.

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਰੀਰ, ਪ੍ਰਾਣ, ਮਨ ਤੇ ਆਤਮਾ ਦੇ ਸੰਕਲਪ

(ਕਿਸ਼ਤ ਪਹਿਲੀ)

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਵਾਲ

ਮੈਂ ਕੀ ਹਾਂ? ਸਰੀਰ? ਪ੍ਰਾਣ? ਆਤਮਾ? ਜਾਂ ਮਨ? ਮੈਂ ਤਾਂ ਇਹ ਸਭ ਕੁੱਝ ਹਾਂ! ਸਰੀਰ ਵਿੱਚ ਪ੍ਰਾਣ ਹਨ ਤਾਂ ਮੈਂ ਹਿਲਣ-ਜੁਲਣ ਯੋਗ ਹਾਂ ਕੰਮ ਕਰਨ ਯੋਗ ਹਾਂ। ਮਨ ਹੈ ਤਾਂ ਸਭ ਕੁੱਝ ਸੋਚ ਸਕਦਾ ਹਾਂ, ਹਰ ਕੰਮ ਸੋਚ ਕੇ ਕਰਦਾ ਹਾਂ। ਮਨ ਅਪਣੀ ਹੀ ਸੋਚਦਾ ਰਹੇ ਤਾਂ ਮੈਂ ਸਿਰਫ ਅਪਣੇ ਜੋਗਾ ਹੀ ਹੋ ਕੇ ਰਹਿ ਜਾਵਾਂ ਇਸ ਨੂੰ ਸਾਰੇ ਵਿਸ਼ਵ ਦੀ ਤੇ ਸਾਰੇ ਵਿਸ਼ਵ ਨੂੰ ਰਚਣਹਾਰੇ ਦੀ ਸੋਝੀ ਦਿੰਦੀ ਹੇ ਆਤਮਾ, ਉਹ ਆਤਮਾ ਜੋ ਉਸ ਨੂੰ ਦੁਨੀਆ ਦੇ ਮੋਹ ਦਾ ਤਿਆਗ ਕਰਵਾਉਂਦੀ ਹੈ ਤੇ ਸਿਰਫ ਪਰਮ ਪਿਤਾ ਨਾਲ ਸਦੀਵੀ ਪਿਆਰ ਪਵਾਉਂਦੀ ਹੈ ਤੇ ਉਸ ਸੰਗ ਸਦਾ ਲਈ ਮਿਲਾਉਂਦੀ ਹੈ। ਸਰੀਰ, ਪ੍ਰਾਣ, ਆਤਮਾ, ਮਨ: ਇਹ ਸਭ ਫਿਰ ਮੈਂ ਹੀ ਤਾਂ ਹੋਇਆ।

ਅਗੋਂ ਹੋਰ ਸਵਾਲ ਉਠਦੇ ਹਨ (੧) ਸਰੀਰ ਕੀ ਹੈ? (੨) ਸਰੀਰ ਦਾ ਮਕਸਦ ਕੀ ਹੈ? (੩) ਸਰੀਰ ਦੇ ਕੀ ਕੀ ਹਿੱਸੇ ਹਨ? (੪) ਪ੍ਰਾਣ ਕੀ ਹੈ? ਕੀ ਕਰਦੇ ਹਨ? ਜੀਵ ਦੀ ਕੀ ਮਦਦ ਕਰਦੇ ਹਨ? (੫) ਮਨ ਕੀ ਹੈ, ਕਿੱਥੇ ਹੈ, ਇਸ ਦਾ ਮਕਸਦ ਕੀ ਹੈ ਤੇ ਕੀ ਕਰਦਾ ਹੈ? (੬) ਦਿਲ ਕੀ ਹੈ, ਕਿੱਥੇ ਹੈ, ਇਸ ਦਾ ਮਕਸਦ ਕੀ ਹੈ ਤੇ ਕੀ ਕਰਦਾ ਹੈ? (੭) ਆਤਮਾ ਕੀ ਹੇ, ਕਿੱਥੇ ਹੈ, ਇਸ ਦਾ ਮਕਸਦ ਕੀ ਹੈ ਤੇ ਕੀ ਕਰਦੀ ਹੈ? (੮) ਮਨ ਤੇ ਸਰੀਰ ਦਾ ਸਬੰਧ ਕੀ ਹੈ? (੯) ਦਿਲ ਤੇ ਸਰੀਰ ਦਾ ਸਬੰਧ ਕੀ ਹੈ? (੧੦) ਆਤਮਾ ਤੇ ਸਰੀਰ ਦਾ ਕੀ ਸਬੰਧ ਹੈ? (੧੧) ਮਨ ਤੇ ਦਿਲ ਦਾ ਕੀ ਸਬੰਧ ਹੈ? (੧੨) ਮਨ ਤੇ ਆਤਮਾ ਦਾ ਕੀ ਸਬੰਧ ਹੈ? ਅੰਤਰਆਤਮਾ ਤੇ ਜੀਵਆਤਮਾ ਕੀ ਹੈ? ਆਦਿ ਚਿਰਾਂ ਤੋਂ ਮਨ ਵਿੱਚ ਖਟਕਦੇ ਰਹੇ ਹਨ, ਜਿਨ੍ਹਾਂ ਦੀ ਸਿਲਸਲੇ ਬੱਧ ਖੋਜ ਪਿੱਛੋਂ ਇਹ ਲੇਖ ਹੋਂਦ ਵਿੱਚ ਆਇਆ ਹੈ ਜੋ ਪਾਠਕਾਂ ਦੇ ਪੇਸ਼ ਹੈ:

