.

ਗੇੜੇ ਤੇ ਗੇੜਾ ਠਾਹ ਗੇੜਾ

ਅਵਤਾਰ ਸਿੰਘ ਮਿਸ਼ਨਰੀ (5104325827) singhstudent@gmail.com

ਗੁਰਦੁਆਰਾ ਗਿਆਨ ਦਾ ਸੋਮਾਂ, ਵਿਦਿਆ ਲਈ ਵਿਦਿਆਲਾ, ਭਰਮਾਂ ਅਤੇ ਪਾਖੰਡਾਂ ਤੋਂ ਮੁਕਤੀ ਦਾ ਘਰ, ਲੋੜਵੰਦਾਂ ਦੀ ਮਦਦ ਦਾ ਸਹਾਰਾ, ਰਾਹੀਆਂ ਪਾਂਧੀਆਂ ਲਈ ਰੈਣ ਬਸੇਰਾ, ਬਰੀਬਾਂ ਲਈ ਗੋਲਕ ਦਾ ਖਜ਼ਾਨਾ ਅਤੇ ਜਿਸ ਦੇ ਦਰਵਾਜੇ ਸਰਬੱਤ ਲਈ ਖੁੱਲ੍ਹੇ ਹਨ। ਗੁਰਦੁਆਰੇ ਵਿੱਚ ਗੁਰੂ ਗ੍ਰੰਥ ਦੇ ਪ੍ਰਕਾਸ਼ ਅਤੇ ਸੰਗਤ ਦੇ ਬੈਠਣ ਲਈ ਬਿਲਡਿੰਗ ਹੈ। ਗੁਰੂ ਗ੍ਰੰਥ ਦੇ ਪ੍ਰਕਾਸ਼ ਲਈ ਪੀਹੜਾ ਜਾਂ ਪਾਲਕੀ ਹੈ। ਸੁਖ ਆਸਣ ਲਈ ਕਮਰਾ ਹੈ।ਗੁਰੂ ਗ੍ਰੰਥ ਦੀ ਸੰਭਾਲ ਲਈ ਰੁਮਾਲੇ ਹਨ। ਤਖਤ ਤੇ ਸੁਭਾਇਮਾਨ ਰਾਜ-ਜੋਗੀ ਗੁਰੂ ਲਈ ਚੌਰ ਹੈ। ਧਰਮ ਗ੍ਰੰਥਾਂ ਅਤੇ ਇਤਿਹਾਸਕ ਪੁਸਤਕਾਂ ਲਈ ਲਾਇਬ੍ਰੇਰੀ ਹੈ ਜਿਸ ਵਿੱਚ ਗੁਰਮੱਤੀ ਸਕਾਲਰਾਂ-ਲੇਖਕਾਂ ਦੀਆਂ ਕਿਤਾਬਾਂ ਹਨ। ਗੁਰੂ ਦਾ ਗਿਆਨ ਵੰਡਣ ਅਤੇ ਸਿਖਾਉਣ ਲਈ ਗ੍ਰੰਥੀ, ਕਥਾਵਚਕ, ਕੀਰਤਨ ਲਈ ਤਬਲੇ ਵਾਜੇ ਅਤੇ ਰਾਗੀ ਹਨ। ਗੁਰਦੁਆਰੇ ਦੇ ਧਰਮ ਪ੍ਰਬੰਧ ਨੂੰ ਚਲਾਉਣ ਲਈ ਪ੍ਰਬੰਧਕ ਹਨ। ਦੇਗ-ਤੇਗ ਦੇ ਸਿਧਾਂਤ ਲਈ ਕੜਾਹ ਪ੍ਰਸ਼ਾਦ ਅਤੇ ਸ਼ਸਤ੍ਰ ਹਨ। ਮਨ ਆਤਮਾਂ ਦੀ ਭੁੱਖ ਮਿਟਾਉਣ ਲਈ ਗੁਰਬਾਣੀ ਦਾ ਗਿਆਨ ਅਤੇ ਸਰੀਰ ਦੀ ਭੁੱਖ ਮੇਟਣ ਲਈ ਗੁਰੂ ਕਾ ਲੰਗਰ ਹੈ ਜਿੱਥੇ ਬਿਨਾਂ ਕਿਸੇ ਵਿਤਕਰੇ ਦੇ ਹਰੇਕ ਕੌਮ ਦੇ ਮਾਈ-ਭਾਈ ਗਿਆਨ ਲੈ ਅਤੇ ਲੰਗਰ ਛਕ ਸਕਦੇ ਹਨ।

