.

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਰੀਰ, ਪ੍ਰਾਣ, ਮਨ ਤੇ ਆਤਮਾ ਦੇ ਸੰਕਲਪ

(ਕਿਸ਼ਤ ਦੂਜੀ)

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਰੀਰ ਦਾ ਮਕਸਦ ਕੀ ਹੈ?

ਸਰੀਰ ਨੂੰ ਦੋ ਹਿਸਿਆ ਵਿੱਚ ਵੰਡਿਆ ਜਾ ਸਕਦਾ ਹੈ ਭੌਤਕ ਤੇ ਸੂਖਮ ਸਰੀਰ। ਭੌਤਕ ਸਰੀਰ ਸੂਖਮ ਸਰੀਰ ਦੇ ਹਿਸਿਆਂ ਪ੍ਰਾਣ, ਮਨ ਤੇ ਆਤਮਾ ਦਾ ਬਾਹਰੀ ਕਵਚ ਹੈ। ਇਸ ਤਰ੍ਹਾਂ ਪੰਜ-ਭੌਤਿਕ ਸਰੀਰ ਦੇ ਅੰਦਰ ਹਨ ਪ੍ਰਾਣ, ਮਨ ਤੇ ਆਤਮਾ ਜਿਨ੍ਹਾਂ ਦੀ ਇਹ ਰਖਿਆ ਕਰਦਾ ਹੈ।

ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ ॥

ਕਿ ਕਰਮ ਕਮਾਇਆ ਤੁਧੁ ਸਰੀਰਾ ਜਾ ਤੂ ਜਗ ਮਹਿ ਆਇਆ ॥

ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ ॥

ਗੁਰ ਪਰਸਾਦੀ ਹਰਿ ਮੰਨਿ ਵਸਿਆ ਪੂਰਬਿ ਲਿਖਿਆ ਪਾਇਆ ॥

ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥ 35 ॥

ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥

ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ ॥

ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ ॥

ਤਹ ਅਨੇਕ ਰੂਪ ਨਾਉ ਨਵ ਨਿਧਿ ਤਿਸ ਦਾ ਅੰਤੁ ਨ ਜਾਈ ਪਾਇਆ ॥

ਕਹੈ ਨਾਨਕੁ ਹਰਿ ਪਿਆਰੈ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥ 38 ॥

(ਮ: 3, ਪੰਨਾ 921-922)

ਸੂਖਮ ਸਰੀਰ ਦੇ ਕੀ ਕੀ ਹਿੱਸੇ ਹਨ? ਹਰ ਹਿੱਸਾ ਕਿੱਥੇ ਸਥਾਪਤ ਹੈ? ਸੂਖਮ ਸਰੀਰ ਦਾ ਕਰਤਵ ਤੇ ਮਹਤੱਵ ਕੀ ਹੈ?

ਜਵੇਂ ਕਿ ਪਹਿਲਾਂ ਦਸਿਆ ਹੈ ਸੂਖਮ ਸਰੀਰ ਦੇ ਹਿੱਸੇ ਆਤਮਾ, ਮਨ ਤੇ ਪ੍ਰਾਣ ਹਨ।

ਦੇਹੀ ਅੰਦਰਿ ਵਸਤੁ ਅਪਾਰਾ (3: 1056: 16)

ਪ੍ਰਾਣ, ਮਨ ਤੇ ਆਤਮਾ ਹੀ ਇਸ ਦੇਹੀ ਅੰਦਰ ਅਪਾਰ ਵਸਤਾਂ ਹਨ।

ਕਾਇਆ ਨਗਰੁ ਨਗਰ ਗੜ ਅੰਦਰਿ।। ਸਾਚਾ ਵਾਸਾ ਪੁਰਿ ਗਗਨੰਦਰਿ।।

ਅਸਥਿਰੁ ਥਾਨੁ ਸਦਾ ਨਿਰਮਾਇਲੁ ਆਪੇ ਆਪੁ ਉਪਾਇਦਾ।। ੧ ।।

ਅੰਦਰਿ ਕੋਟ ਛਜੇ ਹਟਨਾਲੇ।। ਆਪੇ ਲੇਵੈ ਵਸਤੁ ਸਮਾਲੇ।।

ਬਜਰ ਕਪਾਟ ਜੜੇ ਜੜਿ ਜਾਣੈ ਗੁਰ ਸਬਦੀ ਖੋਲਾਇਦਾ।। ੨ ।।

ਭੀਤਰਿ ਕੋਟ ਗੁਫਾ ਘਰ ਜਾਈ।। ਨਉ ਘਰ ਥਾਪੇ ਹੁਕਮਿ ਰਜਾਈ।।

ਦਸਵੈ ਪੁਰਖੁ ਅਲੇਖੁ ਅਪਾਰੀ ਆਪੇ ਅਲਖੁ ਲਖਾਇਦਾ।। ੩ ।।

ਪਉਣ ਪਾਣੀ ਅਗਨੀ ਇੱਕ ਵਾਸਾ।। ਆਪੇ ਕੀਤੋ ਖੇਲੁ ਤਮਾਸਾ।।

ਬਲਦੀ ਜਲਿ ਨਿਵਰੈ ਕਿਰਪਾ ਤੇ ਆਪੇ ਜਲ ਨਿਧਿ ਪਾਇਦਾ।। ੪ ।।

ਧਰਤਿ ਉਪਾਇ ਧਰੀ ਧਰਮ ਸਾਲਾ।। ਉਤਪਤਿ ਪਰਲਉ ਆਪਿ ਨਿਰਾਲਾ।।

ਪਵਣੈ ਖੇਲੁ ਕੀਆ ਸਭ ਥਾਈ ਕਲਾ ਖਿੰਚਿ ਢਾਹਾਇਦਾ।। ੫ ।।

(ਮ ੧: ਪੰਨਾ ੧੦੩੩-੧੦੩੪)

ਪ੍ਰਾਣ

ਪ੍ਰਾਣਾਂ ਸਦਕਾ ਜੀਵ ਪ੍ਰਾਣੀ ਅਖਵਾਉਂਦਾ ਹੈ। ਪ੍ਰਾਣ ਸਰੀਰ ਦੀ ਉਹ ਊਰਜਾ ਹੈ ਜੋ ਭੌਤਕ ਸਰੀਰ ਨੂੰ ਕਿਰਿਆ ਯੋਗ ਬਣਾਉਂਦੀ ਹੈ। ਸ਼ਕਤੀ, ਊਰਜਾ, ਆਸ਼ਾ, ਇੱਛਾ, ਚਾਹਨਾ, ਭਾਵਨਾਵਾਂ ਸਭ ਪ੍ਰਾਣਾਂ ਜਾਂ ਸਾਹਾਂ ਨਾਲ ਜੁੜੀਆਂ ਹੋਈਆਂ ਹਨ। ਜੇ ਸਾਹ ਚਲੇ ਜਾਣ ਤਾਂ ਇਹ ਸਭ ਖਤਮ ਹੋ ਜਾਂਦੇ ਹਨ, ਸਾਹ ਜਾਣ ਨੂੰ ਹੀ ਪ੍ਰਾਣ ਪੰਖੇਰੂ ਉਡ ਜਾਣ ਦੀ ਸੰਗਿਆ ਦਿਤੀ ਜਾਦੀ ਹੈ। ਸਾਹ-ਨਾੜੀਆਂ ਵਿੱਚ ਵਗਦਾ ਵਹਾ ਵੀ ਪ੍ਰਾਣਾਂ ਨਾਲ ਹੀ ਜੁੜਿਆ ਹੈ ਤੇ ਇਨ੍ਹਾਂ ਨਾੜੀਆਂ ਦੀ ਕਿਰਿਆ ਪ੍ਰਾਣਾਂ ਦੇ ਵਹਾ ਨਾਲ ਹੀ ਜੁੜੀ ਹੈ। ਨਾੜੀਆਂ ਬੰਦ ਹੋ ਜਾਣ ਜਾਂ ਮਰ ਜਾਣ ਤਾਂ ਸਭ ਸੋਚਾਂ ਖਤਮ ਹੋ ਜਾਂਦੀਆਂ ਹਨ, ਸਭ ਖਿਆਲ ਖਤਮ ਹੋ ਜਾਂਦੇ ਹਨ, ਸਭ ਮਹਿਸੂਸਣਾਂ ਬੰਦ ਹੋ ਜਾਦਾ ਹੈ ਜਿਵੇਂ ਲਕਵੇ ਮਾਰੇ ਮਨੁਖ ਦੇ ਕੁੱਝ ਅੰਗ ਹਿਲਣੋਂ ਹਟ ਜਾਦੇ ਹਨ। ਪ੍ਰਾਣ ਇਸ ਲਈ ਮਾਨਵੀ-ਹੋਂਦ, ਮਾਨਵੀ ਸੋਚ, ਵਿਚਾਰ, ਭਾਵਨਾ, ਇਛਾ, ਆਸ਼ਾ ਲਈ ਸਭ ਤੋਂ ਜ਼ਰੂਰੀ ਹਨ। ਪ੍ਰਾਣਮਯ ਕੋਸ਼ ਇਸ ਲਈ ਸਰੀਰ ਦਾ ਬਹੁਤ ਮਹਤਵਪੂਰਣ ਹਿਸਾ ਹੈ।

(ੳ) ਜੀਅ ਪ੍ਰਾਣ ਅਧਾਰੁ ਤੇਰਾ ਨਾਨਕ ਕਾ ਪ੍ਰਭੁ ਤਾਣੁ।। (ਆਸਾ ਮ: ੫, ੪੦੫: ੧੧

(ਅ) ਜੀਅ ਪ੍ਰਾਨ ਮਨੁ ਤਨੁ ਸਭੁ ਅਰਪਉ ਨੀਰਉ ਪੇਖਿ ਪ੍ਰਭ ਕਉ ਨੀਰਉ।। (ਜੈਤ ੫, ੭੦੦: ੧੩)

ਪ੍ਰਾਣਾਂ ਦਾ ਆਧਾਰ ਪ੍ਰਮਾਤਮਾ ਹੈ।

(ੳ) ਨਾਰਾਇਣ ਪ੍ਰਾਣ ਅਧਾਰਾ ॥ (ਮ: 5 ਪੰਨਾ 623, ਸਤਰ 16)

(ਅ) ਜੀਅ ਪਿੰਡ ਕੇ ਪ੍ਰਾਨ ਅਧਾਰੇ।। (ਆਸਾ ਮ: ੫, ੩੯੫: ੮)

ਪ੍ਰਾਣ, ਮਨ, ਤਨ, ਜੀਅ ਸਭ ਅਗਮ-ਅਪਾਰ ਦਾਤੇ ਦੀ ਹੀ ਦੇਣ ਹਨ।

ਪ੍ਰਾਣ ਮਨ ਤਨ ਜੀਅ ਦਾਤਾ ਬੇਅੰਤ ਅਗਮ ਅਪਾਰੋ ॥ (ਮ: 5 ਪੰਨਾ 249, ਸਤਰ 4)

ਇਸ ਜਿੰਦੜੀ, ਵਿੱਚ ਜੀਅ, ਪ੍ਰਾਣ, ਤਨ, ਧਨ ਪ੍ਰਮਾਤਮਾ ਨੇ ਅਪਣੀ ਕ੍ਰਿਪਾ ਕਰਕੇ ਰੱਖੇ ਹੋਏ ਹਨ।

ਜੀਅ ਪ੍ਰਾਣ ਤਨੁ ਧਨੁ ਰਖੇ ਕਰਿ ਕਿਰਪਾ ਰਾਖੀ ਜਿੰਦੁ ॥ ਮ: 5, ਪੰਨਾ 46, ਸਤਰ 16

ਜਿਸ ਪ੍ਰਮਾਤਮਾ ਨੇ ਜੀਅ ਪ੍ਰਾਣ ਸਾਜੇ ਹਨ ਉਸੇ ਨੇ ਹੀ ਇਸ ਮਿਟੀ ਸਰੀਰ ਵਿੱਚ ਜੋਤ ਰੂਪੀ ਆਤਮਾ ਨੂ ਵੀ ਸਥਾਪਤ ਕੀਤਾ ਹੋਇਆ ਹੈ।

ਜੀਅ ਪ੍ਰਾਨ ਕੀਏ ਜਿਨਿ ਸਾਜਿ।। ਮਾਟੀ ਮਹਿ ਜੋਤਿ ਰਖੀ ਨਿਵਾਜਿ।। (ਗੌਂਡ ੫, ੮੬੨: ੧੫)

ਸਰੀਰ ਵਿੱਚ ਜੀਅ ਪ੍ਰਾਣ ਪਾਕੇ ਤੇ ਜੋਤ ਰੱਖ ਕੇ ਪ੍ਰਮਾਤਮਾ ਆਪ ਜੀਅ ਤੇ ਪ੍ਰਾਣਾਂ ਵਿੱਚ ਰਵ ਰਿਹਾ ਹੈ, ਵਸ ਰਿਹਾ ਹੈ।

ਜੀਅ ਪ੍ਰਾਣ ਮਹਿ ਰਵਿ ਰਹੇ।। (ਬਸੰਤ ੫, ੧੧੮੧: ੧੫)

ਉਸੇ ਪਰਮਾਤਮਾ ਦੇ ਨਿਤ ਦਰਸ਼ਨਾਂ ਲਈ ਹੀ ਪ੍ਰਾਣੀ ਨੂੰ ਪ੍ਰਾਣਾਂ ਤੇ ਆਧਾਰਿਤ ਜੀਵਨ ਦਾ ਧਨ ਪ੍ਰਾਪਤ ਹੋਇਆ ਹੈ। ਮਨ ਤੋਂ ਵਾਧਾ-ਘਾਟਾ ਤਾਂ ਹੁੰਦਾ ਹੀ ਰਹਿੰਦਾ ਹੈ ਇਸੇ ਲਈ ਹਰੀ ਨਾਲ ਪ੍ਰੀਤ ਲਾਈ ਹੈ।

ਪ੍ਰਾਨ ਅਧਾਰ ਜੀਵਨ ਧਨ ਮੋਰੈ ਦੇਖਨ ਕਉ ਦਰਸਨ ਪ੍ਰਭ ਨੀਤਿ ॥

ਬਾਟ ਘਾਟ ਤੋਸਾ ਸੰਗਿ ਮੋਰੈ ਮਨ ਅਪੁਨੇ ਕਉ ਮੈ ਹਰਿ ਸਖਾ ਕੀਤ ॥ (ਟੋਡੀ 5, 716: 5)

ਇਸ ਲਈ ਇਕੋ ਦਾ ਹੀ ਆਸਰਾ ਲੀਤਾ ਹੈ ਤੇ ਉਹੀ ਮੇਰੇ ਪ੍ਰਾਣਾਂ ਦਾ ਆਧਾਰ ਹੈ।

ਇਕਸ ਕਾ ਮਨਿ ਆਸਰਾ ਇਕੋ ਪ੍ਰਾਣ ਅਧਾਰੁ ॥ ਮ: 5, ਪੰਨਾ 45, ਸਤਰ 7,

ਮੇਰੇ ਜੀਅ, ਪ੍ਰਾਣਾਂ ਤੇ ਮਨ ਵਿੱਚ ਹਮੇਸ਼ਾ ਸੱਚਾ ਪ੍ਰਮਾਤਮਾ ਵਸਦਾ ਰਹੇ। ਉਸੇ ਦਾ ਨਾਮ ਮੇਰਾ ਆਸਰਾ ਰਹੇ ਜੋ ਮੇਰੇ ਪ੍ਰਾਣ, ਮਨ, ਤਨ ਤੇ ਹਿਰਦੇ ਦਾ ਆਧਾਰ ਹੈ।

(ੳ) ਜੀਉ ਪ੍ਰਾਣ ਮਨੁ ਤਨੁ ਹਰੇ ਸਾਚਾ ਏਹੁ ਸੁਆਉ ॥ ਮ: 5, ਪੰਨਾ 47, ਸਤਰ 19,

(ਅ) ਜਪਿ ਮਨ ਨਾਮੁ ਏਕੁ ਅਪਾਰੁ ॥ ਪ੍ਰਾਨ ਮਨੁ ਤਨੁ ਜਿਨਹਿ ਦੀਆ ਰਿਦੇ ਕਾ ਆਧਾਰੁ ॥ (ਸਿਰੀ 5, 56: 7)

ਆਤਮਾ

ਆਤਮਾ: ਜੀਵਆਤਮਾ, ਰੂਹ, ਪ੍ਰਾਣੀਆਂ ਵਿੱਚ ਉਹ ਤੱਤ ਹੈ ਜੋ ਉਸ ਦੇ ਜੀਵਨ ਦੀ ਰਾਹਨੁਮਾ ਹੁੰਦੀ ਹੈ। ਆਤਮਾ, ਜੋਤ ਸਭ ਤੋਂ ਪ੍ਰਮੁੱਖ ਹੈ ਜੋ ਪ੍ਰਮਾਤਮਾ ਨੇ ਸਰੀਰ ਵਿੱਚ ਆਪ ਰੱਖੀ ਹੈ।

“ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ ॥

ਹਰਿ ਜੋਤਿ ਰਖੀ ਤੁਧੁ ਵਿਚਿ ਤਾ ਤੂ ਜਗ ਮਹਿ ਆਇਆ ॥

ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ ॥

ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ ॥

ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ॥33॥

(ਮ 3, ਪੰਨਾ 220)

ਜੇ ਜੋਤ ਸਰੀਰ ਵਿੱਚ ਨਾ ਰੱਖੀ ਹੁੰਦੀ ਤਾਂ ਸਰੀਰ ਜਗਤ ਵਿੱਚ ਆਇਆ ਹੀ ਨਾ ਹੁੰਦਾ। ਇਹ ਸਰੀਰ ਉਤਨਾ ਚਿਰ ਹੀ ਜਗਤ ਵਿੱਚ ਰਹੇਗਾ ਜਿਤਨਾ ਵਿੱਚ ਆਤਮਾ-ਜੋਤ ਸਰੀਰ ਵਿੱਚ ਹੈ। ਇਸ ਲਈ ਇਹ ਜੋਤ ਹੀ ਸਰੀਰ ਦਾ ਸਭ ਤੋਂ ਮਹਤਵ ਪੂਰਨ ਅੰਸ਼ ਹੈ। ਇਸ ਜੋਤ ਦੇ ਸਰੋਤ ਨੂੰ ਪਾਉਣਾ ਅਤੇ ਉਸ ਵਿੱਚ ਸਮਾਉਣਾ ਹੀ ਸੂਖਮ-ਸਰੀਰ ਦਾ ਮੁੱਖ ਮਕਸਦ ਹੈ ਤੇ ਇਹ ਤਾਂ ਹੀ ਹੋ ਸਕਦਾ ਹੈ ਜੇ ਰਚਣਹਾਰੇ-ਪਾਲਣਹਾਰੇ-ਮੇਟਣਹਾਰੇ ਪਰਮਪਿਤਾ ਪਰਮਾਤਮਾ ਦੀ ਨਦਰ ਹੋਵੇਗੀ, ਮਿਹਰ ਹੋਵੇਗੀ।

ਹਿੰਦੂ ਮਤ ਵਿੱਚ ਆਤਮਾ ਦਾ ਵਿਸਥਾਰ ਵੱਖ ਵੱਖ ਢੰਗ ਨਾਲ ਕੀਤਾ ਗਿਆ ਹੈ ਜਿਸ ਦਾ ਸਾਰ ਅੱਗੇ ਹੈ। ਸਵਾਮੀ ਵਿਵੇਕਾਨੰਦ ਅਨੁਸਾਰ ਆਤਮਾ ਜੀਵ ਦੀ ਜ਼ਿੰਦਗੀ ਦੀ ਅਸਲ ਰਾਹਨੁਮਾ ਹੈ। ਇਹ ਇਨਸਾਨ ਦਾ ਅੰਦਰ ਹੈ ਜਿਸ ਨੂੰ ਸੱਚ ਤੇ ਝੂਠ ਪਛਾਨਣ ਦਾ ਗਿਆਨ ਹੈ। ਅਪਣੀ ਹਉਮੈਂ, ਅੜੀਅਲਪਣ ਤੇ ਅਗਿਆਨ ਸਦਕਾ ਮਾਨਵ ਸੱਚ ਨੂੰ ਨਕਾਰਦਾ ਹੈ ਤੇ ਝੂਠ ਵਲ ਉਲਰਦਾ ਹੈ (ਸਤਿਆਰਥ ਪ੍ਰਕਾਸ਼)। ਇਹ ਆਤਮਾ ਹੀ ਹੈ ਜੋ ਇੱਕ ਜੀਵ ਨੂੰ ਦੂਸਰੇ ਜੀਵ ਤੋਂ ਵੱਖ ਕਰਦੀ ਹੈ। ਠੀਕ, ਸੱਚਾ ਤੇ ਪਵਿਤਰ ਮਾਰਗ ਸਿਰਫ ਜਾਗ੍ਰਿਤ ਜੀਵਆਤਮਾ ਨੂੰ ਹੀ ਗਿਆਤ ਹੁੰਦਾ ਹੈ ਜੋ ਆਪੇ ਦੀ ਪਛਾਣ ਕਰ ਲੈਂਦੀ ਹੈ ਤੇ ਉਹ ਚੰਗੇ ਬੁਰੇ ਦੀ ਸਹੀ ਪਛਾਣ ਕਰ ਸਕਦੀ ਹੈ। ਜਿਨ੍ਹਾਂ ਨੇ ਆਤਮਾ ਦੀ ਅਥਾਹ ਸਿਰਜਣ ਸ਼ਕਤੀ ਨੂੰ ਸਮਝ ਲਿਆ ਉਨ੍ਹਾਂ ਨੇ ਸਮੁਚੇ ਸਮਾਜਿਕ ਜੀਵਨ ਵਿੱਚ ਪਿਆਰ, ਸਦਭਾਵਨਾ ਤੇ ਏਕਤਾ ਦੀਆ ਸੂਖਮ ਤਰੰਗਾਂ ਛੇੜ ਦਿਤੀਆਂ। (ਅਥਰਵ ਵੇਦ X-੮-੮) ਉਨ੍ਹਾਂ ਦੇ ਦਗ ਦਗ ਚਿਹਰੇ ਦੂਸਰੇ ਹਾਜ਼ਿਰ ਸਜਣਾਂ ਤੇ ਅਨੂਠਾ ਪ੍ਰਭਾਵ ਛੱਡ ਜਾਂਦੇ ਹਨ। ਛੰਦੋਗਯਾ ਉਪਨਿਸ਼ਦ ਅਨੁਸਾਰ ਆਤਮਾਸਿਰਜਣ-ਸ਼ਕਤੀ ਹੈ ਜੋ ਸਾਰੇ ਵਿਸ਼ਵ ਨੂੰ ਚਲਾਉਂਦੀ ਹੈ। ਰਿਗ ਵੇਦ (੧-੭੦-੨, ੧-੬੫-੧) ਤੇ ਹਿੰਦੂ ਮੱਤ ਦੇ ਦੂਸਰੇ ਗ੍ਰੰਥ ਕਿ ਪ੍ਰਮਾਤਮਾ ਸਾਡੀਆਂ ਆਤਮਾ ਦਾ ਹਿਸਾ ਹੋ ਕੇ ਸਾਡਾ ਗੁਰੂ ਜਾਂ ਮਾਰਗ-ਦਰਸ਼ਕ ਬਣਦਾ ਹੈ। ਗੁ (ਹਨੇਰਾ) ਰੂ (ਹਟਾਉਣ ਵਾਲਾ) ਜੋ ਅੰਦਰ ਤੇ ਬਾਹਰ ਦਾ ਹਨੇਰਾ ਦੂਰ ਕਰਨ ਵਾਲਾ ਹੈ। ਜੀਵਆਤਮਾ ਅਮਰ ਹੈ। ਜੀਵ ਦੀਆਂ ਭੂਤ ਤੇ ਵਰਤਮਾਨ ਕਰਮਾਂ (ਸੋਚਾਂ, ਕਰਮਾਂ ਤੇ ਕਿਰਿਆਵਾਂ) ਅਨੁਸਾਰ ਗੁਸੈਲ, ਸ਼ਾਂਤ, ਭਿਆਨਕ, ਨਿਡਰ, ਅਣਜਾਣ, ਗਿਆਨੀ, ਸਖਤ, ਬੇਦਿਲ, ਸਹਿਣਸ਼ੀਲ਼, ਅਸਹਿਣਸ਼ੀਲ, ਭਾਵਨਾਤਮਕ, ਸੰਕੋਚੀ ਜਾਂ ਇੱਕਲ-ਪਸੰਦ ਹੋ ਜਾਂਦਾ ਹੈ (ਯਜੁਰਵੇਦ ੩੯-੭). ਇਸ ਲਈ ਸਥਾਪਿਤ ਆਤਮਾ ਦੇ ਲੱਛਣ ਹਰ ਜੀਵ ਵਿੱਚ ਵੱਖਰ ਵੱਖਰੇ ਹੁੰਦੇ ਹਨ। ਸਥਾਪਿਤ ਆਤਮਾ ਦੀ ਸ਼ੁਧਤਾ, ਬੁਰੇ, ਭਰਿਸ਼ਟ ਤੇ ਗੰਦੇ ਕਰਮ, ਖਿਆਲ ਅਤੇ ਇਛਾਵਾਂ ਤੋਂ ਆਜ਼ਾਦੀ ਉਸ ਨੂੰ ਫਿਲਾਸਫਰ, ਗੁਰੂ ਜਾਂ ਚੰਗੇ ਦੋਸਤ ਦਾ ਦਰਜਾ ਦਿਵਾਉਂਦੀ ਹੈ।

ਸਥਾਪਿਤ ਆਤਮਾ ਦੇ ਲੱਛਣਾਂ ਤੇ ਆਧਾਰਿਤ ਯਜੁਰ ਵੇਦ ਵਿੱਚ (੩੯ ਵਾਂ ਅਧਿਆਇ) ਸਮਰਾਟ, ਤੇਜ, ਵਾਕ ਅਗਨੇਅ, ਪਰਜਾਪਤੀ ਆਦਿ ਨਾਮ ਦਿਤੇ ਗਏ ਹਨ। ਭਗਵਤ ਗੀਤਾ ਵਿੱਚ (ਭਗਵਤ ਗੀਤਾ ੩-੪੨, ੧੪-੧੧) ਇਸ ਨੂੰ ਤਵਸਥ (ਸੂਖਮ ਆਤਮਾ), ਆਤਮਾ, ਜੀਵਆਤਮਾ, ਸਾਹ, ਦੇਹ, ਸ਼ਰੀਰੀਂ, ਸ਼ਰੀਰੀ ਦੇ ਨਾਮ ਦਿਤੇ ਗਏ ਹਨ ਜਿਸ ਦਾ ਆਮ ਭਾਵ ਇਸ ਨੂੰ ਸਰੀਰ ਦਾ ਮਾਲਿਕ ਦਰਸਾਉਣਾ ਹੈ।

ਮਾਰਕੰਡੇ ਉਪਨਿਸ਼ਦ ਅਨੁਸਾਰ ਆਤਮਾ ਚਾਰ ਅਵਸਥਾਵਾਂ ਵਿੱਚ ਦੱਸੀ ਜਾਂਦੀ ਹੇ: ਜਾਗ੍ਰਿਤ ਅਵਸਥਾ, ਸੁਪਨ ਅਵਸਥਾ, ਗਹਿਰੀ-ਨੀਂਦ ਅਵਸਥਾ, ਮਹਾਂਚੇਤਨ ਅਵਸਥਾ

ਜਾਗ੍ਰਿਤ ਅਵਸਥਾ: ਇਸ ਅਵਸਥਾ ਵਿੱਚ ਆਤਮਾ ਨੂੰ ਬਾਹਰੀ ਵਸਤਾਂ ਦਾ ਪ੍ਰਗਟ ਹੁੰਦਾ ਹੈ ਤੇ ਬਾਹਰੀ ਵਸਤਾਂ ਨਾਲ ਜੁੜੇ ਅਨੁਭਵਾਂ ਨੂੰ ਪੰਜ ਗਿਆਨ ਇੰਦਰੀਆਂ, ਪੰਜ ਸਰੀਰਿਕ ਇੰਦਰੀਆਂ ਤੇ ਪੰਜ ਸੂਖਮ ਤੱਤਾਂ ਮਨ, ਬੁੱਧੀ, ਅਹੰਕਾਰ ਤੇ ਚਿੱਤ ਸਦਕਾ ਮਾਣਦੀ ਹੈ।

ਸੁਪਨ ਅਵਸਥਾ: ਦੂਸਰੀ ਅਵਸਥਾ ਸੁਪਨ ਅਵਸਥਾ ਹੈ ਜਿਸ ਵਿੱਚ ਆਤਮਾ ਅੰਦਰੂਨੀ ਵਿਵਸਥਾ ਤੋਂ ਚੇਤੰਨ ਹੁੰਦੀ ਹੈ ਤੇ ਸੂਖਮ ਸਥਿਤੀਆਂ ਦਾ ਪ੍ਰਭਾਵ ਜਾਗ੍ਰਿ੍ਰਤ ਅਰਧਚੇਤਨਾ ਅਵਸਥਾ ਵਿੱਚ ਘਿਰੇ ਮਨ (ਮਾਣਸ) ਤੇ ਮਾਣਦੀ ਹੈ ਤੇ ਬਾਹਰੀ ਇੰਦਰਿਆ ਦੀ ਅਵਿਦਿਆ, ਕਰਮ-ਬੰਧਨ ਤੇ ਕਰਮਾਂ ਦੇ ਗੁਣ-ਔਗੁਣਾਂ ਤੋਂ ਪ੍ਰਭਾਵਤ ਹੋਈ ਹੁੰਦੀ ਹੈ। ਇਸ ਨੂੰ ਤੇਜਸ ਵੀ ਕਿਹਾ ਜਾਂਦਾ ਹੈ।

ਗਹਿਰੀ ਨੀਂਦ ਅਵਸਥਾ: ਇੱਥੇ ਆਤਮਾ ਹਰ ਇੱਛਾ ਤੋਂ, ਹਰ ਸੁਪਨੇ ਤੋਂ ਦੂਰ ਹੁੰਦੀ ਹੈ। ਅਪਣੇ ਆਪ ਤੇ ਹੀ ਕੇਂਦਰਿਤ ਆਤਮਾ ਚੇਤਨਾ ਤੇ ਆਨੰਦ ਨਾਲ ਓਤ ਪੋਤ ਹੁੰਦੀ ਹੈ। ਇਸ ਅਵਸਥਾ ਨੂੰ ਪਰਾਜਨ ਅਵਸਥਾ ਕਿਹਾ ਜਾਂਦਾ ਹੈ। ਇਸ ਅਵਸਥਾ ਵਿੱਚ ਦਿਮਾਗੀ ਜਾਗ ਅਤੇ ਸੁੰਨ-ਸੋਚ ਸਮਾਪਤ ਹੋ ਜਾਂਦੀ ਹੈ, ਅਪਣੇ-ਪਰਾਏ ਦਾ ਫਰਕ ਖਤਮ ਹੋ ਜਾਂਦਾ ਹੈ ਤੇ ਕੋਈ ਵੀ ਦਰਦ ਮਹਿਸੂਸ ਨਹੀਂ ਹੁੰਦਾ।

ਮਹਾਂਚੇਤਨ ਅਵਸਥਾ: ਇਸ ਅਵਸਥਾ ਵਿੱਚ ਆਤਮਾ ਵਿੱਚ ਨਾਂ ਤਾਂ ਬਾਹਰੀ ਤੇ ਨਾਂ ਹੀ ਅੰਦਰੂਨੀ ਵਸਤਾਂ ਤੇ ਪ੍ਰਭਾਵਾਂ ਦੀ ਚੇਤਨਤਾ ਹੁੰਦੀ ਹੈ ਤੇ ਨਾਂ ਹੀ ਚੇਤਨਤਾ ਦਾ ਕੋਈ ਭਰਵਾਂ ਅਸਰ ਚੇਤਨਤਾ ਜਾਂ ਅਚੇਤਨਤਾ ਨੂੰ ਪਾਰ ਕਰ ਸਕਦਾ ਹੈ। ਇਹ ਅਵਸਥਾ ਵਿਚਾਰ, ਸੋਚ, ਬਿਆਨ, ਪ੍ਰਭਾਸ਼ਾ ਤੋਂ ਪਰੇ ਹੈ ਤੇ ਅਪਣੇ ਆਪ ਵਿੱਚ ਸਿਖਰ ਤੇ ਪਹੁੰਚੀ ਹੁੰਦੀ ਹੈ ਜਿੱਥੇ ਸਭ ਉਤਮ, ਖਰਾ, ਸ਼ਾਂਤ ਤੇ ਸੁਚੱਜਾ ਹੁੰਦਾ ਹੈ ਤੇ ਆਤਮਾ ਤੁਰੀਆ ਪਦ ਪ੍ਰਾਪਤ ਕਰਦੀ ਹੈ।

ਬ੍ਰਹਮੋਪਨਿਸ਼ਦ ਅਨੁਸਾਰ ਆਤਮਾ ਪਹਿਲੀ ਅਵਸਥਾ ਵਿੱਚ ਅੱਖਾਂ ਵਿਚ, ਦੂਜੀ ਅਵਸਥਾ ਵਿੱਚ ਗਲੇ ਵਿਚ, ਤੀਜੀ ਅਵਸਥਾ ਵਿੱਚ ਦਿਲ ਵਿਚ, ਤੇ ਚੌਥੀ ਅਵਸਥਾ ਵਿੱਚ ਦਿਮਾਗ ਵਿੱਚ ਹੁੰਦੀ ਹੈ।

ਤੁਰੀਆਤਤੀਯ ੳਪਨਿਸ਼ਦ ਵਿੱਚ ਆਤਮਾ ਦੀ ਤੁਰੀਆਪਦ ਪ੍ਰਾਪਤੀ ਦਾ ਵਿਸਥਾਰ ਦਿਤਾ ਗਿਆ ਹੈ ਜਿੱਥੇ ਨਿਰੋਲ ਰੱਬੀ ਚੇਤਨਤਾ ਦੀ ਪ੍ਰਾਪਤੀ ਹੁੰਦੀ ਹੈ। ਬ੍ਰਹਮਬਿੰਦੂ ਉਪਨਿਸ਼ਦ ਉਨਮਨਭਾਵ ਅਵਸਥਾ ਨੂੰ ਸਭ ਤੋਂ ਉਤਮ ਮੰਨਦਾ ਹੈ ਜਦ ਦਿਲ ਮਨ ਤੇ ਪੂਰੀ ਤਰ੍ਹਾਂ ਕਾਬੂ ਪਾ ਲੈਂਦਾ ਹੈ, ਮਾਇਆ ਨਾਲੋਂ ਮੋਹ ਭੰਗ ਹੋ ਜਾਂਦਾ ਹੈ ਤੇ ਧਿਆਨ ਪਰਮ ਪਿਤਾ ਪਰਮਾਤਮਾ ਨਾਲ ਸਦੀਵ ਜੁੜਿਆ ਰਹਿੰਦਾ ਹੈ।

ਗੁਰੂ ਨਾਨਕ ਦੇਵ ਜੀ ਨੇ ਸਿੱਧ ਗੋਸ਼ਟਿ ਵਿੱਚ ਇਨ੍ਹਾਂ ਅਵਸਥਾਵਾਂ ਦਾ ਵਰਨਣ ਕੀਤਾ ਹੈ।

ਸਰੀਰ ਦਾ ਆਤਮਾ ਨਾਲ ਕੀ ਸਬੰਧ ਕੀ ਹੈ?

ਆਤਮ` ਦੇ ਅਰਥ ਦੇਹ ਅਤੇ ਸਰੀਰ ਵੀ ਬਣਦੇ ਹਨ।ਆਤਮਾ ਨੂੰ ਵੀ ਸਰੀਰ ਨਾਲ ਜੁੜੀ ਮੰਨਿਆਂ ਗਿਆ ਹੈ ਸਰੀਰ ਦਾ ਹੀ ਇੱਕ ਅੰਸ਼ ਮੰਨਿਆਂ ਹੈ:

ਦੇਹ ਸਰੀਰਿ ਸੁਖੁ ਹੋਵੈ ਸਬਦਿ ਹਰਿ ਨਾਇ। (ਮ ੩: ਪੰਨਾ ੫੬੦: ੬)

ਦੇਹ ਅਤੇ ਆਤਮਾ ਨੂੰ ਹਰਿਨਾਮ ਤੋਂ ਸੁੱਖ ਹੋਵੇ।

ਮਨੁੱਖ, ਮਨੁੱਖੀ ਸਰੀਰ ਵਾਂਗ ਹੀ ‘ਆਤਮਾ` ਨੂੰ ਮੰਨਦਾ ਹੈ। ‘ਆਤਮੁ ਚੀਨਸਿ ਗੁਰ ਬੀਚਾਰਾ` ‘ਆਤਮੁ ਜੀਤਾ ਗੁਰਮਤੀ` (ਮ: 5, ਪੰਨਾ 299: 18) ਆਪਣੇ ਅੰਦਰ ਚੱਲ ਰਹੇ ਗੁਣਾਂ ਤਥਾ ਅਵਗੁਣਾਂ ਨੂੰ ਸਮਝਣਾ ਭਾਵ ਗੁਰੂ ਦੀ ਮਤ ਰਾਹੀ ਵਿਚਾਰਨਾ ਤਾਂ ਕਿ ਹਊਮੇ ਵਰਗੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ।

ਆਤਮਾ ਪ੍ਰਮਾਤਮਾ ਦਾ ਅੰਸ਼ ਹੁੰਦੇ ਹੋਏ ਵੀ ਪ੍ਰਮਾਤਮਾ ਨਾਲੋਂ ਭਿੰਨਤਾ ਰੱਖਦੀ ਹੈ ਕਿਉਂਕਿ ਆਤਮਾ ਦਾ ਨਾਤਾ ਇੱਕ ਖਾਸ ਸਰੀਰ ਨਾਲ ਜੁੜ ਗਿਆ ਹੈ ਜਦਕਿ ਪਰਮਾਤਮਾ ਤਾਂ ਸਾਰੀ ਸ਼੍ਰਿਸ਼ਟੀ ਦਾ ਅਟੁਟ ਅੰਗ ਹੈ ਜਾਂ ਕਹਿ ਲਉ ਸਾਰੀ ਸ਼੍ਰਿਸ਼ਟੀ ਪਰਮਾਤਮਾ ਦਾ ਅੰਗ ਹੈ। ਮਾਇਆ ਨਾਲ ਉਲਝੀ ਦੇਹੀ ਤਾਂ ਭੁੱਖ-ਤੇਹ, ਦੁਖ-ਸੁੱਖ, ਚੰਗੇ-ਮਾੜੇ ਦੇ ਚੱਕਰਾਂ ਵਿੱਚ ਪਈ ਰਹਿੰਦੀ ਹੈ ਜਿਨ੍ਹਾਂ ਚੱਕਰਾਂ ਵਿਚੋਂ ਨਿਕਲਣ ਦਾ ਰਾਹ ਆਤਮਾ ਭਾਲ ਕੇ ਦੇਂਦੀ ਹੈ। ਸਰੀਰ ਦੀ ਸੋਚ, ਸੂਝ, ਸਮਝ, ਸ਼ਕਤੀ ਸਭ ਗਿਣੀਆਂ ਮਿਥੀਆਂ ਹੀ ਹਨ। ਇਸਦੀਆ ਸ਼ਕਤੀਆਂ ਇੱਕ ਹਦ ਤਕ ਹੀ ਵਧਦੀਆਂ ਹਨ ਤੇ ਫਿਰ ਘਟਣੀਆਂ ਸ਼ੁਰੁ ਹੋ ਜਾਂਦੀਆਂ ਹਨ। ਆਤਮਾ ਦੇ ਕਿਸੇ ਦੋਸ਼-ਗੁਣ ਬਿਨਾ ਸਰੀਰ ਖਾਕ ਦੀ ਢੇਰੀ ਹੈ ਕੋਈ ਉਸ ਨੂੰ ਦੁਆਨੀ ਬਰਾਬਰ ਨਹੀਂ ਜਾਣਦਾ। ਸਰੀਰ ਪ੍ਰਾਣਾਂ (ਐਨਰਜੀ) ਦਾ ਸੁਰਖਿਆ ਕਵਚ ਹੈ ਤੇ ਆਤਮਾ ਦਾ ਵਾਸਾ ਵੀ ਜਿਸ ਸਦਕਾ ਪਰਮਾਤਮਾ ਨਾਲ ਜੁੜਿਆ ਜਾ ਸਕਦਾ ਹੈ। ਇਸ ਲਈ ਸਰੀਰ ਪ੍ਰਾਣਾਂ ਤੇ ਆਤਮਾ ਦਾ ਇੱਕ ਰਖਿਅਕ ਮੰਨਿਆਂ ਜਾ ਸਕਦਾ ਹੈ। ਪਰ ਸਰੀਰ ਦਾ ਹਰ ਕਾਰਜ ਪਰਮਾਤਮਾ ਦੀ ਮਰਜ਼ੀ ਅਨੁਸਾਰ ਹੀ ਹੁੰਦਾ ਹੈ:

ਉਨ ਕੈ ਸੰਗਿ ਤੂ ਕਰਤੀ ਕੇਲ।। ਉਨ ਕੈ ਸੰਗਿ ਹਮ ਤੁਮ ਸੰਗਿ ਮੇਲ।।

ਉਨੑ ਕੈ ਸੰਗਿ ਤੁਮ ਸਭੁ ਕੋਊ ਲੋਰੈ।। ਓਸੁ ਬਿਨਾ ਕੋਊ ਮੁਖੁ ਨਹੀ ਜੋਰੈ।। ੧ ।।

ਤੇ ਬੈਰਾਗੀ ਕਹਾ ਸਮਾਏ।। ਤਿਸੁ ਬਿਨੁ ਤੁਹੀ ਦੁਹੇਰੀ ਰੀ।। ੧ ।। ਰਹਾਉ।।

ਉਨੑ ਕੈ ਸੰਗਿ ਤੂ ਗ੍ਰਿਹ ਮਹਿ ਮਾਹਰਿ।। ਉਨੑ ਕੈ ਸੰਗਿ ਤੂ ਹੋਈ ਹੈ ਜਾਹਰਿ।।

ਉਨੑ ਕੈ ਸੰਗਿ ਤੂ ਰਖੀ ਪਪੋਲਿ।। ਓਸੁ ਬਿਨਾ ਤੂੰ ਛੁਟਕੀ ਰੋਲਿ।। ੨ ।।

ਉਨੑ ਕੈ ਸੰਗਿ ਤੇਰਾ ਮਾਨੁ ਮਹਤੁ।। ਉਨੑ ਕੈ ਸੰਗਿ ਤੁਮ ਸਾਕੁ ਜਗਤੁ।।

ਉਨੑ ਕੈ ਸੰਗਿ ਤੇਰੀ ਸਭ ਬਿਧਿ ਥਾਟੀ।। ਓਸੁ ਬਿਨਾ ਤੂੰ ਹੋਈ ਹੈ ਮਾਟੀ।। ੩ ।।

ਓਹੁ ਬੈਰਾਗੀ ਮਰੈ ਨ ਜਾਇ।। ਹੁਕਮੇ ਬਾਧਾ ਕਾਰ ਕਮਾਇ।।

ਜੋੜਿ ਵਿਛੋੜੇ ਨਾਨਕ ਥਾਪਿ।। ਅਪਨੀ ਕੁਦਰਤਿ ਜਾਣੈ ਆਪਿ।। ੪ ।। (ਪੰਨਾ ੩੯੦)

ਆਤਮਾ ਜੀਵਨ ਦਾ ਧੁਰਾ ਹੈ, ਇਹ ਖੁਦ ਹੀ ਜ਼ਿੰਦਗੀ ਹੈ। ਇਹ ਮਨ-ਮੰਦਿਰ ਦੀ ਵਾਸੀ ਹੈ। ਸਾਨੂੰ ਇਸਨੂੰ ਸੋਚ, ਸ਼ਬਦ ਤੇ ਕਰਮ ਨਾਲ ਸੁੱਚਾ-ਸੱਚਾ ਰੱਖਣਾ ਚਾਹੀਦਾ ਹੈ। ਆਤਮਾ ਕਿਸੇ ਖਾਸ ਸਰੀਰ ਨੂੰ ਪਸੰਦ ਨਹੀਂ ਕਰਦੀ। ਜੋ ਹੁਕਮ ਹੁੰਦਾ ਹੈ ਉਸੇ ਸਰੀਰ ਵਿੱਚ ਜਾ ਵਾਸ ਕਰਦੀ ਹੈ। ਸੋ ਇਸ ਲਈ ਕੋਈ ਚੰਗਾ ਜਾਂ ਬੁਰਾ ਸਰੀਰ ਨਹੀਂ ਹੁੰਦਾ। ਇਹ ਸਦਾ ਚਲਦੀ ਰਹਿੰਦੀ ਹੈ ਹਮੇਸ਼ਾ ਇੱਕ ਸਰੀਰ ਵਿੱਚ ਵਾਸ ਨਹੀਂ ਕਰਦੀ ਹਰ ਸਰੀਰ ਵਿੱਚ ਇਸ ਦਾ ਵਾਸ ਸਮਾਂ ਨਿਸਚਿਤ ਹੁੰਦਾ ਹੈ। ਪਰ ਸਰੀਰ ਦੀ ਕੀਮਤ ਹੀ ਆਤਮਾ ਸਦਕਾ ਪੈਂਦੀ ਹੈ ਆਤਮਾ ਬਿਨਾ ਸਰੀਰ ਦੀ ਕੋਈ ਕੀਮਤ ਨਹੀਂ। ਆਤਮਾ ਵਸਦੀ ਹੈ ਤਾਂ ਸਰੀਰ ਵਸਦਾ ਹੈ।

ਆਤਮਾ ਦੀਆਂ ਖੂਬੀਆਂ

ਆਤਮਾ ਕਦੇ ਮਰਦੀ ਨਹੀਂ ਸਦੈਵ ਹੀ ਅਮਰ ਹੈ।

ਨਾ ਜੀਉ ਮਰੈ ਨ ਡੂਬੈ ਤਰੈ (ਮ: ੧: ਪੰਨਾ ੧੫੧)

ਆਤਮਾ ਸਰੀਰ ਨੂੰ ਜੀਵਨ ਦਾਣ ਦੇਣ ਵਾਲੀ ਹੈ ਆਤਮਾ ਨਾਲ ਹੀ ਸਰੀਰ ਦੀ ਹੋਂਦ ਹੈ, ਆਤਮਾ ਨਹੀਂ ਤਾਂ ਜੀਵ ਨਹੀਂ। ਪਰਮਾਤਮਾ ਦਾ ਹਿਸਾ ਹੋਣ ਕਰਕੇ ਇਸ ਵਿੱਚ ਪਰਮਾਤਮਾ ਵਾਲੇ ਸਾਰੇ ਗੁਣ ਹਨ। ਸੱਚੀ, ਸੁੱਚੀ, ਅਨੰਤ, ਅਜਰ, ਅਮਰ, ਅਜੂਨੀ ਆਦਿ ਆਦਿ। ਆਤਮਾਂ ਦੀਆਂ ਖੂਬੀਆਂ ਦਾ ਪ੍ਰਗਟਾਵਾ ਮਨ ਦੀਆਂ ਖੂਬੀਆਂ ਰਾਹੀ ਪਤਾ ਲਗਦਾ ਹੈ। ਜਿਉਂ ਜਿਉਂ ਮਨ ਸੱਚਾ, ਸੁੱਚਾ, ਖਰਾ, ਭਲਾ, ਚੰਗਾ, ਸੁੱਖੀ ਹੁੰਦਾ ਜਾਂਦਾ ਹੈ ਲੋਕ ਆਖਦੇ ਹਨ “ਇਹ ਇੱਕ ਚੰਗੀ ਆਤਮਾ ਹੈ”। ਪਰ ਜਿਉਂ ਜਿਉਂ ਮਨ ਦੀਆਂ ਬੁਰਿਆਈਆਂ ਉਜਾਗਰ ਹੁੰਦੀਆਂ ਹਨ ਤਾਂ ਲੋਕ ਉਸ ਨੂੰ ਬੁਰੀ ਆਤਮਾ ਗਰਦਾਨਦੇ ਹਨ। ਜੋ ਆਤਮਾ ਦੂਸਰਿਆ ਦਾ ਬੁਰਾ ਕਰੇ, ਨੁਕਸਾਨ ਕਰੇ ਉਹ ਬੁਰੀ ਆਤਮਾ ਅਖਵਾਉਂਦੀ ਹੈ।

ਪਰ ਸਚਾਈ ਤਾਂ ਇਹ ਹੈ ਕਿ ਆਤਮਾ ਕਦੇ ਵੀ ਬੁਰੀ ਨਹੀਂ ਹੁੰਦੀ ਕਿਉਂਕਿ ਇਹ ਤਾਂ ਆਪ ਪਰਮੇਸ਼ਵਰ ਸਰੂਪ ਹੈ ਤੇ ਪਰਮੇਸ਼ਵਰ ਬੁਰਾ ਕਦੋਂ ਹੁੰਦਾ ਹੈ? ਉਹ ਤਾਂ ਸਭ ਦਾ ਭਲਾ ਲੋਚਦਾ ਹੈ। ਚੰਗਾ ਬੁਰਾ ਸਿਰਫ ਇਨਸਾਨੀ ਸੋਚ ਦੀ ਉਪਜ ਹਨ ਜਿਸ ਵਿੱਚ ਜੀਵ ਦਾ ਅਪਣਾ ਮਤਲਬ ਵੜਿਆ ਹੋਇਆ ਹੁੰਦਾ ਹੈ। ਜੋ ਉਸ ਦਾ ਮਤਲਬ ਨਹੀਂ ਪੂਰਦਾ ਉਹ ਬੁਰਾ ਹੈ ਜੋ ਉਸ ਦਾ ਮਤਲਬ ਪੂਰਦਾ ਹੈ ਉਹੀ ਚੰਗਾ ਹੈ। ਦਰਅਸਲ ਬੁਰਾ-ਚੰਗਾ ਕੁੱਝ ਨਹੀਂ ਜੋ ਇੱਕ ਲਈ ਬੁਰਾ ਹੈ ਉਹ ਦੂਸਰੇ ਦੇ ਭਲੇ ਲਈ ਹੋ ਸਕਦਾ ਹੈ।

ਸਭ ਮਹਿ ਜੋਤਿ ਜੋਤਿ ਹੈ ਸੋਇ। ਤਿਸਦੈ ਚਾਨਣ ਸਭ ਮਹਿ ਚਾਨਣ ਹੋਇ। (ਪੰਨਾ 663)

ਮਨ ਜੋ ਜੋਤ ਸਰੂਪ ਹੈ ਤੇ ਆਤਮਾ ਦਾ ਹੀ ਅੰਸ ਹੈ ਜੇ ਮਾਇਆ ਨਾਲੋਂ ਪ੍ਰਮਾਤਮਾ ਵਲ ਹੋ ਜਾਵੇ ਤਾਂ ਪਰਮਾਤਮਾ ਪਰਾਪਤੀ ਕਰਨ ਦੇ ਕਾਬਲ ਹੈ।

ਮਨ ਤੂ ਜੋਤਿ ਸਰੂਪ ਹੈ ਅਪਣਾ ਮੂਲ ਪਛਾਣ। ਮਨ ਹਰਿ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। (ਪੰਨਾ 441)

ਜੋ ਆਤਮਾ ਅਪਣੇ ਪਰਮਾਤਮਾ ਦੇ ਨੇੜੇ ਦੇ ਭੇਦ ਜਾਣਦੀ ਹੈ, ਉਹ ਹੀ ਪਰਮਾਤਮਾ ਦੀ ਦਾਸਤਾ ਪਾਕੇ ਉਸ ਦੀ ਸਦੀਵੀ ਹੋ ਰਹਿੰਦੀ ਹੈ:

ਆਤਮਾ ਪਰਮਾਤਮਾ ਹੈ ਤੇ ਪਰਮਾਤਮਾ ਆਤਮਾ ਰੂਪ ਵਿਚ:

ਆਤਮ ਰਾਮ, ਰਾਮ ਹੈ ਆਤਮ, ਹਰ ਪੈ ਸਬਦ ਵਿਚਾਰਾ ਹੇ। (ਪੰਨਾ 686)

ਇਸ ਲਈ ਪਰਮਾਤਮਾ ਦਾ ਸੁਮੇਲ ਕਿਤਨਾ ਲਾਹੇਵੰਦਾ ਹੈ ਉਹੀ ਜਾਣ ਸਕਦਾ ਹੈ ਜੋ ਆਪਾ ਪਛਾਣਦਾ ਹੈ:

ਆਪ ਪਛਾਣੇ, ਸੋ ਸਭ ਗੁਣ ਜਾਣੇ। (ਪੰਨਾ 1056) ੇ

ਇਸ ਲਈ ਜ਼ਰੂਰੀ ਹੇ ਕਿ ਅਸੀਂ ਆਤਮਾ ਨੂੰ ਪਛਾਣੀਏ ਤੇ ਸਦਾ ਹੀ ਮੇਲ ਦਾ ਸੁੱਖ ਪਾਈਏ।

ਆਤਮ ਚੀਨ ਪਰਮ ਸੁਖ ਪਾਈਏ (ਪੰਨਾ 375)

ਜਦ ਤਕ ਅਸੀਂ ਆਪਾ ਨਹੀਂ ਪਛਾਣਦੇ, ਸਾਡੇ ਅੰਦਰੋਂ ਸਾਡੀ ਹੋਂਦ ਤੇ ਪਰਮਾਤਮਾ ਦੇ ਨੇੜੇ ਬਾਰੇ ਭਰਮ ਨਹੀਂ ਜਾਣਾ।

ਲੱਖ ਜੰਗਲੀ ਘੁੰਮੀਏ ਇਹ ਗਿਆਨ ਤਾਂ ਅੰਦਰੋਂ ਹੀ ਪਰਾਪਤ ਹੋਣਾ ਹੈ:

ਜਨ ਨਾਨਕ, ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। … ਕਾਹੇ ਰੇ ਬਨ ਖੋਜਨ ਜਾਈ। (ਪੰਨਾ 684)

ਜੇ ਸਭ ਆਤਮਾ ਪਰਮਾਤਮਾ ਦਾ ਰੂਪ ਹਨ ਤਾਂ ਮਨਾਂ ਵਿੱਚ ਤੇ ਪ੍ਰਾਣੀਆਂ ਵਿੱਚ ਭਿੰਨਤਾ ਕਿਉਂ? ਸਾਰੀ ਲੋਕਾਈ ਵੱਖ ਵੱਖ ਵਰਤਾਉ ਕਿਉਂ ਕਰਦੀ ਹੈ?

ਅਸੰਖ ਜਪ, ਅਸੰਖ ਭਾਉ। (ਜਪੁਜੀ ਪਉੜੀ ੧੭) ਹਰ ਆਤਮਾ ਦਾ ਵੱਖ ਵੱਖ ਮਨਾਂ ਨਾਲ ਜੁੜੇ ਹੋਣ ਕਰਕੇ ਦਾ ਪਰਮਾਤਮਾ ਪ੍ਰਤੀ ਜਪ ਕਰਨ ਦਾ ਤੇ ਪ੍ਰੇਮ ਦਰਸਾਉਣ ਦਾ ਤਰੀਕਾ ਅਡਰਾ ਹੈ। ਹਰ ਮਨ ਅਪਣੇ ਅਗਲੇ-ਪਿਛਲੇ ਕਰਮਾਂ ਅਨੁਸਾਰ ਅਪਣੇ ਕਾਰਜ ਨਿਭਾਉਂਦਾ ਹੈ ਜਿਸ ਕਰਕੇ ਮਨੋਸਿਥਤੀਆਂ ਅਲੱਗ ਅਲੱਗ ਹੁੰਦੀਆਂ ਹਨ ਤੇ ਇਨ੍ਹਾ ਦਾ ਆਤਮਾ ਉਪਰ ਅਸਰ ਅਲੱਗ ਅਲੱਗ ਹੋਣ ਕਰਕੇ ਹਰ ਆਤਮਾ ਦਾ ਵਿਉਹਾਰ ਵੀ ਵੱਖਰਾ ਹੋ ਜਾਂਦਾ ਹੈ।

ਆਤਮਾ ਦਾ ਪ੍ਰਮਾਤਮਾ ਨਾਲ ਸਬੰਧ:

ਆਤਮਾ ਨੂੰ ਪਰਮਾਤਮਾ ਦਾ ਹੀ ਰੂਪ ਮੰਨਿਆ ਗਿਆ ਹੈ

ਆਤਮੈ ਸ੍ਰੀ ਬਾਸੂਦੇਵਸਯ (ਸਹਸ ਮ: 1: ਪੰਨਾ 1353: 14)

“ਆਤਮਾ ਪਰਾਤਮਾ ਏਕੋ ਕਰੈ” (ਪੰਨਾ 611)

ਆਤਮਾ ਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ

ਆਤਮੇ ਨੋ ਆਤਮੇ ਦੀ ਪ੍ਰਤੀਤ ਹੋਇ, ਤਾ ਘਰ ਹੀ ਪਰਚਾ ਪਾਇ” ॥ ਸਲੋਕ ਮ: ੩ ਪੰਨਾ ੮੭

ਜਦੋਂ ਮਾਂ ਵੀ ਨਹੀਂ ਸੀ ਤੇ ਪਿਤਾ ਵੀ ਨਹੀਂ ਸੀ ਤਾਂ ਓਦੋਂ ਇਹ ਜੀਵ ਆਤਮਾ ਕਿੱਥੇ ਰਹਿੰਦੀ ਸੀ?

ਰਕਤੁ ਬਿੰਦੁ ਕੀ ਮੜੀ ਨ ਹੋਤੀ, ਮਿਤਿ ਕੀਮਤਿ ਨਹੀ ਪਾਈ॥ (ਮ ੧: ਪੰਨਾ ੯੪੫: ੧੬)

ੁਦੋਂ ਆਤਮਾ ਪਰਮਾਤਮਾ ਦੇ ਹੀ ਅੰਸ਼ ਰੂਪ ਵਿੱਚ ਪਵਨ ਬਣ ਰਹਿ ਰਹੀ ਸੀ

ਨਾਭਿ ਕਮਲੁ ਅਸਥੰਭੁ ਨ ਹੋਤੋ, ਤਾ ਨਿਜ ਘਰਿ ਬਸਤਉ ਪਵਨੁ ਅਨਰਾਗੀ॥ (ਮ ੧: ਪੰਨਾ ੯੪੫: ੧੫)

ਸੰਸਾਰ ਦਾ ਵਿਕਾਸ ਹੋਇਆ, ਨਾਲ ਨਾਲ ਸਰੀਰਾਂ ਦੀ ਹੋਂਦ ਵੀ ਸੰਸਾਰ ਵਿੱਚ ਵੱਧਦੀ ਗਈ। ਉਸ ਵੇਲੇ ਪਵਨ ਅਨੁਰਾਗੀ ਪ੍ਰੇਮ ਨਾਲ ਹਵਾ ਵਿੱਚ ਵੱਸਦਾ ਸੀ

ਪ੍ਰਭ ਕਉ ਸਿਮਰਹਿ ਤਿਨ ਆਤਮੁ ਜੀਤਾ

ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ॥ (ਮ: ੫: ਪੰਨਾ ੨੬੩: ੯-੧੦)

ਇਸੇ ਕਰਕੇ ਆਤਮਾ ਦਾ ਪ੍ਰਾਣਾਂ ਨਾਲ ਨੇੜਾ ਵੀ ਮੰਨਿਆਂ ਗਿਆ ਹੈ।
.