.

ਸਿਮਰਨ ਕੀ ਹੈ
ਗੁਰਸ਼ਰਨ ਸਿੰਘ ਕਸੇਲ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਹਿਬਾਨ ਅਤੇ ਭਗਤਾਂ ਨੇ ਕਈ ਨਾਵਾਂ ਨਾਲ ਅਕਾਲ ਪੁਰਖ ਨੂੰ ਸੰਬੋਧਨ ਕੀਤਾ ਹੈ । ਖਾਸ ਕਰਕੇ ਜਿਹੜੇ ਨਾਂਅ ਉਹਨਾਂ ਦੇ ਸਮੇਂ ਲੋਕਾਂ ਵਿਚ ਪ੍ਰਚਲਤ ਸਨ ਪਰ ਲੋਕ ਉਹਨਾਂ ਨਾਵਾਂ ਨੂੰ ਜਿਆਦਾਤ੍ਹਰ ਅਕਾਲ ਪੁਰਖ ਦੀ ਬਜਾਏ ਆਪਣੇ ਅਵਤਾਰਾਂ ਜਾਂ ਅਕਾਲ ਪੁਰਖ ਦੀ ਕਿਰਤ ਨਾਲ ਜੋੜਦੇ ਸਨ । ਪਰ ਗੁਰੂ ਸਾਹਿਬਾਨ ਅਤੇ ਜਿੰਨਾਂ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਉਹਨਾਂ ਸੱਭ ਨੇ ਸਿਰਫ ਇਕ ਅਕਾਲ ਪੁਰਖ ਦਾ ਹੀ ਸਿਮਰਨ ਕਰਨ ਲਈ ਉਪਦੇਸ਼ ਦਿਤਾ ਅਤੇ ਸਿਮਰਨ ਕਰਨ ਦਾ ਢੰਗ ਵੀ ਦੱਸਿਆ ਹੈ ।
ਅਕਾਲ ਪੁਰਖ ਦਾ ਸਿਮਰਨ ਕਿਵੇਂ ਕਰਨਾ ਹੈ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦੇਖਦੇ ਹਾਂ:
ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥੨੧੨॥ ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥ (ਭਗਤ ਕਬੀਰ ਜੀ, ਪੰਨਾ 1375-1376)
ਅਰਥ:- ਤ੍ਰਿਲੋਚਨ ਆਖਦਾ ਹੈ—ਹੇ ਮਿੱਤ੍ਰ ਨਾਮਦੇਵ! ਤੂੰ ਤਾਂ ਮਾਇਆ ਵਿਚ ਫਸਿਆ ਜਾਪਦਾ ਹੈਂ । ਇਹ ਅੰਬਰੇ ਕਿਉਂ ਠੇਕ ਰਿਹਾ ਹੈਂ? ਪਰਮਾਤਮਾ ਦੇ (ਚਰਨਾਂ) ਨਾਲ ਕਿਉਂ ਚਿੱਤ ਨਹੀਂ ਜੋੜਦਾ? ।੨੧੨।
ਨਾਮਦੇਵ (ਅੱਗੋਂ) ਉੱਤਰ ਦੇਂਦਾ ਹੈ—ਹੇ ਤ੍ਰਿਲੋਚਨ! ਮੂੰਹ ਨਾਲ ਪਰਮਾਤਮਾ ਦਾ ਨਾਮ ਲੈ; ਹੱਥ ਪੈਰ ਵਰਤ ਕੇ ਸਾਰਾ ਕੰਮ-ਕਾਜ ਕਰ, ਅਤੇ ਆਪਣਾ ਚਿਤ ਮਾਇਆ-ਰਹਿਤ ਪਰਮਾਤਮਾ ਨਾਲ ਜੋੜ ।੨੧੩।
ੴ ਸਤਿਗੁਰ ਪ੍ਰਸਾਦਿ ॥ ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥ ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥੧॥ ਮਨੁ ਰਾਮ ਨਾਮਾ ਬੇਧੀਅਲੇ ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥੧॥ ਰਹਾਉ ॥
