.

ਭੱਟ ਬਾਣੀ-36

ਬਲਦੇਵ ਸਿੰਘ ਟੋਰਾਂਟੋ

ਅਭਰ ਭਰੇ ਪਾਯਉ ਅਪਾਰੁ ਰਿਦ ਅੰਤਰਿ ਧਾਰਿਓ।।

ਦੁਖ ਭੰਜਨੁ ਆਤਮ ਪ੍ਰਬੋਧੁ ਮਨਿ ਤਤੁ ਬੀਚਾਰਿਓ।।

ਸਦਾ ਚਾਇ ਹਰਿ ਭਾਇ ਪ੍ਰੇਮ ਰਸੁ ਆਪੇ ਜਾਣਇ।।

ਸਤਗੁਰ ਕੈ ਪਰਸਾਦਿ ਸਹਜ ਸੇਤੀ ਰੰਗੁ ਮਾਣਇ।।

ਨਾਨਕ ਪ੍ਰਸਾਦਿ ਅੰਗਦ ਸੁਮਤਿ ਗੁਰਿ ਅਮਰਿ ਅਮਰੁ ਵਰਤਾਇਓ।।

ਗੁਰ ਰਾਮਦਾਸ ਕਲ੍ਯ੍ਯੁਚਰੈ ਤੈਂ ਅਟਲ ਅਮਰ ਪਦੁ ਪਾਇਓ।। ੫।।

(ਪੰਨਾ ੧੩੯੭)

