.

“ਗੁਰਬਾਣੀ ਉਚਾਰਣ”

ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪੰਨਾ 1354 ‘ਤੇ ਬਾਣੀ ਸਹਸਕ੍ਰਿਤੀ’ ਵਿਚ ‘ਤੁਯੰ’ ਅਤੇ ‘ਤੋਯੰ’ ਲਫ਼ਜ਼ ਆਉਂਦੇ ਹਨ। ਇਹਨਾਂ ਦਾ ਉਚਾਰਣ ਵਿਚ ਭੀ ਆਪਸੀ ਅੰਤਰ ਹੈ ਅਤੇ ਅਰਥ ਵਿਚ ਭੀ।

‘ਤੋਯੰ’ ਲਫ਼ਜ਼ ‘ਸਹਸਕ੍ਰਿਤੀ ਬਾਣੀ ‘ਚ’ ਕੇਵਲ 2 ਵਾਰ ਆਇਆ ਹੈ। ਇਸਦਾ ਅਰਥ ਹੈ ਪਾਣੀ। ਉਚਾਰਣ ‘ਤੋਇਅੰ’ ਵਾਂਗ ਕਰਨਾ ਹੈ। ‘ਯ’ ਦੇ ਵਿਚੋਂ ‘ੲ+ਅ’ ਨਿਕਲ ਜਾਣਗੇ ਅਤੇ ਟਿੱਪੀ ਅੰਤਲੇ ਸ੍ਵਰ ‘ਅ’ ਨੂੰ ਲਗ ਜਾਵੇਗੀ।

“ਕਾਚ ਕੋਟੰ ਰਚੰਤਿ ‘ਤੋਯੰ’ ਲੇਪਨੰ ਰਕਤ ਚਰਮਣਹ” (1354)

ਤੋਯੰ-{ਵਸਤਵਾਚਕ ਨਾਂਵ ਇਕਵਚਨ} ਪਾਣੀ। ਉਚਾਰਣ-ਤੋਇਅੰ ਵਾਂਗ।

॥ਤੁਯੰ॥

ਸਹਸਕ੍ਰਿਤੀ ਬਾਣੀ ਵਿਚ ‘ਤੁਯੰ’ ਲਫ਼ਜ਼ ਚਾਰ ਵਾਰ ਆਇਆ ਹੈ। ਇਸਦਾ ਅਰਥ ਹੈ ‘ਤੂੰ’ -:

“ਦ੍ਰਿਸਟ ‘ਤੁਯੰ’ ਅਮੋਘ ਦਰਸਨੰ ਬਸੰਤ ਸਾਧ ਰਸਨਾ” (1354)

ਤੁਯੰ-{ਮੱਧਮ ਪੁਰਖ ਪੜਨਾਂਵ ਇਕਵਚਨ} ਤੂੰ। ਉਚਾਰਣ- ਤੁਅੰ।

ਸੋ ਇਹਨਾਂ ਲਫ਼ਜ਼ਾਂ ਦਾ ਉਚਾਰਣ ਸਾਵਧਾਨੀ ਨਾਲ ਸੁਚੇਤ ਹੋ ਕੇ ਕਰਨਾ ਚਾਹੀਦਾ ਹੈ।

॥ਬਿਚਰੁ॥

ਗੁਰਬਾਣੀ ਵਿਚ ਇਹ ਲਫ਼ਜ਼ ਕੇਵਲ ਇਕ ਵਾਰੀ ਹੀ ਆਇਆ ਹੈ। ਗੁਰਬਾਣੀ ਵਿਆਕਰਣ ਅਨੁਸਾਰ ਇਹ ਲਫ਼ਜ਼ ‘ਕਿਰਿਆ ਵਿਸ਼ੇਸ਼ਣ’ ਹੈ। ਇਸਦਾ ਅਰਥ ਹੈ ‘ਫਿਰ-ਤੁਰ’- :

“ਬਿਚਰੁ ਸੰਸਾਰ ਪੂਰਨ ਸਭਿ ਕਾਮ” (ਗਉੜੀ ਮ:5 196)

ਬਿਚਰੁ-{ਕਿਰਿਆ ਵਿਸ਼ੇਸ਼ਣ} ਫਿਰ-ਤੁਰ। ਉਚਾਰਣ-ਬਿਚਰ।

॥ਬਿਚਰਿ॥

ਗੁਰਬਾਣੀ ਵਿਚ ਇਹ ਲਫ਼ਜ਼ ਭੀ ਇਕ ਵਾਰ ਹੀ ਆਇਆ ਹੈ।ਗੁਰਬਾਣੀ ਵਿਆਕਰਣ ਅਨੁਸਾਰ ਇਹ ਲਫ਼ਜ਼ ‘ਪੂਰਬ ਪੂਰਣ ਕਿਰਦੰਤ ‘ ਹੈ। ਇਸ ਦਾ ਉਚਾਰਣ ਸਾਵਧਾਨੀ ਨਾਲ ਕਰਨ ਦੀ ਜਰੂਰਤ ਹੈ-:

“ਬਿਬੇਕ ਬੁਧਿ ਸਭ ਜਗ ਮਹਿ ਨਿਰਮਲ ‘ਬਿਚਰਿ ਬਿਚਰਿ’ ਰਸੁ ਪੀਜੈ” (ਕਲਿਆਨ 1325)

ਬਿਚਰਿ ਬਿਚਰਿ-{ਪੂਰਬ ਪੂਰਣ ਕਿਰਦੰਤ ਇਕਵਚਨ} ਵਿਚਾਰ ਵਿਚਾਰ ਕੇ। ਉਚਾਰਣ- ਬਿ-ਚਰ, ਬਿ-ਚਰ। ‘ਬਿਚਰ’ ਉਚਾਰਣਾ ਅਸ਼ੁਧ ਹੈ।

“ਅਲਪ”

ਗੁਰਬਾਣੀ ਵਿਚ ‘ਅਲਪ’ ਲਫ਼ਜ਼ 12 ਵਾਰ ਆਇਆ ਹੈ। 11 ਵਾਰ ਇਹ ਲਫ਼ਜ਼ ਵਿਸ਼ੇਸ਼ਣ ਰੂਪ ਵਿਚ ਆਉਂਦਾ ਹੈ। ਜਿਵੇਂ-:

“ਲੂਣ ਹਰਾਮੀ ਗੁਨਹਗਾਰ ਬੇਗਾਨਾ ‘ਅਲਪ’ ਮਤਿ” (261)

ਅਲਪ- {ਅਨਿਸ਼ਚਿਤ ਵਿਸ਼ੇਸ਼ਣ ਇਕਵਚਨ} ਸੰਸਕ੍ਰਿਤ, ਥੋੜੀ

ਉਚਾਰਣ- ਅਲਪ।

‘ਅਲਪ’ ਸੁਖ ਛਾਡਿ; ਪਰਮ ਸੁਖ ਪਾਵਾ॥ (342)

ਅਲਪ-{ਨਿਸ਼ਚਿਤ ਸੰਖਿਅਕ ਵਿਸ਼ੇਸ਼ਣ ਬਹੁਵਚਨ} ਹੋਛੇ।

“ਖੰਡਿਤ ਨਿਦ੍ਰਾ ਅਲਪ ਅਹਾਰੰ ਨਾਨਕ ਤਤੁ ਬੀਚਾਰੋ॥8॥(939)

ਅਲਪ-{ਨਿਸ਼ਚਿਤ ਸੰਖਿਅਕ ਵਿਸ਼ੇਸ਼ਣ } ਥੋੜ੍ਹਾ।

ਇਸ ‘ਤੋਂ ਅਲਾਵਾ ਇਕ ਪੰਗਤੀ ਵਿਚ ‘ਅਲਪ’ ਲਫਜ਼ ਵਖਰੇ ਅਰਥਾਂ ਵਿਚ ਆਉਂਦਾ ਹੈ। ਇਸਦਾ ਉਚਾਰਣ ਧਿਆਨ ਦੇਣ ਯੋਗ ਹੈ। -:

“ਭੋਜਨੰ ਗੋਪਾਲ ਕੀਰਤਨੰ; ਅਲਪ ਮਾਯਾ ਜਲ ਕਮਲ ਰਹਤਹ॥ (ਸਹਸਕ੍ਰਿਤੀ 1357-10)

ਅਲਪ-{ਨਾਂਵ ਵਿਸ਼ੇਸ਼ਣ, ਮਾਇਆ ਦਾ ਵਿਸ਼ੇਸ਼ਣ} ਇਹ ਲਫ਼ਜ਼ ਸੰਸਕ੍ਰਿਤ ਦੇ ‘ਨਿਰਲੇਪ’ ਤੋਂ ‘ਅਲਿਪ’ ਅਤੇ ‘ਅਲਿਪ’ ਤੋਂ ‘ਅਲਪ’ ਬਣਿਆ ਹੈ। ਇਸਦਾ ਉਚਾਰਣ ਕਰਦੇ ਸਮੇਂ ‘ਲ’ ਦੀ ਧੁਨੀ ਨੂੰ ਦੁੱਤ ਕਰਕੇ ‘ਅਲੱਪ’ ਵਾਂਗ ਕਰਨਾ ਹੈ। ਇਸਦੇ ਅਰਥ ਹਨ ‘ਨਿਰਲੇਪ’। ਇਸ ਅਰਥਾਂ ਵਿਚ ਇਹ ਲਫ਼ਜ਼ ਗੁਰਬਾਣੀ ਵਿਚ ਕੇਵਲ ਇਕ ਵਾਰ ਹੀ ਆਇਆ ਹੈ। ਇਸ ਕਰਕੇ ‘ਜੇਕਰ ਇਸਦਾ ਉਚਾਰਣ ਅਧੱਕ ਸਹਿਤ ਨਹੀਂ ਕੀਤਾ ਗਿਆ ‘ਤਾਂ ਅਰਥ ਅਨ-ਅਰਥ ਬਣ ਜਾਣਗੇ।ਅਸਲ ਵਿਚ ਇਹ ਲਫ਼ਜ਼ ‘ਅਲੇਪ’ ਸੀ, ਗੁਰਮਤਿ ਕਾਵਿ ਪ੍ਰਬੰਧ ਅਧੀਨ ‘ਲਾਂ’ ਹਟ ਗਈ। ਸੋ ਉਪਰੋਕਤ ਲਫ਼ਜ਼ ਦਾ ਉਚਾਰਣ ਧਿਆਨ ਲੋੜਦਾ ਹੈ।

ਭੁੱਲ-ਚੁਕ ਮੁਆਫ

ਹਰਜਿੰਦਰ ਸਿੰਘ ‘ਘੜਸਾਣਾ’

[email protected]




.