.

☬ ਗੂਜਰੀ ਕੀ ਵਾਰ ਮਹਲਾ ੩ ☬

(ਪੰ: 508-517)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-੫)

(ਲੜੀ ਜੋੜਣ ਲਈ, ਸਟੀਕ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਪਉੜੀ ਨੰ: ੧ ਦਾ ਮੂਲ ਪਾਠ, ਸਲੋਕਾਂ ਸਮੇਤ)

ਸਲੋਕੁ ਮਃ ੩॥ ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ॥ ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ॥ ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ॥ ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ॥ ੧ 

ਮਃ ੩॥ ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ॥ ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ॥ ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ॥ ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ॥ ੨ 

ਪਉੜੀ॥ ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ॥ ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ॥ ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ॥ ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ॥ ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰੁ ਨ ਕੋਈ॥ ੧ 

(ਪਉੜੀ ੧, ਸਟੀਕ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

(ਪਉੜੀ ਨੰ: ੧ ਦਾ ਪਹਿਲਾ ਭਾਗ ਕਿਸ਼ਤ ਨੰ ੪ `ਚ ਆ ਚੁੱਕਾ ਹੈ ਤੇ ਹੁਣ ਉਸ ਦਾ ਬਾਕੀ ਭਾਗ ਕਿਸ਼ਤ ਨੰ: ੫ `ਚ ਪੜ੍ਹੋ ਜੀ)

ਪਉੜੀ॥ ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ॥ ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ॥ ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ॥ ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ॥ ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰੁ ਨ ਕੋਈ॥ ੧॥ {ਪੰ: ੫੦੯}

ਪਦ ਅਰਥ : —ਆਪਣਾ ਆਪੁ— ਆਪਣੇ ਆਪ ਨੂੰ। ਉਪਾਇਓਨੁ—ਉਪਾਇਆ +ਉਨਿ, ਪ੍ਰਭੂ ਨੇ ਆਪਣੇ ਆਪ ਨੂੰ ਪੈਦਾ ਕੀਤਾ ਹੋਇਆ ਸੀ, ਪ੍ਰਭੂ ਉਦੋਂ ਵੀ ਮੌਜੂਦ ਸੀ, ਉਦੋਂ ਵੀ ਪ੍ਰਭੂ ਦੀ ਹੋਂਦ ਹੈ ਸੀ, ‘ਅਦਿ ਸਚੁ’, ਸੈਭੰ। ਮਤਾ ਮਸੂਰਤਿ—ਸਾਲਾਹ ਮਸ਼ਵਰਾ। ਤ੍ਰੈ ਲੋਈ—ਤ੍ਰੈ ਲੋਕ, ਤਿੰਨ ਲੋਕ, ਸਾਰੀ ਰਚਨਾ। ਓਪਤਿ—ਉਤਪੱਤੀ, ਸ੍ਰਿਸ਼ਟੀ।

ਅਰਥ : —” ਆਪਣਾ ਆਪੁ ਉਪਾਇਓਨੁ, ਤਦਹੁ ਹੋਰੁ ਨ ਕੋਈ” -ਜਦੋਂ ਪ੍ਰਭੂ ਨੇ ਆਪਣੇ ਆਪ ਨੂੰ ਪੈਦਾ ਕੀਤਾ ਹੋਇਆ ਸੀ, ਜਦੋਂ ਪ੍ਰਭੂ ਆਪਣੇ ਆਪ ਤੋਂ ਹੀ ਸੀ, ਤਦੋਂ ਦੂਜਾ ਹੋਰ ਕੋਈ ਵੀ ਨਹੀਂ ਸੀ।

ਮਤਾ ਮਸੂਰਤਿ ਆਪਿ ਕਰੇ, ਜੋ ਕਰੇ ਸੁ ਹੋਈ” - ਉਦੋਂ ਸਲਾਹ ਮਸ਼ਵਰਾ ਵੀ ਪ੍ਰਭੂ ਅਪਣੇ ਆਪ ਨਾਲ, ਆਪ ਹੀ ਕਰਦਾ ਸੀ, ਇਸ ਲਈ ਪ੍ਰਭੂ ਜੋ ਕਰਦਾ ਸੀ ਉਹੀ ਹੁੰਦਾ ਸੀ।

ਤਦਹੁ ਆਕਾਸੁ ਨ ਪਾਤਾਲੁ ਹੈ, ਨਾ ਤ੍ਰੈ ਲੋਈ” -ਉਦੋਂ ਨਾ ਆਕਾਸ਼ ਸੀ, ਨਾ ਪਾਤਾਲ ਤੇ ਨਾ ਤਿੰਨ ਲੋਕ ਭਾਵ ਇਹ ਸਮੂਚੀ ਰਚਨਾ ਸੀ।

ਤਦਹੁ ਆਪੇ ਆਪਿ ਨਿਰੰਕਾਰੁ ਹੈ, ਨਾ ਓਪਤਿ ਹੋਈ” -ਇਸ ਤਰ੍ਹਾਂ ਜਦੋਂ ਅਜੇ ਕੁੱਝ ਉਤਪੱਤੀ ਵੀ ਨਹੀਂ ਸੀ ਭਾਵ ਜਦੋਂ ਅਕਾਲਪੁਰਖ ਨੇ ਆਪਣੇ ਆਪ ਨੂੰ ਅਜੇ ਸਰਗੁਣ ਸਰੂਪ `ਚ ਪ੍ਰਗਟ ਵੀ ਨਹੀਂ ਸੀ ਕੀਤਾ, ਆਕਾਰ-ਰਹਿਤ ਨਿਰਾਕਾਰ ਪ੍ਰਭੂ ਉਦੋਂ ਵੀ ਆਪਣੇ ਨਿਰਗੁਣ ਸਰੂਪ `ਚ ਕਾਇਮ ਸੀ।

ਜਿਉ ਤਿਸੁ ਭਾਵੈ ਤਿਵੈ ਕਰੇ, ਤਿਸੁ ਬਿਨੁ ਅਵਰੁ ਨ ਕੋਈ” -ਜੋ ਪ੍ਰਭੂ ਨੂੰ ਭਾਉਂਦਾ ਹੈ ਪ੍ਰਭੂ ਉਹੀ ਕਰਦਾ ਹੈ ਅਤੇ ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਵੀ (ਉਸਦਾ ਸਾਨੀ) ਨਹੀਂ। ੧।

ਗੁਰਮੱਤ ਵਿਚਾਰ ਦਰਸ਼ਨ- ਵਿਸ਼ੇਸ਼ ਧਿਆਣ ਦੇਣਾ ਹੈ ਕਿ ਪਉੜੀ `ਚ ਅਕਾਲਪੁਰਖ ਦੇ ਜਿਨ੍ਹਾਂ ਮੂਲ ਗੁਣਾਂ ਦਾ ਵਰਨਣ ਕੀਤਾ ਹੋਇਆ ਹੈ, ਪ੍ਰਭੂ `ਚ ਉਹ ਗੁਣ ਉਸ ਸਮੇਂ ਵੀ ਹੈ ਸਨ ਤਦਹੁ ਆਪੇ ਆਪਿ ਨਿਰੰਕਾਰੁ ਹੈ, ਨਾ ਓਪਤਿ ਹੋਈ” ਜਦੋਂ ਪ੍ਰਭੂ ਆਪਣੇ ਨਿਰਗੁਣ ਤੇ ਨਿਰਾਕਾਰ ਸਰੂਪ `ਚ ਹੀ ਸੀ। ਜਦੋਂ ਤਦਹੁ ਆਕਾਸੁ ਨ ਪਾਤਾਲੁ ਹੈ, ਨਾ ਤ੍ਰੈ ਲੋਈ” ਜਦੋਂ ਪ੍ਰਭੂ ਨੇ ਆਪਣੇ ਸਰਗੁਣ ਸਰੂਪ ਅਥਵਾ ਆਪਣੀ ਰਚਨਾ ਨੂੰ ਅਜੇ ਪ੍ਰਗਟ ਵੀ ਨਹੀਂ ਸੀ ਕੀਤਾ।