ਮੀਰੀ-ਪੀਰੀ ਦੇ ਸਿਧਾਂਤ ਦਾ ਪ੍ਰਤੀਕ ਨਿਸ਼ਾਨ ਸਾਹਿਬ (ਝੰਡਾ) ਹੈ ਜੋ ਗੁਰਦੁਆਰੇ ਦੀ ਬਿਲਡਿੰਗ ਤੋਂ ਉੱਚਾ ਲਹਿਰਾਉਂਦਾ ਹੈ। ਜੋ ਦੂਰੋਂ ਹੀ ਗੁਰਦੁਆਰੇ ਦੀ ਮਹਾਂਨਤਾ ਦਰਸਾਉਂਦਾ ਹੈ, ਇਸ ਨਿਸ਼ਾਨ ਨੂੰ ਦੇਖ ਕੇ ਗੁਰਦੁਆਰੇ ਦੇ ਉਪਰ ਵਰਨਣ ਕੀਤੇ ਗਏ ਗੁਣ ਅਤੇ ਸਿਧਾਂਤ  ਸਾਹਮਣੇ ਆ ਜਾਂਦੇ ਹਨ। ਜਿਵੇਂ ਗੁਰੂ ਗ੍ਰੰਥ ਪੀਰੀ (ਗੁਰਤਾ) ਅਤੇ ਨਿਸ਼ਾਨ ਮੀਰੀ (ਰਾਜ ਸ਼ਕਤੀ) ਦੇ ਪ੍ਰਤੀਕ ਹਨ। ਗੁਰੂ ਗ੍ਰੰਥ ਸਾਹਿਬ ਜੀ ਵਹਿਮਾਂ, ਭਰਮਾਂ, ਪਾਖੰਡਾਂ ਅਤੇ ਮੂਰਤੀ ਪੂਜਾ ਤੋਂ ਰੋਕਦੇ ਹਨ। ਕੌਮੀ ਦਿਨਾਂ ਤੇ ਇੱਕ ਰੱਬ ਦੇ ਉੱਚੇ-ਸੁੱਚੇ ਹੋਣ ਦੇ ਪ੍ਰਤੀਕ ਇੱਕ ਨਿਸ਼ਾਨ ਥੱਲੇ ਇਕੱਠੇ ਹੋ ਕੇ ਗੁਰੂ ਪ੍ਰਮਾਤਮਾਂ ਤੋਂ ਚੜ੍ਹਦੀ ਕਲਾ ਲਈ ਸਲਾਮੀ ਲਈ ਜਾਂਦੀ ਹੈ। ਇੱਕ ਨਿਸ਼ਾਨ ਥੱਲੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਥੱਲੇ ਇਹ ਪ੍ਰਣ ਕੀਤਾ ਜਾਂਦਾ ਹੈ ਕਿ-ਸਾਡਾ ਸਭ ਦਾ ਰੱਬ ਇੱਕ, ਗੁਰੂ ਇੱਕ, ਗੁਰੂ ਦਾ ਪੰਥ ਇੱਕ, ਨਿਸ਼ਾਨ ਅਤੇ ਵਿਧਾਨ (ਮਰਯਾਦਾ) ਇੱਕ ਹੈ ਅਸੀਂ ਇਸ ਗੁਰੂ ਹੁਕਮ ਦੇ ਪਾਬੰਦ ਰਹਾਂਗੇ।

