.

ਭੱਟ ਬਾਣੀ-39

ਬਲਦੇਵ ਸਿੰਘ ਟੋਰਾਂਟੋ

ਗੁਰੁ ਜਿਨੑ ਕਉ ਸੁਪ੍ਰਸੰਨੁ ਨਾਮੁ ਹਰਿ ਰਿਦੈ ਨਿਵਾਸੈ।।

ਜਿਨੑ ਕਉ ਗੁਰੁ ਸੁਪ੍ਰਸੰਨੁ ਦੁਰਤੁ ਦੂਰੰਤਰਿ ਨਾਸੈ।।

ਗੁਰੁ ਜਿਨੑ ਕਉ ਸੁਪ੍ਰਸੰਨੁ ਮਾਨੁ ਅਭਿਮਾਨੁ ਨਿਵਾਰੈ।।

ਜਿਨੑ ਕਉ ਗੁਰੁ ਸੁਪ੍ਰਸੰਨੁ ਸਬਦਿ ਲਗਿ ਭਵਜਲੁ ਤਾਰੈ।।

ਪਰਚਉ ਪ੍ਰਮਾਣੁ ਗੁਰ ਪਾਇਅਉ ਤਿਨ ਸਕਯਥਉ ਜਨਮੁ ਜਗਿ।।

ਸ੍ਰੀ ਗੁਰੂ ਸਰਣਿ ਭਜੁ ਕਲ੍ਯ੍ਯ ਕਬਿ ਭੁਗਤਿ ਮੁਕਤਿ ਸਭ ਗੁਰੂ ਲਗਿ।। ੧੧।।

(ਪੰਨਾ ੧੩੯੮)

ਅਰਥ:- ਗੁਰੁ ਜਿਨੑ ਕਉ ਸੁਪ੍ਰਸੰਨੁ – ਉਹ ਪ੍ਰਸੰਨ ਹੋਏ ਜਿਨ੍ਹਾਂ ਨੇ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾਇਆ। ਗੁਰੁ – ਗਿਆਨ ਨੂੰ ਜੀਵਨ ਵਿੱਚ ਅਪਣਾਉਣਾ। ਕਉ – ਨੂੰ, ਨੇ। ਸੁਪ੍ਰਸੰਨੁ ਨਾਮੁ ਹਰਿ ਰਿਦੈ ਨਿਵਾਸੈ – ਉਹ ਪ੍ਰਸੰਨ ਹੋਏ ਜਿਨ੍ਹਾਂ ਨੇ ਸੱਚ ਰੂਪ ਹਰੀ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ। ਸੁ – ਉਹ। ਪ੍ਰਸੰਨੁ – ਪ੍ਰਸੰਨ ਹੋਣਾ, ਹੋਏ। ਸੁਪ੍ਰਸੰਨੁ – ਉਹ ਪ੍ਰਸੰਨ ਹੋਏ। ਨਾਮੁ – ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਨਾਲ। ਰਿਦੈ ਨਿਵਾਸੈ – ਹਿਰਦੇ ਵਿੱਚ ਵਸਾ ਲਿਆ। ਜਿਨੑ ਕਉ ਗੁਰੁ ਸੁਪ੍ਰਸੰਨੁ – ਜਿਹੜੇ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਪ੍ਰਸੰਨ ਹੋਏ। ਦੁਰਤੁ ਦੂਰੰਤਰਿ ਨਾਸੈ – ਉਹ (ਅਵਤਾਰਵਾਦੀ) ਦੁਰਮਤਿ ਤੋਂ ਦੂਰ ਨੱਸ ਗਏ ਭਾਵ ਉਨ੍ਹਾਂ ਨੇ ਦੁਰਮਤਿ ਦਾ ਤਿਆਗ ਕਰ ਦਿੱਤਾ। ਗੁਰੁ ਜਿਨੑ ਕਉ ਸੁਪ੍ਰਸੰਨੁ – ਉਹ ਜਿਹੜੇ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਨਾਲ ਪ੍ਰਸੰਨ ਹੋਏ। ਮਾਨੁ ਅਭਿਮਾਨੁ ਨਿਵਾਰੈ – ਉਨ੍ਹਾਂ ਦਾ ਹਉਮੈ ਰੂਪੀ ਮਾਣ ਖ਼ਤਮ ਹੋਇਆ। ਜਿਨੑ ਕਉ ਗੁਰੁ ਸੁਪ੍ਰਸੰਨੁ – ਇਸ ਤਰ੍ਹਾਂ ਜਿਹੜੇ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਪ੍ਰਸੰਨ ਹੋਏ। ਸਬਦਿ ਲਗਿ ਭਵਜਲੁ ਤਾਰੈ – ਉਹ ਗਿਆਨ ਦੀ ਬਖ਼ਸ਼ਿਸ਼ ਨਾਲ ਜੁੜ ਕੇ (ਕਰਮ-ਕਾਂਡਾਂ) ਦੇ ਭਵਜਲ ਵਿੱਚ ਡੁੱਬਣ ਤੋਂ ਬਚ ਗਏ। ਸਬਦਿ – ਗਿਆਨ ਦੀ ਬਖ਼ਸ਼ਿਸ਼ ਨਾਲ। ਤਾਰੈ – ਤਰ ਜਾਣਾ ਭਾਵ ਡੁੱਬਣ ਤੋਂ ਬਚ ਜਾਣਾ, ਬਚ ਗਏ। ਪਰਚਉ – ਉਪਦੇਸ਼। ਪ੍ਰਮਾਣੁ – ਪ੍ਰਮਾਣਕ, ਮੰਨਿਆ ਭਾਵ ਮੰਨਦੇ ਹਨ (ਗੁ: ਗ੍ਰੰ: ਦਰਪਣ)। ਗੁਰ – ਗਿਆਨ। ਪਾਇਅਉ – ਪ੍ਰਾਪਤ ਕੀਤਾ। ਸਕਯਥਉ – ਸਫਲ। ਜਨਮੁ – ਜੀਵਨ। ਜਗਿ – ਜਗਤ, ਸੰਸਾਰੀ। ਸ੍ਰੀ – ਸ੍ਰੇਸ਼ਟ, ਉੱਤਮ। ਭਜੁ – ਪਉ, ਪੈਣਾ, ਪਏ। ਸ੍ਰੀ ਗੁਰੂ ਸਰਣਿ ਭਜੁ – ਉਹ ਜੋ ਉੱਤਮ ਗਿਆਨ ਦੀ ਸ਼ਰਨ ਪੈਂਦੇ ਹਨ। ਕਲ੍ਯ੍ਯ - ਅਗਿਆਨਤਾ ਦੇ ਹਨੇਰੇ ਵਿੱਚ। ਕਬਿ – ਜਦੋਂ। ਭੁਗਤਿ – ਚੂਰਮਾ। ਗਿਆਨ। (ਗੁ: ਗ੍ਰੰ: ਦਰਪਣ)। ਗੁਰੂ ਲਗਿ – ਗਿਆਨ ਦੀ ਸ਼ਰਨ ਪੈਣ ਨਾਲ।

