.

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਰੀਰ, ਪ੍ਰਾਣ, ਮਨ ਤੇ ਆਤਮਾ ਦੇ ਸੰਕਲਪ

(ਕਿਸ਼ਤ ਤੀਜੀ)

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਅੰਤਰਆਤਮਾ ਤੇ ਜੀਵਆਤਮਾ
ਜਦ ਸਾਨੂੰ ਕੋਈ ਗਲਤ ਕੰਮ ਕਰਨ ਨੂੰ ਕਿਹਾ ਜਾਂਦਾ ਹੈ ਤਾਂ ਅਸੀਂ ਕਹਿੰਦੇ ਹਾਂ “ਮੇਰੀ ਅੰਤਰਆਤਮਾ ਨਹੀਂ ਮੰਨਦੀ ਗਲਤ ਕੰਮ ਕਰਨ ਨੂੰ”। ਤੇ ਜਦ ਕਦੇ ਅਸੀਂ ਰਾਤ ਨੂੰ ਕੁਤਿਆਂ ਨੂੰ ਉਪਰ ਮੂੰਹ ਕਰਕੇ ਰੋਂਦੇ ਦੇਖਦੇ ਹਾਂ ਤਾਂ ਕਹਿੰਦੇ ਹਾਂ”ਕੋਈ ਜੀਵਆਤਮਾ ਭਟਕਦੀ ਫਿਰਦੀ ਹੈ”। ਇਸ ਤਰ੍ਹਾਂ ਅਸੀਂ ਅੰਤਰਆਤਮਾ ਨੂੰ ਅਪਣਾ ਸਹੀ ਨੁਮਾਇੰਦਾ ਮੰਨਦੇ ਹਾਂ ਜੋ ਜਿਉਂਦੇ ਜੀ ਸਾਡੇ ਨਾਲ ਹੈ ਤੇ ਸਾਡੀ ਜ਼ਿੰਦਗੀ, ਸਾਡੇ ਸਵਾਸ, ਸਾਡੇ ਦਿਲ ੳਤੇ ਅਤੇ ਸਾਡੇ ਮਨ ਨਾਲ ਜੁੜੀ ਹੋਈ ਹੁੰਦੀ ਹੈ। ਜਦਕਿ ਕਿਸੇ ਵਿਛੜੀ ਰੂਹ ਨੂੰ ਵੀ ਅਸੀਂ ਜੀਵਆਤਮਾ ਗਰਦਾਨਦੇ ਹਾਂ। ਇਸਤਰ੍ਹਾਂ ਜੀ ਆਤਮਾ ਕਿਸੇ ਵੀ ਜੀਵ ਦੀ ਹੈ ਜਿਉਂਦੇ ਦੀ ਜਾਂ ਮਰੇ ਦੀ ਜੀਵਆਤਮਾ ਅਖਵਾਉਂਦੀ ਹੈ ਜਿਸ ਦਾ ਨਾਤਾ ਅਸੀਂ ਪਰਮਾਤਮਾਂ ਨਾਲ ਜੋੜਦੇ ਹਾਂ। ਪਰਮਾਤਮਾਂ ਸਾਰੇ ਵਿਸ਼ਵ ਵਿੱਚ ਵਸਿਆ ਹੋਇਆ ਹੇ। ਭਾਵੇਂ ਕਿ ਜੀਵਾ ਦੇ ਰੰਗ ਵੰਨ ਵਿਉਹਾਰ ਸਭ ਵੱਖ ਵੱਖ ਹਨ ਪਰ ਅਸੀਂ ਇਹ ਮੰਨਦੇ ਹਾਂ ਕਿ ਸਭਨਾ ਵਿੱਚ ਇਕੋ ਹੀ ਰੱਬ ਵਸਦਾ ਹੈ ਤੇ ਉਸਦਾ ਹਿਸਾ ਆਤਮਾ ਦੇ ਰੂਪ ਵਿੱਚ ਹੈ ਜਿਸ ਨੂੰ ਅਸੀਂ ਜੀਵਆਤਮਾ ਕਹਿੰਦੇ ਹਾਂ। ਜੀਵਆਤਮਾ ਹਰ ਜੀਵ ਵਿੱਚ ਪਰਮਾਤਮਾ ਦਾ ਹਿਸਾ ਮੰਨਦੇ ਹਾਂ ਜੋ ਪਰਮਾਤਮਾ ਦਾ ਹਰ ਵੇਲੇ ਹੁਕਮ ਮੰਨਦੀ ਹੈ। ਉਸਨੂੰ ਪਰਮਾਤਮਾ ਦੇ ਹਰ ਹੁਕਮ ਦਾ ਸਦਾ ਪਤਾ ਰਹਿੰਦਾ ਹੈ ਤੇ ਉਹ ਇਹ ਕਦੇ ਵੀ ਉਸ ਦੇ ਹੁਕਮ ਦੀ ਅਦੂਲੀ ਨਹੀਂ ਕਰਦੀ। ਇਸ ਦੇ ਉਲਟ ਅੰਤਰਆਤਮਾ ਇੱਕ ਜੀਵ ਦੇ ਅੰਤਰ ਨਾਲ ਜੁੜੀ ਹੁੰਦੀ ਹੈ ਜੋ ਮਨ ਨੂੰ ਬੁਰਾ ਕਰਨ ਤੋਂ ਰੋਕਦੀ ਹੇ ਜੋ ਸੁਸਾਇਟੀ ਜਾਂ ਕੁਦਰਤ ਦੇ ਅਸੂਲਾਂ ਵਿਰੁਧ ਹੁੰਦਾ ਹੈ।
ਜੀਵਨ-ਸ਼ਕਤੀ ਅੰਤਰਆਤਮਾ ਦੇ ਮਨ, ਇੱਛਾ, ਬੁੱਧ ਅਤੇ ਅਹੰ ਦੇ ਵਸੀਲੇ ਹਨ ਜੋ ਇੰਦਰੀਆਂ ਅਧੀਨ ਸਰੀਰ ਨੂੰ ਚਲਾਉਂਦੇ ਹਨ। ਅੰਤਰਆਤਮਾ ਉਦੋਂ ਜ਼ਿਆਦਾ ਕਿਰਿਆਸ਼ੀਲ ਹੁੰਦੀ ਹੈ ਜਦੋਂ ਇਸ ਅੰਦਰ ਪ੍ਰਮਾਤਮਾ ਪ੍ਰਾਪਤੀ ਦੀ ਸੋਝੀ ਜਾਗਦੀ ਹੈ। ਬੁਅਿਾਈਆਂ, ਨਸ਼ਿਆਂ, ਵਿਕਾਰਾਂ ਸਦਕਾ ਸਰੀਰ ਜਵਾਨੀ ਵਿੱਚ ਹੀ ਢਲਣ ਲੱਗ ਪੈਂਦਾ ਹੈ ਤੇ ਅੰਤਰਆਤਮਾ ਕਮਜ਼ੋਰ ਹੋ ਜਾਂਦੀ ਹੈ। ਬਹੁਤੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਇਸ ਕਮਜ਼ੋਰ ਹੋਈ ਅੰਤਰਆਤਮਾ ਦਾ ਹੀ ਸਿੱਟਾ ਹੈ ਜੋ ਗਲਤ ਗਤੀਵਿਧੀਆਂ ਤੇ ਬੁਰੇ ਵਿਚਾਰਾਂ ਤੋਂ ਉਪਜਦੀਆਂ ਹਨ ਜਿਨ੍ਹਾਂ ਨੂੰ ਭਗਵਤਗੀਤਾ ਵਿੱਚ ਪਾਪ ਕਿਹਾ ਗਿਆ ਹੈ। ਕਿਉਂਕਿ ਪਰਮਾਤਮਾ ਸੰਪੂਰਣ ਹੈ ਜੀਵਆਤਮਾ ਹਮੇਸ਼ਾ ਸੰਪੂਰਨਤਾ ਦੀ ਕੋਸ਼ਿਸ਼ ਵਿੱਚ ਲੱਗੀ ਰਹਿੰਦੀ ਹੈ। ਇਸ ਦੇ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ ਹੈ।
ਰਿਗਵੇਦ ਵਿੱਚ (6-47-9) ਜੀਵਆਤਮਾ ਨੂੰ ਤਵਸਥ ਭੀ ਕਿਹਾ ਗਿਆ ਹੈ। ਜਦ ਇੰਦਰੀਆਂ ਵੱਸ ਵਿੱਚ ਹੋਣ ਤੇ ਸਾਤਵਿਕਤਾ ਦੇ ਗੁਣ ਸੱਚ ਤੇ ਸੁੱਚ ਦੀ ਪ੍ਰਧਾਨਤਾ ਹੋਵੇ ਤਾਂ ਸੂਖਮ ਆਤਮਾ ਖਿੜਦੀ ਹੈ। ਅਥਰਵ ਵੇਦ (ਯੀ-8-30) ਅਨੁਸਾਰ ਜੀਵਆਤਮਾ ਸਰੀਰ ਨੂੰ ਸ਼ੁਭ ਕਰਮਾਂ ਵਲ ਮੋੜਦੀ ਰਹਿੰਦੀ ਹੈ ਤੇ ਬੁਰੇ ਕਰਮਾਂ ਵਲੋਂ ਹੋੜਦੀ ਰਹਿੰਦੀ ਹੈ। ਜੋ ਜੀਵਆਤਮਾ ਨੂੰ ਸਰੀਰ ਉਪਰ ਕਾਬੂ ਨਹੀਂ ਰੱਖਣ ਦਿੰਦੇ, ਉਹ ਗਿਆਨ ਪ੍ਰਾਪਤ ਕਰਨ ਪਿੱਛੋਂ ਵੀ ਸਚਾਈ ਦੇ ਤੱਤਾਂ ਤੋਂ ਦੂਰ ਹੁੰਦੇ ਹਨ। ਉਹ ਅਪਣੀਆਂ ਦੁਨਿਆਵੀ ਖਾਹਿਸ਼ਾਂ ਨੂੰ ਨਕਲੀ ਅਧਿਆਤਮਵਾਦ ਦੇ ਉਹਲੇ ਲੁਕਾਉਂਦੇ ਹਨ ਜਿਵੇਂ ਕਿ ਸਾਡੇ ਬਹੁਤੇ ਪ੍ਰਚਾਰਕ ਤੇ ਉਪਦੇਸ਼ਕ ਕਰਦੇ ਹਨ। ਗੀਤਾ ਅਨੁਸਾਰ ਅਜਿਹੇ ਮਨੁਖਾਂ ਨੂੰ ਵਿਵੇਕ ਬੁੱਧੀ ਨਹੀਂ ਹੁੰਦੀ (ਭਗਵਤ ਗੀਤਾ 2-42 ਤੋਂ 44)। ਜਿੱਥੈ ਜੀਵਆਤਮਾ ਸਰੀਰ ਤੇ ਕਾਬੂ ਰੱਖਦੀ ਹੈ ਉੱਥੇ ਜੀਵ ਨੂੰ ਬ੍ਰਹਮਾ ਪਦ ਵੀ ਪ੍ਰਾਪਤ ਹੋ ਜਾਂਦਾ ਹੈ ਤੇ ਉਹ “ਮੈਂ ਬ੍ਰਹਮ ਹਾਂ” ਕਹਿ ਸਕਦਾ ਹੈ। ਸਰੀਰ ਉਪਰ ਜੀਵਆਤਮਾ ਦਾ ਸੰਪੂਰਨ ਕਾਬੂ ਹੋਣ ਨੂੰ ‘ਛਵੋ` ਜਾਂ ‘ਸ਼ਵਾ` ਕਿਹਾ ਗਿਆ ਹੈ। ਅਥਰਵ ਵੇਦ ਅਨੁਸਾਰ ਇਸ ਸਤਰ ਤੇ ਪਹੁੰਚ ਕੇ ਸਰੀਰ ਸਭ ਤੋਂ ਉਤਮ ਸ਼ਕਤੀ ਬਣ ਜਾਂਦਾ ਹੈ ਤੇ ਸਰੀਰ ਆਤਮਾ ਦਾ ਸੰਵਾਦ ਸਮਝਿਆ ਜਾ ਸਕਦਾ ਹੈ।
ਸਾਇੰਸ ਅਨੁਸਾਰ ਹਰ ਜੀਵ ਅਪਣੀਆਂ ਜੀਵਨ-ਹਾਲਾਤਾਂ ਨੂੰ ਖੁਦ ਢਾਲ ਸਕਦਾ ਹੈ ਜਿਸ ਲਈ ਉਹ ਅਪਣੀਆਂ ਸ਼ਕਤੀਆਂ ਨੂੰ ਇੱਕ ਪਾਸਿਓਂ ਸੀਮਤ ਕਰਕੇ ਦੂਸਰੇ ਪਾਸੇ ਲਗਾ ਸਕਦਾ ਹੈ। ਪ੍ਰਮਾਤਮਾਂ ਸ਼ਕਤੀ ਨੂੰ ਲੋੜੀਂਦੀ ਦਿਸ਼ਾ ਵਲ ਢਾਲ ਕੇ ਸਾਰੇ ਜੀਵਾਂ ਵਿੱਚ ਏਕਤਾ ਤੇ ਸਮਨਵਯ ਬਣਾ ਕੇ ਰੱਖਦਾ ਹੈ। ਜਦ ਆਤਮਾ ਬਦਲਣਹਾਰੇ ਜੀਵਨ-ਸਿਸਟਮ ਦਾ ਹਿੱਸਾ ਹੋ ਜਾਂਦੀ ਹੈ ਤਾਂ ਇਸ ਨਵੇਂ ਵਾਤਾਵਰਨ ਵਿੱਚ ਢਲ ਕੇ ਪ੍ਰਮਾਤਮਾ ਦੇ ਕੰਟ੍ਰੋਲ-ਸੂਤਰ ਵਿੱਚ ਬੱਝ ਜਾਦੀ ਹੈ। ਇਸ ਤਰ੍ਹਾਂ ਸਾਰਾ ਹੀ ਵਿਸ਼ਵ ਇੱਕ ਡੋਰੀ ਵਿੱਚ ਬੰਨ੍ਹਿਆਂ ਹੋਇਆ ਹੈ। ਇਸ ਸੂਤਰ ਵਿੱਚ ਨਿਊਰੋਨ ਸੂਚਨਾ ਨੂੰ ਇੱਕ ਜੀਵ ਦੀ ਬਦਲਦੀ ਆਤਮਾ ਨਾਲ ਇੱਕ ਜੀਵਨ ਤੋਂ ਦੂਜੇ ਜੀਵਨ ਤਕ ਲੈ ਜਾਂਦੇ ਹਨ। ਮਿਰਤ ਸਰੀਰ ਦੇ ਸਾਰੇ ਤੱਤ ਜਲ ਜਾਂਦੇ ਜਾਂ ਮਿੱਟੀ ਜਲ ਵਿੱਚ ਖਤਮ ਹੋ ਜਾਂਦੇ ਹਨ ਪਰ ਕੁੱਝ ਸੂਚਨਾ ਰੂਪੀ ਨਿਊਰੋਨ ਪਵਨ ਰਾਹੀਂ ਨਵਾਂ ਸਫਰ ਤਹਿ ਕਰਦੇ ਹਨ। ਨਿਊਰੋਨ ਕਦੇ ਮਰਦੇ ਨਹੀਂ ਤੇ ਲੰਬਾ ਸਫਰ ਤਹਿ ਕਰਨ ਦੇ ਕਾਬਲ ਹੁੰਦੇ ਹਨ ਤੇ ਇਹ ਨਵੇਂ ਸਰੀਰ ਦਾ ਕਾਰਨ ਬਣਦੇ ਹਨ। ਡਾ: ਬੈਨਰਜੀ ਇਸ ਦੀਆਂ ਕਈ ਉਦਾਹਰਨਾ ਦਿੰਦੇ ਹਨ ਜਿੱਥੇ ਉਨ੍ਹਾ ਨੇ ਇਨ੍ਹਾਂ ਨਿਊਰੋਨਾਂ ਦੇ ਸਫਰ ਨੂੰ ਘੋਖਿਆਂ ਹੈ।
ਆਤਮਾ ਤੇ ਅੰਤਹਕਰਣ
ਅੰਤਰਆਤਮਾ ਨੂੰ ਅੰਤਹਕਰਣ ਨਾਲ ਵੀ ਜੋੜਿਆ ਜਾ ਸਕਦਾ ਹੈ ਤੇ ‘ਆਤਮ` ਨੂੰ ‘ਅੰਤਹਕਰਣ` ਜਾਂ ਮਨ ਵੀ ਕਿਹਾ ਗਿਆ ਹੈ।
ਅੰਤਹਕਰਣ: ਅੰਤਰ ਦੀ ਇੰਦਰੀ ਜਿਸ ਦੇ ਸੰਜੋਗ ਨਾਲ ਬਾਹਰਲੀਆਂ ਇੰਦਰੀਆਂ ਕਾਰਜ ਨਿਭਾਉਂਦੀਆ ਹਨ। ਅੰਤਹਕਰਣ` ਦੀ ਸੰਗਿਆ ਹੈ- ਅੰਤਰ ਦੀ ਇੰਦਰੀ, ਜਿਸ ਦੇ ਸੰਜੋਗ ਨਾਲ ਬਾਹਰਲੀਆਂ ਇੰਦਰੀਆਂ ਕਾਰਜ ਕਰਦੀਆਂ ਹਨ। ਆਤਮਾ ਜਾਂ ਅੰਤਹਕਰਣ ਦੀਆਂ ਸਾਰੀਆਂ ਖੂਬੀਆਂ ਗੁਰ-ਗਿਆਨ ਦੁਆਰਾ ਘੜੀਆਂ ਜਾ ਸਕਦੀਆਂ ਹਨ। ਜੇਹਾ ਕਿ ਵਾਕ ਹੈ
ਤਿਥੈ ਘੜੀਐ, ਸੁਰਤਿ ਮਤਿ ਮਨਿ ਬੁਧਿ॥ (ਜਪੁਜੀ ਮ 1: ਪੰਨਾ 8: 2)
ਇਸ ਦੇ ਚਾਰ ਭਾਗ ਹਨ
‘ਮਨ` —ਜਿਸ ਕਰਕੇ ਸੰਕਲਪ ਵਿਕਲਪ ਫੁਰਦੇ ਹਨ।
‘ਬੁਧਿ` —ਜਿਸ ਤੋਂ ਵਿਚਾਰ ਤੇ ਨਿਸਚਾ ਹੁੰਦਾ ਹੈ।
‘ਚਿੱਤਿ` —ਜਿਸ ਕਰਕੇ ਚੇਤਾ ਰਹਿੰਦਾ ਹੈ, ਜਿਸ ਨੂੰ ਯਾਦ ਜਾਂ ਸਿਮਰਨ ਵੀ ਕਿਹਾ ਹੈ।
‘ਅਹੰਕਾਰ` —ਜਿਸ ਤੋਂ ਪਦਾਰਥਾਂ ਨਾਲ ਆਪਣਾ ਸੰਬੰਧ ਹੁੰਦਾ ਹੈ
ਅੰਤਹਕਰਣ ਵਿੱਚ ਹੀ ਸੁਰਤ, ਮਤ, ਮਨ-ਬੁਧਿ ਘੜੇ ਜਾਂਦੇ ਹਨ।
ਪ੍ਰਮਾਤਮਾ ਦੇ ਗੁਣਾਂ ਨੂੰ ਮਨ ਵਿੱਚ ਵਸਾਉਣ ਨਾਲ, ਜਿਸ ਨੂੰ ਸਿਮਰਨ ਕਿਹਾ ਗਿਆ ਹੈ, ਮਨ ਦੇ ਮਾੜੇ ਵਿਕਾਰਾਂ ਨੂੰ ਖ਼ਤਮ ਕਰਨ ਨਾਲ ਆਤਮਿਕ ਜਿੱਤ ਦਰਜ ਹੁੰਦੀ ਹੈ। ਇਸ ਰਸਤੇ ਤੇ ਤੁਰਿਆਂ ਜ਼ਿੰਦਗੀ ਦੀ ਪਵਿੱਤਰ ਰੀਤ ਬਣਦੀ ਹੈ। ‘ਮਨ ਦੀ ਸੋਚ ਦਾ ਨਾਂ ‘ਆਤਮ` ਜਾਂ ਅੰਤਹਕਰਣ ਹੈ।
ਮਨ
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ “ਮਨ ਅੰਤਹਕਰਣ ਦੀ ਇੱਕ ਅਜਿਹੀ ਪ੍ਰਮੁੱਖ ਬਿਰਤੀ ਹੈ, ਜਿਸ ਕਰਕੇ ਸੰਕਲਪ-ਵਿਕਲਪ ਫੁਰਦੇ ਹਨ”। ਮਹਾਨ ਕੋਸ਼ ਵਿੱਚ ‘ਮਨ` ਦੇ ਅਰਥ ਹਨ—ਜਾਮਨ, ਮੰਨਤ ਵਾਲਾ, ਜਿੰਮੇਵਾਰ— ‘ਮਨ` ਨੂੰ ਦਿਲ ਵੀ ਕਿਹਾ ਹੈ ਜੋ ਸਰੀਰ ਦੀ ਅੰਦਰਲੀ ਗਰਮੀ ਕਰਕੇ ਹਰਕਤ ਕਰਦਾ ਹੈ। ‘ਮਨ` ਅੰਤਹਕਰਣ ਦੇ ਰੂਪ ਵਿੱਚ ਵੀ ਆਇਆ ਹੈ। ਖ਼ਿਆਲ, ਜੀਵਾਤਮਾ, ਮਨਨ ਵਿੱਚ ਮਨ ਤੇ ਚਿੰਤਨ ਵਿੱਚ ਚਿੱਤ। ਇਸਤ੍ਰੀ ਪੁਰਸ਼ ਹੀ ਨਹੀਂ ਸਗੋਂ ਸਾਰੀ ਕਾਇਨਾਤ ਵਿੱਚ ਵੀ ਏਹੀ ਨਿਯਮ ਕੰਮ ਕਰਦਾ ਹੈ। ਨਰ ਤੇ ਮਦੀਨ ਦੇ ਮੇਲ ਤੋਂ ਨਵੀਂ ਉਤੇਜਨ, ਨਵਾਂ ਰੂਪ ਪੈਦਾ ਹੁੰਦਾ ਹੈ ਬ-ਸ਼ਰਤੇ ਕਿ ਬੀਜ, ਧਰਤੀ ਤੇ ਮੌਸਮ ਅਨੁਕੂਲ ਹੋਵੇ। ਪਿਤਾ ਦੇ ਜੀਨ ਵਿੱਚ ਬ-ਕਾਇਦਾ ਜਾਨ ਤਥਾ ਚੇਤੰਤਾ ਹੈ ਤਾਂ ਤਿਆਰ ਧਰਤੀ ਦੁਆਰਾ ਦੋ ਜੀਵਾਂ ਤੋਂ ਤੀਜੇ ਜੀਵ ਦੀ ਉਤਪਤੀ ਹੈ। ਪਰ ਸਾਡਾ ਖ਼ਿਆਲ ਬਣਿਆ ਹੋਇਆ ਹੈ ਕਿ ਸ਼ਾਇਦ ਅਕਾਸ਼ ਵਿੱਚ ਆਤਮਾਵਾਂ ਉੱਡ ਰਹੀਆਂ ਹਨ ਤੇ ਜਦੋਂ ਜੀ ਕਰਦਾ ਹੈ ਕਿਸੇ ਸਰੀਰ ਵਿੱਚ ਆ ਜਾਂਦੀਆਂ ਹਨ। ਮਨ ਵਿੱਚ ਜੋਤ ਦਾ ਭਾਵ ਜੀਨ ਦਾ ਜਿਉਂਦਾ ਹੋਣਾ ਤੇ ਜੋਤ ਦੁਆਰਾ ਹੀ ਮਨ ਹੈ। ਇਹਨਾਂ ਦੇ ਵਿਕਾਸ ਦੁਆਰਾ ਹੀ ਅਗਾਂਹ ਗਿਆਨ ਇੰਦਰਿਆਂ ਦਾ ਆਪਸੀ ਮਿਲਾਪ ਹੈ। ਕੁਦਰਤ ਦਾ ਇਹ ਇੱਕ ਬੱਝਵਾਂ ਨਿਯਮ (ਜੋਤ) ਹੈ ਜੋ ਸਾਰੀ ਕਾਇਨਾਤ ਵਿੱਚ ਚੇਤੰਤਾ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ। ਗੁਰ-ਗਿਆਨ ਦੀ ਸੋਝੀ ਰਾਂਹੀ ਜੋਤ ਨੂੰ ਸਮਝ ਕੇ ਸੁਭਾਅ ਵਿਚੋਂ ਵਿਕਾਰਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਸ਼ਬਦ ਦਾ ਸੰਕਲਪ ਆਤਮਿਕ ਜੀਵਨ ਦੀ ਰੂਹਾਨੀਅਤ ਹੈ ਪਰ ਸੁਰਤੀ ਨਾਲ ਸਮਝਣ ਦੀ ਲੋੜ ਹੈ।
ਮਨ ਦੀਆਂ ਚਾਰ ਦਸ਼ਾਵਾਂ ਜਾਂ ਬਿਰਤੀਆ ਹਨ 1. ਮਾਣਸ (ਵਿਚਾਰਾਂ ਤੇ ਖਿਆਲੀ ਉਡਾਣਾ ਦੀ ਥਾਂ) 2. ਚਿੱਤ (ਭਾਵਨਾਵਾਂ ਤੇ ਕੋਮਲ-ਕਠੋਰ ਅਨੂਭੂਤੀਆਂ ਦੀ ਥਾਂ-ਦਿਲ ਜਿੱਥੇ ਪਿਆਰ, ਹਮਦਰਦੀ ਜਾ ਕਰੂਰਤਾ ਜਾਗਦੀ ਹੈ), 3. ਬੁੱਧੀ (ਪ੍ਰਾਪਤ ਜਾ ਅਰਜਿਤ ਗਿਆਨ ਦੀ ਥਾਂ) 4. ਅਹੰਕਾਰ (ਗੁਮਾਨ, ਹਉਮੈਂ, ਹੰਕਾਰ ਦੀ ਥਾਂ)। ਹੰਕਾਰ ਸਦਕਾ ਅਸੀਂ ਅਸਲ ਸੱਚ ਨਹੀਂ ਦੇਖ ਸਕਦੇ ਤੇ ਉਸੇ ਨੂੰ ਹੀ ਸੱਚ ਮੰਨ ਲੈਂਦੇ ਹਾਂ ਜੋ ਸਾਨੂੰ ਦਿਸਦਾ ਹੈ ਤੇ ਸਾਡੀ ਜ਼ਰੂਰਤ ਪੂਰੀ ਕਰਦਾ ਹੈ। ਹੰਕਾਰ ਤੇ ਹਉਮੈਂ ਮਾਰਨਾ ਜੀਵ ਲਈ ਸਭ ਤੋਂ ਜ਼ਰੂਰੀ ਹੈ।
ਸ਼ਬਦ ਦੀ ਵਿਚਾਰ ਨੂੰ ਆਪਣੇ ਮਨ ਵਿੱਚ ਵਸਾਉਣਾ ਹੈ ਨਾਲ ਬੁੱਧੀ ਭਾਵ ਅਕਲ ਘੜੀ ਜਾਂਦੀ ਹੈ। ਅੰਦਰਲੀ ਚੇਤੰਤਾ ਦਾ ਨਾਂ ‘ਆਤਮਾ` ਹੈ ਜੋ ਸੁਰਤੀ ਨਾਲ ਮਤ ਨੂੰ ਉੱਚਾ ਕਰਕੇ ਅਕਲ ਵਿੱਚ ਵਾਧਾ ਕਰਨਾ ਹੈ ਤਾਂ ਜੋ ਮਨ ਰੂਪੀ ਚੇਤੰਤਾ ਦੀ ਅਸਲੀ ਘਾੜਤ ਘੜੀ ਜਾਏ। ਗੁਰਮਤ ਗਿਆਨ ਦੁਆਰਾ ਹੀ ਮਨ ਨੂੰ ਵੱਸ ਵਿੱਚ ਕੀਤਾ ਜਾ ਸਕਦਾ ਹੈ ਭਾਵ ‘ਅੰਤਹਕਰਣ` ਵਿਚੋਂ ਹੰਕਾਰ ਮੁੱਕ ਸਕਦਾ ਹੈ।
ਮਨ ਉਸ ਸੋਚ ਅਵਸਥਾ ਦਾ ਧਾਰਨੀ ਹੇ ਜੋ ਸਰੀਰ ਨੂੰ ਚਲਦਾ ਰੱਖਦੀ ਹੈ। ਇਹ ਸਰੀਰ ਨੂੰ ਗਲਤ ਦਿਸ਼ਾ ਵਲ ਲਿਜਾਕੇ ਕੁਕਰਮ ਵੀ ਕਰਵਾਉਂਦੀ ਹੈ ਤੇ ਚੰਗੀ ਦਿਸ਼ਾ ਵਲ ਲਿਜਾਕੇ ਸੁਕਰਮ ਵੀ। ਗੁਰੂ ਤੇ ਸ਼ਬਦ ਗੁਰੂ ਤੋਂ ਸਿਖਿਆ ਲੈ ਕੇ ਮਨ ਨੂੰ ਬੁਰਿਆਈਆਂ ਤੋਂ ਰੋਕ ਕੇ ਚੰਗੇ ਰਸਤੇ ਪਾਇਆ ਜਾ ਸਕਦਾ ਹੈ।
ਮਨ ਲੋਚੈ ਬੁਰਿਆਈਆ, ਗੁਰ ਸਬਦੀ ਇਹ ਮਨੁ ਹੋੜੀਐ।
ਮਨ ਕੁਦਰਤਨ ਹੀ ਬੇਰੋਕ ਸੋਚਦਾ ਹੈ ਤੇ ਖਿਆਲਾਂ ਦੀਆਂ ਨਦੀਆਂ ਲਗਾਤਾਰ ਵਗਾਉਂਦਾ ਰਹਿੰਦਾ ਹੈ। ਇਨ੍ਹਾਂ ਖਿਆਲਾਂ ਜਾ ਵਿਚਾਰਾਂ ਦੀ ਬਣਤਰ ਸਮੇਂ, ਸਥਾਨ, ਸਾਥ, ਹਾਲਾਤ ਤੇ ਸਥਿਤੀ ਤੇ ਨਿਰਭਰ ਕਰਦੇ ਹਨ। ਇਹ ਸੋਚਾਂ, ਖਿਆਲ ਜਾਂ ਵਿਚਾਰ ਕਦੇ ਬੁਰੇ ਤੇ ਕਦੇ ਪਵਿਤਰ ਤੇ ਸੁੱਚੇ ਹੁੰਦੇ ਹਨ। ਖਿਆਲਾਂ-ਵਿਚਾਰਾਂ ਦੀ ਬਣਤਰ ਅਨੁਸਾਰ ਸਰੀਰ ਦੇ ਅੰਗ ਵੀ ਅਪਣਾ ਕਾਰਜ ਨਿਭਾਉਂਦੇ ਹਨ। ਬੁਰੇ ਵਿਚਾਰ ਬੁਰੇ ਹਾਲਾਤ ਪੈਦਾ ਕਰਦੇ ਹਨ ਤੇ ਬਿਮਾਰੀਆਂ ਪੈਦਾ ਕਰਨ ਜਾਂ ਵਧਾਉਣ ਵਿੱਚ ਵੀ ਹਿਸਾ ਪਾਉਂਦੇ ਹਨ। ਇਸੇ ਲਈ ਤਾਂ ਕਹਿੰਦੇ ਹਨ “ਹਰ ਬਿਮਾਰੀ ਦੀ ਜੜ੍ਹ ਮਨ ਵਿੱਚ ਹੁੰਦੀ ਹੈ”। ਇਸੇ ਤਰ੍ਹਾਂ ਹਰ ਹਾਰ-ਜਿਤ ਦੀ ਜੜ੍ਹ ਵੀ ਮਨ ਵਿੱਚ ਹੈ।
ਗੁਰਸ਼ਬਦ ਰਾਹੀਂ ਅਸੀਂ ਅਪਣੇ ਚੰਚਲ ਮਨ ਨੂੰ ਕਾਬੂ ਵਿੱਚ ਰੱਖ ਸਕਦੇ ਹਾਂ ਤੇ ਪੁੱਠੀਆਂ ਗਤੀਵਿਧੀਆਂ ਤੋਂ ਰੁਕ ਸਕਦੇ ਹਾਂ। ਮਨ ਨੂੰ ਮਾਰ ਕੇ ਅਸੀਂ ਹਰ ਵਸਤ ਪਾ ਸਕਦੇ ਹਾਂ ਪਰਮਾਤਮਾ ਨੂੰ ਵੀ:
ਬਿਨ ਮਨ ਮੁਏ ਕੈਸੇ ਹਰ ਪਾਏ। (ਮ: 3, ਪੰਨਾ 665: 3)
ਮਨ ਨੂੰ ਚੰਗੇ ਰਾਹ ਪਾਉਣ ਦਾ ਕੰਮ ਆਤਮਾ ਕਰਦੀ ਹੈ ਜੋ ਉਸਨੂੰ ਬੁਰੇ ਕੰਮ ਕਰਨ ਤੋਂ ਹਮੇਸ਼ਾ ਵਰਜਦੀ ਹੈ। ਬੁਰੇ ਕੰਮ ਉਹੀ ਕਰਦੇ ਹਨ ਜੋ ਆਤਮਾ ਦੀ ਨਹੀਂ ਸੁਣਦੇ। ਆਤਮਾ ਦੀ ਆਵਾਜ਼ ਹਮੇਸ਼ਾ ਸੱਚੀ ਹੁੰਦੀ ਹੈ ਕਿਉਂਕਿ ਉਹ ਹਮੇਸ਼ਾ ਸੱਚੇ ਪਰਮ ਪਿਤਾ ਪਰਮਾਤਮਾ ਨਾਲ ਜੁੜੀ ਹੁੰਦੀ।
ਮਨ, ਚਿਤ ਸਭ ਅੰਤਹਕਰਣ ਦੇ ਹੀ ਹਿਸੇ ਗਿਣੇ ਗਏ ਹਨ ਤੇ ਦਿਲ ਮਨ ਤੋਂ ਪ੍ਰਭਾਵਿਤ। ਇਸੇ ਲਈ ਗੁਰਬਾਣੀ ਵਿੱਚ ਮਨ ਦੀ ਥਾਂ ਦਿਲ ਵੀ ਵਰਤਿਆ ਗਿਆ ਹੈ
ਚਿਤ: ਅੰਤਹਕਰਣ
ਰੇ ਚਿਤ ਚੇਤਸ ਦੀਨ ਦਇਆਲ। (ਆਸਾ ਧੰਨਾ ੪੮੮: ੨)
ਦਿਲ: ਦਿਲ ਮਹਿ ਸਾਂਈ ਪ੍ਰਗਟੈ (ਕਬੀਰ, ਪੰਨਾ ੧੩੭੪: ੧੦) ਸੰਕਲਪ, ਖਿਆਲ (ਮਹਾਨਕੋਸ਼ ਪੰਨਾ ੬੩੪)
ਮਨ ਤੇ ਆਤਮਾ ਸਰੀਰ ਦੇ ਸੂਖਮ ਭਾਗ ਹਨ ਜੋ ਇੱਕ ਦੂਜੇ ਦੇ ਨਾਲ ਜੁੜੇ ਹੋਏ ਹਨ। ਆਤਮਾ ਮਨ ਦੀ ਲਗਾਤਾਰ ਰਾਹ ਦਰਸਾਊ ਹੈ। ਆਤਮਾ ਤੇ ਸਰੀਰ ਖਤਮ ਹੋਣ ਨਾਲ ਵੀ ਖਤਮ ਨਹੀਂ ਹੁੰਦੇ ਤੇ ਜੇ ਕੋਈ ਆਵਾਗਮਨ ਦਾ ਚੱਕਰ ਹੈ ਤਾਂ ਇਹ ਚੱਕਰ ਆਤਮਾ ਤੇ ਮਨ ਹੀ ਭੁਗਤਦੇ ਹਨ ਸਰੀਰ ਨਹੀਂ। ਸਰੀਰ ਖਤਮ ਹੋਣ ਤੇ ਇਹ ਊਰਜਾ ਦਾ ਰੂਪ ਹੋ ਸਮੁਚੇ ਊਰਜਾ ਵਿੱਚ ਸੰਮਿਲਿਤ ਹੋ ਜਾਦੇ ਹਨ ਤੇ ਹੁਕਮਾਨੁਸਾਰ ਨਵਾਂ ਜੀਵਨ ਧਾਰਨ ਕਰਦੇ ਹਨ। ਆਤਮਾ ਨੂੰ ਮਰਨ ਦਾ ਕੋਈ ਡਰ ਭਉ ਨਹੀਂ ਕਿਉਂਕਿ ਇਸ ਲਈ ਤਾਂ ਇਹ ਇੱਕ ਸੁਭਾਵਕ ਕੁਦਰਤੀ ਬਦਲਾਉ ਹੈ ਜੋ ਲਗਾਤਾਰ ਹੁੰਦੇ ਹੀ ਜਾਣਾ ਹੈ ਜਦ ਤਕ ਇਹ ਪੂਰਨ ਟਿਕਾ ਵਿੱਚ ਨਹੀਂ ਆ ਜਾਂਦੀ। ਪੂਰਨ ਟਿਕਾ ਉਦੋਂ ਹੋ ਹੋਣਾ ਹੈ ਜਦ ਤਕ ਇਹ ਅਪਣੇ ਸਰੋਤ ਵਿੱਚ ਨਹੀਂ ਮਿਲ ਜਾਂਦੀ ਜਾਂ ਕਹਿ ਲਓ ਜੋਤ ਜੋਤ ਵਿੱਚ ਨਹੀਂ ਸਮਾ ਜਾਂਦੀ। ਇਸੇ ਪ੍ਰਕਿਰਿਆ ਨੂੰ ਜੋਤੀ ਜੋਤ ਸਮਾਉਣਾ ਕਿਹਾ ਗਿਆ ਹੈ। ਇਸ ਜੋਤੀ ਜੋਤ ਪ੍ਰਕਿਰਿਆ ਨੂੰ ਸੰਪੂਰਨ ਕਰਨ ਲਈ ਆਤਮਾ ਨੂੰ ਮਨ, ਮਨ ਨੂੰ ਪ੍ਰਾਣ ਤੇ ਸਰੀਰ ਸਾਧਣੇ ਪੈਣਗੇ। ਮਨ ਵਿੱਚੋਂ ਉਹ ਸਮੁਚੀ ਮੈਲ ਧੋਣੀ ਪਵੇਗੀ ਜੋ ਉਸ ਨੇ ਦੁਨਿਆਬੀ ਖਿੱਚਾਂ, ਮੋਹ-ਮਮਤਾ ਕਰਕੇ ਅਪਣੇ ਨਾਲ ਲਗਾ ਲਈ ਹੈ।
ਆਮ ਸਵਾਲ ਉਠਾਏ ਜਾਂਦੇ ਹਨ:
ਉਹ ਕੌਣ ਹੈ? ਕਿੱਥੇ ਹੈ? ਜੋ ਸਰੀਰ ਆਤਮਾ, ਮਨ ਪ੍ਰਾਣ ਬਣਾਉਂਦਾ, ਚਲਾਉਂਦਾ, ਮਿਟਾਉਂਦਾ ਤੇ ਘੁਮਾਉਂਦਾ ਹੈ ਤੇ ਫਿਰ ਅਪਣੇ ਆਪ ਵਿੱਚ ਸਫਰ ਮੁਕਾਉਂਦਾ ਹੈ? ਜਿਸ ਬਾਰੇ ਗੁਰਬਾਣੀ ਵਿੱਚ ਫੁਰਮਾਣ ਹੈ; “ਏ ਮਨ ਮੇਰਿਆ ਤੂ ਸਦਾ ਰਹੁ ਹਰ ਨਾਲੇ`। ਕੀ ਮਨ ਤੇ ਆਤਮਾ ਨੂੰ ਹੋਰ ਵੀ ਕੋਈ ਰਾਹ ਦਸਦਾ ਹੈ ਕਿ ਇਹ ਗੁਰਬਾਣੀ ਪੜ੍ਹਣੀ ਹੈ, ਇਹ ਗੁਰੂ ਅਪਣਾਉਣਾ ਹੈ? ਜਾਂ ਇਹ ਅਪਣੇ ਆਪ ਪਰਮਾਤਮਾ ਪ੍ਰਾਪਤੀ ਦੇ ਰਸਤੇ ਤੇ ਪੈ ਜਾਂਦੇ ਹਨ? ਜੇ ਆਤਮਾ ਮਨ ਨੂੰ ਸਮਝਾਉਂਦੀ ਹੈ ਤਾਂ ਕਿਵੇਂ ਸਮਝਾਉਂਦੀ ਹੈ? ਆਤਮਾ ਤੇ ਮਨ ਦਾ ਵਾਰਤਾਲਾਪ ਕਿਸ ਭਾਸ਼ਾ ਵਿੱਚ ਹੁੰਦਾ ਹੈ? “ਭਈ ਪਰਾਪਤ ਮਾਨੁਖ ਦੇਹੁਰੀਆ। ਗੋਬਿੰਦ ਮਿਲਣ ਕੀ ਇਹੁ ਤੇਰੀ ਬਰੀਆ”। ਇਹ ਗੋਬਿੰਦ ਕੌਣ ਹੈ ਜਿਸ ਨੂੰ ਮਿਲਣਾ ਹੈ? ਕੀ ਗੋਬਿੰਦ ਇਨਸਾਨੀ ਜੀਵਨ ਵਿੱਚ ਹੀ ਮਿਲ ਸਕਦਾ ਹੈ? ਹੋਰ ਜੀਵਨ ਵਿੱਚ ਨਹੀਂ? ਗੋਬਿੰਦ ਕੀ ਹੈ ਕੀ ਨਹੀਂ ਇਸ ਦੀ ਵਿਆਖਿਆ ਇਨ੍ਹਾਂ ਸਬਦਾਂ ਵਿੱਚ ਬਖੂਬੀ ਕੀਤੀ ਗਈ ਹੈ।
(ੳ) ਅਚਰਜ ਕਥਾ ਮਹਾ ਅਨੂਪ ॥ ਪ੍ਰਾਤਮਾ ਪਾਰਬ੍ਰਹਮ ਕਾ ਰੂਪੁ ॥ ਰਹਾਉ ॥
ਨਾ ਇਹੁ ਬੂਢਾ ਨਾ ਇਹੁ ਬਾਲਾ ॥ ਨਾ ਇਸੁ ਦੂਖੁ ਨਹੀ ਜਮ ਜਾਲਾ ॥
ਨਾ ਇਹੁ ਬਿਨਸੈ ਨਾ ਇਹੁ ਜਾਇ ॥
ਆਦਿ ਜੁਗਾਦੀ ਰਹਿਆ ਸਮਾਇ ॥ ੧ ॥
ਨਾ ਇਸੁ ਉਸਨੁ ਨਹੀ ਇਸੁ ਸੀਤੁ ॥ ਨਾ ਇਸੁ ਦੁਸਮਨੁ ਨਾ ਇਸੁ ਮੀਤੁ ॥
ਨਾ ਇਸੁ ਹਰਖੁ ਨਹੀ ਇਸੁ ਸੋਗੁ ॥ ਸਭੁ ਕਿਛੁ ਇਸ ਕਾ ਇਹੁ ਕਰਨੈ ਜੋਗੁ ॥ ੨ ॥
ਨਾ ਇਸੁ ਬਾਪੁ ਨਹੀ ਇਸੁ ਮਾਇਆ ॥ ਇਹੁ ਅਪਰੰਪਰੁ ਹੋਤਾ ਆਇਆ ॥
ਪਾਪ ਪੁੰਨ ਕਾ ਇਸੁ ਲੇਪੁ ਨ ਲਾਗੈ ॥ ਘਟ ਘਟ ਅੰਤਰਿ ਸਦ ਹੀ ਜਾਗੈ ॥ ੩ ॥
ਤੀਨਿ ਗੁਣਾ ਇੱਕ ਸਕਤਿ ਉਪਾਇਆ ॥ ਮਹਾ ਮਾਇਆ ਤਾ ਕੀ ਹੈ ਛਾਇਆ ॥
ਅਛਲ ਅਛੇਦ ਅਭੇਦ ਦਇਆਲ ॥ ਦੀਨ ਦਇਆਲ ਸਦਾ ਕਿਰਪਾਲ ॥
ਤਾ ਕੀ ਗਤਿ ਮਿਤਿ ਕਛੂ ਨ ਪਾਇ ॥ ਨਾਨਕ ਤਾ ਕੈ ਬਲਿ ਬਲਿ ਜਾਇ ॥ (ਪੰਨਾ ੮੬੮)
(ਅ) ਨਾ ਇਹੁ ਮਾਨਸੁ ਨਾ ਇਹੁ ਦੇਉ ॥ ਨਾ ਇਹੁ ਜਤੀ ਕਹਾਵੈ ਸੇਉ ॥
ਨਾ ਇਹੁ ਜੋਗੀ ਨਾ ਅਵਧੂਤਾ ॥ ਨਾ ਇਸੁ ਮਾਇ ਨ ਕਾਹੂ ਪੂਤਾ ॥ ੧ ॥
ਇਆ ਮੰਦਰ ਮਹਿ ਕੌਨ ਬਸਾਈ ॥ ਤਾ ਕਾ ਅੰਤੁ ਨ ਕੋਊ ਪਾਈ ॥ ੧ ॥ ਰਹਾਉ ॥
ਨਾ ਇਹੁ ਗਿਰਹੀ ਨਾ ਓਦਾਸੀ ॥ ਨਾ ਇਹੁ ਰਾਜ ਨ ਭੀਖ ਮੰਗਾਸੀ ॥
ਨਾ ਇਸੁ ਪਿੰਡੁ ਨ ਰਕਤੂ ਰਾਤੀ ॥ਨਾ ਇਹੁ ਬ੍ਰਹਮਨੁ ਨਾ ਇਹੁ ਖਾਤੀ ॥ ੨ ॥
ਨਾ ਇਹੁ ਤਪਾ ਕਹਾਵੈ ਸੇਖੁ ॥ ਨਾ ਇਹੁ ਜੀਵੈ ਨ ਮਰਤਾ ਦੇਖੁ ॥
ਇਸੁ ਮਰਤੇ ਕਉ ਜੇ ਕੋਊ ਰੋਵੈ ॥ ਜੋ ਰੋਵੈ ਸੋਈ ਪਤਿ ਖੋਵੈ ॥ ੩ ॥
ਗੁਰ ਪ੍ਰਸਾਦਿ ਮੈ ਡਗਰੋ ਪਾਇਆ ॥ ਜੀਵਨ ਮਰਨੁ ਦੋਊ ਮਿਟਵਾਇਆ ॥
ਕਹੁ ਕਬੀਰ ਇਹੁ ਰਾਮ ਕੀ ਅੰਸੁ ॥ ਜਸ ਕਾਗਦ ਪਰ ਮਿਟੈ ਨ ਮੰਸੁ ॥ (ਕਬੀਰ ੮੭੧)

ਜਦ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਣ ਲਗਦੇ ਹਾਂ ਤਾਂ ਸਭ ਤੋਂ ਪਹਿਲਾਂ “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।। ਆਉਂਦਾ ਹੈ ਜੋ ਸਾਰੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੁਨਿਆਦ ਮੰਨਿਆਂ ਗਿਆ ਹੈ। ਇਸ ਮੂਲ-ਮੰਤ੍ਰ ਵਿੱਚ ਜਿਸ ਹਸਤੀ ਦੀ ਵਿਆਖਿਆ ਕੀਤੀ ਹੋਈ ਉਸ ਨੂੰ ਅਸੀਂ ਵਾਹਿਗੁਰੂ, ਅਕਾਲ-ਪੁਰਖ, ਨਿਰੰਕਾਰ, ਗਾਡ, ਅੱਲਾ, ਰਾਮ, ਗੋਬਿੰਦ ਤੇ ਹੋਰ ਅਣਗਿਣਤ ਨਾਵਾਂ ਨਾਲ ਪੁਕਾਰਦੇ ਹਾਂ। ਇਹੋ ਉਹ ਸ਼੍ਰਿਸ਼ਟੀ-ਕਰਤਾ ਹੈ ਜਿਸ ਕੋਲੋਂ ਸਾਡੀ ਆਤਮਾ ਵਿਛੜੀ ਹੈ ਤੇ ਜਿਸ ਵਿੱਚ ਜਾ ਕੇ ਅਸੀਂ ਸਮਾਉਣਾ ਹੈ। ੮੪ ਲੱਖ ਜੂਨਾਂ ਦਾ ਆਮ ਜ਼ਿਕਰ ਕੀਤਾ ਜਾਂਦਾ ਹੈ ਤੇ ਇਹ ਵੀ ਮਾਨਵੀ ਜੂਨ ਸਭ ਤੋਂ ਉਤਮ ਹੈ ਜਿਸ ਵਿੱਚ ਗੋਬਿੰਦ ਪ੍ਰਾਪਤੀ ਸਭ ਤੋਂ ਜ਼ਿਆਦਾ ਸੰਭਵ ਹੈ ਕਿਉਂਕਿ ਇਨਸਾਨ ਕੋਲ ਵਿਕਸਤ ਮਨ ਹੈ ਜਿਸ ਨੂੰ ਆਤਮਾ ਆਸਾਨੀ ਨਾਲ ਸਮਝਾ ਸਕਦੀ ਹੈ ਤੇ ਗੋਬਿੰਦ-ਮਾਰਗ ਤੇ ਤੋਰ ਸਕਦੀ ਹੈ। ਮਨ ਨੂੰ ਸਾਧਨਾ ਵਲ ਮੋੜਦੀ ਹੈ ਤੇ ਸਹਿਜ ਸੁਭਾ ਪਲ ਪਲ ਗੋਬਿੰਦ ਨੂੰ ਯਾਦ ਕਰਨ ਲਈ ਲਗਾਈ ਰੱਖਦੀ ਹੈ। ਜਦ ਮਨ ਗੋਬਿੰਦ ਜਾ ਪਰਮ ਪਿਤਾ ਪਰਮਾਤਮਾ ਨਾਲ ਜੁੜਦਾ ਹੈ ਤਾਂ ਫਿਰ ਉਸਦਾ ਹੀ ਹੋ ਕੇ ਰਹਿ ਜਾਂਦਾ ਹੈ ਤੇ ਮੈ-ਮੇਰੀ ਦਾ ਖਾਤਮਾ ਹੋ ਜਾਂਦਾ ਹੈ ਤੇ ਦੁਨਿਆਬੀ ਮੋਹ-ਮਾਇਆ ਦੀ ਖਿੱਚ ਨਹੀਂ ਰਹਿੰਦੀ।
ਆਤਮਾ ਪਰਾਤਮਾ ਏਕੋ ਕਰੈ। ਅੰਤਰ ਕੀ ਦੁਬਿਧਾ ਅੰਤਰਿ ਮਰੈ। (ਪੰਨਾ ੬੬੧)
ਇਸੇ ਪਰਕਿਰਿਆ ਨਾਲ ਮਨ ਸਾਰੇ ਐਬਾਂ-ਵਿਕਾਰਾਂ ਤੋਂ ਪਾਕ-ਸਾਫ ਹੋ ਜਾਂਦਾ ਹੈ। ਸਾਫ ਮਨ, ਮਨ ਦਾ ਗੋਬਿੰਦ ਵਲ ਹਮੇਸ਼ਾ ਧਿਆਨ, ਪਲ ਪਲ ਗੋਬਿੰਦ ਦਾ ਨਾਮ ਇਹ ਸਭ ਗੋਬਿੰਦ ਨੂੰ ਖਿੱਚ ਲੈਂਦੇ ਹਨ ਤੇ ਇਹੋ ਜਿਹੀ ਪਾਕ-ਪਵਿਤਰ ਰੂਹ ਨੂੰ ਪਰਮਾਤਮਾ ਅਪਣੇ ਵਿੱਚ ਬੁਲਾ ਲੈਂਦਾ ਹੈ, ਮਿਲਾ ਲੈਦਾ ਹੈ। ਸਿੱਖ ਧਰਮ ਵਿੱਚ ਇਹੋ ਮੁਕਤੀ ਹੈ, ਇਹੋ ਆਉਣ-ਜਾਣ ਤੋਂ ਛੁਟਕਾਰਾ ਹੈ।
ਏਥੇ ਇਹ ਦਸਣਾ ਜ਼ਰੂਰੀ ਹੈ ਕਿ ਇਸ ਮਿਲਣ-ਮਿਟਣ ਨਾਲ ਮੌਤ ਦਾ ਸਬੰਧ ਨਹੀਂ। ਇਹ ਤਾਂ ਜੀਵਦਿਆਂ ਹੀ ਇਸ ਤਰ੍ਹਾਂ ਦਾ ਜੀਵਨ ਹੋ ਜਾਂਦਾ ਹੈ ਜੋ ਸਦਾ ਉਸ ਵਿੱਚ ਜੁੜਿਆ ਰਹਿੰਦਾ ਹੈ। ਆਤਮਾ ਪਰਮਾਤਮਾ ਦਾ ਕਣ-ਨੁਮਾ ਹਿਸਾ ਹੈ ਜਿਸ ਦਾ ਮਨ ਨਾਲ ਸੰਵਾਦ ਮਨ ਤੇ ਆਤਮਾ ਦੋਨਾਂ ਵਿੱਚ ਤਬਦੀਲੀ ਦਾ ਕਾਰਨ ਬਣਦਾ ਹੈ। ਮਨ ਤੋਂ ਆਤਮਾ ਗਿਰਦੇ ਫੈਲਦੀ ਦੁਨਿਆਵੀ ਮੈਲ ਆਤਮਾ ਤੇ ਪਰਮਾਤਮਾ ਵਿਚਕਾਰ ਵਿੱਥ ਪੈਦਾ ਕਰਦੀ ਜਾਂਦੀ ਹੈ। ਇਹ ਵਿੱਥ ਉਦੋਂ ਹੀ ਘੱਟ ਹੁੰਦੀ ਹੈ ਜਦੋਂ ਮਨ ਪਹਿਲਾਂ ਅਪਣੀ ਮੈਲ ਉਤਾਰਦਾ ਹੇ ਤੇ ਫਿਰ ਰੂਹ ਗਿਰਦੇ ਹਉਮੈ, ਮੋਹ-ਮਾਇਆ, ਕਾਮ ਕ੍ਰੋਧ, ਲੋਭ, ਮੋਹ, ਅਹੰਕਾਰ ਆਦਿ ਬਦੀਆਂ ਦੀ ਚੜ੍ਹੀ ਮੈਲ ਨੂੰ ਸਾਫ ਕਰਦਾ ਹੈ ਜਿਸ ਦੀ ਦਿਸ਼ਾ ਆਤਮਾ ਹੀ ਦਿੰਦੀ ਹੈ। ਇਹ ਉਦੋਂ ਹੀ ਹੁੰਦਾ ਹੈ ਜਦੋਂ ਮਨ ਆਤਮਾ ਦੀ ਗੱਲ ਮੰਨਦਾ ਹੈ। ਜਦ ਤਕ ਮਨ ਆਤਮਾ ਦੀ ਗੱਲ ਨਹੀਂ ਮੰਨਦਾ ਸ਼ੁਧੀ ਦੀ ਸੰਭਾਵਨਾ ਨਹੀਂ।
“ਆਤਮਾ ਪਰਾਤਮਾ ਏਕੋ ਕਰੈ” ਜਦੋਂ ‘ਮਨ` ਦੀ ਵੱਖਰੀ ਹੋਂਦ ਮੁੱਕ ਜਾਂਦੀ ਹੈ, ‘ਆਤਮਾ-ਪ੍ਰਮਾਤਮਾ` ਇੱਕ ਹੋ ਜਾਂਦੇ ਹਨ। ਇਸ ਤਰ੍ਹਾਂ ਜੀਵ ਜਨਮ ਮਰਨ ਦੇ ਗੇੜ ਚੋਂ ਨਿਕਲ ਜਾਂਦਾ ਹੈ। ਇਸੇ ਲਈ ਸਾਰੀ ਗੁਰਬਾਣੀ ੱਚ ਮਨੁੱਖ ਦੇ ‘ਮਨ` ਹੀ ਨੂੰ ਸੰਬੋਧਨ ਕੀਤਾ ਗਿਆ ਹੈ ਤੇ ਹਲੂਣਾ ਦਿੱਤਾ ਹੈ ਕਿ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ” (ਪੰ: 441) ਭਾਵ ਐ ਮਨ! ਤੇਰਾ ਅਸਲ ਟਿਕਾਣਾ ਪ੍ਰਭੂ ੱਚ ਇੱਕ ਮਿੱਕ ਹੋਣਾ ਹੈ ਤੂੰ ਆਪਣੀ ਅਸਲੀਅਤ ਦੀ ਪਛਾਣ ਕਰ। ਪ੍ਰਭੂ ਤਾਂ ਤੇਰੇ ਅੰਦਰ ਵੱਸ ਰਿਹਾ ਹੈ, ਗੁਰੂ ਤੋਂ ਮੱਤ ਲੈ ਤੇ ਆਪਣੇ ਜਨਮ ਦੇ ਸਦੀਵੀ ਅਨੰਦ ਨੂੰ ਜੀਊਂਦੇ ਜੀਅ ਪ੍ਰਾਪਤ ਕਰ। ਬਲਕਿ ਗੁਰਬਾਣੀ ੱਚ ਤਾਂ ਇਥੋਂ ਤੱਕ ਵੀ ਫ਼ੁਰਮਾਇਆ ਹੈ “ਜਿਨੀ ਆਤਮੁ ਚੀਨਿਆ, ਪਰਮਾਤਮੁ ਸੋਈ॥ ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤੁ ਹੋਈ” (ਪੰ: ੪੨੧) ਅਥਵਾ “ਨਦਰਿ ਕਰੇ ਤਾ ਸਿਮਰਿਆ ਜਾਇ॥ ਆਤਮਾ ਦ੍ਰਵੈ ਰਹੈ ਲਿਵ ਲਾਇ॥ ਆਤਮਾ ਪਰਾਤਮਾ ਏਕੋ ਕਰੈ॥ ਅੰਤਰ ਕੀ ਦੁਬਿਧਾ ਅੰਤਰਿ ਮਰੈ” (ਪੰ: ੬੬੧)
ਆਤਮਾ ਤੇ ਮਨ ਵਿੱਚ ਸੂਚਨਾ ਦਾ ਆਦਾਨ-ਪਰਦਾਨ ਕਿਵੇਂ ਹੁੰਦਾ ਹੈ ਉਹ ਆਪਸ ਵਿੱਚ ਕਿਹੜੀ ਬੋਲੀ ਬੋਲਦੇ ਹਨ? ਇਸ ਸਵਾਲ ਦੇ ਉਤਰ ਵਿੱਚ ਮੈਂ ਇਹੋ ਕਹਾਂਗਾ ਕਿ ਸਰੀਰ ਦੀ ਬਣਤਰ ਹੀ ਇਹੋ ਜਿਹੀ ਹੈ ਕਿ ਇਸ ਵਿੱਚ ਸੂਚਨਾ ਵਹਾ ਪਰਕਿਰਿਆ ਬਹੁਤ ਤੇਜ਼ ਹੁੰਦੀ ਹੈ। ਚੋਟ ਪੈਰ ਤੇ ਆਉਂਦੀ ਹੈ ਤੇ ਪੀੜਾ ਦਾ ਅਸਰ ਦਿਮਾਗ ਵਿੱਚ ਇਕਦਮ ਪਹੁੰਚ ਜਾਂਦਾ ਹੈ। ਅੰਦਰੂਨੀ ਸੂਚਨਾ ਵਹਾ ਦਾ ਇੱਕ ਸਿਸਟਮ ਹੈ ਜੋ ਵੱਖਰੇ ਲੇਖ ਦਾ ਵਿਸ਼ਾ ਹੈ।
(ਨੋਟ:- ਡਾ: ਦਵਿੰਦਰ ਸਿੰਘ ਗ੍ਰੇਵਾਲ ਜੀ ਤੁਹਾਡੇ ਇਸ ਲੇਖ ਦੀ ਇਹ ਆਖਰੀ ਕਿਸ਼ਤ ਸੀ ਜੋ ਅਸੀਂ ਛਾਪ ਦਿੱਤੀ ਹੈ। ਇਸ ਤੋਂ ਬਾਅਦ ਤੁਹਾਡੀ ਕੋਈ ਲਿਖਤ ਇੱਥੇ ‘ਸਿੱਖ ਮਾਰਗ’ ਤੇ ਤਾਂ ਹੀ ਛਪੇਗੀ ਜਦੋਂ ਤੁਸੀਂ ਗੁਰਬਾਣੀ ਦੀਆਂ ਗਲਤ ਲਿਖੀਆਂ ਪੰਗਤੀਆਂ ਬਾਰੇ ਕੋਈ ਤਸੱਲੀ ਬਖਸ਼ ਜਵਾਬ ਦਿਉਂਗੇ। ਇਹ ਠੀਕ ਹੈ ਕਿ ਤੁਸੀਂ ਆਮ ਵਿਆਕਤੀਆਂ ਨਾਲੋਂ ਨਿਮਰਤਾ ਵਾਲੇ ਹੋ ਪਰ ਗੁਰਬਾਣੀ ਦੀਆਂ ਗਲਤ ਪੰਗਤੀਆਂ ਲਿਖਣੀਆਂ ਚੰਗੀ ਗੱਲ ਨਹੀਂ ਹੈ। ਗਲਤੀ ਹਰ ਇੱਕ ਇਨਸਾਨ ਕੋਲੋਂ ਹੋ ਸਕਦੀ ਹੈ। ਕਿਰਪਾ ਕਰਕੇ ਇਹ ਦੱਸਣ ਦੀ ਖੇਚਲ ਕਰੋ ਕਿ ਇਹ ਗਲਤੀ ਕਿਵੇਂ ਹੋਈ ਸੀ? ਕੀ ਇਹ ਪੰਗਤੀਆਂ ਤੁਸੀਂ ਜੁਬਾਨੀ ਹੀ ਲਿਖੀਆਂ ਸਨ? ਕਿਤਉਂ ਦੇਖ ਕੇ ਲਿਖੀਆਂ ਸਨ ਜਾਂ ਜਾਣ ਬੁੱਝ ਕੇ ਇਹ ਗਲਤ ਲਿਖੀਆਂ ਸਨ? ਇਸੇ ਲੇਖ ਦੇ ਇਸੇ ਪੰਨੇ ਤੇ ਤੁਸੀਂ ਉਹ ਪੰਗਤੀ ਠੀਕ ਲਿਖੀ ਹੈ ਜਿਹੜੀ ਪਹਿਲਾਂ ਗਲਤ ਲਿਖੀ ਸੀ। ਅੱਜ ਦੋ ਦਿਨ ਹੋ ਗਏ ਹਨ ਪਾਠਕਾਂ ਦੇ ਪੰਨੇ ਤੇ ਇਸ ਬਾਰੇ ਲਿਖੇ ਗਏ ਨੂੰ ਪਰ ਹਾਲੇ ਤੱਕ ਤੁਹਾਡਾ ਕੋਈ ਜਵਾਬ ਨਹੀਂ ਆਇਆ। ਕਿਰਪਾ ਕਰਕੇ ਛੇਤੀਂ ਇਸ ਬਾਰੇ ਦੱਸਣ ਦੀ ਖੇਚਲ ਕਰੋ ਜੀ-ਸੰਪਾਦਕ)




.