ਪਦ ਅਰਥ:- ਅਭਰ ਭਰੇ – ਜਿਨ੍ਹਾਂ ਗਿਆਨ ਤੋਂ ਊਣੇ ਮਨੁੱਖਾਂ ਨੂੰ ਗਿਆਨ ਨਾਲ ਭਰਪੂਰ ਕੀਤਾ। ਪਾਯਉ ਅਪਾਰੁ – ਉਨ੍ਹਾਂ ਨੇ ਉਸ ਬੇਅੰਤ ਪ੍ਰਭੂ ਦੀ ਅਪਾਰ ਬਖ਼ਸ਼ਿਸ਼ ਪ੍ਰਾਪਤ ਕੀਤੀ। ਰਿਦ ਅੰਤਰਿ ਧਾਰਿਓ – ਆਪਣੇ ਹਿਰਦੇ ਅੰਦਰ ਟਿਕਾਅ ਲਿਆ। ਦੁਖ ਭੰਜਨੁ – ਦੁੱਖਾਂ ਦਾ ਨਾਸ ਕਰਨ ਵਾਲਾ। ਆਤਮ ਪ੍ਰਬੋਧੁ – ਆਤਮਾ ਨੂੰ (ਜ਼ਮੀਰ ਨੂੰ) ਜਗਾਉਣ ਵਾਲਾ ਹਰੀ ਦਾ ਗਿਆਨ। ਮਨਿ ਤਤੁ ਬੀਚਾਰਿਓ – ਮਨ ਅੰਦਰ ਅਸਲੀਅਤ ਨੂੰ ਵੀਚਾਰਿਆ। ਸਦਾ ਚਾਇ – ਸਦੀਵੀ ਆਨੰਦ। ਹਰਿ ਭਾਇ ਪ੍ਰੇਮ ਰਸੁ ਆਪੇ ਜਾਣਇ – ਉਹ ਸੱਚ ਰੂਪ ਹਰੀ ਦੇ ਸੱਚ ਨੂੰ ਪ੍ਰੇਮ ਰਸ ਜਾਣ ਕੇ ਆਪਣੇ ਜੀਵਨ ਵਿੱਚ ਭਾਇ-ਅਪਣਾ ਲੈਂਦੇ ਹਨ। ਸਤਗੁਰ ਕੈ ਪਰਸਾਦਿ – ਉਸ ਸਦੀਵੀ ਸਥਿਰ ਰਹਿਣ ਵਾਲੇ ਅਕਾਲ ਪੁਰਖ ਦੀ ਪਰਸਾਦਿ-ਕ੍ਰਿਪਾ ਸਦਕਾ। ਸਹਜ ਸੇਤੀ ਰੰਗੁ ਮਾਣਇ – ਅਡੋਲ ਉਸ ਦੀ ਬਖ਼ਸ਼ਿਸ਼ ਦਾ ਰੰਗ ਮਾਣਦੇ ਹਨ। ਅਮਰਿ – ਅਮਰ ਹੋ ਜਾਣਾ, ਮੁਕਤ ਹੋ ਗਏ। ਅਮਰੁ –ਅਮਰਦਾਸ ਜੀ ਨੇ। ਸੁਮਤਿ ਗੁਰਿ – ਮਤ ਦਾ ਗਿਆਨ ਨਾਲ ਸੁਮਤਿ ਵਿੱਚ ਬਦਲ ਜਾਣਾ। ਸੁਮਤਿ – ਚੰਗੀ ਮੱਤ। ਵਰਤਾਇਓ – ਵੰਡਣਾ, ਅੱਗੇ ਪ੍ਰਚਾਰਨਾ, ਪ੍ਰਚਾਰਿਆ। ਨਾਨਕ ਪ੍ਰਸਾਦਿ ਅੰਗਦ ਸੁਮਤਿ ਗੁਰਿ ਅਮਰਿ ਅਮਰੁ ਵਰਤਾਇਓ – ਉਸੇ ਹਰੀ ਦੀ ਪ੍ਰਸਾਦਿ-ਕ੍ਰਿਪਾ ਜੋ ਨਾਨਕ ਜੀ ਉਪਰ ਹੋਈ, ਉਸੇ ਗਿਆਨ ਨਾਲ ਲਹਣਾ ਜੀ ਦੀ ਮੱਤ ਸੁਮਤਿ ਵਿੱਚ ਬਦਲ ਗਈ। ਲਹਣਾ ਜੀ ਨੇ ਵੀ ਉਸ ਹਰੀ ਦੀ ਬਖ਼ਸ਼ਿਸ਼ ਨੂੰ ਆਪਣੇ ਜੀਵਨ ਦਾ ਅੰਗ ਬਣਾ ਲਿਆ ਅਤੇ ਅਮਰ ਹੋ ਗਏ, ਅੱਗੇ ਅਮਰਦਾਸ ਜੀ ਨੇ ਵੀ ਉਸ ਹਰੀ ਦੀ ਬਖ਼ਸ਼ਿਸ਼ ਗਿਆਨ ਨੂੰ ਹੀ ਅੱਗੇ ਵੰਡਿਆ ਭਾਵ ਪ੍ਰਚਾਰਿਆ। ਗੁਰ ਰਾਮ ਦਾਸ ਕਲ੍ਯ੍ਯੁਚਰੈ ਤੈਂ ਅਟਲ ਅਮਰ ਪਦੁ ਪਾਇਓ – ਉਸੇ ਹਰੀ ਦੀ ਬਖ਼ਸ਼ਿਸ਼ ਗਿਆਨ ਦਾ ਪ੍ਰਕਾਸ਼ ਰਾਮਦਾਸ ਜੀ ਕਰ ਰਹੇ ਹਨ ਜਿਸ ਗਿਆਨ ਦੇ ਪ੍ਰਕਾਸ਼ ਨਾਲ ਅਗਿਆਨਤਾ ਤੋਂ ਅਟੱਲ-ਸਦੀਵੀ ਮੁਕਤੀ ਦਾ ਰਸਤਾ ਪਾਇਆ ਜਾ ਸਕਦਾ ਹੈ। ਕਲ੍ਯ੍ਯੁਚਰੈ – ਕਲ – ਅਗਿਆਨਤਾ, ਚਰੈ – ਚੜ੍ਹਨਾ, ਪ੍ਰਕਾਸ਼ ਹੋਣਾ। ਕਲ੍ਯ੍ਯੁਚਰੈ ਤੈਂ – ਅਗਿਆਨਤਾ ਵਿੱਚ ਗਿਆਨ ਦਾ ਪ੍ਰਕਾਸ਼ ਹੋਣ ਨਾਲ। ਅਟਲ – ਸਦੀਵੀ। ਅਮਰ ਪਦੁ ਪਾਇਓ– ਮੁਕਤੀ ਦਾ ਰਸਤਾ ਪਾਇਆ ਜਾ ਸਕਦਾ ਹੈ।

