.

☬ ਮਲਾਰ ਕੀ ਵਾਰ ਮਹਲਾ ੧ ☬

(ਪੰ: ੧੨੭੮-੯੧)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-੩੭)

(ਲੜੀ ਜੋੜਣ ਲਈ, ਸਟੀਕ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਪਉੜੀ ਨੰ: ੨੮ ਦਾ ਮੂਲ ਪਾਠ, ਸਲੋਕਾਂ ਸਮੇਤ)

ਸਲੋਕ ਮਃ ੧॥ ਧੰਨੁ ਸੁ ਕਾਗਦੁ ਕਲਮ ਧੰਨੁ ਧਨੁ ਭਾਂਡਾ ਧਨੁ ਮਸੁ॥ ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ॥ ੧ 

ਮਃ ੧॥ ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ॥ ੲੈਕੋ ਕਹੀਐ ਨਾਨਕਾ ਦੂਜਾ ਕਾਹੇ ਕੂ॥ ੨ 

ਪਉੜੀ॥ ਤੂੰ ਆਪੇ ਆਪਿ ਵਰਤਦਾ ਆਪਿ ਬਣਤ ਬਣਾਈ॥ ਤੁਧੁ ਬਿਨੁ ਦੂਜਾ ਕੋ ਨਹੀ ਤੂ ਰਹਿਆ ਸਮਾਈ॥ ਤੇਰੀ ਗਤਿ ਮਿਤਿ ਤੂਹੈ ਜਾਣਦਾ ਤੁਧੁ ਕੀਮਤਿ ਪਾਈ॥ ਤੂ ਅਲਖ ਅਗੋਚਰੁ ਅਗਮੁ ਹੈ ਗੁਰਮਤਿ ਦਿਖਾਈ॥ ਅੰਤਰਿ ਅਗਿਆਨੁ ਦੁਖੁ ਭਰਮੁ ਹੈ ਗੁਰ ਗਿਆਨਿ ਗਵਾਈ॥ ਜਿਸੁ ਕ੍ਰਿਪਾ ਕਰਹਿ ਤਿਸੁ ਮੇਲਿ ਲੈਹਿ ਸੋ ਨਾਮੁ ਧਿਆਈ॥ ਤੂ ਕਰਤਾ ਪੁਰਖੁ ਅਗੰਮੁ ਹੈ ਰਵਿਆ ਸਭ ਠਾਈ॥ ਜਿਤੁ ਤੂ ਲਾਇਹਿ ਸਚਿਆ ਤਿਤੁ ਕੋ ਲਗੈ ਨਾਨਕ ਗੁਣ ਗਾਈ॥ ੨੮ ॥ ੧ ॥ ਸੁਧੁ॥

(ਪਉੜੀ ੨੮, ਸਟੀਕ ਸਲੋਕਾਂ ਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕ ਮਃ ੧॥ ਧੰਨੁ ਸੁ ਕਾਗਦੁ, ਕਲਮ ਧੰਨੁ, ਧਨੁ ਭਾਂਡਾ, ਧਨੁ ਮਸੁ॥ ਧਨੁ ਲੇਖਾਰੀ ਨਾਨਕਾ, ਜਿਨਿ ਨਾਮੁ ਲਿਖਾਇਆ ਸਚੁ॥ ੧॥ (ਪੰ: ੧੨੯੧)

ਪਦ ਅਰਥ: —ਭਾਂਡਾ—ਦਵਾਤ। ਮਸੁ—ਸਿਆਹੀ। ਧਨੁ—ਧੰਨਤਾ ਦੇ ਯੋਗ, ਭਾਗਾਂ ਵਾਲਾ, ਮੁਬਾਰਿਕ। ਸੁ—ਉਹ। ਸਚੁ—ਸਦਾ ਕਾਇਮ ਰਹਿਣ ਵਾਲੀ ਅਕਾਲਪੁਰਖ ਦੀ ਸਿਫ਼ਤ ਸਲਾਹ।

