.

☬ ਗੂਜਰੀ ਕੀ ਵਾਰ ਮਹਲਾ ੩ ☬

(ਪੰ: 508-517)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-੭)

(ਲੜੀ ਜੋੜਣ ਲਈ, ਸਟੀਕ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਪਉੜੀ ਨੰ: ੨ ਦਾ ਮੂਲ ਪਾਠ, ਸਲੋਕਾਂ ਸਮੇਤ)

ਸਲੋਕੁ ਮਃ ੩॥ ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ॥ ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ॥ ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ॥ ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ॥ ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ॥ ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ॥ ੧ 

ਮਃ ੩॥ ਸਚਾ ਨਾਮੁ ਧਿਆਈਐ ਸਭੋ ਵਰਤੈ ਸਚੁ॥ ਨਾਨਕ ਹੁਕਮੁ ਬੁਝਿ ਪਰਵਾਣੁ ਹੋਇ ਤਾ ਫਲੁ ਪਾਵੈ ਸਚੁ॥ ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲਿ ਨ ਬੁਝਈ ਅੰਧਾ ਕਚੁ ਨਿਕਚੁ॥ ੨ 

ਪਉੜੀ॥ ਸੰਜੋਗੁ ਵਿਜੋਗੁ ਉਪਾਇਓਨੁ ਸ੍ਰਿਸਟੀ ਕਾ ਮੂਲੁ ਰਚਾਇਆ॥ ਹੁਕਮੀ ਸ੍ਰਿਸਟਿ ਸਾਜੀਅਨੁ ਜੋਤੀ ਜੋਤਿ ਮਿਲਾਇਆ॥ ਜੋਤੀ ਹੂੰ ਸਭੁ ਚਾਨਣਾ ਸਤਿਗੁਰਿ ਸਬਦੁ ਸੁਣਾਇਆ॥ ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਸਿਰਿ ਧੰਧੈ ਲਾਇਆ॥ ਮਾਇਆ ਕਾ ਮੂਲੁ ਰਚਾਇਓਨੁ ਤੁਰੀਆ ਸੁਖੁ ਪਾਇਆ॥ ੨ 

(ਪਉੜੀ ੨, ਸਟੀਕ, ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

(ਇਸ ਪਉੜੀ ਦਾ ਪਹਿਲਾ ਭਾਗ ਕਿਸ਼ਤ ਨੰ: ੬ `ਚ ਦੇ ਚੁੱਕੇ ਹਾਂ ਹੁਣ ਕਿਸ਼ਤ ਨੰ: ੭ `ਚ ਉਸ ਤੋਂ ਅੱਗੇ)

ਗੁਰਮੱਤ ਵਿਚਾਰ ਦਰਸ਼ਨ- (i) ਪਉੜੀ `ਚ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਹੈ:-ਪ੍ਰਭੂ ਨੇ ਆਪਣੇ ਹੁਕਮ `ਚ ਸ੍ਰਿਸ਼ਟੀ ਦੀ ਸਾਜਨਾ ਕੀਤੀ ਤੇ ਆਪਣੀ ਜੌਤ ਤੋਂ ਜੋਤ ਪਾ ਕੇ ਜੀਵਾਂ ਅੰਦਰ ਜ਼ਿੰਦਗੀ ਦਾ ਮੁੱਢ ਬੰਨ੍ਹਿਆ। ਉਪ੍ਰੰਤ ਪ੍ਰਭੂ ਨੇ ਸੰਜੋਗ ਤੇ ਵਿਜੋਗ ਦੇ ਰੂਪ `ਚ ਜੀਵਾਂ ਵਿਚਾਲੇ ਮਿਲਾਪ ਤੇ ਵਿਛੋੜੇ ਵਾਲੇ ਨਿਯਮ ਨੂੰ ਵੀ ਕਾਇਮ ਕੀਤਾ।

ਜੀਵਾਂ ਅੰਦਰ ਗਿਆਨ ਦਾ ਪ੍ਰਕਾਸ਼ ਹੋ ਸਕੇ, ਜੀਵ ਅਗਿਆਨਤਾ ਦੇ ਹਨੇਰੇ `ਚ ਠੋਕਰਾਂ ਨਾ ਖਾਂਦੇ ਰਹਿਣ, ਪ੍ਰਭੂ ਨੇ ਆਪ ਸ਼ਬਦ ਰੂਪ ਹੋ ਕੇ ਜੋਤੀ ਹੂੰ ਸਭੁ ਚਾਨਣਾ, ਸਤਿਗੁਰਿ ਸਬਦੁ ਸੁਣਾਇਆ” ਅਥਵਾ “ਸਭ ਮਹਿ ਰਹਿਆ ਸਮਾਇ” (ਪੰ: ੭੫੯) ਅਨੁਸਾਰ ਇਨ੍ਹਾਂ ਜੀਵਾਂ ਅੰਦਰ ਆਪਣੇ ਸਦੀਵੀ ਗਿਆਨ ਦਾ ਪ੍ਰਕਾਸ਼ ਵੀ ਕਰ ਦਿੱਤਾ ਤੇ ਇਸ ਤਰ੍ਹਾਂ ਉਹ ਆਪ ਸਾਰਿਆਂ `ਚ ਵੱਸ ਵੀ ਰਿਹਾ ਹੈ।