ਅਰਥ:- ਹੇ ਭਾਈ! ਜਿਨ੍ਹਾਂ ਗਿਆਨ ਤੋਂ ਊਣੇਂ ਮਨੁੱਖਾਂ ਨੂੰ ਗਿਆਨ ਨਾਲ ਭਰਪੂਰ ਕੀਤਾ, ਉਨ੍ਹਾਂ ਨੇ ਵੀ ਉਸ ਬੇਅੰਤ ਪ੍ਰਭੂ ਦੀ ਅਪਾਰ ਬਖ਼ਸ਼ਿਸ਼ ਗਿਆਨ ਨੂੰ ਪ੍ਰਾਪਤ ਕਰਕੇ ਆਪਣੇ ਹਿਰਦੇ ਅੰਦਰ ਟਿਕਾਅ ਲਿਆ। ਗਿਆਨ ਨੂੰ ਅੰਦਰ ਟਿਕਾਅ ਲੈਣ ਵਾਲਿਆਂ ਨੇ ਅਗਿਆਨਤਾ ਦੇ ਦੁੱਖ ਦਾ ਨਾਸ ਕਰਨ ਅਤੇ ਆਤਮਾ/ਜ਼ਮੀਰ ਨੂੰ ਜਗਾਉਣ ਵਾਲੇ ਹਰੀ ਦੀ ਬਖ਼ਸ਼ਿਸ਼ ਗਿਆਨ ਨਾਲ ਤਤ-ਅਸਲੀਅਤ ਨੂੰ ਵੀਚਾਰਿਆ। ਜਿਨ੍ਹਾਂ ਨੇ ਅਸਲੀਅਤ ਨੂੰ ਵੀਚਾਰਿਆ, ਉਨ੍ਹਾਂ ਨੇ ਸਦੀਵੀ ਆਨੰਦ ਸੱਚ ਰੂਪ ਹਰੀ ਦੇ ਸੱਚ ਗਿਆਨ ਨੂੰ ਪ੍ਰੇਮ ਰਸ ਜਾਣ ਕੇ ਆਪਣੇ ਜੀਵਨ ਵਿੱਚ ਅਪਣਾ ਲਿਆ। ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਵਾਲੇ ਸਦੀਵੀ ਸਥਿਰ ਰਹਿਣ ਵਾਲੇ ਅਕਾਲ ਪੁਰਖ ਦੀ ਬਖ਼ਸ਼ਿਸ਼ ਸਦਕਾ ਅਡੋਲ ਆਪਣੇ ਜੀਵਨ ਵਿੱਚ ਉਸ ਦੀ ਬਖ਼ਸ਼ਿਸ਼ ਦਾ ਆਨੰਦ ਮਾਣਦੇ ਹਨ। ਉਸੇ ਸਦੀਵੀ ਸਥਿਰ ਰਹਿਣ ਵਾਲੇ ਹਰੀ ਦੀ ਪ੍ਰਸਾਦਿ-ਕ੍ਰਿਪਾ ਜੋ ਨਾਨਕ ਜੀ ਉੱਪਰ ਹੋਈ, ਉਸੇ ਗਿਆਨ ਦੀ ਕ੍ਰਿਪਾ ਨਾਲ ਲਹਣਾ ਜੀ ਦੀ ਮਤ ਸੁਮਤਿ ਵਿੱਚ ਬਦਲ ਗਈ। ਲਹਣਾ ਜੀ ਨੇ ਵੀ ਉਸ ਹਰੀ ਦੀ ਬਖ਼ਸ਼ਿਸ਼ ਨੂੰ ਆਪਣੇ ਜੀਵਨ ਦਾ ਅੰਗ ਬਣਾ ਲਿਆ ਅਤੇ ਅਮਰ ਹੋ ਗਏ। ਉਸ ਤੋਂ ਅੱਗੇ ਅਮਰਦਾਸ ਜੀ ਨੇ ਵੀ ਉਸ ਹਰੀ ਦੀ ਬਖ਼ਸ਼ਿਸ਼ ਗਿਆਨ ਨੂੰ ਹੀ ਅੱਗੇ ਵਰਤਾਇਆ, ਵੰਡਿਆ ਭਾਵ ਪ੍ਰਚਾਰਿਆ। ਉਸੇ ਸਦੀਵੀ ਸਥਿਰ ਰਹਿਣ ਵਾਲੇ ਹਰੀ ਦੀ ਬਖ਼ਸ਼ਿਸ਼ ਗਿਆਨ ਦਾ ਪ੍ਰਕਾਸ਼ ਅੱਗੇ ਰਾਮਦਾਸ ਜੀ ਕਰ ਰਹੇ ਹਨ, ਜਿਸ ਗਿਆਨ ਦੇ ਪ੍ਰਕਾਸ਼ ਨਾਲ ਅਗਿਆਨਤਾ ਤੋਂ ਅੱਗੇ ਅਟੱਲ-ਸਦੀਵੀ ਮੁਕਤੀ ਦਾ ਰਸਤਾ ਪਾਇਆ-ਪ੍ਰਾਪਤ ਕੀਤਾ ਜਾ ਸਕਦਾ ਹੈ।