ਅਰਥ: — “ਧੰਨੁ ਸੁ ਕਾਗਦੁ, ਕਲਮ ਧੰਨੁ, ਧਨੁ ਭਾਂਡਾ, ਧਨੁ ਮਸੁ” - ਧੰਨਤਾ ਦੇ ਯੋਗ ਹੈ ਉਹ ਕਾਗ਼ਜ, ਧੰਨਤਾ ਦੇ ਯੋਗ ਹੈ ਕਲਮ, ਧੰਨਤਾ ਦੇ ਯੋਗ ਹੈ ਉਹ ਦਵਾਤ ਤੇ ਮੁਬਾਰਿਕ ਹੈ ਉਹ ਸਿਆਹੀ।

ਧਨੁ ਲੇਖਾਰੀ ਨਾਨਕਾ, ਜਿਨਿ ਨਾਮੁ ਲਿਖਾਇਆ ਸਚੁ” - ਗੁਰੂ ਨਾਨਕ ਪਾਤਸ਼ਾਹ ਵਜਦ `ਚ ਆ ਕੇ ਇਥੋਂ ਤੱਕ ਫ਼ੁਰਮਾਉਂਦੇ ਹਨ, ਕਿ ਉਹ ਲਿਖਣ ਵਾਲਾ ਵੀ ਧੰਨਤਾ ਦੇ ਯੋਗ ਹੈ ਜਿਸਨੇ ਪ੍ਰਭੂ ਦਾ ਸਦਾ ਥਿਰ ਸੱਚਾ ਨਾਮ ਭਾਵ ਪ੍ਰਭੂ ਦੀ ਸਿਫ਼ਤਿ-ਸਾਲਾਹ ਨੂੰ ਲਿਖਵਾਇਆ ਹੈ। ੧।

ਗੁਰਮੱਤ ਵਿਚਾਰ ਦਰਸ਼ਨ-ਸਲੋਕ `ਚ ਗੁਰਦੇਵ ਸਪਸ਼ਟ ਕਰ ਰਹੇ ਹਨ, ਬੇਸ਼ੱਕ ਮੂਲ ਰੂਪ `ਚ ਪ੍ਰਭੂ ਰੂਪ, ਰੇਖ, ਰੰਗ ਤੋਂ ਨਿਆਰਾ ਹੈ। ਤਾਂ ਵੀ ਸਮੂਚੀ ਰਚਨਾ ਪ੍ਰਭੂ ਦੀ ਹੋਂਦ, ਉਸ ਦੀਆਂ ਦਾਤਾਂ ਤੇ ਗੁਣਾਂ ਦਾ ਹੀ ਪ੍ਰਗਟਾਵਾ ਹੈ। ਰਚਨਾ ਦੇ ਹਰੇਕ ਅੰਗ, ਜੜ੍ਹ ਹੋਵੇ ਭਾਵੇਂ ਚੇਤਨ, ਜਿਸਨੂੰ ਅਸੀਂ ਦੇਖ ਜਾਂ ਛੂ ਸਾਕਦੇ ਹਾਂ, ਦਰਅਸਲ ਉਸ ‘ਨਿਰਗੁਣ ਸਰੂਪ’ ਪ੍ਰਭੂ ਦਾ ਹੀ ਸਰਗੁਣ ਪ੍ਰਗਟਾਵਾ ਹੈ। ਇਸੇ ਨੂੰ ਪ੍ਰਭੂ ਦੀ ਮਾਇਆ ਵੀ ਕਿਹਾ ਹੈ ਤੇ ਛਾਇਆ ਵੀ। ਇਸੇ ਨੂੰ ਗੁਰਬਾਣੀ `ਚ ਬਹੁਤ ਵਾਰੀਂ ਸ਼ਿਵ-ਸ਼ਕਤੀ ਦਾ ਮੇਲ ਕਹਿ ਕੇ ਵੀ ਬਿਆਣਿਆ ਹੈ। ਇਸ ਤਰ੍ਹਾਂ ਪ੍ਰਭੂ ਤਾਂ ਰਚਨਾ ਦੇ ਜ਼ਰੇ ਜ਼ਰੇ `ਚ ਵਿਆਪਕ ਹੈ।

