਬਖ਼ਸ਼ਿਸ਼ ਕਰਕੇ ਮਨੁੱਖ ਨੂੰ ਜੀਵਨ ਮੁੱਕਤ ਕਰ ਦਿੰਦਾ ਹੈ। ਭਾਵ ਮਨੁੱਖ ਜੀਂਦੇ ਜੀਅ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ ਤੇ ਸਰੀਰਕ ਮੌਤ ਬਾਅਦ ਵੀ ਪ੍ਰਭੂ `ਚ ਸਮਾ ਜਾਂਦਾ ਹੈ ਮੁੜ ਜਨਮ-ਮਰਨ ਦੇ ਗੇੜ `ਚ ਨਹੀਂ ਆਉਂਦਾ। ਉਸ ਦਾ ਇਹ ਲੋਕ ਤੇ ਪ੍ਰਲੋਕ ਦੋਵੇਂ ਸੁਹੇਲੇ ਹੋ ਜਾਂਦੇ ਹਨ। ਉਸ ਦਾ ਮਨੁੱਖਾ ਜਨਮ ਸਫ਼ਲ ਹੋ ਜਾਂਦਾ ਹੈ।

ਗੁਰਮੱਤ ਵਿਚਾਰ ਦਰਸ਼ਨ- ਪਉੜੀ `ਚ ਗੁਰਦੇਵ ਸਪਸ਼ਟ ਕਰਦੇ ਹਨ, ਜਿਉਂ ਜਿਉਂ ਮਨੁੱਖ ਮੋਹ ਮਾਇਆ `ਚ ਆਪਣੀ ਪਕੜ ਵਧਾਉਂਦਾ ਜਾਂਦਾ ਹੈ ਇਸ ਦੇ ਜੀਵਨ ਅੰਦਰ ਅਗਿਆਨਤਾ ਦਾ ਘੁਪ ਹਨੇਰਾ ਵੀ ਵਧ ਤੋਂ ਵਧ ਛਾਈ ਜਾਂਦਾ ਹੈ। ਇਸੇ ਤੋਂ ਉਸਦਾ ਜੀਵਨ ਅਉਗੁਣਾ ਵਿਕਾਰਾਂ ਨਾਲ ਭਾਰਾ ਹੁੰਦਾ ਜਾਂਦਾ ਹੈ ਤੇ ਉਸਦੇ ਜੀਵਨ `ਚ ਔਖਿਆਈਂਆ ਤੇ ਖੁਆਰੀਆਂ ਵੀ ਵਧਦੀਆਂ ਜਾਦੀਆਂ ਹਨ। ਉਹ ਆਤਮਕ ਪੱਖੋਂ ਹੋਰ ਤੇ ਹੋਰ ਕਮਜ਼ੋਰ ਹੁੰਦਾ ਜਾਂਦਾ ਹੈ। ਉਸਦੇ ਜੀਵਨ ਅੰਦਰ ਇੱਕ ਪਾਸੇ ਅਗਿਆਨਤਾ ਦੇ ਹਨੇਰੇ `ਚ ਨਿੱਤ ਦਾ ਵਾਧਾ ਤੇ ਨਾਲ ਜੀਵਨ ਰਾਹ `ਚ ਅਉਗੁਣਾਂ ਤੇ ਵਿਕਾਰਾਂ ਰੂਪ ਪਥਰਾਂ ਦਾ ਬੇਅੰਤ ਵਜ਼ਨ, ਇਸ ਤਰ੍ਹਾਂ ਉਸ ਨੂੰ ਸੰਸਾਰ ਸਮੁਦ੍ਰ ਪਾਰ ਕਰਣਾ ਹੀ ਜਿਵੇਂ ਕਿ ਅਸੰਭਵ ਹੁੰਦਾ ਜਾਂਦਾ ਹੈ।

ਪਰ ਜਿਹੜੇ ਸੁਆਸ ਸੁਆਸ ਪ੍ਰਭੂ ਦੀ ਸਿਫ਼ਤ ਸਲਾਹ ਨਾਲ਼ ਜੁੜਦੇ ਹਨ, ਪ੍ਰਭੂ ਆਪ ਬਹੁੜੀ ਕਰਕੇ ਉਨ੍ਹਾਂ ਨੂੰ ਸੰਸਾਰ ਸਮੁਦ੍ਰ ਤੋਂ ਪਾਰ ਕਰਵਾ ਦਿੰਦਾ ਹੈ। ਕਿਉਂਕਿ ਸ਼ਬਦ ਗੁਰੂ ਦੀ ਕਮਾਈ ਰਾਹੀਂ ਇੱਕ ਤਾਂ ਮਨੁੱਖ ਵਿਕਾਰ ਮੁੱਕਤ ਹੋ ਜਾਂਦਾ ਹੈ ਤੇ ਨਾਲ ਨਾਲ ਉਸ ਦੇ ਜੀਵਨ ਅੰਦਰ ਪ੍ਰਭੂ ਦੀ ਸਿਫ਼ਤ ਸਲਾਹ ਵੀ ਵੱਸਦੀ ਜਾਂਦੀ ਹੈ। ਇਸੇ ਤੋਂ ਜੀਵ ਨੂੰ ਆਪਣੇ ਆਪ ਜੀਵਨ ਦਾ ਸਹੀ ਰਾਹ ਪ੍ਰਾਪਤ ਹੋ ਜਾਂਦਾ ਹੈ ਅਤੇ ਅਜਿਹੇ ਜੀਵ ਦਾ ਪਾਰ ਉਤਾਰਾ ਵੀ, ਪ੍ਰਭੂ ਆਪ ਕਰ ਦਿੰਦਾ ਹੈ।

ਤਾਂ ਤੇ ਮਨੁੱਖਾ ਜਨਮ ਦਾ ਇਕੋ ਹੀ ਮਕਸਦ ਹੈ “ਹਰਿ ਹਰਿ ਨਾਮੁ ਧਿਆਈਐ ਹਰਿ ਹਰਿ ਨਿਸਤਾਰੀ” ਭਾਵ ਪ੍ਰਭੂ ਦਾ ਨਾਮ ਸਿਮਰਨਾ ਅਥਵਾ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜੇ ਰਹਿਣਾ। ਇਸੇ ਤੋਂ ਪ੍ਰਭੂ ਆਪ ਆਪਣੀ ਬਖ਼ਸ਼ਿਸ਼ ਕਰਕੇ, ਅਜਿਹੇ ਲੋਕਾਂ ਨੂੰ ਜੀਵਨ ਮੁੱਕਤ ਕਰ ਦਿੰਦਾ ਹੈ। ਜਿਸਦਾ ਅਰਥ ਹੈ ਮਨੁੱਖ ਜੀਂਦੇ ਜੀਅ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ ਤੇ ਸਰੀਰਕ ਮੌਤ ਬਾਅਦ ਵੀ ਪ੍ਰਭੂ `ਚ ਹੀ ਅਭੇਦ ਹੋ ਜਾਂਦਾ ਹੈ; ਮੁੜ ਜਨਮ-ਮਰਨ ਦੇ ਗੇੜ `ਚ ਨਹੀਂ ਆਉਂਦਾ। ਇਸ ਤਰ੍ਹਾਂ ਉਸ ਦਾ ਇਹ ਲੋਕ ਵੀ ਤੇ ਪ੍ਰਲੋਕ ਵੀ, ਦੋਵੇਂ ਸੁਹੇਲੇ ਹੋ ਜਾਂਦੇ ਹਨ। ਉਸ ਦਾ ਦੁਰਲਭ ਮਨੁੱਖਾ ਜਨਮ ਸਫ਼ਲ ਹੋ ਜਾਂਦਾ ਹੈ।

