.

ਪ੍ਰਥਮੇ ਮਨੁ ਪਰਬੋਧੈ ਅਪਨਾ

ਸੰਸਾਰ ਵਿੱਚ ਜਿਨੇ ਵੀ ਪੀਰ, ਪੈਗੰਬਰ, ਗੁਰੂ ਜਾਂ ਭਗਤ ਆਏ ਹਨ ਉਹਨਾਂ ਸਾਰਿਆਂ ਦਾ ਉਦਮ ਮਨੁੱਖਤਾ ਨੂੰ ਗਿਆਨ ਦੁਆਰਾ ਇਕੋ (ਪ੍ਰੇਮ ਦੀ) ਲੜੀ ਵਿੱਚ ਪਰੋਣਾ ਹੀ ਸੀ ਪਰ ਮੋਹ ਮਾਇਆ (ਵਿਕਾਰਾਂ) ਦੇ ਭਵਸਾਗਰ ਵਿੱਚ ਪੈਦਾ ਹੋਇਆ ਤੇ ਪਲਿਆ ਖੁਦਗਰਜ਼, ਲੋਭੀ, ਮੋਹੀ ਤੇ ਹੰਕਾਰੀ ਮਨੁੱਖ ਆਪਣੇ ਪੈਰੀਂ ਆਪ ਹੀ ਕੁਹਾੜਾ ਮਾਰ ਬੈਠਾ। ਜਾਤ ਪਾਤ, ਰੰਗ ਰੂਪ, ਰੇਖ ਭੇਖ, ਧੰਨ ਤੇ ਸ਼ੋਹਰਤ ਆਦਿਕ ਦੇ ਲੋਭ, ਮੋਹ ਤੇ ਹੰਕਾਰ ਵਿੱਚ ਇਸ ਨੇ ਮਨੁੱਖਤਾ ਨੂੰ ਖੰਡ ਖੰਡ ਕਰ ਦਿੱਤਾ। ਵਿਕਾਰਾਂ ਵੱਸ ਹੋਏ ਮਨੁੱਖ ਨੇ ਜਿਥੇ ਹਰ ਪਾਸੇ ਵਖਰੇਵਿਆਂ ਦੇ ਕੰਡੇ ਹੀ ਬੋਏ ਉਥੇ ਇਸ ਨੇ ਦਰਾੜ-ਪਰੂਫ (inseparable) ਧਰਮ ਨੂੰ ਵੀ ਨਹੀ ਬਖਸ਼ਿਆ। ਧਰਮ ਵਿੱਚ ਵਖਰੇਵਾਂ ਮੁਮਕਿਨ ਹੀ ਨਹੀ, ਕਿਉਂਕਿ ਧਰਮ ਤਾਂ ਨਿਜੀ ਮਾਮਲਾ ਹੈ, ਨਿਜੀ ਮਨ ਦੀ ਸਾਧਨਾ ਹੈ, ਸਵੈਮ ਜਾਂ ਆਪੇ ਦੀ ਪੜਚੋਲ ਤੇ ਸੁਧਾਰ ਹੈ ਇਸ ਲਈ ਨਾ ਤਾਂ ਇਹ ਸੰਪਰਦਾ ਹੋ ਸਕਦਾ ਹੈ ਤੇ ਨਾ ਇਸ ਵਿੱਚ ਕੋਈ ਵਖਰੇਵੇਂ ਦੀ ਸੰਭਾਵਨਾ ਹੋ ਸਕਦੀ ਹੈ, ਪਰ ਚਾਲਾਕ (ਸ਼ੈਤਾਨ) ਮਨੁੱਖ ਨੇ ਰਾਹ ਲੱਭ ਹੀ ਲਿਆ ਤੇ ਧਰਮ ਦੀ ਵਿਆਖਿਆ ਹੀ ਬਦਲ ਦਿੱਤੀ। ਧਰਮ ਨੂੰ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਦੁਆਰਾ ਇੱਕ ਸੰਪਰਦਾ ਦੇ ਰੂਪ ਵਿੱਚ ਧਰਮ (ਅਸਲ ਵਿੱਚ ਮਜ਼੍ਹਬ) ਥਾਪ ਦਿੱਤਾ। ਇਸੇ ਘੁਸਪੈਠ ਨੇ ਹੀ ਅਨੇਕਾਂ ਅਖੌਤੀ ਮਜ਼੍ਹਬੀ ਸੰਪ੍ਰਦਾਵਾਂ ਨੂੰ ਜਨਮ ਦੇ ਕੇ ਮਨੁੱਖਤਾ ਵਿੱਚ ਦਰਾੜਾਂ ਪਾ ਦਿੱਤੀਆਂ। ਧਰਮ, ਜੋ ਮਨੁੱਖੀ ਏਕਤਾ, ਪਿਆਰ, ਸੁਖੀ ਤੇ ਅਨੰਦਿਤ ਜੀਵਨ ਜੀਣ ਦਾ ਢੰਗ ਹੈ ਉਸ ਨੂੰ ਹੀ ਅੱਜ (ਅਧਰਮ ਦੀ ਸ਼ਕਲ ਵਿਚ) ਸੰਪਰਦਾਵਾਂ ਦਾ ਰੂਪ ਦੇ ਕੇ ਮਨੁੱਖਤਾ ਵਿੱਚ ਅਸ਼ਾਂਤੀ, ਵੈਰ, ਵਿਰੋਧਤਾ ਤੇ ਘਿਰਨਾ ਫੈਲਾ ਦਿੱਤੀ। ਸੰਸਾਰ ਦਾ ਇਤਿਹਾਸ ਗਵਾਹ ਹੈ ਕਿ ਬੀਤੀਆਂ ਤੇ ਮੌਜੂਦਾ ਮਨੁੱਖੀ ਜੰਗਾਂ ਯੁੱਧਾਂ ਤੇ ਛੋਟੇ ਵੱਡ੍ਹੇ ਘਲੂਘਾਰਿਆਂ ਦਾ ਕਾਰਨ ਹੀ ਮਨੁੱਖ ਦੇ ਵੱਖ ਵੱਖ ਥਾਪੇ ਅਖੌਤੀ ਧਰਮ ਹੀ ਹਨ। ਜਿਨ੍ਹਾਂ ਮਹਾਂਪੁਰਖਾਂ ਨੇ ਮਨੁੱਖੀ ਏਕਤਾ ਲਈ ਆਪਣੇ ਜੀਵਨ ਦੀ ਬਾਜ਼ੀ ਲਾ ਦਿੱਤੀ ਉਹਨਾਂ ਦੇ ਨਾਮ ਤੇ ਹੀ ਧਰਮ ਨੂੰ ਅਧਰਮ ਵਿੱਚ ਬਦਲ ਕੇ ਵਖਰੇਵਿਆਂ ਦੇ ਪੁਆੜੇ ਪਾਏ ਜਾ ਰਹੇ ਹਨ। ਧਰਮ ਨੂੰ ਅੱਜ ਇੱਕ ਕਿੱਤਾ (ਪੇਸ਼ਾ) ਹੀ ਬਣਾ ਲਿਆ ਗਿਆ ਹੈ, ਧਰਮ ਕਦੇ ਕਿੱਤਾ ਨਹੀ ਹੋ ਸਕਦਾ ਹੈ। ਇਹ ਧਰਮ ਦੀ ਵਿਆਖਿਆ ਬਦਲਨ ਦਾ ਹੀ ਨਤੀਜਾ ਹੈ। ਕਦੇ ਕਦੇ ਮਨ ਵਿੱਚ ਵੀਚਾਰ ਆਉਂਦੀ ਹੈ ਕਿ ਅਗਰ ਧਰਮ ਕਿੱਤਾ ਹੋ ਸਕਦਾ ਹੈ ਤਾਂ ਗੁਰੂ ਨਾਨਕ ਕੀਰਤਨ ਸੁਨਾਉਣ ਲਈ ਭੇਟਾ ਕੀ ਲੈਂਦੇ ਸਨ? ਗੁਰਬਾਣੀ ਪੜ੍ਹਨ ਤੇ ਉਸ ਦੀ ਕਥਾ ਕਰਨ ਲਈ ਕਿਨੀ ਕੁ ਮਾਇਆ ਲੈਂਦੇ ਸਨ? ਅਰਦਾਸ ਕਰਨ ਦੇ ਕੀ ਦਾਮ ਸਨ? ਕੀ ਗੁਰਬਾਣੀ (ਗਿਆਨ) ਇਕੱਤ੍ਰ ਕਰਨ ਦਾ ਮਨੋਰਥ ਮਾਇਆ ਦਾ ਵਾਪਾਰ ਸੀ ਜਾਂ ਮਨੁੱਖਤਾ ਨੂੰ ਗਿਆਨ ਦੁਆਰਾ ਸੁਚੇਤ ਕਰਕੇ, ਫੋਕੀਆਂ ਰੀਤਾਂ, ਰਸਮਾਂ ਦੁਆਰਾ ਪਾਏ ਗਏ ਵਹਿਮਾਂ, ਭਰਮ ਭੁਲੇਖਿਆਂ ਦੀ ਗੁਲਾਮੀ ਤੋਂ ਮੁਕਤ ਕਰਾ ਕੇ ਇੱਕ ਸੁਖੀ ਤੇ ਅਨੰਦਿਤ ਜੀਵਨ ਦੀ ਜਾਚ ਸਖਾਉਣਾ ਸੀ? ਪਰ ਧਰਮ ਦੇ ਨਾਂ ਤੇ ਇਹੀ ਅਧਰਮ ਤਾਂ ਅੱਜ ਖੁਲੇਆਮ ਹੋ ਰਿਹਾ ਹੈ, ਅਨੇਕਾਂ ਧਰਮੀ ਕਹਾਉਂਦੇ ਵਿਅਕਤੀਆਂ ਨੇ ਧਰਮ ਨੂੰ ਹੀ ਰੁਜ਼ਗਾਰ ਬਣਾਇਆ ਹੋਇਆ ਹੈ ਤੇ ਧਨ ਦੀ ਲਾਲਸਾ ਹੀ ਧਰਮ ਦਾ ਨਿਘਾਰ ਬਣ ਗਈ ਹੈ ਜਿਸ ਨੂੰ ਹੁਣ ਰੋਕਣਾ ਜੇ ਅਸੰਭਵ ਨਹੀ ਤਾਂ ਅਤਿ ਕਠਨ ਜ਼ਰੂਰ ਹੈ। ਪੀਰਾਂ, ਪੈਗੰਬਰਾਂ, ਗੁਰੂਆਂ ਤੇ ਭਗਤਾਂ ਦਾ, ਪੇਸ਼ਾ ਧਰਮ ਨਹੀ ਸੀ, ਕਿੱਤਾ ਨਹੀ ਸੀ, ਗਿਆਨ ਦੁਆਰਾ ਮਨ ਦੀ ਜਾਗਰਿਤ ਤੇ ਇੱਕ ਜੀਵਨ ਜਾਚ ਸੀ ਜਿਸ ਦਾ ਗਿਆਨ ਦੇਣ ਲਈ ਉਹਨਾਂ ਕਦੇ ਕਿਸੇ ਤੋਂ ਧੇਲਾ ਵੀ ਨਹੀ ਲਿਆ ਪਰ ਅੱਜ ਤਾਂ ਤਰਾਂ ਤਰਾਂ ਦੇ ਪਾਠਾਂ, ਕਥਾ, ਕੀਰਤਨ, ਅਰਦਾਸਾਂ ਦਾ ਰੇਟ (ਭੇਟਾ ਜਾਂ ਸੇਵਾ, ਰੇਟ ਦਾ ਇੱਕ ਬਦਲਵਾਂ ਨਾਮ ਹੀ ਹੈ) ਆਮ ਕਿਰਤੀ ਦੀ ਪਹੁੰਚ ਤੋਂ ਬਾਹਰ ਹੈ। ਇਹ ਸਭ ਧਰਮ ਦੀ ਨਵੀਂ ਬਣਾਈ ਵਿਆਖਿਆ ਦੀ ਹੀ ਦੇਣ ਹੈ। ਧਰਮ ਨੂੰ ਬਾਹਰਲੇ ਰੂਪ ਰੰਗ ਅਰ ਰੇਖ ਭੇਖ, ਰੀਤਾਂ ਰਸਮਾਂ, ਤੇ ਕਰਮ ਕਾਂਡਾਂ ਤੇ ਆਧਾਰਤ ਕਰਕੇ ਇੱਕ ਸੰਸਥਾ, ਜਾਂ ਮਜ਼੍ਹਬ ਦਾ ਰੂਪ ਦੇਣ ਦਾ ਹੀ ਨਤੀਜਾ ਹੈ। ਸੰਸਥਾ, ਸੰਪਰਦਾ ਜਾਂ ਧੜਿਆਂ ਬਾਰੇ ਸਤਿਗੁਰੂ ਦੇ ਬਚਨ ਤਾਂ ਕੁਛ ਹੋਰ ਕਹਿੰਦੇ ਹਨ:

ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ ॥ ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ ॥ ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ ॥ ਹਮਾਰਾ ਧੜਾ ਹਰਿ ਰਹਿਆ ਸਮਾਈ ॥੧॥ ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ॥ ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥੧॥ ਰਹਾਉ ॥ 366 ਪਰਮਾਤਮਾ ਕਿਉਂਕਿ ਸਭਨਾ ਜੀਆਂ ਦਾ ਇਕੋ ਹੀ ਹੈ (ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ 612) ਇਸ ਲਈ ਉਸ ਦੇ ਧੜੇ ਨਾਲ ਜੁੜਿਆਂ ਹੀ ਸਭਨਾਂ ਜੀਆਂ ਦੀ ਏਕਤਾ ਸੰਭਵ ਹੈ ਲੇਕਨ ਮੋਹ ਮਾਇਆ ਦੇ ਪ੍ਰਭਾਵ ਥਲੇ ਮਨੁੱਖ ਦੇ ਬਣਾਏ ਧੜੇ ਕੇਵਲ ਵਿਤਕਰੇ ਹੀ ਪੈਦਾ ਕਰਦੇ ਹਨ। ਇਹੀ ਕਾਰਨ ਹੈ ਕਿ ਗੁਰਬਾਣੀ ਹਰੀ ਦੇ ਧੜੇ ਬਿਨਾ ਹੋਰ ਮਨੁੱਖੀ ਧੜਿਆਂ ਨੂੰ ਕੋਈ ਮਹਾਨਤਾ ਨਹੀ ਦਿੰਦੀ ਕਿਉਂਕਿ:

ਏਹ ਸਭਿ ਧੜੇ ਮਾਇਆ ਮੋਹ ਪਸਾਰੀ ॥ ਮਾਇਆ ਕਉ ਲੂਝਹਿ ਗਾਵਾਰੀ ॥ ਜਨਮਿ ਮਰਹਿ ਜੂਐ ਬਾਜੀ ਹਾਰੀ ॥ ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ ॥ ਇਹਨਾਂ ਸੰਪਰਦਾਵਾਂ, ਸੰਸਥਾਵਾਂ ਤੇ ਹੋਰ ਅਖੌਤੀ ਧਰਮ ਧੜਿਆਂ ਨੂੰ ਗੁਰਬਾਣੀ ਮਾਇਆ ਦਾ ਖਿਲਾਰਾ ਜਾਂ ਮਾਇਆ ਦਾ ਪਾਸਾਰਾ ਹੀ ਆਖਦੀ ਹੈ, ਜਿਸ ਵਿੱਚ ਫਸਿਆ ਮਨੁੱਖ ਆਪਣੇ ਜਨਮ ਦੀ ਬਾਜ਼ੀ ਹਾਰ ਜਾਂਦਾ ਹੈ। ਗੁਰਬਾਣੀ ਦੀ ਇਸ ਕੜਵੀ ਸਚਾਈ ਤੋਂ ਮੁਨਕਰ ਨਹੀ ਹੋਇਆ ਜਾ ਸਕਦਾ। ਮੌਜੂਦਾ ਧਰਮ ਧੜੇ ਤੇ ਧਰਮ ਅਸਥਾਨ ਮਾਇਕੀ ਵਾਪਾਰ ਦੇ ਅੱਡੇ ਹੀ ਬਣ ਕੇ ਰਹਿ ਗਏ ਹਨ ਜਿਥੇ “ਮਾਇਆ ਕਉ ਲੂਝਹਿ ਗਾਵਾਰੀ” ਦਾ ਪ੍ਰਮਾਣ ਪ੍ਰਤੱਖ ਹੈ। ਜੋ ਮਨੁੱਖ ਪਰਮਾਤਮਾ ਦੇ ਧੜੇ ਵਿੱਚ ਸ਼ਾਮਲ ਜੋ ਜਾਂਦਾ ਹੈ ਭਾਵ ਉਸ ਦਾ ਸੰਗ ਕਰ ਲੈਂਦਾ ਹੈ, ਉਸ ਨਾਲ ਸਾਂਝ ਪਾ ਲੈਂਦਾ ਹੈ, ਉਹ ਫਿਰ ਮਨੁੱਖ ਦੇ ਬਣਾਏ ਅੱਡ ਅੱਡ ਧੜਿਆਂ ਨੂੰ ਮਹਾਨਤਾ ਨਹੀ ਦਿੰਦਾ ਕਿਉਂਕਿ ਸਮੁੱਚੀ ਮਨੁੱਖਤਾ ਹੀ ਪਰਮਾਤਮਾ ਦਾ ਧੜਾ ਹੈ ਜਿਸ ਵਿੱਚ ਵੰਡੀਆਂ ਪਾਉਣਾ ਗੁਰਮਤ ਵਿਰੁੱਧ ਹੈ।

ਜਿਸ ਨੋ ਕ੍ਰਿਪਾ ਕਰੇ ਤਿਸੁ ਸਤਸੰਗਿ ਮਿਲਾਏ ॥ ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ ॥ ਜਿਸ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋ ਜਾਵੇ, ਗੁਰੂ ਦੇ ਧੜੇ ਨਾਲ ਬਣ ਆਵੇ, ਉਸ ਦੀ ਮਨੁੱਖ ਦੇ ਬਣਾਏ ਧੜਿਆਂ ਨਾਲੋਂ ਟੁੱਟ ਜਾਂਦੀ ਹੈ। ਗੁਰੂ ਨੇ ਤਾਂ ਅਟੱਲ ਫੈਸਲਾ ਦਿੱਤਾ ਹੈ ਕਿ: ਮੰਨੈ ਮਾਰਗਿ ਠਾਕ ਨ ਪਾਇ ॥ ਮੰਨੈ ਪਤਿ ਸਿਉ ਪਰਗਟੁ ਜਾਇ ॥ ਮੰਨੈ ਮਗੁ ਨ ਚਲੈ ਪੰਥੁ ॥ ਮੰਨੈ ਧਰਮ ਸੇਤੀ ਸਨਬੰਧੁ ॥ (3) ਜਿਸ ਮਨੁੱਖ ਦਾ ਮਨ, ਨਾਮ (ਹੁਕਮ, ਗਿਆਨ, ਗੁਰਬਾਣੀ) ਵਿੱਚ ਪਤੀਜ ਜਾਏ ਉਸ ਦੇ ਧਰਮ ਪੰਧ ਵਿੱਚ ਕੋਈ ਰੋਕ ਨਹੀ ਪੈਂਦੀ ਤੇ ਉਹ ਸੋਭਾ ਖੱਟ ਜਾਂਦਾ ਹੈ। ਉਸ ਮਨੁੱਖ ਦਾ ਨਾਤਾ ਸਿੱਧਾ ਧਰਮ (ਸਵੈਮ ਆਪੇ ਦੀ ਪੜਚੋਲ ਤੇ ਸੁਧਾਰ) ਨਾਲ ਜੁੜ ਜਾਂਦਾ ਹੈ ਤੇ ਉਹ ਮਨੁੱਖ ਫੇਰ ਦੁਨੀਆਂ ਦੇ ਠੋਸੇ ਧਰਮ ਧੜਿਆਂ ਦੇ ਰਸਤੇ ਨਹੀ ਪੈਂਦਾ ਕਿਉਂਕਿ ਉਸ ਦਾ ਸਬੰਧ ਸਿੱਧਾ ਪਰਮਾਤਮਾ ਨਾਲ ਜੁੜ ਜਾਂਦਾ ਹੈ।

ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥ ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥ {ਪੰਨਾ 1382} ਹੇ ਫਰੀਦ, ਜੇ ਤੂੰ ਆਪਣੇ ਆਪ ਨੂੰ ਸਵਾਰ ਲਵੇਂ ਭਾਵ ਆਪਾ ਚੀਨ ਕੇ ਆਪੇ ਦਾ ਸੁਧਾਰ ਕਰ ਲਏਂ, ਤਾਂ ਤੂੰ ਮੈਨੂੰ ਮਿਲ ਪਏਂਗਾ ਤੇ ਮੇਰੇ ਨਾਲ ਜੁੜਿਆਂ ਹੀ ਤੈਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ। ਜੇ ਤੂੰ ਮੇਰਾ ਬਣ ਜਾਏਂ (ਭਾਵ ਮੇਰੇ ਧੜੇ ਵਿੱਚ ਸ਼ਾਮਲ ਹੋ ਜਾਏਂ) ਤਾਂ ਸਾਰਾ ਜਗਤ ਤੇਰਾ ਬਣ ਜਾਏਗਾ (ਭਾਵ, ਤੇਰੀ ਸਾਰਿਆਂ ਨਾਲ ਬਣ ਆਏਗੀ) ਤੇ ਊਚ ਨੀਚ, ਵੈਰ ਵਿਰੋਧਤਾ, ਘਿਰਨਾ ਦੇ ਵਖਰੇਵੇਂ ਦੂਰ ਹੋ ਜਾਵਣਗੇ। ਪਰ ਮਨੁੱਖੀ ਫਿਤਰਤ ਹੈ ਕਿ ਜਿਨੀ ਦੇਰ ਕਿਸੇ ਨੂੰ ਬੁਰਾ ਨਹੀ ਠਹਿਰਾ ਲੈਂਦਾ ਉਨੀ ਦੇਰ ਰੋਟੀ ਨਹੀ ਪਚਦੀ, ਨੀਂਦ ਨਹੀ ਪੈਂਦੀ। ਐਸੀ ਹਾਲਤ ਵਿੱਚ ਗੁਰੂ ਦਾ ਸੁਝਾਉ ਹੈ ਕਿ:

ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ ॥ ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ॥ {ਪੰਨਾ 991} ਆਪਣੇ ਆਪ ਨੂੰ ਮੰਦਾ ਜਾਨਣ ਵਿੱਚ ਤਕਲੀਫ ਤਾਂ ਜ਼ਰੂਰ ਬਹੁਤ ਹੋਵੇਗੀ ਪਰ ਹਾਜ਼ਮਾ ਠੀਕ ਹੋਣ ਨਾਲ ਨੀਂਦ ਆ ਜਾਵੇਗੀ। ਪਰਮਾਤਮਾ ਦੇ ਧੜੇ ਨਾਲ ਜੁੜਨ ਲਈ ਪਹਿਲਾਂ ਆਪਾ ਚੀਨਣਾ ਤੇ ਸੁਧਾਰਨਾ ਪਵੇਗਾ ਤੇ ਉਸ ਪਿਛੋਂ ਹੀ (1) ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥ 1299, (2) ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮ੍ਹ੍ਹਾਰੇ ॥੧॥ ਰਹਾਉ ॥ 383 ਦੀ ਅਵਸਥਾ ਪ੍ਰਾਪਤ ਹੋ ਸਕਦੀ ਹੈ। ਇਥੇ ਇੱਕ ਗਲ ਤਾਂ ਸਪਸ਼ਟ ਹੈ ਕਿ ਜੋ ਮਨੁੱਖ ਅਖੌਤੀ ਧਰਮ ਧੜਿਆਂ ਨੂੰ ਛੱਡ ਕੇ ਪਰਮਾਤਮਾ ਦੇ ਧੜੇ (ਧਰਮ) ਨਾਲ ਜੁੜ ਜਾਵੇਗਾ ਉਹ ਫਿਰ ਮਨੁੱਖਤਾ ਵਿੱਚ ਕਿਸੇ ਪੱਖੋਂ ਵੀ ਵੰਡੀਆਂ ਨਹੀ ਪਾ ਸਕਦਾ, ਦੂਜੇ ਪੱਖੋਂ ਇਹ ਕਿਹਾ ਜਾ ਸਕਦਾ ਹੈ ਕਿ ਜੋ ਮਨੁੱਖ ਮਨੁੱਖਤਾ ਵਿੱਚ ਵਿਤਕਰੇ ਪਾਉਂਦਾ ਹੈ ਉਹ ਧਰਮੀ ਨਹੀ ਹੋ ਸਕਦਾ। ਇਸ ਲਈ ਗੁਰ ਗਿਆਨ ਦੁਆਰਾ (ਸਵੈਮ) ਆਪੇ ਦਾ ਸੁਧਾਰ (ਧਰਮ) ਹੀ ਪਰਮਾਤਮਾ ਦੇ ਧੜੇ ਨਾਲ ਜੁੜਨਾ, ਮਨੁੱਖੀ ਏਕਤਾ, ਸੁਖੀ ਤੇ ਅਨੰਦਿਤ ਜੀਵਨ ਤੇ ਸੁਚੱਜੇ ਸਮਾਜ ਦੀ ਉਸਾਰੀ ਦਾ ਹਲ ਹੈ ਕਿਉਂਕਿ ਚੰਗੇ ਸਮਾਜ ਦੀ ਨੀਹ, ਚੰਗਾ ਮਨੁੱਖੀ ਆਚਾਰ ਹੀ ਹੈ। ਗੁਰ ਫੁਰਮਾਨ ਹੈ:

ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ ॥ ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ ॥ ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥ 62 ਤੇ ਇਹ “ਸਚੁ ਆਚਾਰੁ” ਕੇਵਲ ਗੁਰੂ ਤੋਂ ਹੀ ਪ੍ਰਾਪਤ ਹੋ ਸਕਦਾ ਹੈ। ਜਿਥੇ ਮਨੁੱਖ ਕੇਵਲ ਪਤਿਆਂ ਦੀ ਸੰਭਾਲ ਵਿੱਚ ਸਮਾ ਗਵਾ ਰਿਹਾ ਹੈ, ਸੰਪਰਦਾਵਾਂ, ਸੰਸਥਾਵਾਂ ਤੇ ਹੋਰ ਧਰਮ ਧੜਿਆਂ ਨੂੰ ਸੁਧਾਰਨ ਵਿੱਚ ਲੱਗਾ ਹੋਇਆ ਹੈ, ਉਥੇ ਗੁਰੂ ਜੜ੍ਹ ਨੂੰ ਸੰਭਾਲਣ ਦਾ ਉਪਦੇਸ਼ ਦੇ ਰਿਹਾ ਹੈ: ਆਪਣਾ ਮਨੁ ਪਰਬੋਧਹੁ ਬੂਝਹੁ ਸੋਈ ॥ ਲੋਕ ਸਮਝਾਵਹੁ ਸੁਣੇ ਨ ਕੋਈ ॥ ਗੁਰਮੁਖਿ ਸਮਝਹੁ ਸਦਾ ਸੁਖੁ ਹੋਈ ॥ {ਪੰਨਾ 230} ਸਦੀਵੀ ਸੁੱਖ ਲਈ ਪਹਿਲਾਂ ਗੁਰ ਗਿਆਨ, ਗੁਰੂ ਦੀ ਸਿਖਿਆ, ਦੁਆਰਾ ਆਪਣੇ (ਵਿਕਾਰਾਂ ਦੀ ਨੀਂਦ ਵਿੱਚ ਸੁੱਤੇ) ਮਨ ਨੂੰ ਜਗਾਉ, ਪਰਮਾਤਮਾ ਦੇ ਧੜੇ ਨਾਲ ਜੁੜੋ, ਪਰਮਾਤਮਾ ਨੂੰ ਉਹਦੇ ਗੁਣਾਂ ਦੁਆਰਾ ਸਮਝੋ, ਪਰ ਇਹ ਮਨੁੱਖੀ ਫਿਤਰਤ ਹੈ ਕਿ ਉਹ ਆਪ ਸਮਝੇ ਜਾਂ ਨਾ, ਪਹਿਲਾਂ ਦੂਸਰਿਆਂ ਨੂੰ ਸਮਝਾਵਣ ਤੁਰ ਪੈਂਦਾ ਹੈ, (ਕੂੜੁ ਬੋਲਿ ਮੁਰਦਾਰੁ ਖਾਇ ॥ ਅਵਰੀ ਨੋ ਸਮਝਾਵਣਿ ਜਾਇ ॥140) ਆਪ ਵਿਕਾਰਾਂ ਵੱਸ ਹੋਇਆ ਤਾਂ ਕੁਕਰਮ ਕਰੀ ਜਾਂਦਾ ਹੈ ਪਰ ਦੂਸਰਿਆਂ ਨੂੰ ਕੁਕਰਮਾਂ ਤੋਂ ਮੁਕਤੀ ਦਾ ਉਪਦੇਸ਼ ਕਰ ਰਿਹਾ ਹੈ, ਇਸ ਲਈ ਉਸ (ਕਰਣੀ ਦੇ ਥੋਥੇ) ਨੂੰ ਸੁਣਨ ਲਈ ਕੋਈ ਤਿਆਰ ਨਹੀ ਹੁੰਦਾ। ਗੁਰੂ ਤਾਂ ਬਹੁਤ ਸੁਚੇਤ ਕਰਦਾ ਹੈ:

ਆਪਣਾ ਆਪੁ ਨ ਪਛਾਣੈ ਮੂੜਾ ਅਵਰਾ ਆਖਿ ਦੁਖਾਏ ॥ 550 ਆਪਣੇ ਆਪ ਵਲ ਝਾਤੀ ਮਾਰੇ ਬਿਨਾ, ਆਪਣੇ ਮੰਝੇ ਥਲੇ ਸੋਟਾ ਫੇਰੇ ਬਿਨਾ, ਆਪਾ ਚੀਨੇ ਬਿਨਾ ਸਭ ਇੱਕ ਦੂਜੇ ਨੂੰ ਗੁਰ ਉਪਦੇਸ਼ ਦੇਈ ਜਾਂਦੇ ਹਨ ਪਰ ਉਸ ਨੂੰ ਕਮਾਉਂਦਾ ਕੋਈ ਵਿਰਲਾ ਹੀ ਹੈ ਤੇ ਫਿਰ ਸੋਚਦੇ ਹਨ ਕਿ ਸਮਾਜ ਦਾ ਸੁਧਾਰ ਕਿਉਂ ਨਹੀ ਹੁੰਦਾ। ਬਾਬਾ ਫਰੀਦ ਜੀ ਦਾ ਬਚਨ ਹੈ:

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥ {ਪੰਨਾ 1378} ਹੇ ਫਰੀਦ, ਜੇ ਤੂੰ ਬਰੀਕ ਅਕਲ ਵਾਲਾ (ਸਮਝਦਾਰ) ਹੈਂ, ਤਾਂ ਹੋਰ ਬੰਦਿਆਂ ਦੇ ਮੰਦੇ ਕਰਮਾਂ ਦੀ ਪੜਚੋਲ ਕਰਨਾ ਛੱਡ ਕੇ, ਆਪਣੀ ਬੁੱਕਲ ਵਿੱਚ ਮੂੰਹ ਪਾ ਕੇ ਵੇਖ (ਕਿ ਤੇਰੇ ਆਪਣੇ ਕਰਮ ਕੈਸੇ ਹਨ)। ਪਰ ਮਨੁੱਖ ਆਪਣੇ “ਗਿਰੀਵਾਨ” ਵਿੱਚ ਮੂੰਹ ਪਾਉਣ ਤੋਂ ਘਬਰਾਉਂਦਾ ਇਸ ਲਈ ਹੈ ਕਿ ਉਥੋਂ ਮੰਦ ਕਰਮਾਂ ਦੀ ਭੜਾਸ ਉਠ ਰਹੀ ਹੈ ਤੇ ਉਥੇ ਮੂੰਹ ਪੈਂਦਾ ਹੀ ਨਹੀ। ਮਨੁੱਖ ਬੀਜਦਾ ਵਿਕਾਰੀ ਕਰਮਾਂ ਤੇ ਵਿਤਕਰਿਆਂ ਦੇ ਬੀਜ ਹੈ ਤੇ ਆਸ ਕਰਦਾ ਹੈ ਧਰਮ ਫਲ ਦੀ, ਚੰਗੇ ਆਚਰਨ ਫਲ ਦੀ, ਚੰਗੇ ਸਮਾਜ ਫਲ ਦੀ ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥ ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ ॥ {ਪੰਨਾ 1379} ਗੁਰਬਾਣੀ ਉਪਦੇਸ਼ ਹੈ ਕਿ ਦੂਸਰਿਆਂ ਨੂੰ ਸਮਝਾਵਣ ਤੋਂ ਪਹਿਲਾਂ ਆਪਣੇ ਮਨ ਨੂੰ ਸਮਝਾਉਣਾ ਜ਼ਰੂਰੀ ਹੈ, ਪਰਮਾਤਮਾ ਦੇ ਗੁਣਾ ਨੂੰ ਪਹਿਲਾਂ ਆਪਣੇ ਹਿਰਦੇ ਵਿੱਚ ਪੱਕਾ ਕਰਕੇ ਫਿਰ ਹੋਰ ਕਿਸੇ ਨੂੰ ਸੁਨਾਉਣਾ ਹੈ:

ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ ॥ ਰਾਮ ਨਾਮ ਜਪੁ ਹਿਰਦੈ ਜਾਪੈ ਮੁਖ ਤੇ ਸਗਲ ਸੁਨਾਵੈ ॥੨॥ 381 ਗੁਰਬਾਣੀ ਦੁਆਰਾ ਆਪੇ ਦਾ ਸੁਧਾਰ ਹੀ, ਪਰਮਾਤਮਾ ਨਾਲ ਮੇਲ, ਮਨੁਖਤਾ ਵਿੱਚ ਏਕਤਾ, ਸਮਾਜ ਸੁਧਾਰ ਤੇ ਅਨੰਦ ਮਈ ਜੀਵਨ ਜਾਚ ਦਾ ਵਸੀਲਾ ਹੈ। ਮਨੁੱਖ ਦਾ ਦੁਖਾਂਤ ਇਹੀ ਹੈ ਕਿ ਅਗਿਆਨਤਾ ਕਾਰਨ ਸੰਸਾਰੀ ਪਦਾਰਥਾਂ, ਸੁੱਖਾਂ ਤੇ ਆਪਣੀ ਪ੍ਰਭਤਾ ਦੀ ਦੌੜ ਵਿੱਚ ਇਤਨਾ ਮਸ਼ਰੂਫ ਹੈ ਕਿ ਉਸ ਨੂੰ ਆਪਾ ਚੀਨਣ ਦਾ ਵਲ ਹੀ ਭੁੱਲ ਗਿਆ ਹੈ, ਬਾਹਰੋਂ ਸਭ ਕੁਛ ਕੀਤਾ ਕਰਾਇਆ ਹੀ ਖਰੀਦਣਾ ਚਹੁੰਦਾ ਹੈ ਤੇ ਵਿਕਾਰਾਂ ਵਸ ਹੋਇਆ ਉਹ ਆਪਣੇ ਜੀਵਨ ਵਿੱਚ ਜਲਦੀ ਤੋਂ ਜਲਦੀ, ਹਰ ਹੀਲੇ, ਸੰਸਾਰ ਦੇ ਸਾਰੇ ਪਦਾਰਥਾਂ ਤੇ ਸੁਖਾਂ ਨੂੰ ਭੋਗਣ ਦੀ ਦੌੜ ਵਿੱਚ ਅਸ਼ਾਂਤ ਤੇ ਦੁਖੀ ਹੋ ਰਿਹਾ ਹੈ ਤੇ ਸਮਝ ਨਹੀ ਪਾਉਂਦਾ ਕਿ ਸੁਖਾਂ, ਪਦਾਰਥਾਂ ਤੇ ਆਪਣੀ ਮਾਣ ਵਡਿਆਈ ਦੀ ਦੌੜ ਹੀ ਉਸ ਦੇ ਦੁੱਖਾਂ ਦਾ ਕਾਰਨ ਹੈ। ਇਹ ਖੁਦਗਰਜ਼ ਮਨੋਰਥ ਹੀ ਵਿਕਾਰਾਂ ਨੂੰ ਜਨਮ ਦਿੰਦਾ ਹੈ ਤੇ ਮਨੁੱਖੀ ਸਮਾਜ, ਸੰਪ੍ਰਦਾਵਾਂ ਜਾਂ ਸੰਸਥਾਵਾਂ ਦੀ ਗਿਰਾਵਟ ਦਾ ਕਾਰਨ ਬਣਦਾ ਹੈ। ਬਾਬੇ ਨਾਨਕ ਨੇ ਮਨੁੱਖੀ ਸਮਾਜ ਤੇ ਧਰਮ ਧੜਿਆਂ ਦੀ ਅਗਿਆਨਤਾ ਦੇ ਦੀਰਘ ਰੋਗ ਨੂੰ ਪਛਾਣ ਕੇ ਉਸ ਨੂੰ ਜੜੋਂ ਉਖੇੜਨ ਲਈ ਜੋ ਅਧਿਆਤਮਿਕ ਗਿਆਨ ਦੀ ਦਵਾ ਬਣਾਈ ਸੀ ਉਸੇ ਦਵਾ ਦੇ ਬਦਲਾਉ ਦਾ ਨਤੀਜਾ ਹੀ ਅੱਜ ਧਰਮ ਦੀ ਗਿਰਾਵਟ ਹੈ। ਅਧਰਮ ਨੂੰ ਧਰਮ ਬਣਾ ਕੇ ਦਵਾ ਹੀ ਬਦਲ ਦਿੱਤੀ ਜਿਸ ਦੇ ਕਾਰਨ ਅੱਜ ਮਨੁੱਖਤਾ ਵਿੱਚ ਅਨੇਕ ਤਰਾਂ ਦੀਆਂ ਸੰਸਥਾਵਾਂ, ਸੰਪ੍ਰਦਾਵਾਂ, ਜਥੇਬੰਦੀਆਂ ਤੇ ਧਰਮ ਧੜਿਆਂ ਦੇ ਰੂਪ ਵਿੱਚ ਵਖਰੇਵਿਆਂ ਦੇ ਫੋੜੇ ਉਠ ਖਲੋਤੇ ਹਨ। ਜਿਉਂ ਜਿਉਂ ਉਹ ਫੋੜੇ ਫਿਸਦੇ ਹਨ ਉਥੇ ਹੋਰ ਵਧੇਰੇ ਉਠ ਖਲੋਂਦੇ ਹਨ। ਬਾਬੇ ਨਾਨਕ ਦੀ ਦਵਾ ਬਿਨਾ ਇਹ (ਹਉਮੈ ਜਾਂ ਵਿਕਾਰੀ ਫੋੜਿਆਂ ਦਾ) ਦੀਰਘ ਰੋਗ ਦੂਰ ਨਹੀ ਹੋ ਸਕਦਾ। ਗੁਰਬਾਣੀ ਇਸ ਰੋਗ ਬਾਰੇ ਸੁਚੇਤ ਕਰਦੀ ਹੈ:

ਮੰਮੈ ਮਤਿ ਹਿਰਿ ਲਈ ਤੇਰੀ ਮੂੜੇ ਹਉਮੈ ਵਡਾ ਰੋਗੁ ਪਇਆ ॥ ਅੰਤਰ ਆਤਮੈ ਬ੍ਰਹਮੁ ਨ ਚੀਨ੍ਹ੍ਹਿਆ ਮਾਇਆ ਕਾ ਮੁਹਤਾਜੁ ਭਇਆ ॥ {ਪੰਨਾ 435} ਹੇ ਮੂਰਖ, (ਇਕ ਪਾਸੇ ਮਾਇਆ ਦੇ ਲਾਲਚ ਨੇ) ਤੇਰੀ ਅਕਲ ਮਾਰੀ ਹੋਈ ਹੈ, ਤੈਨੂੰ ਕੁਥਾਇ ਦਾਨ ਲੈਣ ਤੋਂ (ਪਰਾਇਆ ਹੱਕ ਮਾਰਨ ਤੋਂ) ਵੀ ਸੰਕੋਚ ਨਹੀ ਹੈ ਤੇ (ਦੂਜੇ ਪਾਸੇ) ਤੈਨੂੰ ਇਹ ਹਉਮੈ ਦਾ ਦੀਰਘ ਰੋਗ ਚੰਬੜਿਆ ਹੋਇਆ ਹੈ ਇਸ ਲਈ ਮਾਇਆ ਦੇ ਵਸ ਪਿਆ ਤੂੰ ਆਪੇ (ਅੰਦਰ ਬੈਠੇ ਪਰਮਾਤਮਾ) ਨਾਲ ਵੀ ਸਾਂਝ ਨਹੀ ਪਾ ਸਕਿਆ। ਹੁਣ ਗੁਰੂ ਇਸ ਰੋਗ ਦੀ ਦਵਾ ਵੀ ਦਸਦਾ ਹੈ ਪਰ ਮੁਸ਼ਕਿਲ ਇਹ ਹੈ ਕਿ ਦਵਾ ਬਹੁਤ ਕੌੜੀ ਹੈ ਤੇ ਆਮ ਇਹ ਗਲ ਪ੍ਰਸਿੱਧ ਹੈ ਕਿ ਜਿਨੀ ਕੌੜੀ ਦਵਾ ਹੋਵੇ ਉਨੀ ਜਲਦੀ ਹੀ ਆਰਾਮ ਆਉਂਦਾ ਹੈ। ਜਬ ਇਹੁ ਹੂਆ ਸਗਲ ਕੀ ਰੀਨਾ ॥ ਤਾ ਤੇ ਰਮਈਆ ਘਟਿ ਘਟਿ ਚੀਨਾ ॥ 235 ਬਸ ਇਹੀ “ਸਗਲ ਕੀ ਰੀਨਾ” ਹੀ ਕੁਸੈਲੀ ਤੇ ਕੜਵੀ ਦਵਾ ਹੈ, ਨੀਵਾਂ ਹੋਣਾ ਹੀ ਕੁੜੱਤਨ ਲਗਦੀ ਹੈ, ਜ਼ਹਿਰ ਹੈ ਜੋ ਕੋਈ ਵੀ ਚੱਖਣੀ ਨਹੀ ਚਹੁੰਦਾ। ਨਿਮਰਤਾ, ਸੰਤੋਖ ਤੇ ਮਿਠਤ ਨੂੰ ਧਾਰਨ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀ, ਹਰ ਕਿਸੇ ਦੇ ਵਸ ਦਾ ਰੋਗ ਨਹੀ, ਪਰ ਇਸ ਦਵਾ ਬਿਨਾ ਦੀਰਘ ਰੋਗ ਤੋਂ ਛੁਟਕਾਰਾ ਵੀ ਨਹੀ। ਹਾਏ, ਇਹ ਪਿਆਰਾ ਹੰਕਾਰ, ਮਾਣ, ਵਡਿਆਈ ਛੱਡ ਕੇ ਕਿਹੜਾ ਸਗਲ ਕੀ ਰੀਨ ਤੇ ਕਿਵੇਂ ਹੋਵੇ? ਬੜੀ ਕੌੜੀ ਦਵਾ ਹੈ ਜਿਸ ਦਾ ਪ੍ਰਯੋਗ ਕੋਈ ਵਿਰਲਾ ਹੀ ਕਰ ਸਕਦਾ ਹੈ, ਪਰ ਇਸ ਦੇ ਬਿਨਾ ਅਰੋਗਤਾ ਦਾ ਹੋਰ ਕੋਈ ਚਾਰਾ ਵੀ ਨਹੀ। ਇਹ ਦਵਾ ਲਏ ਬਿਨਾ ਨਾਂ ਤਾਂ ਊਚ ਨੀਚ (ਭਲੇ ਤੇ ਮੰਦੇ) ਦਾ ਭਰਮ ਮਿਟਣਾ ਹੈ, ਨਾ ਮਨੁੱਖੀ ਏਕਤਾ ਨਜ਼ਰ ਆਉਣੀ ਹੈ:

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ ਲੋਗਾ ਭਰਮਿ ਨ ਭੂਲਹੁ ਭਾਈ ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥ ਰਹਾਉ ॥ 1350 ਤੇ ਨਾਂ ਹੀ ਖਲਕਤ ਵਿੱਚ ਬੈਠੇ ਖਾਲਕ ਨੂੰ ਜਾਣਿਆ ਜਾਣਾ ਹੈ। ਖਲਕਤ ਵਿੱਚ ਬੈਠੇ ਖਾਲਕ ਨੂੰ ਜਾਨਣ ਲਈ ਪਹਿਲਾਂ ਆਪਣੇ ਅੰਦਰ ਬੈਠੇ ਖਾਲਕ ਨਾਲ ਸਾਂਝ ਪਾਉਣੀ ਪਵੇਗੀ ਤੇ ਜਿਸ ਨੇ ਆਪਣੇ ਅੰਦਰ ਉਸ ਨੂੰ ਜਾਣ ਲਿਆ, ਸਾਂਝ ਪਾ ਲਈ ਉਹੀ ਉਸ ਨੂੰ ਸ੍ਰਬ ਠਾਈ ਤੇ ਸਮੁਚਤਾ ਵਿੱਚ ਜਾਣ ਲਏਗਾ। ਜਿਸ ਨੂੰ ਮਲੇਰੀਏ ਦਾ ਰੋਗ ਹੋ ਜਾਵੇ ਉਸ ਨੂੰ ਕੜਵੀ ਕੁਨੀਨ (ਦੀ ਦਵਾ) ਦਿੱਤੀ ਜਾਂਦੀ ਹੈ ਇਸੇ ਤਰਾਂ ਜਿਸ ਨੂੰ ਹਉਮੈ ਕਾਰਨ ਵੰਡੀਆਂ ਪਾਉਣ ਦਾ (ਮਲੇਰੀਆ) ਰੋਗ ਹੋ ਜਾਵੇ ਉਸ ਨੂੰ ਸੁਜਾਣ ਵੈਦ (ਗੁਰੂ) ਕੜਵੀ ਕੁਨੀਨ ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥ ਦਾ ਟੀਕਾ ਹੀ ਲਾਵੇਗਾ। ਇਸ ਨਿਮਰਤਾ ਰੂਪੀ ਦਵਾ ਬਿਨਾ ਹਉਮੈ ਰੂਪੀ ਰੋਗ ਦੂਰ ਨਹੀ ਹੋ ਸਕਦਾ। ਗੁਰਬਾਣੀ ਦਾ ਕਥਨ ਹੈ ਕਿ:

ਜਮਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ ॥ ਗੁਰਮਤੀ ਕਾਲੁ ਨ ਆਵੈ ਨੇੜੈ ਜਾ ਹੋਵੈ ਦਾਸਨਿ ਦਾਸਾ ॥ 140 ਤ੍ਰਿਬਿਧਿ ਵਿਕਾਰਾਂ, ਹੳਮੈ (ਦੇ ਮੱਛਰ) ਤੋਂ ਪੈਦਾ ਹੋਇਆ ਜਮਕਾਲ (ਮਲੇਰੀਆ, ਆਤਮਕ ਮੌਤ ਦਾ ਦੁੱਖ)) ਦੂਰ ਨਹੀ ਹੁੰਦਾ (ਤੇ ਰੋਗੀ ਹੋਇਆ ਮਨੁੱਖ ਉਲਟੀਆਂ ਹੀ ਕਰੇਗਾ, ਵਿਤਕਰੇ ਹੀ ਪਾਏਗਾ) ਜਿਨੀ ਦੇਰ ਗੁਰਮਤ (ਪੂਰਨ ਵੈਦ) ਦੀ ਕੜਵੀ ਕੁਨੀਨ (ਹੋਵੇ ਦਾਸਨ ਦਾਸਾ ਭਾਵ, ਸੰਤੋਖ, ਮਿਠਾਸ ਤੇ ਨਿਮਰਤਾ ਤੋਂ ਤਿਆਰ ਹੋਈ ਦਵਾ) ਨਹੀ ਵਰਤੀ ਜਾਂਦੀ। ਅਗਿਆਨਤਾ ਤੇ ਵਿਕਾਰਾਂ ਕਾਰਨ ਮਨੁੱਖ ਦੀ ਕੱਟੜਤਾ (ਤੰਗ ਦਿਲੀ) ਹੀ ਵਖਰੇਵਿਆਂ ਤੇ ਧੜਿਆਂ ਦਾ ਕਾਰਨ ਹੈ ਜਿਸ ਲਈ ਗੁਰੂ ਪਹਿਲਾਂ (ਆਪਾ ਚੀਨ ਕੇ) ਵਿਕਾਰਾਂ ਤੋਂ ਮੁਕਤ ਹੋਣ ਲਈ ਪ੍ਰੇਰਦਾ ਹੈ ਤਾਂ ਕੇ ਖੁਦਗਰਜ਼ੀ ਮਿਟ ਜਾਏ ਤੇ ਉਸ ਦਾ ਦਿਲ ਦਰਿਆ ਵਾਂਗ ਖੁੱਲਾ ਹੋ ਜਾਵੇ ਤੇ ਉਸ ਦੀ (ਖਲਕਤ ਤੇ ਉਸ ਵਿੱਚ ਵਸਦੇ ਖਾਲਕ) ਨਾਲ ਬਣ ਆਵੇ। ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ ॥ ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ ॥ { 1384} ਹੇ ਬੰਦੇ, ਇਹ ਸਬਰ (ਸੰਤੋਖ) ਹੀ ਜ਼ਿੰਦਗੀ ਦਾ ਅਸਲ ਨਿਸ਼ਾਨਾ ਹੈ, ਜੇ ਤੂੰ ਇਸ ਨੂੰ ਹਿਰਦੇ ਵਿੱਚ ਪੱਕਾ ਕਰ ਲਵੇਂ ਤਾਂ ਤੇਰਾ ਦਿਲ ਵਧ ਕੇ ਦਰਿਆ ਵਰਗਾ ਖੁੱਲਾ ਹੋ ਜਾਵੇਗਾ, ਤੇ ਤੂੰ ਫਿਰ ਤੰਗਦਿਲ ਤੇ ਕੱਟੜ ਹੋ ਕੇ ਇੱਕ ਨਿੱਕੇ ਜਿਹੇ (ਧਰਮ ਧੜਿਆਂ ਦੇ) ਵਹਿਣ ਵਰਗਾ ਨਹੀ ਰਹਿ ਜਾਵੇਂਗਾ। ਭਾਵ ਇਹੀ ਕਿ ਤੇਰੀ ਸਭਨਾ ਨਾਲ ਬਣ ਆਵੇਗੀ ਤੇ ਤੰਗਦਿਲੀ ਕਾਰਨ ਵਿਤਕਰੇ ਪਾਉਣ ਤੋਂ ਛੁਟਕਾਰਾ ਹੋ ਜਾਵੇਗਾ। ਗੁਰਬਾਣੀ ਦੁਆਰਾ ਪਰਮਾਤਮਾ ਦੇ ਧੜੇ ਨਾਲ ਜੁੜਿਆਂ, ਉਸ ਨਾਲ ਸਾਂਝ ਪਾਇਆਂ, ਉਹਦੇ ਗੁਣਾਂ ਨੂੰ ਅਪਨਾਇਆਂ ਹੀ ਸਵੈਮ ਆਪੇ ਦਾ ਸੁਧਾਰ, ਮਨੁੱਖਤਾ ਵਿੱਚ ਏਕਤਾ ਅਤੇ ਸਮਾਜ ਦਾ ਸੁਧਾਰ ਸੰਭਵ ਹੈ। ਅਗਰ ਪਰਮਾਤਮਾ ਦਾ ਗੁਣ ਸਭਨਾ ਨੂੰ ਇਕੋ ਦ੍ਰਿਸ਼ਟੀ ਨਾਲ ਵੇਖਣਾ ਹੈ ਤਾਂ ਉਸ ਦੇ ਧੜੇ ਨਾਲ ਜੁੜਨ ਵਾਲਾ ਮਨੁੱਖਤਾ ਵਿੱਚ ਵਖਰੇਵੇਂ ਪੈਦਾ ਕਿਵੇਂ ਕਰ ਸਕਦਾ ਹੈ? ਸਤਿਗੁਰੁ ਪੁਰਖੁ ਦਇਆਲੁ ਹੈ ਜਿਸ ਨੋ ਸਮਤੁ ਸਭੁ ਕੋਇ ॥ ਏਕ ਦ੍ਰਿਸਟਿ ਕਰਿ ਦੇਖਦਾ ਮਨ ਭਾਵਨੀ ਤੇ ਸਿਧਿ ਹੋਇ ॥ 300. ਸਮੂਹ ਮਹਾਂਪੁਰਖਾਂ ਨੇ ਆਤਮਿਕ ਗਿਆਨ ਦੁਆਰਾ ਪਹਿਲਾਂ ਆਪਾ ਚੀਨ ਕੇ ਸੁਧਾਰਿਆ ਤੇ ਪਿਛੋਂ ਉਸ ਆਤਮਿਕ ਗਿਆਨ ਦਾ ਸੰਦੇਸ਼ ਸੰਸਾਰ ਨੂੰ ਵੰਡਿਆ ਪਰ ਮੌਜੂਦਾ ਧਰਮ ਪ੍ਰਚਾਰਕ ਆਪਾ ਸਵਾਰੇ ਬਿਨਾ ਹੀ ਆਤਮਿਕ ਗਿਆਨ ਦੇਣ ਦੀ ਨਿਸਫਲ ਕੋਸ਼ਿਸ਼ ਕਰਦੇ ਹਨ ਜਿਸ ਦਾ ਨਤੀਜਾ, ਧਰਮ ਦਾ ਨਿਘਾਰ ਇੱਕ ਪ੍ਰਤੱਖ ਪ੍ਰਮਾਣ ਹੈ।

ਦਰਸ਼ਨ ਸਿੰਘ

ਵੁਲਵਰਹੈਂਪਟਨ, ਯੂ. ਕੇ




.