ਅਰਥ:- ਹੇ ਤ੍ਰਿਲੋਚਨ! ਵੇਖ, ਮੁੰਡਾ) ਕਾਗ਼ਜ਼ ਲਿਆਉਂਦਾ ਹੈ, ਉਸ ਦੀ ਗੁੱਡੀ ਕੱਟਦਾ ਹੈ ਤੇ ਗੁੱਡੀ ਨੂੰ ਅਸਮਾਨ ਵਿਚ ਉਡਾਉਂਦਾ ਹੈ, ਸਾਥੀਆਂ ਨਾਲ ਗੱਪਾਂ ਭੀ ਮਾਰੀ ਜਾਂਦਾ ਹੈ, ਪਰ ਉਸ ਦਾ ਮਨ (ਗੁੱਡੀ ਦੀ) ਡੋਰ ਵਿਚ ਟਿਕਿਆ ਰਹਿੰਦਾ ਹੈ ।੧।
ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥ ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥੨॥
ਅਰਥ:- (ਹੇ ਤ੍ਰਿਲੋਚਨ!) ਜੁਆਨ ਕੁੜੀਆਂ ਸ਼ਹਿਰ ਵਿਚੋਂ (ਬਾਹਰ ਜਾਂਦੀਆਂ ਹਨ) ਆਪੋ ਆਪਣਾ ਘੜਾ ਚੁੱਕ ਲੈਂਦੀਆਂ ਹਨ, ਪਾਣੀ ਨਾਲ ਭਰਦੀਆਂ ਹਨ, (ਆਪੋ ਵਿਚ) ਹੱਸਦੀਆਂ ਹਨ, ਹਾਸੇ ਦੀਆਂ ਗੱਲਾਂ ਤੇ ਹੋਰ ਕਈ ਵਿਚਾਰਾਂ ਕਰਦੀਆਂ ਹਨ, ਪਰ ਆਪਣਾ ਚਿੱਤ ਆਪੋ ਆਪਣੇ ਘੜੇ ਵਿਚ ਰੱਖਦੀਆਂ ਹਨ ।੨।
ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ॥ ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥੩॥ ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥ ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥(ਭਗਤ ਨਾਮਦੇਵ ਜੀ, ਪੰਨਾ 972)
ਅਰਥ:-(ਹੇ ਤ੍ਰਿਲੋਚਨ!) ਇੱਕ ਘਰ ਹੈ ਜਿਸ ਦੇ ਦਸ ਬੂਹੇ ਹਨ, ਇਸ ਘਰੋਂ ਮਨੁੱਖ ਗਊਆਂ ਚਾਰਨ ਲਈ ਛੱਡਦਾ ਹੈ; ਇਹ ਗਾਈਆਂ ਪੰਜਾਂ ਕੋਹਾਂ ਤੇ ਜਾ ਚੁਗਦੀਆਂ ਹਨ, ਪਰ ਆਪਣਾ ਚਿੱਤ ਆਪਣੇ ਵੱਛੇ ਵਿਚ ਰੱਖਦੀਆਂ ਹਨ (ਤਿਵੇਂ ਹੀ ਦਸ-ਇੰਦ੍ਰਿਆਂ-ਵਾਲੇ ਇਸ ਸਰੀਰ ਵਿਚੋਂ ਮੇਰੇ ਗਿਆਨ-ਇੰਦ੍ਰੇ ਸਰੀਰ ਦੇ ਨਿਰਬਾਹ ਲਈ ਕੰਮ-ਕਾਰ ਕਰਦੇ ਹਨ, ਪਰ ਮੇਰੀ ਸੁਰਤ ਆਪਣੇ ਪ੍ਰਭੂ-ਚਰਨਾਂ ਵਿਚ ਹੀ ਹੈ) ।