ਇਸ ਤਰ੍ਹਾਂ ਪ੍ਰਭੂ `ਚ ਇਹ ਮੂਲ ਗੁਣ ਜਿਵੇਂ ਮਤਾ ਮਸੂਰਤਿ ਆਪਿ ਕਰੇ, ਜੋ ਕਰੇ ਸੁ ਹੋਈ”, “ਜਿਉ ਤਿਸੁ ਭਾਵੈ ਤਿਵੈ ਕਰੇ, ਤਿਸੁ ਬਿਨੁ ਅਵਰੁ ਨ ਕੋਈ” ਉਸ ਸਮੇਂ ਵੀ ਸਨ ਜਦੋਂ ਪ੍ਰਭੂ ਦਾ ਸਰਗੁਣ ਸਰੂਪ ਭਾਵ ਜਦੋਂ ਪ੍ਰਭੂ ਨੇ ਇਸ ਰਚਨਾ ਨੂੰ ਵੀ ਨਹੀਂ ਸੀ ਘੜਿਆ ਹੋਇਆ। ਸਪਸ਼ਟ ਹੈ ਗੁਰਦੇਵ ਨੇ ਪਉੜੀ ਦੀ ਪਹਿਲੀ ਪੰਕਤੀ ਆਪਣਾ ਆਪੁ ਉਪਾਇਓਨੁ, ਤਦਹੁ ਹੋਰੁ ਨ ਕੋਈ” `ਚ ਹੀ ਪ੍ਰਭੂ ਦੇ ਸੈਭੰ ਤੇ ਅਜੂਨੀ ਗੁਣਾਂ ਨੂੰ ਵੀ ਸਪਸ਼ਟ ਕੀਤਾ ਹੈ, ਤਾਂ ਫ਼ਿਰ ਸਦੀਵੀ ਸੱਚ ਕੀ ਹੈ?

ਗੁਰਦੇਵ ਨੇ ਪਉੜੀ ਦੀ ਪਹਿਲੀ ਪੰਕਤੀ `ਚ ਹੀ ਸਾਫ਼ ਕਰ ਦਿੱਤਾ ਕਿ ਇਹ ਸਭ ਤਾਂ ਹੋਇਆ ਕਿਉਂਕਿ ਆਪਣਾ ਆਪੁ ਉਪਾਇਓਨੁ, ਤਦਹੁ ਹੋਰੁ ਨ ਕੋਈ” ਭਾਵ ਪ੍ਰਭੂ ਆਪਣੇ ਆਪ ਤੋਂ ਹੈ। ਗੁਰਬਾਣੀ `ਚ ਪ੍ਰਭੂ ਨੂੰ ਇਸੇ ਲਈ “ਸੈਭੰ ਤੇ ਅਜੂਨੀ” ਵੀ ਕਿਹਾ ਹੈ। ਦੂਜਾ ਇਹ ਕਿ ਪ੍ਰਭੂ ਉਦੋਂ ਵੀ ਸੀ ਜਦੋਂ ਰਚਨਾ ਨਹੀ ਸੀ ਜਦਕਿ ਉਦੋਂ ਪ੍ਰਭੂ ਆਪਣੇ ਨਿਰਗੁਣ ਸਰੂਪ `ਚ ਸੀ। ਪ੍ਰਭੂ ਦੇ ਇਸੇ ਗੁਣ ਨੂੰ ਗੁਰਬਾਣੀ `ਚ “ਆਦਿ ਸਚੁ”, “ਆਦਿ ਗੁਰਏ ਨਮਹ” ਆਦਿ ਕਹਿ ਕੇ ਵੀ ਬਿਆਣਿਆ ਹੈ। ਹੋਰ:-

“ਅਰਬਦ ਨਰਬਦ ਧੁੰਧੂਕਾਰਾ॥ ਧਰਣਿ ਨ ਗਗਨਾ ਹੁਕਮੁ ਅਪਾਰਾ॥ ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ॥  ॥ ਖਾਣੀ ਨ ਬਾਣੀ ਪਉਣ ਨ ਪਾਣੀ॥ ਓਪਤਿ ਖਪਤਿ ਨ ਆਵਣ ਜਾਣੀ॥ ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ…. .” (ਪੰ: ੧੦੬੭) ਭਾਵ ਜਦੋਂ ਪ੍ਰਭੂ ਦਾ ਸਰਗੁਣ ਸਰੂਪ, ਭਾਵ ਜਦੋਂ ਪ੍ਰਭੂ ਨੇ ਅਜੇ ਸੰਸਾਰ ਦੀ ਰਚਨਾ ਵੀ ਨਹੀਂ ਕੀਤੀ ਹੋਈ, ਪ੍ਰਭੂ ਦਾ ਵਜੂਦ ਤਾਂ ਵੀ “ਸੁੰਨ ਸਮਾਧਿ ਲਗਾਇਦਾ” ਸੀ। ਉਂਝ ਇਹ ਪੂਰਾ ਸ਼ਬਦ “ਅਰਬਦ ਨਰਬਦ ਧੁੰਧੂਕਾਰਾ” ਕਾਫ਼ੀ ਲੰਮਾਂ ਸ਼ਬਦ ਤੇ ਇਸ ਦੇ ੧੬ ਬੰਦ ਹਨ। ਅਸਾਂ ਇਸ ਸ਼ਬਦ ਨੂੰ ਵੇਰਵੇ ਸਹਿਤ ਗੁ: ਪਾਠ ਨੰ: ੧੬੭ `ਚ ਦਿੱਤਾ ਹੋਇਆ ਹੈ; ਸੰਗਤਾਂ ਉਥੋਂ ਵੀ ਇਸ ਦਾ ਲਾਭ ਪ੍ਰਾਪਤ ਕਰ ਸਕਦੀਆਂ ਹਨ।

