.

ੴਸਤਿਗੁਰਪ੍ਰਸਾਦਿ॥
ਕਰਮ ਕਾਂਡ ਕਿਸ ਨੂੰ ਕਹਿੰਦੇ ਹਨ?


ਧਰਮ ਦੇ ਨਾਂਅ ਤੇ ਕੀਤਾ ਜਾਣ ਵਾਲਾ ਹਰ ਵਿਖਾਵੇ ਵਾਲਾ ਉਹ ਕਰਮ ਜੋ ਸਾਨੂੰ ਅਕਾਲ-ਪੁਰਖ ਦੇ ਅਲੌਕਿਕ ਸੱਚ ਨਾਲ ਨਹੀਂ ਜੋੜਦਾ, ਸਾਡੇ ਜੀਵਨ ਨੂੰ ਉੱਚਾ ਚੁਕਣ ਵਿੱਚ ਕਿਸੇ ਤਰ੍ਹਾਂ ਸਹਾਈ ਨਹੀਂ ਹੁੰਦਾ, ਕੇਵਲ ਭਾਵੁਕ ਤੌਰ ਤੇ ਧਰਮ ਦਾ ਕਰਮ ਜਾਪਦਾ ਹੈ, ਨੂੰ ਕਰਮਕਾਂਡ ਆਖਿਆ ਜਾਂਦਾ ਹੈ।
ਇਸ ਗੱਲ ਨੂੰ ਸਹੀ ਤਰ੍ਹਾਂ ਸਮਝਣ ਲਈ ਗੁਰੂ ਨਾਨਕ ਪਾਤਿਸ਼ਾਹ ਦੇ ਜੀਵਨ `ਚੋਂ ਇੱਕ ਇਤਹਾਸਕ ਪੰਨੇ ਨੂੰ ਵਾਚਣਾ ਬਹੁਤ ਸਹਾਈ ਹੋਵੇਗਾ।
ਗੁਰੂ ਨਾਨਕ ਸਾਹਿਬ, ਮਹਿਤਾ ਕਲਿਆਣ ਦਾਸ ਜੀ ਦੇ ਇਕਲੌਤੇ ਪੁੱਤਰ ਸਨ। ਬਿਪਰ ਮਰਿਯਾਦਾ ਅਨੁਸਾਰ ਬ੍ਰਾਹਮਣ ਦੇ ਪੁੱਤਰ ਨੂੰ ਸੱਤ ਸਾਲ, ਖਤਰੀ ਦੇ ਪੁੱਤਰ ਨੂੰ ਨੌਂ ਸਾਲ ਅਤੇ ਵੈਸ਼ ਦੇ ਪੁੱਤਰ ਨੂੰ ਯਾਰਾਂ ਸਾਲ ਦੀ ਉਮਰ ਵਿੱਚ ਜਨੇਊ ਪਾਇਆ ਜਾਂਦਾ ਹੈ, ਸ਼ੂਦਰ ਕਿਉਂਕਿ ਸਭ ਤੋਂ ਨੀਵੇਂ ਅਤੇ ਅਛੂਤ ਸਮਝੇ ਜਾਂਦੇ ਹਨ, ਇਸ ਲਈ ਉਨ੍ਹਾਂ ਨੂੰ ਜਨੇਊ ਪਾਉਣ ਦਾ ਅਧਿਕਾਰ ਨਹੀਂ। ਮਹਿਤਾ ਕਲਿਆਣ ਦਾਸ ਵੀ ਬੇਦੀ ਕੁੱਲ ਵਿੱਚੋਂ ਸਨ, ਜੋ ਖਤ੍ਰੀਆਂ ਦੀ ਇੱਕ ਉਪ-ਜਾਤ ਸਮਝੀ ਜਾਂਦੀ ਹੈ, ਇਸ ਲਈ ਨੌਂ ਸਾਲ ਦਾ ਹੋ ਜਾਣ ਤੇ ਨਾਨਕ ਜੀ ਦੀ ਜਨੇਊ ਪਾਉਣ ਦੀ ਰਸਮ ਹੋਣੀ ਸੀ। ਭਾਵੇਂ ਬੇਟੀ ਨਾਨਕੀ ਉਮਰ ਵਿੱਚ ਪੰਜ ਸਾਲ ਵੱਡੀ ਸੀ ਪਰ ਹਿੰਦੂ ਕੌਮ ਵਿੱਚ ਔਰਤ ਨੂੰ ਵੀ, ਸ਼ੂਦਰ ਦੀ ਤਰ੍ਹਾਂ, ਨੀਵਾਂ ਸਮਝਿਆ ਜਾਂਦਾ ਹੈ, ਇਸ ਲਈ ਉਸ ਨੂੰ ਵੀ ਜਨੇਊ ਪਾਉਣ ਦਾ ਅਧਿਕਾਰ ਨਹੀਂ, ਗੁਰੂ ਨਾਨਕ ਸਾਹਿਬ ਦੀ 9 ਸਾਲ ਉਮਰ ਹੋਣ ਤੇ, ਉਨ੍ਹਾਂ ਨੂੰ ਵੀ ਜਨੇਊ ਪਾਉਣ ਦੀ ਰਸਮ ਰੱਖੀ ਗਈ
ਆਓ! ਰਾਏ ਭੋਏ ਦੀ ਤਲਵੰਡੀ (ਮੌਜੂਦਾ ਨਨਕਾਣਾ ਸਾਹਿਬ) ਚਲਦੇ ਹਾਂ, ਜਿਥੇ ਮਹਿਤਾ ਕਲਿਆਣ ਦਾਸ ਜੀ ਦੇ ਘਰ ਭਾਰੀ ਚਹਿਲ ਪਹਿਲ ਹੈ। ਬਹੁਤ ਸਾਕ ਸਬੰਧੀ ਇਕੱਤਰ ਹੋਏ ਨੇ। ਜਲ-ਪਾਣੀ ਦੇ ਨਾਲ ਸੁਆਦੜੇ ਪਕਵਾਨਾਂ ਦੇ ਦੌਰ ਚੱਲ ਰਹੇ ਨੇ। ਘਰ ਦੇ ਵਿਹੜੇ ਵਿੱਚ ਆਏ ਸਬੰਧੀਆਂ ਦੇ ਬੈਠਣ ਲਈ ਦਰੀਆਂ ਦੀ ਵਿਛਾਈ ਕੀਤੀ ਗਈ ਹੈ। ਇਨ੍ਹਾਂ ਦੇ ਵਿਚਕਾਰ, ਇੱਕ ਹੋਰ ਨਵੀਂ ਦਰੀ ਜਿਸ ਉਤੇ ਚਿੱਟੀਆਂ ਚਾਦਰਾਂ ਵਿਛਾਈਆਂ ਗਈਆਂ ਹਨ, ਦੇ ਉਤੇ ਦੋ ਸਾਫ ਸੁਥਰੀਆਂ ਚੌਂਕੀਆਂ ਰੱਖੀਆਂ ਹਨ। ਇਨ੍ਹਾਂ ਦੇ ਨੇੜੇ ਇੱਕ ਚਮਕਦਾ ਕੈਂਹ ਦਾ ਥਾਲ ਪਿਐ, ਜਿਸ ਵਿੱਚ ਕੁੱਝ ਸਮੱਗਰੀ ਪਈ ਹੈ।
ਮਹਿਤਾ ਕਲਿਆਣ ਦਾਸ ਜੀ ਦਰਵਾਜ਼ੇ `ਤੇ ਖੜੇ ਨਵੇਂ ਆ ਰਹੇ ਮਹਿਮਾਨਾਂ ਨੂੰ ਜੀ ਆਇਆਂ ਆਖ ਰਹੇ ਹਨ ਪਰ ਨਾਲ ਹੀ ਉਨ੍ਹਾਂ ਦੀਆਂ ਅੱਖਾਂ ਕਿਸੇ ਵਿਸ਼ੇਸ਼ ਮਹਿਮਾਨ ਦਾ ਇੰਤਜ਼ਾਰ ਕਰ ਰਹੀਆਂ ਜਾਪਦੀਆਂ ਹਨ। ਇੰਨੇ ਨੂੰ ਗਲੀ ਦੀ ਨੁਕੱੜ ਤੋਂ ਪੰਡਿਤ ਹਰਦਿਆਲ ਜੀ, ਨਾਲ ਉਨ੍ਹਾਂ ਦੇ ਦੋ ਚੇਲੇ ਨਜ਼ਰ ਪਏ। ਮਹਿਤਾ ਕਲਿਆਣ ਦਾਸ ਜੀ ਨੇ ਅੱਗੇ ਵੱਧ ਕੇ ਪੰਡਿਤ ਜੀ ਦੇ ਪੈਰਾਂ ਨੂੰ ਹੱਥ ਲਾਇਆ ਤਾਂ ਪੰਡਿਤ ਜੀ ਨੇ ਉਨ੍ਹਾਂ ਦੇ ਸਿਰ ਉਪਰ ਹੱਥ ਕਰ ਕੇ ਅਸ਼ੀਰਵਾਦ ਦਿੱਤਾ। ਮਹਿਤਾ ਜੀ ਉਨ੍ਹਾਂ ਦੀ ਅਗਵਾਈ ਕਰ ਕੇ ਘਰ ਲੈ ਆਏ।
“ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਕੁੱਝ ਜਲ-ਪਾਣੀ ਛੱਕ ਲਓ।” ਦਰਵਾਜ਼ੇ ਤੋਂ ਅੰਦਰ ਵੜਦਿਆਂ ਮਹਿਤਾ ਕਲਿਆਣ ਦਾਸ ਜੀ ਨੇ ਬੜੇ ਸਤਿਕਾਰ ਨਾਲ ਕਿਹਾ।
“ਨਹੀਂ ਮਹਿਤਾ ਜੀ! ਇਹ ਪਵਿੱਤਰ ਕਾਰਜ ਸੁੱਚੇ ਮੂੰਹ ਹੀ ਕਰਾਂਗੇ, ਜਲ-ਪਾਣੀ ਬਾਅਦ ਵਿੱਚ ਹੀ ਛਕਾਂਗੇ।” ਕਹਿੰਦੇ ਹੋਏ, ਪੰਡਤ ਹਰਦਿਆਲ ਵਿਚਕਾਰ ਪਈ ਚੌਂਕੀ `ਤੇ ਬੈਠ ਗਏ। ਥਾਲ ਵਿੱਚੋਂ ਕੁੱਝ ਧੂਫ਼ ਚੁੱਕ ਕੇ ਉਸ ਦੀ ਬੱਤੀ ਬਣਾਉਂਦੇ ਹੋਏ, ਮਹਿਤਾ ਕਲਿਆਣ ਦਾਸ ਜੀ ਵੱਲ ਮੂੰਹ ਕਰਕੇ ਬੋਲੇ,
“ਨਾਨਕ ਨੂੰ ਲੈ ਆਓ।”
“ਜੀ ਅੱਛਾ”, ਕਹਿੰਦੇ ਹੋਏ ਮਹਿਤਾ ਕਲਿਆਣ ਦਾਸ ਜੀ ਅੰਦਰ ਵੱਲ ਜਾਣ ਲਗੇ ਤਾਂ ਸਾਹਮਣੇ ਆਪਣੀ ਪਤਨੀ ਤ੍ਰਿਪਤਾ ਅਤੇ ਬੇਟੀ ਨਾਨਕੀ ਨੂੰ, ਨਾਨਕ ਨੂੰ ਨਾਲ ਲੈਕੇ ਆਉਂਦੇ ਵੇਖਿਆ।
ਨਾਨਕ ਨੂੰ ਪੰਡਿਤ ਜੀ ਦੇ ਸਾਹਮਣੇ ਪਈ ਚੌਂਕੀ `ਤੇ ਬਿਠਾ ਦਿੱਤਾ। ਪੰਡਿਤ ਜੀ ਨੇ ਧੂਫ਼ ਬਾਲ ਕੇ ਥਾਲੀ ਵਿੱਚ ਟਿਕਾਈ ਅਤੇ ਉਸ ਵਿੱਚੋਂ ਸੂਤ ਦਾ ਧਾਗਾ ਲੈ ਕੇ ਉਸ ਨੂੰ ਵੱਟ ਚਾੜਨੇ ਸ਼ੁਰੂ ਕੀਤੇ। ਖਤ੍ਰੀ ਕੁੱਲ ਵਿੱਚ ਪੈਦਾ ਹੋਣ ਕਾਰਨ ਨਾਨਕ ਦੇ ਹਿੱਸੇ ਸੂਤ ਦਾ ਜਨੇਉ ਆਇਆ ਸੀ, ਕਿਉਂਕਿ ਮਰਯਾਦਾ ਅਨੁਸਾਰ ਬ੍ਰਾਹਮਣ ਨੂੰ ਰੇਸ਼ਮ ਦਾ, ਖਤਰੀ ਨੂੰ ਸੂਤ ਦਾ ਅਤੇ ਵੈਸ਼ ਨੂੰ ਉਨ ਦੇ ਧਾਗੇ ਦਾ ਜਨੇਊ ਪਾਇਆ ਜਾਂਦਾ ਹੈ। ਪੰਡਿਤ ਜੀ ਬੜੀ ਸ਼ਰਧਾ ਨਾਲ ਕੁੱਝ ਮੰਤਰ ਪੜ੍ਹਦੇ ਹੋਏ ਧਾਗੇ ਨੂੰ ਵੱਟ ਚਾੜ੍ਹਦੇ ਜਾਪਦੇ ਸਨ। ਗਰਮੀ ਦਾ ਮੌਸਮ ਹੋਣ ਕਾਰਨ ਸਵੇਰੇ ਹੀ ਤਪਸ਼ ਸ਼ੁਰੂ ਹੋ ਗਈ ਸੀ, ਇਸ ਲਈ ਇੱਕ ਨੌਜੁਆਨ ਪੰਡਿਤ ਜੀ ਦੇ ਪਿੱਛੇ ਖੜੋ ਕੇ ਪੱਖਾ ਝੱਲਣ ਲੱਗ ਪਿਆ। ਇਹ ਵੀ ਮਜ਼ਬੂਰੀ ਸੀ ਕਿ ਗਰਮੀਆਂ ਵਿੱਚ ਹੀ ਸਮਾਗਮ ਰਖਣਾ ਪਿਆ ਕਿਉਂਕਿ ਬ੍ਰਾਹਮਣ ਦੇ ਬੱਚੇ ਨੂੰ ਬਸੰਤ, ਖਤ੍ਰੀ ਨੂੰ ਗਰਮੀਆਂ ਅਤੇ ਵੈਸ਼ ਨੂੰ ਪਤਝੱੜ ਰੁੱਤ ਵਿੱਚ ਹੀ ਜਨੇਉ ਪਾਉਣ ਦੀ ਮਰਿਯਾਦਾ ਹੈ। ਨਾਨਕ ਇਸ ਸਭ ਨੂੰ ਬੜੀ ਜਗਿਆਸਾ ਨਾਲ ਵਾਚਦੇ ਮਹਿਸੂਸ ਹੋ ਰਹੇ ਸਨ।
ਪੰਡਿਤ ਜੀ ਨੇ ਮੰਤਰਾਂ ਦੇ ਉਚਾਰਣ ਦੀ ਸੁਰ ਕੁੱਝ ਉੱਚੀ ਕਰਦੇ ਹੋਏ, ਧਾਗੇ ਨੂੰ ਵੱਟ ਕੇ ਗੰਢਾਂ ਮਾਰੀਆਂ ਅਤੇ ਹੱਥ ਵਧਾ ਕੇ ਉਸ ਨੂੰ ਨਾਨਕ ਦੇ ਗਲੇ ਵਿੱਚ ਪਾਉਣ ਲੱਗੇ। ਉਸੇ ਵੇਲੇ ਇੱਕ ਅਚੰਭਾ ਵਾਪਰਿਆ, ਨਾਨਕ ਜੀ ਨੇ ਥੋੜ੍ਹਾ ਪਿੱਛੇ ਹਟਦੇ ਹੋਏ ਆਪਣੇ ਹੱਥ ਅੱਗੇ ਵਧਾ ਕੇ, ਪੰਡਿਤ ਜੀ ਦੇ ਹੱਥ ਫੜ ਲਏ ਅਤੇ ਪੁੱਛਿਆ, “ਪੰਡਿਤ ਜੀ ਇਹ ਕੀ ਕਰਨ ਲੱਗੇ ਹੋ?”