ਸਰੀਰ

ਸਰੀਰ ਕੀ ਹੈ? ਸਰੀਰ ਦੇਹ ਹੈ, ਜਿਸਮ ਹੈ, ਉਹ ਆਕਾਰ ਹੈ ਜਿਸ ਨੂੰ ਰੱਬ ਨੇ ਇੱਕ ਖਾਸ ਮਕਸਦ ਲਈ ਖਾਸ ਆਕਾਰ-ਪ੍ਰਕਾਰ ਦਾ ਬਣਾਇਆ ਹੈ। ਸਰੀਰ ਉਹ ਜੋ ਪਲ ਪਲ ਖੀਣ ਹੁੰਦਾ ਹੈ। (ਸਰੀਰ ਸਮਸਥ ਖੀਣ ਸਮਯ ਸਿਮਰੰਤਿ ਨਾਨਕ, ਮ: ੫: ਪੰਨਾ ੧੩੫੮: ੧੫) (ਮਹਾਨ ਕੋਸ਼: ੧੭੦) ਆਕਸਫੋਰਡ ਅਡਵਾਂਸਡ ਲਰਨਰਜ਼ ਡਿਕਸ਼ਨਰੀ ਵਿੱਚ ਸਰੀਰ ਦੀ ਪ੍ਰੀਭਾਸ਼ਾ ਇਹ ਹੈ: “ਇਨਸਾਨ ਜਾਂ ਜੀਵ ਦਾ ਸਾਰਾ ਭੌਤਕ ਬਾਹਰੀ ਸਰੀਰਿਕ ਢਾਂਚਾ”। ਬਾਹਰੀ ਭੌਤਕ ਸਰੀਰ ਦਾ ਢਾਂਚਾ ਹੈ ਪਰ ਅੰਦਰ ਸੂਖਮ ਸਰੀਰ ਵੀ ਹੈ ਜਿਸ ਦੇ ਹਿੱਸੇ ਹਨ ਪ੍ਰਾਣ, ਮਨ ਤੇ ਆਤਮਾ। ਭੌਤਕ ਸਰੀਰ ਦਿਸਦਾ ਹੈ ਜਦਕਿ ਸੂਖਮ ਸਰੀਰ ਦਿਸਦਾ ਨਹੀਂ। ਭੌਤਕ ਸਰੀਰ ਖੂਨ ਦੇ ਸਿਸਟਮ ਨਾਲ ਚਲਦਾ ਹੈ। ਏਸੇ ਤਰ੍ਹਾਂ ਸਾਹ ਪਹੁੰਚਾਉਣ ਦਾ ਵੀ ਸਿਸਟਮ ਹੈ ਜਿਸ ਨੂੰ ਪ੍ਰਾਣਾਂ ਦਾ ਸਿਸਟਮ ਕਹਿੰਦੇ ਹਨ, ਸੋਚਣ ਦਾ ਸਿਸਟਮ ਵੀ ਹੈ ਜੋ ਮਨ ਕਰਦਾ ਹੈ ਤੇ ਮਹਿਸੂਸਣ ਦਾ ਸਿਟਮ ਵੀ ਜੋ ਦਿਲ ਕਰਦਾ ਹੈ। ਯਜੁਰਵੇਦ ਮਾਨਵ ਦੇ ਤਿੰਨ ਸਰੀਰ (ਤਰੈਣੀ ਪਦ) ਪਹਿਲਾ ਦੈਵੀ ਸਰੀਰ (ਕਾਰਮਿਕ ਜੋ ਦਿਲ ਦੇ ਨੇੜੇ ਰਹਿੰਦਾ ਹੈ), ਦੂਸਰਾ ਰੂਹਾਨੀ ਸਰੀਰ ਜੋ ਆਤਮਾ ਚਲਾਉਂਦੀ ਹੈ (ਜੋ ਸੂਖਮ ਹੈ ਤੇ ਸੁੰਨ ਵਿੱਚ ਵਸਦਾ ਹੈ) ਤੇ ਭੌਤਕ ਸਰੀਰ ਜਿੱਥੇ ਇੰਦਰੀਆਂ ਤੇ ਭਾਵਨਾਵਾਂ ਵਸਦੀਆਂ ਹਨ। ਜੀਵਆਤਮਾ ਮਾਨਵ ਨੂੰ ਦੈਵੀ ਜੀਵ ਬਣਾਉਂਦੀ ਹੈ, ਅੰਤਰਆਤਮਾ ਸਮਾਜਿਕ ਜੀਵ ਬਣਾਉਂਦੀ ਹੈ ਤੇ ਭਾਵਨਾਵਾਂ ਤੇ ਇੰਦਰੀਆਂ ਜੀਵ ਨੂੰ ਸੰਸਾਰੀ ਤੇ ਭੌਤਕ ਵਾਦੀ ਬਣਾਉਂਦੀਆਂ ਹਨ। ਇਸਤਰ੍ਹਾਂ ਵੇਦਾਂ ਅਨੁਸਾਰ ਰਿਕ ਪ੍ਰਾਣੀ ਦੈਵੀ, ਸਮਾਜਿਕ ਤੇ ਸੰਸਾਰੀ ਜੀਵ ਹੈ।