ਫ਼ਿਰ ਇਤਨਾ ਹੀ ਨਹੀਂ ਅਕਾਲਪੁਰਖ ਦੇ ਸਦੀਵੀ ਗੁਣ, ਜਿਵੇਂ ਮਤਾ ਮਸੂਰਤਿ ਆਪਿ ਕਰੇ, ਜੋ ਕਰੇ ਸੁ ਹੋਈ”, ਜਿਉ ਤਿਸੁ ਭਾਵੈ ਤਿਵੈ ਕਰੇ, ਤਿਸੁ ਬਿਨੁ ਅਵਰੁ ਨ ਕੋਈ” ਜਿਹੜੇ ਪਉੜੀ `ਚ ਪ੍ਰਭੂ ਦੀ ਨਿਰਗੁਣ ਅਵਸਥਾ ਨਾਲ ਸੰਬੰਧਤ ਕੀਤੇ ਹੋਏ ਹਨ। ਗੁਰਬਾਣੀ ਮਨੁੱਖ ਮਾਤ੍ਰ ਨੂੰ ਸੱਚ ਧਰਮ ਦੀ ਪਛਾਣ ਕਰਵਾਉਂਣ, ਉਸ ਨੂੰ ਅਕਾਲਪੁਰਖ ਅਤੇ ਸ਼ਬਦ-ਗੁਰੂ ਦੇ ਲੜ ਲਗਾ ਕੇ ਉਸ ਦੇ ਦੁਰਲਭ ਮਨੁੱਖਾ ਜਨਮ ਨੂੰ ਸਫ਼ਲ ਕਰਣ ਲਈ, ਬੇਅੰਤ ਵਾਰ ਪ੍ਰਭੂ ਦੀ ਸਰਗੁਣ ਅਵਸਥਾ ਨਾਲ ਜੋੜ ਕੇ ਵੀ ਪ੍ਰਗਟ ਕੀਤੇ ਤੇ ਦ੍ਰਿੜ ਕਰਵਾਏ ਹੋਏ ਹਨ। ਤਾਂ ਤੇ ਹੱਥਲੀ ਪਉੜੀ ਤੇ ਆਧਾਰਤ ਆਦਿ ਸਚੁ” ਤੋਂ ਇਲਾਵਾ ਪ੍ਰਭੂ ਸੰਬੰਧੀ ਗੁਰਬਾਣੀ ਵਿਚਲੇ ਨੰਬਰਵਾਰ ਇਹ ਤਿੰਨ ਪੱਖ ਵੀ ਖਾਸ ਧਿਆਨ ਮੰਗਦੇ ਹਨ ਤਾਂ ਤੇ:-

(1) ਪ੍ਰਭੂ’ ਸਭ ਕੁੱਝ ਕਰਣ ਕਰਵਣ ਆਪ ਹੀ ਆਪ ਹੈ।

(2) ਪ੍ਰਭੂ ਸਰਗੁਣ ਵੀ ਆਪ ਹੈ ਤੇ ਨਿਰਗੁਣ ਵੀ। ਗੁਰਬਾਣੀ ਅਨੁਸਾਰ ਨਿਰਗੁਣ ਤੇ ਸਰਗੁਣ ਦੋ ਭਿੰਨ ਭਿੰਨ ਹਸਤੀਆਂ ਨਹੀਂ ਹਨ, ਪ੍ਰਭੂ ਦੇ ਹੀ ਦੋ ਪ੍ਰਗਟਾਵੇ ਹਨ।

(3) ਤਾਂ ਤੇ ਗੁਰਬਾਣੀ ਅਨੁਸਾਰ ਪ੍ਰਭੂ ਦਾ ਸਰਗੁਣ ਪ੍ਰਗਟਾਵਾ ਕੀ ਹੈ?