“ਤੈਨੂੰ ਜਨੇਉ ਪਾਉਣ ਲੱਗਾ ਹਾਂ, ਇਹ ਮਰਯਾਦਾ ਹੈ”, ਜੁਆਬ ਮਿਲਿਆ। ਪੰਡਿਤ ਜੀ ਨੇ ਸੋਚਿਆ ਬਾਲਕ ਬਹੁਤ ਭੋਲਾ ਹੈ ਅਤੇ ਜਗਿਆਸਾ ਵੱਸ ਪੁੱਛ ਰਿਹਾ ਹੈ।
“ਪਰ ਇਸ ਦੇ ਪਾਉਣ ਦੀ ਕੀ ਲੋੜ ਹੈ?” ਨਾਨਕ ਨੇ ਇੱਕ ਹੋਰ ਸੁਆਲ ਕਰ ਦਿੱਤਾ।
“ਇਸ ਨਾਲ ਤੂੰ ਧਰਮ ਦੀ ਦੁਨੀਆਂ ਵਿੱਚ ਦਾਖਲ ਹੋ ਜਾਵੇਂਗਾ।”
“ਫੇਰ ਤਾਂ ਪਹਿਲਾਂ ਇਹ ਜਨੇਊ ਮੇਰੀ ਵੱਡੀ ਭੈਣ ਨਾਨਕੀ ਜੀ ਨੂੰ ਪਹਿਨਾਓ, ਉਹ ਮੇਰੇ ਨਾਲੋਂ ਪੰਜ ਸਾਲ ਵੱਡੇ ਹਨ ਅਤੇ ਧਰਮੀ ਬਣਨ ਦਾ ਪਹਿਲਾ ਹੱਕ ਵੀ ਉਨ੍ਹਾਂ ਦਾ ਹੈ।”
ਪੰਡਿਤ ਜੀ ਨੇ ਭਾਵੇਂ ਕੁੱਝ ਖਿੱਝ ਜਿਹੀ ਮਹਿਸੂਸ ਕੀਤੀ ਪਰ ਆਪਣੀਆਂ ਭਾਵਨਾਵਾਂ ਤੇ ਸੰਜਮ ਰਖਦੇ ਹੋਏ ਬੋਲੇ,
“ਨਾਨਕ! ਵੇਦ ਸ਼ਾਸਤ੍ਰਾਂ ਅਨੁਸਾਰ ਔਰਤ ਵੀ ਨੀਚ ਸ਼ੂਦ੍ਰਾਂ ਦੀ ਜਮਾਤ ਵਿੱਚ ਆਉਂਦੀ ਹੈ ਅਤੇ ਸ਼ੂਦ੍ਰ ਕਿਉਂਕਿ ਨੀਚ ਜਾਤ ਹਨ, ਉਨ੍ਹਾਂ ਨੂੰ ਇਹ ਪਵਿਤ੍ਰ ਜਨੇਊ ਨਹੀਂ ਪਹਿਨਾਇਆ ਜਾਂਦਾ।”
“ਅੱਛਾ ਪੰਡਿਤ ਜੀ, ਇਹ ਦਸੋ, ਇਸ ਦੇ ਪਹਿਨਣ ਨਾਲ ਮੇਰੇ ਜੀਵਨ ਵਿੱਚ ਕੀ ਤਬਦੀਲੀ ਆਵੇਗੀ?” ਨਾਨਕ ਨੇ ਇੱਕ ਹੋਰ ਸੁਆਲ ਕਰ ਦਿੱਤਾ।
“ਨਾਨਕ ਇਹ ਹਿੰਦੂਆਂ ਦਾ ਧਾਰਮਿਕ ਚਿੰਨ੍ਹ ਹੈ, ਇਸ ਦੇ ਪਹਿਨਣ ਨਾਲ ਤੂੰ ਹਿੰਦੂ ਧਰਮ ਵਿੱਚ ਸ਼ਾਮਿਲ ਹੋ ਜਾਵੇਂਗਾ।” ਪੰਡਿਤ ਜੀ ਨੇ ਫੇਰ ਬੜੇ ਸਹਿਜ ਨਾਲ ਸਮਝਾਉਂਦੇ ਹੋਏ ਕਿਹਾ।
“ਪਰ ਪੰਡਿਤ ਜੀ ਹਿੰਦੂ ਜਾਂ ਮੁਸਲਮਾਨ ਬਣਨ ਨਾਲੋਂ ਵਧੇਰੇ ਮਹੱਤਵਪੂਰਨ ਚੰਗਾ ਇਨਸਾਨ ਬਣਨਾ ਹੈ। ਪ੍ਰਮਾਤਮਾ ਨੇ ਤਾਂ ਸਾਨੂੰ ਸਾਰਿਆਂ ਨੂੰ ਇਨਸਾਨ ਬਣਾਇਆ ਹੈ। ਮੈਂ ਤਾਂ ਇੱਕ ਚੰਗਾ ਇਨਸਾਨ ਬਨਣਾ ਚਾਹੁੰਦਾ ਹਾਂ, ਕਿਉਂਕਿ ਧਰਮ ਦਾ ਭਾਵ ਹੀ ਚੰਗਾ ਇਨਸਾਨ ਬਣਨਾ ਹੈ। ਮੈਨੂੰ ਤਾਂ ਇਹ ਦਸੋ ਕਿ ਇਸ ਦੇ ਪਾਉਣ ਨਾਲ ਮੇਰੇ ਜੀਵਨ ਵਿੱਚ ਚੰਗਾ ਇਨਸਾਨ ਬਨਣ ਲਈ ਕਿਹੜੇ ਗੁਣ ਆ ਜਾਣਗੇ?”