ਭੌਤਿਕ ਸਰੀਰ ਦਾ ਧੁਰਾ ਦਿਲ ਹੈ ਜੋ ਸਰੀਰ ਵਿੱਚ ਖੁਨ ਦੀ ਚਾਲ ਦਾ ਕੇਂਦ੍ਰ ਹੈ ਤੇ ਜੋ ਛਾਤੀ ਵਿੱਚ ਦੋਹਾਂ ਫੇਫੜਿਆਂ ਦੇ ਮੱਧ ਵਿੱਚ ਰਹਿੰਦਾ ਹੈ। ਇਹ ਸਾਰੇ ਸਰੀਰ ਨੂੰ ਸ਼ਾਹਰਗ ਦੁਆਰਾ ਲਹੂ ਪਹੁੰਚਾਂਦਾ ਹੈ। (ਮਹਾਨਕੋਸ਼, ਪੰਨਾ ੬੩੪) ਦਿਲ ਦਾ ਬਹੁਵਚਨ ਦਿਲਹਾ। ਦਿਲਹੁ- ਦਿਲਹੁੰ ਦਿਲਹੁ ਮੁਹਬਤ ਜਿਨਿ ਸੇਈ ਸਚਿਆ (ਆਸਾ ਫਰੀਦ: ੪੮੮: ੮) ਸੂਖਮ ਸਰੀਰ ਦਾ ਮੈਰੀਡੀਅਨ ਸਿਸਟਮ ਹੈ ਜੋ ਸਾਰੇ ਸਰੀਰ ਵਿੱਚ ਉਰਜਾ ਪਹੁੰਚਾਉਂਦਾ ਹੈ, ਪ੍ਰਾਣ ਭਰਦਾ ਹੈ। ਇਸ ਮੈਰੀਡੀਅਨ ਸਿਸਟਮ ਰਾਹੀਂ ਸੂਖਮ ਸਰੀਰ ਵਿੱਚ ਊਰਜਾ ਦਾ ਵਹਾ ਪਰਵਾਹ ਹੁੰਦਾ ਹੈ। ਪਿਓਂਗੌਗ ਯੂਨੀਵਰਸਿਟੀ ਦੇ ਡਾਂ: ਕਿਮ ਬੌਂਗ ਨੇ ਤਜਰਬੇ ਕਰਕੇ ਮੈਰੀਡੀਅਨਾਂ ਨੂੰ ਊਰਜਾ ਸੰਚਾਲਨ ਦੇ ਰਸਤੇ ਪਾਇਆ। ਉਸ ਨੇ ਹਰ ਇੱਕ ਮੈਰੀਡੀਅਨ ਦੀ ਚੌੜਾਈ ੨੦-੩੦ ਮਿਲੀ-ਮਾਈਕਰੋਨ ਦਸੀ।

ਸਰੀਰ ਕਿਸ ਤੱਤ ਦਾ ਬਣਿਆ ਹੋਇਆ ਹੈ? ਪੰਜ-ਭੌਤਿਕ ਸਰੀਰ ਪੰਜਾਂ ਤੱਤਾਂ ਦਾ ਹੀ ਬਣਿਆ ਹੈ: ‘ਅਪੁ ਤੇਜੁ ਵਾਇ ਪ੍ਰਿਥਮੀ ਆਕਾਸਾ ॥ ਤਿਨ ਮਹਿ ਪੰਚ ਤਤੁ ਘਰਿ ਵਾਸਾ ॥ (ਪੰਨਾ 1: 1031: 11) ਪੰਚ ਭੂ ਨਾਇਕੋ ਆਪਿ ਸਿਰੰਦਾ ਜਿਨਿ ਸਚ ਕਾ ਪਿੰਡੁ ਸਵਾਰਿਆ॥ (ਸੂਹੀ ਮਹਲਾ 1, ਪੰਨਾ 766) ਹਵਾ, ਪਾਣੀ, ਅੱਗ, ਪ੍ਰਿਥਵੀ ਤੇ ਆਕਾਸ਼ ਦਾ ਬਣਿਆ ਹੈ ਸਰੀਰ।

ਸਰੀਰ ਦੇ ਭਾਗ ਕਿਤਨੇ ਹਨ? ਸਰੀਰ ਦੇ ਪੰਜ ਹਿਸੇ ਕਹੇ ਜਾ ਸਕਦੇ ਹਨ: 1 ਅੰਨਮਯ 2. ਪ੍ਰਾਣਮਯ 3. ਮਨੋਮਯਾ ਜਾਂ ਗਿਆਨਮਯਾ 4. ਵਿਗਿਆਨ ਮਯ ਤੇ 5. ਅਨੰਦ ਮਯ।

ਜੀਅ ਪ੍ਰਾਣ ਤੁਮੑ ਪਿੰਡ ਦੀਨੑ।। ਮੁਗਧ ਸੁੰਦਰ ਧਾਰਿ ਜੋਤਿ ਕੀਨੑ।। (ਬਸੰਤੁ ਮਹਲਾ ੫, ੧੧੮੧: ੧)

ਸਰੀਰ ਦੇ ਪਿੰਡ, ਜੀਅ, ਪ੍ਰਾਣ, ਜੋਤ ਸਭ ਪ੍ਰਮਾਤਮਾ ਦੇ ਦਿਤੇ ਹੋਏ ਹਨ।

ਫਿਰ ਇਸ ਦਾ ਰਚਣਹਾਰਾ ਕੌਣ ਹੈ? ਇਸ ਦਾ ਰਚਣਹਾਰਾ ਵੀ ਤਾਂ ਪਰਮ ਪਿਤਾ ਪਰਮਾਤਮਾ ਹੀ ਹੈ:

ਸਾਹਿਬ ਰੰਗਿ ਰਾਤਾ ਸਚ ਕੀ ਬਾਤਾ ਜਿਨਿ ਬਿੰਬ ਕਾ ਕੋਟੁ ਉਸਾਰਿਆ। (ਸੂਹੀ ਮਹਲਾ 1, ਪੰਨਾ 766)

‘ਬਿੰਬ` ਕਾ ਕੋਟੁ ਉਸਾਰਿਆ` ਇੱਕ ਪਾਣੀ ਦੀ ਬੂੰਦ ਤੋਂ ਸਰੀਰ ਰੂਪੀ ਕਿਲ੍ਹਾ ਉਸਾਰਿਆ ਗਿਆ ਹੈ ਤੇ ਪੰਜਾਂ ਤੱਤਾਂ ਦਾ ਹੀ ਵਿਸਥਾਰ ਹੋ ਕੇ ਇੱਕ ਆਕਾਰ ਸਾਕਾਰ ਹੋਇਆ ਹੈ।

ਆਪੇ ਆਪੁ ਉਪਾਇ ਨਿਰਾਲਾ॥ ਸਾਚਾ ਥਾਨੁ ਕੀਓ ਦਇਆਲਾ॥

ਪਉਣ ਪਾਣੀ ਅਗਨੀ ਕਾ ਬੰਧਨੁ ਕਾਇਆ ਕੋਟੁ ਰਚਾਇਦਾ॥1॥

ਨਉ ਘਰੁ ਥਾਪੇ ਥਾਪਣਹਾਰੈ ॥ ਦਸਵੈ ਵਾਸਾ ਅਲਖ ਅਪਾਰੈ ॥

ਸਾਇਰ ਸਪਤ ਭਰੇ ਜਲਿ ਨਿਰਮਲਿ ਗੁਰਮੁਖਿ ਮੈਲੁ ਨ ਲਾਇਦਾ ॥ 2 ॥ (ਪੰਨਾ 1036)

ਮੂਲ ਪਛਾਨਣ ਲਈ ਸਭ ਤੋਂ ਪਹਿਲਾਂ ਜਾਨਣਾ ਜ਼ਰੂਰੀ ਹੇ ਕਿ ਸਰੀਰ ਹੋਂਦ ਵਿੱਚ ਆਇਆ ਕਿਵੇਂ?

ਸਾਕਤ ਨਿਰਗੁਣਿਆਰਿਆ ਆਪਣਾ ਮੂਲੁ ਪਛਾਣੁ॥

ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ॥

ਪਵਣੈ ਕੈ ਵਸਿ ਦੇਹੁਰੀ ਮਸਤਕਿ ਸਚੁ ਨੀਸਾਣੁ॥

(ਸਿਰੀ ਰਾਗ ਮਹਲਾ 1 ਪੰਨਾ 63)

ਭਾਵੇਂ ਸਰੀਰ ਪੰਜ ਤੱਤਾਂ ਦਾ ਅਤੇ ਰਕਤ ਤੇ ਬਿੰਦ ਦਾ ਬਣਿਆ ਹੋਇਆ ਪਰ ਉਹ ਪੈਦਾ ਵੀ ਉਸ ਦੇ ਹੁਕਮ ਅਨੁਸਾਰ, ਜੀਂਦਾ ਵੀ ਉਸਦੇ ਹੁਕਮ ਅਨੁਸਾਰ ਤੇ ਮਰਦਾ ਵੀ ਉਸ ਦੇ ਹੁਕਮ ਅਨੁਸਾਰ ਹੀ ਹੈ।