ਉਪ੍ਰੰਤ ਵਾਰੀ ਵਾਰੀ ਇਹ ਤਿੰਨੇ ਪੱਖ ਗੁਰਬਾਣੀ ਵਿੱਚੋਂ ਕੇਵਲ ਮਿਸਾਲ ਵਜੋਂ:-

(੧) “ਆਪਿ ਨਿਰੰਕਾਰ ਆਕਾਰੁ ਹੈ ਆਪੇ, ਆਪੇ ਕਰੈ ਸੁ ਥੀਆ” (ਪੰ: ੫੫੧) ਅਤੇ ਇਹੀ ਵਿਸ਼ਾ ਇਸ ਪਉੜੀ `ਚ ਵੀ “ਤਦਹੁ ਆਪੇ ਆਪਿ ਨਿਰੰਕਾਰੁ ਹੈ, ਨਾ ਓਪਤਿ ਹੋਈ” ਇਸ ਤਰ੍ਹਾਂ ਹੋਰ:-

(ਅ) “ਤੁਧੁ ਆਪੇ ਆਪੁ ਰਖਿਆ ਸਤਿਗੁਰ ਵਿਚਿ, ਗੁਰੁ ਆਪੇ ਤੁਧੁ ਸਵਾਰਿਆ॥ ਤੂ ਆਪੇ ਪੂਜਹਿ, ਪੂਜ ਕਰਾਵਹਿ ਸਤਿਗੁਰ ਕਉ ਸਿਰਜਣਹਾਰਿਆ” (ਪੰ: ੩੧੧)

(ੲ) ਆਪੇ ਗੁਰੁ ਚੇਲਾ ਹੈ ਆਪੇ, ਆਪੇ ਦਸੇ ਘਾਟੁ” (ਪੰ: ੫੧੭)

(ਸ) “ਜੋ ਕਿਛੁ ਕਰੇ ਸੁ ਆਪੇ ਆਪੈ” (ਪੰ: ੧੦੭)

(ਹ) “ਸਭ ਤੇਰੀ ਕੁਦਰਤਿ, ਤੂੰ ਕਾਦਿਰੁ ਕਰਤਾ, ਪਾਕੀ ਨਾਈ ਪਾਕੁ॥ ਨਾਨਕ ਹੁਕਮੈ ਅੰਦਰਿ ਵੇਖੈ, ਵਰਤੈ ਤਾਕੋ ਤਾਕੁ” (ਪੰ: ੪੬੪)

(ਕ) “ਗੁਰਮੁਖਿ ਕ੍ਰਿਪਾ ਕਰੇ ਭਗਤਿ ਕੀਜੈ, ਬਿਨੁ ਗੁਰ ਭਗਤਿ ਨ ਹੋਈ॥ ਆਪੈ ਆਪੁ ਮਿਲਾਏ ਬੂਝੈ, ਤਾ ਨਿਰਮਲੁ ਹੋਵੈ ਸੋਈ” (ਪੰ: ੩੨)

(ਖ) “ਤੁਧੁ ਆਪੇ ਆਪੁ ਉਪਾਇਆ॥ ਦੂਜਾ ਖੇਲੁ ਕਰਿ ਦਿਖਲਾਇਆ॥ ਸਭੁ ਸਚੋ ਸਚੁ ਵਰਤਦਾ, ਜਿਸੁ ਭਾਵੈ ਤਿਸੈ ਬੁਝਾਇ ਜੀਉ” (ਪੰ: ੭੩)

(ਗ) “ਹਰਿ ਆਪੇ ਆਪੁ ਉਪਾਇਦਾ, ਹਰਿ ਆਪੇ ਦੇਵੈ ਲੇਇ॥ ਹਰਿ ਆਪੇ ਭਰਮਿ ਭੁਲਾਇਦਾ, ਹਰਿ ਆਪੇ ਹੀ ਮਤਿ ਦੇਇ” (ਪੰ: ੮੨)

(ਘ) “ਹਰਿ ਆਪੇ ਹਰਿ ਆਪੇ ਪੁਰਖੁ ਨਿਰੰਜਨੁ ਸੋਈ ਰਾਮ॥ ਹਰਿ ਆਪੇ ਹਰਿ ਆਪੇ ਮੇਲੈ ਕਰੈ ਸੋ ਹੋਈ ਰਾਮ” (ਪੰ: ੫੭੩) ਅਤੇ ਅਕਾਲਪੁਰਖ ਤੋਂ ਬਿਨਾ ਕਰਤਾ ਪੁਰਖੁ ਨਾ ਕੋਈ ਦੂਜਾ ਹੈ ਤੇ ਨਾ ਹੋ ਵੀ ਸਕਦਾ ਹੈ ਜਿਵੇਂ:-

