.

ਡੇਰੇਦਾਰ ਭੇਖੀ ਸਾਧਾਂ ਦਾ ਸੀਤ ਪ੍ਰਸ਼ਾਦ?

ਅਵਤਾਰ ਸਿੰਘ ਮਿਸ਼ਨਰੀ (5104325827)

singhstudent@gmail.com

ਸੀਤ ਅਤੇ ਪ੍ਰਸ਼ਾਦ ਸੰਸਕ੍ਰਿਤ ਦੇ ਸ਼ਬਦ ਅਤੇ ਇਨ੍ਹਾਂ ਦੋਨਾਂ ਸ਼ਬਦਾਂ ਦੇ ਪ੍ਰਕਰਣ ਅਨੁਸਾਰ ਅਲੱਗ ਅਲੱਗ ਅਰਥ ਹਨ। ਪਰ ਸੀਤ ਪ੍ਰਸ਼ਾਦ ਭਾਵ ਚੱਖ ਕੇ ਜੂਠਾ ਕੀਤਾ ਗਿਆ ਭੋਜਨ। ਪ੍ਰਸਾਦਿ ਦਾ ਅਰਥ ਹੈ ਕ੍ਰਿਪਾ, ਰਹਿਮਤ ਅਤੇ ਬਿੰਦੀ ਸਹਿਤ ਪ੍ਰਸ਼ਾਦ ਦਾ ਅਰਥ ਹੈ ਭੋਜਨ। “ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ ਜੋ ਸਾਧ-ਸੰਤ ਆਪਣੇ ਆਪ ਨੂੰ ਗੁਰੂ ਮੰਨ ਕੇ, ਲੋਕਾਂ ਨੂੰ ਜੂਠ ਖਵਾਉਣੀ ਆਪਣੀ ਮਹਿਮਾਂ ਸਮਝਦੇ ਹਨ ਉਹ ਸਿੱਖੀ ਦੇ ਨਿਯਮਾਂ ਤੋਂ ਅਗਿਆਤ ਹਨ” ਗੁਰੂ ਦੇ ਸ਼ਰੀਕ ਡੇਰੇਦਾਰ ਸਾਧ, ਗੱਦੀਆਂ ਲਾਉਂਦੇ, ਮੱਥੇ ਟਿਕਾਉਂਦੇ, ਪੈਰ ਧੁਵਾਉਂਦੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਸ਼ਲੀਲ ਰਚਨਾ ਬਚਿੱਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਦਾ ਪ੍ਰਕਾਸ਼ ਵੀ ਕਰਦੇ ਹਨ। ਇਸ ਲਈ ਸੀਤ-ਪ੍ਰਸ਼ਾਦ ਸਮਝ ਕੇ ਭੇਖੀ ਸਾਧਾਂ ਦੀ ਜੂਠ ਖਾਣੀ, ਪੈਰਾਂ ਦਾ ਧੋਣ ਪੀਣਾਂ, ਸਾਧਾਂ ਦੇ ਪਿੱਛੇ ਲੱਗ ਕੇ ਪੁੱਠੇ ਸਿੱਧੇ ਕੰਮ ਕਰਨੇ, ਆਪਣੀ ਕਿਰਤ ਕਮਾਈ ਵਿਹਲੜ ਸਾਧਾਂ ਨੂੰ ਲੁਟੌਣੀ, ਇਹ ਗਿਆਨ-ਹੀਨ ਅੰਧ ਵਿਸ਼ਵਾਸ਼ੀ ਸ਼ਰਧਾਲੂਆਂ ਦੇ ਨਿਰਾਰਥ ਕਰਮ ਹਨ। ਪਰ ਓਧਰ “ਰੰਗਰੇਟੇ ਗੁਰੂ ਕੇ ਬੇਟੇ” ਦਾ ਜੇ ਕਿਤੇ ਉੱਚ ਜਾਤੀ ਅਤੇ ਆਪੂੰ ਬਣੇ ਸਾਧ-ਸੰਤ ਦੇ ਹੱਥ ਵੀ ਲੱਗ ਜਾਵੇ ਤਾਂ ਇਨ੍ਹਾਂ ਵੱਡੇ ਸ਼ਰਧਾਲੂਆਂ ਅਤੇ ਭੇਖੀ ਸਾਧਾਂ ਦਾ ਦੀਨ ਭ੍ਰਿਸ਼ਟ ਹੋ ਜਾਂਦਾ ਹੈ। ਸੀਤ-ਪ੍ਰਾਸ਼ਾਦ ਦੇ ਬਹਾਨੇ ਇਹ ਭੇਖੀ ਲੋਕ ਗੁਰੂ ਕਾ ਲੰਗਰ ਵੀ ਜੂਠਾ ਕਰਦੇ ਹਨ।

ਪਾਠਕ ਜਨੋ ਜਰਾ ਇਧਰ ਵੀ ਧਿਆਨ ਦਿਉ ਕਿ ਕਰੀਬ ਹਰੇਕ ਪਿੰਡ ਅਤੇ ਗੁਰਦੁਆਰੇ ਦੀ ਕਮੇਟੀ ਨਾਲ ਇਨ੍ਹਾਂ ਡੇਰੇਦਾਰ ਸਾਧਾਂ ਦੀਆਂ ਤਾਰਾਂ ਜੁੜੀਆਂ ਹੁੰਦੀਆਂ ਹਨ। ਹੁਣ ਤਾਂ ਰਾਜਨੀਤਕ ਲੀਡਰ ਵੀ ਵੋਟਾਂ ਖਾਤਰ ਇਨ੍ਹਾਂ ਦੀ ਸ਼ਰਣ ਵਿੱਚ ਭੱਜੇ ਆਉਂਦੇ ਹਨ। ਸੋ ਸਾਨੂੰ ਲੋੜ ਆਪਣੇ ਪ੍ਰਵਾਰਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਗੁਰਬਾਣੀ ਸਿਧਾਂਤ ਸਮਝਾਉਣ ਦੀ ਹੈ ਤਾਂ ਕਿ ਭੇਖੀ ਲੋਟੂ ਸਾਧਾਂ-ਸੰਤਾਂ ਤੋਂ ਸਿੱਖ ਕੌਮ ਦਾ ਖਹਿੜਾ ਛੁਡਾਇਆ ਜਾ ਸੱਕੇ। ਸਿਆਣਿਆਂ ਦੀ ਕਹਾਵਤ ਹੈ ਕਿ “ਜੂਠ ਮਾਰੇ ਜਾਂ ਝੂਠ ਮਾਰੇ” ਭਾਵ ਜਾਨ ਲੇਵਾ ਬਿਮਾਰੀ ਦੇ ਰੋਗੀ ਦੀ ਖਾਧੀ ਜੂਠ ਅਤੇ ਜਬਾਨ ਨਾਲ ਬੋਲਿਆ ਝੂਠ ਵੀ ਮੌਤ ਦਾ ਕਾਰਨ ਬਣ ਸਕਦੇ ਹਨ। ਛੂਆ-ਛਾਤ ਖਤਮ ਕਰਨ ਦਾ ਮਤਲਵ ਜੂਠ ਖਾਣਾ ਨਹੀਂ ਸਗੋਂ ਊਚ-ਨੀਚ, ਜਾਤਿ-ਪਾਤਿ ਖਤਮ ਕਰਕੇ ਸਮਾਜ ਵਿੱਚ ਬ੍ਰਾਬਰਤਾ ਰੱਖਣੀ ਹੈ ਨਾਂ ਕਿ ਕਿਸੇ ਭੇਖੀ ਅਤੇ ਰੋਗੀ ਸਾਧ ਦੀ ਜੂਠ ਖਾਣੀ ਹੈ। ਇਹ ਭੇਖੀ ਸਾਧ ਤਾਂ ਦਲਤਾਂ ਨੂੰ ਬਾਮਣਾਂ ਵਾਂਗ ਨੀਚ-ਜਾਤਿ ਸ਼ੂਦਰ ਸਮਝਦੇ ਹਨ ਫਿਰ ਇਨ੍ਹਾਂ ਹੰਕਾਰੀ, ਵਿਕਾਰੀ, ਭੇਖ, ਕਲਾ ਅਤੇ ਮਾਇਆਧਾਰੀ ਸਾਧਾਂ ਦੀ ਜੂਠ ਖਾਣਾ ਕਿੱਧਰ ਦੀ ਸਿਆਣਪ ਹੈ? ਕੀ ਇਨ੍ਹਾਂ ਬਾਮਣਵਾਦੀ ਮਕਾਰ ਤੇ ਆਲਸੀ ਸਾਧਾਂ ਦਾ ਜੂਠਾ ਖਾ ਕੇ, ਸਾਡੀ ਮੱਤਿ ਬੁੱਧਿ ਨਹੀਂ ਮਾਰੀ ਜਾਵੇਗੀ? ਬਲਕਿ ਬਹੁਤਿਆਂ ਦੀ ਪਹਿਲਾਂ ਹੀ ਮਾਰੀ ਜਾ ਚੁੱਕੀ ਹੈ ਜੋ ਅੰਨ੍ਹੇਵਾਹ ਡੇਰੇਦਾਰ ਸਾਧਾਂ ਦੇ ਖਰੌੜਿਆਂ ਤੇ ਮੱਥਾ ਟੇਕਦੇ ਅਤੇ ਉਨ੍ਹਾਂ ਦਾ ਜੂਠਾ ਕੀਤਾ ਸੀਤ-ਪ੍ਰਸ਼ਾਦ ਵੀ ਖਾਂਦੇ ਹਨ। ਸਾਡੀ ਮੱਤਿ ਮਾਰੀ ਜਾਣ ਕਰਕੇ ਹੀ ਆਏ ਦਿਨ ਹਜਾਰਾਂ ਲੱਖਾਂ ਭੇਖੀ ਸਾਧਾਂ ਦੇ ਨਿਤ ਨਵੇਂ ਡੇਰੇ ਖੁੱਲ੍ਹ ਰਹੇ ਹਨ। ਸਾਡੇ ਬਹੁਤੇ ਸੰਪ੍ਰਦਾਈ ਰਾਗੀ ਗ੍ਰੰਥੀ ਭਾਈ ਅਰਦਾਸਿ ਵਿੱਚ ਕਹਿੰਦੇ ਹਨ ਕਿ ਗੁਰੂ ਜੀ ਆਪ ਜੀ ਕੋ ਭੋਗ ਲੱਗੇ ਅਤੇ ਭੋਗ ਲੱਗਿਆ ਸੀਤ-ਪ੍ਰਸ਼ਾਦ ਸਾਧ ਸੰਗਤ ਦੀ ਰਸਨੀ ਲਾਈਕ ਹੋਵੇ। ਜਰਾ ਸੋਚੋ! ਭੋਗ ਤਾਂ ਮੂਰਤੀਆਂ ਨੂੰ ਲੱਗਦੇ ਹਨ ਨਾਂ ਕਿ ਸ਼ਬਦ ਗੁਰੂ ਕੋਈ ਭੋਗ ਲਾਉਂਦਾ ਹੈ। ਸਾਡੇ ਗੁਰੂ ਸਹਿਬਾਨ ਕਦੇ ਵੀ ਬਾਹਮਣਾਂ ਵਾਲੀ ਸੁੱਚ ਭਿੱਟ ਨਹੀਂ ਸੀ ਰੱਖਦੇ, ਪੈਰਾਂ ਦਾ ਧੋਣ ਗੰਦਾ ਪਾਣੀ ਨਹੀ ਸੀ ਪਿਆਉਂਦੇ ਅਤੇ ਨਾਂ ਹੀ ਜੂਠਾ (ਸੀਤ ਪ੍ਰਸ਼ਾਦ) ਸਿੱਖ ਸੰਗਤਾਂ ਖੁਵਾਉਂਦੇ ਸਨ। ਇਨ੍ਹਾਂ ਰਾਗੀਆਂ, ਗ੍ਰੰਥੀਆਂ, ਭੇਖੀ ਸਾਧਾਂ ਅਤੇ ਪ੍ਰਚਾਰਕਾਂ ਨੂੰ ਕੌਣ ਸਮਝਾਵੇਗਾ? ਜੋ ਮੱਤਹੀਣ ਹੋ ਕੇ ਬ੍ਰਾਹਮਣੀ ਸ਼ਬਦਾਵਲੀ ਬੋਲਦੇ ਅਤੇ ਥੋਥੇ ਕਰਮਕਾਂਡ ਕੀਤੀ ਕਰਾਈ ਜਾਂਦੇ ਹਨ। ਸੀਤ-ਪ੍ਰਸ਼ਾਦ ਵਰਗੀਆਂ ਹੋਰ ਵੀ ਅਨੇਕਾਂ ਥੋਥੀਆਂ ਮਰਯਾਦਾਵਾਂ ਡੇਰੇਦਾਰਾਂ ਨੇ ਚਲਾ ਰੱਖੀਆਂ ਹਨ ਜੋ ਸਿੱਖਾਂ ਨੂੰ ਮਾਨਸਿਕ ਰੋਗੀ ਬਣਾ ਕੇ, ਆਪਸੀ ਫੁੱਟ ਪੈਣ ਦਾ ਸ਼ਿਕਾਰ ਬਣੀਆਂ ਹੋਈਆਂ ਹਨ। ਸ੍ਰ. ਦਲਜੀਤ ਸਿੰਘ ਜੀ ਇੰਡਿਆਨਾ ਦਾ ਇਸ ਬਾਰੇ ਫੇਸ ਬੁੱਕ ਅਤੇ ਖਾਲਸਾ ਨਿਊਜ਼ ਤੇ ਫੋਟੋਆਂ ਸਮੇਤ ਬਿਆਨ ਕੀਤਾ ਸੰਖੇਪ ਵਿਚਾਰ ਕੌੜਾ ਸੱਚ ਹੈ ਝੂਠ ਨਹੀਂ ਪੜ੍ਹਨ ਯੋਗ ਹੈ। ਕੀ ਇਹ ਅਖੌਤੀ ਸਾਧ ਬਾਬੇ ਗੁਰੂ ਤੋਂ ਉੱਪਰ ਹਨ? ਜਿਨ੍ਹਾਂ ਦਾ ਭੋਗ ਲੱਗਿਆ ਭਾਵ ਖਾ ਕੇ ਜੂਠਾ ਕੀਤਾ ਭੋਜਨ-ਪ੍ਰਸ਼ਾਦ ਗੁਰੂ ਕੇ ਲੰਗਰ ਵਿੱਚ ਰਲਾ ਕੇ ਸੰਗਤਾਂ ਨੂੰ ਵਰਤਾਇਆ ਜਾਂਦਾ ਹੈ। ਸਿੱਖੋ ਜਰਾ ਇਧਰ ਵੀ ਧਿਆਨ ਦਿਉ ਕਿ ਨਰਕ-ਸਵਰਗ, ਪੁੰਨ-ਪਾਪ, ਦੇਵੀ-ਦੇਵਤਾ-ਦੈਂਤ, ਆਵਾਗਵਣ, ਮੁੰਡਨ, ਚੌਰਾਸੀ ਲੱਖ ਜੂਨ, ਸੁੱਚ-ਭਿੱਟ, ਛੂਆ-ਛਾਤ, ਜਾਤਿ-ਪਾਤਿ, ਬ੍ਰਹਮਾਂ-ਬਿਸ਼ਨ-ਮਹੇਸ਼ ਅਤੇ ਸੀਤ-ਪ੍ਰਸ਼ਾਦ ਆਦਿਕ ਬ੍ਰਾਹਮਣੀ ਵਿਚਾਰਧਾਰਾ ਦੇ ਸ਼ਬਦ ਹਨ ਜਿੰਨ੍ਹਾਂ ਦਾ ਹਵਾਲਾ ਦੇ ਕੇ ਗੁਰੂਆਂ ਭਗਤਾਂ ਨੇ ਸਿੱਖ ਸ਼ਰਧਾਲੂਆਂ ਨੂੰ ਸਮਝਾਇਆ ਹੈ ਨਾਂ ਕਿ ਇਨ੍ਹਾਂ ਨੂੰ ਮੰਨਣ ਦਾ ਉੱਪਦੇਸ਼ ਦਿੱਤਾ ਹੈ। ਸਿੱਖੋ! ਇਕੱਲੇ ਲਕੀਰ ਦੇ ਫਕੀਰ ਨਾਂ ਬਣੋਂ ਸਗੋਂ ਗੁਰਬਾਣੀ ਵਿਚਾਰ-ਧਾਰਾ ਨੂੰ ਪੜ੍ਹ ਸੁਣ ਵਿਚਾਰ ਕੇ ਆਪਣੇ ਜੀਵਨ ਵਿੱਚ ਧਾਰਨ ਕਰੋ। ਤੁਹਾਨੂੰ ਬਾਹਮਣੀ ਕਰਮਕਾਂਡ ਧਾਰਨ ਅਤੇ ਭੇਖੀ ਸਾਧਾਂ ਦੀ ਜੂਠ (ਸੀਤ-ਪ੍ਰਸ਼ਾਦ) ਖਾਣ ਦੀ ਕੋਈ ਲੋੜ ਨਹੀਂ ਜੋ ਬਹੁਤੇ ਡੇਰਿਆਂ ਵਿੱਚ ਸ਼ਰੇਆਮ ਖਵਾਈ ਜਾਂਦੀ ਹੈ।
.