ਰਕਤੁ ਬਿੰਦੁ ਕਰਿ ਨਿੰਮਿਆ ਅਗਨਿ ਉਦਰ ਮਝਾਰਿ॥

ਉਰਧ ਮੁਖੁ ਕੁਚੀਲ ਬਿਕਲੁ ਨਰਕਿ ਘੋਰਿ ਗੁਬਾਰਿ॥

(ਪਉੜੀ ਜੈਤਸਰੀ ਕੀ ਵਾਰ ਮਹਲਾ ੫ ਪੰਨਾ ੭੦੬)

ਗੁਰੂ ਸਾਹਿਬ ਜੀ ਵਾਰ ਵਾਰ ਕਹਿ ਰਹੇ ਹਨ ਕਿ ਐ ਬੰਦੇ ਤੇਰੀ ਹੋਂਦ ਮਾਂ ਅਤੇ ਪਿਤਾ ਦੁਆਰਾ ਹੀ ਉਤਪੰਨ ਹੋਈ ਹੈ ਜੋ ਉਤਪਤੀ ਦੇ ਸਾਧਨ ਹਨ:

ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ॥

(ਮਾਰੂ ਮਹਲਾ ੧ ਪੰਨਾ ੧੦੧੩)

ਇਸ ਵਿਚਾਰ ਦਾ ਵਿਸਥਾਰ ਕਰਦਿਆਂ ਹੋਇਆਂ ਗੁਰੂ ਸਾਹਿਬ ਜੀ ਫਰਮਾ ਰਹੇ ਹਨ ਕਿ

ਮਾ ਕੀ ਰਕਤੁ ਪਿਤਾ ਬਿਦੁ ਧਾਰਾ॥ਮੂਰਤਿ ਸੂਰਤਿ ਕਰਿ ਆਪਾਰਾ॥

ਜੋਤਿ ਦਾਤਿ ਜੇਤੀ ਸਭ ਤੇਰੀ ਤੂ ਕਰਤਾ ਸਭ ਠਾਈ ਹੇ॥ 4. ।

(ਰਾਗ ਮਾਰੂ ਮਹਲਾ ੧ ਪੰਨਾ ੧੦੨੨)

ਬਿੰਦੁ ਰਕਤੁ ਮਿਲਿ ਪਿੰਡੁ ਸਰੀਆ॥ ਪਉਣੁ ਪਾਣੀ ਅਗਨੀ ਮਿਲਿ ਜੀਆ॥

(ਮਾਰੂ ਮਹਲਾ ੧ ਪੰਨਾ ੧੦੨੬)

ਪਰਮਾਤਮਾ ਦੇ ਹੁਕਮ ਵਿੱਚ ਹੀ ਪਿਤਾ ਦੇ ਵੀਰਜ ਦੀ ਬੂੰਦ ਤੇ ਮਾਂ ਦੇ ਪੇਟ ਦੇ ਲਹੂ ਨੇ ਮਿਲ ਕੇ (ਮਨੁੱਖਾ) ਸਰੀਰ ਬਣਾ ਦਿੱਤਾ । ਮਾਂ ਦੀ ਰਕਤ ਤੇ ਪਿਤਾ ਦੇ ਬਿੰਦ ਵਿੱਚ ਜਿਉਂਦੀ ਹਰਕਤ ਹੀ ਨਵਾਂ ਸਰੀਰ ਪੈਦਾ ਕਰ ਸਕਦੀ ਹੈ, ਜੇਹਾ ਕਿ ਫੁਰਮਾਨ ਹੈ।

ਗਰਭ ਅਗਨਿ ਮਹਿ ਜਿਨਹਿ ਉਬਾਰਿਆ॥

ਰਕਤ ਕਿਰਮ ਮਹਿ ਨਹੀ ਸੰਘਾਰਿਆ॥

(ਮਾਰੂ ਮਹਲਾ ੫ ਪੰਨਾ ੧੦੨੬)

ਜਿਸ ਪਰਮਾਤਮਾ ਨੇ (ਜੀਵ ਨੂੰ) ਮਾਂ ਦੇ ਪੇਟ ਦੀ ਅੱਗ ਵਿੱਚ ਬਚਾਈ ਰੱਖਿਆ, ਜਿਸ ਨੇ ਮਾਂ ਦੀ ਰੱਤ ਦੇ ਕਿਰਮਾਂ ਵਿੱਚ (ਜੀਵ ਨੂੰ) ਮਰਨ ਨਾਂਹ ਦਿੱਤਾ ਉਸ ਨੇ (ਤਦੋਂ) ਆਪਣੇ (ਨਾਮ ਦਾ) ਸਿਮਰਨ ਦੇ ਕੇ ਰੱਖਿਆ ਕੀਤੀ ।