(ਙ) “ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ॥ ਤੁਧੁ ਬਿਨੁ ਦੂਜਾ ਅਵਰੁ ਨ ਕੋਇ” (ਪੰ: ੧੨)

(ਚ) ਸਭੁ ਸਚੁ ਵਰਤੈ ਸਚੋ ਬੋਲੈ, ਜੋ ਸਚੁ ਕਰੈ ਸੋ ਹੋਈ॥ ਜਹ ਦੇਖਾ ਤਹ ਸਚੁ ਪਸਰਿਆ ਅਵਰੁ ਨ ਦੂਜਾ ਕੋਈ” (ਪੰ: ੭੬੯)

(੨) ਹੁਣ ਗੁਰਬਾਣੀ `ਚੋਂ ਕੇਵਲ ਝਲਕ ਮਾਤ੍ਰ ਦਰਸ਼ਨ ਕਰਦੇ ਹਾਂ ਪਭੂ ਦੇ ਸਰਗੁਨ ਸਰੂਪ ਦੇ:-

“ਆਪੇ ਧਰਤੀ ਆਪੇ ਹੈ ਰਾਹਕੁ, ਆਪਿ ਜੰਮਾਇ ਪੀਸਾਵੈ॥ ਆਪਿ ਪਕਾਵੈ ਆਪਿ ਭਾਂਡੇ ਦੇਇ ਪਰੋਸੈ ਆਪੇ ਹੀ ਬਹਿ ਖਾਵੈ॥ ਆਪੇ ਜਲੁ ਆਪੇ ਦੇ ਛਿੰਗਾ ਆਪੇ ਚੁਲੀ ਭਰਾਵੈ॥ ਆਪੇ ਸੰਗਤਿ ਸਦਿ ਬਹਾਲੈ ਆਪੇ ਵਿਦਾ ਕਰਾਵੈ॥ ਜਿਸ ਨੋ ਕਿਰਪਾਲੁ ਹੋਵੈ ਹਰਿ ਆਪੇ ਤਿਸ ਨੋ ਹੁਕਮੁ ਮਨਾਵੈ” (ਪੰ: ੫੫੧)

(ਅ) “ਤੂੰ ਆਪੇ ਜਲੁ ਮੀਨਾ ਹੈ ਆਪੇ, ਆਪੇ ਹੀ ਆਪਿ ਜਾਲੁ॥ ਤੂੰ ਆਪੇ ਜਾਲੁ ਵਤਾਇਦਾ, ਆਪੇ ਵਿਚਿ ਸੇਬਾਲੁ॥ ਤੂੰ ਆਪੇ ਕਮਲੁ ਅਲਿਪਤੁ ਹੈ, ਸੈ ਹਥਾ ਵਿਚਿ ਗੁਲਾਲੁ॥ ਤੂੰ ਆਪੇ ਮੁਕਤਿ ਕਰਾਇਦਾ, ਇੱਕ ਨਿਮਖ ਘੜੀ ਕਰਿ ਖਿਆਲੁ॥ ਹਰਿ ਤੁਧਹੁ ਬਾਹਰਿ ਕਿਛੁ ਨਹੀ, ਗੁਰ ਸਬਦੀ ਵੇਖਿ ਨਿਹਾਲੁ” (ਪੰ: ੮੫)

(ੲ) “ਆਪੇ ਪਾਰਸੁ ਆਪਿ ਧਾਤੁ ਹੈ, ਆਪਿ ਕੀਤੋਨੁ ਕੰਚਨੁ॥ ਆਪੇ ਠਾਕੁਰੁ ਸੇਵਕੁ ਆਪੇ, ਆਪੇ ਹੀ ਪਾਪ ਖੰਡਨੁ॥ ਆਪੇ ਸਭਿ ਘਟ ਭੋਗਵੈ, ਸੁਆਮੀ ਆਪੇ ਹੀ ਸਭੁ ਅੰਜਨੁ” (ਪੰ: ੫੫੨)

