.

ਗੁਰਬਾਣੀ ਪਿੰਗਲ ਭਾਗ-1

ਗੁਰਬਾਣੀ ਕਾਵਿ ਰੂਪ ਹੈ ਇਸ ਕਰਕੇ ਇਸ ਵਿਚ ‘ਕਾਵਿਕ ਨਿਯਮਾਂ’ ਦੀ ਬਹੁਤ ਭਰਮਾਰ ਹੈ। ਜਿਵੇਂ ਕਿਸੇ ਲਿਖਤ ਦੀ ਜਾਂ ਬੋਲੀ ਦੀ ਸ਼ੁਧਤਾਈ ਪਰਖਣ ਲਈ ਵਿਆਕਰਣਿਕ ਨਿਯਮਾਂ ਦਾ ਆਸਰਾ ਲਿਆ ਜਾਂਦਾ ਹੈ ਜਾਂ ਲੈਣਾ ਪੈਂਦਾ ਹੈ ਇਸ ਤਰ੍ਹਾਂ ਹੀ ਛੰਦ ਰਚਨਾ ਨੂੰ ਸ਼ੁਧ ਕਰਨ ਲਈ ਪਿੰਗਲ ਦੀ ਵਰਤੋਂ ਕੀਤੀ ਜਾਂਦੀ ਹੈ। ਗੁਰਬਾਣੀ ਪਿੰਗਲ ਕਾਵਿਕ ਨੇਮਾਂ ਬਾਰੇ ਬਹੁਤ ਘਟ ਵਿਦਵਾਨਾ ਵੱਲੋਂ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਸ ਕਰਕੇ ਗੁਰਸਿੱਖ ਵੀਰਾਂ ਦੇ ਹੁਕਮ ‘ਤੇ ਪਿੰਗਲ ਬਾਰੇ ਸੰਖੇਪ ਜਿਹੀ ਜਾਣਕਾਰੀ ਸਾਂਝੀ ਕਰਨ ਦਾ ਨਿਮਾਣਾ ਯਤਣ ਕੀਤਾ ਹੈ।

ਸੰਸਕ੍ਰਿਤ ਦਾ ਇਕ ਪ੍ਰਸਿੱਧ ਵਿਦਵਾਨ ‘ਪਿੰਗਲ ਮੁਨੀ’ ਹੋਇਆ ਹੈ। ਸੰਸਕ੍ਰਿਤ ਦੇ ਛੰਦਾਂ ਦੇ ਨਿਯਮ ਸਭ ਤੋਂ ਪਹਿਲਾ ਇਸ ਵਿਦਵਾਨ ਨੇ ਰਚੇ ਸਨ। ਜੋ ਨੇਮ ਉਸ ਨੇ ਰਚੇ ਸਨ ਉਹਨਾ ਦਾ ਨਾਮ ‘ਪਿੰਗਲ’ ਪ੍ਰਸਿਧ ਹੋ ਗਿਆ ਉਸ ਤੋਂ ਬਾਦ ਹਿੰਦੀ ਦੇ ਵਿਦਵਾਨ ਸਜੱਣਾ ਨੇ ਇਸ ਸ਼ਾਸ਼ਤਰ {ਕਾਵਿਕ ਨਿਯਮ} ਦਾ ਉਲਥਾ ਹਿੰਦੀ ਵਿਚ ਕੀਤਾ। ਉਸ ਉਲੱਥੇ ਦਾ ਨਾਂ ਭੀ ‘ਪਿੰਗਲ’ ਹੀ ਰਿਹਾ। ਸਮਾਂ ਬੀਤਣ ਤੋਂ ਬਾਦ ਪੰਜਾਬੀ ਵਿਦਵਾਨਾਂ ਨੇ ਇਸੇ ਹਿੰਦੀ ਦੇ ਪਿੰਗਲ ਅਨੁਸਾਰ ਪੰਜਾਬੀ ਛੰਦਾ-ਬੰਦੀ ਦੇ ਨੇਮ ਰਚੇ ਸਨ। ਪੰਜਾਬੀ ਵਿਚ ਭੀ ਇਸ ਦਾ ਨਾਂ ‘ਪਿੰਗਲ’ ਹੀ ਰਿਹਾ। ਛੰਦ-ਰਚਨਾ ਦੇ ਨੇਮਾਂ ਨੂੰ ‘ਪਿੰਗਲ’ ਆਖਿਆ ਜਾਂਦਾ ਹੈ।

ਛੰਦ-:

ਛੰਦ ਉਸ ਰਚਨਾ ਨੂੰ ਆਖਿਆ ਜਾਂਦਾ ਹੈ ਜਿਹੜੀ ਅੱਖਰ ਅਤੇ ਮਾਤਰਾ ਦੇ ਗੁਣ ਆਦਿਕ ਨੇਮਾਂ ਦੇ ਅਨੁਸਾਰ ਹੋਵੇ ਭਾਵ ਜਿਸ ਦੀਆਂ ਤੁਕਾਂ ਅੱਖਰਾਂ ਅਤੇ ਮਾਤਰਾਂ, ਗੁਣਾ ਦੀ ਗਿਣਤੀ ਖਾਲ ਤੋਲ ਦੇ ਅਨੁਸਾਰ ਰੱਖੀ ਗਈ ਹੋਵੇ।

ਵਰਣ-:

ਵਰਣ ਅੱਖਰਾਂ ਨੂੰ ਆਖਿਆ ਜਾਂਦਾ ਹੈ। ਪੰਜਾਬੀ ਅੱਖਰਾਂ ਨਾਲ ਦਸ ਲਗਾਂ ਲਾਈਆਂ ਜਾਂਦੀਆਂ ਹਨ ਜਿਹੜੀਆਂ ਅੱਖਰਾਂ ਨਾਲ ਜੁੜ ਕੇ ਆਪਣੀ ਆਵਾਜ਼ ਪ੍ਰਗਟ ਕਰਦੀਆਂ ਹਨ।

ਮਾਤਰਾ-:

ਜਿਸ ਅੱਖਰ ਦੇ ਉਚਾਰਣ ਵਿਚ ਜਿੰਨਾ ਸਮਾਂ ਲਗਦਾ ਹੈ, ਉਸ ਨੂੰ ਮਾਤਰਾ ਆਖੀਦਾ ਹੈ।

ਪਿੰਗਲ ਵਿਚ ‘ਮੁਕਤਾ, ਔਂਕੜ, ਸਿਹਾਰੀ’ ਨੂੰ ਲਘੂ ਅੱਖਰ ਆਖਿਆ ਜਾਂਦਾ ਹੈ ਕਿਉਂਕਿ ਉਚਾਰਣ ਵਿਚ ਜਿਆਦਾ ਸਮਾਂ ਨਹੀਂ ਲਗਦਾ। ‘ਲਾਂਮ, ਦੋਲਾਵਾਂ, ਹੋੜਾ, ਕਨੌੜਾ, ਟਿੱਪੀ’ ਅੱਧਕ ਨੂੰ ਦੀਰਘ ਅੱਖਰ ਆਖਿਆ ਜਾਂਦਾ ਹੈ। ਗੁਰਬਾਣੀ ਪਿੰਗਲ ਵਿਚ ‘ਮੁਕਤਾ, ਔਂਕੜ, ਪੈਰੀਂ ਅੱਖਰ, ਬਿੰਦੀ’ ਆਦਿ ਦੀ ਮਾਤਰਾ ਨਹੀਂ ਗਿਣੀ ਜਾਂਦੀ। ਬਾਕੀ ਮਾਤਰਾਂ ਗਿਣੀਆਂ ਜਾਂਦੀਆਂ ਹਨ। ਪਿੰਗਲ ਵਿਚ ਲਘੂ ਮਾਤਰਾ ਲਈ -:

“।“ ਉਪਰੋਕਤ ਚਿੰਨ੍ਹ ਨਿਸ਼ਾਨ ਲਾਇਆ ਜਾਂਦਾ ਹੈ ਅਤੇ ਦੀਰਘ ਮਾਤਰਾਂ ਭਾਵ ਦੋ ਮਾਤਰੀਆ ਸ਼ਬਦ ਲਈ “s” ਉਪਰੋਕਤ ਚਿੰਨ੍ਹ ਵਰਤਿਆ ਜਾਂਦਾ ਹੈ। ਮਾਤਰਾ ਦੀ ਗਿਣਤੀ ਇਸ ਪ੍ਰਕਾਰ ਕੀਤੀ ਜਾਂਦੀ ਹੈ-:

ਜਿਵੇਂ- : ਡਰ’ ਇਹ ਲਫਜ਼ ਵਿਚ ‘ਡ’ ਮੁਕਤਾ ਅੱਖਰ ਲਘੂ ਆਖਿਆ ਜਾਵੇਗਾ ਜਿਵੇਂ ਉਪਰ ਦਸਿਆ ਹੈ ਅਤੇ ‘ਰ’ ਨੂੰ ਭੀ ਲਘੂ। ਪਿੰਗਲ ਮੁਤਾਬਕ ਇਸ ਨੂੰ ਪ੍ਰਗਟ ਕਰਨ ਇਸ ਤਰ੍ਹਾਂ ਲਿਖਿਆ ਜਾਵੇਗਾ-:

ਡ-।

ਰ-। -।। ਦੋ ਮਾਤਰੀਆ ਸ਼ਬਦ।

ਇਸ ਤਰ੍ਹਾਂ ਹੀ ਲਫਜ਼ ‘ਸਾਗ’ ਨੂੰ ਪ੍ਰਗਟ ਕਰਨ ਲਈ ਇਸ ਤਰ੍ਹਾਂ ਲਿਖਿਆ ਜਾਵੇਗਾ-:

ਸਾ-s s ਦੀਰਘ{ਗੁਰੂ} ਮਾਤਰਾ

ਗ-। ਲਘੂ ਮਾਤਰਾ। ਤਿੰਨ ਮਾਤਰੀਆ ਸ਼ਬਦ।

ਚਰਨ-:

ਛੰਦ ਦੀ ਪੂਰੀ ਤੁਕ ਨੂੰ ‘ਚਰਨ’ ਆਖਿਆ ਜਾਂਦਾ ਹੈ। ਕਰੀਬਨ-ਕਰੀਬਨ ਬਹੁਤੇ ਛੰਦਾ ਵਿਚ ਚਾਰ ਤੁਕਾਂ {ਚਰਨ} ਹੁੰਦੇ ਹਨ ਪਰ ਕਈਆਂ ਵਿਚ ਵੱਧ-ਘਟ ਵੀ ਹੁੰਦੀਆਂ ਹਨ।

ਤੁਕਾਂਗ-:

ਬਿਸਰਾਮ ਚਿੰਨ੍ਹ ਲੱਗਣ ਨਾਲ ਤੁਕ ਦੇ ਜੋ ਦੋ ਹਿੱਸੇ ਹੁੰਦੇ ਹਨ, ਉਹਨਾਂ ਨੂੰ ਤੁਕਾਂਗ ਆਖਿਆ ਜਾਂਦਾ ਹੈ। ਤੁਕ+ਅੰਗ-ਤੁਕ ਦਾ ਅੰਗ।

ਤੁਕਾਂਤ-:

ਛੰਦ ਦੀ ਤੁਕ ਦੇ ਅਖੀਰ ‘ਤੇ ਅੰਤ ਵਿਚ ਜੋ ਸ਼ਬਦ ਹੁੰਦਾ ਹੈ ਉਸ ਨੂੰ ਤੁਕਾਂਤ ਆਖਦੇ ਹਨ।

ਗਣ-:

ਅੱਖਰ ਜਾਂ ਮਾਤਰਾ ਦੇ ਉਹ ਇਕੱਠ ਜਿਨ੍ਹਾਂ ਅਨੁਸਾਰ ਛੰਦ ਦੀ ਚਾਲ ਬਣਦੀ ਹੈ। ਗਣ ਆਖੇ ਜਾਂਦੇ ਹਨ।

ਛੰਦ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?