ਸੰਤੋਖ ਸਰੋਵਰਿ ਬਸੈ ਅਮਿਅ ਰਸੁ ਰਸਨ ਪ੍ਰਕਾਸੈ।।

ਮਿਲਤ ਸਾਂਤਿ ਉਪਜੈ ਦੁਰਤੁ ਦੂਰੰਤਰਿ ਨਾਸੈ।।

ਸੁਖ ਸਾਗਰੁ ਪਾਇਅਉ ਦਿੰਤੁ ਹਰਿ ਮਗਿ ਨ ਹੁਟੈ।।

ਸੰਜਮੁ ਸਤੁ ਸੰਤੋਖੁ ਸੀਲ ਸੰਨਾਹੁ ਮਫੁਟੈ।।

ਸਤਿਗੁਰੁ ਪ੍ਰਮਾਣੁ ਬਿਧ ਨੈ ਸਿਰਿਉ ਜਗਿ ਜਸ ਤੂਰੁ ਬਜਾਇਅਉ।।

ਗੁਰ ਰਾਮਦਾਸ ਕਲ੍ਯ੍ਯੁਚਰੈ ਤੈ ਅਭੈ ਅਮਰ ਪਦੁ ਪਾਇਅਉ।। ੬।।

(ਪੰਨਾ ੧੩੯੭)

