.

ਮਤੁ ਦੇਖਿ ਭੂਲਾ ਵੀਸਰੈ……

ਗੁਰਮਤਿ ਅਨੁਸਾਰ ਮਨੁੱਖ ਦਾ ਜੀਵਨ-ਮਨੋਰਥ ਇਹ ਹੈ ਕਿ ਉਹ ਪਰਮਾਤਮਾ ਤੋਂ ਵਿੱਛੜੀ ਆਪਣੀ ਮੈਲੀ ਆਤਮਾ ਨੂੰ ਨਾਮ-ਸਿਮਰਨ ਦੇ ਪਵਿੱਤਰ ਜਲ ਨਾਲ ਨਿਰਮੈਲ ਕਰਕੇ ਨਿਰਲੇਪ ਨਿਰੰਜਣ ਅਕਾਲ ਪੁਰਖ ਵਿੱਚ ਦੁਬਾਰਾ ਅਭੇਦਤਾ ਪ੍ਰਾਪਤ ਕਰੇ। ਮਨੁੱਖ ਦੇ ਇਸ ਪਰਮ ਧਰਮ ਕਮਾਉਣ ਦੇ ਰਾਹ ਵਿੱਚ ਚੰਚਲ ਮਨ ਵੱਡੀ ਰੁਕਾਵਟ ਹੈ। ਚੰਚਲ ਮਨ ਦੇ ਮਗਰ ਲੱਗਿ ਮਨੁੱਖ ਪਰਮਾਰਥ ਦੇ ਰਾਹ ਤੋਂ ਭਟਕ ਜਾਂਦਾ ਹੈ ਤੇ ਉਹ ਗੁਰੂਆਂ ਦੁਆਰਾ ਸੁਝਾਏ ਕੀਮੀਆਈ ਨਾਮ-ਸਿਮਰਨ ਨੂੰ ਭੁਲਾ ਕੇ ਸੰਸਾਰਕ ਸੁੱਖ ਕਿਆਸਦਾ ਰਹਿੰਦਾ ਹੈ ਤੇ ਉਨ੍ਹਾਂ ਦੀ ਪ੍ਰਾਪਤੀ ਵਾਸਤੇ ਇਨਸਾਨੀਯਤ ਤੋਂ ਗਿਰੇ ਹੋਏ ਕਰਮ ਕਮਾ ਕਮਾ ਕੇ ਆਪਣੀ ਆਤਮਾ ਨੂੰ ਹੋਰ ਹੋਰ ਮੈਲੀ ਕਰੀ ਚਲਿਆ ਜਾਂਦਾ ਹੈ। ਗੁਰਬਾਣੀ ਵਿੱਚ ਭਟਕੇ ਹੋਏ ਮਨੁੱਖ ਨੂੰ ਉਸ ਦੀ ਇਸ ਮਾਨਸਿਕ ਕਮਜ਼ੋਰੀ ਬਾਰੇ ਸੁਚੇਤ ਕਰਦਿਆਂ ਇਹ ਪ੍ਰੇਰਣਾ ਦਿੱਤੀ ਗਈ ਹੈ ਕਿ ਉਹ, ਸੰਸਾਰਕ ਸੁੱਖਾਂ ਦੀ ਲਾਲਸਾ ਕਰਨ ਅਤੇ ਇਨ੍ਹਾਂ ਸੁੱਖਾਂ ਤੋਂ ਮਿਲਨ ਵਾਲੀਆਂ ਇੰਦ੍ਰੀਆਤਮਕ ਖ਼ੁਸ਼ੀਆਂ ਦਾ ਗ਼ੁਲਾਮ ਬਣਨ ਦੀ ਬਜਾਏ, ਨਾਮ-ਸਿਮਰਨ ਨਾਲ ਮਨ/ਆਤਮਾ ਨੂੰ ਸਾਧ ਕੇ ਰੱਬੀ ਗੁਣ ਧਾਰਨ ਕਰੇ ਅਤੇ ਇਨ੍ਹਾਂ ਸਦਕਾ ਰੱਬ ਦੀ ਨੇੜਤਾ ਪ੍ਰਾਪਤ ਕਰਨ ਦਾ ਸੁਹਿਰਦ ਯਤਨ ਕਰਦਾ ਰਹੇ। ਇਸ ਪ੍ਰਸੰਗ ਵਿੱਚ ਗੁਰੂ ਨਾਨਕ ਦੇਵ ਜੀ ਦਾ ਹੇਠ ਲਿਖਿਆ ਸ਼ਬਦ ਵਿਚਾਰਨਯੋਗ ਹੈ:-

ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ॥

ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ॥

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥ ੧॥

ਹਰਿ ਬਿਨੁ ਜੀਉ ਜਲਿ ਬਲਿ ਜਾਉ॥

ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ॥ ੧॥ ਰਹਾਉ॥

ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ॥

ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ॥

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥ ੨॥

ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ॥

ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ॥

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥ ੩॥

ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਰਾਖਾ ਪਾਉ॥

ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ॥

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥ ੪॥ ਸਿਰੀ ਰਾਗੁ ਮ: ੧

ਸ਼ਬਦ ਅਰਥ:- ਮੋਤੀ: ਕੀਮਤੀ ਪੱਥਰ, ਸਿੱਪੀਆਂ ਵਿੱਚੋਂ ਨਿਕਲਨ ਵਾਲੇ ਬਹੁਮੁੱਲੇ ਰਤਨ (pearls)ਮੰਦਰ: ਦੇਵਾਲਯਾ, ਇਸ਼ਟ-ਦੇਵ ਦਾ ਘਰ, ਪੂਜਾ-ਸਥਾਨ: ਮੰਦਿਰ, ਮਸਜਿਦ, ਗੁਰੂਦਵਾਰੇ ਆਦਿ; ਘਰ, ਨਿਵਾਸ ਸਥਾਨ; । ਰਤਨੀ ਤ ਹੋਹਿ ਜੜਾਉ: ਰਤਨ=ਕੀਮਤੀ ਪੱਥਰ, (ਮੰਦਰ ਨੂੰ ਵਧੇਰੇ ਸੁੰਦਰ ਬਣਾਉਣ ਲਈ) ਕੀਮਤੀ ਪੱਥਰ ਜੜੇ ਹੋਏ ਹੋਣ। ਕੁੰਗੂ: ਕੇਸਰ। ਅਗਰਿ: ਦੱਖਣੀ ਭਾਰਤ ਵਿੱਚ ਹੁੰਦਾ ਇੱਕ ਬਿਰਛ ਜਿਸ ਦੀ ਲੱਕੜੀ ਖ਼ੁਸ਼ਬੂਦਾਰ ਹੁੰਦੀ ਹੈ, ਅਗਰਬੱਤੀ ਇਸੇ ਤੋਂ ਬਣਾਈ ਜਾਂਦੀ ਹੈ। ਲੀਪ: ਪੋਚਾ, ਲਿੱਪਿਆ ਹੋਵੇ। ਚਾਉ: (ਇੰਦ੍ਰੀਆਤਮਕ) ਖ਼ੁਸ਼ੀ ਦਾ ਅਹਸਾਸ। ਵੀਸਰੈ: ਵਿਸਾਰਨਾ= ਭੁਲਾ ਦੇਣਾ, ਯਾਦ ਨਾ ਰਹਿਣਾ; ਯਾਦ ਨਾ ਆਵੇ, ਤੂੰ ਮੈਂਨੂੰ ਯਾਦ ਹੀ ਨਾ ਰਹੇਂ। ੧।

ਜੀਉ: ਆਤਮਾ, ਮਨ। ਜਲਿ: ਜਵਾਲਾ, ਅੱਗ; ਅੱਗ ਵਿੱਚ ਸੜਣਾ। ਬਲਿ: ਸੜਣਾ। ਅਵਰੁ: ਹੋਰ ਕੋਈ। ਥਾਉ: ਠਿਕਾਨਾ, ਹੀਲਾ। ੧। ਰਹਾਉ।

ਧਰਤੀ: ਸਥਾਨ, ਕਮਰਾ, ਕਾਮ-ਕ੍ਰੀੜਾ ਵਾਸਤੇ ਸਜਾਈ ਸੇਜ ਵਾਲਾ ਕਮਰਾ (bedroom)ਹੀਰੇ ਲਾਲ ਜੜਤੀ: (ਉਸ ਕਮਰੇ ਨੂੰ) ਕੀਮਤੀ ਪੱਥਰਾਂ ਦੀ ਜੜਤ ਨਾਲ ਹੋਰ ਵੀ ਮਨ-ਮੋਹਕ ਬਣਾਇਆ ਹੋਵੇ। ਸੋਹੈ: ਸੁਸ਼ੋਭਤ ਹੋਵੇ, ਸਜੀ-ਸੰਵਾਰੀ ਬੈਠੀ ਹੋਵੇ। ਮੋਹਣੀ: ਮੋਹ ਲੈਣ ਵਾਲੀ, ਮਨ-ਮੋਹਕ। ਮੁਖਿ ਮਣੀ: ਮੋਤੀ ਦੀ ਤਰ੍ਹਾਂ ਸੁੰਦਰ ਮੁੱਖੜੇ ਵਾਲੀ। ਕਰੇ ਰੰਗਿ ਪਸਾਉ: ਕਾਮ-ਕ੍ਰੀੜਾ ਤੋਂ ਮਿਲਨ ਵਾਲੀ ਖ਼ੁਸ਼ੀ ਲਈ ਉਤੇਜਤ ਕਰੇ। ੨।

ਸਿਧੁ: ਕਰਾਮਾਤੀ ਸ਼ਕਤੀਆਂ ਵਾਲਾ। ਸਿਧਿ: ਕਰਾਮਾਤੀ ਸ਼ਕਤੀ। ਰਿਧਿ: ਦੁਨਿਆਵੀ ਐਸ਼ ਓ ਇਸ਼ਰਤ ਦਾ ਸਾਮਾਨ, ਧਨ ਦੌਲਤ, ਪਦਾਰਥਕ ਪ੍ਰਾਪਤੀਆਂ। ਗੁਪਤੁ: ਅੱਖਾਂ ਤੋਂ ਓਹਲੇ, ਅਦ੍ਰਿਸ਼ਟ। ਪਰਗਟੁ: ਅੱਖਾਂ ਦੇ ਸਾਹਮਨੇ, ਜ਼ਾਹਿਰਾ। ਬੈਸਾ: ਬੈਠਾਂ।। ਭਾਉ: ਸ਼੍ਰੱਧਾ, ਯਕੀਨ, ਡਰ। ੩।

ਮੇਲਿ: ਇਕੱਠਾ ਕਰਕੇ। ਲਸਕਰ: ਫ਼ੌਜਾਂ। ਹੁਕਮੁ: ਹੁਕਮਨ, ਜ਼ਬਰਦਸਤੀ। ਹਾਸਲੁ: ਕਰ, ਲਗਾਨ (tax); ਰਾਜਵਾੜਾਸ਼ਾਹੀ ਦੇ ਸਮੇਂ ਰਾਜੇ ਕਿਰਸਾਨਾਂ ਤੋਂ ਉਪਜ ਦਾ ਕੁੱਝ ਹਿੱਸਾ ਹੁਕਮਨ ਲੈਂਦੇ ਸਨ ਜਿਸ ਨੂੰ ਹਾਸਿਲ ਜਾਂ ਮੁਆਮਲਾ ਕਿਹਾ ਜਾਂਦਾ ਸੀ। ਵਾਉ: ਬੇਅਰਥ, ਬੇਫ਼ਾਇਦਾ। ੪।

ਭਾਵ ਅਰਥ:- ਹੇ ਪ੍ਰਭੂ! (ਜੇ ਤੇਰੀ ਪੂਜਾ-ਅਰਚਨਾ ਵਾਸਤੇ) ਕੀਮਤੀ ਪੱਥਰਾਂ ਦਾ ਮੰਦਿਰ ਬਣਿਆ ਹੋਵੇ, ਉਸ ਮੰਦਿਰ ਨੂੰ ਹੋਰ ਸੁੰਦਰ ਬਣਾਉਣ ਲਈ ਉਸ ਉੱਤੇ ਰਤਨਾਂ ਨਾਲ ਸਜਾਵਟ ਕੀਤੀ ਹੋਵੇ ਅਤੇ ਉਸ ਦੇ ਮਾਹੌਲ ਨੂੰ ਵਧੇਰੇ ਦਿਲਕਸ਼ ਬਣਾਉਣ ਵਾਸਤੇ ਕਸਤੂਰੀ, ਕੇਸਰ ਅਗਰ ਤੇ ਚੰਦਨ ਆਦਿ ਸੁਗੰਧੀਆਂ ਦਾ ਪੋਚਾ ਫੇਰਿਆ ਹੋਇਆ ਹੋਵੇ। ਇਹ ਸਭ ਕੁੱਝ ਦੇਖ ਕੇ ਮੇਰੇ ਮਨ ਅੰਦਰ (ਕਿਸੇ ਇੰਦ੍ਰੀਆਤਮਕ) ਦੁਨਿਆਵੀ ਖ਼ੁਸ਼ੀ ਦਾ ਅਹਿਸਾਸ ਪੈਦਾ ਹੋਵੇ। ਹੇ ਪ੍ਰਭੂ! (ਇਹ ਸਭ ਕੁਛ ਮੈਨੂੰ ਨਹੀਂ ਚਾਹੀਦਾ ਕਿਉਂਕਿ) ਕਿਤੇ ਇਉਂ ਨਾ ਹੋਵੇ ਕਿ ਇਸ ਮਨਮੋਹਕ ਪਸਾਰੇ ਨੂੰ ਦੇਖ ਕੇ ਮੈਂ ਗੁਮਰਾਹ ਹੋ ਜਾਵਾਂ (ਅਤੇ ਪਰਮਾਰਥ ਦੇ ਰਾਹੋਂ ਭਟਕ ਕੇ) ਮੈਂ ਤੈਨੂੰ ਭੁਲਾ ਦਿਆਂ! ਅਤੇ (ਇਸ ਪਸਾਰੇ ਦੇ ਮੋਹ ਵਿੱਚ ਫਸ ਕੇ) ਤੇਰੇ ਨਾਮ (ਜੋ ਕਿ ਮੇਰੇ ਜੀਵਨ ਦਾ ਅਸਲੀ ਮਨੋਰਥ ਹੈ) ਦਾ ਮੈਨੂੰ ਚਿਤ-ਚੇਤਾ ਹੀ ਨਾ ਰਹੇ। ੧। (ਨੋਟ:- ਕਈ ਵਿਦਵਾਨ ‘ਮੰਦਰ’ ਦੇ ਅਰਥ ‘ਘਰ’ ਕਰਦੇ ਹਨ। ਮੰਦਰ ਦੇ ਅਰਥ ਘਰ ਕਰਨ ਨਾਲ ਬਾਕੀ ਬੰਦ ਦੇ ਅਰਥ ਨਹੀਂ ਬਦਲਦੇ)।

ਹਰਿ-ਨਾਮ ਦੇ ਸਿਮਰਨ ਤੋਂ ਬਿਨਾਂ ਮੇਰੀ ਆਤਮਾ (ਵਿਕਾਰੀ ਰੁਚੀਆਂ ਦੀ ਅੱਗ ਵਿੱਚ) ਸੜ ਬਲ ਜਾਂਦੀ ਹੈ। ਮੈਂਨੂੰ ਆਪਣੇ ਗੁਰੂ (ਗਿਆਨ-ਦਾਤੇ ਅਕਾਲ ਪੁਰਖ) ਤੋਂ ਇਹੋ ਸੂਝ ਮਿਲੀ ਹੈ ਕਿ ਮਨ/ਆਤਮਾ ਨੂੰ ਸਜੀਵ ਰੱਖਣ ਵਾਸਤੇ (ਨਾਮ ਤੋਂ ਬਿਨਾਂ) ਹੋਰ ਕੋਈ ਚਾਰਾ ਨਹੀਂ। ੧। ਰਹਾਉ।

ਕਾਮ-ਕ੍ਰੀੜਾ (ਭੋਗ-ਵਿਲਾਸ) ਵਾਲੇ ਕਮਰੇ ਨੂੰ ਕੀਮਤੀ ਪੱਥਰਾਂ ਦੀ ਜੜਤ ਨਾਲ ਹੋਰ ਵੀ ਮਨਮੋਹਕ ਬਣਾਇਆ ਹੋਵੇ। ਇਸ ਸਜੇ-ਸ਼ਿੰਗਾਰੇ ਕਮਰੇ ਵਿੱਚ ਲਾਲ ਮੋਤੀਆਂ ਦੀ ਜੜਤ ਵਾਲੀ ਸੇਜ (ਪਲੰਘ) ਉੱਤੇ ਮੋਤੀ ਜਿਹੇ ਸੁੰਦਰ ਮੁੱਖੜੇ ਵਾਲੀ ਮਨ-ਮੋਹਕ ਸੁੰਦਰੀ ਸੁਸ਼ੋਭਤ ਹੋਵੇ ਜੋ ਆਪਣੀਆਂ ਅਦਾਵਾਂ ਤੇ ਨਖ਼ਰਿਆਂ ਨਾਲ ਕਾਮ-ਕ੍ਰੀੜਾ ਤੋਂ ਮਿਲਨ ਵਾਲੀ ਖ਼ੁਸ਼ੀ ਲਈ ਉਤੇਜਿਤ ਕਰ ਰਹੀ ਹੋਵੇ। ਹੇ ਪ੍ਰਭੂ! (ਮੈਂਨੂੰ ਇਹ ਸਭ ਕੁਛ ਨਹੀਂ ਚਾਹੀਦਾ ਕਿਉਂਕਿ) ਕਿਤੇ ਇਉਂ ਨਾ ਹੋਵੇ ਕਿ ਇਹ ਸਭ ਕੁਛ ਦੇਖ ਕੇ ਮੈਂ ਰਾਹੋਂ ਭਟਕ ਜਾਵਾਂ ਤੇ ਤੈਨੂੰ ਵਿਸਾਰ (ਭੁਲਾ) ਦਿਆਂ ਅਤੇ (ਮੇਰੇ ਜੀਵਨ ਦੇ ਅਸਲੀ ਮਨੋਰਥ) ਤੇਰਾ ਨਾਮ-ਸਿਮਰਨ ਦਾ ਮੈਂਨੂੰ ਚਿਤ-ਚੇਤਾ ਹੀ ਨਾ ਰਹੇ। ੨।

ਮੈਂ ਚਮਤਕਾਰੀ ਸ਼ਕਤੀਆਂ ਵਾਲਾ ਸਿਧ ਬਣ ਕੇ ਚਮਤਕਾਰਾਂ ਨਾਲ ਸੰਸਾਰਕ ਖ਼ੁਸ਼ਹਾਲੀ ਦਾ ਸਾਮਾਨ ਪ੍ਰਾਪਤ ਕਰਕੇ ਦਿਖਾਵਾਂ। ਕਦੇ (ਦੇਖਣ ਵਾਲਿਆਂ ਦੀਆਂ) ਅੱਖਾਂ ਤੋਂ ਓਹਲੇ ਹੋ ਜਾਵਾਂ ਤੇ ਕਦੇ ਅੱਖਾਂ ਸਾਹਮਨੇ ਨਜ਼ਰ ਆਵਾਂ। ਲੋਕ ਇਹ ਸਭ ਵੇਖ ਕੇ ਮੈਥੋਂ ਭੈ ਖਾਣ (ਜਾਂ ਮੇਰੇ ਸ਼੍ਰੱਧਾਲੂ ਬਣ ਜਾਣ)। ਹੇ ਪ੍ਰਭੂ! (ਨਹੀਂ, ਮੈਨੂੰ ਇਹ ਸਭ ਕੁਛ ਨਹੀਂ ਚਾਹੀਦਾ ਕਿਉਂਕਿ) ਕਿਤੇ ਇਹ ਨਾ ਹੋਵੇ ਕਿ ਇਹ ਸਭ ਕੁਛ ਦੇਖ ਕੇ ਮੈਂ (ਹਉਮੈਂ-ਵਸ) ਰਾਹੋਂ ਭਟਕ ਕੇ ਤੈਨੂੰ ਵਿਸਾਰ (ਭੁਲਾ) ਦਿਆਂ ਅਤੇ (ਮੇਰੇ ਜੀਵਨ ਦੇ ਅਸਲੀ ਮਨੋਰਥ) ਤੇਰਾ ਨਾਮ-ਸਿਮਰਨ ਦਾ ਮੈਂਨੂੰ ਚਿਤ-ਚੇਤਾ ਹੀ ਨਾ ਰਹੇ। ੩।

ਮੈਂ ਕਿਸੇ ਹੁਕੂਮਤ ਦਾ ਹਾਕਿਮ ਹੋਵਾਂ ਤੇ ਫ਼ੌਜਾਂ ਇਕੱਠੀਆਂ ਕਰਕੇ ਰਾਜ-ਸ਼ਿੰਘਾਸਨ `ਤੇ ਬੈਠਾਂ ਤੇ ਲੋਕਾਂ ਤੋਂ ਹੁਕਮਨ ਜ਼ਬਰਦਸਤੀ ਦਹਿਸ਼ਤ ਨਾਲ ਲਗਾਨ ਲਵਾਂ। ਹੇ ਨਾਨਕ! ਇਹ ਸਭ ਵਿਅਰਥ ਹੈ। ਹੇ ਪ੍ਰਭੂ! (ਨਹੀਂ, ਮੈਨੂੰ ਇਹ ਸਭ ਕੁਛ ਵੀ ਨਹੀਂ ਚਾਹੀਦਾ ਕਿਉਂਕਿ) ਕਿਤੇ ਇਹ ਨਾ ਹੋਵੇ ਕਿ ਇਹ ਸਭ ਕੁਛ ਪ੍ਰਾਪਤ ਕਰਕੇ ਮੈਂ (ਹਉਮੈਂ-ਵਸ) ਰਾਹੋਂ ਭਟਕ ਕੇ ਤੈਨੂੰ ਵਿਸਾਰ (ਭੁਲਾ) ਦਿਆਂ ਅਤੇ (ਮੇਰੇ ਜੀਵਨ ਦੇ ਅਸਲੀ ਮਨੋਰਥ) ਤੇਰਾ ਨਾਮ-ਸਿਮਰਨ ਦਾ ਮੈਂਨੂੰ ਚਿਤ-ਚੇਤਾ ਹੀ ਨਾ ਰਹੇ। ੪।

ਪਾਠਕ ਸੱਜਨੋਂ! ਆਓ ਜ਼ਰਾ ਉਪਰ ਵਿਚਾਰੇ ਸ਼ਬਦ ਦੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖੀਏ:-

ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ॥ … ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦੇ 180° ਉਲਟ ‘ਸਿੱਖਾਂ’ ਦੇ ਗੁਰੂਦਵਾਰੇ ਸੰਗ ਮਰਮਰ ਨਾਲ ਉਸਾਰੇ, ਹੀਰੇ ਮੋਤੀਆਂ ਨਾਲ ਸ਼ਿੰਗਾਰੇ ਅਤੇ ਅੰਦਰੋਂ ਬਾਹਰੋਂ ਅਰਬਾਂ ਦੇ ਸੋਨੇ ਨਾਲ ਗਲੇਫ਼ੇ ਹੋਏ ਹਨ! ਇੱਥੇ ਹੀ ਬਸ ਨਹੀਂ, ਗੁਰੂ (ਗ੍ਰੰਥ) ਜੀ ਵਾਸਤੇ ਪਾਲਕੀ, ਪੀੜ੍ਹਾ ਤੇ ਚੌਰ ਆਦਿ ਵੀ ਸੋਨੇ ਦੇ ਬਣਾਏ ਜਾਣ ਲੱਗ ਪਏ ਹਨ! ਮੰਦਰਾਂ ਦੀ ਤਰਜ਼ `ਤੇ ਗੁਰੂਦਵਾਰਿਆਂ ਅੰਦਰ ਸੁਗੰਧੀਆਂ ਧੁਖਾਈਆਂ ਜਾਂਦੀਆਂ ਹਨ। ਗੁਰੂ-ਕਾਲ ਦੀਆਂ ਧਰਮਸ਼ਾਲਾਵਾਂ ਧਰਮਸਥਾਨ ਨਾ ਰਹਿ ਕੇ ਹੁਣ ਯਾਤ੍ਰਾ-ਸਥਾਨ (tourist spots) ਬਣਾ ਦਿੱਤੇ ਗਏ ਹਨ, ਜਿੱਥੇ ਹੁਣ ਅਸੀਂ ਧਰਮ ਦਾ ਪਾਠ ਪੜ੍ਹਨ ਨਹੀਂ ਜਾਂਦੇ ਸਗੋਂ ਸੈਰ-ਸਪਾਟਾ ਯਾਤ੍ਰੀ (tourists) ਬਣ ਕੇ ਹੀ ਜਾਂਦੇ ਹਾਂ! ਅੱਗੋਂ ਪੁਜਾਰੀ ਯਾਤ੍ਰੀਆਂ ਨੂੰ ਨਸ਼ੀਲੀ ਅਸੀਸ ਦਿੰਦੇ ਹੋਏ ਕਹਿੰਦੇ ਹਨ, “ਭਾਗਾਂ ਵਾਲੇ ਹੋ ਜਿਨ੍ਹਾਂ ਨੇ ਗੁਰੂ ਦੀ ਚਰਨ-ਛੁਹ ਪ੍ਰਾਪਤ ਇਸ ਗੁਰੁ-ਸਥਾਨ ਦੇ ਦਰਸਨ ਕਰਕੇ ਆਪਣਾ ਜੀਵਨ ਧਨਯ ਕਰ ਲਿਆ!” ਗੁਰੂਦਵਾਰਿਆਂ ਵਿੱਚ ਗੁਰੂ (ਗੁਰੁਗਿਆਨ) ਤਾਂ ਕਿਤੇ ਨਜ਼ਰ ਹੀ ਨਹੀਂ ਆਉਣ ਦਿੱਤਾ ਜਾਂਦਾ, ਅਧਿਕਤਰ ਗੁਰੁ-ਸਥਾਨ ਦੀ ਹੀ ਝੂਠੀ ਸੱਚੀ ਸੋਭਾ ਹੀ ਸੁਣਾਈ ਤੇ ਸੁਣੀ ਜਾਂਦੀ ਹੈ! (ਨੋਟ:- (1) ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਕਈ ਸਜਨ ‘ਮੰਦਰ’ ਦੇ ਅਰਥ ਰਿਹਾਇਸ਼ੀ ਘਰ ਕਰਦੇ ਹਨ। ਪਰੰਤੂ ਮੇਰੇ ਖ਼ਿਆਲ `ਚ ਇਸ ਬੰਦ ਵਿੱਚ ਸਮੇਂ ਦੇ ਮੰਦਰਾਂ (ਇਸ਼ਟ-ਘਰਾਂ) ਦਾ ਸੱਚ ਦ੍ਰਿਸ਼ਾਇਆ ਗਿਆ ਹੈ। ਮੈਂ ਵਿਆਖਿਆ ਵੀ ਇਸੇ ਅਨੁਸਾਰ ਕੀਤੀ ਹੈ। ਸੰਸਾਰੀਆਂ ਦੇ ਰਿਹਾਇਸ਼ੀ ਘਰਾਂ ਦਾ ਸੱਚ ਦੂਜੇ ਬੰਦ ਵਿੱਚ ਨਜ਼ਰੀਂ ਆਉਂਦਾ ਹੈ। (2) 28 ਅਕਤੂਬਰ, 2014 ਦੀਆਂ ਅਖ਼ਬਾਰਾਂ ਵਿੱਚ ਛਪੀ ਇੱਕ ਖ਼ਬਰ ਅਨੁਸਾਰ ਕੇਂਦਰ ਦੀ ਇੱਕ ਅਕਾਲੀ ਮੰਤਰੀ ਦਾ ਬਿਆਨ ਹੈ, “…ਅਜਿਹੀਆਂ ਗੱਡੀਆਂ ਦੇ ਸ਼ੁਰੂ ਹੋਣ ਨਾਲ ਦੇਸ਼ ਵਿੱਚ ਧਾਰਮਕ ਸੈਰ ਸਪਾਟੇ ਨੂੰ ਵੱਡਾ ਹੁਲਾਰਾ ਮਿਲੇਗਾ…” !)

ਹਰਿ ਬਿਨੁ ਜੀਉ ਜਲਿ ਬਲਿ ਜਾਉ॥ … ਗੁਰੂ ਨਾਨਕ ਦੇਵ ਜੀ ਦੇ ਇਸ ਅਨਮੋਲ ਸੁਨੇਹੇ ਨੂੰ ਅਸੀਂ ਸਾਰੇ (ਜਥੇਦਾਰ, ਰਾਗੀ, ਭਾਈ, ਪ੍ਰਚਾਰਕ ਤੇ ਪ੍ਰਬੰਧਕ ਆਦਿ ਅਤੇ ਆਮ ਖਾਸ ਸਿੱਖ) ਪੂਰੀ ਤਰ੍ਹਾਂ ਭੁਲਾ ਚੁੱਕੇ ਹਾਂ। ਹੁਣ ਸਾਡੇ, ਅੱਜ ਕਲ੍ਹ ਦੇ ‘ਸਿੱਖਾਂ’ ਦੇ ਕਿਰਦਾਰ `ਤੇ ਗੁਰੂ ਅਰਜਨ ਦੇਵ ਜੀ ਦਾ ਇਹ ਫ਼ਰਮਾਨ ਪੂਰੀ ਤਰ੍ਹਾਂ ਢੁਕਦਾ ਹੈ:

ਅੰਮ੍ਰਿਤੁ ਕਉਰਾ ਬਿਖਿਆ ਮੀਠੀ॥ ਸਾਕਤ ਕੀ ਬਿਧਿ ਨੈਨਹੁ ਡੀਠੀ॥ ਕੂੜਿ ਕਪਟਿ ਅਹੰਕਾਰਿ ਰੀਝਾਨਾ॥ ਨਾਮੁ ਸੁਨਤ ਜਨੁ ਬਿਛੂਅ ਡਸਾਨਾ॥ ਰਾਮਕਲੀ ਮ: ੫

ਧਰਤੀ ਤ ਹੀਰੇ ਲਾਲ ਜੜਤੀ…॥ ਇਸ ਸੱਚਾਈ ਤੋਂ ਵੀ ਮੁਨਕਿਰ ਨਹੀਂ ਹੋਇਆ ਜਾ ਸਕਦਾ ਕਿ ਸਾਡਾ, ਅੱਜ ਦੇ ‘ਸਿੱਖਾਂ’ ਦਾ, ਕਾਮ-ਗ੍ਰਸਿਆ ਚੰਚਲ ਮਨ ਉਸੇ ਮਾਹੌਲ ਦੀ ਕਾਮਨਾ ਕਰਦਾ ਹੈ ਜਿਸ ਤੋਂ ਗੁਰੂ ਨਾਨਕ ਦੇਵ ਜੀ ਦੂਰ ਰਹਿਣ ਦੀ ਸਮਰੱਥਾ ਦੀ ਬਖ਼ਸ਼ਿਸ਼ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ!

ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ॥ … ਗੁਰੂ ਨਾਨਕ ਦੇਵ ਜੀ ਦੇ ਇਸ ਪਰਮਾਰਥੀ ਸਿੱਧਾਂਤ ਦੀ ਘੋਰ ਉਲੰਘਣਾ ਕਰਦਿਆਂ, ਗੁਰੂਦਵਾਰਿਆਂ ਵਿੱਚ ਅਤੇ ਦੰਭੀਆਂ ਦੀਆਂ ਲਿਖਤਾਂ ਰਾਹੀਂ ਜ਼ਿਆਦਾਤਰ ਕਰਾਮਾਤਾਂ ਨੂੰ ਹੀ ਪ੍ਰਚਾਰਿਆ ਤੇ ਪੂਜਿਆ ਜਾ ਰਿਹਾ ਹੈ! ਸੱਚੇ ਗੁਰੂਆਂ ਦੇ ਨਾਂਵਾਂ ਨਾਲ ਜੋੜੇ ਜਾਂਦੇ ਪੱਕੇ ਗੁਰੂਦਵਾਰੇ ਝੂਠੀਆਂ ਕਰਾਮਾਤਾਂ ਦੀਆਂ ਕੱਚੀਆਂ ਨੀਹਾਂ ਉੱਤੇ ਹੀ ਉਸਾਰੇ ਗਏ ਅਤੇ ਉਸਾਰੇ ਜਾ ਰਹੇ ਹਨ!

ਸੁਲਤਾਨੁ ਹੋਵਾ ਮੇਲਿ ਲਸਕਰ ਤਖ਼ਤਿ ਰਾਖਾ ਪਾਉ॥ …ਰਾਜ ਕਰਨ ਅਥਵਾ ਹੁਕਮ ਚਲਾਉਣ ਦੀ ਲਾਲਸਾ ‘ਸਿੱਖਾਂ’ ਵਿੱਚ ਇਤਨੀ ਵਧ ਗਈ ਹੈ ਕਿ ਲਿਖਦਿਆਂ ਵੀ ਲਾਜ ਆਉਂਦੀ ਹੈ। ‘ਸਿੱਖਾਂ’ ਦੀਆਂ ਮੁੱਖ ਸੰਸਥਾਵਾਂ ਹਨ: ਅਕਾਲੀ ਦਲ, ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਜਥੇਦਾਰ ਤੇ ਪੁਜਾਰੀ ਅਮਲਾ ਆਦਿਕ। ਅਕਾਲੀਆਂ ਨੇ ਗੱਦੀਆਂ ਹਥਿਆਉਣ ਵਾਸਤੇ ਪਹਿਲਾਂ ਸੁਹਾਵਨੇ ਪੰਜਾਬ ਨੂੰ ਪਿੰਗਲਾ ਕਰਵਾ ਕੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸਦੀਵੀ ਗ੍ਰਹਣ ਲਾਇਆ, ਤੇ ਫੇਰ ਆਪਣੀ ਰਾਜ-ਸਿੰਘਾਸਨਾਂ ਦੀ ਲਾਲਸਾ ਨੂੰ ਪੂਰੀ ਕਰਨ ਵਾਸਤੇ, ਇਨ੍ਹਾਂ ਅਕਾਲੀਆਂ ਨੇ ਨਾ ਕੇਵਲ ਆਪਣੀਆਂ ਜ਼ਮੀਰਾਂ ਹੀ ਗੁਰਮਤਿ ਦੇ ਦੁਸ਼ਮਨਾਂ ਕੋਲ ਗਹਿਣੇ ਰੱਖੀਆਂ, ਸਗੋਂ ਸਾਰੀ ‘ਸਿੱਖ’ ਜਮਾਤ ਨੂੰ ਵੀ ਦਾਉ `ਤੇ ਲਾ ਦਿੱਤਾ ਹੋਇਆ ਹੈ! ਗੱਦੀ ਦੇ ਭੁੱਖੇ ਸ਼ਿਰੋਮਣੀ ਕਮੇਟੀਆਂ ਦੇ ਕਾਰਕੁਨ ਜ਼ਮੀਰ-ਰਹਿਤ ਅਕਾਲੀਆਂ ਦੇ ਗ਼ੁਲਾਮ ਹਨ, ਅਤੇ ਅਪੂੰ ਬਣਾਏ ਤਖ਼ਤਾਂ ਦੇ ਜਥੇਦਾਰ ਇਨ੍ਹਾਂ ਦੋਨਾਂ ਦੇ ਹੁਕਮ ਦੇ ਗੋਲੇ ਕਹੇ ਜਾਂਦੇ ਹਨ! ਇਨ੍ਹਾਂ ਸਾਰਿਆਂ ਦੇ ਹੇਠਾਂ ਕੰਮ ਕਰਨ ਵਾਲਿਆਂ ਬਾਰੇ ਕੁਛ ਕਹਿਣ ਨਾਲੋਂ ਤਾਂ ਚੁੱਪ ਹੀ ਭਲੀ ਹੈ। ਕੁਰਸੀ ਤੇ ਚੌਧਰ ਦੀ ਭੁੱਖ ਦੀ ਮਹਾਮਾਰੀ (epidemic) ਸਾਰੇ ਸੰਸਾਰ ਦੇ ‘ਸਿੱਖਾਂ’ ਵਿੱਚ ਫੈਲ ਚੁੱਕੀ ਹੈ। ਦੁਨੀਆ ਦਾ ਸ਼ਇਦ ਹੀ ਕੋਈ ਗੁਰੂਦਵਾਰਾ ਹੋਵੇ ਜਿੱਥੇ ਗੱਦੀ ਤੇ ਚੌਧਰ ਦੀ ਖ਼ਾਤਿਰ ‘ਸਿੱਖ’ ਜੂਤ-ਪਤਾਂਗ ਨਾ ਹੁੰਦੇ ਹੋਣ ਤੇ ਹਿੰਸਕ ਵਾਰਦਾਤਾਂ ਨੂੰ ਅੰਜਾਮ ਨਾ ਦਿੱਤਾ ਜਾਂਦਾ ਹੋਵੇ! ਅਤੇ ਗੱਦੀਆਂ ਦੀ ਖ਼ਾਤਿਰ ਹੁੰਦੀਆਂ ਹਿੰਸਕ ਲੜਾਈਆਂ ਨੂੰ ਸੁਲਝਾਉਣ ਵਾਸਤੇ ਕਚਹਿਰੀਆਂ ਵਿੱਚ ਮੁਕੱਦਮੇਂ ਵੀ ਨਾ ਚਲ ਰਹੇ ਹੋਣ!

ਉਪਰੋਕਤ ਤੱਥਾਂ ਦੀ ਰੌਸ਼ਨੀ ਵਿੱਚ ਪਾਠਕ ਸਜਨ ਆਪ ਹੀ ਫ਼ੈਸਲਾ ਕਰ ਲੈਣ ਕਿ ਅਸੀਂ ਕਿਤਨੇ ਕੁ ਨਾਨਕ-ਪੰਥੀਏ ਹਾਂ!

ਗੁਰਇੰਦਰ ਸਿੰਘ ਪਾਲ

ਨਵੰਬਰ 2, 2014.




.