ਪਰਮਾਤਮਾ ਨੇ ਆਪਣਾ ਆਪਾ ਆਪ ਹੀ ਸਾਜਿਆ ਹੈ ਤੇ ਆਪ ਹੀ ਸਾਰੇ ਜਗਤ ਵਿੱਚ ਵਿੱਚ ਬੈਠਾ ਹੈ। ਜੀਵਾਂ ਦੇ ਵਿਚਰਣ ਨੱਚਣ ਖੇਡਣ ਲਈ ਸਾਰੀ ਧਰਤੀ ਇੱਕ ਅਖਾੜਾ ਬਣਾ ਦਿਤਾ ਤੇ ਜਿਸ ਉੱਪਰ ਇੱਕ ਅਕਾਸ਼ ਦਾ ਚੰਦੋਆ ਤਾਣ ਦਿਤਾ। ਜਿਹੜਾ ਸਰੀਰ ਇੱਕ ਪਾਣੀ ਦੀ ਬੂੰਦ ਤੋਂ ਬਣਿਆ ਹੋਇਆ ਹੈ ਇਸ ਨੂੰ ਚੱਲਦਾ ਰੱਖਣ ਲਈ ਸੁਆਸ ਭਰੇ ਹਨ ਪ੍ਰਾਣ ਦਿਤੇ ਹਨ। ਪਿਛੱਲੇ ਕੀਤੇ ਕਰਮ ਦੁਆਰਾ ਭਾਵ ਮਾਤਾ ਪਿਤਾ ਦੇ ਗ੍ਰਹਿਸਤੀ ਕਰਮ ਦੁਆਰਾ ਹੀ ਸਰੀਰ ਸੰਸਾਰ ਨੂੰ ਦੇਖਣ ਦੇ ਕਾਬਲ ਹੋਇਆ ਹੈ।

ਆਖਾਰ ਮੰਡਲੀ ਧਰਣਿ ਸਬਾਈ ਊਪਰਿ ਗਗਨੁ ਚੰਦੋਆ॥

ਪਵਨੁ ਵਿਚੋਲਾ ਕਰਤ ਇਕੇਲਾ ਜਲ ਤੇ ਓਪਤਿ ਹੋਆ॥

ਪੰਚ ਤਤੁ ਕਰਿ ਪੁਤਰਾ ਕੀਨਾ ਕਿਰਤ ਮਿਲਾਵਾ ਹੋਆ॥

(ਰਾਮਕਲੀ ਮਹਲਾ ੫, ਪੰਨਾ ੮੮੪)

‘ਕਿਰਤ ਮਿਲਾਵਾ ਹੋਆ` ਜੀਵ ਦਾ ਪਿੱਛਲਾ ਕਰਮ ਭਾਵ ਮਾਤਾ ਪਿਤਾ ਦੇ ਗ੍ਰਹਿਸਤੀ ਕਰਮ ਦੁਆਰਾ, ਪਾਣੀ ਦੀ ਬੂੰਦ ਤੋਂ, ਪੰਜਾਂ ਤੱਤਾਂ ਦਾ ਵਜੂਦ ਹੋਂਦ ਵਿੱਚ ਆਉਣਾ ਤੇ ਸਵਾਸਾਂ ਦੀ ਪ੍ਰਕਿਰਿਆ ਦੁਆਰਾ ਸਰੀਰ ਦਾ ਢਾਂਚਾ ਖੜਾ ਹੋ ਗਿਆ। ਸਾਰੀ ਕਾਇਨਾਤ ਦਾ ਏਹੋ ਨਿਯਮ ਹੈ।

‘ਪੰਜ ਤੱਤ` ਪ੍ਰਿਥਵੀ, ਜਲ, ਅਗਨ, ਪਵਨ ਅਤੇ ਅਕਾਸ਼ ਇਕੱਠੇ ਹੋਣ ਤੋਂ ਸਰੀਰ ਦੀ ਬਣਤਰ ਬਣ ਗਈ। ਪੰਜਾਂ ਤੱਤਾਂ ਤੋਂ ਪੈਦਾ ਹੋਏ ਪੰਜਾਂ ਤੱਤਾਂ ਵਿੱਚ ਮਿਲ ਗਏ ਭਾਵ ਕਿ ਜ਼ਮੀਨ ਤੋਂ ਪੈਦਾ ਹੋਏ ਜ਼ਮੀਨ ਵਿੱਚ ਹੀ ਸਮਾਅ ਗਏ।

ਪੰਚ ਤਤੁ ਮਿਲਿ ਕਾਇਆ ਕੀਨੀੑ, ਤਤੁ ਕਹਾ ਤੇ ਕੀਨੁ ਰੇ॥

ਕਰਮ ਬਧ ਤੁਮ ਜੀਉ ਕਹਤ ਹੌ, ਕਰਮਹਿ ਕਿਨਿ ਜੀਉ ਦੀਨੁ ਰੇ॥

(ਰਾਗ ਗੋਂਡ ਬਾਣੀ ਕਬੀਰ ਜੀ ਕੀ ਪੰਨਾ ੮੭੦)

ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ॥

ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ॥

(ਸਲੋਕ ਮਹਲਾ ੯ ਪੰਨਾ ੧੪੨੭)

