.

ਧਰਮ ਵਿੱਚ ਸਮੱਸਿਆ-26
ਪਾਗਲਪਨ ਆਧਾਰਿਤ ਨਕਲੀ ਧਰਮ
ਹਰਚਰਨ ਸਿੰਘ (ਐਡੀਟਰ-ਸਿੱਖ ਵਿਰਸਾ)

Tel.: 403-681-8689 Email: hp8689@gmail.com www.sikhvirsa.com

ਨੋਟ: ਅੱਜ ਦੇ ਪ੍ਰਚਲਤ 10-15 ਵੱਡੇ ਜਥੇਬੰਦਕ ਧਰਮਾਂ (ਧਾਰਮਿਕ ਫਿਰਕਿਆਂ) ਅਤੇ ਉਨ੍ਹਾਂ ਵਿਚੋਂ ਨਿਕਲੇ 30000 ਤੋਂ ਵੱਧ ਵੱਡੇ-ਛੋਟੇ ਧਾਰਮਿਕ ਫਿਰਕਿਆਂ ਵਿੱਚ ਅਨੇਕਾਂ ਤਰ੍ਹਾਂ ਦੇ ਨਕਲੀ ਧਰਮ ਪ੍ਰਚਲਤ ਹੋ ਚੁੱਕੇ ਹਨ। ਜਿਨ੍ਹਾਂ ਤੇ ਪੁਜਾਰੀਆਂ, ਸਿਆਸਤਦਾਨਾਂ ਤੇ ਸਰਮਾਏਦਾਰਾਂ ਦੀ ਤਿੱਕੜੀ ਦਾ ਪੂਰਾ ਕਬਜ਼ਾ ਹੋ ਚੁੱਕਾ ਹੈ। ਧਰਮਾਂ ਦਾ ਤਕਰੀਬਨ 5 ਹਜ਼ਾਰ ਸਾਲ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹ ਤਿੱਕੜੀ ਰਲ਼ ਕੇ ਮਨੁੱਖਤਾ ਨੂੰ ਧਰਮ ਦੇ ਨਾਮ ਤੇ ਲੁੱਟਦੀ ਆ ਰਹੀ ਹੈ। ਧਰਮ ਇਨ੍ਹਾਂ ਲਈ ਪੈਸਾ ਕਮਾਉਣ ਦਾ ਧੰਦਾ ਤੇ ਸ਼ਰਧਾਲੂਆਂ ਦੀ ਤਾਕਤ ਨੂੰ ਆਪਣੇ ਸਿਆਸੀ ਮੁਫਾਦਾਂ ਲਈ ਵਰਤਣ ਦਾ ਜ਼ਰੀਆ ਹੈ। ਇਨ੍ਹਾਂ ਦਾ ਇਹ ਧੰਦਾ ਸਦੀਆਂ ਤੋਂ ਅਗਿਆਨਤਾ, ਅੰਧ-ਵਿਸ਼ਵਾਸ਼ ਤੇ ਕਰਮਕਾਂਡਾਂ ਦੇ ਅਧਾਰ ਤੇ ਚੱਲ ਰਿਹਾ ਹੈ। ਇਤਿਹਾਸ ਵਿੱਚ ਸਮੇਂ-ਸਮੇਂ ਅਨੇਕਾਂ ਸੱਚੇ ਮਨੁੱਖਤਾਵਾਦੀ ਧਰਮ ਗੁਰੂ, ਰਹਿਬਰ, ਪੀਰ-ਪੈਗੰਬਰ, ਮਹਾਂਪੁਰਸ਼ ਪੈਦਾ ਹੁੰਦੇ ਰਹੇ, ਜੋ ਮਨੁੱਖ ਨੂੰ ਅਸਲੀ ਧਰਮ ਨਾਲ ਜੋੜਦੇ ਰਹੇ, ਅਗਿਆਨਤਾ ਤੇ ਅੰਧ ਵਿਸ਼ਵਾਸ਼ ਦੀ ਬੇਹੋਸ਼ੀ ਵਿਚੋਂ ਜਗਾ ਕੇ ਸੱਚ ਦੇ ਰਾਹ ਪਾਉਂਦੇ ਰਹੇ। ਪਰ ਇਸ ਤਿਕੜੀ ਨੇ ਅਜਿਹੇ ਮਹਾਨ ਪੁਰਸ਼ਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ। ਉਨ੍ਹਾਂ ਨੂੰ ਸੂਲ਼ੀਆਂ, ਫਾਂਸੀਆਂ ਤੇ ਚੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚਦੇ ਰਹੇ ਤੇ ਅਨੇਕਾਂ ਤਰ੍ਹਾਂ ਦੀਆਂ ਮੁਸੀਬਤਾਂ ਉਨ੍ਹਾਂ ਦੇ ਰਾਹਾਂ ਵਿੱਚ ਖੜੀਆਂ ਕਰਦੇ ਰਹੇ। ਪਰ ਫਿਰ ਵੀ ਜਦੋਂ ਅਜਿਹੇ ਮਹਾਂਪੁਰਸ਼ ਆਪਣੀ ਨਵੀਂ ਤੇ ਵੱਖਰੀ ਵਿਚਾਰਧਾਰਾ ਮਨੁੱਖਤਾ ਨੂੰ ਦੇਣ ਵਿੱਚ ਸਫਲ ਹੋ ਜਾਂਦੇ ਤਾਂ ਉਨ੍ਹਾਂ ਦੇ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਸਮਾਂ ਪਾ ਕੇ ਇਹ ਤਿਕੜੀ ਨਵੇਂ ਰੂਪ ਵਿੱਚ ਉਸੇ ਮਹਾਂਪੁਰਸ਼ ਦੇ ਨਾਮ ਤੇ ਨਵੀਆਂ ਮਰਿਯਾਦਾਵਾਂ, ਕਰਮਕਾਂਡਾਂ ਤੇ ਚਿੰਨ੍ਹਾਂ ਨਾਲ ਲੈਸ ਹੋ ਕੇ ਨਵਾਂ ਧਾਰਮਿਕ ਫਿਰਕਾ ਖੜਾ ਕਰਕੇ ਉਨ੍ਹਾਂ ਦੇ ਅਨੁਆਈਆਂ ਨੂੰ ਆਪਣੇ ਨਕਲੀ ਧਰਮ ਦੇ ਮਾਇਆ ਜਾਲ ਵਿੱਚ ਫਸਾ ਲੈਂਦੇ। ਅੱਜ ਦੇ ਪ੍ਰਚਲਤ ਹਰ ਜਥੇਬੰਦਕ ਛੋਟੇ ਵੱਡੇ ਧਾਰਮਿਕ ਫਿਰਕੇ ਵਿੱਚ ਨਕਲੀ ਧਰਮਾਂ ਦਾ ਪੂਰਾ ਬੋਲਬਾਲਾ ਹੈ ਤੇ ਅਸਲੀ ਧਰਮ ਇਨ੍ਹਾਂ ਵਿਚੋਂ ਪੂਰੀ ਤਰ੍ਹਾਂ ਅਲੋਪ ਹੋ ਚੁੱਕਾ ਹੈ। ਹਰ ਧਾਰਮਿਕ ਫਿਰਕਾ ਝੂਠੀਆਂ, ਅੰਧ ਵਿਸ਼ਵਾਸ਼ੀ, ਅਗਿਆਨਤਾ ਭਰਪੂਰ ਰੀਤਾਂ-ਰਸਮਾਂ, ਕਰਾਮਾਤਾਂ, ਕਰਮਕਾਂਡਾਂ, ਮਰਿਯਾਦਾਵਾਂ, ਪ੍ਰੰਪਰਾਵਾਂ, ਧਾਰਮਿਕ ਚਿੰਨ੍ਹਾਂ ਦਾ ਮਿਲਗੋਭਾ ਜਿਹਾ ਨਕਲੀ ਧਰਮ ਬਣ ਚੁੱਕਾ ਹੈ। ਇਸ ਲੇਖ ਲੜੀ ਦਾ ਮਕਸਦ ਆਮ ਵਿਅਕਤੀ ਨੂੰ ਜਿਥੇ ਧਰਮ ਦੇ ਨਾਮ ਤੇ ਬਣੇ ਹੋਏ ਇਨ੍ਹਾਂ ਧਾਰਮਿਕ ਫਿਰਕਿਆਂ ਵਿਚਲੇ ਨਕਲੀ ਧਰਮਾਂ ਤੋਂ ਜਾਣੂ ਕਰਾਉਣਾ ਹੈ, ਉਥੇ ਅਸਲੀ ਧਰਮ ਦੀ ਜਾਣ ਪਛਾਣ ਕਰਾਉਣਾ ਵੀ ਹੈ ਤਾਂ ਕਿ ਲੋਕ ਸੱਚੇ ਤੇ ਅਸਲੀ ਧਰਮ ਨਾਲ ਜੁੜ ਸਕਣ। ਕੋਸ਼ਿਸ਼ ਇਹੀ ਹੈ ਕਿ ਲੋਕ ਬੇਹੋਸ਼ੀ ਤੋਂ ਜਾਗ ਪੈਣ ਤੇ ਪਛਾਣ ਕਰਨ ਦੇ ਸਮਰੱਥ ਹੋ ਸਕਣ ਕਿ ਜਿਸਨੂੰ ਉਹ ਤਨੋ, ਮਨੋ, ਧਨੋ ਧਰਮ ਸਮਝ ਕੇ ਆਪਾ ਨਿਛਾਵਰ ਕਰ ਰਹੇ ਹਨ, ਕੀ ਉਸ ਵਿੱਚ ਕੁੱਝ ਧਰਮ ਦਾ ਅੰਸ਼ ਹੈ ਵੀ ਜਾਂ ਉਹ ਸਿਰਫ ਪੁਜਾਰੀਆਂ ਦੀਆਂ ਬਣਾਈਆਂ ਅਗਿਆਨਤਾ ਤੇ ਅੰਧ ਵਿਸ਼ਵਾਸ਼ ਅਧਾਰਿਤ ਮਰਿਯਾਦਾਵਾਂ, ਰੀਤਾਂ-ਰਸਮਾਂ, ਕਰਮਕਾਂਡਾਂ ਦਾ ਭਾਰ ਹੀ ਢੋਹ ਰਹੇ ਹਨ। ਇਹ ਤਿਕੜੀ ਧਰਮ ਨੂੰ ਵਧਾਉਣ, ਧਰਮ ਦਾ ਰਾਜ ਸਥਾਪਿਤ ਕਰਨ ਅਤੇ ਧਰਮ ਨੂੰ ਖਤਰੇ ਦੇ ਨਾਂ ਤੇ ਪਿਛਲੇ 5 ਹਜ਼ਾਰ ਸਾਲਾਂ ਵਿੱਚ 15 ਹਜ਼ਾਰ ਤੋਂ ਵੱਧ ਯੁੱਧਾਂ ਰਾਹੀਂ ਮਨੁੱਖਤਾ ਦਾ ਵੱਡੇ ਪੱਧਰ ਤੇ ਘਾਣ ਕਰ ਚੁੱਕੀ ਹੈ। ਅੱਜ ਵੀ ਦੁਨੀਆਂ ਦੇ ਵੱਖ-ਵੱਖ ਖਿੱਤਿਆਂ ਵਿੱਚ ਧਰਮ ਅਧਾਰਿਤ ਹਥਿਆਰਬੰਦ ਸੰਗਠਨ ਧਰਮ ਨੂੰ ਖਤਰਾ, ਧਰਮ ਦਾ ਰਾਜ ਜਾਂ ਧਰਮ ਦਾ ਪ੍ਰਸਾਰ ਦੇ ਨਾਮ ਹੇਠ ਮਾਨਵਤਾ ਦਾ ਖੂਨ ਵਹਾ ਰਹੇ ਹਨ। ਅੱਜ ਕਿਸੇ ਵੀ ਅਖੌਤੀ ਧਰਮ ਨੂੰ ਖਤਰਾ ਨਾਸਤਿਕਾਂ, ਸਾਇੰਸਦਾਨਾਂ, ਅਧੁਨਿਕਵਾਦੀਆਂ ਜਾਂ ਧਰਮ ਵਿਰੋਧੀਆਂ ਤੋਂ ਨਹੀਂ, ਇਨ੍ਹਾਂ ਨਕਲੀ ਧਰਮਾਂ ਤੇ ਕਾਬਿਜ਼ ਇਸ ਤਿੱਕੜੀ ਤੋਂ ਹੈ। ਇਨ੍ਹਾਂ ਤੇ ਕਾਬਿਜ਼ ਕੱਟੜਪੰਥੀ ਤਾਕਤਾਂ ਤੋਂ ਹੈ, ਜੋ ਆਪਣੇ ਫਿਰਕੇ ਦੀਆਂ ਧਾਰਮਿਕ ਰਸਮਾਂ (ਪੂਜਾ-ਪਾਠ), ਧਾਰਮਿਕ ਚਿੰਨ੍ਹਾਂ ਜਾਂ ਬਾਹਰੀ ਧਾਰਮਿਕ ਦਿਖਾਵਿਆਂ-ਪਹਿਰਾਵਿਆਂ ਨੂੰ ਹੀ ਧਰਮ ਸਮਝਦੀਆਂ ਹਨ ਅਤੇ ਇਨ੍ਹਾਂ ਨੂੰ ਲੋਕਾਂ ਤੇ ਤਾਕਤ ਦੇ ਜ਼ੋਰ ਨਾਲ ਥੋਪਣਾ ਚਾਹੁੰਦੀਆਂ ਹਨ। ਧਰਮ ਨੂੰ ਕਦੇ ਕਿਸੇ ਤੋਂ ਖਤਰਾ ਨਹੀਂ ਹੁੰਦਾ, ਧਰਮ ਹਰ ਇੱਕ ਦਾ ਆਪਣਾ ਹੁੰਦਾ ਹੈ ਤੇ ਉਹ ਹਰ ਇੱਕ ਦੇ ਅੰਦਰ ਹੁੰਦਾ ਹੈ। ਖਤਰਾ ਧਾਰਮਿਕ ਫਿਰਕਿਆਂ ਨੂੰ ਇੱਕ ਦੂਜੇ ਤੋਂ ਆਪਸੀ ਤੰਗ ਨਜ਼ਰੀ ਤੇ ਸੌੜੀ ਸੋਚ ਕਾਰਨ ਹੁੰਦਾ ਹੈ। ਹਰ ਧਾਰਮਿਕ ਫਿਰਕਾ ਆਪਣਾ ਫਿਰਕਾ ਵਧਾਉਣ ਦੇ ਚੱਕਰ ਵਿੱਚ ਰਹਿੰਦਾ ਹੈ, ਜਿਸ ਨਾਲ ਛੋਟੇ ਫਿਰਕੇ ਵੱਡੇ ਫਿਰਕਿਆਂ ਤੋਂ ਖਤਰਾ ਮਹਿਸੂਸ ਕਰਦੇ ਹਨ। ਅਸਲੀ ਧਰਮ ਤੁਹਾਡੇ ਅੰਦਰੋਂ ਜਾਗ ਪੈਣ ਦਾ ਨਾਮ ਹੈ। ਆਪਣੇ ਆਪੇ ਦੀ ਪਹਿਚਾਣ ਦਾ ਨਾਮ ਹੈ ਤੇ ਸਭ ਵਿੱਚ ਵਸਦੀ ਰੱਬੀ ਜੋਤ ਨੂੰ ਮਹਿਸੂਸ ਕਰਨ ਦਾ ਨਾਮ ਹੈ। ਤੁਸੀਂ ਇਸ ਲੇਖ ਲੜੀ ਬਾਰੇ ਆਪਣੇ ਵਿਚਾਰ ਭੇਜ ਸਕਦੇ ਹੋ ਤਾਂ ਕਿ ਗੱਲ ਅੱਗੇ ਤੁਰ ਸਕੇ। ਤੁਹਾਡੇ ਸੁਝਾਵਾਂ ਤੇ ਵਿਚਾਰਾਂ ਬਾਰੇ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇਗੀ।