ਅਰਥ:- ਹੇ ਭਾਈ! ਜਿਨ੍ਹਾਂ ਨੇ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਸੱਚ ਰੂਪ ਹਰੀ ਨੂੰ ਆਪਣੇ ਹਿਰਦੇ ਵਿੱਚ ਟਿਕਾਅ ਲਿਆ, ਉਹ ਪ੍ਰਸੰਨ ਹੋਏ ਭਾਵ ਉਨ੍ਹਾਂ ਦੇ ਜੀਵਨ ਵਿੱਚ ਖੇੜਾ ਆਇਆ। ਜਿਹੜੇ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਨਾਲ ਪ੍ਰਸੰਨ ਹੋਏ ਭਾਵ ਜਿਨ੍ਹਾਂ ਦੇ ਜੀਵਨ ਵਿੱਚ ਖੇੜਾ ਆਇਆ ਉਹ (ਅਵਤਾਰਵਾਦੀਆਂ ਦੀ) ਦੁਰਮਤਿ ਤੋਂ ਦੂਰ ਨੱਸ ਗਏ ਭਾਵ ਉਨ੍ਹਾਂ ਨੇ ਦੁਰਮਤਿ ਦਾ ਤਿਆਗ ਕਰ ਦਿੱਤਾ। ਜਿਹੜੇ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਨਾਲ ਪ੍ਰਸੰਨ ਹੋਏ, ਉਨ੍ਹਾਂ ਦਾ ਹਾਉਮੈ ਰੂਪੀ ਮਾਣ ਵੀ ਖ਼ਤਮ ਹੋਇਆ। ਇਸੇ ਤਰ੍ਹਾਂ ਜਿਹੜੇ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਨਾਲ ਪ੍ਰਸੰਨ ਹੋਏ, ਉਹ ਉਸ ਗਿਆਨ ਦੀ ਬਖ਼ਸ਼ਿਸ਼ ਨਾਲ ਜੁੜ ਕੇ (ਕਰਮ-ਕਾਂਡਾਂ) ਦੇ ਭਵਜਲ ਵਿੱਚ ਡੁੱਬਣ ਤੋਂ ਵੀ ਬਚ ਗਏ। ਜਿਹੜੇ ਇਹ ਗਿਆਨ ਦਾ ਉਪਦੇਸ਼ ਪ੍ਰਾਪਤ ਕਰਕੇ ਮੰਨਦੇ ਹਨ ਭਾਵ ਆਪਣੇ ਜੀਵਨ ਵਿੱਚ ਅਪਣਾਉਂਦੇ ਹਨ, ਉਨ੍ਹਾਂ ਦਾ ਸੰਸਾਰੀ ਜੀਵਨ ਸਫਲ ਹੈ। ਇਸ ਤਰ੍ਹਾਂ ਜਿਹੜੇ ਇਸ ਉੱਤਮ ਗਿਆਨ ਗੁਰੂ ਦੀ ਸ਼ਰਨ ਆ ਕੇ ਅਗਿਆਨਤਾ ਦੇ ਚੂਰਮੇ-ਭੰਡਾਰ ਤੋਂ ਜਦੋਂ ਮੁਕਤੀ ਪ੍ਰਾਪਤ ਕਰ ਲੈਂਦੇ ਹਨ, ਉਹ ਸਭ ਗਿਆਨ ਗੁਰੂ ਨਾਲ ਜੁੜ ਜਾਂਦੇ ਹਨ ਭਾਵ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾ ਲੈਂਦੇ ਹਨ।