ਹਵਾ ਪਾਣੀ ਅੱਗ ਆਦਿਕ ਤੱਤਾਂ ਨੇ ਮਿਲ ਕੇ ਜੀਵ ਰਚ ਦਿੱਤੇ । ਇਹ ਸਾਰੀ ਸ੍ਰਿਸ਼ਟੀ ਪੰਜਾਂ ਤੱਤਾਂ ਦੀ ਬਣੀ ਹੋਈ ਹੈ ‘ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ`। ਗੁਰੂ ਅਮਰਦਾਸ ਜੀ ਫਰਮਾਉਂਦੇ ਹਨ ਕਿ ਪਰਮਾਤਮਾ ਨੇ ਇਸ ਸਰੀਰ ਵਿੱਚ ਜੋਤ ਰੱਖੀ ਤਾਂ ਇਹ ਸੰਸਾਰ ਵਿੱਚ ਆਇਆ ਹੈ।

ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ॥

ਹਰਿ ਜੋਤਿ ਰਖੀ ਤੁਧੁ ਵਿਚਿ, ਤਾ ਤੂ ਜਗ ਮਹਿ ਆਇਆ॥

ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ॥

ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ॥

ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ॥

( ‘ਅਨੰਦ` ਰਾਮਕਲੀ ਮਹਲਾ ੩ ਪੰਨਾ ੯੨੨)

ਹੇ ਮੇਰੇ ਸਰੀਰ! ਤੇਰੀ ਹੋਂਦ ਓਦੋਂ ਹੀ ਸਾਕਾਰ ਹੋਈ ਜਦੋਂ ਤੇਰੇ ਸਰੀਰ ਵਿੱਚ ਜੋਤ ਨੂੰ ਟਿਕਾਇਆ ਗਿਆ। ਇਸ ਜੋਤ ਦੀ ਉਤਪਤੀ ਮਾਤਾ ਪਿਤਾ ਦੁਆਰਾ ਹੋਈ ਹੈ ਤੇ ਮਾਤਾ ਪਿਤਾ ਵਿੱਚ ਵੀ ਤੇਰੀ ਹੀ ਜੋਤ ਹੈ: ਸਰਬ ਜੋਤਿ ਤੇਰੀ ਪਸਰਿ ਰਹੀ॥ ਜਹ ਜਹ ਦੇਖਾ ਤਹ ਨਰਹਰੀ॥ ਇਹ ਜੋਤ ਸਾਰੇ ਸੰਸਾਰ ਵਿੱਚ ਇਕਸਾਰ ਵਿਚਰ ਰਹੀ ਹੈ। ‘ਹਰਿ ਤੁਮ ਮਹਿ ਜੋਤਿ (ਚੇਤੰਤਾ) ਰਖੀ` । ਸਾਰੀ ਸ਼੍ਰਿਸ਼ਟੀ ਦਾ ਮੂਲ ਪਰਮਾਤਮਾ ਦੀ ਜੋਤ ਹੈ।

ਹੇ ਮੇਰੇ ਸਰੀਰ! ਜਦੋਂ ਪ੍ਰਭੂ ਨੇ ਜਗਤ ਰਚਨਾ ਦਾ ਮੁੱਢ ਬੱਧਾ ਤੇਰੇ ਅੰਦਰ ਆਪਣੀ ਜੋਤ ਪਾਈ ਤਦੋਂ ਤੂੰ ਜਗਤ ਵਿੱਚ ਆਇਆ। ਹੇ ਮੇਰੇ ਸਰੀਰ! ਤੂੰ ਦੁਨੀਆਂ ਦੇ ਪਦਾਰਥਾਂ ਵਿਚੋਂ ਅਨੰਦ ਢੂੰਢਦਾ ਹੈਂ ਪਰ ਅਨੰਦ ਦਾ ਸੋਮਾ ਤਾਂ ਪਰਮਾਤਮਾ ਤੇਰੇ ਅੰਦਰ ਵੱਸਦਾ ਹੈ। ਤੂੰ ਜਗਤ ਵਿੱਚ ਆਇਆ ਹੀ ਓਦੋਂ ਜਦੋਂ ਹਰੀ ਨੇ ਜੋਤ ਤੇਰੇ ਵਿੱਚ ਰੱਖ ਦਿੱਤੀ। ਜਦੋਂ ਪਰਮਾਤਮਾ ਨੇ ਤੇਰੇ ਵਿੱਚ ਜੋਤ ਰੱਖੀ ਤਦੋਂ ਤੂੰ ਜੰਮਿਆ। ਜਿਹੜਾ ਪਰਮਾਤਮਾ ਜੀਵ ਪੈਦਾ ਕਰਕੇ ਉਸ ਨੂੰ ਜਗਤ ਵਿੱਚ ਭੇਜਦਾ ਹੈ, ਉਹ ਆਪ ਹੀ ਇਸ ਦਾ ਪਿਤਾ ਹੈ ਤੇ ਆਪ ਹੀ ਇਸ ਦੀ ਮਾਂ ਹੈ। ਪ੍ਰਭੂ ਆਪ ਹੀ ਮਾਪਿਆਂ ਵਾਂਗ ਜੀਵ ਨੂੰ ਹਰ ਤਰ੍ਹਾਂ ਦਾ ਸੁੱਖ ਦੇਂਦਾ ਹੈ। ਸੁੱਖ ਅਨੰਦ ਦਾ ਦਾਤਾ ਪ੍ਰਭੂ ਆਪ ਹੈ। ਪਰ ਜੀਵ ਜਗਤ ਦੇ ਮਾਇਕ ਪਦਾਰਥਾਂ ਵਿਚੋਂ ਅਨੰਦ ਲੱਭਣ ਦੇ ਯਤਨ ਵਿੱਚ ਹੈ। ਜਦੋਂ ਗੁਰ-ਗਿਆਨ ਦੁਆਰਾ ਜੀਵ ਨੂੰ ਸੋਝੀ ਆਉਂਦੀ ਹੈ ਤਾਂ ਫਿਰ ਉਹ ਜਗਤ ਨੂੰ ਮਦਾਰੀ ਦਾ ਇੱਕ ਤਮਾਸ਼ਾ ਹੀ ਦੇਖਦਾ ਹੈ ਤੇ ਸਮਝਦਾ ਹੈ ਕਿ ਇਹ ਸਦਾ ਰਹਿਣ ਵਾਲਾ ਸੁੱਖ ਨਹੀਂ ਹੈ।