(ਸ) “ਆਪੇ ਚਾਟਸਾਲ ਆਪਿ ਹੈ ਪਾਧਾ, ਆਪੇ ਚਾਟੜੇ ਪੜਣ ਕਉ ਆਣੇ॥ ਆਪੇ ਪਿਤਾ ਮਾਤਾ ਹੈ ਆਪੇ, ਆਪੇ ਬਾਲਕ ਕਰੇ ਸਿਆਣੇ॥ ਇੱਕ ਥੈ ਪੜਿ ਬੁਝੈ ਸਭੁ ਆਪੇ, ਇੱਕ ਥੈ ਆਪੇ ਕਰੇ ਇਆਣੇ” (ਪੰ: ੫੫੨)

(੩) ਉਪ੍ਰੰਤ ਪਉੜੀ `ਚ ਬਿਆਣੇ ਨਿਰਗੁਣ ਤੇ ਸਰਗੁਣ, ਦੋਵੇਂ ਸਰੂਪ ਵੀ ਪ੍ਰਭੂ ਦੇ ਆਪਣੇ ਹਨ। ਗੁਰਬਾਣੀ ਅਨੁਸਾਰ ਨਿਰਗੁਣ ਤੇ ਸਰਗੁਣ ਭਿੰਨ ਭਿੰਨ ਦੋ ਹਸਤੀਆਂ ਨਹੀਂ ਹਨ, ਕੁੱਝ ਹੋਰ ਫ਼ੁਰਮਾਨ:-

(ੳ) “ਕਰਨ ਕਰਾਵਨ ਤੁਹੀ ਏਕ॥ ਜੀਅ ਜੰਤ ਕੀ ਤੁਹੀ ਟੇਕ॥ ੧ ॥ ਰਾਜ ਜੋਬਨ ਪ੍ਰਭ ਤੂੰ ਧਨੀ॥ ਤੂੰ ਨਿਰਗੁਨ ਤੂੰ ਸਰਗੁਨੀ” (ਪੰ: ੨੧੧)

(ਅ) “ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ॥ ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ” (ਪੰ: ੨੫੦)

(ੲ) “ਓਅੰ ਗੁਰਮੁਖਿ ਕੀਓ ਅਕਾਰਾ॥ ਏਕਹਿ ਸੂਤਿ ਪਰੋਵਨਹਾਰਾ॥ ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ॥ ਨਿਰਗੁਨ ਤੇ ਸਰਗੁਨ ਦ੍ਰਿਸਟਾਰੰ” (ਪੰ: ੨੫੦)

(ਸ) “ਯਾਹੂ ਤਰਨ ਤਾਰਨ ਸਮਰਾਥਾ॥ ਰਾਖਿ ਲੇਹੁ ਨਿਰਗੁਨ ਨਰਨਾਥਾ” (ਪੰ: ੨੫੯)

(ਹ) ਨਿਰਗੁਨੁ ਆਪਿ ਸਰਗੁਨੁ ਭੀ ਓਹੀ॥ ਕਲਾ ਧਾਰਿ ਜਿਨਿ ਸਗਲੀ ਮੋਹੀ” (ਪੰ: ੨੮੭)

(ਕ) “ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ॥ ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ” (ਪੰ: ੨੯੦)

(ਖ) “ਓਪਤਿ ਪਰਲਉ ਖਿਨ ਮਹਿ ਕਰਤਾ॥ ਆਪਿ ਅਲੇਪਾ ਨਿਰਗੁਨੁ ਰਹਤਾ” (ਪੰ: ੩੮੭)

(ਗ) “ਈਘੈ ਨਿਰਗੁਨ ਊਘੈ ਸਰਗੁਨ ਕੇਲ ਕਰਤ ਬਿਚਿ ਸੁਆਮੀ ਮੇਰਾ” (ਪੰ: ੮੨੭)

(ਘ) “ਨਿਰਗੁਨ ਕਰਤਾ ਸਰਗੁਨ ਕਰਤਾ॥ ਗੁਰ ਪ੍ਰਸਾਦਿ ਨਾਨਕ ਸਮਦ੍ਰਿਸਟਾ” (ਪੰ: ੮੨੭)