ਪੰਡਿਤ ਜੀ ਤਾਂ ਜਿਵੇਂ ਲਾਜੁਆਬ ਹੋ ਗਏ ਸਨ, ਉਨ੍ਹਾਂ ਦੀ ਘਬਰਾਹਟ ਉਨ੍ਹਾਂ ਦੇ ਮੱਥੇ ਤੇ ਉਭਰ ਆਏ ਪਸੀਨੇ ਅਤੇ ਤਿਊੜੀਆਂ ਤੋ ਸਾਫ ਝਲਕ ਰਹੀ ਸੀ। ਫੇਰ ਵੀ ਕੁੱਝ ਹੌਂਸਲਾ ਕਰ ਕੇ ਬੋਲੇ, “ਨਾਨਕ ਮੈਂ ਅੱਜ ਤੱਕ ਸੈਂਕੜਿਆਂ ਨੂੰ ਜਨੇਉ ਪੁਆ ਚੁੱਕਾ ਹਾਂ, ਕਦੇ ਕਿਸੇ ਨੇ ਕੋਈ ਸੁਆਲ ਨਹੀਂ ਕੀਤਾ। ਤੈਨੂੰ ਮਰਿਯਾਦਾ ਦਾ ਕੋਈ ਮਾਨ ਸਤਿਕਾਰ ਹੈ ਤਾਂ ਚੁੱਪ ਕਰਕੇ ਜਨੇਊ ਪੁਆ ਲੈ।” ਪੰਡਿਤ ਜੀ ਦੇ ਬੋਲਾਂ ਵਿੱਚ ਕੁੱਝ ਤਿੱਖਾਪਣ ਸਾਫ ਝਲਕ ਰਿਹਾ ਸੀ।
“ਪਰ ਪੰਡਿਤ ਜੀ, ਤੁਸੀਂ ਕਹਿੰਦੇ ਹੋ, ਇਹ ਜਨੇਊ ਧਰਮ ਦਾ ਚਿੰਨ੍ਹ ਹੈ, ਧਰਮ ਤਾਂ ਸਾਰੀ ਮਨੁੱਖਤਾ ਨੂੰ ਬਰਾਬਰ ਸਮਝਣਾ ਸਿਖਾਉਂਦਾ ਹੈ, ਅਸੀਂ ਸਾਰੇ ਮਨੁੱਖ ਇੱਕ ਪਰਮਾਤਮਾ ਦੀ ਸੰਤਾਨ ਹਾਂ, ਇਸ ਨਾਤੇ ਸਾਰੇ ਭਰਾ ਭਰਾ ਹਾਂ ਪਰ ਤੁਹਾਡਾ ਇਹ ਜਨੇਊ ਤਾਂ ਮਨੁੱਖ ਮਨੁੱਖ ਵਿੱਚ ਵੰਡੀਆਂ ਪਾਉਂਦਾ ਹੈ। ਕਿਸੇ ਨੂੰ ਉੱਚਾ ਅਤੇ ਕਿਸੇ ਨੂੰ ਨੀਚ ਦਾ ਦਰਜਾ ਦੇਣ ਵਾਲਾ, ਹੋਰ ਤਾਂ ਹੋਰ ਜਿਸ ਮਾਂ ਦੀ ਪਵਿੱਤਰ ਕੁੱਖ `ਚੋਂ ਅਸੀਂ ਜਨਮ ਲਿਆ ਹੈ, ਉਸ ਨੂੰ ਨੀਚ ਗਰਦਾਨ ਕੇ ਉਸ ਦਾ ਅਪਮਾਨ ਕਰਦਾ ਹੈ। ਇਹ ਚਿੱਟੇ ਧਾਗੇ ਦਾ ਹੈ, ਜੋ ਕੁੱਝ ਸਮੇਂ ਬਾਅਦ ਮੈਲਾ ਹੋ ਜਾਵੇਗਾ, ਤਾਂ ਕੀ ਧਰਮ ਵੀ ਮੈਲਾ ਹੋ ਜਾਵੇਗਾ? ਇਹ ਤਾਂ ਕੁੱਝ ਸਮੇਂ ਬਾਅਦ ਟੁੱਟ ਵੀ ਸਕਦਾ ਹੈ, ਸੜ ਵੀ ਸਕਦਾ ਹੈ, ਜੇ ਇਹ ਜਨੇਊ ਧਰਮ ਦਾ ਪ੍ਰਤੀਕ ਹੈ ਤਾਂ ਫੇਰ ਤਾਂ ਇਸ ਦੇ ਟੁਟਣ ਜਾਂ ਸੜਨ ਨਾਲ, ਧਰਮ ਦਾ ਵੀ ਨਾਸ ਹੋ ਜਾਵੇਗਾ। ਨਾਲੇ ਮੇਰੇ ਮਰਨ ਤੋਂ ਬਾਅਦ ਇਹ ਜਨੇਊ ਜਾਂ ਮੇਰੇ ਸਰੀਰ ਨਾਲ ਸੜ ਜਾਵੇਗਾ ਜਾਂ ਇਥੇ ਹੀ ਰਹਿ ਜਾਵੇਗਾ, ਫੇਰ ਤਾਂ ਅਕਾਲ ਪੁਰਖ ਦੀ ਦਰਗਾਹ ਵਿੱਚ ਅਧਰਮੀ ਹੀ ਜਾਵਾਂਗਾ। ਪੰਡਿਤ ਜੀ ਇਹ ਵੰਡੀਆਂ ਪਾਉਣ ਵਾਲਾ, ਸਮਾਜ ਦੇ ਇੱਕ ਵੱਡੇ ਹਿੱਸੇ ਦਾ ਅਪਮਾਨ ਕਰਨ ਵਾਲਾ ਜਨੇਊ ਮੈਂ ਨਹੀਂ ਪਾਉਣਾ। ਮੈਨੂੰ ਉਹ ਗੁਣਾਂ ਰੂਪੀ ਪੱਕਾ ਜਨੇਊ ਪਹਿਨਾਓ, ਜਿਹੜਾ ਕਦੇ ਮੈਲਾ ਨਾ ਹੋਵੇ, ਜਿਸਦਾ ਕਦੇ ਨਾਸ ਨਾ ਹੋਵੇ, ਜਿਸ ਨਾਲ ਮੇਰਾ ਜੀਵਨ ਗੁਣਾਂ ਨਾਲ ਸ਼ਿੰਗਾਰਿਆ ਜਾਵੇ ਅਤੇ ਮੈਂ ਸਦਾ ਲਈ ਪੱਕਾ ਧਰਮੀ ਬਣ ਜਾਵਾਂ…।” ਨਾਨਕ ਜੀ ਦੇ ਫੁਰਨੇ ਤਾਂ ਰੁਕਣ ਦਾ ਨਾਂ ਹੀ ਨਹੀਂ ਸਨ ਲੈ ਰਹੇ। ਉਧਰ ਪੰਡਿਤ ਜੀ ਨੂੰ ਵੀ ਸਮਝ ਪੈਣੀ ਸ਼ੁਰੂ ਹੋ ਗਈ ਸੀ ਕਿ ਨਾਨਕ ਕੋਈ ਆਮ ਬਾਲਕ ਨਹੀਂ। ਇਤਨੇ ਗਹਿਰ ਅਧਿਆਤਮਕ ਗਿਆਨ ਦੀਆਂ ਗੱਲਾਂ, ਨਾਨਕ ਜਿਸ ਠਰ੍ਹਮੇਂ, ਸਹਿਜ ਅਤੇ ਮਿਠਾਸ ਭਰੇ ਬੋਲਾਂ ਨਾਲ ਕਰ ਰਹੇ ਸਨ, ਪੰਡਿਤ ਉਸ ਤੋਂ ਪ੍ਰਭਾਵਤ ਹੋਏ ਬਿਨਾਂ ਨਾ ਰਹਿ ਸਕਿਆ। ਐਸੀਆਂ ਇਲਾਹੀ ਗਿਆਨ ਦੀਆਂ ਗੱਲਾਂ ਸ਼ਾਇਦ ਉਸ ਨੇ ਜੀਵਨ ਵਿੱਚ ਪਹਿਲੀ ਵਾਰ ਸੁਣੀਆਂ ਸਨ। ਉਸ ਦੀ ਖਿੱਝ, ਜਗਿਆਸਾ ਵਿੱਚ ਅਤੇ ਗੁੱਸਾ, ਸ਼ਰਧਾ ਵਿੱਚ ਬਦਲ ਰਿਹਾ ਸੀ। ਉਹ ਨਿਮ੍ਰਤਾ ਵਿੱਚ ਆਉਂਦਾ ਹੋਇਆ ਬੋਲਿਆ, “ਨਾਨਕ ਤੂੰ ਹੀ ਦੱਸ ਤੂੰ ਕੈਸਾ ਜਨੇਊ ਪਾਉਣਾ ਚਾਹੁੰਦਾ ਹੈਂ?”