ਅਜੋਕੇ ਗੁਰਦੁਆਰਿਆਂ ਵਿੱਚ ਇਹ ਉਪ੍ਰੋਕਤ ਸਿਧਾਂਤ ਅਲੋਪ ਹੁੰਦੇ ਜਾ ਰਹੇ ਹਨ। ਦਾਸ ਸਭ ਅੱਖੀ ਡਿੱਠੇ ਹਾਲ ਲਿਖ ਰਿਹਾ ਹੈ ਕਿ ਕਿਵੇਂ ਗੁਰ ਅਸਥਾਨਾਂ ਵਿਖੇ ਮੂਰਤੀਆਂ, ਥੱੜਿਆਂ ਅਤੇ ਪਾਲਕੀਆਂ ਨੂੰ ਗੇੜੇ ਕੱਢ ਮੱਥੇ ਟੇਕੇ ਜਾ ਰਹੇ ਹਨ। ਗੁਰੂ ਨੂੰ ਛੱਡ ਕੇ ਨਿਸ਼ਾਨ ਸਾਹਿਬ ਦੀਆਂ ਪ੍ਰਕਰਮਾਂ ਕੀਤੀਆਂ ਜਾ ਰਹੀਆਂ ਹਨ। ਗੇੜਾ ਕ੍ਰਿਆਵਾਚੀ ਸ਼ਬਦ ਹੈ ਜਿਸ ਦਾ ਅਰਥ ਹੈ-ਫੇਰਾ, ਘੁਮਾਓ ਅਤੇ ਮੁੜ-ਮੁੜ ਘੁੰਮਣਾ। ਦਾਸ ਨੇ ਇੱਥੇ ਇੱਕ ਸਥਾਨਕ ਗੁਰਦੁਆਰੇ ਫਰੀਮਾਂਟ ਵਿੱਚ ਨਿਸ਼ਾਨ ਦੁਆਲੇ “ਗੇੜੇ ਤੇ ਗੇੜਾ ਠਾਹ ਗੇੜਾ” ਦਿੱਤਾ ਜਾ ਰਿਹਾ ਵੀ ਦੇਖਿਆ ਹੈ। ਨਿਸ਼ਾਨ ਦੇ ਥੱੜੇ ਤੇ ਦਿਨ ਦਿਹਾੜੇ ਮੋਮਬੱਤੀਆਂ, ਚਰਾਗ ਅਤੇ ਦੀਵੇ ਜਗਾਏ ਜਾ ਰਹੇ ਹਨ। ਡੰਡੇ ਵਾਂਗ ਸਾਰਾ ਸਰੀਰ ਸਿੱਧਾ ਕਰਕੇ, ਡੰਡਵਤ ਡੰਡਾਉਤਾਂ ਕੀਤੀਆਂ ਜਾਂਦੀਆਂ, ਹਾੜੇ ਕੱਢੇ ਅਤੇ ਗੁਰੂ ਨੂੰ ਛੱਡ ਨਿਸ਼ਾਨ ਅੱਗੇ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਗੁਰਦੁਆਰੇ ਦੇ ਅੰਦਰ ਵੀ ਥਾਂ-ਥਾਂ ਪ੍ਰਕਾਸ਼ ਅਤੇ ਗੋਲਕਾਂ ਰੱਖੀਆਂ ਹੁੰਦੀਆਂ ਹਨ ਅਤੇ ਗੁਰੂ ਗਿਆਨ ਵਿਹੂਣੇ ਮਾਈ-ਭਾਈ ਵੀ ਥਾਂ-ਥਾਂ ਗੇੜੇ ਕੱਢਦੇ, ਮੱਥੇ ਟੇਕਦੇ ਅਤੇ ਮਾਇਆ ਚੜ੍ਹਾਉਂਦੇ ਰਹਿੰਦੇ ਹਨ। ਖਾਸ ਕਰਕੇ ਐਤਵਾਰ ਨੂੰ ਵਾਪਾਰੀ ਸਟਾਲਾਂ ਵਾਲੇ ਸਿੱਖ, ਧਰਮ ਨਾਲ ਸਬੰਧਤ ਲਿਟ੍ਰੇਚਰ, ਪੁਸਤਕਾਂ ਅਤੇ ਹੋਰ ਧਰਮ ਸਮੱਗਰੀ ਦੇ ਨਾਲ-ਨਾਲ ਗੁਰੂਆਂ-ਭਗਤਾਂ ਅਤੇ ਡੇਰੇਦਾਰ ਸੰਤਾਂ ਦੀਆਂ ਫੋਟੋਆਂ (ਮੂਰਤੀਆਂ) ਵੀ ਸ਼ਰੇਆਮ ਵੇਚਦੇ ਹਨ। ਸ਼ਰਧਾਲੂ ਘਰਾਂ ਵਿੱਚ ਲਿਜਾ ਕੇ ਉਨ੍ਹਾਂ ਮੂਰਤੀਆਂ ਨੂੰ ਧੂਫਾਂ ਧੁਖਾਉਂਦੇ ਅਤੇ ਮੱਥੇ ਟੇਕਦੇ ਹਨ। ਘਰਾਂ ਵਿੱਚ ਡੇਰੇਦਾਰ ਸੰਤਾਂ ਦੇ ਸ਼ਧਾਲੂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਜਾਂ ਪਾਠ ਵੇਲੇ “ਗੁਰੂ ਗ੍ਰੰਥ ਸਾਹਿਬ” ਦੇ ਸੱਜੇ-ਖੱਬੇ ਦੋਹੀਂ ਪਾਸੀਂ ਗੁਰੂਆਂ ਅਤੇ ਆਪੋ-ਆਪਣੇ ਸੰਤਾਂ ਦੀਆਂ ਮੂਰਤੀਆਂ ਰੱਖਦੇ ਹਨ।

ਦਾਸ ਦੀ ਗੁਰਦੁਆਰਿਆਂ ਦੇ ਗ੍ਰੰਥੀ, ਰਾਗੀ, ਸੇਵਾਦਾਰ, ਪ੍ਰਚਾਰਕਾਂ ਅਤੇ ਪ੍ਰਬੰਧਕਾਂ ਨੂੰ ਪੁਰਜੋਰ ਅਪੀਲ ਹੈ ਕਿ ਸੰਗਤਾਂ ਨੂੰ ਆਪ ਜੀਆਂ ਨੇ ਜਾਗਰਿਤ ਕਰਨਾਂ ਹੈ, ਜੇ ਤੁਸੀਂ ਇਹ ਸਭ ਕੁਝ ਅੱਖੀਂ ਦੇਖ ਕੇ ਚੁੱਪ ਧਾਰ ਲੈਂਦੇ ਹੋ ਕਿ ਕਿਤੇ ਸ਼ਰਧਾਲੂ ਨਿਰਾਜ ਨਾਂ ਹੋ ਜਾਣ ਤਾਂ ਇਹ ਤੁਹਾਡੀ ਬਹੁਤ ਵੱਡੀ ਕੁਤਾਹੀ ਹੈ। ਇਸ ਵਿੱਚ ਸ਼ਰਧਾਲੂਆਂ ਦਾ ਬਹੁਤਾ ਕਸੂਰ ਨਹੀਂ ਕਿਉਂਕਿ ਡੇਰੇਦਾਰਾਂ ਨੇ, ਡੇਰੇ ਚਲਾਉਂਣ ਲਈ ਪ੍ਰਚਾਰ ਹੀ ਐਸਾ ਕੀਤਾ ਹੈ, ਸਿਖਿਆ ਹੀ ਐਸੀ ਦਿੱਤੀ ਹੈ ਜੋ ਸ਼ਰਧਾਲੂ ਸਿੱਖਾਂ ਦੇ ਮਨ ਵੱਸ ਗਈ ਹੈ। ਸਾਡਾ ਪ੍ਰਬੰਧਕਾਂ, ਪ੍ਰੀਸ਼ਟਾਂ ਅਤੇ ਪ੍ਰਚਾਰਕਾਂ ਦਾ ਫਰਜ ਬਣਦਾ ਹੈ ਕਿ ਲੋਕ ਲਾਜ ਤੋਂ ਉੱਪਰ ਉੱਠ ਕੇ, ਭੀੜ ਇਕੱਠੀ ਕਰਨ ਦੀ ਬਜਾਏ ਗਿਆਨਵਾਨ ਸੰਗਤਾਂ ਪੈਦਾ ਕਰੀਏ। ਸੰਗਤਾਂ ਨੂੰ ਦੱਸੀਏ ਕਿ “ਗੁਰੂ ਗ੍ਰੰਥ ਸਾਹਿਬ ਜੀ” ਇਕੱਲੇ ਮੱਥੇ ਟੇਕਣ ਅਤੇ ਪੂਜਾ ਕਰਨ ਲਈ ਨਹੀਂ ਸਗੋਂ ਰੱਬੀ ਗੁਰੂ ਗਿਆਨ ਹਾਸਲ ਕਰਨ ਲਈ ਹਨ।