ਆਖਰ ਜਿਨ੍ਹਾਂ ਤੱਤਾਂ ਤੋਂ ਪੁਰਸ਼ ਜੱਗ ਵਿੱਚ ਆਇਆ ਉਨ੍ਹਾਂ ਤੱਤਾਂ ਵਿੱਚ ਹੀ ਆਖਰ ਨੂੰ ਵਿਲੀਨ ਹੁੰਦਾ ਹੈ।

ਰਾਮਕਲੀ ਮਹਲਾ 5॥ ਪਵਨੈ ਮਹਿ ਪਵਨੁ ਸਮਾਇਆ॥

ਜੋਤੀ ਮਹਿ ਜੋਤਿ ਰਲਿ ਜਾਇਆ॥ (ਮ ੫: ੮੮੫: ੧੨)

ਇਹ ਸਾਰੀ ਰਚਨਾ ਹੀ ਪਾਣੀ ਤੇ ਬੁਦਬੁਦੇ ਵਾਂਗ ਹੈ ਜੋ ਬਣਦੀ ਢਹਿੰਦੀ ਰਹਿੰਦੀ ਹੈ

ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ॥

ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ॥

(ਸਲੋਕ ਮਹਲਾ ੯ ਪੰਨਾ ੧੪੨੭)

ਜ਼ਰੇ ਜ਼ਰੇ ਵਿੱਚ ਉਸ ਦੀ ਜੋਤ ਕੰਮ ਕਰ ਰਹੀ ਹੈ

ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ॥

ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ॥

(ਸਲੋਕ ਮਹਲਾ ੯ ਪੰਨਾ ੧੪੨੭0

ਪਰਮਾਤਮਾ ਦੀ ਜੋਤ ਸਾਰਿਆਂ ਵਿੱਚ ਹੈ:

ਜਲਿ ਥਲਿ ਮਹੀਅਲਿ ਪੂਰਿਆ, ਰਵਿਆ ਵਿੱਚ ਵਣਾ॥

ਸੋ ਪ੍ਰਭੁ ਚਿਤਿ ਨ ਆਵਈ, ਕਿਤੜਾ ਦੁਖੁ ਗਣਾ॥

(ਮਾਝ ਮਹਲਾ ੫, ਪੰਨਾ ੧੩੩)

ਗੁਰੂ ਸਾਹਿਬ ਜੀ ਨੇ ਸੌਖੇ ਤਰੀਕੇ ਨਾਲ ਸਮਝਾ ਦਿੱਤਾ ਹੈ ਕਿ ਹਵਾ ਪਾਣੀ ਦੇ ਸੁਮੇਲ ਦੁਆਰਾ ਸੰਸਾਰ ਹੋਂਦ ਵਿੱਚ ਆਇਆ ਹੈ ਤੇ ਏਸੇ ਹੋਂਦ ਵਿਚੋਂ ਹੀ ਜੀਵ ਦੀ ਹੋਂਦ ਸਾਕਾਰ ਹੋਈ ਹੈ:

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥

ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥

(ਸਿਰੀ ਰਾਗ ਮਹਲਾ ੧ ਪੰਨਾ ੧੯)

ਪਰਮਾਤਮਾ ਦੀ ਦਰਗਾਹ ਹਰ ਮਨੁੱਖ ਦੇ ਹਿਰਦੇ ਵਿੱਚ ਹੈ ਤੇ ਇਹ ਧਰਤੀ ਦੇ ਹਰ ਜ਼ਰੇ ਜ਼ਰੇ ਵਿੱਚ ਹੈ
.