ਇਹੀ ਕਾਰਣ ਹੈ ਕਿ ਗੁਰਦੇਵ ਨੇ ਸਲੋਕ `ਚ ਜੜ੍ਹ ਰੂਪ ਪੱਟੀ, ਦਵਾਤ ਤੇ ਸਿਆਹੀ ਉਪ੍ਰੰਤ ਪ੍ਰਭੂ ਦੀਆਂ ਸਦਾ ਥਿਰ ਸਿਫ਼ਤਾਂ ਲਿਖਣ ਤੇ ਲਿਖਵਾਉਣ ਵਾਲੇ ਸਾਰਿਆਂ ਨੂੰ ਹੀ ਧੰਨਤਾ ਦੇ ਯੋਗ ਬਿਆਣਿਆ ਹੈ। ਇਸ ਤਰ੍ਹਾਂ ਜੇ ਗਹੁ ਨਾਲ ਦੇਖਿਆ ਜਾਵੇ ਤਾਂ ਰਚਨਾ ਦਾ ਹਰੇਕ ਨਿਰਜੀਵ ਤੇ ਜੀਵਧਾਰੀ ਉਸ ਪ੍ਰਭੂ ਦੀਆਂ ਦਾਤਾਂ, ਗੁਣਾਂ ਤੇ ਹੋਂਦ ਨੂੰ ਹੀ ਬਿਆਣ ਕਰ ਰਿਹਾ ਅਤੇ ਧੰਨਤਾ ਦੇ ਯੋਗ ਹੈ।

ਮਃ ੧॥ ਆਪੇ ਪਟੀ, ਕਲਮ ਆਪਿ, ਉਪਰਿ ਲੇਖੁ ਭਿ ਤੂੰ॥ ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ॥ ੨॥ (ਪੰ: ੧੨੯੧)

ਅਰਥ: — “ਆਪੇ ਪਟੀ, ਕਲਮ ਆਪਿ, ਉਪਰਿ ਲੇਖੁ ਭਿ ਤੂੰ” -ਹੇ ਪ੍ਰਭੂ! ਤੂੰ ਆਪ ਹੀ ਪੱਟੀ ਹੈਂ, ਕਲਮ ਵੀ ਤੂੰ ਆਪ ਹੈਂ ਤੇ ਉਸ ਪੱਟੀ `ਤੇ ਸਿਫ਼ਤਿ-ਸਾਲਾਹ ਦਾ ਲੇਖ, ਲਿਖਣ ਵਾਲਾ ਵੀ ਤੂੰ ਆਪ ਹੈਂ ਭਾਵ ਸਭ ਕੁੱਝ ਤੂੰ ਆਪ ਹੀ ਆਪ ਹੈਂ (ਕਿਉਂਕਿ ਜੜ੍ਹ-ਚੇਤਨ ਸਾਰਿਆਂ ਅੰਦਰ ਤੇਰਾ ਹੀ ਵਾਸ ਹੈ)।

“ਏਕੋ ਕਹੀਐ ਨਾਨਕਾ, ਦੂਜਾ ਕਾਹੇ ਕੂ” - (ਗੁਰੂ ਨਾਨਕ ਪਾਤਸ਼ਾਹ ਚਲਦੇ ਵਿਸ਼ੇ ਨੂੰ ਇਥੋਂ ਤੱਕ ਸਪਸ਼ਟ ਕਰਦੇ ਹਨ ਕਿ ਸਿਫ਼ਤਿ-ਸਾਲਾਹ ਆਦਿ ਕਰਨ ਤੇ ਕਰਵਾਉਣ ਵਾਲਾ ਵੀ ਮੂਲ ਰੂਪ `ਚ, ਪ੍ਰਭੂ ਆਪ ਹੀ ਹੈ) ਕਾਰਣ, ਜਦੋਂ ਸਾਰਾ ਪਸਾਰਾ ਹੀ ਪ੍ਰਭੂ ਦਾ ਹੈ ਤੇ ਰਚਨਾ ਦੇ ਜ਼ਰੇ ਜ਼ਰੇ `ਚ ਵਿਆਪਕ ਵੀ ਪ੍ਰਭੂ ਆਪ ਹੈ ਤਾਂ ਇਸ ਸਮੂਚੀ ਕਰਣੀ `ਚ, ਪ੍ਰਭੂ ਤੋਂ ਬਿਨਾ, ਕੋਈ ਦੂਜਾ ਕਿਵੇਂ ਹੋ ਸਕਦਾ ਹੈ? । ੨।