ਐਸ ਵੇਲੇ ਜੋ ਸਿੱਖ ਕੌਮ ਵਿੱਚ ਆਪਾ-ਧਾਪੀ ਮੱਚੀ ਹੋਈ ਹੈ ਉਸ ਦਾ ਕਾਰਣ ਇੱਕ ਰੱਬ, ਇੱਕ ਗੁਰੂ, ਇੱਕ ਨਿਸ਼ਾਨ, ਇੱਕ ਵਿਧਾਨ ਅਤੇ ਇੱਕ ਪੰਥ ਤੋਂ ਅਗਿਆਨਤਾ ਵੱਸ ਬਾਗੀ ਹੋਣਾ ਜਾਂ ਪੰਥ ਵਿਰੋਧੀਆਂ ਦਾ ਕੁਟਲਨੀਤੀ ਵਰਤ ਕੇ ਕਰਾ ਦੇਣਾ ਹੈ। ਜੇ ਅੱਜ ਬਾਦਲ ਅਤੇ ਬਾਬੇ ਸਿੱਖ ਪੰਥ ਤੇ ਕਾਬਜ ਹਨ ਤਾਂ ਇਸ ਵਿੱਚ ਸਾਡਾ ਹੀ ਜਿਆਦਾ ਕਸੂਰ ਹੈ ਕਿਉਂਕਿ ਅਸੀਂ ਰੱਬੀ, ਪੰਥਕ, ਕੌਮੀ ਅਤੇ ਵਿਧਾਨਕ ਏਕਤਾ ਤੋਂ ਬਾਗੀ ਹਾਂ। ਅਸੀਂ ਗੁਰੂ ਸਾਹਿਬ ਦੀ ਸਿਖਿਆ ਦਾ ਪ੍ਰਚਾਰ ਕਰਨ ਦੀ ਬਜਾਏ ਅਖੌਤੀ ਸੰਤ ਬਾਬਿਆਂ ਅਤੇ ਉਨ੍ਹਾਂ ਵੱਲੋਂ ਪ੍ਰਚਲਤ ਕੀਤੀਆਂ ਹੋਈਆਂ ਮਨਘੜਤ ਸਾਖੀਆਂ ਦਾ ਹੀ ਗੁਰਦੁਆਰਿਆਂ ਦੀ ਸਟੇਜਾਂ ਤੇ ਪ੍ਰਚਾਰ ਕਰੀ ਜਾ ਰਹੇ ਹਾਂ। ਸਾਨੂੰ ਗੁਰੂ ਜੀ ਸਮੱਤ ਬਖਸ਼ਣ ਅਤੇ ਅਸੀਂ ਗਿਆਨ ਵਿਹੂਣੇ ਡੇਰਦਾਰ ਬਾਬਿਆਂ ਦੀ ਸਿਖਿਆ ਦੇ ਧਾਰਨੀ ਸ਼ਰਧਾਲੂ ਜੋ ਗੁਰਦੁਆਰੇ ਆ ਕੇ ਵੀ ਥਾਂ-ਥਾਂ ਮੱਥੇ ਟੇਕਦੇ ਅਤੇ ਨਿਸ਼ਾਂਨ ਜਾਂ ਥੜਿਆਂ ਦੇ ਹੀ “ਗੇੜੇ ਤੇ ਗੇੜਾ ਠਾਹ ਗੇੜਾ” ਦਿੱਤੀ ਜਾ ਰਹੇ ਹਨ। ਉਨ੍ਹਾਂ ਨੂੰ ਇੱਹ ਕੌਣ ਦੱਸੇ ਕਿ ਸਿੱਖਾਂ ਦਾ ਇੱਕ ਗੁਰੂ ਅਤੇ ਸਿੱਖ ਮਰਯਾਦਾ ਵੀ ਇੱਕ ਹੈ ਜੋ ਕੌਮੀ ਡਸਿਪਲਨ ਦਾ ਪ੍ਰਤੀਕ ਹੈ। ਗੁਰੂ ਦੇ ਪੰਥ ਦੇ ਵਾਰਸੋ, ਗੁਰਦੁਆਰਿਆਂ ਦੇ ਪ੍ਰਬੰਧਕੋ ਅਤੇ ਪ੍ਰਚਾਰਕੋ! ਇਧਰ ਵੀ ਧਿਆਨ ਦਿਓ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਗੁਰਦੁਆਰੇ ਮੰਦਰਾਂ, ਮੱਠਾਂ, ਡੇਰਿਆਂ, ਜਠੇਰਿਆਂ ਤੇ ਪੀਰਾਂ ਦੀਆਂ ਸਮਾਧਾਂ ਦਾ ਰੂਪ ਧਾਰਨ ਕਰ ਲੈਣਗੇ। ਤੁਹਾਡੇ ਬੱਚੇ ਵੀ ਫਿਰ ਇਹ ਕੁਝ ਦੇਖ, ਸਿੱਖ ਕੇ ਕੇਵਲ ਥਾਂ-ਥਾਂ ਤੇ ਮੱਥੇ ਟੇਕਣ, ਥੱੜਿਆਂ, ਸਮਾਧਾਂ, ਸੰਤਾਂ ਅਤੇ ਨਿਸ਼ਾਨਾਂ ਦੇ ਕੇਵਲ ਗੇੜੇ ਕੱਢਣ ਅਤੇ ਮੱਥੇ ਟੇਕਣ ਲੱਗ ਪੈਣਗੇ ਜਾਂ ਐਸਾ ਵਰਤਾਰਾ ਦੇਖ ਕੇ ਸਿੱਖ ਧਰਮ ਤੋਂ ਬਾਗੀ ਹੋ ਜਾਣਗੇ।

ਅੱਜ ਸਾਡੀ ਫੁੱਟ ਦਾ ਕਾਰਣ ਵੀ ਜਿੱਥੇ ਆਪੋ ਆਪਣੇ ਸੁਆਰਥ ਹਨ ਓਥੇ ਇਹ ਅਗਿਆਨਤਾ ਵੱਸ ਸੰਤ ਬਾਬਿਆਂ ਦੇ ਡੇਰੇ ਜਾਣਾ, ਆਪ ਗੁਰਬਾਣੀ ਪੜ੍ਹਨ, ਸੁਣਨ, ਵਿਚਾਰਨ ਸਮਝਣ ਅਤੇ ਉਸ ਅਨੁਸਾਰ ਜੀਵਨ ਜੀਣ ਦੀ ਬਜਾਏ ਕੇਵਲ ਤੋਤਾ ਰਟਨੀ ਪਾਠ ਜੋ ਵੱਖ-ਵੱਖ ਭੇਟਾ ਦੇ ਕੇ ਕਰਾਏ ਜਾਂਦੇ, ਮੂਰਤੀ ਪੂਜਾ, ਦੀਵੇ ਬਾਲ ਆਰਤੀਆਂ ਅਤੇ ਮਾਤਾ ਦੇ ਮੰਦਰਾਂ ਵਾਂਗ ਜੋਤਾ ਬਾਲੀਆਂ ਜਾਂਦੀਆਂ ਹਨ। ਪੰਥਕ ਮੋਰਚੇ ਸਮੇਤ ਸਮੁੱਚੇ ਬਾਦਲ ਵਿਰੋਧੀ ਵੀਰੋ ਅਤੇ ਗੁਰਦੁਆਰਿਆਂ ਦੇ ਪ੍ਰਬੰਧਕੋ! ਨਿਰਾ ਬਾਦਲ ਨੂੰ ਕੋਸਣ ਦੀ ਬਜਾਏ ਆਪਣੀ ਪੀੜੀ ਥੱਲੇ ਵੀ ਸੋਟਾ ਫੇਰ ਲਓ, ਜਿਸ ਥੱਲੇ ਸਿੱਖ ਧਰਮ ਵਿਰੋਧੀ ਕਰਮਾਂ, ਪਾਖੰਡਾਂ, ਵਹਿਮਾਂ-ਭਰਮਾਂ ਅਤੇ ਆਪੋ-ਆਪਣੀਆਂ ਮਰਯਾਦਾਵਾਂ ਦੇ ਫਨੀਆਰ ਸੱਪ ਵੀ ਡੇਰਾ ਲਾਈ ਬੈਠੇ ਹੋਏ ਹਨ। ਅਗਿਆਨਤਾ ਅਤੇ ਫੁੱਟ ਦੀ ਸਰਾਲ ਨੇ ਸਾਨੂੰ ਗ੍ਰਸਿਆ ਹੋਇਆ ਹੈ।

