.

ਗੁਰੂ ਨਾਨਕ ਸਾਹਿਬ ਦਾ ਜਨਮ ਉਤਸਵ ਵਿਸਾਖ ਵਿਚ ਮਨਾਉਣਾ ਚਾਹੀਦਾ ਹੈ

ਹਾਕਮ ਸਿੰਘ

ਗੁਰੂ ਨਾਨਕ ਸਾਹਿਬ ਦਾ ਜਨਮ ਉਤਸਵ ਕੱਤਕ ਪੂਰਨਮਾਸ਼ੀ ਵਾਲੇ ਦਿਨ ਮਨਾਉਣ ਦਾ ਰਿਵਾਜ ਹੈ। ਗੁਰੂ ਸਾਹਿਬ ਦਾ ਪਰਕਾਸ਼ ਕੱਤਕ ਪੂਰਨਮਾਸ਼ੀ ਵਾਲੇ ਦਿਨ ਨਹੀਂ ਹੋਇਆ ਸੀ। ਤਕਰੀਬਨ ਸਾਰੇ ਸਿੱਖ ਵਿਦਵਾਨ ਅਤੇ ਸੂਝਵਾਨ ਸ਼ਰਧਾਲੂ ਮੰਨਦੇ ਹਨ ਕਿ ਗੁਰੂ ਸਾਹਿਬ ਦਾ ਜਨਮ ਵੈਸਾਖ ਸੁਦੀ ਤ੍ਰਿਤੀਯ, ੨੦ ਵੈਸਾਖ ਸੰਮਤ ੧੫੨੬ ਬਿ: ਨੂੰ ਹੋਇਆ ਸੀ। ਕਿਸੇ ਸਾਧਾਰਣ ਵਿਅਕਤੀ ਦੇ ਜਨਮ ਦਿਨ ਨੂੰ ਜਾਣ ਬੁਝ ਕੇ ਝੁਠਲਾਉਣਾ ਉਸ ਵਿਅਕਤੀ ਦਾ ਨਿਰਾਦਰ ਸਮਝਿਆ ਜਾਂਦਾ ਹੈ। ਗੁਰੂ ਸਾਹਿਬ ਤੇ ਸਿੱਖ ਧਰਮ ਦੇ ਬਾਨੀ ਹਨ ਉਹਨਾਂ ਦੇ ਪਰਕਾਸ਼ ਉਤਸਵ ਨਾਲ ਅਜਿਹਾ ਖਿਲਵਾੜ ਕਰਨਾ ਬਹੁਤ ਮੰਦਭਾਗਾ ਹੈ। ਸਿੱਖ ਵਿਦਵਾਨ ਸਿੱਖ ਧਰਮ ਨੂੰ ਵਿਸ਼ਵ ਦਾ ਪੰਜਵਾਂ ਵੱਡਾ ਧਰਮ ਦੱਸਦੇ ਹਨ ਪਰ ਸਿੱਖ ਜਗਤ ਉਸੇ ਧਰਮ ਦੇ ਬਾਨੀ ਦਾ ਨਿਰਾਦਰ ਕਰਨ ਵਿਚ ਕੋਈ ਝਿਜਕ ਮਹਿਸੂਸ ਨਹੀਂ ਕਰਦਾ ਅਤੇ ਨਾ ਹੀ ਕੋਈ ਚਿੰਤਾ ਪ੍ਰਗਟਾਉਂਦਾ ਹੈ।
ਗੁਰੂ ਨਾਨਕ ਸਾਹਿਬ ਦੀ ਜਨਮ ਤਿਥੀ ਬਾਰੇ ਕੋਈ ਬਹੁਤਾ ਭੁਲੇਖਾ ਨਹੀਂ ਹੈ ਕਿਉਂਕਿ ਸਾਰੀਆਂ ਪੁਰਾਤਨ ਹੱਥ ਲਿਖਤਾਂ ਅਤੇ ਆਧੁਨਿਕ ਵਿਦਵਾਨਾਂ ਦੀ ਬਹੁਗਿਣਤੀ ਵੈਸਾਖ ਸੁਦੀ ੩ ਬਾਰੇ ਸਹਿਮਤ ਹਨ। ਪੁਰਾਣੀਆਂ ਹੱਥ ਲਿਖਤਾਂ, ਜਿਨ੍ਹਾਂ ਵਿਚ ਗੁਰੂ ਸਾਹਿਬ ਦਾ ਜਨਮ ਦਿਨ ਵੈਸਾਖ ਸੁਦੀ ੩ ਦਿੱਤਾ ਗਿਆ ਹੈ, ਦਾ ਵੇਰਵਾ ਇਸ ਪਰਕਾਰ ਹੈ:
ਪੁਰਾਤਨ ਜਨਮ ਸਾਖੀ ਰਚਨਾ ੧੬੩੫ ਈਸਵੀ
ਜਨਮ ਸਾਖੀ ਕ੍ਰਿਤ ਮਨੋਹਰ ਦਾਸ ਮਿਹਰਬਾਨ ਰਚਨਾ ੧੫੮੧-੧੬੪੦ ਈਸਵੀ
ਗੋਸ਼ਟ ਗੁਰੂ ਨਾਨਕ ਦੇਵ ਜੀ ਰਚਨਾ ੧੬੪੧ ਈਸਵੀ
ਮਹਿਮਾ ਪ੍ਰਕਾਸ਼ ਰਚਨਾ ੧੭੭੬ ਈਸਵੀ
ਮਹਿਮਾ ਪ੍ਰਕਾਸ਼ (ਕਾਵਿ) ਰਚਨਾ ੧੭੭੬ ਈਸਵੀ
ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਰਚਨਾ ੧੭੯੦ ਈਸਵੀ
ਸੁਖਵਾਸੀ ਰਾਮ ਦਾ ਗੁਰੂ ਨਾਨਕ ਬੰਸ ਪ੍ਰਕਾਸ਼ ਰਚਨਾ ੧੮੧੫ ਈਸਵੀ

ਡਾ. ਪਿਆਰ ਸਿੰਘ ਵੱਲੋਂ ਰਚੀ "ਆਦਿ ਸਾਖੀਆਂ" ਦੀ ਭੂਮਿਕਾ ਵਿਚ ਗੁਰੂ ਨਾਨਕ ਸਾਹਿਬ ਬਾਰੇ ਹੱਥ ਲਿਖਤ ਜਨਮ ਸਾਖੀਆਂ ਅਤੇ ਜਨਮ ਮਿਤੀਆਂ ਦਾ ਵੇਰਵਾ ਇਸ ਪਰਕਾਰ ਦਿੱਤਾ ਗਿਆ ਹੈ:
ਕੋਲ ਬ੍ਰਕ ਵਾਲੀ ਵੈਸਾਖ ਸੁਦੀ ੩, ੧੫੨੬
ਪ੍ਰੋ, ਪ੍ਰੀਤਮ ਸਿੰਘ ਵੈਸਾਖ ਸੁਦੀ ੩, ੧੫੨੬
ਹਾਫਜ਼ਾ ਬਾਦ ਵਾਲੀ ਵੈਸਾਖ ਸੁਦੀ ੩, ੧੫੨੬
ਖਾਲਸਾ ਕਾਲਜ ਵਾਲੀ ਵੈਸਾਖ ਸੁਦੀ ੩, ੧੫੨੬
ਸਿੱਖ ਰੈਫਰੈਂਸ ਲਾਇਬ੍ਰੇਰੀ ਵੈਸਾਖ ਸੁਦੀ ੩, ੧੫੨੬
ਸੈਂਟ੍ਰਲ ਪਬਲਿਕ ਲਾਇਬ੍ਰੇਰੀ ਵੈਸਾਖ ਸੁਦੀ ੩, ੧੫੨੬
ਭਈ ਕਾਨ੍ਹ ਸਿੰਘ ਨਾਭਾ "ਮਹਾਨ ਕੋਸ਼" ਵਿਚ ਗੁਰੂ ਸਾਹਿਬ ਦਾ ਪ੍ਰਕਾਸ਼ ਉਤਸਵ ਵੈਸਾਖ ਸੁਦੀ ੩ (੨੦ ਵੈਸਾਖ) ਲਿਖਦੇ ਹਨ।
ਕੇਵਲ ਬਾਲੇ ਵਾਲੀ ਜਨਮ ਸਾਖੀ ਵਿਚ, ਜਿਸ ਦੀ ਰਚਨਾ ੧੬੫੮ ਈਸਵੀ ਦੇ ਲੱਗ ਭੱਗ ਹੋਈ ਮੰਨੀ ਜਾਂਦੀ ਹੈ, ਗੁਰੂ ਨਾਨਕ ਸਾਹਿਬ ਦੀ ਜਨਮ ਤਿਥ ਕੱਤਕ ਪੂਰਨਮਾਸ਼ੀ ਦਿੱਤੀ ਗਈ ਹੈ। ਇਸੇ ਜਨਮ ਸਾਖੀ ਦੇ ਆਧਾਰ ਤੇ ਭਾਈ ਸੰਤੋਖ ਸਿੰਘ ਨੇ "ਨਾਨਕ ਪ੍ਰਕਾਸ਼' ਅਤੇ ਗਿਆਨੀ ਗਿਆਨ ਸਿੰਘ ਨੇ "ਪੰਥ ਪ੍ਰਕਾਸ਼' ਅਤੇ "ਤਵਾਰੀਖ਼ ਗੁਰੂ ਖਾਲਸਾ" ਵਿਚ ਗੁਰੂ ਸਾਹਿਬ ਦੀ ਜਨਮ ਤਾਰੀਖ ਕੱਤਕ ਪੂਰਨਮਾਸ਼ੀ ਲਿਖ ਦਿੱਤੀ ਸੀ। ਬਾਲੇ ਵਾਲੀ ਜਨਮ ਸਾਖੀ "ਪਰਚੀ ਬਾਬਾ ਹੰਦਾਲ" ਦੇ ਪਰਭਾਵ ਅਧੀਨ ਲਿਖੀ ਗਈ ਸੀ। ਮਸੰਦ ਮਾਈ ਦਾਸ ਉਰਫ਼ ਸੁੰਦਰ ਸਿੰਘ ਵੱਲੋਂ ਰਚੇ "ਗੁਰੂ ਹੰਦਾਲ ਪ੍ਰਕਾਸ਼" ਗ੍ਰੰਥ ਵਿਚ ਲਿਖਿਆ ਹੈ: "ਨਾਨਕ ਸ਼ਾਹੀ ੪੨੭ (੧੮੯੬ ਈਸਵੀ) ਵਿਚ ਜੋ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਛਪੀ ਹੈ ਉਸ ਨੇ ਚੌਹਾਂ ਪੰਜਾਂ ਸਾਖੀਆਂ ਮੇਂ ਸ੍ਰੀ ਸਤਿਗੁਰ ਹੰਦਾਲ ਜੀ ਦਾ ਪ੍ਰਗਟ ਹੋਣਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਵਿੱਖ ਸ਼ਬਦੋਂ ਮੇਂ ਹਛੀ ਤਰ੍ਹਾਂ ਖੋਹਲ ਕੇ ਦੱਸਿਆ ਹੈ ਅਤੇ ਪੁਰਾਣੀਆਂ ਜਨਮ ਸਾਖੀਆਂ ਮੇਂ ਇਹਨਾਂ ਪੰਜਾਂ ਸਾਖੀਓ ਮੇਂ ਸ੍ਰੀ ਗੁਰੂ ਹੰਦਾਲ ਜੀ ਕੀ ਮਹਿਮਾ ਇਸੇ ਤੌਰ ਤੇ ਰੌਸ਼ਨ ਪਾਈ ਜਾਂਦੀ ਹੈ"। ਬਾਲੇ ਵਾਲੀ ਜਨਮ ਸਾਖੀ ਦਾ ਉਦੇਸ਼ ਗੁਰੂ ਨਾਨਕ ਸਾਹਿਬ ਦੀ ਲੋਕ ਪ੍ਰੀਅਤਾ ਅਤੇ ਸਤਿਕਾਰ ਦੀ ਆੜ ਵਿਚ ਹੰਦਾਲ ਦੀ ਉੱਤਮਤਾ ਸਥਾਪਤ ਕਰਨਾ ਅਤੇ ਗੁਰੂ ਸਾਹਿਬ ਦੇ ਮੁਕਾਬਲੇ ਹੰਦਾਲ ਨੂੰ ਵਡਿਆਉਣਾ ਸੀ। ਗੁਰੂ ਸਾਹਿਬ ਦੀ ਜਨਮ ਮਿਤੀ ਬਾਰੇ ਗਲਤ ਬਿਆਨੀ ਦੇ ਨਾਲ-ਨਾਲ ਇਸ ਜਨਮ ਸਾਖੀ ਵਿਚ ਗੁਰੂ ਨਾਨਕ ਸਾਹਿਬ ਦਾ ਨਿਰਾਦਰ ਕਰਨ ਵਾਲੀਆਂ ਕਈ ਅਪਮਾਨਜਨਕ ਸਾਖੀਆਂ ਵੀ ਦਰਜ ਹਨ। ਸਵਾਲ ਇਹ ਉਠਦਾ ਹੈ ਕਿ ਇਸ ਝੂਠ ਦੇ ਪਲੰਦੇ ਦੇ ਮੁਕਾਬਲੇ ਹੋਰ ਪੁਰਾਤਨ ਅਤੇ ਭਰੋਸੇ ਯੋਗ ਜਨਮ ਸਾਖੀਆਂ ਸਿੱਖ ਸ਼ਰਧਾਲੂਆਂ ਵਿਚ ਪਰਵਾਨ ਅਤੇ ਪਰਚਲਤ ਕਿਉਂ ਨਹੀਂ ਹੋ ਸਕੀਆਂ? ਕੀ ਇਸ ਪਿਛੇ ਕੋਈ ਸਾਜ਼ਸ਼ ਸੀ ਜਾਂ ਇਹ ਕੇਵਲ ਸ਼ਰਧਾਲੂਆਂ ਦੀ ਅਗਿਆਨਤਾ ਜਾਂ ਲਾਪਰਵਾਹੀ ਦਾ ਹੀ ਸਿੱਟਾ ਸੀ? ਕਾਰਨ ਕੁੱਝ ਵੀ ਹੋਵੇ, ਵੱਡੇ ਪ੍ਰਕਾਸ਼ਕਾਂ ਨੇ, ਜਿਹਨਾਂ ਵਿਚ ਚਰਾਗ ਦੀਨ ਕੁਤਬ ਫ਼ਰੋਸ਼, ਲਾਹੌਰ ਅਤੇ ਰਾਇ ਸਾਹਿਬ ਮੁਨਸ਼ੀ ਗੁਲਾਬ ਸਿੰਘ, ਲਾਹੌਰ ਸ਼ਾਮਲ ਸਨ, ਬਾਲੇ ਵਾਲੀ ਜਨਮ ਸਾਖੀ ਨੂੰ ਹੀ ਵਪਾਰਕ ਦ੍ਰਿਸ਼ਟੀਕੋਣ ਤੋਂ ਲਾਭਦਾਇਕ ਸਮਝਦਿਆਂ ਦੂਜੀਆਂ ਭਰੋਸੇ ਯੋਗ ਅਤੇ ਜ਼ਿਆਦਾ ਸਹੀ ਜਨਮ ਸਾਖੀਆਂ ਨੂੰ ਅਣਦੇਖਿਆ ਕਰ ਇਸ ਜਨਮ ਸਾਖੀ ਨੂੰ ਬਾਰ-ਬਾਰ ਪਰਕਾਸ਼ਤ ਕਰਕੇ ਸਿੱਖ ਜਗਤ ਵਿਚ ਪ੍ਰਸਿੱਧ ਕਰ ਦਿੱਤਾ। ਇਹਨਾਂ ਪ੍ਰਕਾਸ਼ਕਾਂ ਨੇ ਇਸ ਜਨਮ ਸਾਖੀ ਦਾ ਪਾਠਕਾਂ ਵਿਚ ਭਰੋਸਾ ਜਿੱਤਣ ਅਤੇ ਇਸ ਦੀ ਮੰਗ ਅਤੇ ਵਿਕਰੀ ਵਧਾਉਣ ਲਈ ਇਸ ਵਿਚੋਂ ਕਈ ਇਤਰਾਜ਼ ਯੋਗ ਸਾਖੀਆਂ ਕੱਢ ਦਿੱਤੀਆਂ। ਇਸੇ ਲਈ ਬਾਲੇ ਵਾਲੀ ਮੂਲ ਹੱਥ ਲਿਖਤ ਜਨਮ ਸਾਖੀ ਅਤੇ ਬਾਅਦ ਵਿਚ ਪਰਕਾਸ਼ਤ ਜਨਮ ਸਾਖੀਆਂ ਵਿਚ ਅੰਤਰ ਹੈ। ਪ੍ਰਕਾਸ਼ਕਾਂ ਦੇ ਲੋਭ ਦੇ ਨਾਲ-ਨਾਲ ਸਿੱਖ ਸ਼ਰਧਾਲੂਆਂ ਦੀ ਬਹੁਗਿਣਤੀ ਦੀ ਲਾਪਰਵਾਹੀ ਅਤੇ ਅਗਿਆਨਤਾ ਵੀ ਬਾਲੇ ਵਾਲੀ ਜਨਮ ਸਾਖੀ ਦੇ ਝੂਠ ਨੂੰ ਮਾਨਤਾ ਦੇਣ ਅਤੇ ਪ੍ਰਸਿੱਧ ਕਰਨ ਲਈ ਜ਼ਿੰਮੇਵਾਰ ਹੈ।
ਕੱਤਕ ਪੂਰਨਮਾਸ਼ੀ ਦੇ ਸਮਰਥਨ ਵਿਚ ਇਕ ਵਿਲੱਖਣ ਤੱਥ ਵੀ ਪੇਸ਼ ਕੀਤਾ ਜਾਂਦਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਕੱਤਕ ਪੂਰਨਮਾਸ਼ੀ ਨੂੰ ਰਾਮ ਤੀਰਥ ਦਾ ਮੇਲਾ ਲਗਦਾ ਸੀ ਜਿਸ ਵਿਚ ਅੰਮ੍ਰਿਤਸਰ ਇਲਾਕੇ ਦੇ ਵਾਸੀਆਂ ਦੀ ਬਹੁਗਿਣਤੀ ਸ਼ਿਰਕਤ ਕਰਦੀ ਸੀ। ਕਹਿੰਦੇ ਹਨ ਕਿ ਦਰਬਾਰ ਸਾਹਿਬ ਦੇ ਪ੍ਰਬੰਧਕ ਗਿਆਨੀ ਸੰਤ ਸਿੰਘ ਨੇ ਮੇਲੇ ਵਿਚ ਭਾਗ ਲੈਣ ਵਾਲੇ ਸ਼ਰਧਾਲੂਆਂ ਨੂੰ ਗੁਰੂ ਘਰ ਨਾਲ ਜੋੜਨ ਲਈ ਗੁਰੂ ਨਾਨਕ ਸਾਹਿਬ ਦਾ ਜਨਮ ਉਤਸਵ ਵਿਸਾਖ ਦੀ ਥਾਂ ਕੱਤਕ ਪੂਰਨਮਾਸ਼ੀ ਘੋਸ਼ਿਤ ਕਰ ਦਿੱਤਾ।
ਸਿੰਘ ਸਭਾਵਾਂ ਦੇ ਬਹੁਤੇ ਵਿਦਵਾਨਾਂ ਨੂੰ ਇਹ ਗਿਆਨ ਸੀ ਕਿ ਗੁਰੂ ਨਾਨਕ ਸਾਹਿਬ ਦਾ ਪਰਕਾਸ਼ ਕੱਤਕ ਵਿਚ ਨਹੀਂ ਵੈਸਾਖ ਵਿਚ ਹੋਇਆ ਸੀ ਪਰ ਉਹਨਾਂ ਕੱਤਕ ਪੂਰਨਮਾਸ਼ੀ ਨੂੰ ਜਨਮ ਉਤਸਵ ਮਨਾਉਣ ਤੇ ਇਤਰਾਜ਼ ਨਹੀਂ ਕੀਤਾ। ਅੱਜ ਵੀ ਇਹ ਜਾਣਦੇ ਹੋਏ ਕਿ ਗੁਰੂ ਸਾਹਿਬ ਦਾ ਜਨਮ ਦਿਹਾੜਾ ਵੈਸਾਖ ਸੁਦੀ ੩ ਹੈ ਸਾਰਾ ਸਿੱਖ ਜਗਤ ਗੁਰੂ ਸਾਹਿਬ ਦਾ ਜਨਮ ਉਤਸਵ ਕੱਤਕ ਪੂਰਨਮਾਸ਼ੀ ਨੂੰ ਮਨਾਉਂਦਾ ਹੈ। ਐਸੀ ਕੀ ਮਜ਼ਬੂਰੀ ਹੋ ਸਕਦੀ ਹੈ ਕਿ ਸਿੱਖ ਜਗਤ ਨੂੰ ਆਪਣੇ ਧਰਮ ਦੇ ਬਾਨੀ ਬਾਰੇ ਅਜਿਹੇ ਕੋਝੇ ਦੁਖਦਾਈ ਝੂਠ ਦੀ ਪੁਸ਼ਟਪਨਾਹੀ ਕਰਨੀ ਪੈ ਰਹੀ ਹੈ? ਸਿੱਖ ਸ਼ਰਧਾਲੂ ਆਪਣੇ ਇਸ਼ਟ ਦੇ ਜੀਵਨ ਨਾਲ ਜੁੜੇ ਸੱਚ ਨੂੰ ਪ੍ਰਗਟਾਉਣ ਲਈ ਹਿੰਮਤ ਜੁਟਾਉਣ ਦੇ ਸਮਰਥ ਕਿਉਂ ਨਹੀਂ ਹੋ ਸਕੇ ਹਨ? ਸਿੱਖ ਜਗਤ ਦੀ ਇਸ ਤ੍ਰਾਸਦੀ ਦੇ ਮੂਲ ਕਾਰਨ ਬਾਰੇ ਸੰਖੇਪ ਵਿਚਾਰ ਕਰਨੀ ਅਣਉਚਿੱਤ ਨਹੀਂ ਹੋਵੇਗੀ।