ਹੇ ਤ੍ਰਿਲੋਚਨ! ਸੁਣ, ਨਾਮਦੇਵ (ਇਕ ਹੋਰ ਦ੍ਰਿਸ਼ਟਾਂਤ) ਆਖਦਾ ਹੈ—ਮਾਂ ਆਪਣੇ ਬਾਲ ਨੂੰ ਪੰਘੂੜੇ ਵਿਚ ਪਾਂਦੀ ਹੈ, ਅੰਦਰ ਬਾਹਰ ਘਰ ਦੇ ਕੰਮਾਂ ਵਿਚ ਰੁੱਝੀ ਰਹਿੰਦੀ ਹੈ, ਪਰ ਆਪਣੀ ਸੁਰਤ ਆਪਣੇ ਬੱਚੇ ਵਿਚ ਰੱਖਦੀ ਹੈ ।
ਭਾਵ: ਪ੍ਰੀਤਿ ਦਾ ਸਰੂਪ—ਕੰਮ-ਕਾਰ ਕਰਦਿਆਂ ਸੁਰਤ ਹਰ ਵੇਲੇ ਪ੍ਰਭੂ ਦੀ ਯਾਦ ਵਿਚ ਰਹੇ ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਕਾਲ ਪੁਰਖ ਨੂੰ ਗੁਰੂ ਸਹਿਬਾਨ ਅਤੇ ਭਗਤਾਂ ਨੇ ਜਿਨਾਂ ਨਾਵਾਂ ਨਾਲ ਸਬੋਧਨ ਕੀਤਾ ਹੈ ਉਹਨਾਂ ਵਿਚੋਂ ਕੁਝ ਨਾਵ ਇਹ ਹਨ; ਜਿਵੇਂ ਕਿ, ਹਰਿ ਹਰਿ, ਰਾਮ, (ਰਾਜੇ ਦਸ਼ਰਥ ਦਾ ਪੁੱਤਰ ਨਹੀਂ) ਨਿਰੰਜਨ, ਬੀਠੁਲ, ਗੁਪਾਲ, ਮੁਰਾਰੀ, ਠਾਕੁਰ, ਗੋਬਿੰਦ, ਮੋਹਨ, ਨਾਰਾਇਣ, ਦਾਮੋਦਰ, ਆਦਿ ਨਾਵਾਂ ਨਾਲ ਸੰਬੋਧਨ ਕੀਤਾ ਹੈ । ਜਿਵੇਂ ਕੁਝ ਹੇਠ ਲਿਖੇ ਗੁਰੂ ਸ਼ਬਦ ਹਨ:
ਹਰਿ ਹਰਿ ਤੇਰਾ ਨਾਮੁ ਹੈ ਦੁਖ ਮੇਟਣਹਾਰਾ ॥ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਿਸਤਾਰਾ ॥(ਮ:5, ਪੰਨਾ 725)
ਅਰਥ: ਹੇ ਹਰੀ! ਤੇਰਾ ਨਾਮ ਸਾਰੇ ਦੁੱਖ ਦੂਰ ਕਰਨ ਦੇ ਸਮਰੱਥ ਹੈ, (ਪਰ ਇਹ ਨਾਮ) ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ। ਗੁਰੂ ਦੇ ਸਨਮੁਖ ਰਿਹਾਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ।
ਚਿਤਿ ਚਿਤਵਹੁ ਨਾਰਾਇਣ ਏਕ ॥ ਏਕ ਰੂਪ ਜਾ ਕੇ ਰੰਗ ਅਨੇਕ ॥ ਗੋਪਾਲ ਦਾਮੋਦਰ ਦੀਨ ਦਇਆਲ ॥ ਦੁਖ ਭੰਜਨ ਪੂਰਨ ਕਿਰਪਾਲ ॥ ਸਿਮਰਿ ਸਿਮਰਿ ਨਾਮੁ ਬਾਰੰ ਬਾਰ ॥ ਨਾਨਕ ਜੀਅ ਕਾ ਇਹੈ ਅਧਾਰ ॥(ਮ:5,ਪੰਨਾ 295)
ਅਰਥ:- ਜਸ ਇੱਕ ਅਕਾਲ ਪੁਰਖ ਦੇ ਅਨੇਕਾਂ ਰੰਗ ਹਨ, ਉਸ ਇੱਕ ਪੁਭੂ ਦਾ ਧਿਆਨ ਚਿੱਤ ਵਿਚ ਧਰਹੁ ।
ਦੀਨਾਂ ਉਤੇ ਦਇਆ ਕਰਨ ਵਾਲਾ ਗੋਪਾਲ ਦਮੋਦਰ ਦੁੱਖਾਂ ਦਾ ਨਾਸ ਕਰਨ ਵਾਲਾ ਸਭ ਵਿਚ ਵਿਆਪਕ ਤੇ ਮੇਹਰ ਦਾ ਜੋ ਘਰ ਹੈ; ਹੇ ਨਾਨਕ! ਉਸ ਦਾ ਨਾਮ ਮੁੜ ਮੁੜ ਯਾਦ ਕਰ, ਜਿੰਦ ਦਾ ਆਸਰਾ ਇਹ ਨਾਮ ਹੀ ਹੈ ।
ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥(ਮ:5,ਪੰਨਾ 295)
ਅਰਥ:- (ਹੇ ਭਾਈ!) ਦੰਮ-ਬ-ਦੰਮ ਪ੍ਰਭੂ ਨੂੰ ਯਾਦ ਕਰ, (ਤਾਂ ਜੁ) ਤੇਰੇ ਮਨ ਦੇ ਅੰਦਰ ਦੀ ਚਿੰਤਾ ਮਿਟ ਜਾਏ ।
ਹਰਿ ਹਰਿ ਜਪਹੁ ਪਿਆਰਿਆ ਗੁਰਮਤਿ ਲੇ ਹਰਿ ਬੋਲਿ ॥ ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ ॥ ਕੀਮਤਿ ਕਿਨੈ ਨ ਪਾਈਐ ਰਿਦ ਮਾਣਕ ਮੋਲਿ ਅਮੋਲਿ ॥(ਮ:1, ਪੰਨਾ 22)
ਅਰਥ:- ਹੇ ਪਿਆਰੇ! ਹਰਿ-ਨਾਮ ਜਪੋ, ਗੁਰੂ ਦੀ ਮਤਿ ਉਤੇ ਤੁਰ ਕੇ ਹਰੀ ਦਾ ਸਿਮਰਨ ਕਰੋ । ਜਦੋਂ ਮਨ ਸਿਮਰਨ ਦੀ ਕਸਵੱਟੀ ਉਤੇ ਲਾਇਆ ਜਾਂਦਾ ਹੈ (ਤਦੋਂ ਸਿਮਰਨ ਦੀ ਬਰਕਤਿ ਨਾਲ) ਇਹ ਤੋਲ ਵਿਚ ਪੂਰਾ ਉਤਰਦਾ ਹੈ । ਤਦੋਂ ਹਿਰਦਾ-ਮਾਣਕ ਮੁੱਲੋਂ ਅਮੁੱਲ ਹੋ ਜਾਂਦਾ ਹੈ, ਕੋਈ ਇਸ ਦਾ ਮੁੱਲ ਨਹੀਂ ਪਾ ਸਕਦਾ ।
ਤੁਮ੍ਹ੍ਹ ਕਰਹੁ ਦਇਆ ਮੇਰੇ ਸਾਈ ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥(ਮ:5, ਪੰਨਾ 673)
ਅਰਥ: ਹੇ ਮੇਰੇ ਖਸਮ-ਪ੍ਰਭੂ! (ਮੇਰੇ ਉੱਤੇ) ਦਇਆ ਕਰ। ਹੇ ਮੇਰੇ ਠਾਕੁਰ! ਮੈਨੂੰ ਇਹੋ ਜਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਮਿਰਦਾ ਰਹਾਂ।੧।ਰਹਾਉ।
ਭਾਈ ਰੇ ਰਾਮੁ ਕਹਹੁ ਚਤੁ ਲਾਇ ॥ ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥੧॥ ਰਹਾਉ ॥(ਮ:੧, ਪੰਨਾ ੨੩)
ਹੇ ਭਾਈ! ਚਿੱਤ ਲਾ ਕੇ (ਪ੍ਰੇਮ ਨਾਲ) ਪਰਮਾਤਮਾ ਦਾ ਨਾਮ ਜਪੋ । (ਇਥੋਂ ਆਪਣੇ ਨਾਲ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸੌਦਾ ਲੈ ਕੇ ਤੁਰੋ, ਖਸਮ-ਪ੍ਰਭੂ ਖ਼ੁਸ਼ ਹੋ ਕੇ ਵੇਖੇਗਾ ।੧।ਰਹਾਉ।
ਜਨਮ ਮਰਣ ਦੁਖ ਮੇਟਿਆ ਜਪਿ ਨਾਮੁ ਮੁਰਾਰੇ ॥ ਨਾਨਕ ਨਾਮੁ ਨ ਵੀਸਰੈ ਪੂਰਾ ਗੁਰੁ ਤਾਰੇ ॥(ਮ:1, ਪੰਨਾ 422)
ਅਰਥ:- ਪਰਮਾਤਮਾ ਦਾ ਨਾਮ ਜਪ ਕੇ ਜਨਮ ਮਰਨ ਦੇ ਗੇੜ ਦਾ ਕਲੇਸ਼ ਮਿਟਾਇਆ ਜਾ ਸਕਦਾ ਹੈ । ਹੇ ਨਾਨਕ! ਜਿਨ੍ਹਾਂ ਨੂੰ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ) ਨਾਮ ਨਹੀਂ ਭੁੱਲਦਾ, ਉਹਨਾਂ ਨੂੰ ਪੂਰਾ ਗੁਰੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ।
ਮੋਹਨ ਨਾਮੁ ਸਦਾ ਰਵਿ ਰਹਿਓ ॥ ਕੋਟਿ ਮਧੇ ਕਿਨੈ ਗੁਰਮੁਖਿ ਲਹਿਓ ॥(ਮ:5, ਪੰਨਾ 241)
ਅਰਥ:- (ਹੇ ਭਾਈ!) ਕ੍ਰੋੜਾਂ ਵਿਚੋਂ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਉਸ ਮੋਹਨ-ਪ੍ਰਭੂ ਦਾ ਨਾਮ ਪ੍ਰਾਪਤ ਕੀਤਾ ਹੈ ਜੋ ਸਦਾ ਹਰ ਥਾਂ ਵਿਆਪ ਰਿਹਾ ਹੈ ।
ਚਰਨ ਕਮਲ ਆਧਾਰੁ ਜਨ ਕਾ ਆਸਰਾ ॥ ਮਾਲੁ ਮਿਲਖ ਭੰਡਾਰ ਨਾਮੁ ਅਨੰਤ ਧਰਾ ॥ ਨਾਮੁ ਨਰਹਰ ਨਿਧਾਨੁ ਜਿਨ ਕੈ ਰਸ ਭੋਗ ਏਕ ਨਰਾਇਣਾ ॥ ਰਸ ਰੂਪ ਰੰਗ ਅਨੰਤ ਬੀਠਲ ਸਾਸਿ ਸਾਸਿ ਧਿਆਇਣਾ ॥(ਮ:5, ਪੰਨਾ 925)
ਅਰਥ:- ਹੇ ਭਾਈ! ਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਖ਼ਜ਼ਾਨਾ ਵੱਸ ਰਿਹਾ ਹੈ, ਉਹਨਾਂ ਵਾਸਤੇ ਨਾਰਾਇਣ ਦਾ ਨਾਮ ਜਪਣਾ ਹੀ ਦੁਨੀਆ ਦੇ ਰਸਾਂ ਭੋਗਾਂ ਦਾ ਮਾਣਨਾ ਹੈ । ਹੇ ਭਾਈ! ਬੇਅੰਤ ਅਤੇ ਨਿਰਲੇਪ ਪ੍ਰਭੂ ਦਾ ਨਾਮ ਹਰੇਕ ਸਾਹ ਦੇ ਨਾਲ ਜਪਦੇ ਰਹਿਣਾ ਹੀ ਉਹਨਾਂ ਵਾਸਤੇ ਦੁਨੀਆ ਦੇ ਰੂਪ ਰਸ ਅਤੇ ਰੰਗ-ਤਮਾਸ਼ੇ ਹੈ ।
ਪਉੜੀ ॥ ਏਕਮ ਏਕੰਕਾਰੁ ਪ੍ਰਭੁ ਕਰਉ ਬੰਦਨਾ ਧਿਆਇ ॥ ਗੁਣ ਗੋਬਿੰਦ ਗੁਪਾਲ ਪ੍ਰਭ ਸਰਨਿ ਪਰਉ ਹਰਿ ਰਾਇ ॥(ਮ:5, ਪੰਨਾ 296)