ਛੰਦ ਤਿੰਨ ਪ੍ਰਕਾਰ ਦੇ ਹੁੰਦੇ ਹਨ।

1 ਵਰਣਿਕ ਛੰਦ-:

ਜਿਨ੍ਹਾਂ ਛੰਦਾਂ ਦੀ ਬਣਤਰ ਖਾਸ ਗਿਣੇ ਮਿਥੇ ਅੱਖਰਾਂ ਦੇ ਹਿਸਾਬ ਨਾਲ ਹੁੰਦੀ ਹੈ ਉਨਾਂ ਨੂੰ ਵਰਣਿਕ ਛੰਦ ਆਖਿਆ ਜਾਂਦਾ ਹੈ। ਇਨ੍ਹਾਂ ਵਿਚ ਮਾਤਰਾਂ ਦੇ ਗਣਾ ਦਾ ਕੋਈ ਹਿਸਾਬ ਜਾਂ ਖਿਆਲ ਨਹੀਂ ਰੱਖਿਆ ਜਾਂਦਾ ਕੇਵਲ ਅੱਖਰਾਂ ਦੀ ਮਿਥੀ ਹੋਈ ਗਿਣਤੀ ਹੀ ਪੂਰੀ ਕੀਤੀ ਜਾਂਦੀ ਹੈ। ‘ਕਬਿਤ, ਸਵੱਯਾ, ਕੋਰੜਾ’ ਆਦਿ ਵਰਣਿਕ ਛੰਦ ਵਿਚ ਹੀ ਆਉਂਦੇ ਹਨ।

(ਉ)’ਕਬਿਤ’-:

ਕਬਿੱਤ ਇਕ ਵਰਣਿਕ ਛੰਦ ਹੀ ਹੈ ਜਿਸ ਦੀਆਂ ਚਾਰ ਤੁਕਾਂ ਹੁੰਦੀਆਂ ਹਨ ਅਤੇ ਹਰੇਕ ਤੁਕ ਵਿਚ 31 ਜਾਂ 32 ਅੱਖਰ ਹੁੰਦੇ ਹਨ। ਪਹਿਲੇ ਤਿੰਨ ਬਿਸਰਾਮ ਅੱਠ-ਅੱਠ ਅੱਖਰਾ ਉਤੇ ਅਤੇ ਅਖੀਰਲਾ ਬਿਸਰਾਮ ਸੱਤਾਂ ਜਾਂ ਅੱਠਾਂ ਅੱਖਰਾਂ ਉਤੇ ਅਰਥਾਤ ਤੁਕ ਦੇ ਅਖੀਰ ਉਤੇ ਹੁੰਦਾ ਹੈ।

ਜਿਵੇਂ -:

“ਝੋਲਨਾ”

{ਕਬਿੱਤ ਦਾ ਹੀ ਇਕ ਹਿੱਸਾ}

“ਗੁਰੂ ਗੁਰੁ, ਗੁਰੂ ਗੁਰੁ; ਗੁਰੂ ਜਪੁ ਪ੍ਰਾਨੀਅਹੁ” {1400}

ਸਬਦੁ ਹਰਿ ਹਰਿ ਜਪੈ, ਨਾਮੁ ਨਵ ਨਿਧਿ ਅਪੈ”

ਰਸਨਿ ਅਹਿਨਿਸਿ ਰਸੈ, ਸਤਿ ਕਰਿ ਜਾਨੀਅਹੁ”

ਫੁਨਿ ਪ੍ਰੇਮ ਰੰਗ ਪਾਈਐ, ਗੁਰਮੁਖਹਿ ਧਿਆਈਐ”

ਅੰਨ ਮਾਰਗ ਤਜਹੁ, ਭਜਹੁ ਹਰਿ ਗਾਨੀਅਹੁ “ {’ਗ’ ਪੈਰੀਂ ਅਧ ਸ੍ਵਰੀ ‘ਯ’ ਹੈ}

4 ਤੁਕਾ ਹਰੇਕ ਤੁਕ 8+8+8+7=31

ਉਪਰੋਕਤ ਛੰਦ ਦੇ ਚਾਰ ਚਰਣ ਹਨ ਜਿਸ ਦੇ ਪਦਿਆਂ ਵਿਚ 21, 41, 46, 41=41 ਮਾਤ੍ਰਾ ਹਨ।

“ਵਰਣਿਕ ਸਵੱਯਾ”