ਨਕਲੀ ਧਰਮਾਂ ਦੀ ਚੱਲ ਰਹੀ ਚਰਚਾ ਵਿੱਚ ‘ਪਾਗਲਪਨ ਆਧਾਰਿਤ ਨਕਲੀ ਧਰਮ’ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਸਾਨੂੰ ਇਹ ਜਾਣ ਲੈਣਾ ਜਰੂਰੀ ਹੈ ਕਿ ਪਾਗਲਪਨ ਕਿਸਨੂੰ ਕਹਿੰਦੇ ਹਨ। ਪਾਗਲਪਨ ਆਮ ਤੌਰ ਤੇ ਦਿਮਾਗ ਦੀ ਉਹ ਸਥਿਤੀ ਹੁੰਦੀ ਹੈ, ਜਦੋਂ ਮਨੁੱਖ ਆਪਣਾ ਦਿਮਾਗੀ ਸੰਤੁਲਨ ਗਵਾ ਲੈਂਦਾ ਹੈ ਤੇ ਉਸਨੂੰ ਠੀਕ ਜਾਂ ਗਲਤ ਦੀ ਪਹਿਚਾਣ ਖਤਮ ਹੋ ਜਾਂਦੀ ਹੈ ਜਾਂ ਮਨੁੱਖੀ ਦਿਮਾਗ ਦਾ ਵਿਅਕਤੀ ਦੇ ਐਕਸ਼ਨਾਂ ਤੇ ਕੰਟਰੋਲ ਨਹੀਂ ਰਹਿੰਦਾ। ਜੇ ਇਸਨੂੰ ਇਸ ਤਰ੍ਹਾਂ ਸਮਝੀਏ ਕਿ ਅਸੀਂ ਸਾਰੇ ਮਨੁੱਖ ਸਰੀਰ ਤੋਂ ਬਾਅਦ ਸੂਖਸ਼ਮ ਰੂਪ ਵਿੱਚ ਵਿਚਾਰਾਂ ਦਾ ਸੰਗ੍ਰਿਹ ਹਾਂ। ਸਾਇੰਸ ਦੇ ਪੱਖ ਤੋਂ ਦਿਮਾਗ ਹੀ ਸਭ ਕੁੱਝ ਕਰਦਾ ਹੈ, ਪਰ ਅਧਿਆਤਮਕ ਦੁਨੀਆਂ ਵਿੱਚ ਇਸਨੂੰ ਚਾਰ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਪਹਿਲਾ ਹਿੱਸਾ ਦਿਮਾਗ (ਜੋ ਕਿ ਸਾਡੇ ਸਰੀਰ ਦਾ ਉਹ ਹਿੱਸਾ ਹੈ, ਜੋ ਜਾਣਕਾਰੀ ਨੂੰ ਸਾਂਭ ਕੇ ਯਾਦ ਰੱਖਦਾ ਹੈ ਤੇ ਉਸਦਾ ਵਿਸ਼ਲੇਸ਼ਣ ਕਰਕੇ ਸਰੀਰ ਦੇ ਬਾਕੀ ਅੰਗਾਂ ਨੂੰ ਨਿਰਦੇਸ਼ ਦਿੰਦਾ ਹੈ), ਦੂਜਾ ਹਿੱਸਾ ਮਨ ਹੈ (ਜਿਸ ਵਿੱਚ ਹਰ ਸਮੇਂ ਵਿਚਾਰ ਚਲਦੇ ਹਨ), ਤੀਜਾ ਉਹ ਹਿੱਸਾ ਹੈ, ਜਿਸ ਵਿੱਚ ਸਾਡੀਆਂ ਭਾਵਨਾਵਾਂ ਹੁੰਦੀਆਂ ਹਨ, ਜਿਵੇਂ ਪਿਆਰ, ਖੁਸ਼ੀ, ਨਫਰਤ, ਗਮੀ, ਕ੍ਰੋਧ ਆਦਿ ਅਤੇ ਚੌਥਾ ਹਿੱਸਾ ਆਤਮਾ (ਚੇਤੰਨਤਾ), ਇਸਨੂੰ ਹੀ ਅੰਦਰ ਵਸਦਾ ਰੱਬ ਕਿਹਾ ਜਾਂਦਾ ਹੈ। ਸਾਡੇ ਮਨ ਵਿੱਚ ਹਮੇਸ਼ਾਂ ਕੋਈ ਨਾ ਕੋਈ ਵਿਚਾਰ ਚਲਦੇ ਰਹਿੰਦੇ ਹਨ, ਜੋ ਕਿ ਚੰਗੇ ਜਾਂ ਮਾੜੇ ਹੋ ਸਕਦੇ ਹਨ। ਦਿਮਾਗ ਉਨ੍ਹਾਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਸਟੋਰ (ਇਕੱਠੇ) ਕਰਦਾ ਰਹਿੰਦਾ ਹੈ। ਸਾਡੀਆਂ ਦੇਖਣ, ਸੁਣਨ, ਬੋਲਣ, ਸੁੰਘਣ, ਕਰਮ ਤੇ ਜਣਨ ਇੰਦਰੀਆਂ (ਅੰਗਾਂ) ਜਾਂ ਮਨ ਰਾਹੀਂ ਜੋ ਵੀ ਵੀ ਹਾਵ-ਭਾਵ ਪ੍ਰਗਟ ਹੁੰਦੇ ਹਨ, ਦਿਮਾਗ ਉਨ੍ਹਾਂ ਸਭ ਨੂੰ ਆਪਣੀ ਸਿਮ੍ਰਤੀ ਦਾ ਹਿੱਸਾ ਬਣਾ ਲੈਂਦਾ ਹੈ ਤੇ ਉਸਨੂੰ ਸਟੋਰ ਕਰਕੇ ਰੱਖ ਲੈਂਦਾ ਹੈ। ਕੁੱਝ ਵਿਚਾਰ (ਇਨਫੋਰਮੇਸ਼ਨ) ਸਾਡੇ ਕੌਨਸ਼ੀਅਸ ਦਿਮਾਗ (ਚੇਤੰਨ) ਵਿੱਚ ਹੁੰਦੇ ਹਨ ਤੇ ਕੁੱਝ ਅਨਕੌਨਸ਼ੀਅਸ ਦਿਮਾਗ (ਅਵਚੇਤਨ) ਵਿੱਚ ਹੁੰਦੇ ਹਨ। ਜਦੋਂ ਅਸੀਂ ਕੋਈ ਐਕਸ਼ਨ ਕਰਦੇ ਹਾਂ ਜਾਂ ਬੋਲਦੇ ਜਾਂ ਆਪਣੇ ਹਾਵ-ਭਾਵ ਪ੍ਰਗਟ ਕਰਦੇ ਹਾਂ ਤਾਂ ਚੇਤੰਨ ਦਿਮਾਗ ਦਾ ਉਹ ਹਿੱਸਾ ਹੀ ਦੱਸਦਾ ਹੈ ਕਿ ਕਿਥੇ ਕੀ ਕਰਨਾ ਹੈ ਜਾਂ ਕੀ ਕਹਿਣਾ ਹੈ। ਜਿਸ ਤਰ੍ਹਾਂ ਜਦੋਂ ਅਸੀਂ ਸਮਾਜ ਵਿੱਚ ਵਿਚਰਦੇ ਹਾਂ ਤਾਂ ਸਾਨੂੰ ਕੋਈ ਅਜਿਹਾ ਵਿਅਕਤੀ ਮਿਲ ਪੈਂਦਾ ਹੈ, ਜਿਸ ਪ੍ਰਤੀ ਸਾਡੇ ਮਨ ਵਿੱਚ ਈਰਖਾ ਜਾਂ ਨਫਰਤ ਹੈ, ਪਰ ਦੂਜਿਆਂ ਵਿੱਚ ਆਪਣੀ ਚੰਗੀ ਇਮੇਜ਼ ਬਣਾਈ ਰੱਖਣ ਲਈ ਚੇਤੰਨ ਹਿੱਸਾ ਸਾਨੂੰ ਕੋਈ ਐਕਸ਼ਨ ਕਰਨ ਨਹੀਂ ਦਿੰਦਾ, ਭਾਵੇਂ ਕਿ ਅਵਚੇਤਨ ਹਿੱਸਾ ਚਾਹੁੰਦਾ ਹੁੰਦਾ ਹੈ ਕਿ ਬੋਲ ਕੇ ਜਾਂ ਹਮਲਾ ਕਰਕੇ ਆਪਣਾ ਗੁੱਸਾ ਕੱਢ ਸਕੇ। ਦਿਮਾਗ ਦਾ ਕੰਟਰੋਲ ਹੀ ਸਾਨੂੰ ਆਮ ਤੌਰ ਤੇ ਸਭਿਅਕ ਬਣਾਈ ਰੱਖਦਾ ਹੈ। ਪਰ ਜਦੋਂ ਚੇਤੰਨ ਦਿਮਾਗ ਦਾ ਅਵਚੇਤੰਨ ਤੇ ਕੰਟਰੋਲ ਨਹੀਂ ਰਹਿੰਦਾ ਤਾਂ ਮਨੁੱਖ ਅਜਿਹੀਆਂ ਹਰਕਤਾਂ ਕਰਨ ਲਗਦਾ ਹੈ, ਜੋ ਕਿ ਮਨੁੱਖ ਵਲੋਂ ਬਣਾਏ ਸਭਿਅਕ ਸਮਾਜ ਨੂੰ ਪ੍ਰਵਾਨ ਨਹੀਂ ਹੁੰਦੀਆਂ ਤੇ ਅਸੀਂ ਕਹਿੰਦੇ ਹਾਂ ਕਿ ਇਹ ਪਾਗਲ ਮਨੁੱਖ ਹੈ। ਬੇਸ਼ਕ ਅਸੀਂ ਸਾਰੇ ਸਮੇਂ-ਸਮੇਂ ਆਪਣੀ ਜ਼ਿੰਦਗੀ ਵਿੱਚ ਪਾਗਲਪਨ ਵਾਲੇ ਅਨੇਕਾਂ ਕੰਮ ਕਰਦੇ ਰਹਿੰਦੇ ਹਾਂ, ਪਰ ਉਹ ਕਦੇ-ਕਦੇ ਹੁੰਦੇ ਹੋਣ ਕਰਕੇ ਸਾਨੂੰ ਪਾਗਲਖਾਨੇ ਨਹੀਂ ਭੇਜਿਆ ਜਾਂਦਾ। ਪਰ ਜਦੋਂ ਮਨੁੱਖ ਆਪਣਾ ਕੰਟਰੋਲ ਲਗਾਤਾਰ ਗਵਾ ਲਵੇ ਜਾਂ ਅਕਸਰ ਗਵਾਉਂਦਾ ਰਹੇ ਤਾਂ ਅਸੀਂ ਕਹਿੰਦੇ ਹਾਂ ਕਿ ਇਹ ਵਿਅਕਤੀ ਸਮਾਜ ਜਾਂ ਪਰਿਵਾਰ ਲਈ ਖਤਰਨਾਕ ਹੈ ਤੇ ਇਸਨੂੰ ਸਮਾਜ ਵਿੱਚ ਨਹੀਂ ਰੱਖਿਆ ਜਾ ਸਕਦਾ, ਇਸਦੀ ਅਸਲੀ ਥਾਂ ਪਾਗਲਖਾਨਾ ਹੈ। ਜੇ ਇਉਂ ਕਿਹਾ ਜਾਵੇ ਕਿ ਸਾਡੇ (ਜੋ ਅਸੀਂ ਬਾਹਰ ਸਮਾਜ ਵਿੱਚ ਵਿਚਰਦੇ ਹਾਂ) ਤੇ ਪਾਗਲਾਂ (ਜੋ ਪਾਗਲਖਾਨਿਆਂ ਵਿੱਚ ਬੰਦ ਹਨ) ਵਿੱਚ ਇਤਨਾ ਕੁ ਹੀ ਫਰਕ ਹੈ ਕਿ ਸਾਡੇ ਚੇਤੰਨ ਦਿਮਾਗ ਦਾ ਅਵਚੇਤੰਨ ਤੇ ਕੰਟਰੋਲ ਹੈ ਤੇ ਪਾਗਲਾਂ ਦਾ ਨਹੀਂ ਹੁੰਦਾ, ਨਹੀਂ ਤੇ ਜੇ ਅਸੀਂ ਆਪਣੇ ਅੰਦਰ ਅੰਤਰ ਧਿਆਨ ਹੋ ਕੇ ਝਾਤੀ ਮਾਰੀਏ ਤਾਂ ਪਤਾ ਲੱਗੇਗਾ ਕਿ ਸਾਡੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਫਰਤ, ਅਸਹਿਣਸ਼ੀਲਤਾ ਭਰੀ ਪਈ ਹੈ, ਅਸੀਂ ਵੀ ਬਾਹਰੋਂ ਸਿਰਫ ਸਭਿਅਕ ਹੋਣ ਦਾ ਬੁਰਕਾ ਹੀ ਪਾਇਆ ਹੋਇਆ ਹੈ, ਅੰਦਰ ਸਾਡੇ ਵੀ ਸ਼ੈਤਾਨ ਬੈਠਾ ਹੈ। ਅਸੀਂ ਵੀ ਅੰਦਰੋਂ ਚਾਹੁੰਦੇ ਤਾਂ ਇਹੀ ਹੁੰਦੇ ਹਾਂ ਕਿ ਵਿਰੋਧੀ ਸਾਨੂੰ ਦਿਸਣ ਨਾ, ਜੇ ਸਾਡਾ ਵੱਸ ਚੱਲੇ ਅਸੀਂ ਸਾਰੇ ਖਤਮ ਕਰ ਦੇਈਏ, ਪਰ ਕਨੂੰਨ ਜਾਂ ਸਮਾਜ ਦੇ ਡਰੋਂ ਅਜਿਹਾ ਕਰਦੇ ਨਹੀਂ। ਸਾਡਾ ਮਨ ਤੇ ਬਹੁਤ ਕੁੱਝ ਕਰਨ ਨੂੰ ਕਹਿੰਦਾ ਹੈ, ਸਮਾਜ ਵਿੱਚ ਬਣਾਏ ਹੋਏ ਇਮੇਜ਼ ਕਰਕੇ ਜਾਂ ਬਾਹਰੋਂ ਧਰਮੀ ਬਣੇ ਹੋਣ ਕਾਰਨ ਅਜਿਹਾ ਕਰਨ ਤੋਂ ਡਰ ਜਾਂਦੇ ਹਾਂ। ਮਨ ਨੂੰ ਧਾਰਮਿਕ ਦੁਨੀਆਂ ਵਿੱਚ ਚੰਚਲ ਕਿਹਾ ਜਾਂਦਾ ਹੈ, ਕਿਉਂਕਿ ਉਸ ਕੋਲ ਭਲਾ ਬੁਰ੍ਹਾ ਸੋਚਣ ਦੀ ਸਮਰੱਥਾ ਨਹੀਂ ਹੁੰਦੀ, ਉਹ ਤੇ ਵਿਚਾਰ ਪੈਦਾ ਕਰਨ ਦੀ ਮਸ਼ੀਨ ਹੈ। ਚੰਗਾ ਮਾੜਾ ਸੋਚਣ ਵਾਲੇ ਹਿੱਸੇ ਨੂੰ ਆਤਮਾ ਜਾਂ ਚੇਤੰਨਤਾ ਕਹਿੰਦੇ ਹਨ, ਇਸੇ ਲਈ ਅਧਿਆਤਮ ਵਿੱਚ ਇਸਨੂੰ ਪ੍ਰਮਾਤਮਾ ਦੀ ਅੰਸ਼ ਕਿਹਾ ਗਿਆ ਹੈ। ਇਸ ਲਈ ਪਾਗਲ ਸਿਰਫ ਉਹ ਹੀ ਨਹੀਂ ਹਨ, ਜੋ ਪਾਗਲਖਾਨਿਆਂ ਵਿੱਚ ਬੰਦ ਹਨ, ਅਸੀਂ ਸਾਰੇ ਵੀ ਬਹੁਤ ਕੁੱਝ ਅਜਿਹਾ ਕਰਦੇ ਹਾਂ, ਜੋ ਪਾਗਲਪਨ ਤੋਂ ਘੱਟ ਨਹੀਂ ਹੈ। ਅੱਜ ਦੀ ਚਰਚਾ ਵਿੱਚ ਅਸੀਂ ਵਿਚਾਰ ਕਰਾਂਗੇ ਕਿ ਦੁਨੀਆਂ ਭਰ ਵਿੱਚ ਪ੍ਰਚਲਤ ਜਥੇਬੰਧਕ ਧਰਮਾਂ ਵਿੱਚ ਅਸੀਂ ਸ਼ਰਧਾ ਵੱਸ ਅਨੇਕਾਂ ਅਜਿਹੇ ਕਰਮ ਕਰਦੇ ਹਾਂ, ਜੋ ਕਿ ਪਾਗਲਪਨ ਤੋਂ ਘੱਟ ਨਹੀਂ ਹਨ, ਅਜਿਹੇ ਕਰਮ ਜੇ ਅਸੀਂ ਆਮ ਸਮਾਜ ਵਿੱਚ ਜਾਂ ਪਰਿਵਾਰ ਵਿੱਚ ਕਰੀਏ ਤਾਂ ਸਾਨੂੰ ਪਾਗਲ ਹੀ ਕਿਹਾ ਜਾਵੇਗਾ, ਪਰ ਜਦੋ ਅਸੀਂ ਅਜਿਹੇ ਕਰਮ ਧਰਮ, ਮਰਿਯਾਦਾ, ਸ਼ਰਧਾ, ਵਿਸ਼ਵਾਸ਼ ਆਦਿ ਦੇ ਨਾਮ ਤੇ ਕਰਦੇ ਹਾਂ ਤਾਂ ਉਸਨੂੰ ਪਾਗਲਪਨ ਨਹੀਂ ਕਹਿੰਦੇ। ਅੱਜ ਦੇ ਵਿਸ਼ੇ ਵਿੱਚ ਅਸੀਂ ਅਜਿਹੇ ਧਾਰਮਿਕ ਕਰਮਾਂ, ਮਰਿਯਾਦਾਵਾਂ ਬਾਰੇ ਚਰਚਾ ਕਰਾਂਗੇ ਤੇ ਤੁਸੀਂ ਸੋਚਣਾ ਹੈ ਕਿ ਕੀ ਇਹ ਧਾਰਮਿਕ ਕਰਮ ਹਨ ਜਾਂ ਪਾਗਲਪਨ।
ਜਿਸ ਤਰ੍ਹਾਂ ਕਿ ਨਕਲੀ ਧਰਮਾਂ ਦੀ ਇਸ ਵਿਚਾਰ ਲੜੀ ਵਿੱਚ ਅਕਸਰ ਜ਼ਿਕਰ ਆਉਂਦਾ ਹੈ ਕਿ 10-15 ਵੱਡੇ ਜਥੇਬੰਧਕ ਧਾਰਮਿਕ ਫਿਰਕਿਆਂ ਵਿੱਚ ਅੱਗੇ ਛੋਟੇ-ਛੋਟੇ 30000 ਤੋਂ ਵੱਧ ਧਾਰਮਿਕ ਫਿਰਕੇ ਹਨ, ਜਿਨ੍ਹਾਂ ਵਿੱਚ ਅਨੇਕਾਂ ਤਰ੍ਹਾਂ ਦੀਆਂ ਮੂਰਖਤਾ ਭਰਪੂਰ ਮਰਿਯਾਦਾਵਾਂ, ਪ੍ਰੰਪਰਾਵਾਂ, ਕਰਮਕਾਂਡ ਪ੍ਰਚਲਤ ਹਨ, ਜਿਨ੍ਹਾਂ ਬਾਰੇ ਪੜ੍ਹ ਕੇ ਜਾਂ ਜਾਣ ਕੇ ਹਰ ਸੂਝਵਾਨ ਇਹੀ ਕਹੇਗਾ ਕਿ ਇਹ ਪਾਗਲਪਨ ਹੈ। ਪਰ ਇਹ ਪਾਗਲਪਨ ਹਰ ਧਾਰਮਿਕ ਫਿਰਕੇ ਵਿੱਚ ਧਰਮ ਦੇ ਨਾਮ ਤੇ ਹਜ਼ਾਰਾਂ ਸਾਲਾਂ ਤੋਂ ਚੱਲ ਰਿਹਾ ਹੈ। ਪਰ ਅਜਿਹੇ ਪਾਗਲਾਂ ਨੂੰ ਅਸੀਂ ਪਾਗਲ ਕਹਿਣ ਦੀ ਥਾਂ ਸ਼ਰਧਾਲੂ ਕਹਿੰਦੇ ਹਾਂ। ਪਾਗਲਪਨ ਵਾਲੇ ਅਜਿਹੇ ਕਰਮਾਂ ਦਾ ਅਸਲੀ ਧਰਮ ਨਾਲ ਕੋਈ ਦੂਰ ਦਾ ਵੀ ਸਬੰਧ ਨਹੀਂ ਹੈ। ਕਈ ਮਰਿਯਾਦਾਵਾਂ ਜਾਂ ਕਰਮਕਾਂਡ ਅਜਿਹੇ ਵੀ ਹਨ, ਜਿਨ੍ਹਾਂ ਦਾ ਹੋ ਸਕਦਾ ਉਸ ਵਕਤ ਕੋਈ ਮਤਲਬ ਹੋਵੇ, ਜਦੋਂ ਉਹ ਸ਼ੁਰੂ ਹੋਏ ਸਨ, ਪਰ ਅੱਜ ਜਦੋਂ ਮਨੁੱਖ ਸਮਾਜਿਕ ਤੇ ਮਾਨਸਿਕ ਵਿਕਾਸ ਕਰਦਾ, ਪੱਥਰ ਯੁਗ ਤੋਂ ਸਾਇੰਸ ਦੇ ਯੁਗ ਵਿੱਚ ਪਹੁੰਚ ਚੁੱਕਾ ਹੈ, ਉਥੇ ਇਨ੍ਹਾਂ ਦਾ ਕੋਈ ਮਤਲਬ ਨਹੀਂ ਬਣਦਾ, ਪਰ ਧਰਮ ਦੇ ਨਾਮ ਤੇ ਜੋ ਪ੍ਰਚਲਤ ਹੋ ਗਿਆ, ਸੋ ਹੋ ਗਿਆ, ਉਸਨੂੰ ਬਦਲਿਆ ਨਹੀਂ ਜਾ ਸਕਦਾ। ਸ਼ਰਧਾ ਦੇ ਨਾਮ ਤੇ ਅਜਿਹੇ ਮੂਰਖਤਾ ਪੂਰਨ ਕਰਮ ਮਨੁੱਖ ਕਰਦੇ ਜਾ ਰਹੇ ਹਨ। ਬੇਸ਼ਕ ਸਮੇਂ-ਸਮੇਂ ਸੱਚੇ ਧਰਮੀ ਤੇ ਮਨੁੱਖਤਾਵਾਦੀ ਮਹਾਂਪੁਰਸ਼ ਪੈਦਾ ਹੁੰਦੇ ਰਹੇ ਹਨ ਤੇ ਅੱਜ ਵੀ ਹਨ, ਜੋ ਅਜਿਹੇ ਫੋਕਟ ਕਰਮਕਾਂਡਾਂ ਤੇ ਮਰਿਯਾਦਾਵਾਂ ਦੇ ਬੰਧਨਾਂ ਤੋਂ ਮਨੁੱਖ ਨੂੰ ਮੁਕਤ ਕਰਨ ਦਾ ਯਤਨ ਕਰਦੇ ਰਹੇ ਹਨ, ਪਰ ਥੋੜੇ ਲੋਕ ਉਨ੍ਹਾਂ ਨੂੰ ਸਮਝ ਕੇ ਸੱਚੇ ਧਰਮ ਨਾਲ ਜੁੜਦੇ ਹਨ, ਪਰ ਬਹੁਤਾ ਉਥੇ ਹੀ ਫਸੇ ਰਹਿੰਦੇ ਹਨ। ਅਜਿਹਾ ਇਸ ਕਰਕੇ ਵੀ ਹੁੰਦਾ ਹੈ ਕਿ ਉਹ ਪੁਜਾਰੀ ਜਿਨ੍ਹਾਂ ਲਈ ਧਰਮ ਧੰਦਾ ਹੁੰਦਾ ਹੈ ਜਾਂ ਉਹ ਸਿਆਸੀ ਲੋਕ ਜਿਨ੍ਹਾਂ ਦੀ ਸਿਆਸਤ ਲੋਕਾਂ ਦੀ ਅਗਿਆਨਤਾ ਨਾਲ ਹੀ ਚਲਦੀ ਹੈ। ਉਹ ਅਜਿਹੇ ਕਰਮਕਾਂਡਾਂ ਨੂੰ ਚਲਦਾ ਰੱਖਣ ਵਿੱਚ ਹੀ ਭਲਾਈ ਸਮਝਦੇ ਹਨ। ਧਰਮਾਂ ਵਿੱਚ ਸਾਇੰਸ ਵਾਂਗ ਨਹੀਂ ਹੁੰਦਾ ਕਿ ਜਦੋਂ ਇੱਕ ਨਵੀਂ ਖੋਜ ਹੋ ਗਈ ਤੇ ਲੋਕ ਪੁਰਾਣੀ ਨੂੰ ਛੱਡ ਕੇ ਨਵੇਂ ਅਨੁਸਾਰ ਚੱਲ ਪੈਣ। ਧਰਮ ਵਿੱਚ ਜੋ ਜਿਥੇ ਬੈਠਾ ਹੁੰਦਾ ਹੈ, ਉਥੇ ਹੀ ਬੈਠਾ ਰਹਿੰਦਾ ਹੈ। ਉਹ ਨਵੇਂ ਨੂੰ ਨਹੀਂ ਅਪਨਾਉਂਦਾ। ਜਿਸ ਤਰ੍ਹਾਂ ਜੇ ਧਰਮਾਂ ਨੂੰ ਸਮੇਂ ਅਨੁਸਾਰ ਦੇਖੀਏ ਤਾਂ ਪੱਛਮੀ ਧਰਮਾਂ ਵਿੱਚ ਯਹੂਦੀ ਧਰਮ ਸਭ ਤੋਂ ਪੁਰਾਣਾ ਹੈ, ਜਦੋਂ ਇਸ ਵਿੱਚ ਗਿਰਾਵਟ ਆਈ, ਪੁਜਾਰੀ, ਰਾਜਨੀਤਕਾਂ ਨਾਲ ਰਲ਼ ਕੇ ਮਨੁੱਖਤਾ ਦਾ ਸੋਸ਼ਣ ਕਰਨ ਲੱਗੇ ਤਾਂ ਯੀਸਸ ਨੇ ਆਵਾਜ਼ ਬੁਲੰਦ ਕੀਤੀ, ਭਾਵੇਂ ਉਨ੍ਹਾਂ ਨੂੰ ਆਪਣੀ ਸ਼ਹਾਦਤ ਦੇਣੀ ਪਈ, ਪਰ ਉਨ੍ਹਾਂ ਨੇ ਮਨੁੱਖਤਾ ਨੂੰ ਇੱਕ ਨਵਾਂ ਮਾਰਗ ਦਿਖਾਇਆ, ਪਰ ਸਾਰੇ ਲੋਕ ਉਸ ਨਵੇਂ ਮਾਰਗ ਤੇ ਨਹੀਂ ਤੁਰੇ, ਸਗੋਂ ਅੱਜ ਵੀ ਯਹੂਦੀ, ਉਥੇ ਹੀ ਫਸੇ ਹੋਏ ਹਨ। ਇਸੇ ਤਰ੍ਹਾਂ ਕ੍ਰਿਸਚੈਨਟੀ ਤੋਂ ਬਾਅਦ ਇਸਲਾਮ ਨਵਾਂ ਪੈਗਾਮ ਲੈ ਕੇ ਆਇਆ, ਪਰ ਉਸਨੂੰ ਛੱਡ ਕੇ ਸਾਰੇ ਇਸਲਾਮ ਦੇ ਧਾਰਨੀ ਨਹੀਂ ਬਣੇ, ਸਗੋਂ ਆਪਣੇ ਪੁਰਾਣੇ ਧਰਮ ਨਾਲ ਹੀ ਜੁੜੇ ਰਹੇ, ਭਾਵੇਂ ਕਿ ਅੱਜ ਦੇ ਸਮੇਂ ਦੇ ਪ੍ਰਸੰਗ ਵਿੱਚ ਉਨ੍ਹਾਂ ਦੀ ਕੋਈ ਮਹੱਤਤਾ ਨਹੀਂ ਰਹੀ। ਇਸੇ ਤਰ੍ਹਾਂ ਪੂਰਬ ਵਿੱਚ ਵੈਦਿਕ ਧਰਮ ਤੋਂ ਬਗਾਵਤ ਕਰਕੇ ਬੁੱਧ, ਜੈਨ ਧਰਮ ਸ਼ੁਰੂ ਹੋਏ, ਪਰ ਸਭ ਉਨ੍ਹਾਂ ਨਾਲ ਨਹੀਂ ਤੁਰੇ, ਇਸੇ ਤਰ੍ਹਾਂ ਬਾਅਦ ਵਿੱਚ ਸਿੱਖ ਧਰਮ ਇੱਕ ਨਵੀਂ ਤੇ ਵੱਖਰੀ ਵਿਚਾਰਧਾਰਾ ਲੈ ਕੇ ਆਇਆ, ਇਸਨੇ ਪੁਰਾਣੇ ਸਾਰੇ ਧਾਰਮਿਕ ਕਰਮਕਾਂਡਾਂ, ਮਰਿਯਾਦਾਵਾਂ, ਪ੍ਰੰਪਰਾਵਾਂ, ਦਿਖਾਵਿਆਂ, ਪਹਿਰਾਵਿਆਂ ਨੂੰ ਰੱਦ ਕਰਕੇ ਨਵਾਂ ਮਾਰਗ ਦਰਸ਼ਨ ਕੀਤਾ, ਪਰ ਗਿਣਤੀ ਦੇ ਲੋਕ ਗੁਰੂਆਂ ਨਾਲ ਤੁਰੇ, ਸਭ ਆਪਣੀ ਜਗ੍ਹਾ ਹੀ ਖੜ੍ਹੇ ਰਹੇ। ਅੱਜ ਸਿੱਖ ਉਥੋਂ ਫਿਰ ਪਿਛੇ ਜਾ ਖੜੇ ਹੋਏ ਹਨ, ਜਿਥੋਂ ਗੁਰੂਆਂ ਨੇ ਅੱਗੇ ਤੋਰਿਆ ਸੀ। ਗੁਰੂਆਂ ਨੇ ਜਿਸ ਤਰ੍ਹਾਂ ਦੇ ਕਰਮਕਾਂਡਾਂ, ਮਰਿਯਾਦਾਵਾਂ, ਚਿੰਨ੍ਹਾਂ, ਪੂਜਾ-ਪਾਠਾਂ ਵਿਚੋਂ ਕੱਢਿਆ ਸੀ, ਸਿੱਖ ਪੁਜਾਰੀਆਂ ਨੇ ਉਸੇ ਤਰਜ ਦੇ ਨਵੇਂ ਨਾਵਾਂ ਵਾਲੇ ਕਰਮਕਾਂਡ ਸ਼ੁਰੂ ਕੀਤੇ ਹੋਏ ਹਨ। ਇਸੇ ਕਰਕੇ ਧਰਮ ਵਿੱਚ ਕਦੇ ਤਰੱਕੀ ਨਹੀਂ ਹੁੰਦੀ, ਸਮਾਂ ਪਾ ਕੇ ਹਰ ਧਾਰਮਿਕ ਫਿਰਕੇ ਵਿੱਚ ਪੁਜਾਰੀ, ਸਿਆਸਤਦਾਨ ਤੇ ਸਰਮਾਏਦਾਰ ਕਾਬਿਜ਼ ਹੁੰਦੇ ਰਹੇ ਹਨ ਤੇ ਅੱਜ ਵੀ ਹਨ। ਜਿਹੜੇ ਮਨੁੱਖ ਨੂੰ ਆਪਣੇ ਮੁਫਾਦਾਂ ਨੂੰ ਮੁੱਖ ਰੱਖ ਕੇ ਨਵੀਂ ਸੋਚ ਨਾਲ ਤੁਰਨ ਨਹੀਂ ਦਿੰਦੇ। ਇਸੇ ਲਈ ਸਮਾਂ ਪਾ ਕੇ ਹਰ ਧਰਮ ਤੇ ਧਾਰਮਿਕ ਫਿਰਕਾ ਪਿਛਾਂਹਖਿਚੂ ਸੋਚ ਦਾ ਧਾਰਨੀ ਹੋ ਜਾਂਦਾ ਹੈ। ਸ਼ਰਧਾਲੂ ਸਮਾਂ ਵਿਹਾਅ ਕੇ ਗਲ਼ ਸੜ੍ਹ ਚੁੱਕੀਆਂ ਮਰਿਯਾਦਾਵਾਂ, ਕਰਮਕਾਂਡਾਂ, ਪ੍ਰੰਪਰਾਵਾਂ, ਚਿੰਨ੍ਹਾਂ, ਦਿਖਾਵਿਆਂ-ਪਹਿਰਾਵਿਆਂ ਦਾ ਭਾਰ ਢੋਂਹਦੇ ਰਹਿੰਦੇ ਹਨ। ਧਰਮ ਦੇ ਅਸਲ ਤੱਤ ਤੋਂ ਵਾਂਝੇ ਰਹਿ ਜਾਂਦੇ ਹਨ। ਧਰਮ ਜੋ ਕਿ ਆਪੇ ਦੀ ਪਛਾਣ ਤੇ ਆਪਣੇ ਅੰਦਰ ਵਿਚਰਦੀ ਰੱਬੀ ਜੋਤ ਨੂੰ ਜਾਨਣ, ਖੋਜਣ ਦਾ ਨਾਮ ਹੈ, ਵਿਕਾਰਾਂ ਤੋਂ ਮੁਕਤੀ ਦਾ ਸਾਧਨ ਹੈ, ਉਸ ਵੱਲ ਆਪਣਾ ਸਫਰ ਸ਼ੁਰੂ ਵੀ ਨਹੀਂ ਕਰ ਪਾਉਂਦੇ, ਸਗੋਂ ਪ੍ਰੰਪਰਾਵਾਂ, ਕਰਮਕਾਂਡਾਂ, ਮਰਿਯਾਦਾਵਾਂ ਵਿੱਚ ਉਲਝੇ ਰਹਿੰਦੇ ਹਨ। ਧਰਮਾਂ ਦੇ ਇਤਿਹਾਸ ਵਿੱਚ ਸਿੱਖ ਧਰਮ ਸਭ ਤੋਂ ਨਵਾਂ ਤੇ ਇਨਕਲਾਬੀ ਧਰਮ ਹੋਇਆ ਹੈ, ਪਰ ਅੱਜ ਦਾ ਪ੍ਰਚਲਤ ਸਿੱਖ ਧਰਮ ਤੇ ਸਮਾਜ ਵੀ ਪੂਰੀ ਤਰ੍ਹਾਂ ਨਵੇਂ ਢੰਗ ਦੀਆਂ ਫੋਕਟ ਰੀਤਾਂ-ਰਸਮਾਂ, ਮਰਿਯਾਦਾਵਾਂ, ਕਰਮਕਾਂਡਾਂ, ਦਿਖਾਵਿਆਂ-ਪਹਿਰਾਵਿਆਂ ਵਿੱਚ ਬੁਰੀ ਤਰ੍ਹਾਂ ਫਸ ਚੁੱਕਾ ਹੈ। ਇਸ ਵਿੱਚ ਵੀ ਹੋਰ ਫਿਰਕਿਆਂ ਵਾਂਗ ਕਿਸੇ ਨਵੀਂ ਸੋਚ ਨੂੰ ਪ੍ਰਵਾਨਗੀ ਮਿਲਣੀ ਤਾਂ ਬਹੁਤ ਦੂਰ ਦੀ ਗੱਲ ਹੈ, ਆਪਣੇ ਧਾਰਮਿਕ ਗ੍ਰੰਥ ਵਿਚਲੀ ਵਿਚਾਰਧਾਰਾ ਤੋਂ ਉਲਟ ਪ੍ਰਚਲਤ ਕਰਮਕਾਂਡਾਂ, ਮਰਿਯਾਦਾਵਾਂ, ਪ੍ਰੰਪਰਾਵਾਂ ਨੂੰ ਬਦਲਣ ਦੀ ਥਾਂ, ਜਿਹੜਾ ਵਿਅਕਤੀ ਇਨ੍ਹਾਂ ਵੱਲ ਇਸ਼ਾਰਾ ਵੀ ਕਰਦਾ ਹੈ, ਇਨ੍ਹਾਂ ਤੇ ਉਂਗਲ ਚੁੱਕਦਾ ਹੈ, ਇਨ੍ਹਾਂ ਨੂੰ ਸੁਧਾਰਨ ਦੀ ਗੱਲ ਕਰਦਾ ਹੈ, ਉਸ ਉਪਰ ਨਾਸਤਿਕ ਹੋਣਾ ਦਾ, ਅਧਾਰਮਿਕ ਹੋਣ ਦਾ, ਧਰਮ ਵਿਰੋਧੀ ਹੋਣ ਦਾ, ਕਾਮਰੇਡ ਹੋਣ ਦਾ ਇਲਜ਼ਾਮ ਲਗਾ ਕੇ ਦੂਰ ਰੱਖਣ ਦੀਆਂ ਸਾਜ਼ਿਸ਼ਾਂ ਚੱਲ ਪੈਂਦੀਆਂ ਹਨ।
ਹੁਣ ਜਥੇਬੰਧਕ ਧਾਰਮਿਕ ਫਿਰਕਿਆਂ ਵਿੱਚ ਪ੍ਰਚਲਤ ਮੂਰਖਤਾ ਪੂਰਨ ਜਾਂ ਪਾਗਲਪਨ ਅਧਾਰਿਤ ਕਰਮਕਾਂਡਾਂ ਜਾਂ ਮਰਿਯਾਦਾਵਾਂ ਦਾ ਜ਼ਿਕਰ ਕਰਾਂਗੇ, ਜੋ ਕਿ ਧਾਰਮਿਕ ਸ਼ਰਧਾ ਦੇ ਨਾਮ ਤੇ ਕੀਤੀਆਂ ਜਾਂਦੀਆਂ ਹਨ ਤੇ ਪੁਜਾਰੀ ਆਪਣੀ ਦੇਖਰੇਖ ਹੇਠ ਇਹ ਸਭ ਕਰਾਉਂਦੇ ਹੀ ਨਹੀਂ, ਸਗੋਂ ਇਸ ਲਈ ਸ਼ਰਧਾਲੂਆਂ ਤੋਂ ਦਾਨ-ਦੱਸ਼ਣਾ (ਫੀਸ) ਵੀ ਲੈਂਦੇ ਹਨ। ਕੁੱਝ ਧਾਰਮਿਕ ਰਸਮਾਂ ਜਾਂ ਪ੍ਰੰਪਰਾਵਾਂ ਬਾਰੇ ਜਾਣ ਕੇ ਹੈਰਾਨੀ ਹੁੰਦੀ ਹੈ, ਕੀ ਇਹ ਧਰਮ ਹੈ, ਪਰ ਇਹ ਸਭ ਧਰਮ ਦੇ ਨਾਮ ਤੇ ਚੱਲ ਰਿਹਾ ਹੈ।
1. ਦੱਖਣੀ ਭਾਰਤ ਵਿੱਚ ‘ਥੀਮਿਠੀ’ ਨਾਮ ਦੇ ਤਿਉਹਾਰ ਮੌਕੇ ਸ਼ਰਧਾਲੂ ਮਗਦੇ (ਜਲ ਰਹੇ) ਕੋਲਿਆਂ ਉਪਰ ਨੰਗੇ ਪੈਰੀਂ ਇਸ ਭਰਮ ਵਿੱਚ ਚਲਦੇ ਹਨ ਕਿ ਦੇਵੀ/ਦੇਵਤਾ/ਰੱਬ ਖੁਸ਼ ਹੋਵੇਗਾ? ਬਾਅਦ ਵਿੱਚ ਕਈ ਕਈ ਮਹੀਨੇ ਜਲ਼ੇ ਪੈਰਾਂ ਦਾ ਇਲਾਜ ਕਰਾਉਂਦੇ ਹਨ।
2. ਹਿੰਦੂਆਂ ਦੇ ਇੱਕ ਫਿਰਕੇ ਦੇ ‘ਥੂਕਮ’ ਤਿਉਹਾਰ ਮੌਕੇ ਸ਼ਰਧਾਲੂ ਆਪਣੇ ਸਰੀਰ ਨੂੰ ਹੁੱਕਾਂ ਨਾਲ ਬਿੰਨ੍ਹ ਕੇ ਇੱਕ ਉਚੀ ਰੌਡ ਤੋਂ ਲਮਕਦੇ ਹਨ ਤੇ ਸਰੀਰ ਨੂੰ ਇਸ ਭਰਮ ਵਿੱਚ ਕਸ਼ਟ ਦਿੰਦੇ ਹਨ ਕਿ ਰੱਬ ਖੁਸ਼ ਹੋਵੇਗਾ। ਬਾਅਦ ਵਿੱਚ ਉਨ੍ਹਾਂ ਨੂੰ ਇਤਨੀ ਪੀੜ੍ਹ ਸਹਿਣੀ ਪੈਂਦੀ ਹੈ, ਲੰਬਾ ਸਮਾਂ ਕੰਮ ਨਹੀਂ ਕਰ ਪਾਉਂਦੇ। ਕੁੱਝ ਸਾਲ ਪਹਿਲਾਂ ਮਨੁੱਖੀ ਅਧਿਕਾਰ ਸੰਗਠਨਾਂ ਦੇ ਦਬਾਅ ਹੇਠ ਸਰਕਾਰ ਵਲੋਂ ਇਸ ਤਿਉਹਾਰ ਤੇ ਪਾਬੰਦੀ ਲਗਾਈ ਗਈ ਸੀ, ਪਰ ਅਜੇ ਵੀ ਸ਼ਰਧਾਲੂ ਚੋਰੀਂ ਅਜਿਹਾ ਪਾਗਲਪਨ ਕਰਦੇ ਨਜ਼ਰ ਆ ਜਾਂਦੇ ਹਨ।
3. ਇਸੇ ਤਰ੍ਹਾਂ ‘ਪੌਂਗਲ’ ਤਿਉਹਰ ਮੌਕੇ ‘ਜੈਲੀਕੱਟੂ’ (ਧਾਰਮਿਕ ਬਲਦ) ਨਾਲ ਸ਼ਰਧਾਲੂ ਘੋਲ ਕਰਦੇ ਹਨ, ਕਈ ਵਾਰ ਬਲਦ (ਸਾਨ੍ਹ) ਨੂੰ ਸ਼ਰਾਬ ਵੀ ਪਿਲਾਈ ਹੁੰਦੀ ਹੈ ਤੇ ਉਹ ਨਸ਼ੇ ਵਿੱਚ ਪਾਗਲ ਸਾਨ੍ਹ ਲੋਕਾਂ (ਸ਼ਰਧਾ ਦੇ ਨਸ਼ੇ ਵਿੱਚ ਪਾਗਲ) ਉਪਰ ਹਮਲਾ ਕਰਦਾ ਹੈ, ਜਿਸ ਨਾਲ ਕਈ ਸ਼ਰਧਾਲੂਆਂ ਦੀ ਮੌਤ ਵੀ ਹੋ ਜਾਂਦੀ ਹੈ, ਪਰ ਇਹ ਧਾਰਮਿਕ ਰਸਮ ਹਰ ਸਾਲ ਬੜੀ ਬੇਸ਼ਰਮੀ ਨਾਲ ਚਲਦੀ ਹੈ ਕਿਉਂਕਿ ਦੇਵਤਿਆਂ ਦੇ ਬਲਦ ਤੋਂ ਅਸ਼ੀਰਵਾਦ ਜੁ ਲੈਣਾ ਹੋਇਆ।
4. ‘ਮੁਹੱਰਮ’ ਨਾਮੀ ਤਿਉਹਾਰ ਮੌਕੇ ਵੱਖ-ਵੱਖ ਦੇਸ਼ਾਂ ਵਿੱਚ ਸ਼ੀਆ ਮੁਸਲਮਾਨ ਨੌਜਵਾਨ ਆਪਣੇ ਸਰੀਰ ਨੂੰ ‘ਮਟਮ’ ਨਾਮ ਦੀ ਚੇਨ (ਜਿਸ ਉਪਰ ਤੇਜ ਬਲੇਡ ਵੀ ਲੱਗਾ ਹੁੰਦਾ ਹੈ) ਨਾਲ ਨੰਗੇ ਸਰੀਰ ਤੇ ਮਾਰ-ਮਾਰ ਕੇ ਲਹੂ ਲੁਹਾਣ ਕਰ ਲੈਂਦੇ ਹਨ ਤਾਂ ਕਿ ਅੱਲ੍ਹਾ ਖੁਸ਼ ਹੋ ਕੇ ਉਨ੍ਹਾਂ ਤੇ ਰਹਿਮਤ ਕਰ ਦੇਵੇ। ਪਿਛਲੇ ਦਿਨੀਂ ਇੱਕ ਵੀਡੀਉ ਦੇਖੀ ਜਿਸ ਵਿੱਚ ਮੌਲਵੀ 8-10 ਸਾਲ ਦੇ ਬੱਚਿਆਂ ਨੂੰ ਆਪਣਾ ਸਿਰ ਤੇ ਸਰੀਰ ਲਹੂ-ਲੁਹਾਣ ਕਰਨ ਦੇ ਪਾਗਲਪਨ ਦੀ ਟ੍ਰੇਨਿੰਗ ਦੇ ਰਿਹਾ ਹੈ। ਅਜਿਹਾ ਕੁੱਝ ਬਹੁਤ ਸਾਰੀਆਂ ਮਸਜਿਦਾਂ ਵਿੱਚ ਚੱਲ ਰਿਹਾ ਹੈ।
5. ਕਰਨਾਟਕਾ ਦੇ ਇੱਕ ਮੰਦਰ ਦੀ ਛੱਤ ਤੋਂ 200 ਫੁੱਟ ਉਚਾਈ ਤੋਂ ਦਸੰਬਰ ਮਹੀਨੇ ਦੀ ਠੰਡ ਵਿੱਚ ਨਵ ਵਿਆਹੇ ਜੋੜਿਆਂ ਦੇ ਨਵ ਜਨਮੇ ਬੱਚਿਆਂ ਨੂੰ ਨੰਗੇ ਕਰਕੇ ਧਰਤੀ ਵੱਲ ਉਛਾਲ ਕੇ ਇਸ ਭਰਮ ਵਿੱਚ ਹੇਠਾਂ ਸੁੱਟਿਆ ਜਾਂਦਾ ਹੈ ਤਾਂ ਕਿ ਉਸ ਜੋੜੇ ਦੇ ਇਸ ਬੱਚੇ ਸਮੇਤ ਹੋਰ ਬੱਚੇ ਤੰਦਰੁਸਤ ਰਹਿਣ ਤੇ ਪਰਿਵਾਰ ਵਿੱਚ ਖੁਸ਼ੀਆਂ ਬਣੀਆਂ ਰਹਿਣ?