ਅਰਥ:- ਪਉੜੀ:- (ਹੇ ਭਾਈ!) ਮੈਂ ਇੱਕ ਅਕਾਲ ਪੁਰਖ ਪ੍ਰਭੂ ਨੂੰ ਸਿਮਰ ਕੇ (ਉਸ ਅੱਗੇ ਹੀ) ਨਮਸਕਾਰ ਕਰਦਾ ਹਾਂ, ਮੈਂ ਗੋਬਿੰਦ ਗੋਪਾਲ ਪ੍ਰਭੂ ਦੇ ਗੁਣ (ਗਾਂਦਾ ਹਾਂ, ਤੇ ਉਸ) ਪ੍ਰਭੂ-ਪਾਤਿਸ਼ਾਹ ਦੀ ਸ਼ਰਨ ਪੈਂਦਾ ਹਾਂ । (ਹੇ ਭਾਈ!) ਜਿਸ ਮਾਲਕ-ਪ੍ਰਭੂ (ਦੇ ਹੁਕਮ) ਤੋਂ ਹੀ (ਜਗਤ ਵਿਚ) ਸਭ ਕੁਝ ਹੋ ਰਿਹਾ ਹੈ, ਉਸ ਦੀ ਆਸ ਰੱਖਿਆਂ ਸਾਰੇ ਸੁਖ ਆਨੰਦ ਮਿਲਦੇ ਹਨ । ਮੈਂ ਚੌਹਾਂ ਕੁਟਾਂ ਤੇ ਦਸੀਂ ਪਾਸੀਂ ਫਿਰ ਕੇ ਵੇਖ ਲਿਆ ਹੈ ਉਸ (ਮਾਲਕ-ਪ੍ਰਭੂ) ਤੋਂ ਬਿਨਾ ਹੋਰ ਕੋਈ (ਰਾਖਾ) ਨਹੀਂ ਹੈ ।
ਗੁਰਬਾਣੀ ਵਿਚ ਕੂੰਜਾ ਦੇ ਸਿਮਰਨ ਕਰਨ ਦੀ ਗੱਲ ਕੀਤੀ ਹੈ, ਵੇਖਦੇ ਹਾਂ ਕਿ ਕੂੰਜ ਕਿਹੜੇ ਸ਼ਬਦ ਦਾ ਸਿਮਰਨ ਕਰਦੀ ਹੈ:
ਜੈਸੀ ਗਗਨਿ ਫਿਰੰਤੀ ਊਡਤੀ ਕਪਰੇ ਬਾਗੇ ਵਾਲੀ ॥ ਓਹ ਰਾਖੈ ਚੀਤੁ ਪੀਛੈ ਬਿਚਿ ਬਚਰੇ ਨਿਤ ਹਿਰਦੈ ਸਾਰਿ ਸਮਾਲੀ ॥(ਮ:4, ਪੰਨਾ 168)
ਅਰਥ: ਜਿਵੇਂ ਚਿੱਟੇ ਖੰਭਾਂ ਵਾਲੀ (ਕੂੰਜ) ਆਸਮਾਨ ਵਿਚ ਉੱਡਦੀ ਫਿਰਦੀ ਹੈ, ਪਰ ਉਹ ਪਿੱਛੇ (ਰਹੇ ਹੋਏ ਆਪਣੇ) ਨਿੱਕੇ ਨਿੱਕੇ ਬੱਚਿਆਂ ਵਿਚ ਆਪਣਾ ਚਿੱਤ ਰੱਖਦੀ ਹੈ, ਸਦਾ ਉਹਨਾਂ ਨੂੰ ਆਪਣੇ ਹਿਰਦੇ ਵਿਚ ਸਾਂਭਦੀ ਹੈ ਸੰਭਾਲਦੀ ਹੈ ।
ਜਦੋਂ ‘ਵਾਹਿਗੁਰੂ’ ਸ਼ਬਦ ਦੀ ਗੱਲ ਕਰਦੇ ਹਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਵਾਹਿਗੁਰੂ’ ਸ਼ਬਦ ਭੱਟਾਂ ਦੇ ਸਵੀਏ ਵਿਚ ਗੁਰੂ ਰਾਮਦਾਸ ਸਾਹਿਬ ਵਾਸਤੇ ਵਰਤਿਆ ਹੈ ਨਾ ਕਿ ਅਕਾਲ ਪੁਰਖ ਲਈ:
ਕਥਾ ਕਥੀ ਨ ਜਾਇ ਤੀਨਿ ਲੋਕ ਰਹਿਆ ਸਮਾਇ ਸੁਤਹ ਸਿਧ ਰੂਪੁ ਧਰਿਓ ਸਾਹਨ ਕੈ ਸਾਹਿ ਜੀਉ ॥ ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥(ਭੱਟ ਗਯੰਦ, ਸਵੀਏ ਮਹਲੇ ਚੋਥੇ, ਪੰਨਾ 1403)
ਅਰਥ:- (ਹੇ ਗੁਰੂ!) ਤੇਰੀ ਕਥਾ ਕਥਨ ਤੋਂ ਪਰੇ ਹੈ, ਕਹੀ ਨਹੀਂ ਜਾ ਸਕਦੀ, ਤੂੰ ਤਿੰਨਾਂ ਲੋਕਾਂ ਵਿਚ ਰਮ ਰਿਹਾ ਹੈਂ । ਹੇ ਸ਼ਾਹਾਂ ਦੇ ਸ਼ਾਹ! ਤੂੰ ਆਪਣੀ ਇੱਛਾ ਨਾਲ ਇਹ (ਮਨੁੱਖ)-ਰੂਪ ਧਾਰਿਆ ਹੈ, ਹੇ ਗੁਰੂ! ਤੂੰ ਅਚਰਜ ਹੈਂ, ਸਤਿ-ਸਰੂਪ ਹੈਂ, ਅਟੱਲ ਹੈਂ, ਤੂੰ ਹੀ ਲਕਸ਼ਮੀ ਦਾ ਆਸਰਾ ਹੈਂ, ਆਦਿ ਪੁਰਖ ਹੈਂ ਤੇ ਸਦਾ-ਥਿਰ ਹੈਂ । ਟੀਕਾਕਾਰ: ਪ੍ਰੋ: ਸਾਹਿਬ ਸਿੰਘ ਜੀ ।