ਸਤਿਗੁਰਿ ਖੇਮਾ ਤਾਣਿਆ ਜੁਗ ਜੂਥ ਸਮਾਣੇ।।

ਅਨਭਉ ਨੇਜਾ ਨਾਮੁ ਟੇਕ ਜਿਤੁ ਭਗਤ ਅਘਾਣੇ।।

ਗੁਰੁ ਨਾਨਕੁ ਅੰਗਦੁ ਅਮਰੁ ਭਗਤ ਹਰਿ ਸੰਗਿ ਸਮਾਣੇ।।

ਇਹੁ ਰਾਜ ਜੋਗ ਗੁਰ ਰਾਮਦਾਸ ਤੁਮੑ ਹੂ ਰਸੁ ਜਾਣੇ।। ੧੨।।

(ਪੰਨਾ ੧੩੯੮)

ਪਦ ਅਰਥ:-ਸਤਿਗੁਰਿ – ਸਤਿਗੁਰ ਨੇ। ਸਤਿਗੁਰਿ ਖੇਮਾ ਤਾਣਿਆ – ਉਸ ਸਦੀਵੀ ਸਥਿਰ ਰਹਿਣ ਵਾਲੇ ਨੇ ਆਪਣੀ ਬਖ਼ਸ਼ਿਸ਼ ਦਾ ਛਤ੍ਰ ਤਾਣਿਆ ਹੈ। ਜੂਥ – ਸਮੂੰਹ। ਜੁਗ – ਜਗਤ। ਸਮਾਣੇ – ਸਮਾਣਾ, ਲੀਨ ਹੋ ਜਾਣਾ। ਜੁਗ ਜੂਥ ਸਮਾਣੇ – ਸਮੂਹ ਜਗਤ, ਮਾਨਵਤਾ ਨੂੰ ਇੱਕਮੁਠ ਹੋ ਕੇ ਲੀਨ ਹੋ ਜਾਣਾ ਚਾਹੀਦਾ ਹੈ। ਅਨਭਉ – ਗਿਆਨ। (ਗੁ: ਗ੍ਰੰ: ਦਰਪਣ)। ਨੇਜਾ – ਨਿਸ਼ਾਨ, ਝੰਡਾ (ਮ: ਕੋਸ਼)। ਅਨਭਉ ਨੇਜਾ – ਗਿਆਨ ਦੇ ਝੰਡੇ ਹੇਠ। ਨਾਮੁ ਟੇਕ – ਸੱਚ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ, ਬਣਾ ਕੇ। ਜਿਤੁ – ਜਿਵੇਂ। ਭਗਤ – ਸੱਚ ਨੂੰ ਪ੍ਰਣਾਏ ਹੋਏ ਇਨਕਲਾਬੀ ਪੁਰਖ। ਅਘਾਣੇ – ਆ ਜਾਣਾ, ਟਿਕ ਜਾਣਾ। ਗੁਰੁ – ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ। ਨਾਨਕੁ – ਨਾਨਕ ਜੀ ਨੇ। ਅੰਗਦੁ – ਲਹਣਾ ਜੀ ਨੇ। ਅਮਰੁ – ਅਮਰਦਾਸ ਜੀ ਨੇ। ਨਾਨਕੁ – ਨਾਨਕ ਜੀ ਨੂੰ, ਨੇ, ਦਾ, ਦੇ, ਦੀ। ਅੰਗਦੁ – ਅੰਗਦ ਦੇਵ ਜੀ ਨੂੰ, ਨੇ, ਦਾ, ਦੇ, ਦੀ। ਅਮਰੁ – ਅਮਰਦਾਸ ਜੀ ਨੂੰ, ਨੇ, ਦਾ, ਦੇ, ਦੀ। ਹਰਿ – ਸੱਚ ਰੂਪ ਹਰੀ। ਸੰਗਿ ਸਮਾਣੇ – ਸੰਗ ਕਰਕੇ ਲੀਨ ਹੋ ਜਾਣਾ, ਇੱਕਮੁਠ ਹੋ ਜਾਣਾ, ਘੁਲਮਿਲ ਜਾਣਾ। ਰਾਜ – ਰਹੱਸ। ਜੋਗ – ਉੱਤਮ। ਗੁਰ – ਗਿਆਨ। ਤੁਮੑ ਹੂ – ਆਪ ਨੇ ਭੀ। ਰਸ ਜਾਣੇ – ਇਸ ਰਸ ਨੂੰ ਜਾਣਿਆ ਹੈ।

