.

ਭੱਟ ਬਾਣੀ-33

ਬਲਦੇਵ ਸਿੰਘ ਟੋਰਾਂਟੋ

ਪਹਿਰਿ ਸਮਾਧਿ ਸਨਾਹੁ ਗਿਆਨਿ ਹੈ ਆਸਣਿ ਚੜਿਅਉ।।

ਧ੍ਰੰਮ ਧਨਖੁ ਕਰ ਗਹਿਓ ਭਗਤ ਸੀਲਹ ਸਰਿ ਲੜਿਅਉ।।

ਭੈ ਨਿਰਭਉ ਹਰਿ ਅਟਲੁ ਮਨਿ ਸਬਦਿ ਗੁਰ ਨੇਜਾ ਗਡਿਓ।।

ਕਾਮ ਕ੍ਰੋਧ ਲੋਭ ਮੋਹ ਅਪਤੁ ਪੰਚ ਦੂਤ ਬਿਖੰਡਿਓ।।

ਭਲਉ ਭੂਹਾਲੁ ਤੇਜੋ ਤਨਾ ਨ੍ਰਿਪਤਿ ਨਾਥੁ ਨਾਨਕ ਬਰਿ।।

ਗੁਰ ਅਮਰਦਾਸ ਸਚੁ ਸਲ੍ਯ੍ਯ ਭਣਿ ਤੈ

ਦਲੁ ਜਿਤਉ ਇਵ ਜੁਧੁ ਕਰਿ।। ੧।। ੨੧।।

(ਪੰਨਾ ੧੩੯੬)

ਪਦ ਅਰਥ:- ਪਹਿਰਿ – ਪਹਿਨ ਕੇ। ਸਮਾਧਿ – ਸੰ: ਚੰਗੀ ਤਰ੍ਹਾਂ ਚਿੱਤ ਦੇ ਠਹਿਰਾਉਣ ਦੀ ਕਿਰਿਆ, ਲੀਨ ਹੋਣ ਦੀ ਕਿਰਿਆ (ਮ: ਕੋਸ਼)। ਸਨਾਹੁ – ਕਵਚ (ਮ: ਕੋਸ਼)। ਫਿਰ ਦੇਖੋ ਕਵਚ – ਸੰ: ਸੰਗਯਾ ਕੰ (ਹਵਾ ਨੂੰ) ਰੋਕ ਕੇ (ਮ: ਕੋਸ਼)। ਨੋਟ – ਇਥੇ ਕਰਮ-ਕਾਂਡੀ ਵੀਚਾਰਧਾਰਾ ਦੀ ਹਵਾ ਨੂੰ ਰੋਕਣ ਲਈ ਗਿਆਨ ਦੇ ਸਨਾਹੁ ਲਈ ਇਹ ਸ਼ਬਦ ਵਰਤਿਆ ਹੈ। ਆਸਣਿ –ਟਿਕਾਉ, ਟਿਕ ਜਾਣਾ, ਟਿਕਿਆ ਜਾ ਸਕਦਾ ਹੈ। ਚੜਿਅਉ – ਉੱਪਰ ਉਠਿਆ ਜਾ ਸਕਦਾ ਹੈ। ਧ੍ਰੰਮ – ਸੱਚ। ਧਨਖੁ – ਧਨੁਖ। ਕਰ – ਹੱਥ ਵਿੱਚ। ਗਹਿਓ – ਪਕੜਿਆ ਹੋਇਆ ਹੈ (ਗੁ: ਗ੍ਰੰ: ਦਰਪਣ)। ਭਗਤ - ਇਨਕਲਾਬੀ ਸੱਚ। ਸੀਲਹ – ਅਭਿਆਸ ਕਰਨਾ, ਕਰਨ ਨਾਲ (ਮ: ਕੋਸ਼) ਦੇਖੋ ਸੀਲ। ਸਰਿ – ਸਰਿ ਕਰ ਲੈਣਾ, ਭਾਵ ਫਤਹਿ ਪ੍ਰਾਪਤ ਕਰ ਲੈਣੀ। ਲੜਿਅਉ – ਲੜਾਈ, ਜੰਗ ਉੱਪਰ। ਭੈ ਨਿਰਭਉ – ਕਿਸੇ ਭੈ ਤੋਂ ਨਿਰਭਉ ਹੋ ਜਾਣਾ। ਹਰਿ ਅਟਲੁ – ਸਦੀਵੀ ਸਥਿਰ ਰਹਿਣ ਵਾਲਾ। ਸਬਦਿ – ਸਦੀਵੀ ਸਥਿਰ ਰਹਿਣ ਵਾਲੇ ਅਕਾਲ ਪੁਰਖ ਦੀ ਬਖ਼ਸ਼ਿਸ਼ ਗਿਆਨ। ਮਨਿ ਸਬਦਿ ਗੁਰ ਨੇਜਾ ਗਡਿਓ – ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਗਿਆਨ ਦਾ ਨੇਜ਼ਾ ਮਨ ਵਿੱਚ ਗੱਡਿਆ। ਕਾਮ ਕ੍ਰੋਧ ਲੋਭ ਮੋਹ ਅਪਤੁ ਪੰਚ ਦੂਤ ਬਿਖੰਡਿਓ – ਜਿਸ ਦੀ ਬਖ਼ਸ਼ਿਸ਼ ਗਿਆਨ ਦੇ ਨੇਜ਼ੇ ਨਾਲ ਪੰਜਾਂ ਵਿਕਾਰਾਂ ਦੇ ਦੂਤ (ਅਵਤਾਰਵਾਦੀਆਂ) ਦੀ ਵਿਚਾਰਧਾਰਾ ਨੂੰ ਆਪਣੇ ਮਨ ਵਿੱਚੋਂ ਖਿੰਡਾ ਦਿੱਤਾ। ਭਲਉ – ਹੋਇਆ। ਤੇਜੋ – ਤੇਜ਼ੀ ਦੇ ਨਾਲ। ਤਨਾ – ਤਨ ਸਰੀਰ। ਭੂਹਾਲੁ – ਭੂਪਾਲ, ਪ੍ਰਿਥਵੀ ਦਾ ਰਾਜਾ। ਨ੍ਰਿਪਤਿ ਨਾਥੁ – ਸ੍ਰਿਸ਼ਟੀ ਦਾ ਮਾਲਕ, ਸ਼ਹਿਨਸ਼ਾਹ, ਸਰਬ-ਵਿਆਪਕ ਕਰਤਾ। ਬਰਿ – ਵਰ ਭਾਵ ਪ੍ਰਭੂ ਦੀ ਬਖ਼ਸ਼ਿਸ਼। ਗੁਰ – ਗਿਆਨ। ਅਮਰਦਾਸ – ਅਮਰਦਾਸ ਜੀ। ਸਲ੍ਯ੍ਯ – ਭੱਟ ਸਲ੍ਹ ਜੀ। ਭਣਿ – ਸੰ: ਸਪੱਸ਼ਟ ਕਹਿਣਾ, ਸਾਫ ਉੱਤਰ ਦੇਣਾ, ਸਪੱਸ਼ਟਤਾ। ਤੈ – ਤੋਂ। ਦਲੁ – (ਅਵਤਾਰਵਾਦੀ ਕਰਮ-ਕਾਂਡੀ ਵਿਕਾਰੀਆਂ) ਦੇ ਵਿਕਾਰਾਂ ਦਾ ਦਲ। ਜੁਧ – ਜੰਗ। ਇਵ – ਏਦਾਂ, ਇਸ ਤਰ੍ਹਾਂ। ਕਰਿ – ਕਰ।

ਨੋਟ:- ਪਹਿਲੀ ਪੰਗਤੀ ਸ਼ਬਦ - ਸੁਨਾਹੁ ਪਹਿਰਿ ਆਏ ਹਨ। ਸੁਨਾਹ ਦਾ ਸੰਬੰਧ ਹਵਾ ਹਨੇਰੀ ਨਾਲ ਹੈ ਪਰ ਅਖ਼ੀਰਲੀ ਪੰਗਤੀ ਵਿੱਚ ਇਹ ਸ਼ਬਦ ਨਹੀਂ ਹਨ। ਕਾਵਿ ਰੂਪ ਦੇ ਨਿਯਮ ਅਨੁਸਾਰ ਕਾਵਿ ਨੂੰ ਵਾਰਤਕ ਵਿੱਚ ਬਿਆਨ ਕਰਨ ਵੇਲੇ ਚੱਲ ਰਹੇ ਪ੍ਰਕਰਣ ਨੂੰ ਪੂਰਾ ਕਰਨ ਲਈ, ਜਿਵੇਂ ਸੁਨਾਹੁ ਸ਼ਬਦ ਪਹਿਲੀ ਪੰਗਤੀ ਵਿੱਚ ਹੈ, ਅਖ਼ੀਰਲੀ ਪੰਗਤੀ ਵਿੱਚ ਨਹੀਂ ਹੈ ਪਰ ਅਖ਼ੀਰਲੀ ਪੰਗਤੀ ਵਿੱਚ ਵੀ ਜੋੜ ਕੇ ਵਾਰਤਕ ਨੂੰ ਨਿਖਾਰਿਆ ਜਾ ਸਕਦਾ ਹੈ। ਇਸੇ ਤਰ੍ਹਾਂ ਅਖ਼ੀਰਲੀ ਪੰਗਤੀ ਵਿੱਚੋਂ ਸ਼ਬਦ ਪਹਿਲੀ ਪੰਗਤੀ ਵਿੱਚ ਵੀ ਜੋੜਿਆ ਜਾ ਸਕਦਾ ਹੈ।

ਅਰਥ:- ਹੇ ਭਾਈ! (ਕਰਮ-ਕਾਂਡਾਂ ਦੀ ਹਨੇਰੀ ਤੋਂ ਬਚਣ ਲਈ) ਸੱਚ ਵਿੱਚ ਲੀਨ ਹੋ ਕੇ ਗਿਆਨ ਦਾ ਸੁਨਾਹ ਪਹਿਨ ਕੇ ਗਿਆਨ ਦੇ ਆਸਣ `ਤੇ ਟਿਕ ਕੇ ਹੀ ਕਰਮ-ਕਾਂਡਾਂ ਤੋਂ ਉੱਪਰ ਉਠਿਆ ਜਾ ਸਕਦਾ ਹੈ। ਗਿਆਨ ਦਾ ਧਨੁੱਖ ਹੱਥ ਵਿੱਚ ਲੈ ਕੇ ਭਾਵ ਇਸ ਇਨਕਲਾਬੀ ਸੱਚ ਨੂੰ ਹੀ ਆਪਣੇ ਜੀਵਨ ਵਿੱਚ ਅਭਿਆਸ ਕਰਨ ਨਾਲ ਕਰਮ-ਕਾਂਡਾਂ ਦੀ ਜੰਗ ਉੱਪਰ ਫਤਹਿ ਪਾਈ ਜਾ ਸਕਦੀ ਹੈ। ਜਦੋਂ ਉਸ ਸਦੀਵੀ ਸਥਿਰ ਰਹਿਣ ਵਾਲੇ ਅਕਾਲ ਪੁਰਖ ਦੀ ਬਖ਼ਸ਼ਿਸ਼ ਗਿਆਨ ਦਾ ਨੇਜ਼ਾ (ਮੇਰੇ ਭੱਟ) ਸਲ੍ਹ ਦੇ ਮਨ ਅੰਦਰ ਵੱਜਿਆ ਤਾਂ ਜੋ ਲੋਕ ਆਪ ਕਾਮ, ਕ੍ਰੋਧ, ਲੋਭ, ਮੋਹ, ਅਪਤੁ-ਆਪੇ, ਹਉਮੈ ਦੇ ਪੰਜਾਂ ਵਿਕਾਰਾਂ ਦੇ ਵਿੱਚ ਗ੍ਰੱਸੇ ਹੋਏ ਸਨ ਪਰ ਆਪ ਆਪਣੇ ਆਪ ਨੂੰ ਰੱਬ ਦੇ ਦੂਤ ਬਣਾ ਕੇ ਪੇਸ਼ ਕਰਦੇ ਸਨ, ਉਨ੍ਹਾਂ ਦੇ ਰੱਬ ਹੋਣ ਦਾ ਜੋ ਭਰਮ ਸੀ ਮਨ ਅੰਦਰੋਂ ਖਿੰਡ ਗਿਆ ਹੈ ਅਤੇ ਭਰਮ ਖਿੰਡਣ ਨਾਲ ਇਨ੍ਹਾਂ ਅਖੌਤੀ ਦੂਤਾਂ ਦੇ ਭੈ ਤੋਂ ਨਿਰਭਉ ਭਾਵ ਭੈ ਰਹਿਤ ਹੋ ਗਿਆ। ਇਸ ਵਾਸਤੇ ਜੋ ਪ੍ਰਿਥਵੀ ਦੇ (ਅਵਤਾਰਵਾਦੀ) ਜੋ ਆਪਣੇ ਆਪ ਨੂੰ ਭੂਪਾਲ-ਪ੍ਰਿਥਵੀ ਨੂੰ ਪਾਲਣ ਵਾਲੇ ਅਖਵਾਉਂਦੇ ਹਨ, ਇਨ੍ਹਾਂ ਦੇ ਰੱਬ ਹੋਣ ਦੇ ਭਰਮ ਤੋਂ ਨਾਨਕ ਦੇ ਦਰਸਾਏ ਨ੍ਰਿਪਤਿ ਨਾਥੁ-ਸ੍ਰਿਸ਼ਟੀ ਦੇ ਕਰਤੇ ਸਰਬ-ਵਿਆਪਕ ਦੀ ਬਰਿ-ਬਖ਼ਸ਼ਿਸ਼ ਗਿਆਨ ਨੂੰ ਅਪਣੇ ਜੀਵਨ ਵਿੱਚ ਅਪਣਾ ਕੇ ਹੀ ਮੁਕਤ ਹੋਇਆ ਜਾ ਸਕਦਾ ਹੈ। ਇਸ ਤਰ੍ਹਾਂ ਭੱਟ ਸਲ੍ਹ ਨੇ ਵੀ ਅਮਰਦਾਸ ਜੀ ਤੋਂ ਹੀ ਸ੍ਰਿਸ਼ਟੀ ਦੇ ਸੱਚ ਰੂਪ ਕਰਤੇ ਦੀ ਬਖ਼ਸ਼ਿਸ਼ ਗਿਆਨ ਗੁਰੂ ਦੀ ਸਪੱਸ਼ਟਤਾ ਬਾਰੇ ਇਹ ਸੱਚ ਸੁਣਿਆ ਕਿ (ਅਵਤਾਰਵਾਦੀ/ਕਰਮ-ਕਾਂਡੀ) ਵਿਕਾਰੀਆਂ ਦੇ ਵਿਕਾਰਾਂ ਦੇ ਦਲ, ਅਗਿਆਨਤਾ ਹਨੇਰੀ ਦੀ ਲੜਾਈ ਉੱਪਰ ਗਿਆਨ ਦਾ ਕਵਚ ਪਹਿਨ ਕਰਕੇ ਹੀ ਫਤਿਹ ਪਾਈ ਜਾ ਸਕਦੀ ਹੈ।

ਅਖੌਤੀ ਦੂਤ – ਜੋ ਕਰਮ-ਕਾਂਡੀ ਆਪਣੇ ਆਪ ਨੂੰ ਰੱਬ ਦੇ ਦੂਤ ਬਣਾ ਕੇ ਪੇਸ਼ ਕਰਦੇ ਹਨ।

ਘਨਹਰ ਬੂੰਦ ਬਸੁਅ ਰੋਮਾਵਲਿ ਕੁਸਮ ਬਸੰਤ ਗਨੰਤ ਨ ਆਵੈ।।

ਰਵਿ ਸਸਿ ਕਿਰਣਿ ਉਦਰੁ ਸਾਗਰ ਕੋ ਗੰਗ ਤਰੰਗ ਅੰਤੁ ਕੋ ਪਾਵੈ।।

ਰੁਦ੍ਰ ਧਿਆਨ ਗਿਆਨ ਸਤਿਗੁਰ ਕੇ ਕਬਿ ਜਨ ਭਲ੍ਯ੍ਯ ਉਨਹ ਜ+ ਗਾਵੈ।।

ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ।। ੧।। ੨੨।।

(ਪੰਨਾ ੧੩੯੬)

ਪਦ ਅਰਥ:- ਘਨਹਰ ਬੂੰਦ – ਵਰਖਾ ਦੀ ਬੂੰਦ, ਕਣੀਆਂ। ਬਸੁਅ – ਬਰਸਣਾ। ਰੋਮਾਵਲਿ – ਜ਼ੱਰੇ-ਜ਼ੱਰੇ ਵਿੱਚ। ਕੁਸਮ - ਫੁੱਲ। ਬਸੰਤ – ਬਸੰਤ ਰੁਤ। ਗਨੰਤ ਨ ਆਵੈ – ਗਿਣਤੀ ਮਿਣਤੀ ਨਹੀਂ ਹੋ ਸਕਦੀ। ਰਵਿ ਸਸਿ ਕਿਰਣਿ ਉਧਰੁ ਸਾਗਰ ਕੋ – ਜਿਵੇਂ ਚੰਦ ਸੂਰਜ ਦੀਆਂ ਸਮੁੰਦਰ ਦੇ ਤਲ ਉੱਪਰ ਪੈ ਰਹੀਆਂ ਕਿਰਣਾਂ ਦਾ ਕੋਈ। ਉਧਰੁ ਸਾਗਰ – ਸਮੁੰਦਰ ਦਾ ਤਲ। ਕੋ – ਕੋਈ। ਗੰਗ – ਗਿਆਨ। ਗੰਗ ਤਰੰਗ ਅੰਤੁ ਕੋ ਪਾਵੈ – ਅਤੇ ਇਸੇ ਤਰ੍ਹਾਂ ਨਾ ਹੀ ਕੋਈ ਗਿਆਨ ਦੀਆਂ ਤਰੰਗਾਂ ਦਾ ਹੀ ਅੰਤ ਪਾ ਸਕਦਾ ਹੈ। ਰੁਦ੍ਰ ਧਿਆਨ ਗਿਆਨ ਸਤਿਗੁਰ ਕੇ – ਉਸ ਸਦੀਵੀ ਸਥਿਰ ਰਹਿਣ ਵਾਲੇ ਦੇ ਗਿਆਨ ਦੀ ਬਖ਼ਸ਼ਿਸ਼ ਵਿੱਚ ਧਿਆਨ ਜੋੜਨ ਭਾਵ ਲੀਨ ਹੋਣ ਨਾਲ। ਰੁਦ੍ਰ – ਸਮਾਧੀ ਲਾਉਣੀ, ਭਾਵ ਲੀਨ ਹੋਣਾ। ਕਬਿ ਜਨ – ਕਵੀ ਜਨ ਜੋ ਗਿਆਨ ਦੀ ਤਸਵੀਰ ਆਪਣੇ ਸ਼ਬਦਾਂ ਰਾਹੀਂ ਖਿਚਦੇ ਹਨ। ਭਲ੍ਯ੍ਯ – ਭੱਟ ਭਲ੍ਹ ਜੀ। ਉਨਹ ਜ+ ਗਾਵੈ – ਜੋ ਉਸ ਸਦੀਵੀ ਸਥਿਰ ਵਾਲੇ ਦੇ ਗਿਆਨ ਦਾ ਪ੍ਰਚਾਰ ਕਰਦੇ ਹਨ। ਗਾਵੈ – ਪ੍ਰਚਾਰਦੇ ਹਨ, ਪ੍ਰਚਾਰ ਕਰਦੇ ਹਨ। ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ – ਇਹੀ ਪ੍ਰਚਾਰ ਅਮਰਦਾਸ ਜੀ ਦਾ ਹੈ ਕਿ ਹੇ ਕਰਤੇ! ਤੇਰੇ ਉੱਤਮ ਗੁਣ ਹੀ ਤੇਰੀ ਆਪਣੀ ਉਪਮਾ ਹਨ। ਤੋਹਿ – ਤੇਰੇ ਆਪਣੇ ਨਾਲ ਹੀ। ਬਨਿ ਆਵੈ – ਇਸ ਕਰਕੇ ਤੇਰੀ ਉਪਮਾ, ਤੇਰੇ ਆਪਣੇ ਨਾਲ ਹੀ ਕਰਨੀ ਬਣਦੀ ਹੈ। ਬਨਿ ਆਵੈ – ਬਣਦੀ ਹੈ। ਭਲੇ – ਉੱਤਮ।

ਅਰਥ:- ਹੇ ਭਾਈ! ਜਿਵੇਂ ਵਰਖਾ ਦੀਆਂ ਕਣੀਆਂ ਦਾ ਧਰਤੀ ਦੀ ਬਸੰਤ ਰੁੱਤ ਸਮੇਂ ਰੋਮਾਵਲਿ - ਬਨਸਪਤੀ `ਤੇ ਬਰਸਣ ਨਾਲ ਬਨਸਪਤੀ ਉੱਪਰ ਪੈਦਾ ਹੋਏ ਅਣਗਿਣਤ ਫੁੱਲਾਂ ਦੀ ਗਿਣਤੀ ਨਹੀਂ ਹੋ ਸਕਦੀ, ਇਸੇ ਤਰ੍ਹਾਂ ਜਿਵੇਂ ਨਾ ਹੀ ਚੰਦ ਸੂਰਜ ਦੀਆਂ ਕਿਰਣਾਂ ਜਦੋਂ ਸਮੁੰਦਰ ਦੇ ਤਲ ਉੱਪਰ ਪੈਂਦੀਆਂ ਹਨ, ਨਾ ਉਨ੍ਹਾਂ ਦਾ ਅਤੇ ਨਾ ਹੀ ਕਿਸੇ ਨਦੀ ਦੀ ਲਹਿਰ ਜੋ ਸਮੁੰਦਰ ਵਿੱਚ ਜਾ ਕੇ ਪੈਂਦੀ ਹੈ ਨਾ ਹੀ ਉਹ ਲਹਿਰ ਸਮੁੰਦਰ ਦਾ ਅੰਤ ਪਾ ਸਕਦੀ ਹੈ, ਸਿਰਫ ਉਸ ਵਿੱਚ ਲੀਨ ਹੀ ਹੋ ਸਕਦੀ ਹੈ। ਇਸੇ ਤਰ੍ਹਾਂ ਉਸ ਸਦੀਵੀ ਸਥਿਰ ਰਹਿਣ ਵਾਲੇ ਸਤਿਗੁਰ ਦੇ ਗਿਆਨ ਵਿੱਚ ਧਿਆਨ-ਸੁਰਤ ਜੋੜਨ ਨਾਲ ਲੀਨ ਹੀ ਹੋਇਆ ਜਾ ਸਕਦਾ ਹੈ ਅਤੇ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕਰਤੇ ਤੋਂ ਕੁਰਬਾਨ ਕਵੀ ਜਨਾਂ ਨੇ ਜੋ ਗਿਆਨ ਦੀ ਤਸਵੀਰ ਖਿੱਚੀ ਹੈ ਭਾਵ ਜੋ ਬਿਆਨ ਕੀਤਾ ਹੈ, ਉਸੇ ਤਰ੍ਹਾਂ ਭਲ੍ਹ ਵੀ ਇਹ ਹੀ ਆਖਦਾ ਹੈ ਕਿ ਉਸ ਸਦੀਵੀ ਸਥਿਰ ਵਾਲੇ ਸਤਿਗੁਰ ਦੇ ਗਿਆਨ ਵਿੱਚ ਧਿਆਨ-ਸੁਰਤ ਜੋੜਨ ਨਾਲ ਲੀਨ ਭਾਵ ਉਸ ਨੂੰ ਸਮਰਪਤ ਹੋਇਆ ਜਾ ਸਕਦਾ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹ ਹੀ ਪ੍ਰਚਾਰ ਅਮਰਦਾਸ ਜੀ ਦਾ ਹੈ ਕਿ ਹੇ ਸਦੀਵੀ, ਸਥਿਰ ਰਹਿਣ ਵਾਲੇ ਸਤਿਗੁਰੂ! ਤੇਰੇ ਉੱਤਮ ਗੁਣ ਆਪ ਹੀ ਤੇਰੀ ਆਪਣੀ ਉਪਮਾ ਹਨ, ਇਸ ਕਰਕੇ ਤੇਰੀ ਉਪਮਾ ਤੇਰੇ ਆਪਣੇ ਨਾਲ ਹੀ ਕਰਨੀ ਬਣਦੀ ਹੈ (ਭਾਵ ਭੱਟ ਜੀ ਕਹਿ ਰਹੇ ਹਨ ਕਿ ਅਮਰਦਾਸ ਜੀ ਦਾ ਵੀ ਇਹ ਹੀ ਪ੍ਰਚਾਰ ਹੈ ਕਿ ਕਰਤੇ ਦੀ ਉਪਮਾ-ਤੁਲਨਾ ਕਿਸੇ ਹੋਰ ਨਾਲ ਨਹੀਂ ਹੋ ਸਕਦੀ)।

ਸਵਈਏ ਮਹਲੇ ਤੀਜੇ ਕਿਆਂ ਦਾ ਕੁਲ ਜੋੜ ੨੨ ਹੈ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:-

(੧) ਪਹਿਲੇ ੧੮ ਸਵਈਏ ਭੱਟ ਜਾਲਪ ਜੀ ਦੇ ਉਚਾਰਣ ਹਨ।

(੨) ੨ ਸਵਈਏ ਭੱਟ ਭਿਖੇ ਜੀ ਦੇ ਉਚਾਰਣ ਹਨ।

(੩) ੧ ਸਵਈਯਾ ਭੱਟ ਸਲ੍ਹ ਜੀ ਦਾ ਉਚਾਰਣ ਹੈ।

(੪) ੧ ਸਵਈਯਾ ਭੱਟ ਭਲ੍ਹ ਜੀ ਦਾ ਉਚਾਰਣ ਹੈ। ਕੁਲ ਜੋੜ ੨੨ ਹੈ।
.