ਪਉੜੀ ਅਤੇ ਸਲੋਕਾਂ ਦੀ ਆਪਸੀ ਸਾਂਝ- ਗਹੁ ਨਾਲ ਸਮਝਣ ਦਾ ਯਤਣ ਕੀਤਾ ਜਾਵੇ ਤਾਂ ਗੁਰਦੇਵ ਨੇ ਪ੍ਰਭੂ ਦੇ ਸੈਭੰ ਤੇ ਅਜੂਨੀ ਗੁਣਾਂ ਤੋਂ ਵਿਸ਼ੇ ਦਾ ਅਰੰਭ ਕਰਕੇ, ਪ੍ਰਭੂ ਦੇ ਨਿਰਗੁਣ ਤੋਂ ਸਰਗੁਣ ਸਰੂਪ ਦੇ ਵਿਸਤਾਰ; ਉਪ੍ਰੰਤ ਉਸਦੇ ਦੋਨਾਂ ਸਰੂਪਾਂ `ਚ ਇਕੋ ਸਮੇਂ ਬਰਾਬਰ ਦੀ ਹੋਂਦ ਅਤੇ ਨਾਲ ਹੀ ਉਸ ਪ੍ਰਭੂ ਦੀ ਸਰਬ ਉੱਤਮਤਾ ਦੀ ਗੁਣ ਵਾਲੇ ਵਿਸ਼ੇ ਨੂੰ ਵੀ ਸਪਸ਼ਟ ਕੀਤਾ ਹੋਇਆ ਹੈ। ਇਸੇ ਲਈ ਇਥੇ ਪਉੜੀ `ਚ ਨੰਬਰਵਾਰ ਵਿਸ਼ੇ ਹਨ:-

“ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ” (ਸੈਭੰ, ਅਜੂਨੀ ਤੇ ਇਕੋ ਇੱਕ ਕਰਤਾ ਪ੍ਰਭੂ)

“ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ” (ਪ੍ਰਭੂ ਦੀ ਸਰਬ ਉੱਤਮਤਾ)

“ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ” (ਉਦੋਂ ਪ੍ਰਭੂ ਆਪਣੇ ਨਿਰਗੁਣ ਸਰੂਪ `ਚ ਸੀ, ਸਰਗੁਣ ਸਰੂਪ `ਚ ਨਹੀਂ ਸੀ)

“ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ” (ਉਹੀ)

“ਜਿਉ ਤਿਸੁ ਭਾਵੈ ਤਿਵੈ ਕਰੇ, ਤਿਸੁ ਬਿਨੁ ਅਵਰੁ ਨ ਕੋਈ” (ਪ੍ਰਭੂ ਦੀ ਸਰਬ ਉੱਤਮਤਾ)

ਇਸ ਤੋਂ ਬਾਅਦ ਜਦੋਂ ਅਸੀਂ ਇਸ ਪੱਖੋਂ ਸਲੋਕਾਂ `ਚ ਦਰਸ਼ਨ ਕਰਦੇ ਹਾਂ, ਜਿਹੜੇ ਕਿ ਵਾਰਾਂ ਦੀ ਹਰੇਕ ਪਉੜੀ ਨਾਲ ਅਸਲੋਂ ਸੰਬੰਧਤ ਪਉੜੀ ਦੀ ਹੀ ਵਿਆਖਿਆ ਹੁੰਦੇ ਹਨ ਤਾਂ ਇਥੇ ਵੀ:-

ਸਲੋਕੁ ਮਃ ੩॥ ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ॥ ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ॥ ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ॥ ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ॥ ੧ ਅਤੇ

ਮਃ ੩॥ ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ॥ ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ॥ ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ॥ ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ॥ ੨ 

ਭਾਵ ਇਨ੍ਹਾਂ ਸਲੋਕਾਂ `ਚ ਵੀ ਮਨੁੱਖ ਦੀਆਂ ਗੁਰਮੁਖ ਤੇ ਮਨਮੁਖ ਦੋ ਵਿਰੋਧੀ ਜੀਵਨ ਰਹਿਣੀਆਂ ਤੇ ਉਨ੍ਹਾਂ ਰਹਿਣੀਆਂ ਸੰਬੰਧੀ ਪ੍ਰਭੂ ਦੇ ਸੱਚ ਨਿਆਂ ਤੇ ਪ੍ਰਭੂ ਦੇ ਨਿਰਗੁਣ ਸਰੂਪ ਰਸਤੇ, ਪ੍ਰਭੂ ਦੇ ਸਰਗੁਣ ਸਰੂਪ ਅਤੇ ਪ੍ਰਭੂ ਦੀ ਕਰਣੀ ਨੂੰ ਹੀ ਉਘਾੜਿਆ ਹੋਇਆ ਹੈ। (ਚਲਦਾ) #Instt. 05 Gu.ki.v.02.014#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਪ੍ਰਵਾਰਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Gujri Ki Vaar M:3 Steek & GVD” BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org
.