ਜੀਵਾਂ ਦੀ ਉੱਤਪਤੀ, ਪਾਲਨਾ ਤੇ ਉਨ੍ਹਾਂ ਨੂੰ ਸਮੇਟਣ ਵਾਲੇ ਤਿੰਨ ਗੁਣ ਕਾਇਮ ਕਰ ਕੇ, ਪ੍ਰਭੂ ਨੇ ਜੀਵਾਂ ਨੂੰ ਧੰਦਿਆਂ `ਚ ਵੀ ਲਗਾ ਦਿੱਤਾ। ਇਸ ਤਰ੍ਹਾਂ ਅਕਾਲਪੁਰਖ ਨੇ ਆਪਣੀ ਸ੍ਰਿਸ਼ਟੀ ਰਚਨਾ ਵਾਲੀ ਇਸ ਸਾਰੀ ਖੇਡ ਨੂੰ ਚਲਾਉਣ ਲਈ ਤ੍ਰੈ ਗੁਣੀ ਮਾਇਆ ਦਾ ਮੂਲ ਬੰਨ੍ਹਿਆਂ। ਜਦਕਿ ਇਸੇ ਤ੍ਰੈ ਗੁਣੀ ਮਾਇਆ `ਚ ਰਹਿੰਦੇ ਤੇ ਵਿਚਰਦੇ ਹੋਏ, ਜਿਹੜੇ ਜੀਵ ਮਾਇਆ ਦੇ ਚੌਥੇ ਅਥਵਾ ਤੁਰੀਆ ਪਦ ਨੂੰ ਪ੍ਰਾਪਤ ਹੋ ਜਾਂਦੇ ਹਨ ਉਹ ਆਪਣੇ ਅੰਦਰੌਂ ਪ੍ਰਭੂ ਦੀ ਪਹਿਚਾਣ ਕਰ ਲੈਂਦੇ ਤੇ “ਤੁਰੀਆ ਸੁਖੁ ਪਾਇਆ” ਪ੍ਰਭੂ `ਚ ਹੀ ਲੀਨ ਹੋ ਜਾਂਦੇ ਹਨ। ਇਸ ਤਰ੍ਹਾਂ ਅਜਿਹੇ ਜੀਵ ਆਪਣੇ ਜੀਵਨ ਦੇ ਅਸਲ ਸੁਖ ਤੇ ਸਫ਼ਲਤਾ ਨੂੰ ਪ੍ਰਾਪਤ ਕਰ ਲੈਂਦੇ ਹਨ, ਸਫ਼ਲ ਜਨਮ ਹੋ ਜਾਂਦੇ ਹਨ, ਉਨ੍ਹਾਂ ਦਾ ਜਨਮ ਵਿਅਰਥ ਨਹੀਂ ਹੁੰਦਾ।

() “ਬ੍ਰਹਮਾ ਬਿਸਨੁ ਮਹੇਸੁ, ਤ੍ਰੈ ਗੁਣ ਸਿਰਿ…” - ਧਿਆਨ ਦੇਣਾ ਹੈ ਕਿ ਇਥੇ “ਬ੍ਰਹਮਾ, ਵਿਸ਼ਨੂ, ਮਹੇਸ਼” ਸ਼ਬਦਾਵਲੀ ਤਿੰਨ ਵਿਅਕਤੀਆਂ ਲਈ ਨਹੀਂ, ਪ੍ਰਭੂ ਰਾਹੀਂ ਜੀਵਾਂ ਦੀ “ਉਤਪਤੀ, ਪਾਲਨਾ ਤੇ ਸਮੇਟਣ” ਵਾਲੇ “ਤ੍ਰੈ ਗੁਣ ਸਿਰਿ…” ਤਿੰਨ ਗੁਣਾਂ ਨੂੰ ਸਾਜਨ ਦੇ ਵਿਸ਼ੇ ਲਈ ਹੋ ਰਹੀ ਹੈ, ਨਾ ਕਿ ਪੁਰਾਤਣ ਵਿਸ਼ਵਾਸਾਂ ਅਨੁਸਾਰ ਪ੍ਰਚਲਤ ਤੇ ਮੰਨੇ ਜਾਂਦੇ “ਬ੍ਰਹਮਾ, ਵਿਸ਼ਨੂ, ਮਹੇਸ਼” ਦੀ। ਕਿਉਂਕਿ ਗੁਰਮੱਤ ਕੇਵਲ ਇਕੋ ਇੱਕ ਅਕਾਲਪੁਰਖ ਦੀ ਗੱਲ ਹੀ ਕਰਦੀ ਹੈ, ਕਿਸੇ ਵੀ ਤਰ੍ਹਾਂ ਦੀਆਂ ਦੇਵੀਆਂ ਜਾਂ ਦੇਵਤਿਆ ਦੀ ਨਹੀਂ ਜਿਵੇਂ:-

(ੳ) “ਕਰਣ ਕਾਰਣ ਪ੍ਰਭੁ ਏਕੁ ਹੈ, ਦੂਸਰ ਨਾਹੀ ਕੋਇ॥ ਨਾਨਕ ਤਿਸੁ ਬਲਿਹਾਰਣੈ, ਜਲਿ ਥਲਿ ਮਹੀਅਲਿ ਸੋਇ” (ਪੰ: ੨੭੬)

(ਅ) “ਆਪੇ ਪਟੀ ਕਲਮ ਆਪਿ, ਉਪਰਿ ਲੇਖੁ ਭਿ ਤੂੰ॥ ੲੈਕੋ ਕਹੀਐ ਨਾਨਕਾ, ਦੂਜਾ ਕਾਹੇ ਕੂ” (ਪੰ: ੧੨੯੧)

(ੲ) “ਜੇਤਾ ਸਬਦੁ ਸੁਰਤਿ ਧੁਨਿ ਤੇਤੀ, ਜੇਤਾ ਰੂਪੁ ਕਾਇਆ ਤੇਰੀ॥ ਤੂੰ ਆਪੇ ਰਸਨਾ, ਆਪੇ ਬਸਨਾ, ਅਵਰੁ ਨ ਦੂਜਾ ਕਹਉ ਮਾਈ॥ ੧ ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ, ਭਾਈ ਏਕੋ ਹੈ” (ਪੰ: ੩੫੦)

(ਸ) “ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ, ਤੁਧੁ ਜੇਵਡੁ ਅਵਰੁ ਨ ਕੋਈ॥ ਤੂੰ ਜੁਗੁ ਜੁਗੁ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲੁ ਕਰਤਾ ਸੋਈ॥ ਤੁਧੁ ਆਪੇ ਭਾਵੈ, ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੁ ਹੋਈ॥ ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ, ਤੁਧੁ ਆਪੇ ਸਿਰਜਿ ਸਭ ਗੋਈ” (ਪੰ: ੩੪੮) ਆਦਿ ਵਿਸ਼ੇ ਨਾਲ ਸੰਬੰਧਤ ਗੁਰਬਾਣੀ `ਚ ਹੋਰ ਬੇਅੰਤ ਫ਼ੁਰਮਾਨ ਪ੍ਰਾਪਤ ਹਨ।

ਇਸ ਦੇ ਨਾਲ ਨਾਲ ਇਹ ਵੀ ਸਮਝਣਾ ਹੈ ਕਿ ਗੁਰਮੱਤ ਕਿਸੇ ਪ੍ਰਕਾਰ ਦੇ ਦੇਵੀ ਦੇਵਤਾ ਵਾਦ ਜਾਂ ਅਵਤਾਰਵਾਦ ਆਦਿ ਦੀ ਹੋਂਦ `ਚ ਵੀ ਵਿਸ਼ਵਾਸ ਨਹੀਂ ਰਖਦੀ। ਗੁਰਮੱਤ ਅਨੁਸਾਰ ਤਾਂ:-