ਅਰਥ:- ਹੇ ਭਾਈ! ਸਦੀਵੀ ਸਥਿਰ ਰਹਿਣ ਵਾਲੇ ਸਤਿਗੁਰ ਨੇ ਆਪਣੀ ਬਖ਼ਸ਼ਿਸ਼ ਦਾ ਛਤ੍ਰ ਸਮੁੱਚੇ ਜਗਤ ਉੱਪਰ (ਬਗੈਰ ਰੰਗ, ਨਸਲ, ਜਾਤ-ਪਾਤ ਲਿੰਗ ਭੇਦ ਦੇ) ਤਾਣਿਆ ਹੈ, ਇਸ ਵਾਸਤੇ ਸਮੂੰਹ ਜਗਤ, ਸਮੁੱਚੀ ਮਾਨਵਤਾ ਨੂੰ ਇੱਕਮੁਠ ਹੋ ਕੇ ਉਸ ਦੀ ਬਖ਼ਸ਼ਿਸ਼ ਦੇ ਅਧੀਨ ਹੀ ਲੀਨ (ਇਕਮੁਠ ਭਾਵ ਇਕੱਠੇ) ਹੋਣਾ ਚਾਹੀਦਾ ਹੈ (ਭਾਵ ਗਰੁਪ ਇਜ਼ਮ ਤੋੜਨਾ ਚਾਹੀਦਾ ਹੈ)। ਜਿਵੇਂ ਭਗਤ-ਇਨਕਲਾਬੀ ਪੁਰਸ਼ ਸੱਚ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਗਿਆਨ ਦੇ ਇੱਕ ਝੰਡੇ ਥੱਲੇ (ਬਗੈਰ ਰੰਗ ਨਸਲ ਜਾਤ ਪਾਤ ਤੇ ਭੇਦ ਭਾਵ ਦੇ) ਟਿਕੇ ਭਾਵ ਇਕੱਠੇ ਹਨ, ਉਸੇ ਤਰ੍ਹਾਂ ਇਹ ਗਿਆਨ ਨਾਨਕ ਜੀ ਨੇ ਅਪਣਾਇਆ ਅਤੇ ਨਾਨਕ ਜੀ ਤੋਂ ਅੰਗਦ-ਲਹਣਾ ਜੀ ਨੇ ਅਤੇ ਅੰਗਦ ਜੀ ਤੋਂ ਅਮਰਦਾਸ ਜੀ ਨੇ ਅਪਣਾਇਆ। ਇਸ ਤਰ੍ਹਾਂ ਇਹ ਇਨਕਲਾਬੀ ਪੁਰਸ਼ ਗਿਆਨ ਦਾ ਸੰਗ ਕਰਕੇ ਸੱਚ ਰੂਪ ਹਰੀ ਦੇ ਸੱਚ ਵਿੱਚ ਲੀਨ ਹੋ ਗਏ। ਨਾਨਕ ਜੀ, ਲਹਣਾ ਜੀ, ਅਮਰਦਾਸ ਜੀ ਦੀ ਤਰ੍ਹਾਂ ਇਸ ਉੱਤਮ ਗਿਆਨ ਦੇ ਰਹੱਸ ਦੇ ਰਸ ਨੂੰ ਰਾਮਦਾਸ ਜੀ ਆਪ ਜੀ ਨੇ ਭੀ ਜਾਣਿਆ ਹੈ।




.