ਇਸ ਪ੍ਰਥਾਏ ਗੁਰੂ ਨਾਨਕ ਪਾਤਿਸ਼ਾਹ ਨੇ ਜੋ ਸ਼ਬਦ ਉਚਾਰਣ ਕੀਤਾ, ਉਹ ਗੁਰੂ ਗ੍ਰੰਥ ਸਾਹਿਬ ਦੇ ਪੰਨਾ 471 ਤੇ ਆਸਾ ਕੀ ਵਾਰ ਬਾਣੀ ਵਿੱਚ ਦਰਜ ਹੈ:
“ਸਲੋਕੁ ਮਃ 1॥ ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥ ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ॥ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥ ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ॥ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ॥ ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ॥ 1॥”
ਹੇ ਪੰਡਤ ! ਜੇ (ਤੇਰੇ ਪਾਸ) ਇਹ ਆਤਮਾ ਦੇ ਕੰਮ ਆਉਣ ਵਾਲਾ ਜਨੇਊ ਹੈ ਤਾਂ (ਮੇਰੇ ਗਲ) ਪਾ ਦੇਹ—ਇਹ ਜਨੇਊ ਜਿਸ ਦੀ ਕਪਾਹ ਦਇਆ ਹੋਵੇ, ਜਿਸ ਦਾ ਸੂਤ ਸੰਤੋਖ ਹੋਵੇ, ਜਿਸ ਦੀਆਂ ਗੰਢਾਂ ਜਤ ਹੋਣ, ਅਤੇ ਜਿਸ ਦਾ ਵੱਟ ਉੱਚਾ ਆਚਰਨ ਹੋਵੇ। (ਹੇ ਪੰਡਿਤ) ! ਇਹੋ ਜਿਹਾ ਜਨੇਊ ਨਾ ਟੁੱਟਦਾ ਹੈ, ਨਾ ਹੀ ਇਸ ਨੂੰ ਮੈਲ ਲੱਗਦੀ ਹੈ, ਨਾ ਇਹ ਸੜਦਾ ਹੈ ਅਤੇ ਨਾ ਹੀ ਇਹ ਗੁਆਚਦਾ ਹੈ। ਹੇ ਨਾਨਕ ! ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਹ ਜਨੇਊ ਆਪਣੇ ਗਲੇ ਵਿੱਚ ਪਾ ਲਿਆ ਹੈ।
(ਹੇ ਪੰਡਤ ! ਇਹ ਜਨੇਊ ਜੋ ਤੂੰ ਪਾਂਦਾ ਫਿਰਦਾ ਹੈਂ, ਇਹ ਤਾਂ ਤੂੰ) ਚਾਰ ਕੌਡਾਂ ਮੁੱਲ ਦੇ ਕੇ ਮੰਗਵਾ ਲਿਆ, (ਆਪਣੇ ਜਜਮਾਨ ਦੇ) ਚੌਕੇ ਵਿੱਚ ਬੈਠ ਕੇ (ਉਸ ਦੇ ਗਲ) ਪਾ ਦਿੱਤਾ, (ਫੇਰ ਤੂੰ ਉਸ ਦੇ) ਕੰਨ ਵਿੱਚ ਉਪਦੇਸ਼ ਦਿੱਤਾ (ਕਿ ਅੱਜ ਤੋਂ ਤੇਰਾ) ਗੁਰੂ ਬ੍ਰਾਹਮਣ ਹੋ ਗਿਆ। (ਸਮਾ ਪੁੱਗਣ ਤੇ ਜਦੋਂ) ਉਹ (ਜਜਮਾਨ) ਮਰ ਗਿਆ (ਤਾਂ) ਉਹ (ਜਨੇਊ ਉਸ ਦੇ ਸਰੀਰ ਤੋਂ) ਢਹਿ ਪਿਆ (ਭਾਵ ਸੜ ਗਿਆ ਜਾਂ ਡਿੱਗ ਪਿਆ, ਪਰ ਆਤਮਾ ਦੇ ਨਾਲ ਨਾ ਨਿਭਿਆ, ਇਸ ਵਾਸਤੇ ਉਹ ਜਜਮਾਨ ਵਿਚਾਰਾ) ਜਨੇਊ ਤੋਂ ਬਿਨਾ ਹੀ (ਸੰਸਾਰ ਤੋਂ) ਗਿਆ। 1.
ਪੰਡਿਤ ਜੀ ਦੇ ਸਾਹਮਣੇ ਜਿਵੇਂ ਕੋਈ ਅਚੰਭਾ ਵਾਪਰਿਆ ਸੀ। ਨਾਨਕ ਜੀ ਦੇ ਬੋਲ ਉਸ ਦੇ ਕੰਨਾਂ ਵਿੱਚ ਗੂੰਜ ਰਹੇ ਸਨ। ਉਸ ਦਾ ਮਨ ਨਾਨਕ ਪ੍ਰਤੀ ਸਤਿਕਾਰ ਨਾਲ ਭਰ ਗਿਆ ਅਤੇ ਸੀਸ ਆਪਣੇ ਆਪ ਨਿਉਂਦਾ ਜਾ ਰਿਹਾ ਸੀ। ਪੰਡਿਤ ਜੀ ਉਠ ਕੇ ਖੜੇ ਹੋ ਗਏ ਅਤੇ ਮਹਿਤਾ ਕਲਿਆਣ ਦਾਸ ਜੀ ਵੱਲ ਮੂੰਹ ਕਰਕੇ ਬੋਲੇ,
“ਮਹਿਤਾ ਜੀ, ਨਾਨਕ ਨੂੰ ਇਹ ਜਨੇਊ ਪਾਉਣ ਦੀ ਕੋਈ ਲੋੜ ਨਹੀਂ ਅਤੇ ਜਿਹੜਾ ਜਨੇਊ ਨਾਨਕ ਪਾਉਣਾ ਚਾਹੁੰਦਾ ਹੈ, ਉਹ ਮੇਰੇ ਕੋਲ ਨਹੀਂ।” ਕਹਿੰਦੇ ਹੋਏ, ਅੱਗੇ ਪੰਡਿਤ ਜੀ ਅਤੇ ਮਗਰ ਉਨ੍ਹਾਂ ਦੇ ਚੇਲੇ ਦਰਵਾਜ਼ੇ ਤੋਂ ਬਾਹਰ ਨਿਕਲ ਗਏ।
ਇਕ ਵਾਰੀ ਤਾਂ ਘਰ ਦਾ ਮਾਹੌਲ ਸੁੰਨ ਹੋ ਗਿਆ। ਥੋੜ੍ਹੀ ਦੇਰ ਬਾਅਦ ਅਲੱਗ ਅਲੱਗ ਗੱਲਾਂ ਸ਼ੁਰੂ ਹੋ ਗਈਆਂ। ਕੁੱਝ ਤਾਂ ਇਹ ਕਹਿ ਰਹੇ ਸਨ ਕਿ ਨਾਨਕ ਨੇ ਇਤਨੇ ਮਹਾਨ, ਵਿਦਵਾਨ ਪੰਡਿਤ ਦਾ ਅਪਮਾਨ ਕਰ ਦਿੱਤਾ ਹੈ ਅਤੇ ਆਪਣੇ ਮਾਤਾ ਪਿਤਾ ਨੂੰ ਵੀ ਸ਼ਰਮਸਾਰ ਕੀਤਾ ਹੈ। ਕੁੱਝ ਸਮਝਦਾਰ ਲੋਕ ਅਚੰਭਤ ਹੋ ਕੇ ਕਹਿ ਰਹੇ ਸਨ ਕਿ ਇਤਨੀ ਛੋਟੀ ਜਿਹੀ ਉਮਰ ਵਿੱਚ ਨਾਨਕ ਨੂੰ ਕਿਤਨਾ ਅਧਿਆਤਮਕ ਗਿਆਨ ਹੈ ਕਿ ਇੱਕ ਵਿਦਵਾਨ ਪੰਡਿਤ ਵੀ ਲਾਜੁਆਬ ਹੋ ਗਿਆ ਹੈ। ਐਸੀਆਂ ਗੱਲਾਂ ਕੋਈ ਆਮ ਬਾਲਕ ਨਹੀਂ ਕਰ ਸਕਦਾ, ਯਕੀਨਨ ਨਾਨਕ ਜੀ ਕੋਈ ਆਮ ਬਾਲਕ ਨਹੀਂ ਹਨ।