“ਦੇਵੀ ਦੇਵਾ ਪੂਜਹਿ ਡੋਲਹਿ, ਪਾਰਬ੍ਰਹਮ ਨਹੀ ਜਾਨਾ॥ ਕਹਤ ਕਬੀਰ ਅਕੁਲੁ ਨਹੀ ਚੇਤਿਆ, ਬਿਖਿਆ ਸਿਉ ਲਪਟਾਨਾ” (ਪੰ: ੩੩੨) ਹੋਰ

“ਦੇਵੀ ਦੇਵਾ ਪੂਜੀਐ ਭਾਈ, ਕਿਆ ਮਾਗਉ ਕਿਆ ਦੇਹਿ” (ਪੰ: ੬੩੭) ਪੁਨਾ

“ਜਉ ਜਾਚਉ ਤਉ ਕੇਵਲ ਰਾਮ॥ ਆਨ ਦੇਵ ਸਿਉ ਨਾਹੀ ਕਾਮ” (ਪੰ: ੧੧੬੩) ਅਤੇ

“ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ” (ਪੰ: ੧੨੯) ਇਸੇ ਤਰ੍ਹਾਂ

“ਬੇਦ ਪੜੇ ਪੜਿ ਬ੍ਰਹਮੇ ਹਾਰੇ, ਇਕੁ ਤਿਲੁ ਨਹੀ ਕੀਮਤਿ ਪਾਈ॥ ਸਾਧਿਕ ਸਿਧ ਫਿਰਹਿ ਬਿਲਲਾਤੇ, ਤੇ ਭੀ ਮੋਹੇ ਮਾਈ॥ ੨ ਦਸ ਅਉਤਾਰ ਰਾਜੇ ਹੋਇ ਵਰਤੇ, ਮਹਾਦੇਵ ਅਉਧੂਤਾ॥ ਤਿਨੑ ਭੀ ਅੰਤੁ ਨ ਪਾਇਓ ਤੇਰਾ, ਲਾਇ ਥਕੇ ਬਿਭੂਤਾ” (ਪੰ: ੭੪੭) ਇਸੇ ਤਰ੍ਹਾਂ

“ਭੈਰਉ ਭੂਤ ਸੀਤਲਾ ਧਾਵੈ॥ ਖਰ ਬਾਹਨੁ ਉਹੁ ਛਾਰੁ ਉਡਾਵੈ॥ ੧॥ ਹਉ ਤਉ ਏਕੁ ਰਮਈਆ ਲੈ ਹਉ॥ ਆਨ ਦੇਵ ਬਦਲਾਵਨਿ ਦੈ ਹਉ …” (ਪੰ: ੮੭੪) ਇਤਿਆਦਿ ਬੇਅੰਤ ਗੁਰਬਾਣੀ ਫ਼ੁਰਮਾਨ।

ਪਉੜੀ ਅਤੇ ਸਲੋਕਾਂ ਦੀ ਆਪਸੀ ਸਾਂਝ-ਜਿਵੇਂ ਹਰੇਕ ਵਾਰ ਦੀ ਹਰੇਕ ਪਉੜੀ ਨਾਲ ਲਗਦੇ ਸਲੋਕ, ਉਸ ਪਉੜੀ ਵਿਸ਼ੇਸ਼ `ਚ ਆਈ ਵਿਚਾਰ ਦੀ ਵਿਆਖਿਆ ਵਜੋਂ ਹੀ ਹੁੰਦੇ ਹਨ। ਇਸੇ ਤਰ੍ਹਾਂ ਇਥੇ ਪਹਿਲੇ ਸਲੋਕ “ਸਾਹਿਬੁ ਮੇਰਾ ਸਦਾ ਹੈ” `ਚ ਗੁਰਦੇਵ ਫ਼ੁਰਮਾਉਂਦੇ ਹਨ, ਪ੍ਰਭੂ ਅਵਿਨਾਸੀ ਤੇ ਸਦਾ ਥਿਰ ਹੈ, ਉਹ ਕਦੇ ਜਨਮ ਮਰਨ `ਚ ਨਹੀਂ ਆਉਂਦਾ।

ਨਾਲ ਇਹ ਵੀ ਸਪਸ਼ਟ ਤੇ ਪੱਕਾ ਕੀਤਾ ਹੈ ਕਿ ਪ੍ਰਭੂ ਦੀ ਪਛਾਣ ਤੇ ਦਰਸ਼ਨ ਕੇਵਲ ਸ਼ਬਦ-ਗੁਰੂ ਦੀ ਕਮਾਈ ਨਾਲ ਹੋ ਸਕਦੇ ਹਨ। ਇਸ ਲਈ ਮਨੁੱਖ ਨੂੰ ਸਦਾ ਉਸ ਕਰਤੇ ਪ੍ਰਭੂ ਦੇ ਸਿਮਰਨ (ਸਿਫ਼ਤ ਸਲਾਹ) ਨਾਲ ਜੁੜੇ ਰਹਿਣਾ ਚਾਹੀਦਾ ਹੈ ਅਤੇ ਉਸ ਇਕੋ ਇੱਕ ਕਰਤੇ ਪ੍ਰਭੂ ਦਾ ਦਰ ਛੱਡ ਕੇ ਮਨੁੱਖ ਨੇ ਕਿਸੇ ਹੋਰ ਪਾਸੇ ਉੱਕਾ ਨਹੀਂ ਭਟਕਣਾ।

ਬਲਕਿ ਇਹ ਵੀ ਕਿ “ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ, ਅਵਰੀ ਕਉ ਚਿਤੁ ਲਾਇ॥ ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ” ਭਾਵ ਜਿਹੜੇ ਲੋਕ ਇਕੋ ਇੱਕ ਆਪਣੇ ਕਰਤੇ ਦੀ ਪਛਾਣ ਨਹੀਂ ਕਰਦੇ ਤੇ ਉਸਦਾ ਦਰ ਛੱਡ ਕੇ ਇਧਰ ਓਧਰ ਭਟਕਦੇ ਹਨ, ਅਜਿਹੇ ਲੋਕਾਂ ਦਾ ਮਨੁੱਖਾ ਜਨਮ ਤਾਂ ਬਿਰਥਾ ਜਾਂਦਾ ਹੀ ਹੈ। ਫ਼ਿਰ ਇਹ ਵੀ ਕੇਵਲ ਕਰਤਾ ਪ੍ਰਭੂ ਹੀ ਜਾਣਦਾ ਹੈ ਕਿ ਪ੍ਰਭੂ ਵੱਲੋਂ ਅਜਿਹੇ ਲੋਕਾਂ ਨੂੰ ਕਿਤਣੀਆਂ ਤੇ ਕਿਸ ਤਰ੍ਹਾਂ ਦੀਆਂ ਸਜ਼ਾਵਾਂ ਭੋਗਣੀਆਂ ਪੈਂਦੀਆਂ ਹਨ।