ਰੋਜ ਪੜਦੇ ਹਾਂ-ਸਤਗੁਰ ਨਾਨਕ ਪ੍ਰਟਿਆ ਮਿਟੀ ਧੁੰਦ ਜਗਿ ਚਾਨਣ ਹੋਆ॥ (ਭਾਈ ਗੁਰਦਾਸ)) ਦੀਵਾ ਬਲੈ ਅੰਧੇਰਾ ਜਾਇ(੭੯੧) ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥ ਏਤੇ ਚਾਨਣ ਹੋਂਦਿਆਂ ਗੁਰ ਬਿਨਿ ਘੋਰ ਅੰਧਾਰੁ॥(੪੬੩) ਫਿਰ ਸਾਡਾ ਵਹਿਮਾਂ, ਭਰਮਾਂ, ਪਾਖੰਡਾਂ ਅਤੇ ਡੇਰਿਆਂ ਤੇ ਜਾ ਕੇ “ਗੇੜੇ ਤੇ ਗੇੜਾ ਠਾਹ ਗੇੜੇ” ਵਾਲਾ ਅੰਧੇਰਾ ਕਿਉਂ ਨਹੀਂ ਦੂਰ ਹੋ ਰਿਹਾ? ਫਿਰ ਕਿਉਂ ਅਸੀਂ ਮਹਾਂ ਚਾਨਣ ਸੂਰਜਾਂ ਦੇ ਸੂਰਜ ਅਕਾਲ ਪੁਰਖ ਦਾ ਸੱਚਾ-ਸੁੱਚਾ ਗਿਆਨ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਆਪੋ ਆਪਣੀ ਅਗਿਆਨਤਾ ਦੇ ਬਾਲੇ ਛੋਟੇ-ਛੋਟੇ ਦੀਵਿਆਂ ਦੁਆਲੇ ਹੀ “ਗੇੜੇ ਤੇ ਗੇੜਾ ਠਾਹ ਗੇੜਾ” ਕੱਢ੍ਹੀ ਜਾ ਰਹੇ ਹਾਂ? ਕੀ ਇਹ ਸਭ ਕੁਝ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਤੋਂ ਚੋਰੀ ਹੋ ਰਿਹਾ ਹੈ? ਜੇ ਹਾਂ ਹੈ ਤਾਂ ਜਾਗਣ ਦੀ ਲੋੜ ਹੈ ਜੇ ਨਾਂਹ ਹੈ ਤਾਂ ਜਾਣ ਬੁੱਝ ਕੇ ਹੀ ਕੀਤਾ ਕਰਾਇਆ ਜਾ ਰਿਹਾ ਹੈ? ਐਸਾ ਕਰਨ ਵਾਲੇ ਜਰਾ ਸੋਚਣ, ਵਿਚਾਰਨ ਅਤੇ ਧਿਆਨ ਦੇਣ ਕਿ ਅਸੀਂ ਕਿਤੇ ਕੁਰਾਹੇ ਤਾਂ ਨਹੀਂ ਪੈ ਗਏ?
.