ਪਦ ਅਰਥ:- ਸੰਤੋਖ ਸਰਵਰਿ ਬਸੈ ਅਮਿਅ ਰਸੁ ਰਸਨ ਪ੍ਰਕਾਸੈ – ਜਿਨ੍ਹਾਂ ਦੇ ਅੰਦਰ ਸੰਤੋਖ ਦੇ ਸਰੋਵਰ (ਗਿਆਨ) ਦਾ ਅੰਮ੍ਰਿਤ ਰਸ ਵੱਸ ਗਿਆ। ਰਸਨ ਪ੍ਰਕਾਸੈ – ਰਸਨਾ ਉੱਪਰ ਪ੍ਰਗਟ ਹੈ, ਭਾਵ ਜੋ ਗਿਆਨ ਉਨ੍ਹਾਂ ਦੇ ਅੰਦਰ ਹੈ, ਉਹੀ ਗਿਆਨ ਉਨ੍ਹਾਂ ਦੀ ਰਸਨਾ ਉੱਪਰ ਵੀ ਪ੍ਰਗਟ ਹੈ। ਪ੍ਰਕਾਸੈ – ਪ੍ਰਗਟ। (ਗੁ: ਗ੍ਰੰ: ਦਰਪਣ)। ਅਮਿਅ – ਅੰਮ੍ਰਿਤ। ਮਿਲਤ – ਪ੍ਰਾਪਤੀ। ਮਿਲਤ ਸਾਂਤਿ ਉਪਜੈ – ਜਿਸ ਅੰਮ੍ਰਿਤ (ਗਿਆਨ) ਪ੍ਰਾਪਤੀ ਨਾਲ ਸ਼ਾਂਤ ਅਵਸਥਾ ਦੀ ਉੱਪਜ ਹੁੰਦੀ ਹੈ। ਦੁਰਤੁ ਦੂਰੰਤਰਿ ਨਾਸੈ – ਦੁਰਮਤਿ ਦੂਰ ਨੱਸ ਜਾਂਦੀ ਹੈ। ਸੁਖ ਸਾਗਰ – ਸੁੱਖਾਂ ਦਾ ਸਾਗਰ। ਦਿੰਤੁ –ਦਿੱਤਾ ਹੋਇਆ, ਬਖ਼ਸ਼ਿਆ ਹੋਇਆ (ਗੁ: ਗ੍ਰੰ: ਦਰਪਣ)। ਪਾਇਅਉ ਦਿੰਤੁ – ਜਿਨ੍ਹਾਂ ਨੇ ਉਸ ਸੁੱਖਾਂ ਦੇ ਸਾਗਰ ਦਾ ਬਖਸ਼ਿਆ ਹੋਇਆ ਗਿਆਨ ਪ੍ਰਾਪਤ ਕੀਤਾ। ਹਰਿ ਮਗਿ ਨ ਹੁਟੈ – ਉਹ ਇਸ ਹਰੀ ਦੇ ਗਿਆਨ ਦੇ ਸੱਚ ਦੇ ਮਾਰਗ ਤੋਂ ਪਿੱਛੇ ਨਹੀਂ ਹਟਦੇ। ਸੰਜਮੁ ਸਤੁ ਸੰਤੋਖੁ ਸੀਲ ਸੁਨਾਹੁ ਮਫੁਟੈ – ਉਨ੍ਹਾਂ ਦਾ ਸੰਜਮੁ। ਮਫੁਟੈ, ਮਫੁਟ, ਵਿ- ਅਫੁੱਟ, ਅਟੁੱਟ, ਅਛਦਯ, ਅਭੇਦਯ (ਮ: ਕੋਸ਼)। ਇਥੇ ਮਫੁਟੈ ਦੇ ਅਰਥ ਅਟੁੱਟ - ਕਦੇ ਵੀ ਨਾ ਟੁੱਟਣ ਵਾਲਾ ਢੁੱਕਦੇ ਹਨ। ਸੀਲ – ਸੰ: ਮੰਨਨ ਕਰਨਾ ਭਾਵ ਭਰੋਸਾ ਕਰਨਾ। ਜੋ ਸੱਚ ਦੇ ਮਾਰਗ ਤੋਂ ਪਿੱਛੇ ਨਹੀਂ ਹਟਦੇ, ਉਨ੍ਹਾਂ ਦਾ ਸੰਜਮ ਸਤੁ ਸੰਤੋਖ ਦੇ ਭਰੋਸੇ ਦਾ ਸੰਨਾਹੁ ਕਦੇ ਟੁੱਟਦਾ ਨਹੀਂ। ਸੁਨਾਹੁ – ਭਰੋਸੇ ਦਾ ਸੁਨਾਹੁ। ਭਰੋਸੇ ਦੇ ਸੰਨਾਹੁ ਤੋਂ, ਗਿਆਨ ਦਾ ਭਾਵ ਹੈ ਜੋ ਅਗਿਆਨਤਾ ਦਾ ਪ੍ਰਭਾਵ ਨਹੀਂ ਪੈਣ ਦਿੰਦਾ। ਸਤਿਗੁਰੁ – ਸਤਿਗੁਰ ਦੀ ਬਖ਼ਸ਼ਿਸ਼ ਗਿਆਨ। ਸਤਿਗੁਰੁ ਪ੍ਰਮਾਣ – ਸਤਿਗੁਰ ਦੀ ਬਖਸ਼ਿਸ਼ ਗਿਆਨ ਦੇ ਪ੍ਰਮਾਣਾ-ਸਬੂਤਾਂ ਸਹਿਤ। ਬਿਧ ਨੈ ਸਿਰਿਉ ਜਗਿ – ਉਸ ਸਤਿਗੁਰ ਨੇ ਆਪਣੀ ਬਿਧ ਨਾਲ ਸੰਸਾਰ ਸਿਰਜਿਆ ਹੈ ਭਾਵ ਸੰਸਾਰ ਦੀ ਰਚਨਾ ਕੀਤੀ ਹੈ। ਜਸ ਤੂਰੁ ਬਜਾਇਅਉ – ਉਸ ਦੀ ਸ਼ੋਭਾ ਦਾ ਹੀ ਤੂਰ (ਵਾਜਾ) ਵਜਾਉਣਾ ਚਾਹੀਦਾ ਹੈ। ਜਸ ਤੂਰੁ – ਸ਼ੋਭਾ ਦਾ ਵਾਜਾ (ਗੁ: ਗ੍ਰ: ਦਰਪਣ)। ਗੁਰ ਰਾਮਦਾਸ ਕਲ੍ਯ੍ਯੁਚਰੈ ਤੈ ਅਭੈ ਅਮਰ ਪਦੁ ਪਾਇਅਉ – ਰਾਮਦਾਸ ਜੀ ਦੇ ਦਰਸਾਏ ਗੁਰ-ਗਿਆਨ ਦੇ ਪ੍ਰਕਾਸ਼ ਨਾਲ ਅਗਿਆਨਤਾ ਦੇ ਹਨੇਰੇ ਤੋਂ ਸਦੀਵੀ ਮੁਕਤੀ ਦਾ ਪਦ ਪ੍ਰਾਪਤ ਕੀਤਾ ਜਾ ਸਕਦਾ ਹੈ। ਕਲ੍ਯ੍ਯੁਚਰੈ – ਕਲ੍ਯ੍ਯ - ਅਗਿਆਨਤਾ। ਚਰੈ-ਚੜਨਾ, ਪ੍ਰਕਾਸ਼ ਹੋਣਾ। ਤੈ – ਤੋਂ। ਅਭੈ – ਭੈ ਰਹਿਤ ਹੋ ਜਾਣਾ, ਭੈ ਤੋਂ ਮੁਕਤੀ ਪ੍ਰਾਪਤ ਕਰ ਲੈਣੀ। ਅਮਰ ਪਦੁ – ਸਦੀਵੀ ਪਦੁ। ਪਾਇਅਉ – ਪ੍ਰਾਪਤ।