6. ਇਸੇ ਤਰ੍ਹਾਂ ਇੱਕ ਮੰਦਰ ਤੋਂ ਬਾਹਰ ਬ੍ਰਾਹਮਣ ਜਾਤੀ ਦੇ ਲੋਕਾਂ ਵਲੋਂ ਆਪਣਾ ਭੋਜਨ ਖਾ ਕੇ ਬਚੀ ਹੋਈ ਜੂਠ ਨੂੰ ਧਰਤੀ ਤੇ ਸੁੱਟ ਦਿੱਤਾ ਜਾਂਦਾ ਹੈ ਤੇ ਬ੍ਰਾਹਮਣ ਤੋਂ ਨੀਵੀਆਂ ਜਾਤਾਂ ਦੇ ਲੋਕ ਲੰਮੇ ਪੈ ਕੇ ਰੋਲ ਕਰਦੇ ਉਸ ਭੋਜਨ ਉਪਰ ਦੀ ਲੰਘਦੇ ਹਨ ਤਾਂ ਕਿ ਉਨ੍ਹਾਂ ਨੂੰ ਕੋਈ ਚਮੜੀ ਦੀ ਬੀਮਾਰੀ ਨਾ ਲੱਗੇ ਤੇ ਪ੍ਰਭੂ ਦੀ ਮਿਹਰ ਬਣੀ ਰਹੇ।
7. ਜੈਨੀਆਂ ਦੇ ਇੱਕ ਫਿਰਕੇ ਵਿੱਚ ਜੈਨੀ ਮੌਂਕ ਬਣਨ ਲਈ ਦੀਕਸ਼ਾ ਲੈਣ ਤੋਂ ਪਹਿਲਾਂ ‘ਕਾਆ ਕਲੇਸ਼’ ਨਾਮ ਦੀ ਰਸਮ ਕਰਨ ਪੈਂਦੀ ਹੈ, ਜਿਸ ਵਿੱਚ ਸ਼ਰਧਾਲੂ ਨੂੰ ਆਪਣੇ ਸਿਰ ਦੇ ਇੱਕ ਇੱਕ ਵਾਲ ਨੂੰ ਪੁੱਟਣਾ ਪੈਂਦਾ ਹੈ, ਉਹ ਇਸਨੂੰ ਕੈਂਚੀ ਨਾਲ ਕੱਟ ਨਹੀਂ ਸਕਦੇ ਤੇ ਨਾ ਹੀ ਬਲੇਡ ਨਾਲ ਸ਼ੇਵ ਕਰ ਸਕਦੇ ਹਨ। ਪਰ ਧਰਮ ਦੇ ਨਾਮ ਤੇ ਬੇਹੱਦ ਦਰਦਨਾਕ ਪਾਗਲਪਨ ਵਾਲਾ ਕਰਮ ਸ਼ਰਧਾਲੂ ਕਰ ਰਹੇ ਹਨ।
8. ਯਹੂਦੀਆਂ ਦੇ ਇੱਕ ਫਿਰਕੇ ਵਲੋਂ ਇੱਕ ਖਾਸ ਧਾਰਮਿਕ ਤਿਉਹਾਰ ਮੌਕੇ ਕੁੱਕੜ ਨੂੰ ਹੱਥ ਨਾਲ ਮਿਡਲ ਤੋਂ ਫੜ ਕੇ ਪੁੱਠਾ ਲਟਕਾਇਆ ਜਾਂਦਾ ਹੈ, ਫਿਰ ਕੁੱਝ ਮੰਤਰ ਪੜ੍ਹੇ ਜਾਦੇ ਤੇ ਫਿਰ ਫੜਨ ਵਾਲਾ ਵਿਅਕਤੀ ਕੁੱਕੜ (ਚਿਕਨ) ਨੂੰ ਆਪਣੇ ਸਿਰ ਉਪਰੋਂ ਤਿੰਨ ਵਾਰ ਇਸ ਭਰਮ ਵਿੱਚ ਵਾਰਦਾ ਹੈ ਕਿ ਉਸ ਤੋਂ ਸਾਰੀਆਂ ਬੁਰੀਆਂ ਬਲਾਵਾਂ ਟਲ ਜਾਣਗੀਆਂ, ਭੈੜੀਆਂ ਰੂਹਾਂ ਦਾ ਸਾਇਆ ਹਟ ਜਾਵੇਗਾ, ਉਸਦੇ ਸਾਰੇ ਪਾਪ ਚਿਕਨ ਵਿੱਚ ਟਰਾਂਸਫਰ ਹੋ ਜਾਣਗੇ ਆਦਿ। ਬਾਅਦ ਵਿੱਚ ਚਿਕਨ ਦਾ ਮੀਟ ਗਰੀਬਾਂ ਨੂੰ ਵੰਡਿਆ ਜਾਂਦਾ ਹੈ।
9. ਚੀਨੇ ਬੋਧੀਆਂ ਦੀ ਇੱਕ ਪ੍ਰੰਪਰਾ ਅਨੁਸਾਰ ਮ੍ਰਿਤਕ ਬੋਧੀ ਦੇ ਸਰੀਰ ਦੇ ਕੁੱਝ ਅੰਗ ਕੱਟ ਕੇ ਕਾਵਾਂ ਗਿਰਝਾਂ ਨੂੰ ਪਾਏ ਜਾਂਦੇ ਹਨ ਕਿਉਂਕਿ ਉਹ ਸਮਝਦੇ ਹਨ ਕਿ ਆਤਮਾ ਨੂੰ ਤੇ ਨਵਾਂ ਸਰੀਰ ਮਿਲ ਜਾਣਾ ਹੈ, ਇਸ ਲਈ ਇਸ ਸਰੀਰ ਨੂੰ ਕੱਟ ਕੇ ਜਾਨਵਰਾਂ ਖਿਲਾਉਣਾ ਚਾਹੀਦਾ ਹੈ ਨਾ ਕਿ ਦੱਬ ਕੇ ਜਾਂ ਜ਼ਲਾ ਕੇ ਵੇਸਟ ਕਰਨਾ ਚਾਹਦਿਾ ਹੈ।
10. ਕ੍ਰਿਸਚੀਅਨਾਂ ਦੇ ਇੱਕ ਫਿਰਕੇ ਮੌਰਮਿਨ ਵਲੋਂ ਸਾਲ ਵਿੱਚ ਇੱਕ ਇਕੱਠ ਵਿੱਚ ਸਾਰੇ ਮੌਰਮਨਾਂ ਨੂੰ ਮਰੇ ਹੋਏ ਮੌਰਮਨਾਂ ਦੇ ਨਮਿਤ ਅੰਮ੍ਰਿਤ (ਬੈਪਟਿਜ਼ਮ) ਛਕਾਇਆ ਜਾਂਦਾ ਹੈ। ਉਨ੍ਹਾਂ ਅਨੁਸਾਰ ਮੌਰਮਨ ਬਣਨ ਲਈ ਅੰਮ੍ਰਿਤ ਛਕਣਾ ਜਰੂਰੀ ਹੈ, ਜਿਹੜੇ ਮੌਰਮਨ ਆਪਣੇ ਜੀਵਨ ਵਿੱਚ ਅੰਮ੍ਰਿਤ ਨਹੀਂ ਛਕਦੇ, ਜੇ ਮਰ ਕੇ ਦੁਆਰਾ ਮੌਮਨ ਬਣਨ ਦੇ ਚਾਹਵਾਨ ਹੋਣ ਤਾਂ ਉਨ੍ਹਾਂ ਦੇ ਨਮਿਤ ਜਿਉਂਦੇ ਮੋਰਮਨ ਅੰਮ੍ਰਿਤ ਛਕਦੇ ਹਨ।
11. ਬਰਾਜ਼ੀਲ ਤੇ ਵੈਨਜੂਏਲਾ ਦੇ ਕੁੱਝ ਧਾਰਮਿਕ ਫਿਰਕਿਆਂ ਦੀ ਪ੍ਰੰਪਰਾ ਅਨੁਸਾਰ ਲੋਕ ਆਪਣੇ ਮਿਰਤਕ ਰਿਸ਼ਤੇਦਾਰਾਂ ਦੀਆਂ ਹੱਡੀਆਂ ਨੂੰ ਪੀਹ ਕੇ ਸਾਲ ਬਾਅਦ ਸਾਰਾ ਪਰਿਵਾਰ ਸੂਪ ਬਣਾ ਕੇ ਇਸ ਭਰਮ ਵਿੱਚ ਪੀਂਦਾ ਹੈ ਕਿ ਇਸ ਨਾਲ ਮਿਰਤਕ ਨੂੰ ਹੈਵਨ (ਸਵਰਗ) ਵਿੱਚ ਵਾਸਾ ਮਿਲਦਾ ਹੈ।
12. ਆਪਣੇ ਦੇਵਤੇ ਜਾਂ ਰੱਬ ਨੂੰ ਖੁਸ਼ ਕਰਨ ਲਈ ਕਈ ਧਾਰਮਿਕ ਫਿਰਕਿਆਂ ਵਿੱਚ ਪਸ਼ੂਆਂ ਦੀ ਬਲੀ ਦਿੱਤੀ ਜਾਂਦੀ ਹੈ। ਪੁਰਾਣੇ ਸਮਿਆਂ ਵਿੱਚ ਧਰਮ ਦੇ ਨਾਮ ਤੇ ਮਨੁੱਖ ਦੀ ਬਲੀ ਵੀ ਦਿੱਤੀ ਜਾਂਦੀ ਰਹੀ ਹੈ। ਸਤੀ ਦੀ ਰਸਮ ਵਿੱਚ ਔਰਤ ਨੂੰ ਜਿੰਦਾ ਜਲਾ ਦਿੱਤਾ ਜਾਂਦਾ ਸੀ।
13. ਕੁਝ ਅਫਰੀਕਨ ਕਬੀਲਿਆਂ ਦੀ ਪ੍ਰੰਪਰਾ ਅਨੁਸਾਰ ਪਹਿਲਾਂ ਮਿਰਤਕ ਵਿਅਕਤੀਆਂ ਨੂੰ ਧਰਤੀ ਵਿੱਚ ਦਬਾਅ ਦਿੱਤਾ ਜਾਂਦਾ ਹੈ, ਫਿਰ 5-6 ਸਾਲ ਬਾਅਦ ਦੁਬਾਰਾ ਕਬਰ ਪੁੱਟ ਕੇ ਹੋਰ ਡੂੰਘਾ ਦਬਾਇਆ ਜਾਂਦਾ ਹੈ ਤੇ ਜਦੋਂ ਇਹ ਰਸਮ ਕੀਤੀ ਜਾਂਦੀ ਹੈ ਤਾਂ ਬਾਕੀ ਪਿੰਡ ਦੇ ਲੋਕ ਢੋਲ ਤੇ ਡਾਂਸ ਕਰਦੇ ਹਨ, ਉਨ੍ਹਾਂ ਦਾ ਭਰਮ ਹੈ ਕਿ ਜਦੋਂ ਤੱਕ ਮਨੁੱਖੀ ਸਰੀਰ ਪੂਰੀ ਤਰ੍ਹਾਂ ਮਿੱਟੀ ਵਿੱਚ ਨਹੀਂ ਮਿਲਦਾ, ਉਦੋਂ ਤੱਕ ਉਸਦੀ ਮੁਕਤੀ ਨਹੀਂ ਹੁੰਦੀ।
ਇਹ ਕੁੱਝ ਉਦਾਹਰਣਾਂ ਸਿਰਫ ਇਸ ਲਈ ਦਿੱਤੀਆਂ ਗਈਆਂ ਹਨ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਕਿਵੇਂ ਵੱਖ-ਵੱਖ ਧਾਰਮਿਕ ਫਿਰਕਿਆਂ ਵਿੱਚ ਵੱਖ-ਵੱਖ ਤਰ੍ਹਾਂ ਦੇ ਵਿਸ਼ਵਾਸ਼ਾਂ ਦੇ ਆਧਾਰ ਤੇ ਸ਼ਰਧਾ ਦੇ ਨਾਮ ਤੇ ਕਰਮਕਾਂਡ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਕੋਈ ਸਮਝਦਾਰ ਇਨਸਾਨ ਕਰਨ ਤੋਂ ਘਬਰਾਏਗਾ, ਪਰ ਇਹ ਸਭ ਵੱਖ-ਵੱਖ ਢੰਗਾਂ ਨਾਲ ਧਾਰਮਿਕ ਪਾਗਲਪਨ ਦੇ ਅਸਰ ਅਧੀਨ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੀਆਂ ਸੈਂਕੜੇ ਨਹੀਂ, ਹਜ਼ਾਰਾਂ ਅਜਿਹੀਆਂ ਰਵਾਇਤਾਂ, ਮਰਿਯਾਦਾਵਾਂ, ਪ੍ਰੰਪਰਾਵਾਂ, ਕਰਮਕਾਂਡ ਵੱਖ-ਵੱਖ ਧਾਰਮਿਕ ਫਿਰਕਿਆਂ ਵਿੱਚ ਪ੍ਰਚਲਤ ਹਨ, ਜਿਨ੍ਹਾਂ ਤੇ ਅਨੇਕਾਂ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ। ਇਨ੍ਹਾਂ ਦਾ ਕੋਈ ਅੰਤ ਨਹੀਂ। ਪਰ ਧਾਰਮਿਕ ਸ਼ਰਧਾ ਦਾ ਨਸ਼ਾ ਹੀ ਅਜਿਹਾ ਹੁੰਦਾ ਹੈ ਕਿ ਪੁਜਾਰੀ ਵਲੋਂ ਦਿੱਤੇ ਕਿਸੇ ਵੀ ਫੋਕੇ ਲਾਰ੍ਹੇ ਅਧੀਨ ਮਨੁੱਖ ਹਰ ਪੁੱਠੇ ਤੋਂ ਪੁੱਟਾ ਕੰਮ ਧਰਮ ਦੇ ਨਾਮ ਕਰਨ ਲਈ ਤਿਆਰ ਹੋ ਜਾਂਦਾ ਹੈ। ਇਤਿਹਾਸ ਅਜਿਹੀਆਂ ਉਦਾਹਰਣਾਂ ਨਾਲ ਭਰਿਆ ਪਿਆ ਹੈ, ਜਿਸ ਵਿੱਚ ਧਰਮ ਦੇ ਨਾਮ ਤੇ ਪੁਜਾਰੀਆਂ ਵਲੋਂ ਸ਼ਰਧਾਲੂਆਂ ਤੋਂ ਸ਼ਰਮਨਾਕ, ਮੂਰਖਤਾ ਤੇ ਪਾਗਲਪਨ ਭਰਪੂਰ ਕਾਰੇ ਕਰਵਾਏ ਗਏ ਹਨ ਤੇ ਕਰਵਾ ਰਹੇ ਹਨ। ਸਿੱਖ ਧਰਮ ਜਿਸਨੂੰ ਨਵੇਂ ਯੁਗ ਦਾ ਸਾਇੰਟਿਫਿਕ ਧਰਮ ਵੀ ਕਿਹਾ ਜਾਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਜਥੇਬੰਧਕ ਧਰਮਾਂ ਦੇ ਪ੍ਰਚਲਤ ਹਰ ਤਰ੍ਹਾਂ ਦੇ ਕਰਮਕਾਂਡਾਂ, ਮਰਿਯਾਦਾਵਾਂ, ਧਾਰਮਿਕ ਚਿੰਨ੍ਹਾਂ ਆਦਿ ਦਾ ਅਨੇਕਾਂ ਵਾਰ ਖੰਡਨ ਮਿਲਦਾ ਹੈ, ਇਨ੍ਹਾਂ ਨੂੰ ਫੋਕਟ ਕਰਮ ਕਿਹਾ ਗਿਆ ਹੈ, ਪਰ ਅੱਜ ਸਿੱਖਾਂ ਨੇ ਵੀ ਪੇਸ਼ਾਵਰ ਪੁਜਾਰੀਆਂ ਤੇ ਪਾਖੰਡੀ ਸਾਧਾਂ-ਸੰਤਾਂ ਮਗਰ ਲੱਗ ਕੇ ਅਨੇਕਾਂ ਤਰ੍ਹਾਂ ਦੇ ਫੋਕਟ ਕਰਮਕਾਂਡ ਸ਼ੁਰੂ ਕੀਤੇ ਹੋਏ ਹਨ। ਜਿਵੇਂ ਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦੀ ਹੀ ਗੱਲ ਲਈਏ, ਕਈ ਵਾਰ ਹੈਰਾਨੀ ਹੁੰਦੀ ਹੈ ਕਿ ਜਦੋਂ ਕਿਸੇ ਸਿੱਖ ਵਿਅਕਤੀ ਦੀ ਮੌਤ ਹੁੰਦੀ ਹੈ, ਮਿਰਤਕ ਪ੍ਰਾਣੀ ਦਾ ਸਰੀਰ ਹਸਪਤਾਲ ਜਾਂ ਫਿਊਨਰਲ ਹੋਮ ਵਾਲਿਆਂ ਕੋਲ ਹੁੰਦਾ ਹੈ, ਮ੍ਰਿਤਕ ਪ੍ਰਾਣੀ ਦਾ ਪਰਿਵਾਰ ਆਪਣੇ ਘਰ ਬੈਠਾ ਹੁੰਦਾ ਹੈ ਤੇ ਪਾਠ ਗੁਰਦੁਆਰੇ ਵਿੱਚ ਪਾਠੀ ਕਿਸੇ ਬੰਦ ਕਮਰੇ ਵਿੱਚ ਕਰ ਰਿਹਾ ਹੁੰਦਾ ਹੈ। ਹੁਣ ਜੇ ਥੋੜਾ ਜਿਹਾ ਦਿਮਾਗ ਵਰਤ ਕੇ ਸੋਚੀਏ ਕਿ ਮਰਨ ਵਾਲਾ ਮਰ ਗਿਆ, ਮਿਰਤਕ ਸਰੀਰ ਫਿਊਨਰਲ ਹੋਮ ਪਿਆ ਹੈ, ਕਹੀ ਜਾਂਦੀ ਆਤਮਾ ਸਰੀਰ ਵਿਚੋਂ ਨਿਕਲ ਕੇ ਆਪਣੇ ਕਿਸੇ ਹੋਰ ਰਸਤੇ ਪੈ ਗਈ ਹੋਵੇਗੀ, ਘਰ ਵਾਲੇ ਆਪਣੇ ਘਰ ਗੱਲਾਂ ਕਰ ਰਹੇ ਹੁੰਦੇ ਹਨ ਜਾਂ ਆਪਣੇ ਕੰਮ ਕਰ ਰਹੇ ਹੁੰਦੇ ਹਨ, ਪਾਠੀ ਪੈਸੇ ਲੈ ਕੇ ਗੁਰਦੁਆਰੇ ਪਾਠ ਕਰ ਰਿਹਾ ਹੈ। ਹੁਣ ਇਸਦਾ ਫਲ ਭਾਈ ਜੀ ਦੀ ਅਰਦਾਸ ਅਨੁਸਾਰ ਮਿਰਤਕ ਪ੍ਰਾਣੀ ਨੂੰ ਕਿਹੜੇ ਢੰਗ ਨਾਲ ਮਿਲੇਗਾ? ਫਿਰ ਅਸੀਂ ਅਜਿਹਾ ਵੀ ਕਹਿੰਦੇ ਹਾਂ ਕਿ ਪੰਜ ਤੱਤਾਂ ਦਾ ਸਰੀਰ ਮਿੱਟੀ ਸੀ, ਸੜ੍ਹਨ ਤੋਂ ਬਾਅਦ ਸਾਰੇ ਤੱਤ ਆਪਣੇ ਤੱਤਾਂ ਵਿੱਚ ਜਾ ਮਿਲੇ, ਮਿੱਟੀ, ਮਿੱਟੀ ਵਿੱਚ ਜਾ ਮਿਲੀ, ਆਤਮਾ ਆਪਣੇ ਅਗਲੇ ਸਫਰ ਤੇ ਚੱਲ ਪਈ, ਉਸਦਾ ਹਿਸਾਬ ਰੱਬ ਦੀ ਦਰਗਾਹ ਵਿੱਚ ਹੋਵੇਗਾ? ਫਿਰ ਅਸੀਂ ਉਸ ਮਿੱਟੀ (ਸੁਆਹ) ਨੂੰ ਕੀਰਤਪੁਰ ਜਾਂ ਹਰਿਦੁਆਰ ਲੈ ਕੇ ਕਿਸ ਲਈ ਜਾਂਦੇ ਹਾਂ? ਸ਼ਾਇਦ ਇਸ ਭਰਮ ਵਿੱਚ ਕਿ ਉਥੇ ਸੁਆਹ ਸੁੱਟਣ ਤੋਂ ਬਿਨਾਂ ਮੁਕਤੀ ਨਹੀਂ ਹੋਣੀ? ਆਪੇ ਕਹਿੰਦੇ ਹਾਂ ਕਿ ਮੁਕਤੀ ਸਰੀਰ ਦੀ ਨਹੀਂ ਆਤਮਾ ਦੀ ਕਰਮਾਂ ਅਨੁਸਾਰ ਹੋਣੀ ਹੈ? ਮੈਨੂੰ ਲਗਦਾ ਅਨਪੜ੍ਹਾਂ ਦੀ ਗੱਲ ਤਾਂ ਵੱਖਰੀ ਹੈ, ਪੜ੍ਹੇ ਲਿਖੇ ਤੇ ਦੁਨਿਆਵੀ ਡਿਗਰੀਆਂ ਦੇ ਮਾਲਕ ਵੀ ਅਜਿਹੇ ਕਰਮ ਕਰਦੇ ਦੇਖੇ ਜਾ ਸਕਦੇ ਹਨ? ਅਸੀਂ ਸਭ ਅਜਿਹੇ ਕਰਮ ਅੰਧ ਵਿਸ਼ਵਾਸ਼ ਵਿੱਚ ਫਸੇ ਹੋਏ ਕਰਦੇ ਜਾ ਰਹੇ ਹਾਂ। ਕੀ ਅਜਿਹੇ ਕਰਮਕਾਂਡਾਂ ਨਾਲ ਭਰਪੂਰ ਧਰਮ ਨੂੰ ਅਸੀਂ ਸਾਇੰਟਿਫਿਕ ਕਹਿ ਸਕਦੇ ਹਾਂ? ਸੋਚਣ ਦੀ ਲੋੜ ਹੈ? ਇਹ ਤਾਂ ਇੱਕ ਉਦਾਹਰਣ ਲਈ ਹੈ, ਅਜਿਹੇ ਹੋਰ ਬਹੁਤ ਮੂਰਖਤਾ ਪੂਰਨ ਕਰਮ ਹਨ, ਜੋ ਅਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਕਰਦੇ ਹਾਂ।
ਜਿਸ ਤਰ੍ਹਾਂ ਪਹਿਲਾਂ ਵੀ ਕਈ ਵਾਰ ਨਕਲੀ ਧਰਮਾਂ ਦੀ ਲੇਖ ਲੜੀ ਵਿੱਚ ਗੱਲ ਸਾਹਮਣੇ ਆਈ ਹੈ ਕਿ ਮਨੁੱਖ ਨਕਲੀ ਧਰਮਾਂ ਵਿੱਚ ਡਰ ਤੇ ਲਾਲਚ ਵਿੱਚ ਹੀ ਫਸਦਾ ਹੈ। ਪੁਜਾਰੀਆਂ ਕੋਲ ਜਿਥੇ ਇੱਕ ਪਾਸੇ ਆਪੇ ਘੜੇ ਰੱਬ ਦੇ ਡਰ ਦਾ ਭਾਰੀ ਡੰਡਾ ਹੁੰਦਾ ਹੈ, ਉਥੇ ਉਹੀ ਰੱਬ ਸਭ ਕੁੱਝ ਦਾ ਮਾਲਕ ਹੋਣ ਕਰਕੇ ਸ਼ਰਧਾਲੂਆਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਦੇ ਵੀ ਸਮਰੱਥ ਹੁੰਦਾ ਹੈ। ਜਿਸ ਤਰ੍ਹਾਂ ਕਿ ਪਹਿਲਾਂ ਜ਼ਿਕਰ ਕੀਤਾ ਸੀ ਕਿ ਦੁਨੀਆਂ ਵਿੱਚ ਹਜ਼ਾਰਾਂ ਧਾਰਮਿਕ ਫਿਰਕੇ ਹਨ, ਉਨ੍ਹਾਂ ਵਿਚੋਂ ਤਕਰੀਬਨ ਬਹੁਤੇ ਹੁਣ ਇਸ ਗੱਲ ਨਾਲ ਸਹਿਮਤ ਹਨ ਕਿ ਰੱਬ ਇੱਕ ਹੈ ਤੇ ਉਹੀ ਸਾਰੀ ਸ੍ਰਿਸਟੀ ਨੂੰ ਚਲਾ ਰਿਹਾ ਹੈ। ਪਰ ਜਦੋਂ ਤੁਸੀਂ ਉਨ੍ਹਾਂ ਦੀਆਂ ਰਵਾਇਤਾਂ, ਮਾਨਤਾਵਾਂ, ਮਰਿਯਾਦਾਵਾਂ, ਪੂਜਾ-ਪਾਠ ਦੇ ਢੰਗਾਂ, ਧਾਰਮਿਕ ਫਿਲਾਸਫੀਆਂ ਨੂੰ ਪੜ੍ਹਦੇ ਹਾਂ ਤਾਂ ਬਹੁਤ ਕੁੱਝ ਇੱਕ ਦੂਜੇ ਦੇ ਉਲਟ ਹੈ। ਕਈ ਵਾਰ ਇਵੇਂ ਵੀ ਲੱਗੇਗਾ ਕਿ ਹਰ ਇੱਕ ਧਾਰਮਿਕ ਫਿਰਕਾ ਕੁੱਝ ਨੈਤਿਕ ਗੁਣਾਂ ਨੂੰ ਛੱਡ ਕੇ ਮਰਿਯਾਦਾ ਤੇ ਕਰਮਕਾਂਡਾਂ ਦੇ ਮੁੱਦੇ ਤੇ ਇੱਕ ਦੂਜੇ ਤੋਂ ਉਲਟ ਦਿਸ਼ਾ ਵਿੱਚ ਖੜਾ ਹੈ। ਇੱਕ ਫਿਰਕੇ ਦੇ ਪੁੰਨ, ਦੂਜੇ ਲਈ ਪਾਪ ਹੁੰਦੇ ਹਨ। ਇੱਕ ਫਿਰਕੇ ਦੀ ਮਰਿਯਾਦਾ ਅਨੁਸਾਰ ਕੁੱਝ ਕਰਮ ਕਰਨੇ, ਮਨੁੱਖ ਲਈ ਜੇ ਜੰਨਤ ਦਾ ਦਰਵਾਜਾ ਹਨ ਤਾਂ ਦੂਜੇ ਫਿਰਕੇ ਵਲੋਂ ਅਜਿਹੇ ਕਰਮ ਕਰਨੇ ਦੋਜਕ ਦੀ ਅੱਗ ਵਿੱਚ ਸੜ੍ਹਨ ਬਰਾਬਰ ਹੈ। ਜੇ ਰੱਬ ਇੱਕ ਹੈ ਤਾਂ ਉਹ ਇਕੋ ਕਰਮ ਕਰਨ ਨਾਲ ਇੱਕ ਫਿਰਕੇ ਵਾਲਿਆਂ ਨੂੰ ਖੁਸ਼ ਹੋ ਕੇ ਸਵਰਗ ਕਿਵੇਂ ਬਖਸ਼ਦਾ ਹੈ ਤੇ ਦੂਜੇ ਫਿਰਕੇ ਲਈ ਉਹੀ ਕਰਮ ਪਾਪ ਕਿਵੇਂ ਹੁੰਦਾ ਹੈ ਤੇ ਉਸ ਕਰਮ ਲਈ ਉਹੀ ਰੱਬ ਮਨੁੱਖ ਨੂੰ ਨਰਕਾਂ ਵੱਲ ਧੱਕਦਾ ਹੈ? ਇੱਕ ਪਾਸੇ ਜਿਥੇ ਬਹੁਤੇ ਧਰਮ ਖੜੇ ਹੀ ਸਵਰਗ-ਨਰਕ ਦੇ ਸੰਕਲਪ ਅਧਾਰਿਤ ਹਨ, ਉਥੇ ਕਈ ਉਸੇ ਰੱਬ ਨੂੰ ਮੰਨਣ ਵਾਲੇ ਅਜਿਹੇ ਫਿਰਕੇ ਵੀ ਹਨ, ਜਿਹੜੇ ਕਹਿੰਦੇ ਹਨ ਕਿ ਸਵਰਗ-ਨਰਕ ਕੁੱਝ ਹੁੰਦਾ ਹੀ ਨਹੀਂ ਹੈ। ਜਿਥੇ ਕੁੱਝ ਫਿਰਕੇ ਮਨੁੱਖ ਨੂੰ ਸਾਰੀ ਉਮਰ ਜਪਾਂ-ਤਪਾਂ, ਭਜਨ-ਬੰਦਗੀਆਂ, ਨਾਮ-ਸਿਮਰਨਾਂ ਵਿੱਚ ਉਲਝਾਈ ਰੱਖਦੇ ਹਨ ਤਾਂ ਕਿ ਉਨ੍ਹਾਂ ਨੂੰ ਜੂਨਾਂ ਤੋਂ ਮੁਕਤੀ ਮਿਲ ਜਾਵੇ ਤੇ ਉਨ੍ਹਾਂ ਦੀ ਆਤਮਾ ਪਰਮ ਆਤਮਾ ਵਿੱਚ ਮਿਲ ਜਾਵੇ ਤਾਂ ਦੂਜੇ ਪਾਸੇ ਅਜਿਹੇ ਵੀ ਅਨੇਕਾਂ ਫਿਰਕੇ ਹਨ, ਜੋ ਨਾ ਆਤਮਾ ਵਿੱਚ ਵਿਸਵਾਸ਼ ਰੱਖਦੇ ਹਨ ਤੇ ਨਾ ਹੀ ਕਿਸੇ ਜੂਨਾਂ ਦੀ ਮੁਕਤੀ ਵਿੱਚ, ਇਥੋਂ ਤੱਕ ਕਿ ਕਈ ਧਾਰਮਿਕ ਫਿਰਕੇ ਰੱਬ ਵਿੱਚ ਵੀ ਵਿਸ਼ਵਾਸ਼ ਨਹੀਂ ਰੱਖਦੇ। ਕਈ ਸਿਰਫ ਪ੍ਰਕ੍ਰਿਤੀ (ਕੁਦਰਤ ਜਾਂ ਦਿਸਦੀ ਸ੍ਰਿਸ਼ਟੀ) ਵਿੱਚ ਹੀ ਵਿਸ਼ਵਾਸ਼ ਰੱਖਦੇ ਹਨ। ਇਸ ਤਰ੍ਹਾਂ ਜਦੋਂ ਤੁਸੀਂ ਖੁੱਲ੍ਹੇ ਮਨ ਨਾਲ ਸਾਰੇ ਧਾਰਮਿਕ ਫਿਰਕਿਆਂ ਦੀ ਸਟੱਡੀ ਕਰੋਗੇ ਤਾਂ ਸਮਝ ਪਵੇਗੀ, ਪ੍ਰਚਲਤ ਜਥੇਬੰਧਕ ਧਰਮ ਪੁਜਾਰੀਆਂ ਦੀ ਹੀ ਖੇਡ ਹੈ। ਧਰਮ ਗੁਰੂਆਂ ਜਾਂ ਪੈਗੰਬਰਾਂ, ਜਿਨ੍ਹਾਂ ਦੇ ਨਾਮ ਤੇ ਇਹ ਵੱਖ-ਵੱਖ ਫਿਰਕੇ ਚਲਦੇ ਹਨ, ਉਨ੍ਹਾਂ ਦਾ ਮੈਸੇਜ਼ ਕੁੱਝ ਹੋਰ ਸੀ, ਉਨ੍ਹਾਂ ਦਾ ਇਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ। ਪੁਜਾਰੀ ਇਨ੍ਹਾਂ ਇਨਕਲਾਬੀ ਮਹਾਂਪੁਰਸ਼ਾਂ ਦਾ ਨਾਮ ਵਰਤ ਕੇ ਆਪਣਾ ਧੰਦਾ ਹੀ ਚਲਾ ਰਹੇ ਹਨ। ਉਹ ਤੇ ਆਪਣੇ ਸਮਿਆਂ ਵਿੱਚ ਅਜਿਹੇ ਪੁਜਾਰੀਆਂ ਤੇ ਮੌਕੇ ਦੇ ਹਾਕਮਾਂ ਨਾਲ ਲੜਦੇ ਰਹੇ ਸਨ। ਉਨ੍ਹਾਂ ਨੇ ਆਪਣੇ ਸਮਿਆਂ ਵਿੱਚ ਅਨੇਕਾਂ ਮੁਸੀਬਤਾਂ ਵੀ ਸਹੀਆਂ ਸਨ, ਸ਼ਹੀਦੀਆਂ ਵੀ ਦੇਣੀਆਂ ਪਈਆਂ ਸਨ। ਉਹ ਤੇ ਅਜਿਹੇ ਕਰਮਕਾਂਡਾਂ ਦੇ ਖਿਲਾਫ ਮਨੁੱਖ ਨੂੰ ਜਾਗਰੂਕ ਕਰਦੇ ਸਨ ਤਾਂ ਕਿ ਮਨੁੱਖ ਇਨ੍ਹਾਂ ਕਰਮਕਾਂਡੀ ਤੇ ਦਿਖਾਵੇ ਦੀਆਂ ਧਾਰਮਿਕ ਮਰਿਯਾਦਾਵਾਂ ਦੇ ਬੰਧਨਾਂ ਤੋਂ ਮੁਕਤ ਹੋ ਕੇ ਇੱਕ ਸੱਚਾ-ਸੁੱਚਾ ਇਨਸਾਨ ਬਣੇ, ਜੋ ਆਪਣੇ ਆਲੇ-ਦੁਆਲੇ ਵਿੱਚ ਪ੍ਰੇਮ ਭਾਵ ਤੇ ਆਪਸੀ ਸਹਿਹੋਂਦ ਨਾਲ ਰਹਿ ਸਕੇ। ਉਹ ਆਪਣੇ ਆਪੇ ਨੂੰ ਪਛਾਣੇ, ਆਪਣੇ ਅੰਦਰ ਵਸਦੀ ਰੱਬ ਜੋਤ ਨੂੰ ਜਾਣੇ, ਜੀਵਨ ਦੇ ਮਕਸਦ ਦੀ ਖੋਜ ਕਰੇ, ਇਹ ਜੀਵਨ ਖੇਡ ਕਿਸ ਤਰ੍ਹਾਂ ਚੱਲ ਰਹੀ ਹੈ, ਇਸਨੂੰ ਜਾਣੇ, ਆਪਣੇ ਅੰਦਰ ਸਦੀਵੀ ਸ਼ਾਂਤੀ ਦਾ ਅਨੁਭਵ ਕਿਵੇਂ ਕਰੇ? ਬਾਹਰੀ ਦਿਸਦੇ ਸੰਸਾਰ ਵਿੱਚ ਵਿਚਰ ਰਹੀ ਚੇਤੰਨਤਾ ਦੇ ਸੱਚ ਨੂੰ ਪਛਾਣੇ, ਉਸ ਲਈ ਖੋਜ ਕਰੇ। ਪਰ ਹਰ ਧਰਮ ਦੇ ਪੁਜਾਰੀ ਮਨੁੱਖ ਨੂੰ ਆਪਣੀਆਂ ਗਲ਼ੀਆਂ, ਸੜ੍ਹੀਆਂ ਤੇ ਸਮਾਂ ਵਿਹਾਅ ਚੁੱਕੀਆਂ ਪ੍ਰੰਪਰਾਵਾਂ, ਮਰਿਯਾਦਾਵਾਂ ਦਾ ਭਾਰ ਢੋਣ ਹੀ ਲਾਈ ਰੱਖਦੇ ਹਨ। ਉਹ ਨਹੀਂ ਚਾਹੁੰਦੇ ਕਿ ਲੋਕ ਜਾਗਰੂਕ ਹੋਣ, ਆਪਣੇ ਆਪ ਪ੍ਰਤੀ ਵੀ ਤੇ ਆਪਣੇ ਹੱਕਾਂ ਪ੍ਰਤੀ ਵੀ। ਪੁਜਾਰੀਆਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਧਰਮ ਅਧਾਰਿਤ ਧੰਦਾ ਮਨੁੱਖ ਦੀ ਅਗਿਆਨਤਾ ਨਾਲ ਹੀ ਚੱਲ ਸਕਦਾ ਹੈ। ਗਿਆਨਵਾਨ ਮਨੁੱਖ ਉਨ੍ਹਾਂ ਨੂੰ ਚੰਗੇ ਨਹੀਂ ਲਗਦੇ, ਇਸੇ ਲਈ ਧਰਮ ਪੁਜਾਰੀ ਪੜ੍ਹੇ ਲਿਖੇ ਲੋਕਾਂ ਤੋਂ ਬੜੇ ਡਰਦੇ ਹਨ, ਅਜਿਹਾ ਪ੍ਰਚਾਰ ਵੀ ਕਰਦੇ ਹਨ ਕਿ ਪੜ੍ਹੇ ਲਿਖੇ ਨਾਸਤਿਕ ਹੁੰਦੇ ਹਨ, ਰੱਬ ਨੂੰ ਨਹੀਂ ਮੰਨਦੇ, ਧਰਮ ਨੂੰ ਖਰਾਬ ਕਰਦੇ ਹਨ, ਲੋਕਾਂ ਨੂੰ ਧਰਮ ਤੋਂ ਤੋੜਦੇ ਹਨ, ਉਨ੍ਹਾਂ ਦੀ ਸ਼ਰਧਾ ਦਾ ਮਾਖੌਲ ਉਡਾਉਂਦੇ ਹਨ। ਅਸਲ ਵਿੱਚ ਉਨ੍ਹਾਂ ਨੂੰ ਸ਼ਰਧਾਲੂਆਂ ਜਾਂ ਧਰਮ ਦਾ ਨਹੀਂ, ਆਪਣੇ ਧੰਦੇ ਦਾ ਫਿਕਰ ਹੁੰਦਾ ਹੈ। ਉਹ ਪੂਜਾ-ਪਾਠ ਦੇ ਨਾਮ ਤੇ ਵਿਹਲੇ ਰਹਿ ਕੇ ਕਮਾਈ ਕਰਨੀ ਗਿੱਝ ਚੁੱਕੇ ਹੁੰਦੇ ਹਨ। ਤੁਹਾਨੂੰ ਆਪਣੇ ਬਚਾਅ ਵਿੱਚ ਆਪ ਹੀ ਜਾਗਣਾ ਪੈਣਾ ਹੈ। ਜਿਸ ਤਰ੍ਹਾਂ ਇੱਕ ਕਹਾਵਤ ਹੈ ਕਿ ਰੱਬ ਉਨ੍ਹਾਂ ਦੀ ਹੀ ਮੱਦਦ ਕਰਦਾ ਹੈ, ਜੋ ਆਪਣੀ ਮੱਦਦ ਆਪ ਕਰਦੇ ਹਨ। ਪੁਜਾਰੀ ਤੁਹਾਡੀ ਕੋਈ ਮੱਦਦ ਨਹੀਂ ਕਰ ਸਕਦੇ, ਪੁਜਾਰੀ ਸਿਰਫ ਤੁਹਾਨੂੰ ਲੁੱਟਣ ਲਈ ਬੈਠੇ ਹਨ। ਤੁਸੀਂ ਸਦੀਆਂ ਤੋਂ ਲੁੱਟ ਹੁੰਦੇ ਆਏ ਹੋ, ਇਨ੍ਹਾਂ ਨੇ ਤੁਹਾਨੂੰ ਮਾਨਸਿਕ ਤੌਰ ਤੇ ਗੁਲਾਮ ਹੀ ਨਹੀਂ, ਮਾਨਸਿਕ ਰੋਗੀ ਵੀ ਬਣਾ ਦਿੱਤਾ ਹੈ। ਤੁਹਾਨੂੰ ਪਾਗਲਪਨ ਦੇ ਕਗਾਰ ਤੇ ਖੜਾ ਕਰ ਦਿੱਤਾ ਹੈ। ਤੁਹਾਡੀ ਸੋਚ ਨੂੰ ਸੰਕੀਰਣ ਤੇ ਅਸਹਿਣਸ਼ੀਲ ਬਣਾ ਦਿੱਤਾ ਹੈ। ਏਕ ਪਿਤਾ, ਏਕਸ ਕੇ ਹਮ ਬਾਰਕ, ਧਰਤੀ ਦੇ ਜਾਇਆਂ ਨੂੰ ਰੱਬ ਦੇ ਨਾਮ ਤੇ, ਧਰਮ ਦੇ ਨਾਮ ਤੇ, ਮਰਿਯਾਦਾ ਦੇ ਨਾਮ ਤੇ, ਪ੍ਰੰਪਰਾ ਦੇ ਨਾਮ ਤੇ, ਧਾਰਮਿਕ ਚਿੰਨ੍ਹਾਂ ਦੇ ਨਾਮ ਤੇ ਪੁਜਾਰੀਆਂ, ਸਿਅਸਤਦਾਨਾਂ ਤੇ ਸਰਮਾਏਦਾਰਾਂ ਨੇ ਵਥੇਰਾ ਲੁਟਿਆ ਹੈ, ਸਦੀਆਂ ਤੋਂ ਪੀੜ੍ਹੀ-ਦਰ-ਪੀੜ੍ਹੀ ਲੁੱਟਦੇ ਆ ਰਹੇ ਹਨ, ਧਰਮ ਦੇ ਪ੍ਰਸਾਰ ਅਤੇ ਧਰਮ ਦੇ ਪ੍ਰਚਾਰ ਲਈ ਧਰਮ ਯੁੱਧਾਂ ਦੇ ਨਾਮ ਤੇ ਵਥੇਰਾ ਮਾਨਵਤਾ ਦਾ ਖੂਨ ਡੋਲ੍ਹਿਆ ਹੈ। ਵਥੇਰੇ ਧਰਮ ਦੇ ਨਾਮ ਤੇ ਦੰਗੇ ਕਰਾ ਕੇ ਸਾਡੀ ਸਮਾਜਿਕ ਮਨੁੱਖੀ ਸਾਂਝ ਨੂੰ ਤੋੜਿਆ ਹੈ। ਹੁਣ ‘ਸੱਚ ਸੁਣਾਇਸੀ ਸੱਚ ਕੀ ਵੇਲਾ’ ਅਨੁਸਾਰ