ਇਸੇ ਤਰ੍ਹਾਂ ਦੂਜੇ ਸਲੋਕ “ਸਚਾ ਨਾਮੁ ਧਿਆਈਐ, ਸਭੋ ਵਰਤੈ ਸਚੁ” `ਚ ਗੁਰਦੇਵ ਫ਼ੁਰਮਾਉਂਦੇ ਹਨ, ਸਮੁਚੀ ਰਚਨਾ ਕੇਵਲ ਉਸ ਸਦਾ ਥਿਰ ਪ੍ਰਭੁ ਦਾ ਵਰਤਾਰਾ ਹੈ। ਇਸ ਲਈ ਜਿਹੜੇ ਉਸ ਕਰਤੇ ਦੀ ਹੁਕਮ ਰੂਪੀ ਖੇਡ ਨੂੰ ਪਛਾਣ ਕੇ ਅਤੇ ਅਨੁਸਾਰੀ ਹੋ ਕੇ ਜੀਵਨ ਬਤੀਤ ਕਰਦੇ ਹਨ ਉਹ ਪ੍ਰਭੂ ਦੇ ਦਰ `ਤੇ ਕਬੂਲ ਹੋ ਜਾਂਦੇ ਹਨ। ਉਨ੍ਹਾਂ ਦਾ ਇਹ ਲੋਕ ਵੀ ਤੇ ਪ੍ਰਲੋਕ ਵੀ ਦੋਵੇਂ ਸੁਹੇਲੇ ਹੋ ਜਾਂਦੇ ਹਨ।

ਦੂਜੇ “ਕਥਨੀ ਬਦਨੀ ਕਰਤਾ ਫਿਰੈ, ਹੁਕਮੈ ਮੂਲਿ ਨ ਬੁਝਈ ਅੰਧਾ ਕਚੁ ਨਿਕਚੁ” ਅਨੁਸਾਰ ਜਿਹੜੇ ਲੋਕ ਗਲਾਂ ਤਾਂ ਬੜੀਆਂ ਵਧ ਚੜ੍ਹ ਕੇ ਕਰਦੇ ਹਨ ਪਰ ਪ੍ਰਭੂ ਦੀ ਕਰਣੀ `ਤੇ ਕਿਉਂ-ਕਿੰਤੂ ਤੇ ਪ੍ਰਭੂ ਨੂੰ ਉਲਾਹਣਿਆਂ `ਚ ਵੀ ਪਏ ਰਹਿੰਦੇ ਹਨ, ਉਨ੍ਹਾਂ ਦਾ ਇਹ ਜਨਮ ਵੀ “ਅੰਧਾ ਕਚੁ ਨਿਕਚੁ” ਅਗਿਆਨਤਾ ਦੇ ਹਨੇਰੇ `ਚ ਠੋਕਰਾਂ ਖਾਂਦੇ ਬੀਤਦਾ ਹੈ ਤੇ ਸਰੀਰਕ ਮੌਤ ਤੋਂ ਬਾਅਦ ਵੀ ਕਚੁ ਨਿਕਚੁ” ਮੁੜ ਜਨਮਾਂ-ਜੂਨਾਂ ਦੇ ਗੇੜ `ਚ ਹੀ ਪੈਂਦੇ ਹਨ। ਇਸ ਤਰ੍ਹਾਂ ਅਜਿਹੇ ਲੋਕ ਆਤਮਕ ਪੱਖੋਂ ਜੀਵਨ ਭਰ ਮੁਰਦਾ ਹੁੰਦੇ ਹਨ, ਉਹ ਆਪਣਾ ਇਹ ਲੋਕ ਵੀ ਤੇ ਪ੍ਰਲੋਕ ਵੀ ਦੋਵੇਂ ਗੁਆ ਲੈਂਦੇ ਹਨ।

ਹੁਣ ਜੇਕਰ ਪਉੜੀ “ਸੰਜੋਗੁ ਵਿਜੋਗੁ ਉਪਾਇਓਨੁ. .” ਦੇ ਅਰਥਾਂ ਤੇ ਪਉੜੀ ਨਾਲ ਸੰਬੰਧਤ “ਗੁਰਮੱਤ ਵਿਚਾਰ ਦਰਸ਼ਨ” ਨੂੰ ਦੋਬਾਰਾ ਗਹੁ ਨਾਲ ਵਿਚਾਰਾਂਗੇ ਤਾਂ ਸਪਸ਼ਟ ਹੁੰਦੇ ਦੇਰ ਨਹੀਂ ਲਗੇਗੀ ਕਿ ਗੁਰਦੇਵ ਨੇ ਮੂਲ ਰੂਪ `ਚ ਪਉੜੀ `ਚ ਵੀ ਇਕੋ ਇੱਕ ਕਰਤੇ ਪ੍ਰਭੂ, ਉਸ ਰਾਹੀਂ ਸ੍ਰਿਸ਼ਟੀ ਦੀ ਰਚਨਾ, ਜੀਵਾਂ ਦੀ ਉਤਪੱਤੀ, ਸੰਭਾਲ ਤੇ ਸੰਘਾਰ, ਉਨ੍ਹਾਂ ਨਾਲ ਸ਼ੰਬੰਧਤ ਸੰਜੋਗ-ਵਿਜੋਗ ਆਦਿ ਦੇ ਵਿਸ਼ੇ, ਉਪ੍ਰੰਤ ਇਥੇ ਮਨੁੱਖਾ ਜਨਮ ਦੇ ਗੁਰਮੁਖ ਤੇ ਮਨਮੁਖ ਅਥਵਾ ਸਫ਼ਲ ਤੇ ਅਸਫ਼ਲ ਪੱਖਾਂ ਨੂੰ ਹੀ ਬਿਆਣਿਆ ਹੈ।

ਹੁਣ ਪਉੜੀ ਤੇ ਸਲੋਕਾਂ ਦੀ ਕੀਤੀ ਜਾ ਚੁੱਕੀ ਅਰਥ ਵਿਚਾਰ ਦੌਰਾਨ ਕੀਤੇ ਵਾਇਦੇ ਅਨੁਸਾਰ

“ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ…” ਸੰਬੰਧੀ ਗੁਰਬਾਣੀ ਆਧਾਰਤ ਕੁੱਝ ਵਿਚਾਰ ਤੇ ਵੇਰਵਾ ਇਸ ਤਰ੍ਹਾ ਹੈ:-

ਗੁਰਬਾਣੀ `ਚ “ਨਿਹਫਲੁ ਤਿਨ ਕਾ ਜੀਵਿਆ” ਲਈ ਹੀ “ਬਿਰਥਾ ਜਨਮੁ ਗਵਾਇਆ”, “ਕਿਤੁ ਆਏ ਸੰਸਾਰਾ”, “ਮਨਮੁਖ ਜਨਮੁ ਭਇਆ ਹੈ ਬਿਰਥਾ”, “ਮਰਿ ਮਰਿ ਜਨਮੈ ਪਤਿ ਗਵਾਏ”, “ਮਨਮੁਖਾ ਨੋ ਫਿਰਿ ਜਨਮੁ ਹੈ”, “ਬਿਰਥਾ ਜਨਮੁ ਤਿਨ ਜਾਇਬਾ”, ਅਹਿਲਾ ਜਨਮੁ ਗਵਾਇਆ” ਇਸੇ ਤਰ੍ਹਾਂ “ਬਿਰਥਾ” ਤੇ “ਨਿਹਫਲੁ” ਸ਼ਬਦਾਵਲੀ ਗੁਰਬਾਣੀ `ਚ ਹੋਰ ਵੀ ਕਈ ਰੂਪਾਂ `ਚ ਪਰ ਮਨੁੱਖਾ ਜਨਮ ਦੇ ਅਸਫ਼ਲ ਹੋਣ ਦੇ ਅਰਥਾਂ ਸੰਬੰਧੀ ਬੇਅੰਤ ਵਾਰ ਆਈ ਹੈ ਜਿਵੇਂ:-

“ਬਿਨੁ ਸਾਧੂ ਜੋ ਜੀਵਨਾ ਤੇਤੋ ਬਿਰਥਾਰੀ॥ ਮਿਲਤ ਸੰਗਿ ਸਭਿ ਭ੍ਰਮ ਮਿਟੇ ਗਤਿ ਭਈ ਹਮਾਰੀ” (ਪੰ: ੮੧੦)

ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਹੁ ਭਾਈ॥ ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ (ਪੰ: ੧੧੦੩)

ਵੈ ਸੁਤ ਵੈ ਬਿਤ ਵੈ ਪੁਰ ਪਾਟਨ ਬਹੁਰਿ ਨ ਦੇਖੈ ਆਇ॥ ਕਹਤੁ ਕਬੀਰੁ ਰਾਮੁ ਕੀ ਨ ਸਿਮਰਹੁ ਜਨਮੁ ਅਕਾਰਥੁ ਜਾਇ (ਪੰ: ੧੧੨੪)

“ਬਿਨੁ ਭਗਤੀ ਬਿਸਟਾ ਵਿਚਿ ਵਾਸਾ, ਬਿਸਟਾ ਵਿਚਿ ਫਿਰਿ ਪਾਇਦਾ” (ਪੰ: ੧੦੬੧)

“ਧ੍ਰਿਗੁ ਧ੍ਰਿਗੁ ਖਾਇਆ, ਧ੍ਰਿਗੁ ਧ੍ਰਿਗੁ ਸੋਇਆ, ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ॥ ਧ੍ਰਿਗੁ ਸਰੀਰੁ ਕੁਟੰਬ ਸਹਿਤ ਸਿਉ, ਜਿਤੁ ਹੁਣਿ ਖਸਮੁ ਨ ਪਾਇਆ॥ ਪਉੜੀ ਛੁੜਕੀ ਫਿਰਿ ਹਾਥਿ ਨ ਆਵੈ, ਅਹਿਲਾ ਜਨਮੁ ਗਵਾਇਆ” (ਪੰ: ੭੯੬)

ਨਾਮਹੁ ਭੂਲੇ ਮਰਹਿ ਬਿਖੁ ਖਾਇ॥ ਬ੍ਰਿਥਾ ਜਨਮੁ ਫਿਰਿ ਆਵਹਿ ਜਾਇ (ਪੰ: ੧੧੭੫)

ਬਿਨੁ ਸਿਮਰਨ ਕੋਟਿ ਬਰਖ ਜੀਵੈ ਸਗਲੀ ਅਉਧ ਬ੍ਰਿਥਾਨਦ॥ ਏਕ ਨਿਮਖ ਗੋਬਿੰਦ ਭਜਨੁ ਕਰਿ ਤਉ ਸਦਾ ਸਦਾ ਜੀਵਾਨਦ (ਪੰ: ੧੨੦੪)

ਜਦਕਿ ਇਹ ਵੀ ਸਮਝਣਾ ਹੈ ਕਿ ਗੁਰਬਾਣੀ `ਚ ਪ੍ਰਕਰਣ ਅਨੁਸਾਰ ਕਿਧਰੇ-ਕਿਧਰੇ ਇਹ ਲਫ਼ਜ਼ ਬਿਰਥਾ, ਜਨਮ ਦੌਰਾਨ ਹੀ ਜੀਵਨ ਦੀ ਭਟਕਣਾ, ਪਲ ਪਲ ਦਾ ਜਨਮ ਮਰਨ ਤੇ ਜੂਨਾਂ ਜਾਂ ਕੁੱਝ ਹੋਰ ਅਰਥਾਂ `ਚ ਵੀ ਆਇਆ ਹੈ ਪਰ ਅਜਿਹਾ ਬਹੁਤ ਘਟ ਹੋਇਆ ਹੈ।

ਤਾਂ ਫ਼ਿਰ ਗੁਰਬਾਣੀ ਅਨੁਸਾਰ ਨਿਹਫਲ ਜਾਂ ਬਿਰਥਾ ਜਨਮ ਕੀ ਹੈ? ਮੂਲ ਰੂਪ `ਚ ਗੁਰਬਾਣੀ `ਚ ਮਨੁੱਖਾ ਜਨਮ ਲਈ ਬਿਰਥਾ ਜਾਂ ਨਿਹਫ਼ਲ ਜਨਮ ਆਦਿ ਸ਼ਬਦਾਵਲੀ ਦੇ ਅਰਥ ਇਕੋ ਹੀ ਆਏ ਹਨ। ਤਾਂ ਤੇ ਅਜਿਹੀ ਸ਼ਬਦਾਵਲੀ ਦੇ ਗੁਰਬਾਣੀ ਅਨੁਸਾਰ ਅਰਥ ਹਨ ਜੀਉਂਦੇ ਜੀਅ ਵੀ ਆਤਮਕ ਮੌਤ ਤੇ ਸਰੀਰਕ ਮੌਤ ਤੋਂ ਬਾਅਦ ਵੀ ਮੁੜ ਜਨਮ-ਮਰਨ ਤੇ ਜੂਨਾਂ ਦੇ ਗੇੜ। ਜੀਉਂਦੇ ਜੀਅ ਵੀ ਵਿਕਾਰਾਂ ਦੀ ਮਾਰ, ਜੀਵਨ ਭਰ ਖੁਆਰੀਆਂ, ਚਿੰਤਾ-ਝੋਰੇ, ਭਟਕਣਾ, ਤ੍ਰਿਸ਼ਨਾ ਆਦਿ ਤੇ ਸਰੀਰਕ ਮੌਤ ਬਾਅਦ ਵੀ ਜੀਵ ਲਈ “ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ॥ ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ…” (ਪੰ: ੧੫੬) ਭਾਵ ਉਹੀ ਜਨਮਾਂ-ਜੂਨਾਂ ਤੇ ਭਿੰਨ ਭਿੰਨ ਗਰਭਾਂ ਦੇ ਦੁਖ।

ਇਸ ਤਰ੍ਹਾਂ ਜੀਉਂਦੇ ਜੀਅ ਵੀ ਆਤਮਕ ਪੱਖੋਂ ਮੁਰਦਾ ਸਰੀਰ ਤੇ ਸਰੀਰਕ ਮੌਤ ਤੋਂ ਬਾਅਦ ਵੀ ਪ੍ਰਭੂ ਦੇ ਦਰ `ਤੇ ਕਬੂਲ ਨਾ ਹੋਣਾ। ਮਨੁੱਖਾ ਜਨਮ ਪਾ ਕੇ ਵੀ ਜੀਵ ਰਾਹੀਂ ਆਪਣਾ ਹਲਤ ਤੇ ਪਲਤ, ਦੋਨਾਂ ਨੂੰ ਗੁਆ ਲੈਣਾ। ਇਹ ਵੱਖਰੀ ਗੱਲ ਹੈ ਕਿ ਗੁਰਬਾਣੀ `ਚ ਕਿਧਰੇ ਤਾਂ ਕੇਵਲ ਬਿਨਾ ਵਿਆਖਿਆ ਬਿਰਥਾ ਆਦਿ ਸ਼ਬਦਾਵਲੀ ਵਰਤ ਕੇ ਹੀ ਵਿਸ਼ੇ ਨੂੰ ਨਿਭਾਇਆ ਹੋਇਆ ਹੈ ਜਿਵੇਂ:-

ਸਰੰਜਾਮਿ ਲਾਗੁ ਭਵਜਲ ਤਰਨ ਕੈ॥ ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ” (ਪੰ: ੧੨)

ਜਦਕਿ ਕਈ ਥਾਵੇਂ ਗੁਰਬਾਣੀ `ਚ ਇਹੀ ਬਿਰਥਾ, ਨਿਹਫਲ, ਬ੍ਰਿਥਾ, ਅਹਿਲਾ ਆਦਿ ਸ਼ਬਦਾਵਲੀ ਵਿਸਥਾਰ, ਵਿਆਖਿਆ ਤੇ ਅਰਥਾਂ ਸਹਿਤ ਵੀ ਆਈ ਹੋਈ ਹੈ। ਜਿਵੇਂ ਹੇਠ ਦਿੱਤੇ ਕੁੱਝ ਗੁਰਬਾਣੀ ਫ਼ੁਰਮਾਨਾਂ `ਚ ਅਜਿਹਾ ਦੇਖ ਵੀ ਸਕਦੇ ਹਾਂ ਜਿਵੇ:-

“ਮਨਮੁਖਿ ਸਬਦੁ ਨ ਭਾਵੈ ਬੰਧਨਿ ਬੰਧਿ ਭਵਾਇਆ॥ ਲਖ ਚਉਰਾਸੀਹ ਫਿਰਿ ਫਿਰਿ ਆਵੈ ਬਿਰਥਾ ਜਨਮੁ ਗਵਾਇਆ” (ਪੰ: ੬੯)

“ਸਤਿਗੁਰੁ ਜਿਨੀ ਨ ਸੇਵਿਓ ਸੇ ਕਿਤੁ ਆਏ ਸੰਸਾਰਿ॥ ਜਮ ਦਰਿ ਬਧੇ ਮਾਰੀਅਹਿ ਕੂਕ ਨ ਸੁਣੈ ਪੂਕਾਰ॥ ਬਿਰਥਾ ਜਨਮੁ ਗਵਾਇਆ ਮਰਿ ਜੰਮਹਿ ਵਾਰੋ ਵਾਰ (ਪੰ: ੬੯)

“ਪੰਡਿਤੁ ਪੜਿ ਪੜਿ ਉਚਾ ਕੂਕਦਾ ਮਾਇਆ ਮੋਹਿ ਪਿਆਰੁ॥ ਅੰਤਰਿ ਬ੍ਰਹਮੁ ਨ ਚੀਨਈ ਮਨਿ ਮੂਰਖੁ ਗਾਵਾਰੁ॥ ਦੂਜੈ ਭਾਇ ਜਗਤੁ ਪਰਬੋਧਦਾ ਨਾ ਬੂਝੈ ਬੀਚਾਰੁ॥ ਬਿਰਥਾ ਜਨਮੁ ਗਵਾਇਆ ਮਰਿ ਜੰਮੈ ਵਾਰੋ ਵਾਰ” (ਪੰ: ੮੬)

“ਤਿਸਨਾ ਅਗਨਿ ਜਲੈ ਸੰਸਾਰਾ॥ ਲੋਭੁ ਅਭਿਮਾਨੁ ਬਹੁਤੁ ਅਹੰਕਾਰਾ॥ ਮਰਿ ਮਰਿ ਜਨਮੈ ਪਤਿ ਗਵਾਏ ਅਪਣੀ, ਬਿਰਥਾ ਜਨਮੁ ਗਵਾਵਣਿਆ” (ਪੰ: ੧੨੦)

“ਉਪਜੈ ਪਚੈ ਹਰਿ ਬੂਝੈ ਨਾਹੀ॥ ਅਨਦਿਨੁ ਦੂਜੈ ਭਾਇ ਫਿਰਾਹੀ॥ ਮਨਮੁਖ ਜਨਮੁ ਗਇਆ ਹੈ ਬਿਰਥਾ ਅੰਤਿ ਗਇਆ ਪਛੁਤਾਵਣਿਆ” (ਪੰ: ੧੨੭)

“ਪਿਰੁ ਪਰਦੇਸਿ, ਸਿਗਾਰੁ ਬਣਾਏ॥ ਮਨਮੁਖ ਅੰਧੁ ਐਸੇ ਕਰਮ ਕਮਾਏ॥ ਹਲਤਿ ਨ ਸੋਭਾ ਪਲਤਿ ਨ ਢੋਈ ਬਿਰਥਾ ਜਨਮੁ ਗਵਾਵਣਿਆ” (ਪੰ: ੧੨੭)