ਅਰਥ:- ਜਿਨ੍ਹਾਂ ਦੇ ਅੰਦਰ ਸੰਤੋਖ ਦੇ ਸਰੋਵਰ (ਗਿਆਨ) ਦਾ ਅੰਮ੍ਰਿਤ ਰਸ ਵੱਸ ਗਿਆ, ਉਨ੍ਹਾਂ ਦੇ ਅੰਦਰ ਅਤੇ ਰਸਨਾ ਉੱਪਰ ਵੀ ਸੱਚ-ਪ੍ਰਗਟ ਹੈ। ਭਾਵ ਸੱਚ ਹੀ ਉਨ੍ਹਾਂ ਦੇ ਅੰਦਰ ਅਤੇ ਸੱਚ ਹੀ ਉਨ੍ਹਾਂ ਦੀ ਰਸਨਾ ਉੱਪਰ ਹੈ। ਜਿਸ ਅੰਮ੍ਰਿਤ ਸੱਚ (ਗਿਆਨ) ਪ੍ਰਾਪਤੀ ਨਾਲ ਸ਼ਾਂਤ ਅਵਸਥਾ ਦੀ ਉੱਪਜ ਹੋਣ ਨਾਲ ਦੁਰਮਤਿ ਦੂਰ ਨੱਸ ਜਾਂਦੀ ਹੈ। ਜਿਨ੍ਹਾਂ ਨੇ ਸੁੱਖਾਂ ਦੇ ਸਾਗਰ ਦਾ ਬਖ਼ਸ਼ਿਆ ਹੋਇਆ ਗਿਆਨ ਪ੍ਰਾਪਤ ਕੀਤਾ, ਉਹ ਫਿਰ ਗਿਆਨ ਦੇ ਸੱਚ ਦੇ ਮਾਰਗ ਤੋਂ ਪਿੱਛੇ ਨਹੀਂ ਹਟਦੇ। ਜਿਹੜੇ ਇਸ ਮਾਰਗ ਤੋਂ ਪਿੱਛੇ ਨਹੀਂ ਹਟਦੇ, ਉਨ੍ਹਾਂ ਦਾ ਸੰਜਮ ਸਤੁ ਸੰਤੋਖ ਦੇ ਭਰੋਸੇ ਦਾ ਸੁਨਾਹ ਕਦੇ ਟੁੱਟਦਾ ਨਹੀਂ। ਉਹ ਸੱਚੇ ਦੇ ਬਖ਼ਸ਼ੇ ਹੋਏ ਗਿਆਨ ਸੱਚ ਦੇ ਪ੍ਰਮਾਣਾਂ-ਸਬੂਤਾਂ ਸਹਿਤ ਉਸ ਸੱਚੇ ਦੇ ਸੱਚ ਹੋਣ ਦੀ ਸ਼ੋਭਾ ਦਾ ਵਾਜਾ ਹੀ ਵਜਾਉਂਦੇ ਹਨ ਭਾਵ ਪ੍ਰਚਾਰਦੇ ਹਨ ਕਿ ਉਸ ਸਤਿਗੁਰ ਨੇ ਹੀ ਆਪਣੀ ਬਿਧ ਨਾਲ ਸੰਸਾਰ ਦੀ ਰਚਨਾ ਕੀਤੀ ਹੈ ਭਾਵ ਸੰਸਾਰ ਸਿਰਜਿਆ ਹੈ (ਕਿਸੇ ਹੋਰ ਅਵਤਾਰਵਾਦੀ ਨੇ ਨਹੀਂ)। ਇਸ ਕਰਕੇ ਰਾਮਦਾਸ ਜੀ ਦੇ ਦਰਸਾਏ ਗੁਰ-ਗਿਆਨ ਦੇ ਪ੍ਰਕਾਸ਼ ਨਾਲ (ਅਵਤਰਵਾਦੀ) ਅਗਿਆਨਤਾ ਦੇ ਹਨੇਰੇ ਤੋਂ ਸਦੀਵੀ ਮੁਕਤੀ ਦਾ ਪਦ ਪ੍ਰਾਪਤ ਕੀਤਾ ਜਾ ਸਕਦਾ ਹੈ।