ਸਿੱਖ ਜਗਤ ਦੀ ਤ੍ਰਾਸਦੀ ਦਾ ਮੁੱਖ ਕਾਰਨ ਇਸ ਦਾ ਗੁਰਬਾਣੀ ਦੇ ਅਧਿਆਤਮਿਕ ਗਿਆਨ ਬਾਰੇ ਚਿੰਤਾਜਨਕ ਬੇਰੁਖ਼ੀ ਅਤੇ ਅਗਿਆਨਤਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੋਈ ਸੰਸਾਰਕ ਜਾਣਕਾਰੀ ਜਾਂ ਇੱਛਾ ਪੂਰਕ ਮੰਤਰ ਨਹੀਂ ਹੈ, ਇਹ ਤੇ ਅਧਿਆਤਮਿਕ ਗਿਆਨ ਹੈ। ਗੁਰੂ ਸਾਹਿਬਾਨ ਨੇ ਕੇਵਲ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਅਧਿਆਤਮਿਕ ਗਿਆਨ ਦਾ ਹੀ ਪਰਚਾਰ ਕੀਤਾ ਹੈ ਕਿਸੇ ਸੰਸਾਰਕ ਜਾਣਕਾਰੀ ਦਾ ਨਹੀਂ। ਸੰਸਾਰ ਨੂੰ ਤੇ ਗੁਰਬਾਣੀ ਜੰਮਣ-ਮਰਨ ਦੇ ਗੇੜ ਵਿਚ ਪਲ-ਪਲ ਬਦਲ ਰਹੀ ਅਤੇ ਤ੍ਰੈਗੁਣੀ ਮਾਇਆ ਦੇ ਪਰਭਾਵ ਅਧੀਨ ਭਰਮਾਊ ਖੇਡ ਅਤੇ ਅਧਿਆਤਮਿਕ ਗਿਆਨ ਦੀ ਵਿਰੋਧੀ ਆਖਦੀ ਹੈ। ਸਹੀ ਅਰਥਾਂ ਵਿਚ ਸੰਸਾਰ ਅਤੇ ਇਸ ਦੇ ਸਮਾਜ ਗੁਰਬਾਣੀ ਦੇ ਅਧਿਆਤਮਿਕ ਗਿਆਨ ਦਾ ਵਿਸ਼ਾ ਹੀ ਨਹੀਂ ਹਨ ਕਿਉਂਕਿ ਗੁਰਬਾਣੀ ਅਨੁਸਾਰ "ਇਹੁ ਜਗੁ ਜਨਮਿਆ ਦੂਜੈ ਭਾਇ" (ਪੰ: ੧੬੧)। ਗੁਰਬਾਣੀ ਤੇ ਅਦਿੱਖ ਪ੍ਰਭੂ, ਮਨੁੱਖੀ ਮਨ ਅਤੇ ਆਤਮਾ ਦੇ ਸਬੰਧਾਂ ਦਾ ਗਿਆਨ ਹੈ ਅਤੇ ਮਨੁੱਖ ਨੂੰ ਸੰਸਾਰ ਵਿਚ ਵਿਚਰ ਰਹੀ ਮਾਇਆ ਦੇ ਮਨੁੱਖੀ ਮਨ ਨੂੰ ਭੁਚਲਾਉਣ ਦੀਆਂ ਵਿਉਂਤਾਂ ਤੋਂ ਸੁਚੇਤ ਕਰਦੀ ਹੈ। ਗੁਰਬਾਣੀ ਸਮਾਜ ਦੀਆਂ ਰਾਜਸੀ ਗਤੀਵਿਧੀਆਂ ਨੂੰ ਤੁੱਛ ਸਮਝਦੀ ਹੈ।
ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਉਪਰੰਤ ਦਰਬਾਰ ਸਾਹਿਬ ਤੇ ਮੀਣਿਆਂ ਨੇ ਕਬਜ਼ਾ ਕਰਕੇ ਗੁਰਬਾਣੀ ਨੂੰ ਅਧਿਆਤਮਿਕ ਗਿਆਨ ਦੀ ਥਾਂ ਸੰਸਾਰਕ ਪ੍ਰਾਪਤੀਆਂ ਦਾ ਸਾਧਨ ਪ੍ਰਚਾਰਨ ਦੀ ਪਿਰਤ ਪਾ ਦਿੱਤੀ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਅਤੇ ਬੰਦਾ ਬਹਾਦਰ ਦੇ ਮੁਗਲ ਸਾਸ਼ਨ ਤੇ ਆਕ੍ਰਮਣ ਉਪਰੰਤ ਉਦਾਸੀ ਅਤੇ ਨਿਰਮਲੇ ਸਾਧੂਆਂ ਨੇ ਗੁਰਬਾਣੀ ਪਰਚਾਰ ਦੇ ਸਾਰੇ ਧਾਰਮਕ ਅਸਥਾਨਾਂ ਤੇ ਕਬਜ਼ੇ ਕਰਕੇ ਗੁਰਬਾਣੀ ਦੀ ਵਿਆਖਿਆ ਵਿਚ ਸ਼ਰਧਾਲੂਆਂ ਦੀਆਂ ਸੰਸਾਰਕ ਇੱਛਾਵਾਂ ਦੀ ਤ੍ਰਿਪਤੀ ਨੂੰ ਸਮਿੱਲਤ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਮੂਰਤੀ ਪੂਜਾ ਨਾਲ ਜੁੜੇ ਕਰਮ ਕਾਡਾਂ ਨੂੰ ਗੁਰਬਾਣੀ ਉਪਦੇਸ਼ ਨਾਲ ਰਲਗੱਡ ਕਰਕੇ ਨਵੇਂ ਅਤੇ ਵਖਰੇ ਕਰਮ ਕਾਂਡ ਚਾਲੂ ਕਰ ਦਿੱਤੇ ਸਨ। ਇਹਨਾਂ ਗੁਰਮਤਿ ਵਿਰੋਧੀ ਸ਼ਕਤੀਆਂ ਨੇ ਹੀ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਬਦਲ ਛੱਡਿਆ ਸੀ। ਇਹ ਗੁਰਮਤਿ ਵਿਰੋਧੀ ਪਰੰਪਰਾ ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਅਤੇ ਉਨੀਵੀਂ ਸੱਦੀ ਦੇ ਅਖੀਰ ਤਕ ਬਰਕਰਾਰ ਰਹੀ। ਇਸ ਸਿਲਸਿਲੇ ਦੇ ਸੰਦਰਭ ਵਿਚ ਇਕ ਹੋਰ ਤੱਥ ਵੀ ਧਿਆਨਯੋਗ ਹੈ। ਉਹਨਾਂ ਸਮਿਆਂ ਵਿਚ ਧਰਮ ਦਾ ਸੰਕਲਪ ਅਧਿਆਤਮਕਤਾ ਅਤੇ ਨੈਤਿਕਤਾ ਤਕ ਹੀ ਸੀਮਤ ਸੀ, ਬਲਕਿ ਗੁਰਬਾਣੀ ਤੇ ਧਰਮ ਨੂੰ "ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥" (ਪੰ: ੨੬੬) ਆਖਦੀ ਹੈ। ਧਰਮ ਨੂੰ ਕੋਈ ਸਮਾਜਕ ਸੰਗਠਨ, ਸੰਸਥਾ ਜਾਂ ਗੁੱਟ ਨਹੀਂ ਸਮਝਿਆ ਜਾਂਦਾ ਸੀ ਅਤੇ ਧਰਮ ਪ੍ਰਚਾਰ ਬਹੁਤ ਹੱਦ ਤਕ ਫਿਰਕੂ ਭਾਵਨਾਵਾਂ ਤੋਂ ਰਹਿਤ ਹੁੰਦਾ ਸੀ। ਇਸ ਦੇ ਉਲਟ ਇਸਲਾਮ ਅਤੇ ਪੱਛਮ ਵਿਚ ਧਰਮ ਨੂੰ ਇਕ ਸਮਾਜਕ ਗੁੱਟ ਦੀ ਪ੍ਰਤੀਨਿਧਤਾ ਕਰਦਾ ਮੰਨਿਆ ਜਾਂਦਾ ਸੀ। ਪੱਛਮੀ ਧਾਰਮਕ ਵਿਚਾਰਧਾਰਾ ਦੇ ਪਰਭਾਵ ਅਧੀਨ ਸਿੰਘ ਸਭਾਵਾਂ ਨੇ ਗੁਰਮਤਿ ਨੂੰ ਸਮਾਜਕ ਸੰਗਠਨ ਨਾਲ ਜੋੜ ਕੇ ਸਿੱਖ ਧਰਮ ਦਾ ਸਮਾਜਕ ਸੰਕਲਪ ਘੜ ਲਿਆ। ਸਿੱਖ ਰਹਿਤ ਮਰਯਾਦਾ ਨੇ ਗੁਰਮਤਿ ਨੂੰ ਹੀ ਇਕ ਵਿਸ਼ੇਸ਼ ਸਮਾਜਕ ਸੰਗਠਨ ਦੇ ਸੰਸਾਰਕ ਅਨੁਸ਼ਾਸਨ ਵਿਚ ਬਦਲ ਛਡਿਆ। ਉਸ ਨੇ "ਸਿੱਖ ਦੀ ਤਾਰੀਫ਼" ਨਿਸ਼ਚਿਤ ਕਰਕੇ ਗੁਰਬਾਣੀ ਦੇ ਮਾਨਵਤਾ ਲਈ ਸਾਂਝੇ ਉਪਦੇਸ਼ ਨੂੰ ਅੰਮ੍ਰਿਤਧਾਰੀ ਸਿੱਖ ਸ਼ਰਧਾਲੂਆਂ ਤਕ ਸੀਮਤ ਕਰ ਦਿੱਤਾ। ਰਹਿਤ ਮਰਯਾਦਾ ਨੇ ਸੰਗਤ ਵਿਚ ਗੁਰਬਾਣੀ ਦੇ ਪਾਠ, ਕੀਰਤਨ ਅਤੇ ਕਥਾ ਕਰਨ ਦਾ ਅਧਿਕਾਰ ਕੇਵਲ ਅੰਮ੍ਰਿਤਧਾਰੀ ਸਿੰਘਾਂ ਨੂੰ ਸੌਂਪ ਕੇ ਗੁਰਬਾਣੀ ਪਰਚਾਰ ਦੀ ਸੀਮਾ ਵੀ ਨਿਰਧਾਰਤ ਕਰ ਦਿੱਤੀ। ਕਿਉਂਕਿ ਧਾਰਮਕ ਸੰਗਠਨਾਂ ਵਿਚ ਰਾਜਸੀ ਅਭਿਲਾਸ਼ਾਵਾਂ ਉਤੇਜਿਤ ਹੋਣੀਆਂ ਸੁਭਾਵਕ ਹਨ, ਸਿੱਖ ਧਰਮ ਵੀ ਇਕ ਰਾਜਸੀ ਧੜਾ ਬਣ ਕੇ ਭਾਰਤੀ ਸਿਆਸਤ ਵਿਚ ਉਭਰ ਆਇਆ। ਇਸ ਤਰ੍ਹਾਂ ਪਹਿਲੋਂ ਗੁਰਬਾਣੀ ਦੀ ਲੋਕ ਪ੍ਰੀਅਤਾ ਤੋਂ ਲਾਭ ਉਠਾਉਣ ਦੇ ਅਭਿਲਾਸ਼ੀਆਂ ਨੇ ਗੁਰਬਾਣੀ ਦੇ ਅਧਿਆਤਮਿਕ ਗਿਆਨ ਦੁਆਲੇ ਦੁਨਿਆਵੀ ਪਰਾਪਤੀਆਂ ਅਤੇ ਕਰਮ ਕਾਡਾਂ ਦਾ ਭਰਮ ਜਾਲ ਬੁਣ ਛਡਿਆ ਅਤੇ ਫਿਰ ਰਾਜ ਸ਼ਕਤੀ ਦੇ ਪਰੇਮੀਆਂ ਨੇ ਉਸ ਨੂੰ ਰਾਜਸੀ ਕਾਮਨਾਵਾਂ ਵਿਚ ਉਲਝਾ ਕੇ ਲੋਪ ਕਰ ਦਿੱਤਾ। ਅੱਜ ਸਿੱਖ ਅਖਵਾਉਣ ਵਾਲੇ ਬਹੁਤੇ ਵਿਅਕਤੀਆਂ ਵਿਚ ਗੁਰਬਾਣੀ ਦੀ ਅਧਿਆਤਮਿਕ ਵਿਚਾਰਧਾਰਾ ਬਾਰੇ ਚਿੰਤਾਜਨਕ ਅਗਿਆਨਤਾ ਹੈ। ਉਹਨਾਂ ਦੀ ਸਿੱਖ ਧਰਮ ਬਾਰੇ ਜਾਣਕਾਰੀ ਰਹਿਤ ਮਰਯਾਦਾ ਦੀ ਅਰਦਾਸ ਵਿਚ ਦਿੱਤੇ ਇਤਹਾਸ, ਗੁਰਦੁਆਰੇ, ਲੰਗਰ, ਜਲਸੇ ਜਲੂਸ, ਵਿਸ਼ੇਸ਼ ਪਹਿਰਾਵੇ, ਪੱਗ ਮੁਕਾਬਲੇ ਅਤੇ ਖੇਡ ਤਮਾਸ਼ਿਆਂ ਤਕ ਸੀਮਤ ਹੈ।
ਜਿਨ੍ਹਾਂ ਧਾਰਮਕ ਆਗੂਆਂ ਨੇ ਆਪਣੇ ਸਵਾਰਥ ਲਈ ਗੁਰਬਾਣੀ ਦੀ ਅਧਿਆਤਮਿਕ ਵਿਚਾਰਧਾਰਾ ਨੂੰ ਹੀ ਸਿੱਖ ਰਹਿਤ ਮਰਯਾਦਾ ਦੀ ਸਮਾਜਕ ਨਿਯਮਾਵਲੀ ਵਿਚ ਬਦਲ ਛੱਡਿਆ ਹੈ ਉਹਨਾਂ ਤੋਂ ਗੁਰਬਾਣੀ ਦੇ ਸੱਚ ਦੇ ਸੰਚਾਰ ਅਤੇ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਦੀ ਹਕੀਕਤ ਬਿਆਨ ਕਰਨ ਦੀ ਕੀ ਆਸ ਰੱਖੀ ਜਾ ਸਕਦੀ ਹੈ? ਦੁੱਖ ਇਸ ਗੱਲ ਦਾ ਹੈ ਕਿ ਇਹਨਾਂ ਆਗੂਆਂ ਨੇ ਗੁਰਬਾਣੀ ਦੀ ਮਾਨਵਤਾ ਦੇ ਕਲਯਾਨ ਅਤੇ ਅਗਵਾਈ ਲਈ ਰਚੀ ਅਤਿ ਉਤਮ ਧਾਰਮਕ ਵਿਚਾਰਧਾਰਾ ਨੂੰ ਬੇਮਤਲਬ ਕਰਮ ਕਾਡਾਂ ਵਿਚ ਉਲਝਾ ਕੇ ਭਰਮਾਊ ਅਤੇ ਅਰਥਹੀਣ ਬਣਾ ਦਿੱਤਾ ਹੈ। ਇਹਨਾਂ ਸਵਾਰਥੀ ਆਗੂਆਂ ਦੀਆਂ ਕਾਰਗੁਜ਼ਾਰੀਆਂ ਕਾਰਨ ਹੀ ਸਿੱਖ ਧਰਮ ਦਿਨ ਪਰ ਦਿਨ ਗਿਰਾਵਟ ਵਲ ਨੂੰ ਜਾ ਰਿਹਾ ਹੈ। ਸਿੱਖ ਧਰਮ ਇਹਨਾਂ ਸਵਾਰਥੀ ਲੋਕਾਂ ਦੀ ਜਗੀਰ ਜਾਂ ਮਲਕੀਅਤ ਨਹੀਂ ਹੈ। ਜਾਗਰੂਕ ਸਿੱਖ ਸੰਸਥਾਵਾਂ ਅਤੇ ਸ਼ਰਧਾਲੂਆਂ ਨੂੰ ਸਿੱਖ ਧਰਮ ਦੀ ਸਥਿਤੀ ਹੋਰ ਵਿਗੜਨ ਤੋਂ ਰੋਕਣ ਲਈ ਉਚਿਤ ਕਦਮ ਚੁਕਣੇ ਚਾਹੀਦੇ ਹਨ। ਉਹਨਾਂ ਨੂੰ ਗੁਰਬਾਣੀ ਅਤੇ ਸਿੱਖ ਧਰਮ ਨਾਲ ਸਬੰਧਿਤ ਮਸਲਿਆਂ ਨੂੰ ਸਹੀ ਢੰਗ ਨਾਲ ਨਜਿੱਠਣ ਲਈ ਅੱਗੇ ਆਉਣਾ ਚਾਹੀਦਾ ਹੈ।
ਗੁਰੂ ਨਾਨਕ ਸਾਹਿਬ ਦਾ ਜਨਮ ਉਤਸਵ ਵਿਸਾਖ ਸੁਦੀ ੩ ਹੈ। ਉਸ ਨੂੰ ਵਿਸਾਖ ਵਿਚ ਸਹੀ ਦਿਨ ਹੀ ਮਨਾਉਣਾ ਚਾਹੀਦਾ ਹੈ। ਅਮਰੀਕਾ, ਕੈਨੇਡਾ, ਯੂ. ਕੇ. ਅਤੇ ਹੋਰ ਦੇਸ਼ਾਂ ਦੇ ਗੁਰਦੁਆਰਾ ਪ੍ਰਬੰਧਕਾਂ ਅਤੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਜਨਮ ਦਿਨ ਨਾਲ ਹੋ ਰਹੇ ਖਿਲਵਾੜ ਬਾਰੇ ਸਚੇਤ ਕਰਨ ਦੀ ਲੋੜ ਹੈ। ਉਹਨਾਂ ਨੂੰ ਗੁਰੂ ਸਾਹਿਬ ਦਾ ਜਨਮ ਉਤਸਵ ਸਹੀ ਦਿਨ ਮਨਾਉਣ ਲਈ ਪ੍ਰੇਰਿਤ ਕਰਨ ਨਾਲ ਸਿੱਖ ਜਗਤ ਵਿਚ ਸੱਚ ਦੇ ਰਾਹ ਤੇ ਚਲਣ ਦੇ ਰੁਝਾਨ ਨੂੰ ਵੀ ਉਤਸ਼ਾਹ ਮਿਲੇਗਾ। ਵਿਦੇਸ਼ੀ ਗੁਰਦੁਆਰਿਆਂ ਦੇ ਪ੍ਰਬੰਧਕਾਂ ਅਤੇ ਸੰਗਤਾਂ ਤੇ ਕਿਸੇ ਪਰਕਾਰ ਦਾ ਦਬਾਓ ਨਹੀਂ ਹੈ। ਉਹ ਇਹ ਸ਼ੁਭ ਕਾਰਜ ਕਰਨ ਦੇ ਸਮਰਥ ਹਨ। ਉਹਨਾਂ ਨੂੰ ਇਸ ਕਾਰਜ ਵਿਚ ਸਿੱਖ ਜਗਤ ਦੀ ਅਗਵਾਈ ਕਰਨ ਬਾਰੇ ਵਿਚਾਰ ਕਰਨੀ ਚਾਹੀਦੀ ਹੈ।
.