“ਸਤਿਗੁਰੁ ਨ ਸੇਵੈ ਸੋ ਕਾਹੇ ਆਇਆ॥ ਧ੍ਰਿਗੁ ਜੀਵਣੁ ਬਿਰਥਾ ਜਨਮੁ ਗਵਾਇਆ॥ ਮਨਮੁਖਿ ਨਾਮੁ ਚਿਤਿ ਨ ਆਵੈ ਬਿਨੁ ਨਾਵੈ ਬਹੁ ਦੁਖੁ ਪਾਵਣਿਆ” (ਪੰ: ੧੨੯)

“ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ॥ ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ॥ ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ॥ ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ”॥  ॥ (ਪੰ: ੪੫੦)

“ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹ ਮਨਮੁਖ ਕਾ ਆਚਾਰੁ॥ ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ”॥  ॥ (ਪੰ: ੫੦੮-੯)

“ਬਿਨੁ ਸਤਿਗੁਰ ਸੇਵੇ ਜਗਤੁ ਮੁਆ ਬਿਰਥਾ ਜਨਮੁ ਗਵਾਇ॥ ਦੂਜੈ ਭਾਇ ਅਤਿ ਦੁਖੁ ਲਗਾ ਮਰਿ ਜੰਮੈ ਆਵੈ ਜਾਇ॥ ਵਿਸਟਾ ਅੰਦਰਿ ਵਾਸੁ ਹੈ ਫਿਰਿ ਫਿਰਿ ਜੂਨੀ ਪਾਇ॥ ਨਾਨਕ ਬਿਨੁ ਨਾਵੈ ਜਮੁ ਮਾਰਸੀ ਅੰਤਿ ਗਇਆ ਪਛੁਤਾਇ” (ਪੰ: ੫੯੧)

“ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ॥ ਹਰਿ ਰਸੁ ਨ ਪਾਇਆ ਬਿਰਥਾ ਜਨਮੁ ਗਵਾਇਆ ਜੰਮਹਿ ਵਾਰੋ ਵਾਰਾਬਿਸਟਾ ਕੇ ਕੀੜੇ ਬਿਸਟਾ ਮਾਹਿ ਸਮਾਣੇ ਮਨਮੁਖ ਮੁਗਧ ਗੁਬਾਰਾ” (ਪੰ: ੬੦੧)

“ਤਿਨ ਕੇ ਭਾਗ ਖੀਨ ਧੁਰਿ ਪਾਏ ਜਿਨ ਸਤਿਗੁਰ ਦਰਸੁ ਨ ਪਾਇਬਾ॥ ਤੇ ਦੂਜੈ ਭਾਇ ਪਵਹਿ ਗ੍ਰਭ ਜੋਨੀ ਸਭੁ ਬਿਰਥਾ ਜਨਮੁ ਤਿਨ ਜਾਇਬਾ” (ਪੰ: ੬੯੭)

“ਦੁਬਿਧਾ ਮਨਮੁਖ ਰੋਗਿ ਵਿਆਪੇ ਤ੍ਰਿਸਨਾ ਜਲਹਿ ਅਧਿਕਾਈ॥ ਮਰਿ ਮਰਿ ਜੰਮਹਿ ਠਉਰ ਨ ਪਾਵਹਿ ਬਿਰਥਾ ਜਨਮੁ ਗਵਾਈ” (ਪੰ: ੧੧੩੦)

“ਦੂਜੈ ਭਾਇ ਸੂਤੇ ਕਬਹੁ ਨ ਜਾਗਹਿ ਮਾਇਆ ਮੋਹ ਪਿਆਰ॥ ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਬੀਚਾਰ॥ ਹਰਿ ਨਾਮੁ ਨ ਭਾਇਆ ਬਿਰਥਾ ਜਨਮੁ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ” (ਪੰ: ੮੫੨)

“ਨਾਮਹੁ ਭੂਲੇ ਮਰਹਿ ਬਿਖੁ ਖਾਇ॥ ਬ੍ਰਿਥਾ ਜਨਮੁ ਫਿਰਿ ਆਵਹਿ ਜਾਇ” (ਪੰ: ੧੧੭੫)

“ਮਨਮੁਖ ਪਾਖੰਡੁ ਕਦੇ ਨ ਚੂਕੈ ਦੂਜੈ ਭਾਇ ਦੁਖੁ ਪਾਏ॥ ਨਾਮੁ ਵਿਸਾਰਿ ਬਿਖਿਆ ਮਨਿ ਰਾਤੇ ਬਿਰਥਾ ਜਨਮੁ ਗਵਾਏ॥ ਇਹ ਵੇਲਾ ਫਿਰਿ ਹਥਿ ਨ ਆਵੈ ਅਨਦਿਨੁ ਸਦਾ ਪਛੁਤਾਏ॥ ਮਰਿ ਮਰਿ ਜਨਮੈ ਕਦੇ ਨ ਬੂਝੈ ਵਿਸਟਾ ਮਾਹਿ ਸਮਾਏ” (ਪੰ: ੧੨੫੯)

“ਗੁਰ ਪਰਸਾਦੀ ਅੰਮ੍ਰਿਤੁ ਨਹੀ ਪੀਆ ਤ੍ਰਿਸਨਾ ਭੂਖ ਨ ਜਾਈ॥ ਮਨਮੁਖ ਮੂੜੑ ਜਲਤ ਅਹੰਕਾਰੀ ਹਉਮੈ ਵਿਚਿ ਦੁਖੁ ਪਾਈ॥ ਆਵਤ ਜਾਤ ਬਿਰਥਾ ਜਨਮੁ ਗਵਾਇਆ ਦੁਖਿ ਲਾਗੈ ਪਛੁਤਾਈ॥ ਜਿਸ ਤੇ ਉਪਜੇ ਤਿਸਹਿ ਨ ਚੇਤਹਿ ਧ੍ਰਿਗੁ ਜੀਵਣੁ ਧ੍ਰਿਗੁ ਖਾਈ” (ਪੰ: ੧੨੬੫)

ਮਨਮੁਖ ਜਨਮੁ ਭਇਆ ਹੈ ਬਿਰਥਾ ਆਵਤ ਜਾਤ ਲਜਾਈ॥ ਕਾਮਿ ਕ੍ਰੋਧਿ ਡੂਬੇ ਅਭਿਮਾਨੀ ਹਉਮੈ ਵਿਚਿ ਜਲਿ ਜਾਈ॥ ਤਿਨ ਸਿਧਿ ਨ ਬੁਧਿ ਭਈ ਮਤਿ ਮਧਿਮ ਲੋਭ ਲਹਰਿ ਦੁਖੁ ਪਾਈ॥ ਗੁਰ ਬਿਹੂਨ ਮਹਾ ਦੁਖੁ ਪਾਇਆ ਜਮ ਪਕਰੇ ਬਿਲਲਾਈ” (ਪੰ: ੧੨੬੫)