ਇਸ ਸਾਖੀ ਅਤੇ ਸ਼ਬਦ ਤੋਂ ਸਪੱਸ਼ਟ ਹੈ ਕਿ ਧਰਮ ਹੈ ਜੀਵਨ ਵਿੱਚ ਸ਼ੁਭ ਗੁਣਾਂ ਨੂੰ ਅਪਨਾਉਣਾ, ਅਕਾਲ ਪੁਰਖ ਦੇ ਅਲੌਕਿਕ ਸੱਚ ਨਾਲ ਜੁੜਨਾ। ਇਸ ਤੋਂ ਸਖਣੇ ਧਰਮ ਦੇ ਨਾਂਅ ਤੇ ਕੀਤੇ ਜਾ ਰਹੇ ਬਾਕੀ ਸਭ ਕਰਮ, ਕਰਮਕਾਂਡ ਹਨ।
ਧਰਮ ਦੀ ਪਰਿਭਾਸ਼ਾ ਗੁਰਬਾਣੀ ਇੰਝ ਸਮਝਾਉਂਦੀ ਹੈ:
“ਏਕੋ ਧਰਮੁ ਦ੍ਰਿੜੈ ਸਚੁ ਕੋਈ॥ ਗੁਰਮਤਿ ਪੂਰਾ ਜੁਗਿ ਜੁਗਿ ਸੋਈ॥” {ਬਸੰਤੁ ਮਹਲਾ 1, ਪੰਨਾ 1188}
ਜੇਹੜਾ ਕੋਈ ਮਨੁੱਖ ਆਪਣੇ ਹਿਰਦੇ ਵਿੱਚ ਇਹ ਨਿਸ਼ਚਾ ਬਿਠਾਂਦਾ ਹੈ ਕਿ ਪੂਰੀ ਤਰ੍ਹਾਂ ਸੱਚੁ (ਅਕਾਲ ਪੁਰਖ) ਨਾਲ ਜੁੜਨਾ ਹੀ ਇਕੋ ਇੱਕ ਧਰਮ ਹੈ, ਉਹੀ ਗੁਰੂ ਦੀ ਮਤਿ ਦਾ ਆਸਰਾ ਲੈ ਕੇ ਸਦਾ ਲਈ (ਵਿਕਾਰਾਂ ਦੇ ਟਾਕਰੇ ਤੇ) ਅਡੋਲ ਹੋ ਜਾਂਦਾ ਹੈ।
ਧਰਮ ਜੀਵਨ ਦੀ ਉਹ ਅਵਸਥਾ ਹੈ, ਜਿਥੇ ਹਿਰ ਤਰ੍ਹਾਂ ਦੇ ਭਰਮਾਂ ਦਾ ਨਾਸ ਹੋ ਕੇ, ਇੱਕ ਅਕਾਲ ਪੁਰਖ, ਉਸ ਦੀ ਸਿਰਜੀ ਕੁਦਰਤ ਅਤੇ ਉਸ ਦੇ ਬਣਾਏ ਅਟੱਲ ਨੇਮਾਂ ਤੇ ਪੂਰਨ ਨਿਸਚਾ ਹੋ ਜਾਂਦਾ ਹੈ। ਪਾਵਨ ਗੁਰਬਾਣੀ ਦਾ ਫੁਰਮਾਨ ਹੈ:
“ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ॥ ਕਹੁ ਨਾਨਕ ਅਟਲ ਇਹੁ ਧਰਮੁ॥” {ਗਉੜੀ ਮਹਲਾ 5, ਪੰਨਾ 196}
ਸਾਰੇ ਭਰਮਾਂ ਨੂੰ ਤਿਆਗ ਕੇ, ਕੇਵਲ ਅਕਾਲ ਪੁਰਖ ਨੂੰ ਯਾਦ ਕਰਨਾ (ਭਾਵ ਉਸ ਤੇ ਪੂਰਨ ਵਿਸ਼ਵਾਸ ਲੈ ਆਉਣਾ), ਹੇ ਨਾਨਕ! ਇਹੀ ਸੱਚਾ ਧਰਮ ਹੈ।
ਜਗਤ ਨੂੰ ਤਾਰਦੇ ਹੋਏ ਗੁਰੂ ਨਾਨਕ ਪਾਤਿਸ਼ਾਹ ਜਦੋਂ ਮੱਕੇ ਪੁਜੇ ਤਾਂ ਉਥੇ ਹਾਜੀਆਂ ਨੇ ਸਤਿਗੁਰੂ ਨੂੰ ਇਹ ਸੁਆਲ ਕੀਤਾ ਸੀ ਕਿ ਕਿਹੜੀ ਕੌਮ ਵੱਡੀ (ਉੱਚੀ) ਹੈ। ਮੇਰੇ ਸਤਿਗੁਰੂ, ਗੁਰੂ ਨਾਨਕ ਪਾਤਿਸ਼ਾਹ ਨੇ ਉਨ੍ਹਾਂ ਨੂੰ ਇਹੀ ਗੱਲ ਸਮਝਾਈ ਸੀ ਕਿ ਵੱਡਾ ਉਹ ਹੈ ਜਿਸ ਦੇ ਅਮਲ ਚੰਗੇ ਹਨ। ਭਾਈ ਗੁਰਦਾਸ ਜੀ ਇਸ ਸਾਖੀ ਦੀ ਪ੍ਰੋੜਤਾ ਇਨ੍ਹਾਂ ਸ਼ਬਦਾ ਦੁਆਰਾਂ ਕਰਦੇ ਹਨ:
“ਪੁਛਣ ਖੋਲ ਕਿਤਾਬ ਨੂੰ ਵਡਾ ਹਿੰਦੂ ਕੀ ਮੁਸਲਮਾਨੋਈ॥ (1-33-3)
ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਝੋ ਦੋਵੇਂ ਰੋਈ॥” (1-33-4)

ਜੋ ਲੋਕ ਆਪਣੇ ਆਪ ਨੂੰ ਕਿਸੇ ਇੱਕ ਕੌਮ ਨਾਲ ਸਬੰਧਤ ਹੋਣ ਕਰਕੇ ਵੱਡਾ ਸਮਝ ਰਹੇ ਸਨ, ਉਨ੍ਹਾਂ ਨੂੰ ਸਤਿਗੁਰੂ ਨੇ ਸਮਝਾ ਦਿੱਤਾ ਕਿ ਕੋਈ ਕਿਸੇ ਕੌਮ ਕਰ ਕੇ ਵੱਡਾ ਨਹੀਂ ਹੁੰਦਾ। ਭਾਈ ਗੁਰਦਾਸ ਜੀ ਅਗਲੀ ਪੰਕਤੀ ਅੰਦਰ ਲਿਖਦੇ ਹਨ:
ਹਿੰਦੂ ਮੁਸਲਮਾਨ ਦੋਇ ਦਰਗਹਿ ਅੰਦਰ ਲੈਣ ਨ ਢੋਈ॥ (1-33-5)
ਗੁਰਬਾਣੀ ਨੇ ਇਹ ਗੱਲ ਪੂਰੀ ਤਰ੍ਹਾਂ ਦ੍ਰਿੜ ਕਰਾਈ ਹੈ ਕਿ ਅਕਾਲ ਪੁਰਖ ਤੇ ਪੂਰਨ ਭਰੋਸਾ ਅਤੇ ਸ਼ੁਭ ਕਰਮ ਕਰਨੇ ਹੀ ਸਭ ਤੋਂ ਉੱਚਾ ਧਰਮ ਹੈ। ਸਤਿਗੁਰੁ ਦੇ ਪਾਵਨ ਬਚਨ ਹਨ:
“ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥” {ਗਉੜੀ ਸੁਖਮਨੀ ਮ: 5, ਪੰਨਾ 266}
(ਹੇ ਮਨ !) ਪ੍ਰਭੂ ਦਾ ਨਾਮ ਜਪ (ਤੇ) ਪਵਿਤ੍ਰ ਆਚਰਣ (ਬਣਾ) —ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ।