ਪਉੜੀ ਅਤੇ ਸਲੋਕਾਂ ਦੀ ਆਪਸੀ ਸ਼ਾਂਝ- ਪਉੜੀ `ਚ ਪਾਤਸ਼ਾਹ ਨੇ ਸਪਸ਼ਟ ਕੀਤਾ ਹੈ ਕਿ ਮਨੁੱਖ ਬਹੁਤਾ ਕਰਕੇ, ਆਪਣੇ ਅਮੁੱਲੇ ਜਨਮ ਦੇ ਪ੍ਰਭੂ ਮਿਲਾਪ ਵਾਲੇ ਅਸਲ ਮਕਸਦ ਤੋਂ ਅਨਜਾਣ ਹੁੰਦਾ ਹੈ। ਇਸੇ ਤੋਂ ਇਸ ਦੇ ਜੀਵਨ ਅੰਦਰ ਮਾਇਕ ਪਦਾਰਥਾਂ ਦੀ ਪਕੜ ਤੇ ਮੋਹ ਵਧਦਾ ਜਾਂਦਾ ਹੈ। ਨਤੀਜਾ ਇਹ ਕਿ ਉਸ ਦੇ ਜੀਵਨ ਅੰਦਰ ਅਗਿਆਨਤਾ ਦਾ ਹਨੇਰਾ ਹੁੰਦਾ ਜਾਂਦਾ ਤੇ ਦਿਨੋਦਿਨ ਵਧਦਾ ਵੀ ਹੈ। ਉਪ੍ਰੰਤ ਇਹੀ ਅਗਿਆਨਤਾ, ਅਚਣਚੇਤ ਹੀ ਉਸ ਦੇ ਜੀਵਨ ਅੰਦਰ ਅਉਗੁਣਾ ਵਿਕਾਰਾਂ ਦਾ ਆਪਣਾ ਇਤਨਾ ਭਾਰ ਬਣਾ ਦਿੰਦੀ ਹੈ, ਕਿ ਇਸਦੇ ਚੰਗੇ ਭਲੇ ਜੀਵਨ ਅੰਦਰ ਨਿੱਤ ਖੁਆਰੀਆਂ ਤੇ ਖੁਆਰੀਆਂ ਹੀ ਪਣਦੀਆਂ ਹਨ। ਇਥੋਂ ਤੱਕ ਕਿ ਉਸ ਨੂੰ ਆਪਣਾ ਜੀਵਨ ਚਲਾਉਣਾ ਵੀ ਦੂਭਰ ਹੁੰਦਾ ਜਾਂਦਾ ਹੈ। ਅਜਿਹੀ ਹਾਲਤ `ਚ ਉਹ ਸੰਸਾਰ ਸਮੁੰਦ੍ਰ ਨੂੰ ਪਾਰ ਕਰਣ ਦੇ ਸਮ੍ਰਥ ਨਹੀਂ ਰਹਿੰਦਾ ਅਤੇ ਇਸੇ ਅਗਿਅਨਤਾ ਕਾਰਣ ਇਸ ਦਾ ਇਹ ਦੁਰਲਭ ਮਨੁੱਖਾ ਜਨਮ, ਨਿਹਫਲ ਤੇ ਬਿਰਥਾ ਹੋ ਜਾਂਦਾ ਹੈ।

ਜਦਕਿ ਇਹੀ ਮਨੁੱਖ ਜਦੋਂ ਸ਼ਬਦ ਗੁਰੂ ਦੀ ਸ਼ਰਨ `ਚ ਆ ਜਾਂਦਾ ਹੈ ਤਾਂ ਇਹ ਦਿਨ-ਰਾਤ, ਸੁਆਸ ਸੁਆਸ ਤੇ ਹਰ ਸਮੇਂ ਪ੍ਰਭੂ ਪਿਆਰ `ਚ ਭਿਜਣਾ ਅਰੰਭ ਹੋ ਜਾਂਦਾ ਹੈ। ਇਸ ਦਾ ਜੀਵਨ ਅਕਾਲ ਪੁਰਖ ਦੀ ਸਿਫ਼ਤ ਸਲਾਹ ਨਾਲ ਸਰਸ਼ਾਰ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਉਹੀ ਸੰਸਾਰ ਸਮੁੰਦ੍ਰ ਜਿਹੜਾ ਇਸ ਨੂੰ ਪਾਰ ਕਰਣਾ ਅਸੰਭਵ ਸੀ, ਸਤਿਗੁਰੂ ਦੀ ਸ਼ਰਣ `ਚ ਆ ਕੇ ਅਤੇ ਕਰਤੇ ਦੀ ਸਿਫ਼ਤ ਸਲਾਹ ਸਦਕਾ ਇਹ ਸਹਿਜੇ ਹੀ, ਉਸ ਨੂੰ ਪਾਰ ਕਰ ਲੈਂਦਾ ਹੈ। ਉਹੀ ਵਿਕਾਰਾਂ ਤੇ ਅਉਗੁਣਾ ਦਾ ਭਾਰ ਜਿਹੜਾ ਇਸ ਲਈ ਅਸਹਿ ਹੁੰਦਾ ਜਾਂਦਾ ਸੀ, ਪ੍ਰਭੂ ਆਪ ਬਹੁੜੀ ਕਰਕੇ, ਇਸ ਦੇ ਲਈ, ਸਹਾਰਾ ਬਣ ਜਾਂਦਾ ਹੈ। ਇਸ ਤਰ੍ਹਾਂ ਇਸ ਦਾ ਮਨ, ਜਿਹੜਾ ਪਹਿਲਾਂ ਨਿੱਤ ਵਿਕਾਰਾਂ ਦੇ ਭਾਰ ਨਾਲ ਦੱਬ ਰਿਹਾ ਸੀ, ਕਰਤੇ ਪ੍ਰਭੂ ਦੀ ਬਖ਼ਸ਼ਿਸ਼ ਸਦਕਾ ਬਿਲਕੁਲ ਨਿਰਮਲ ਹੋ ਜਾਂਦਾ ਹੈ ਤੇ ਇਸ ਨੂੰ ਉਨ੍ਹਾਂ ਵਿਕਾਰਾਂ ਅਉਗੁਣਾਂ ਤੋਂ ਵੀ ਸਹਿਜੇ ਹੀ ਛਟਕਾਰਾ ਪ੍ਰਾਪਤ ਹੋ ਜਾਂਦਾ ਹੈ।