ਨੋਟ- ਬੇਸ਼ੱਕ ਅਰੰਭ ਭਾਵ ਕਿਸ਼ਤ ਨੰ: ੪ `ਚ ਸਪਸ਼ਟ ਕਰ ਚੁੱਕੇ ਹਾਂ ਫ਼ਿਰ ਵੀ ਇਥੇ ਦੋਰਾਹ ਰਹੇ ਹਨ ਅਤੇ ਖਾਸ ਧਿਆਣ ਦੇਣਾ ਹੈ ਕਿ ਉਪ੍ਰੌਕਤ ਗੁਰ ਫ਼ੁਰਮਾਨਾਂ `ਚ “ਜਮੁ ਮਾਰਿ ਕਰੇ ਖੁਆਰ”, “ਬਿਨੁ ਨਾਵੈ ਜਮੁ ਮਾਰਸੀ ਅੰਤਿ ਗਇਆ ਪਛੁਤਾਇ” “ਜਮ ਪਕਰੇ ਬਿਲਲਾਈ” ਲਫ਼ਜ਼ ਜਮ ਦੇ ਅਰਥ ਬ੍ਰਾਹਮਣੀ ਅਥਵਾ ਗਰੁੜ ਪੁਰਾਣ ਵਾਲੇ ਜਮ ਦੇ ਉੱਕਾ ਨਹੀਂ ਹਨ।

ਗੁਰਬਾਣੀ ਅਨੁਸਾਰ ਲਫ਼ਜ਼ ‘ਜਮ’ ਦੇ ਅਰਥ ਮੁੱਖ ਤੌਰ `ਤੇ ਤਿੰਨ ਹੀ ਆਏ ਹਨ ਅਤੇ ਉਹ ਇਸ ਤਰ੍ਹਾਂ ਹਨ:-

(੧) ਗੁਰਬਾਣੀ `ਚ ਲਫ਼ਜ਼ ‘ਜਮ’ ਜਨਮ-ਮਰਨ ਦਾ ਸੰਖੇਪ ਲਈ ਵੀ ਹੈ।

(੨) ਗੁਰਬਾਣੀ ਅਨੁਸਾਰ ‘ਜਮ’ ਦਾ ਅਰਥ ਮਨਮੁਖ ਲਈ ਵਿਕਾਰਾਂ ਦੀ ਮਾਰ ਵੀ ਹੈ। ਵਿਕਾਰਾਂ ਦੀ ਮਾਰ ਭਾਵ ਜੀਂਦੇ ਜੀਅ ਵੀ ਖੁਆਰੀਆਂ, ਚਿੰਤਾਵਾਂ, ਝੋਰੇ, ਆਸ਼ਾਵਾਂ, ਤ੍ਰਿਸ਼ਨਾ, ਭਟਕਣਾ ਆਦਿ ਬਲਕਿ ਕਈ ਵਾਰ ਤਾਂ ਗੁਣਾਹਾਂ, ਜੁਰਮਾਂ ਆਦਿ ਦੀ ਭਰਮਾਰ ਤੇ ਅਗਿਆਨਤਾ ਦਾ ਘੁੱਪ ਹਨੇਰਾ।

(੩) ਜਦੋ ਮਨਮੁਖ ਦਾ ਜੀਵਨ ਜੀਂਦੇ ਜੀਅ ਵਿਕਾਰਾਂ ਦੀ ਮਾਰ ਹੇਠ ਰਵੇਗਾ ਤਾਂ ਸਰੀਰਕ ਮੌਤ ਬਾਅਦ ਉਸ ਲਈ ਜਨਮ-ਮਰਨ ਦਾ ਗੇੜ ਵੀ ਉਸੇ ਦਾ ਹੀ ਬਦਲਵਾਂ ਰੂਪ ਹੁੰਦਾ ਹੈ। ਇਸ ਤਰ੍ਹਾਂ ਮਨਮੁਖ ਲਈ ਸਰੀਰਕ ਮੌਤ ਤੋਂ ਬਾਅਦ ਗੁਰਬਾਣੀ ਅਨੁਸਾਰ ‘ਜਮ’ ਦੇ ਅਰਥ ਹਨ ਉਸ ਮਨੁੱਖ ਲਈ ਫ਼ਿਰ ਤੋਂ ਜਨਮਾਂ, ਜੂਨਾਂ, ਗਰਭਾਂ ਦੇ ਗੇੜ `ਚ ਪੈਣਾ ਭਾਵ ਉਸਦਾ ਲੋਕ ਵੀ ਗਿਆ ਤੇ ਪ੍ਰਲੋਕ ਵੀ

(੪) ਉਂਜ ਗੁਰਬਾਣੀ `ਚ ਲਫ਼ਜ਼ ‘ਜਮ’ ਦੇ ਹੋਰ ਵੀ ਕਈ ਰੂਪ ਆਏ ਹਨ ਜਿਵੇਂ ‘ਜਮਿ ਮਾਰੇ’, ‘ਜਮ ਜੰਦਾਰ’ ਆਦਿ। ਤਾਂ ਵੀ ਗੁਰਬਾਣੀ ਆਧਾਰਿਤ ਅਰਥਾਂ ਪੱਖੋਂ ਇਨ੍ਹਾਂ ਸਾਰਿਆਂ ਦੇ ਮੌਟੇ ਤੌਰ `ਤੇ ਇਹੀ ਤਿੰਨ ਅਰਥ ਹਨ।

(੫) ਗੁਰਬਾਣੀ `ਚ ਲਫ਼ਜ਼ ਜਮ (ਜਾਂ ਇਸਦੇ ਬਦਲਵੇਂ ਰੂਪ), ਕਿਧਰੇ ਕਿਧਰੇ ਮਿਸਾਲ ਵਜੌਂ ਜਾਂ ਪ੍ਰਕਰਣ ਦੀ ਲੋੜ ਅਨੁਸਾਰ ਪੁਰਾਤਨ ਬ੍ਰਾਹਮਣੀ ਅਰਥਾਂ `ਚ ਵੀ ਆਇਆ ਹੈ, ਪਰ ਬਹੁਤ ਘੱਟ ਬਲਕਿ ਨਾ ਦੇ ਬਰਾਬਰ। (ਚਲਦਾ) #Instt. 07 Gu.ki.v.02.014#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Gujri Ki Vaar M:3 Steek & GVD” BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.