ਵਰਣਿਕ ਸਵੱਯਾ ਉਹ ਵਰਣਿਕ ਛੰਦ ਹੈ ਜਿਸ ਦੀਆਂ ਚਾਰ ਤੁਕਾਂ ਹੁੰਦੀਆਂ ਹਨ।ਪ੍ਰਤਿ ਚਰਨ ਮ੍ਰਾਤਾ 32 ਪਹਿਲਾ ਬਿਸਰਾਮ 16 ਉਤੇ ਦੂਜਾ 16 ਉਤੇ ਅੰਤ ਭਗਣ।

“ਬ੍ਰਹਮਾਦਿਕ ਸਿਵ ਛੰਦ ਮੁਨੀਸੁਰ, ਰਸਕਿ ਰਸਕਿ ਠਾਕੁਰ ਗੁਨ ਗਾਵਤ।

ਇੰਦ੍ਰ ਮੁਨਿੰਦ੍ਰ ਖੋਜਤੇ ਗੋਰਖ, ਧਰਣਿ ਗਗਨ ਆਵਤ ਫੁਨਿ ਧਾਵਤ। {1388}

(ੲ)”ਕੋਰੜਾ”

ਕੋਰੜਾ ਇਕ ਵਰਣਿਕ ਛੰਦ ਹੈ ਜਿਸ ਦੀਆਂ ਚਾਰ ਜਾਂ ਚਾਰ ਤੋਂ ਵੱਧ ਤੁਕਾਂ ਹੁੰਦੀਆਂ ਹਨ, ਹਰ ਤੁਕ ਵਿਚ 13 ਜਾਂ 14 ਅੱਖਰ ਹੁੰਦੇ ਹਨ ਜਿਸ ਵਿਚ ਪਹਿਲਾ ਬਿਸਰਾਮ ਸੱਤ ਅੱਖਰਾਂ ਉਤੇ ਦੂਜਾ ਅਗਲੇ ਸੱਤ ਅੱਖਰਾਂ ਉਤੇ ਭਾਵ ਤੁਕ ਦੇ ਅਖੀਰ ‘ਤੇ। ਗੁਰਬਾਣੀ ਵਿਚ ਇਸ ਦੀ ਕੋਈ ਉਦਾਹਰਣ ਨਹੀਂ ਮਿਲੀ।ਧਨੀ ਰਾਮ ਚਾਤ੍ਰਿਕ ਦੀਆਂ ਲਿਖੀਆਂ ਕਵਿਤਾਵਾਂ ਵਿਚ ਇਸ ਛੰਦ ਦੀ ਵਰਤੋਂ ਬਹੁਤਾਤ ਵਿਚ ਮਿਲਦੀ ਹੈ।-:

“ਛਿੰਞ ਦੀ ਤਿਆਰੀ ਹੋਈ ਢੋਲ ਵੱਜਦੇ।

ਕੱਸੇ ਨੇ ਲੰਗਟੇ ਆਏ ਸ਼ੇਰ ਗੱਜਦੇ।

ਲਿਸ਼ਕਦੇ ਪਿੰਡੇ, ਗੁੰਨੇ ਹੋਏ ਤੋਲ ਦੇ।

ਮਾਰਦੇ ਨੇ ਛਾਲਾਂ ਦੂਲੇ ਭੰਡ ਪੇਲਦੇ।

ਕਿਸੇ ਨੂੰ ਨਰੈਣਾ ਪਹਿਲੇ ਹਥੇ ਢਾ ਗਿਆ।

ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

ਚਲਦਾ......

ਸੁਝਾਵਾਂ ਦੀ ਉਡੀਕ ‘ਚ....

ਭੁੱਲ ਚੁਕ ਦੀ ਖਿਮਾਂ

ਹਰਜਿੰਦਰ ਸਿੰਘ ‘ਘੜਸਾਣਾ’

khalsasingh.hs@gmail.com
.