ਨੋਟ:- ਉਸ ਅਵਤਾਰਵਾਦ ਦੀ ਅਗਿਆਨਤਾ ਤੋਂ ਛੁਟਕਾਰਾ ਲੈਣਾ ਹੈ ਜਿਹੜੇ ਆਪਣੇ ਰੱਬ ਹੋਣ ਦਾ ਭਰਮ ਪਾਲਦੇ ਇਹ ਪ੍ਰਚਾਰਦੇ ਹਨ ਕਿ ਸ੍ਰਿਸ਼ਟੀ ਅਸੀਂ ਰਚੀ ਹੈ। ਸਵਈਏ ਮਹਲੇ ਪਹਲੇ ਕੇ ਦੇ ਨੌਵੇਂ ਸਵਈਏ ਨਾਲ ਇਸ ਸਵਈਏ ਨੂੰ ਵਿਚਾਰ ਕੇ ਦੇਖਣ ਨਾਲ ਪਾਠਕ ਜਨਾਂ ਨੂੰ ਹੋਰ ਇਹ ਗੱਲ ਸਪੱਸ਼ਟ ਹੋ ਜਾਵੇਗੀ ਕਿ ਭੱਟ ਸਾਹਿਬਾਨ ਅਜੂਨੀ ਕਰਤੇ ਨੂੰ ਹੀ ਸ੍ਰਿਸ਼ਟੀ ਦਾ ਕਰਤਾ ਮੰਨਦੇ ਹਨ।
.