ਗੁਰਮੱਤ ਵਿਚਾਰ ਦਰਸ਼ਨ-ਉਪ੍ਰੰਤ ਦੂਜੇ ਸਲੋਕ `ਚ ਗੁਰਦੇਵ ਪਹਿਲੇ ਸਲੋਕ ਦੇ ਆਧਾਰ `ਤੇ ਵਿਸ਼ੇ ਨੂੰ ਹੋਰ ਅੱਗੇ ਟੋਰਦੇ ਹੋਏ ਸਪਸ਼ਟ ਕਰਦੇ ਹਨ। ਫ਼ੁਰਮਾਉਂਦੇ ਹਨ, ਜਦੋਂ ਇੱਕ ਵਾਰੀ ਸਪਸ਼ਟ ਹੋ ਜਾਵੇ ਕਿ ਸਮੂਚੀ ਰਚਨਾ ਵਿਚਲੇ ਨਿਰਜੀਵ ਭਾਵੇਂ ਜੀਵਧਾਰੀ ਸਾਰੇ ਇਕੋ ਨਿਰਗੁਣ ਪ੍ਰਭੂ ਦਾ ਹੀ ਸਰਗੁਣ ਵਿਸਤਾਰ ਹਨ ਤਾਂ ਉਸ ਇੱਕ ਅਕਾਲਪੁਰਖ ਦਾ ਦਰ ਛੱਡ ਕੇ, ਮਨੁੱਖ ਰਾਹੀਂ ਟਿਧਰ-ਓਧਰ ਭਟਕਣਾ ਕੇਵਲ ਆਪਣੇ ਆਪ ਨੂੰ ਧੋਖਾ ਦੇਣਾ ਤੇ ਖਵਾਰ ਹੋਣਾ ਹੀ ਹੈ। ਇਸ ਲਈ ਮਨੁੱਖਾ ਜਨਮ ਦਾ ਸੱਚ ਇਹੀ ਹੈ ਕਿ ਹਰੇਕ ਹਾਲਾਤ `ਚ ਇੱਕ ਮਨ-ਇਕ ਚਿੱਤ, ਕੇਵਲ ਤੇ ਕੇਵਲ ਉਸ ਪ੍ਰਭੂ ਨਾਲ ਜੁੜੇ ਰਹਿਣਾ।

ਪਉੜੀ॥ ਤੂੰ ਆਪੇ ਆਪਿ ਵਰਤਦਾ, ਆਪਿ ਬਣਤ ਬਣਾਈ॥ ਤੁਧੁ ਬਿਨੁ ਦੂਜਾ ਕੋ ਨਹੀ, ਤੂ ਰਹਿਆ ਸਮਾਈ॥ ਤੇਰੀ ਗਤਿ ਮਿਤਿ ਤੂਹੈ ਜਾਣਦਾ, ਤੁਧੁ ਕੀਮਤਿ ਪਾਈ॥ ਤੂ ਅਲਖ ਅਗੋਚਰੁ ਅਗਮੁ ਹੈ, ਗੁਰਮਤਿ ਦਿਖਾਈ॥ ਅੰਤਰਿ ਅਗਿਆਨੁ ਦੁਖੁ ਭਰਮੁ ਹੈ, ਗੁਰ ਗਿਆਨਿ ਗਵਾਈ॥ ਜਿਸੁ ਕ੍ਰਿਪਾ ਕਰਹਿ ਤਿਸੁ ਮੇਲਿ ਲੈਹਿ, ਸੋ ਨਾਮੁ ਧਿਆਈ॥ ਤੂ ਕਰਤਾ ਪੁਰਖੁ ਅਗੰਮੁ ਹੈ, ਰਵਿਆ ਸਭ ਠਾਈ॥ ਜਿਤੁ ਤੂ ਲਾਇਹਿ ਸਚਿਆ, ਤਿਤੁ ਕੋ ਲਗੈ, ਨਾਨਕ ਗੁਣ ਗਾਈ॥ ੨੮॥ ੧॥ ਸੁਧੁ॥ (ਪੰ: ੧੨੯੧)

ਪਦ ਅਰਥ: — ਗਤਿ—ਹਾਲਤ। ਮਿਤਿ—ਮਾਪ। ਗਤਿ ਮਿਤਿ—ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ। ਅਗੋਚਰੁ—ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਅਗਮੁ—ਜਿਸਦੀ ਗਹਿਰਾਈ ਨੂੰ ਨਾਪਿਆ ