.

ਭੱਟ ਬਾਣੀ-32

ਬਲਦੇਵ ਸਿੰਘ ਟੋਰਾਂਟੋ

ਸਵਈਏ ਭਿਖੇ ਕੇ।।

ਗੁਰੁ ਗਿਆਨੁ ਅਰੁ ਧਿਆਨੁ ਤਤ ਸਿਉ ਤਤੁ ਮਿਲਾਵੈ।।

ਸਚਿ ਸਚੁ ਜਾਣੀਐ ਇਕ ਚਿਤਹਿ ਲਿਵ ਲਾਵੈ।।

ਕਾਮ ਕ੍ਰੋਧ ਵਸਿ ਕਰੈ ਪਵਣੁ ਉਡੰਤ ਨ ਧਾਵੈ।।

ਨਿਰੰਕਾਰ ਕੈ ਵਸੈ ਦੇਸਿ ਹੁਕਮੁ ਬੁਝਿ ਬੀਚਾਰੁ ਪਾਵੈ।।

ਕਲਿ ਮਾਹਿ ਰੂਪੁ ਕਰਤਾ ਪੁਰਖੁ ਸੋ ਜਾਣੈ ਜਿਨਿ ਕਿਛੁ ਕੀਅਉ।।

ਗੁਰੁ ਮਿਲ੍ਯ੍ਯਿਉ ਸੋਇ ਭਿਖਾ ਕਹੈ ਸਹਜ ਰੰਗਿ ਦਰਸਨੁ ਦੀਅਉ।। ੧।। ੧੯।।

(ਪੰਨਾ ੧੩੯੫)

ਪਦ ਅਰਥ:- ਗੁਰੁ ਗਿਆਨੁ – ਅਕਾਲ ਪੁਰਖ ਬਖ਼ਸ਼ਿਆ ਹੋਇਆ ਗਿਆਨ ਅਪਣਾ ਕੇ। ਅਰੁ ਧਿਆਨੁ ਤਤ – ਉਸ ਤਤ-ਅਸਲੀਅਤ ਨੂੰ ਧਿਆਨ ਗੋਚਰਾ ਕਰਨਾ, ਆਪਣੇ ਜੀਵਨ ਵਿੱਚ ਲਿਆਉਣਾ, ਸਮਰਪਤ ਹੋਣਾ। ਸਿਉ ਤਤੁ ਮਿਲਾਵੈ – ਤਤੁ-ਅਸਲੀਅਤ ਵਿੱਚ ਹੀ ਮਿਲ ਜਾਂਦੇ ਹਨ। ਸਚਿ ਸਚੁ ਜਾਣੀਐ – ਉਹ ਸੱਚ ਨੂੰ ਹੀ ਸੱਚ ਜਾਣਦੇ ਹਨ। ਇਕ ਚਿਤਹਿ ਲਿਵ ਲਾਵੈ - ਉਹ ਇੱਕ ਚਿਤ ਹੋ ਕੇ ਸੱਚ ਵਿੱਚ ਹੀ ਲੀਨ ਹੋ ਜਾਂਦੇ ਹਨ। ਕਾਮ ਕ੍ਰੋਧ ਵਸਿ ਕਰੈ – ਸੱਚ ਵਿੱਚ ਲੀਨ ਹੋ ਜਾਣ ਵਾਲੇ ਕਾਮ ਕ੍ਰੋਧ ਨੂੰ ਵਸ-ਕਾਬੂ ਕਰ ਲੈਂਦੇ ਹਨ। ਪਵਣੁ ਉਡੰਤ ਨ ਧਾਵੈ – ਉਹ ਹਵਾ ਵਿੱਚ ਉੱਡਦੀਆਂ ਗੱਲਾਂ ਪਿੱਛੇ ਨਹੀਂ ਫਿਰਦੇ। ਨਿਰੰਕਾਰ ਕੈ ਵਸੈ ਦੇਸਿ ਹੁਕਮੁ – ਉਹ ਨਿਰੰਕਾਰ ਦੇ ਆਪਣੇ ਦੇਸ ਭਾਵ ਸ੍ਰਿਸ਼ਟੀ ਅੰਦਰ ਉਸ ਦਾ ਆਪਣਾ ਹੀ ਹੁਕਮ ਵਸੈ-ਵਰਤਦਾ ਹੈ, ਮੰਨਦੇ ਹਨ। ਬੁਝਿ ਬੀਚਾਰੁ ਪਾਵੈ – ਉਹ ਇਹ ਗੁਰ ਗਿਆਨ ਵੀਚਾਰਧਾਰਾ ਜਾਣ ਲੈਂਦੇ ਹਨ। ਕਲਿ – ਅਗਿਆਨਤਾ। ਕਲਿ ਮਾਹਿ ਰੂਪੁ ਕਰਤਾ ਪੁਰਖੁ – ਜਿਨ੍ਹਾਂ ਨੇ ਇਸ ਜਗਤ ਦੇ ਅਗਿਆਨਤਾ ਰੂਪੀ ਹਨੇਰੇ ਵਿੱਚ ਉਸ ਅਕਾਲ ਪੁਰਖ ਨੂੰ ਹੀ ਕਰਤਾ ਜਾਣਿਆ। ਜਿਨਿ ਕਿਛੁ – ਜਿਸ ਕਿਸੇ ਨੇ। ਕੀਅਉ – ਭਰੋਸਾ ਕੀਤਾ। ਜਿਨਿ ਕਿਛੁ ਕੀਅਉ - ਜਿਸ ਕਿਸੇ ਨੇ ਭਰੋਸਾ ਕੀਤਾ। ਗੁਰੁ ਮਿਲ੍ਯ੍ਯਿਉ ਸੋਇ ਭਿਖਾ ਕਹੈ – ਜਿਨ੍ਹਾਂ ਨੂੰ ਉਸ ਸਰਬ-ਵਿਆਪਕ ਦਾ ਗੁਰੁ-ਗਿਆਨ ਬਖ਼ਸ਼ਿਸ਼ ਰੂਪ ਵਿੱਚ ਭਿਖਾ ਜੀ ਆਖਦੇ ਹਨ ਮਿਲਿਆ, ਪ੍ਰਾਪਤ ਹੋਇਆ ਹੈ, ਅਪਣਾਇਆ ਹੈ। ਸਹਜ - ਅਡੋਲ। ਰੰਗਿ –ਰੰਗ ਵਿੱਚ ਰੰਗ ਦਿੱਤਾ। ਦਰਸਨੁ – ਹੂ-ਬਹੂ। ਦੀਅਉ – ਦਿੱਤਾ। ਉਸੇ ਅਕਾਲ ਪੁਰਖ ਦੀ ਬਖ਼ਸ਼ਿਸ਼-ਗਿਆਨ ਦੇ ਹੂ-ਬਹੂ ਅਡੋਲ ਉਸੇ ਸੱਚ ਰੂਪ ਰੰਗ ਵਿੱਚ ਰੰਗ ਦਿੱਤਾ।

ਅਰਥ:- ਭਿਖਾ ਜੀ ਆਖਦੇ ਹਨ ਕਿ ਹੇ ਭਾਈ! ਜਿਹੜੇ ਕਰਤੇ ਦੀ ਬਖ਼ਸ਼ਿਸ਼ ਗਿਆਨ ਗੁਰੂ ਅਪਣਾ ਕੇ ਤਤ-ਅਸਲੀਅਤ ਪ੍ਰਤੀ ਆਪਣਾ ਧਿਆਨ ਗੋਚਰਾ ਕਰਦੇ ਭਾਵ ਸਮਰਪਤ ਹੁੰਦੇ ਹਨ, ਉਹ ਉਸ ਤਤ-ਅਸਲੀਅਤ ਵਿੱਚ ਹੀ ਮਿਲ ਜਾਂਦੇ ਹਨ। ਉਹ ਸੱਚ ਨੂੰ ਹੀ ਸੱਚ ਜਾਣਦੇ ਹਨ ਅਤੇ ਇੱਕ ਚਿਤ ਹੋ ਕੇ ਸੱਚ ਵਿੱਚ ਹੀ ਲੀਨ ਹੋ ਜਾਂਦੇ ਹਨ। ਸੱਚ ਵਿੱਚ ਲੀਨ ਹੋ ਜਾਣ ਵਾਲੇ ਆਪਣੀ ਕ੍ਰੋਧੀ ਕਾਮਨਾ ਨੂੰ ਵਸ-ਕਾਬੂ ਕਰ ਲੈਂਦੇ ਹਨ, ਉਹ ਹਵਾ ਵਿੱਚ ਉੱਡਦੀਆਂ ਗੱਲਾਂ ਪਿੱਛੇ ਨਹੀਂ ਫਿਰਦੇ। ਉਹ ਨਿਰੰਕਾਰ ਦੇ ਆਪਣੇ ਦੇਸ ਭਾਵ ਸ੍ਰਿਸ਼ਟੀ ਅੰਦਰ (ਕੁਦਰਤ ਭਾਵ ਕਰਤੇ ਦੇ ਆਪਣੇ ਨਿਯਮ ਵਿੱਚ) ਉਸ ਨਿਰੰਕਾਰ ਦਾ ਆਪਣਾ ਹੀ ਹੁਕਮ ਵਰਤਦਾ ਹੈ, ਮੰਨਦੇ ਹਨ (ਕਿਸੇ ਅਵਤਾਰਵਾਦੀ ਦਾ ਨਹੀਂ)। ਉਹ ਇਹ ਗੁਰ ਗਿਆਨ ਦੀ ਵੀਚਾਰਧਾਰਾ ਨੂੰ ਜਾਣ ਲੈਂਦੇ ਹਨ। ਜਿਸ ਕਿਸੇ ਨੇ ਇਸ ਜਗਤ ਦੇ ਅਗਿਆਨਤਾ ਰੂਪੀ ਹਨੇਰੇ ਵਿੱਚ ਉਸ ਅਕਾਲ ਪੁਰਖ ਦੀ ਬਖ਼ਸ਼ਿਸ਼ ਗਿਆਨ ਗੁਰੂ `ਤੇ ਭਰੋਸਾ ਕੀਤਾ, ਉਨ੍ਹਾਂ ਨੇ ਅਕਾਲ ਪੁਰਖ ਨੂੰ ਹੀ ਕਰਤਾ ਜਾਣਿਆ। ਭਿਖਾ ਜੀ ਆਖਦੇ ਹਨ, ਜਿਨ੍ਹਾਂ ਨੂੰ ਉਸ ਸਰਬ-ਵਿਆਪਕ ਦਾ ਗਿਆਨ ਪ੍ਰਾਪਤ ਹੋਇਆ, ਉਨ੍ਹਾਂ ਨੂੰ ਗਿਆਨ ਗੁਰੂ ਦੀ ਦਾਤ, ਗਿਆਨ ਨੇ ਅਡੋਲ ਹੂ-ਬਹੂ ਉਸੇ (ਸਰਬ-ਵਿਆਪਕ) ਦੇ ਰੰਗ ਵਿੱਚ ਹੀ ਰੰਗ ਦਿੱਤਾ।

ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ।।

ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ।।

ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ।।

ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ।।

ਹਰਿ ਨਾਮੁ ਛੋਡਿ ਦੂਜੈ ਲਗੇ ਤਿਨੑ ਕੇ ਗੁਣ ਹਉ ਕਿਆ ਕਹਉ।।

ਗੁਰੁ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ।। ੨।। ੨੦।।

(ਪੰਨਾ ੧੩੯੫-੯੬)

ਪਦ ਅਰਥ:- ਰਹਿਓ ਸੰਤ ਹਉ ਟੋਲਿ – ਮੈਂ ਵੀ ਸੰਤ ਢੂੰਡ ਰਿਹਾ ਸੀ। ਬਹੁਤੇਰੇ – ਬਹੁਤ ਕਿਸਮ ਦੇ, ਭਾਂਤ-ਭਾਂਤ ਦੇ। ਸਾਧ ਬੁਹਤੇਰੇ – ਭਾਂਤ-ਭਾਂਤ ਦੇ ਆਪਣੇ ਆਪ ਨੂੰ ਸਾਧ ਅਖਵਾੳਣ ਵਾਲੇ ਮੈਂ ਦੇਖੇ। ਸੰਨਿਆਸੀ ਤਪਸੀਅਹ – ਸੰਨਿਆਸੀ ਤਪੱਸਿਆ ਕਰਨ ਵਾਲੇ। ਮੁਖਹੁ ਇਹ ਪੰਡਤ ਮਿਠੇ – ਮੂੰਹ ਤੋਂ ਮਿੱਠੇ ਆਪਣੇ ਆਪ ਨੂੰ ਪੰਡਿਤ ਅਖਵਾਉਣ ਵਾਲੇ। ਬਰਸੁ ਏਕ ਹਉ ਫਿਰਿਓ – ਇੱਕ ਬਰਸ ਮੈਂ ਇਧਰ ਉਧਰ ਫਿਰਦਾ ਰਿਹਾ। ਪਰਚਉ – ਤਸੱਲੀ। ਕਿਨੈ ਨਹੁ ਪਰਚਉ ਲਾਯਉ – ਇਨ੍ਹਾਂ ਵਿੱਚੋਂ ਕੋਈ ਵੀ ਮੇਰੀ ਤਸੱਲੀ ਨਹੀਂ ਕਰਵਾ ਸਕਿਆ। ਕਹਤਿਅਹ ਕਹਤੀ ਸੁਣੀ – ਜੋ ਇਹ ਕਹਿੰਦੇ ਹਨ, ਜੋ ਇਹ ਕਰਦੇ ਹਨ, ਮੈਂ ਸੁਣੈ। ਰਹਤ – ਜੋ ਇਨ੍ਹਾਂ ਜੀਵਨ ਵਿੱਚ ਅਪਣਾਇਆ ਹੋਇਆ ਹੈ। ਕੋ ਖੁਸੀ ਨ ਆਯਉ – ਵੇਖ ਕੇ ਕੋਈ ਪ੍ਰਸੰਨਤਾ ਨਹੀਂ ਹੋਈ ਭਾਵ ਨਿਰਾਸਤਾ ਹੀ ਹੋਈ ਹੈ। ਹਰਿ ਨਾਮੁ ਛੋਡਿ ਦੂਜੈ ਲਗੇ - ਜਿਸ ਹਰੀ ਨਾਮੁ-ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਛੱਡ ਕੇ ਦੂਜੇ ਥਾਂ ਜੁੜਿਆ ਹੋਇਆ ਸੀ ਜਦ ਕਿ ਉਸ ਸੱਚ ਦੇ ਗੁਣ ਹੀ ਇਤਨੇ ਹਨ ਕਿ ਮੈਂ ਬਿਆਨ ਹੀ ਨਹੀਂ ਕਰ ਸਕਦਾ। ਗੁਰੁ ਦਯਿ ਮਿਲਾਯਉ – ਜਿਉਂ ਹੀ ਉਸ ਸਰਬ-ਵਿਆਪਕ ਦਯਾ ਦੇ ਘਰਿ ਅਕਾਲ ਪੁਰਖ ਦੀ ਬਖ਼ਸ਼ਿਸ਼ ਦਾ ਗਿਆਨ ਪ੍ਰਾਪਤ ਹੋਇਆ। ਭਿਖਿਆ ਜਿਵ ਤੂੰ ਰਖਹਿ ਤਿਵ ਰਹਉ – ਭਿਖਾ ਜੀ ਆਖਦੇ ਹਨ ਹੇ ਹਰੀ! ਜਿਵੇਂ ਤੂੰ ਮੈਨੂੰ ਆਪਣੀ ਰਜ਼ਾ ਵਿੱਚ ਰੱਖੇਂ, ਉਵੇਂ ਹੀ ਤੇਰੀ ਰਜ਼ਾ, ਤੇਰੇ ਹੁਕਮ ਵਿੱਚ ਹੀ ਰਹਾਂ।

ਅਰਥ:- ਭਿਖਾ ਜੀ ਆਖਦੇ ਹਨ-ਇਕ ਸਾਲ ਦੇ ਕਰੀਬ ਮੈਂ ਇਧਰ ਉੱਧਰ ਫਿਰਦਾ ਰਿਹਾ। ਮੈਂ ਗਿਆਨਵਾਨ ਪੁਰਸ਼ਾਂ ਨੂੰ ਢੂੰਡ ਰਿਹਾ ਸੀ, ਪਰ ਮੈਂ ਬਹੁਤ ਭਾਂਤ-ਭਾਂਤ ਦੇ (ਕਰਮ-ਕਾਂਡੀ) ਸੰਨਿਆਸੀ, ਤਪੱਸਵੀ, ਪੰਡਤ ਅਤੇ ਜੋ ਆਪਣੇ ਆਪ ਨੂੰ ਸੰਤ ਅਖਵਾਉਣ ਵਾਲੇ ਮੂੰਹ ਤੋਂ ਮਿੱਠੇ (ਪਰ ਦਿਲ ਤੋਂ ਖੋਟੇ) ਹੀ ਮੈਂ ਦੇਖੇ ਹਨ। ਇਨ੍ਹਾਂ ਖੋਟੇ ਦਿਲਾਂ ਵਾਲਿਆਂ ਵਿੱਚੋਂ ਕੋਈ ਵੀ ਮੇਰੀ ਤਸੱਲੀ ਨਹੀਂ ਕਰਾ ਸਕਿਆ। ਜੋ ਇਹ ਕਹਿੰਦੇ ਸਨ ਜੋ ਇਹ ਕਰਦੇ ਹਨ ਜੋ ਮੈਂ ਸੁਣਿਆ ਸੀ, ਉਹ ਇਨ੍ਹਾਂ ਨੇ ਕਹਿਣ ਕਰਨ ਦੇ ਉਲਟ ਆਪਣੇ ਜੀਵਨ ਵਿੱਚ ਅਪਣਾਇਆ ਹੋਇਆ ਹੈ, ਵੇਖ ਕੇ ਕੋਈ ਪ੍ਰਸੰਨਤਾ ਨਹੀਂ ਹੋਈ ਭਾਵ ਨਿਰਾਸਤਾ ਹੀ ਹੋਈ ਹੈ। ਜਦੋਂ ਦਯਾ ਦੇ ਖ਼ਜ਼ਾਨੇ ਅਕਾਲ ਪੁਰਖ ਦੀ ਬਖ਼ਸ਼ਿਸ਼ ਗਿਆਨ ਪ੍ਰਾਪਤ ਹੋਇਆ ਤਾਂ ਮੈਂ ਹਰੀ ਚਰਨਾਂ-ਸੱਚ ਵਿੱਚ ਉਥੇ ਹੀ ਟਿਕ ਗਿਆ ਕਿ ਹੇ ਹਰੀ! ਜਿਵੇਂ ਤੂੰ ਮੈਨੂੰ ਆਪਣੀ ਰਜ਼ਾ ਵਿੱਚ ਰੱਖੇਂ, ਉਵੇਂ ਹੀ ਤੇਰੀ ਰਜ਼ਾ ਤੇਰੇ ਹੁਕਮ ਵਿੱਚ ਹੀ ਰਹਾਂ। ਜਿਸ ਹਰੀ ਨਾਮੁ-ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਛੱਡ ਕੇ ਦੂਜੇ ਥਾਂ ਜੁੜਿਆ ਹੋਇਆ ਸੀ, ਉਸ ਹਰੀ ਨਾਮੁ-ਸੱਚ ਨੂੰ ਹੁਣ ਆਪਣੇ ਜੀਵਨ ਵਿੱਚ ਅਪਣਾਇਆ ਹੈ। ਉਸ ਸੱਚ ਦੇ ਗੁਣ ਇਤਨੇ ਹਨ, ਭਿਖਾ ਜੀ ਆਖਦੇ ਹਨ ਕਿ ਬਿਆਨ ਕਰਨ ਤੋਂ ਬਾਹਰ ਹਨ।




.