ਉਪ੍ਰੰਤ ਦੋਨਾਂ ਸਲੋਕਾਂ `ਚ ਵੀ ਗੁਰਦੇਵ ਨੇ ਪਉੜੀ ਵਿਚਲੇ ਮੂਲ ਵਿਸ਼ੇ ਦੀ ਹੀ ਵਿਆਖਿਆ ਕੀਤੀ ਹੈ। ਪਹਿਲੇ ਸਲੋਕ “ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ” `ਚ ਗੁਰਦੇਵ ਨੇ ਫ਼ੁਰਮਾਇਆ, ਮਨੁੱਖ ਨੇ ਜਪ ਤਪ ਆਦਿ ਕਰਮ ਕਾਂਡਾਂ `ਚ ਨਹੀਂ ਪੈਣਾ। ਇਹ ਮਨੁੱਖਾ ਜੀਵਨ ਅੰਦਰ ਹਉਮੈ `ਚ ਵਾਧਾ ਕਰਦੇ ਹਨ। ਗੁਰੂ ਕੇ ਸਿੱਖ ਨੇ ਕੇਵਲ ਸ਼ਬਦ ਗੁਰੂ ਦੀ ਕਮਾਈ ਰਾਹੀਂ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਣਾ ਹੈ ਤੇ ਪ੍ਰਭੂ ਦੀ ਰਜ਼ਾ `ਚ ਜੀਵਨ ਨੂੰ ਤਿਆਰ ਕਰਣਾ ਹੈ। ਇਹੀ ਉਸ ਲਈ ਸਾਰੇ ਜਪ ਤਪ ਤੇ ਕਰਕਾਂਡ ਕਰਣੇ ਹਨ। ਇਸ ਤੋਂ ਉਸ ਨੂੰ ਹਉਮੈ ਤੋਂ ਵੀ ਛੁਟਕਾਰਾ ਮਿਲੇਗਾ ਤੇ ਇਸ ਦੇ ਜੀਵਨ ਅੰਦਰ ਇਲਾਹੀ ਗੁਣ ਵੀ ਪਣਪਣ ਗੇ, ਬਲਕਿ ਸੰਸਾਰ `ਚ ਵੀ ਇਸਦੀ ਸ਼ੋਭਾ ਹੋਵੇਗੀ।

ਦੂਜੇ ਸਲੋਕ “ਗੁਰ ਕੀ ਸਿਖ ਕੋ ਵਿਰਲਾ ਲੇਵੈ” `ਚ ਵੀ ਗੁਰਦੇਵ ਦ੍ਰਿੜ ਕਰਵਾਉਂਦੇ ਹਨ, ਜਿਹੜੇ ਸਮ੍ਰਪਣ ਦੀ ਭਾਵਨਾ ਨਾਲ ਹੁਉਮੈ ਰਹਿਤ ਹੋ ਕੇ ਗੁਰੂ ਦੀ ਸ਼ਰਨ `ਚ ਆਉਂਦੇ ਤੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਦੇ ਹਨ, ਕਰਤਾ ਆਪ ਬਖ਼ਸ਼ਿਸ਼ ਕਰਕੇ ਉਨ੍ਹਾਂ ਦੇ ਜੀਵਨ ਵਡਿਆਈਆਂ ਤੇ ਇਲਾਹੀ ਗੁਣਾਂ ਨਾਲ ਭਰਪੂਰ ਕਰ ਦਿੰਦਾ ਹੈ ਫ਼ਿਰ ਭਾਵੇਂ ਅਜਿਹੇ ਸਫ਼ਲ ਜੀਵਨ ਗਿਣਤੀ `ਚ ਵਿਰਲੇ ਹੀ ਕਿਉਂ ਨਾ ਹੋਣ।

(ਚਲਦਾ) #Instt. 08 Gu.ki.v.02.014#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Gujri Ki Vaar M:3 Steek & GVD” BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.