ਗੁਰੂ ਗ੍ਰੰਥ ਸਾਹਿਬ ਦੇ ਪੰਨਾ 641-642 ਤੇ ਸੁਸ਼ੋਭਿਤ ਹੇਠਲੇ ਸ਼ਬਦ ਵਿੱਚ ਤਾਂ ਸਤਿਗੁਰੂ ਨੇ ਅਨੇਕ ਕਰਮਕਾਂਡਾਂ ਨੂੰ ਗਿਣ ਗਿਣ ਕੇ ਰੱਦ ਕੀਤਾ ਹੈ:
ਸੋਰਠਿ ਮਹਲਾ 5 ਘਰੁ 2 ਅਸਟਪਦੀਆ
ੴ ਸਤਿਗੁਰ ਪ੍ਰਸਾਦਿ॥ ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ॥ 1॥ ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ॥ ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ॥ ਰਹਾਉ॥ ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ॥ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ॥ 2॥ ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ॥ ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ॥ 3॥ ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ॥ ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ॥ 4॥ ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ॥ ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ॥ 5॥ ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ॥ ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ॥ 6॥ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮੁ ਅਫਾਰਾ॥ ਸੇਜ ਸੋਹਨੀ ਚੰਦਨੁ ਚੋਆ ਨਰਕ ਘੋਰ ਕਾ ਦੁਆਰਾ॥ 7॥ ਹਰਿ ਕੀਰਤਿ ਸਾਧ ਸੰਗਤਿ, ਹੈ ਸਿਰਿ ਕਰਮਨ ਕੈ ਕਰਮਾ॥ ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ॥ 8॥ ਤੇਰੋ ਸੇਵਕੁ ਇਹ ਰੰਗਿ ਮਾਤਾ॥ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ॥ ਰਹਾਉ ਦੂਜਾ॥ 1॥

ਬੇਸਕ ਇਨ੍ਹਾਂ ਕਰਮਾਂ ਨੂੰ ਹੀ ਪਹਿਲਾਂ ਧਰਮ ਸਮਝਿਆ ਜਾਂਦਾ ਸੀ ਅਤੇ ਮਨੁੱਖਤਾ ਇਨ੍ਹਾਂ ਵਿਖਾਵਿਆਂ ਵਿੱਚ ਹੀ ਉਲਝੀ ਹੋਈ ਸੀ ਅਤੇ ਆਪਣੇ ਅਮੋਲਕ ਜੀਵਨ ਨੂੰ ਅਜਾਈਂ ਗੁਆ ਰਹੀ ਸੀ। ਪਰ ਧਰਮ ਦੀ ਦੁਨੀਆਂ ਵਿੱਚ ਇਹ ਇੱਕ ਵੱਡਾ ਇਨਕਲਾਬ ਸੀ ਜਦੋਂ ਗੁਰੂ ਨਾਨਕ ਪਾਤਿਸ਼ਾਹ ਨੇ ਫੁਰਮਾਇਆ:
ਮਃ 1॥ ਪੜਿ ਪੁਸਤਕ ਸੰਧਿਆ ਬਾਦੰ॥ ਸਿਲ ਪੂਜਸਿ ਬਗੁਲ ਸਮਾਧੰ॥ ਮੁਖਿ ਝੂਠ ਬਿਭੂਖਣ ਸਾਰੰ॥ ਤ੍ਰੈਪਾਲ ਤਿਹਾਲ ਬਿਚਾਰੰ॥ ਗਲਿ ਮਾਲਾ ਤਿਲਕੁ ਲਿਲਾਟੰ॥ ਦੁਇ ਧੋਤੀ ਬਸਤ੍ਰ ਕਪਾਟੰ॥ ਜੇ ਜਾਣਸਿ ਬ੍ਰਹਮੰ ਕਰਮੰ॥ ਸਭਿ ਫੋਕਟ ਨਿਸਚਉ ਕਰਮੰ॥ ਕਹੁ ਨਾਨਕ ਨਿਹਚਉ ਧਿਆਵੈ॥ ਵਿਣੁ ਸਤਿਗੁਰ ਵਾਟ ਨ ਪਾਵੈ॥ 2॥ {ਪੰਨਾ 470}
(ਪੰਡਤ ਵੇਦ ਆਦਿਕ ਧਾਰਮਿਕ) ਪੁਸਤਕਾਂ ਪੜ੍ਹ ਕੇ ਸੰਧਿਆ ਕਰਦਾ ਹੈ ਅਤੇ (ਹੋਰਨਾਂ ਨਾਲ) ਚਰਚਾ ਛੇੜਦਾ ਹੈ, ਮੂਰਤੀ ਪੂਜਦਾ ਹੈ ਅਤੇ ਬਗਲੇ ਵਾਂਗ ਸਮਾਧੀ ਲਾਂਦਾ ਹੈ; ਮੁਖੋਂ ਝੂਠ ਬੋਲਦਾ ਹੈ; (ਪਰ ਉਸ ਝੂਠ ਨੂੰ) ਬੜੇ ਸੋਹਣੇ ਗਹਿਣਿਆਂ ਵਾਂਗ ਸੋਹਣਾ ਕਰਕੇ ਵਿਖਾਲਦਾ ਹੈ; (ਹਰ ਰੋਜ਼) ਤਿੰਨ ਵੇਲੇ ਗਾਯਤ੍ਰੀ ਮੰਤਰ ਨੂੰ ਵਿਚਾਰਦਾ ਹੈ; ਗਲ ਵਿੱਚ ਮਾਲਾ ਰੱਖਦਾ ਹੈ, ਤੇ ਮੱਥੇ ਉਤੇ ਤਿਲਕ ਲਾਂਦਾ ਹੈ; (ਸਦਾ) ਦੋ ਧੋਤੀਆਂ ਪਾਸ ਰੱਖਦਾ ਹੈ ਤੇ (ਸੰਧਿਆ ਕਰਨ ਵੇਲੇ) ਸਿਰ ਉੱਤੇ ਇੱਕ ਵਸਤਰ ਧਰ ਲੈਂਦਾ ਹੈ।
ਪਰ ਜੇ ਇਹ ਪੰਡਤ ਰੱਬ (ਦੀ ਸਿਫ਼ਤਿ-ਸਾਲਾਹ) ਦਾ ਕੰਮ ਜਾਣਦਾ ਹੋਵੇ, ਤਦ ਨਿਸਚਾ ਕਰ ਕੇ ਜਾਣ ਲਵੋ ਕਿ, ਇਹ ਸਭ ਕੰਮ ਫੋਕੇ (ਅੰਧ ਵਿਸ਼ਵਾਸ ਕੇ ਕਰਮ) ਹਨ। ਆਖ, ਹੇ ਨਾਨਕ ! (ਮਨੁੱਖ) ਸਰਧਾ ਧਾਰ ਕੇ ਰੱਬ ਨੂੰ ਸਿਮਰੇ—ਕੇਵਲ ਇਹੋ ਰਸਤਾ ਗੁਣਕਾਰੀ ਹੈ, (ਪਰ) ਇਹ ਰਸਤਾ ਸਤਿਗੁਰੂ ਤੋਂ ਬਿਨਾ ਨਹੀਂ ਲੱਭਦਾ।
ਇਹ ਅਤਿ ਦੁੱਖ ਦੀ ਗੱਲ ਹੈ ਕਿ ਸਤਿਗੁਰੂ ਦੇ ਇਤਨੇ ਸਪੱਸ਼ਟ ਫੁਰਮਾਨ ਹੋਣ ਦੇ ਬਾਵਜੂਦ ਬਹੁਤੇ ਸਿੱਖ ਅੱਜ ਵੀ ਉਨ੍ਹਾਂ ਹੀ ਕਰਮਕਾਂਡਾਂ ਵਿੱਚ ਉਲਝੇ ਹੋਏ ਹਨ। ਬਸ ਫਰਕ ਸਿਰਫ ਇਤਨਾ ਹੈ ਕਿ ਬਹੁਤੇ ਕਰਮਕਾਂਡਾਂ ਦਾ ਸਿੱਖੀਕਰਨ ਕਰ ਲਿਆ ਹੈ, ਜਿਵੇਂ ਮਿਰਤੱਕ ਪ੍ਰਾਣੀ ਦੇ ਹੱਡ ਪਾਉਣ ਲਈ ਹਰਦੁਆਰ ਆਦਿ ਜਾਣ ਦੀ ਬਜਾਏ ਕੀਰਤਪੁਰ ਜਾਣਾ, ਹਿੰਦੂ ਤੀਰਥਾਂ ਦੀ ਬਜਾਏ ਮਨੀਕਰਨ, ਹੇਮਕੁੰਟ ਆਦਿ ਜਾਣਾ, ਪੱਥਰ ਦੇ ਬੁੱਤ ਪੂਜਣ ਦੀ ਬਜਾਏ ਕਾਗਜ਼ ਤੇ ਛਪੀਆਂ ਮੂਰਤਾਂ ਪੂਜਣਾ, ਹਿੰਦੂ ਧਰਮ ਗ੍ਰੰਥਾਂ ਦੇ ਮੰਤ੍ਰ ਰਟਣ ਦੀ ਬਜਾਏ ਗੁਰਬਾਣੀ ਨੂੰ ਮੰਤ੍ਰਾਂ ਵਾਂਗ ਰਟਣਾ, ਗੁਰਦੁਆਰਿਆਂ ਦੇ ਸਰੋਵਰਾਂ ਵਿੱਚ ਇਸ਼ਨਾਨ ਕਰਕੇ ਆਪਣੇ ਆਪ ਨੂੰ ਉਂਝੇ ਪਵਿੱਤਰ ਹੋ ਗਿਆ ਸਮਝਣਾ ਜਿਵੇਂ ਹਿੰਦੂ ਆਪਣੇ ਤੀਰਥਾਂ ਤੇ ਇਸ਼ਨਾਨ ਕਰਕੇ ਸਮਝਦਾ ਹੈ ਆਦਿ। ਸੰਖੇਪ ਵਿੱਚ ਇਹ ਕਹਿ ਦਿਆਂ ਕਿ ਸਿੱਖ ਵੀ ਅੱਜ ਉਹੀ ਸਾਰੇ ਬ੍ਰਾਹਮਣੀ ਕਰਮਕਾਂਡ ਕਰ ਰਿਹਾ ਹੈ ਜਦਕਿ ਸਤਿਗੁਰੂ ਦੀ ਪਾਵਨ ਬਾਣੀ ਅਜਿਹੇ ਸਭ ਕਰਮਾਂ ਨੂੰ ਪਾਖੰਡ ਦਸਦੀ ਹੈ:
“ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥
ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ॥” {ਸੂਹੀ ਮਹਲਾ 5, ਪੰਨਾ 747}
ਹੇ ਭਾਈ ! (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕੰਮ ਵਿਖਾਵੇ ਦੇ ਪਖੰਡ ਹਨ, ਇਹ ਪਖੰਡ ਜਿਤਨੇ ਭੀ ਲੋਕ ਕਰਦੇ ਦਿੱਸਦੇ ਹਨ, ਉਹਨਾਂ ਨੂੰ ਮਸੂਲੀਆ ਜਮ ਲੁੱਟ ਲੈਂਦਾ ਹੈ। (ਇਸ ਵਾਸਤੇ) ਵਾਸਨਾ-ਰਹਿਤ ਹੋ ਕੇ ਕਰਤਾਰ ਦੀ ਸਿਫ਼ਤਿ-ਸਾਲਾਹ ਕਰਿਆ ਕਰੋ, ਕਿਉਂਕਿ ਇਸ ਦੀ ਬਰਕਤਿ ਨਾਲ ਛਿਨ-ਭਰ ਨਾਮ ਸਿਮਰਿਆਂ ਹੀ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦਾ ਹੈ।
“ਕਰਮ ਕਾਂਡ ਬਹੁ ਕਰਹਿ ਅਚਾਰ॥ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ॥” {ਗਉੜੀ ਗੁਆਰੇਰੀ ਮਹਲਾ 3, ਪੰਨਾ 162}
ਜੇਹੜੇ ਬੰਦੇ (ਜਨਮ ਜਨੇਊ ਵਿਆਹ ਮਰਨ ਕਿਰਿਆ ਆਦਿਕ ਸਮੇ ਸ਼ਾਸਤ੍ਰਾਂ ਅਨੁਸਾਰ ਮੰਨੇ ਹੋਏ) ਧਾਰਮਿਕ ਕਰਮ ਕਰਦੇ ਹਨ ਤੇ ਹੋਰ ਅਨੇਕਾਂ ਧਾਰਮਿਕ ਰਸਮਾਂ ਕਰਦੇ ਹਨ, ਪਰ ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿੰਦੇ ਹਨ, (ਇਹ ਕਰਮ ਕਾਂਡ ਉਹਨਾਂ ਦੇ ਅੰਦਰ) ਅਹੰਕਾਰ (ਪੈਦਾ ਕਰਦਾ ਹੈ ਤੇ ਉਹਨਾਂ ਦਾ ਜੀਵਨ) ਫਿਟਕਾਰ-ਜੋਗ ਹੀ (ਰਹਿੰਦਾ ਹੈ)।
ਆਓ ਸਮਝ ਕੇ ਵਿਚਾਰ ਕੇ ਗੁਰਬਾਣੀ ਪੜ੍ਹੀਏ, ਗੁਰਬਾਣੀ ਤੋਂ ਅਮੋਲਕ ਗਿਆਨ ਸੋਝੀ ਪ੍ਰਪਤ ਕਰਕੇ, ਜੀਵਨ ਨੂੰ ਕਰਮਕਾਂਡਾਂ ਤੋਂ ਮੁਕਤ ਕਰਾ ਕੇ ਧਰਮ ਦੇ ਅਮੋਲਕ ਗੁਣਾਂ ਨਾਲ ਸ਼ਿੰਗਾਰ ਲਈਏ।

ਰਜਿੰਦਰ ਸਿੰਘ ਖਾਲਸਾ, ਸ਼੍ਰੋਮਣੀ ਖ਼ਾਲਸਾ ਪੰਚਾਇਤ




.