ਸ੍ਰੀ ਅਕਾਲ ਤਖਤ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਵਿਚ ਨਾਮ ਇਹ ਦਰਜ ਹੈ:
ਨਾਮ ਬਾਣੀ ਦਾ ਅਭਿਆਸ: ਸਿੱਖ ਅੰਮ੍ਰਿਤ ਵੇਲੇ (ਪਹਿਰ ਰਾਤ ਰਹਿੰਦੀ) ਜਾਗ ਕੇ ਇਸ਼ਨਾਨ ਕਰੇ ਅਤੇ ਇਕ ਅਕਾਲ ਪੁਰਖ ਦਾ ਧਿਆਨ ਕਰਦਾ ਹੋਇਆ ‘ਵਾਹਿਗੁਰੂ’ ਨਾਮ ਜਪੇ ।
ਗੁਰਬਾਣੀ ਦੇ ਉਪਰ ਦਿਤੇ ਸ਼ਬਦਾਂ ਤੋਂ ਇਹ ਸਿੱਧ ਹੁੰਦਾ ਹੈ, ਕਿ ਉਸ ਅਕਾਲ ਪੁਰਖ ਦਾ ਨਾਮ ਭਾਵੇਂ ਕੋਈ ਵੀ ਲਿਆ ਜਾਵੇ ਪਰ ਸਾਡੀ ਸੁਰਤ ਹਰ ਵੇਲੇ ਉਸਦੀ ਯਾਦ ਵਿਚ ਹੋਣੀ ਚਾਹੀਦੀ ਹੈ ।
ਗੁਰਬਾਣੀ ਜਿਥੇ ਸਾਨੂੰ ਉਸ ਇਕ ਦਾ ਸਿਮਰਨ ਕਰਨ ਲਈ ਉਪਦੇਸ਼ ਦੇਂਦੀ ਹੈ, ਉਥੇ ਥਾਂ-ਥਾਂ ਤੇ ਮੱਥੇ ਰੱਗੜਨ ਤੋਂ ਵੀ ਸੁਚੇਤ ਕਰਦੀ ਹੈ । ਜਿਹੜਾ ਇਨਸਾਨ ਗੱਲਾਂ ਤਾਂ ਪ੍ਰਭੂ ਨੂੰ ਸਿਮਰਨ ਦੀਆਂ ਕਰੇ ਪਰ ਕਰਮ ਉਸਦੇ ਮੜੀਆਂ ਮਸਾਣਾ ਜਾਂ ਵਹਿਮਾਂ ਭਰਮਾਂ ਨੂੰ ਮੰਨਣ ਵਾਲੇ ਹੋਣ, ਉਸਨੂੰ ਸਿਮਰਨ ਦੀ ਕੀ ਸਮਝ ਆ ਸਕਦੀ ਹੈ । ਸੋ, ਸਾਨੂੰ ਖਾਸ ਕਰਕੇ “ਸ਼ਬਦ ਗੁਰੂ” ਦੇ ਸਿੱਖ ਅਖਵਾਉਣ ਵਾਲਿਆਂ ਨੂੰ ਤਾਂ ਗੁਰਬਾਣੀ ਦੇ ਹੇਠ ਲਿਖੇ ਸ਼ਬਦ ਵੱਲ ਜਰੂਰ ਧਿਆਨ ਦੇਣਾ ਚਾਹੀਦਾ ਹੈ:
ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ ॥ ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥ ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥ ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥ ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ ॥ ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ ॥(ਮ:3,ਪੰਨਾ 509)
.