.

ਗੁਰਬਾਣੀ ਵਿਆਕਰਣ {ਸੰਕੇਤਕ ਜਾਣਕਾਰੀ}

ਵਿਆਕਰਣ -:

ਲਿਖਤ ਦੇ ਪਛੋਕੜ ਵਿਚ ਕੰਮ ਕਰਦੇ ਵਿਆਪਕ ਨਿਯਮਾਂ ਦੀ ਵਿਆਖਿਆ ਕਰਨ ਵਾਲੇ ਵਿਦਿਆ-ਵਿਗਿਆਨ ਨੂੰ ਵਿਆਕਰਣ ਸੰਗਿਆ (ਨਾਂਮ) ਦਿੱਤਾ ਜਾਂਦਾ ਹੈ।

ਲਿੱਪੀ- :

ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਵਰਤੀ ਜਾਣ ਵਾਲੀ ਧੁਨੀਆਤਮਿਕ-ਚਿੰਨ੍ਹਾਵਲੀ ਦਾ ਵਿਉਂਤ-ਬਧ ਢੰਗ ਨਾਲ ਉਲੀਕਿਆ ਰੂਪ ਨੂੰ ਲਿੱਪੀ ਆਖਿਆ ਜਾਂਦਾ ਹੈ।

ਪੈਂਤੀ ਅੱਖਰੀ -:

ਮੂਲ ਪੈਂਤੀ ਅੱਖਰਾਂ ਵਾਲੀ ਗੁਰਮੁਖੀ ਲਿੱਪੀ।

ਵਰਣ-ਮਾਲਾ -:

ਗੁਰਮੁਖੀ ਲਿੱਪੀ ਦੇ ਸਾਰੇ ਅਖੱਰਾਂ ਦੀ , ਪੰਜ ਵਰਗ ਅਤੇ ਸੱਤ ਟੋਲੀਆਂ ਸਮੇਤ ਨੂੰ ਵਰਣ-ਮਾਲਾ ਆਖਿਆ ਜਾਂਦਾ ਹੈ।

ਸ੍ਵਰ-ਧੁਨੀ-: 

ਐਸੀ ਧੁਨੀ ਜਿਸ ਦੇ ਉਚਾਰਣ ਵਿਚ ਕੰਠ ਅਤੇ ਮੂੰਹ ਵਿਚਲੇ ਕੋਈ ਦੋ ਅੰਗ ਆਪਸ ਵਿਚ ਨਾ ਮਿਲਣ ਉਸ ਨੂੰ ਸ੍ਵਰ ਧੁਨੀ ਕਹੀਦਾ ਹੈ।

ਵਿਅੰਜਨ ਧੁਨੀ -:

ਐਸੀ ਧੁਨੀ ਜਿਸ ਵਿਚ ਕੰਠ ਅਤੇ ਮੂੰਹ ਵਿਚਲੇ ਕੋਈ ਦੋ ਅੰਗ ਮਿਲਣ ‘ਤੇ ਫਿਰ ਭੀ ਕੋਈ ਰੁਕਾਵਟ ਨਾ ਪਵੇ ਉਸ ਨੂੰ ਵਿਅਜੰਨ ਧੁਨੀ ਆਖਦੇ ਹਨ।

ਨਾਸਕੀ -:

ਜਿਸ ਧੁਨੀ ਦੇ ਉਚਾਰਣ ਵਿਚ ਆਵਾਜ਼ ਦਾ ਕੁਝ ਅੰਸ਼ ਨੱਕ ਥਾਈਂ ਆਵੇ। ਅੱਜ ਅਸੀਂ ਜਿਸ ਨੂੰ ਬਿੰਦੀ ਭੀ ਆਖਦੇ ਹਾਂ। 

ਬਲ-ਧੁਨੀ -:

ਸ਼ਬਦ ਦੇ ਕਿਸੇ ਭੀ ਅਖੱਰ ਦੀ ਧੁਨੀ ‘ਤੇ ਵਿਸ਼ੇਸ਼ ਦਬਾਅ ਦੇ ਕੇ ਕੀਤਾ ਉਚਾਰਣ ਜਿਸ ਨੂੰ ਅੱਜ ਅਸੀਂ ‘ਅਧੱਕ’ ਨਾਂ ਦਿੰਦੇ ਹ।

ਪ੍ਰਾਣਤਾ -:

ਕਿਸੇ ਧੁਨੀ ਵਿਚ ਆਇਆ ਭਾਰਾ-ਪਨ ਨੂੰ ਪ੍ਰਾਣਤਾ ਆਖਿਆ ਜਾਂਦਾ ਹੈ।

ਸ੍ਵਰ ਅਖੱਰ -:

ਪੈਂਤੀ ਅਖੱਰਾਂ ਵਿਚ ‘ਉ, ਅ, ੲ’ ਨੂੰ ਸ੍ਵਰ ਅਖੱਰ ਆਖਿਆ ਜਾਂਦਾ ਹੈ ਅੰਗ੍ਰੇਜੀ ਵਿਚ ਇਹਨਾਂ ਨੂੰ ‘vowel carriers’ ਵੀ ਆਖਦੇ ਹਨ।

ਵਿਅੰਜਨ ਅਖੱਰ -:

‘ਸ’ ਤੋਂ ‘ੜ’ ਤੱਕ ਦੇ ਅਖੱਰਾਂ ਨੂੰ ਵਿਅਜੰਨ ਆਖਦੇ ਹਨ।

ਸ੍ਵਰ -:

‘ਉ, ਅ, ੲ’ ਨਾਲ ਢੁਕਵੀਆਂ ਲਗਾਂ-ਮਾਤ੍ਰਾਂ ਜੋੜ ਕੇ ਬਣਾਏ ਗਏ ਚਿੰਨ੍ਹ।

ਮਾਤ੍ਰਾ -:

ਕਿਸੇ ਸ੍ਵਰ ਦੇ ਉਚਾਰਣ ਵਿਚ ਜਿੰਨਾ ਸਮਾਂ ਲਗੇ ਉਸ ਨੂੰ ਮਾਤ੍ਰਾ ਆਖਿਆ ਜਾਂਦਾ ਹੈ।

ਹ੍ਰਸ੍ਵ-ਸ੍ਵਰ-:

ਐਸਾ ਸ੍ਵਰ ਜਿਸ ਦਾ ਉਚਾਰਣ ਇਕ ਮਾਤ੍ਰਾ ਜਿੰਨਾ ਹੋਵੇ ‘ਮੁਕਤਾ, ਔਂਕੜ, ਸਿਹਾਰੀ’ ਨੂੰ ਹ੍ਰਸ੍ਵ-ਸ੍ਵਰ ਆਖਿਆ ਜਾਂਦਾ ਹੈ।

ਦੀਰਘ-ਸ੍ਵਰ -:

ਐਸਾ ਸ੍ਵਰ ਜਿਸ ਦੇ ਉਚਾਰਣ ਵਿਚ ਇਕ ਮਾਤ੍ਰਾ ਤੋਂ ਦੂਣਾ ਸਮਾਂ ਲਗੇ। ‘ਬਿਹਾਰੀ, ਲਾਂਮ, ਦੁਲਾਵਾਂ, ਹੋੜਾ, ਕਨੌੜਾ’ ਆਦਿ ਨੂੰ ਦੀਰਘ ਸ੍ਵਰ ਆਖਿਆ ਜਾਂਦਾ ਹੈ।

ਪਿੰਗਲ-:

ਐਸੀ ਵਿਦਿਆ, ਜਿਸ ਤੋਂ ਛੰਦਾ-ਬੰਦੀ ਦੇ ਨੇਮਾਂ ਅਤੇ ਕਿਸਮਾਂ ਦੀ ਗਿਆਤ ਹੋਵੇ।

ਲਗਾਖਰ -:

ਲਗਾਂ ਦੇ ਅਖੀਰ ਵਿਚ ਲੱਗਣ ਅਤੇ ਬੋਲੇ ਜਾਣ ਵਾਲੇ ਚਿੰਨ੍ਹ {ਬਿੰਦੀ, ਟਿੱਪੀ, ਅੱਧਕ}।

ਅਗੇਤਰ -:

ਕਿਸੇ ਮੂਲ ਸ਼ਬਦ ਤੋਂ ਹੋਰ ਕੋਈ ਸ਼ਬਦ ਬਣਾਉਣ ਲਈ ਉਸ ਦੇ ਅੱਗੇ ਜੋੜਿਆ ਜਾਣ ਵਾਲਾ ਭਾਵਾਂਸ਼।

ਪਿਛੇਤਰ -:

ਕਿਸੇ ਮੂਲ ਸ਼ਬਦ ਤੋਂ ਹੋਰ ਕੋਈ ਸ਼ਬਦ ਬਣਾਉਣ ਲਈ ਉਸ ਦੇ ਪਿੱਛੇ ਜੋੜਿਆ ਜਾਣ ਵਾਲਾ ਭਾਵਾਸ਼।

ਨਾਂਵ -:

ਕਿਸੇ ਵਿਅਕਤੀ, ਵਸਤੂ, ਅਸਥਾਨ, ਗੁਣ, ਸੰਕਲਪ ਦਾ ਗਿਆਨ ਪ੍ਰਗਟ ਕਰਨ ਵਾਲੇ ਸ਼ਬਦ ਨੂੰ ਨਾਂਵ ਕਹੀਦਾ ਹੈ।

ਪੜਨਾਂਵ -:

ਕਿਸੇ ਨਾਂਵ ਦੀ ਥਾਂ ‘ਤੇ ਵਰਤੇ ਜਾਣ ਵਾਲੇ ਸ਼ਬਦ ਨੂੰ ਪੜਨਾਂਵ ਆਖੀਦਾ ਹੈ।

ਵਿਸ਼ੇਸ਼ਣ -:

ਕਿਸੇ ਨਾਂਵ ਜਾਂ ਪੜਨਾਂਵ ਦੀ ਵਿਸ਼ੇਸ਼ਤਾ ਦਰਸਾਉਣ ਵਾਲੇ ਸ਼ਬਦ ਨੂੰ ਵਿਸ਼ੇਸ਼ਣ ਆਖਿਆ ਜਾਂਦਾ ਹੈ।

ਕਿਰਿਆ -:

ਕਿਸੇ ਘਟਨਾ ਦੇ ਵਾਪਰਨ ਦੀ, ਵਾਪਰਨ ਦੇ ਸਮੇਂ ਸਹਿਤ ਜਾਣਕਾਰੀ ਦੇਣ ਵਾਲੇ ਸ਼ਬਦ ਨੂੰ ਕਿਰਿਆ ਕਹੀਦਾ ਹੈ।

ਕਿਰਿਆ-ਵਿਸ਼ੇਸ਼ਣ -:

ਕਿਸੇ ਕਿਰਿਆ ਜਾਂ ਵਿਸ਼ੇਸ਼ਣ ਦੀ ਕਿਰਿਆ ਦਰਸਾਉਣ ਵਾਲੇ ਸ਼ਬਦ ਨੂੰ ਕਿਰਿਆ ਵਿਸ਼ੇਸ਼ਣ ਆਖੀਦਾ ਹੈ।

ਸੰਬੰਧਕ -:

ਵਾਕ ਦੇ ਵੱਖ-ਵੱਖ ਵਿਆਕਰਣਿਕ ਅੰਗਾ ਦਾ ਪਰਸਪਰ ਸੰਬੰਧ ਜੋੜਣ ਵਾਲਾ ਸ਼ਬਦ।

ਯੋਜਕ -:

ਦੋ ਸ਼ਬਦਾਂ, ਵਾਕਾਂ ਦਾ ਪਰਸਪਰ ਸੰਬੰਧ ਜੋੜਨ ਵਾਲਾ ਸ਼ਬਦ।

ਵਿਸਮਿਕ -:

ਕਿਸੇ ਖ਼ੁਸ਼ੀ, ਗ਼ਮੀ, ਪ੍ਰਸੰਸਾ ਆਦਿ ਦੇ ਤੀਬਰ ਜਜ਼ਬੇ ਦੇ ਪ੍ਰਗਟਾਅ ਲਈ ਆਪ -ਮੁਹਾਰੇ ਮੂੰਹ ‘ਚੋਂ ਨਿਕਲਿਆ ਸ਼ਬਦ।

ਹਰਜਿੰਦਰ ਸਿੰਘ ‘ਘੜਸਾਣਾ’

khalsasingh.hs@gmail.com




.