‘Enough is Enough’ ਕਹਿਣ ਦਾ ਸਮਾਂ ਆ ਗਿਆ ਹੈ, ਹੁਣ ਕਹਿਣਾ ਪਵੇਗਾ ਵਥੇਰੀ ਸੁਣ ਲਈ ਤੁਹਾਡੀ ਬਕਵਾਸ, ਵਥੇਰਾ ਸਾਨੂੰ ਧਰਮ ਦੇ ਨਾਮ ਤੇ ਲੁੱਟ ਲਿਆ, ਧਰਮ ਦੇ ਨਾਮ ਤੇ ਵਥੇਰੀਆਂ ਵੰਡੀਆਂ ਪਾ ਲਈਆਂ, ਹੁਣ ਸਾਡਾ ਬੋਲਣ ਦਾ ਸਮਾਂ ਹੈ, ਬੰਦ ਕਰੋ ਇਹ ਸੋਸ਼ਣ ਤੇ ਲੁੱਟ ਦੀਆਂ ਦੁਕਾਨਾਂ। ਹੁਣ ਸਾਨੂੰ ਉਸ ਰੱਬ ਦੀ ਲੋੜ ਹੈ, ਜਿਹੜਾ ਸਾਰਿਆਂ ਦਾ ਸਾਂਝਾ ਹੋਵੇ, ਸਭ ਨੂੰ ਇਕਸਾਰ ਪਿਆਰ ਕਰਨ ਵਾਲਾ ਹੋਵੇ, ਫਿਰਕਿਆਂ ਦੀ ਮਰਿਯਾਦਾ, ਪ੍ਰੰਪਰਾ, ਕਰਮਕਾਂਡ, ਚਿੰਨ੍ਹਾਂ ਆਦਿ ਦੇ ਨਾਮ ਤੇ ਵੰਡੀਆਂ ਪਾਉਣ ਵਾਲਾ ਨਾ ਸਾਨੂੰ ਰੱਬ ਚਾਹੀਦਾ ਹੈ ਤੇ ਨਾ ਹੀ ਅਜਿਹਾ ਨਕਲੀ ਧਰਮ। ਸਾਨੂੰ ਉਹ ਧਰਮ ਚਾਹੀਦਾ ਹੈ, ਜਿਹੜਾ ਸਾਰੀ ਮਨੁੱਖਤਾ ਨਾਲ ਪਿਆਰ ਕਰਨਾ ਸਿਖਾਵੇ, ਸਭ ਵਿੱਚ ਰੱਬੀ ਜੋਤ ਦੇ ਦਰਸ਼ਨ ਕਰਾਵੇ, ਜਿਹੜੇ ਧਰਮ ਨੂੰ ਪਾ ਕੇ ਮਨੁੱਖ ਵਿਕਾਰਾਂ ਤੋਂ ਮੁਕਤੀ ਪਾ ਕੇ ਸਦੀਵੀ ਸ਼ਾਂਤੀ ਦਾ ਅਨੁਭਵ ਕਰ ਸਕੇ। ਵੰਡੀਆਂ ਪਾਉਣ ਵਾਲੇ ਧਰਮਾਂ ਦੀ ਸਾਨੂੰ ਲੋੜ ਨਹੀਂ ਤੇ ਨਾ ਹੀ ਸਾਨੂੰ ਪਾਗਲ ਬਣਾ ਕੇ ਪੁੱਠੀਆਂ-ਸਿੱਧੀਆਂ ਮਰਿਯਾਦਾਵਾਂ ਵਾਲੇ ਧਰਮ ਦੀ ਲੋੜ ਹੈ। ਸਾਰੀ ਮਨੁੱਖਤਾ ਦਾ ਇੱਕ ਹੀ ਧਰਮ ਹੈ, ਉਹ ਹੈ ਸਭ ਨਾਲ ਸਾਂਝੀਵਾਲਤਾ, ਸਭ ਨਾਲ ਪਿਆਰ, ਸੋਸ਼ਣ ਰਹਿਤ ਸਮਾਜ, ਸਾਰੇ ਕੁਦਰਤੀ ਸਾਧਨਾਂ ਤੇ ਸਾਰੀ ਮਨੁੱਖਤਾ ਦਾ ਸਾਂਝਾ ਹੱਕ। ਰੱਬੀ ਦਰਗਾਹ ਤੋਂ ਇਥੇ ਅਸੀਂ ਸਭ, ਕੁੱਝ ਸਮੇਂ ਦੇ ਪ੍ਰਾਹੁਣੇ ਬਣ ਕੇ ਆਏ ਹਾਂ, ਕੁੱਝ ਵੀ ਇਥੋਂ ਨਾਲ ਜਾਣ ਵਾਲਾ ਨਹੀਂ, ਫਿਰ ਕਿਉਂ ਧਰਮ ਦੇ ਨਾਮ ਤੇ ਵੰਡੀਆਂ ਪਾ ਕੇ ਲੜਾਈਆ ਕਰੀਏ। ਜੇ ਸਾਰਾ ਕੁੱਝ ਇੱਕ ਰੱਬ ਦਾ ਬਣਾਇਆ ਹੋਇਆ ਹੈ ਤੇ ਅਸੀਂ ਵੀ ਉਸਦੇ ਹੀ ਪੁੱਤਰ-ਧੀਆਂ ਹਾਂ ਤੇ ਫਿਰ ਸਾਰਾ ਕੁੱਝ ਵੀ ਸਾਡਾ ਹੀ ਹੈ। ਹੁਣ ਵੰਡੀਆਂ ਪਾਉਣ ਵਾਲੇ ਧਰਮ ਦੀ ਨਹੀਂ, ਮਨੁੱਖ ਨੂੰ ਮਨੁੱਖ ਨਾਲ ਜੋੜਨ ਵਾਲੇ ਧਰਮ ਦੀ ਲੋੜ ਹੈ। ਇਹ ਤਾਂ ਹੀ ਸੰਭਵ ਹੈ ਜੇ ਅਸੀਂ ਮਾਨਸਕਿ ਤੌਰ ਤੇ ਅਜ਼ਾਦ ਸੋਚਣਾ ਸ਼ੁਰੂ ਕਰੀਏ, ਫਿਰਕਿਆਂ ਦੀ ਸੌੜੀ ਸੋਚ ਨੂੰ ਤਿਆਗੀਏ, ਪੁਜਾਰੀਆਂ ਦੀ ਬਕੜਵਾਹ ਛੱਡ ਕੇ, ਅਸਲੀ ਧਰਮ ਗੁਰੂਆਂ ਦੀ ਅਸਲੀ ਵਿਚਾਰਧਾਰਾ ਨੂੰ ਪੜ੍ਹੀਏ, ਵਿਚਾਰੀਏ ਤੇ ਆਪਣੇ ਫੈਸਲੇ ਆਪ ਕਰੀਏ। ਸਾਰੇ ਧਰਮ ਗ੍ਰੰਥ ਸਾਡੇ ਸਭ ਦਾ ਸਾਂਝਾ ਸਰਮਾਇਆ ਹਨ, ਸਾਡਾ ਸਭ ਤੇ ਹੱਕ ਹੈ। ਅਸੀਂ ਹਰ ਇੱਕ ਨੂੰ ਪੜ੍ਹੀਏ, ਵਿਚਾਰੀਏ ਤੇ ਉਸ ਵਿਚੋਂ ਅੱਜ ਦੇ ਸਮੇਂ ਅਨੁਕੂਲ ਚੰਗਾ ਸਮਾਜ ਸਿਰਜਣ ਲਈ, ਚੰਗਾ ਮਨੁੱਖ ਬਣਨ ਲਈ ਜੋ ਵੀ ਮਿਲਦਾ ਹੈ, ਉਸਨੂੰ ਫਿਰਕਿਆਂ ਦੀ ਸੋਚ ਤੋਂ ਉਪਰ ਉਠ ਕੇ ਅਪਨਾਈਏ। ਪੇਸ਼ਾਵਰ ਪੁਜਾਰੀਆਂ ਤੇ ਸੋਸ਼ਣ ਕਰਨ ਵਾਲੇ ਰਾਜਨੀਤਕਾਂ ਤੇ ਸਰਮਾਏਦਾਰਾਂ ਨੂੰ ਸੱਚ ਦਾ ਸ਼ੀਸ਼ਾ ਦਿਖਾਉਣ ਦਾ ਸਮਾਂ ਆ ਗਿਆ ਹੈ।
(ਸੰਪਾਦਕੀ ਟਿੱਪਣੀ:- ਸਰਦਾਰ ਹਰਚਰਨ ਸਿੰਘ ਜੀ ਤੁਹਾਡੀ ਇਸ ਲੇਖ ਲੜੀ ਨੂੰ ਛਪਦਿਆਂ ਤਕਰੀਬਨ ਦੋ ਸਾਲ ਹੋ ਗਏ ਹਨ। ਤੁਹਾਡੇ ਇਹਨਾ ਲੇਖਾਂ ਤੇ ਮੈਂ ਪਹਿਲੀ ਵਾਰ ਟਿੱਪਣੀ ਕਰ ਰਿਹਾ ਹਾਂ। ਭਾਵੇਂ ਕਿ ਕਿਸੇ ਵੀ ਵਿਆਕਤੀ ਦਾ ਕਿਸੇ ਦੂਸਰੇ ਵਿਆਕਤੀ ਨਾਲ ਪੂਰੀ ਤਰ੍ਹਾਂ ਸਹਿਮਤ ਹੋਣਾ ਮੁਸ਼ਕਲ ਹੁੰਦਾ ਹੈ ਪਰ ਫਿਰ ਵੀ ਤੁਹਾਡੇ ਵਿਚਾਰਾਂ ਨਾਲ ਮੈਂ ਕਾਫੀ ਹੱਦ ਤੱਕ ਸਹਿਮਤ ਹਾਂ। ਇਸ ਲੇਖ ਵਿਚਲੇ ਅਖੀਰਲੇ ਪੈਰੇ ਦੀਆਂ ਕੁੱਝ ਪੰਗਤੀਆਂ ਖਾਸ ਧਿਆਨ ਖਿੱਚਦੀਆਂ ਹਨ, ਜਿਹਨਾ ਵਿਚੋਂ ਇੱਕ ਇਹ ਹਨ, “ਧਰਮ ਯੁੱਧਾਂ ਦੇ ਨਾਮ ਤੇ ਵਥੇਰਾ ਮਾਨਵਤਾ ਦਾ ਖੂਨ ਡੋਲ੍ਹਿਆ ਹੈ”। ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ 1982 ਤੋਂ 1984 ਤੱਕ ਚੱਲੇ ਮੋਰਚੇ ਦਾ ਨਾਮ ਵੀ ਧਰਮ ਯੁੱਧ ਰੱਖਿਆ ਗਿਆ ਸੀ ਅਤੇ ਇਸ ਵਿੱਚ ਹੁਣ ਤੱਕ ਮਾਨਵਤਾ ਦਾ ਖੂਨ ਵੀ ਬਹੁਤ ਡੁੱਲ ਚੁੱਕਾ ਹੈ। ਕੀ ਇਸ ਡੁੱਲੇ ਹੋਏ ਖੂਨ ਵਿੱਚ ਸਾਰੀਆਂ ਧਿਰਾਂ ਦੋਸ਼ੀ ਨਹੀਂ ਹਨ? ਜਿਸ ਤਿੱਕੜੀ ਦਾ ਜ਼ਿਕਰ ਤੁਸੀਂ ਬਾਰ-ਬਾਰ ਕਰਦੇ ਹੋ ਉਹ ਤਾਂ ਦੋਸ਼ੀ ਹੈਨ ਹੀ, ਕੀ ਹੋਰ ਵੀ ਬਹੁਤ ਸਾਰੇ ਦੋਸ਼ੀ ਨਹੀਂ ਹਨ? ਜਿਹਨਾ ਵਿੱਚ ਤੁਸੀਂ ਅਸੀਂ ਅਤੇ ਉਹ ਸਾਰੇ ਹੀ ਆ ਜਾਂਦੇ ਹਨ ਜਿਹੜੇ ਕਿ ਦੋਹਾਂ ਪਾਸਿਆਂ ਤੋਂ ਫਿਰਕਾ-ਪ੍ਰਸਤੀ ਨੂੰ ਸ਼ਹਿ ਦੇ ਰਹੇ ਸਨ। ਆਪਣੇ ਪੱਖ ਨੂੰ ਸਹੀ ਦੱਸਣ ਲਈ ਬਹਾਨੇ ਅਤੇ ਦਲੀਲਾਂ ਘੜ ਲਈਆਂ ਜਾਂਦੀਆਂ ਹਨ। ਪਿਛਲੇ 30 ਸਾਲਾਂ ਤੋਂ ਇਹੀ ਕੁੱਝ ਹੁੰਦਾ ਆਇਆ ਹੈ। ਜੇ ਕਰ ਛੋਟੇ ਮੋਟੇ ਦੋਸ਼ੀਆਂ ਨੂੰ ਇੱਕ ਪਾਸੇ ਕਰ ਦਈਏ ਤਾਂ ਕੀ ਤੁਹਾਡੀ ਇਕੋ ਰੱਬ ਦੀ ਸੋਚਣੀ ਦੇ ਅਧਾਰ ਤੇ ਮੁੱਖ ਦੋਸ਼ੀ ਇੰਦਰਾ ਗਾਂਧੀ ਅਤੇ ਭਿੰਡਰਾਂਵਾਲਾ ਨਹੀਂ ਬਣਦੇ? ਜੇ ਕਰ ਨਹੀਂ ਤਾਂ ਕਿਉਂ ਨਹੀਂ? ਕੀ ਇਹ ਦੋਵੇ ਆਪਣੀ-ਆਪਣੀ ਥਾਂ ਤੇ ਦੋਵੇਂ ਵੱਡੇ ਸ਼ਹੀਦ ਹੋਏ ਹਨ ਜਾਂ ਮਾਨਵਤਾ ਦਾ ਖੂਨ ਵਹਾਉਣ ਵਾਲੇ ਵੀਹਵੀਂ ਸਦੀ ਦੇ ਦੋ ਵੱਡੇ ਦੁਸ਼ਟ? ਜਵਾਬ ਜ਼ਰਾ ਠਰੰਮੇ ਨਾਲ ਇਕੋ ਰੱਬ ਦੀ ਕਸਵੱਟੀ ਵਾਲਾ ਅਤੇ ਗੁਰਬਾਣੀ ਦੇ ਸੱਚ ਵਾਲੇ ਤਰਾਜੂ ਅਨੁਸਾਰ ਹੀ ਹੋਣਾ ਚਾਹੀਦਾ ਹੈ।)
.