.

ਗੁਰਬਾਣੀ ਲਗ-ਮਾਤ੍ਰੀ ਨਿਯਮ -2

“ਉਚਰੁ”

ਗੁਰਬਾਣੀ ਵਿਚ ‘ਉਚਰੁ’ ਲਫਜ਼ ਤਕਰੀਬਨ ਦੋ ਵਾਰ ਆਇਆ ਹੈ। ਗੁਰਬਾਣੀ ਵਿਆਕਰਣ ਅਨੁਸਾਰ ਇਹ ਲਫਜ਼ ‘ਕਿਰਿਆ ਵਿਸ਼ੇਸ਼ਣ’ ਹੈ। ਇਸ ਲਫਜ਼ ਦਾ ਅਰਥ ਹੈ ‘ਬੋਲ ਉਚਾਰ’ -:

“ਸ੍ਰੀ ਰਾਮ ਨਾਮਾ ਉਚਰੁ ਮਨਾ” {ਗੳੜੀ ਮ:1 155}

ਉਚਰੁ-{ਕਿਰਿਆ ਵਿਸ਼ੇਸ਼ਣ,ਸੰਸਕ੍ਰਿਤ} ਬੋਲ, ਉਚਾਰਿਆ ਕਰ। ਉਚਾਰਣ- ਉਚੱਰ।

“ਉਚਰਿ”

ਗੁਰਬਾਣੀ ਵਿਚ ਇਹ ਲਫਜ਼ ਕੇਵਲ ਇਕ ਵਾਰ ਹੀ ਆਇਆ ਹੈ। ਗੁਰਬਾਣੀ ਵਿਆਕਰਣ ਅਨੁਸਾਰ ਇਹ ਲਫਜ਼ ‘ਪੂਰਬ ਪੂਰਣ ਕਿਰਦੰਤ’ ਹੈ।-:

“ਕੋਈ ਗਾਵੈ ਕੋ ਸੁਣੈ ਕੋ ਉਚਰਿ ਸੁਣਾਵੈ” {ਕਾਨੜਾ ਵਾਰ 1318)

ਉਚਰਿ-{ਪੂਰਬ ਪੂਰਣ ਕਿਰਦੰਤ ਇਕਵਚਨ}ਬੋਲ ਕੇ

ਉਚਾਰਣ- ਉਚੱਰਿ।

“ਉਚਰੈ”

ਇਹ ਲਫਜ਼ ਗੁਰਬਾਣੀ ਵਿਚ 39 ਵਾਰ ਆਇਆ ਹੈ। 38 ਵਾਰ ਇਹ ਲਫਜ਼ ‘ਬੋਲਣ’ ਦੇ ਅਰਥਾਂ ਵਿਚ ਆਇਆ ਹੈ-:

“ਬ੍ਰਹਮਾ ਕੋਟਿ ਬੇਦ ਉਚਰੈ” {ਭੈਰਉ ਕਬੀਰ 1162}

ਉਚਰੈ-{ਕਿਰਿਆ ਵਿਸ਼ੇਸ਼ਣ} ਉਚਾਰ ਰਹੇ ਹਨ। ਉਚਾਰਣ ‘ਉਚਰੈ’

“ਜਿਉ ਜਿਉ ਨਾਮਾ ਹਰਿ ਗੁਣ ਉਚਰੇ” {ਭੈਰਉ 1164}

ਉਚਰੈ-{ਕਿਰਿਆ ਵਿਸ਼ੇਸ਼ਣ} ਬੋਲਦਾ ਹੈ। ਉਚਾਰਣ- ਉਚਰੈ।

ਉਪਰੋਕਤ ਲਫਜ਼ ਹੀ ਗੁਰਬਾਣੀ ਵਿਚ ਹੋਰ ਅਰਥ ਭਾਵ ਵਿਚ ਆਉਂਦਾ ਹੈ ਅਤੇ ਕੇਵਲ ਇਕੋ ਵਾਰ ਹੀ ਉਸ ਲਫਜ਼ ਦੇ ਦਰਸ਼ਨ ਹੁੰਦੇ ਹਨ-:

“ਕਾਮ ਕ੍ਰੋਧੁ ਤ੍ਰਿਸ਼ਨਾ ਉਚਰੈ” {ਸਾਰੰਗ ਵਾਰ 1245}

ਉਚਰੈ-{ਨਾਂਵ ਵਿਸ਼ੇਸ਼ਣ, ਕਿਰਿਆ} ਚੰਗੀ ਤਰਾਂ ਖਾ ਜਾਏ। ਇਸ ਪੰਕਤੀ ਵਿਚ ਉਪਰੋਕਤ ਲਫ਼ਜ਼ ਦਾ ਉਚਾਰਣ ਬੜ੍ਹਾ ਹੀ ਧਿਆਨ ਦੇਣ ਯੋਗ ਹੈ। ਇਸ ਦਾ ਉਚਾਰਣ ਹੈ ‘ਉ-ਚਰੈ’। ਇਸ ਲਫਜ਼ ਦਾ ਉਚਾਰਣ ‘ਉਚਰੈ’ ਕਰਨ ਨਾਲ ਅਰਥ ਅਨਰਥ ਹੋ ਜਾਂਦੇ ਹਨ।

“ਉਚਰੇ”

“ਜੈ ਕਾਰਣਿ ਬੇਦ ਬ੍ਰਹਮੈ ਉਚਰੇ ਸੰਕਰਿ ਛੋਡਿ ਮਾਇਆ” {ਪ੍ਰਭਾਤੀ 1328}

ਉਚਰੇ-{ਕਿਰਿਆ ਭੂਤਕਾਲ ਅਨਪੁਰਖ ਇਕਵਚਨ} ਉਚਾਰੇ ਸਨ।

“ਦੂਲਹ”

ਗੁਰਬਾਣੀ ਵਿਚ ‘ਦੂਲਹ’ ਲਫ਼ਜ਼ ਇਸ ਰੂਪ ਵਿਚ ਇਕ ਵਾਰ ਹੀ ਆਇਆ ਹੈ। ਗੁਰਬਾਣੀ ਵਿਆਕਰਣ ਅਨੁਸਾਰ ਇਹ ਲਫਜ਼ ਪੁਲਿੰਗ ਇਕਵਚਨ ਨਾਂਵ ਹੈ। ਸੰਸਕ੍ਰਿਤ ਤੋਂ ਇਹ ਲਫਜ਼ ਤਦਭਵ ਰੂਪ ਵਿਚ ਆਇਆ ਹੈ। ਇਸ ਦੇ ਸ਼ਾਬਦਿਕ ਅਰਥ ‘ਪਤੀ, ਲਾੜਾ’ਹਨ ਪਰ ਗੁਰਬਾਣੀ ਵਿਚ ਇਸ ਦੀ ਵਰਤੋਂ ਭਾਵਿਕ ਅਰਥਾਂ ਸਮ ਕੀਤੀ ਹੈ।-:

“ਚਾਰਿ ਮੁਕਤਿ, ਚਾਰੈ ਸਿਧਿ ਮਿਲਿ ਕੈ; ਦੂਲਹ ਪ੍ਰਭ ਕੀ ਸਰਨਿ ਪਰਿਓ” {1105 ਮਾਰੂ}

ਦੂਲਹ-{ਪੁਲਿੰਗ ਇਕ ਵਚਨ ਨਾਂਵ ਸਬੰਧ ਕਾਰਕ} ਦੂਲਹ ਦੀ, ਖਸਮ ਦੀ,

{ਨੋਟ: ‘ਦ’ ਲੁਪਤ ਸੰਬੰਧਕ ਆਉਣ ਕਾਰਣ ‘ਦੂਲਹ’ ਦੇ ‘ਹ’ ਦੀ ਔਂਕੜ ਹਟ ਗਈ ਹੈ। ਇਹ ਲਫਜ਼ ਇਕਵਚਨ ਨਾਂਵ ਹੀ ਹੈ।

ਉਚਾਰਣ ਸੇਧ-: ‘ਦੂਲਹ’ ਲਫਜ਼ ਨੂੰ ਉਚਾਰਣ ਵੱਖ-ਵੱਖ ਤਰ੍ਹਾਂ ਕੀਤਾ ਜਾਂਦਾ ਹੈ। ਕਈ ਸਜੱਣ ਇਸ ਸ਼ਬਦ ਦੇ ਅੰਤਕ ‘ਹ’ ਨੂੰ ‘ਹੈ’ ਦੂਲ੍ਹੈ ਵਾਂਗ ਉਚਾਰਦੇ ਹਨ ਪਰ ਇਹ ਉਚਾਰਣ ਭਾਸ਼ਾਈ ਤੌਰ ‘ਤੇ ਦਰੁਸੱਤ ਨਹੀਂ ਹੈ। ਸੰਸਕ੍ਰਿਤ ਭਾਖਾ ਵਿਚ ਜੋ ਇਸ ਲਫਜ਼ ਦਾ ਮੂਲ ਉਚਾਰਣ ਹੈ ਉਹੀ ਗੁਰਬਾਣੀ ਵਿਚ ਇਸ ਲਫਜ਼ ਦਾ ਕਰਨਾ ਚਾਹੀਦਾ ਹੈ। ‘ਹ’ ਅੰਤਕ ਦੀ ਧੁਨੀ ਪੁਰਾਤਨ ਮੁਹਾਵਰਨੀ ਅਤੇ ਭਾਸ਼ਾ ਗਿਆਨਡ ਅਨੁਸਾਰ ਖੜੀ-ਤੜੀ ਹੈ। ਅੰਤਕ ‘ਹ’ ਦਾ ਝੁਕਾਅ ‘ਕੰਨੇ’ ਵੱਲ ਹੁੰਦਾ ਹੈ ਭਾਵ ਕਿ ਕੰਨੇ ਦੀ ਅੱਧੀ ਧੁਨੀ ਹੁੰਦੀ ਹੈ। ਅਜ-ਕਲ ਭਾਂਵੇ ਇਸ ਦੀ ਧੁਨੀ ਨੂੰ ਰਲ-ਗੱਢ ਕਰ ਦਿਤਾ ਹੈ। ਇਸ ਦਾ ਦਰੁਸੱਤ ਉਚਾਰਣ ‘ਦੂਲ੍ਹਾ’ ਵਾਂਗ ਹੈ। ‘ਹ’ ਦੀ ਧੁਨੀ ਉਸ ਤੋਂ ਪਿਛਲੇ ਸ੍ਵਰ ਨਾਲ ਮਿਲਕੇ ਕੋਮਲ ਰੂਪ ਵਿਚ ਆਵੇਗੀ।

ਉਪਰੋਕਤ ਪੰਗਤੀਆਂ ਵਿਚ ‘ਦੂਲਹ’ ਲਫਜ਼ ਦਾ ਅਰਥ ਕੁਝ ਵਿਦਵਾਨ ‘ਜੀਵ ਜਗਿਆਸੂ’ ਕਰਦੇ ਹਨ ਜੋ ਕਿ ਪ੍ਰਕਰਣ ਅਤੇ ਭਾਸ਼ਾਈ ਤੌਰ ‘ਤੇ ਇਸਤਲਾਹੀ ਨਹੀਂ ਹੈ।

“ਦੂਲਹੁ”

ਇਹ ਲਫਜ਼ ਅੰਤਿਕ ਔਂਕੜ ਸਹਿਤ ਕੇਵਲ ਇਕੋ ਵਾਰ ਹੀ ਗੁਰਬਾਣੀ ਵਿਚ ਆਇਆ ਹੈ। ਇਹ ਭੀ ਗੁਰਬਾਣੀ ਵਿਆਕਰਣ ਅਨੁਸਾਰ ਇਕ ਵਚਨ ਨਾਂਵ ਪੁਲਿੰਗ ਹੈ-:

“ਰਾਮ ਰਾਇ, ਸੋ ਦੂਲਹੁ ਪਾਇਓ; ਅਸ ਬਡਭਾਗ ਹਮਾਰਾ” {ਆਸਾ 482}

ਦੂਲਹੁ-{ਪੁਲਿੰਗ ਇਕਵਚਨ ਨਾਂਵ ਕਰਮ ਕਾਰਕ} ਲਾੜਾ, ਖਸਮ, ਮਾਲਕ।

ਅੰਤਿਕ ਔਂਕੜ ਦਾ ਉਚਾਰਣ ਕਰਨਾ ਅਸ਼ੁਧ ਹੈ ਭਾਵ ਕਿ ‘ਦੂਲਹੋ’ ਨਹੀਂ ਬੋਲਣਾ।ਗੁਰਬਾਣੀ ਵਿਆਕਰਣ ਅਨੁਸਾਰ ਇਹ ਔਂਕੜ ਉਚਾਰਨਾਤਮਕ ਨਹੀਂ ਅਰਥਾਤਮਕ ਹੈ। ਜਿਸ ਤਰ੍ਹਾਂ ਅਸੀਂ ‘ ਸਤਿਨਾਮੁ, ਪੁਰਖੁ, ਨਿਰਵੈਰੁ’ ਆਦਿ ਔਂਕੜ ਨਹੀਂ ਬੋਲਦੇ ਏਸੇ ਤਰ੍ਹਾਂ ਹੀ ਏਥੇ ਭੀ ਉਪਰੋਕਤ ਮਾਪ-ਦੰਡ ਵਰਤਨਾ ਹੈ। ‘ ‘ਬੀਗਾ’

ਗੁਰਬਾਣੀ ਵਿਚ ‘ਬੀਗਾ’ ਲਫਜ਼ ਤਕਰੀਬਨ ਦੋ ਕੁ ਵਾਰ ਆਇਆ ਹੈ।ਇਸ ਲਫਜ਼ ਨੂੰ ਬਹੁਤਾਤ ਵਿਚ ਜਿਸ ਤਰ੍ਹਾਂ ਲਿਖਿਆ ਇਸ ਤਰ੍ਹਾਂ ਹੀ ਉਚਾਰਿਆ ਜਾਂਦਾ ਹੈ ਜਿਸ ਨਾਲ ਅਰਥ ਸਪਸ਼ੱਟ ਨਹੀਂ ਹੁੰਦਾ। ਆਉ ਸਮਝਣ ਦਾ ਯਤਨ ਕਰੀਏ -:

“ਸਾਧ ਕੈ ਸੰਗਿ, ਨ ਬੀਗਾ ਪੈਰੁ” {ਗਉੜੀ ਸੁਖਮਨੀ 271}

ਬੀਗਾ-{ਨਾਂਵ ਵਿਸ਼ੇਸ਼ਣ ਇਕਵਚਨ} ਵਿੰਗਾ। ਇਸ ਨੂੰ ਉਚਾਰਣ ਸਮੇਂ ‘ਬ’ ਬਿਹਾਰੀ ਤੇ ਬਿੰਦੀ ਦਾ ਪ੍ਰਯੋਗ ਕਰਨਾ ਹੈ।ਭਾਵ ਕਿ ‘ਬੀਂਗਾ’ ਵਾਂਗ। ਜੇਕਰ ਇਸ ਲਫਜ਼ ਦਾ ਉਚਾਰਣ ‘ਬੀਗਾ’ ਕਰਾਂਗੇ ਤਾਂ ਅਰਥ ‘ਕਿਰਿਆ ਰੂਪ’ ਵਿਚ ‘ਭਿਜਿੱਆ ਹੋਇਆ’ ਬਣ ਜਾਣਗੇ। ਇਸ ਕਰਕੇ ਅਰਥਾਂ ਦੀ ਸਪਸ਼ੱਟਤਾ ਲਈ ਬਿੰਦੀ ਦਾ ਪ੍ਰਯੋਗ ਕਰਨਾ ਕੋਈ ਗੁਨਾਹ ਨਹੀਂ।

“ਬਾਜਾ ਮਾਣੁ ਤਾਣੁ ਤਜਿ ਤਾਨਾ, ਪਾਉ ਨ ਬੀਗਾ ਘਾਲੈ” {885 ਰਾਮਕਲੀ}

ਬੀਗਾ-{ਨਾਂਵ ਵਿਸ਼ੇਸ਼ਣ ਇਕਵਚਨ}ਵਿੰਗਾ। ਉਚਾਰਣ- ਬੀਂਗਾ।

“ਸਾਵਲ”

ਗੁਰਬਾਣੀ ਵਿਚ ‘ਸਾਵਲ’ ਲਫਜ਼ ਤਿੰਨ ਵਾਰ ਆਇਆ ਹੈ। ਗੁਰਬਾਣੀ ਵਿਆਕਰਣ ਅਨੁਸਾਰ ਇਹ ਲਫਜ਼ ਗੁਣਵਾਚਕ ਵਿਸ਼ੇਸ਼ਣ ਹੈ। ਗੁਰਬਾਣੀ ਵਿਚ ਭੀ ਇਸ ਲਫਜ਼ ਦੀ ਵਰਤੋਂ ਭਾਵ-ਅਰਥਾਂ ਤੌਰ ‘ਤੇ ਕੀਤੀ ਗਈ ਹੈ। ਪਾਵਨ ਗੁਰਬਾਣੀ ਵਿਚ ਇਕ ਵਿਸ਼ੇਸ਼ਤਾ ਹੈ ਕਿ ਕਈ ਲਫਜ਼ ਜਦੋਂ ਇਕ ਥਾ ਆਏ ਹਨ ਤਾਂ ਹੋਰ ਰੂਪ ਵਿਚ ਅਤੇ ਜਦੋਂ ਦੂਜੀ ਥਾਂ ਆਏ ਹਨ ਤਾਂ ਹੋਰ ਰੂਪ ਵਿਚ। ਬਹੁਤਾਤ ਵਿਚ ਕਈ ਸ਼ਬਦਾਂ ਦੀ ਉਚਾਰਣ ਬਿਧੀ ਦੀ ਸੇਧ ਸਾਨੂੰ ਗੁਰਬਾਣੀ ਵਿਚੋਂ ਹੀ ਮਿਲ ਜਾਂਦੀ ਹੈ ਜਿਵੇਂ ਕਿ-:

“ਮੇਰੋ ਬਾਪੁ ਮਾਧਉ! ਤੂ ਧਨੁ ਕੇਸੌ! ਸਾਂਵਲੀਓ! ਬੀਠੁਲਾਇ” {ਮਾਲੀ ਗਉੜਾ 988}

“ਹਮ ਚਿਨੀ ਪਾਤਿਸਾਹ; ਸਾਂਵਲੇ ਬਰਨਾਂ” {ਤਿਲੰਗ 727}

ਉਪਰੋਕਤ ਪੰਗਤੀਆਂ ‘ਤੋਂ ਸਾਨੂੰ ਉਚਾਰਣ ਸੇਧ ‘ਸਾਵਲ’ ਲਫਜ਼ ਪ੍ਰਾਪਤ ਹੋ ਜਾਂਦੀ ਹੈ। ਇਹ ਲਫਜ਼ ਸੰਸਕ੍ਰਿਤ ਭਾਖਾ ਤੋਂ ‘ਸਾਂਵਲ’ ਰੂਪ ਵਿਚ ਹੈ ਉਪਰੋਕਤ ਪੰਗਤੀਆਂ ਤੋਂ ਸੇਧ ਲੈ ਕੇ ਅਸੀਂ ਇਸ ਸ਼ਬਦ ਦਾ ਉਚਾਰਣ ਨਾਸਕੀ ਕਰਨਾ ਹੈ-:

“ਸਾਵਲ ਸੁੰਦਰ ਰਾਮਈਆ ਮੇਰਾ ਮਨੁ ਲਾਗਾ ਤੋਹਿ” {ਗਉੜੀ 335}

ਸਾਵਲ-{ ਗੁਣਵਾਚਕ ਵਿਸ਼ੇਸ਼ਣ ਇਕਵਚਨ} ਸੋਹਣੇ। ਉਚਾਰਣ- ਸਾਂਵਲ।

“ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸੁ ਵਜਾਹਾ” {606 ਸੋਰਠਿ}

ਸਾਵਲ-{ਗੁਣਵਾਚਕ ਵਿਸ਼ੇਸ਼ਣ ਇਕਵਚਨ} ਸੋਹਣੇ ਰਾਮ। ਉਚਾਰਣ- ਸਾਂਵਲ।

ਇਸ ਤਰ੍ਹਾਂ ਅਸੀਂ ਗੁਰਬਾਣੀ ਨੂੰ ਗਹੁ ਨਾਲ ਪੜ੍ਹ ਕੇ, ਸਮਝ ਕੇ, ਵੀਚਾਰਕੇ, ਉਚਾਰਣ ਸੇਧਾਂ ਪ੍ਰਾਪਤ ਕਰ ਸਕਦੇ ਹਾਂ। ਗੁਰਬਾਣੀ ਵਿਚ ਐਸੇ ਤਕਰੀਬਨ 100 ਸ਼ਬਦ ਹਨ ਜਿੰਨਾ ਦੀਆਂ ਉਚਾਰਣ ਸੇਧਾਂ ਗੁਰਬਾਣੀ ਵਿਚੋਂ ਹੀ ਪ੍ਰਾਪਤ ਹੁੰਦੀਆਂ ਹਨ। ਏਸੇ ਪੁਸਤਕ ਵਿਚ ਉਹਨਾਂ ਸ਼ਬਦਾ ਬਾਰੇ ਜਾਣਕਾਰੀ ਦੇਣ ਦਾ ਨਿਮਾਣਾ ਜਿਹਾ ਯਤਨ ਕੀਤਾ ਜਾਵੇਗਾ, ਅਕਾਲ ਪੁਰਖੁ ਜੀ ਰਹਿਮਤ ਕਰਨ।

ਭੁੱਲ-ਚੁਕ ਮੁਆਫ

ਹਰਜਿੰਦਰ ਸਿੰਘ ‘ਘੜਸਾਣਾ’

[email protected]




.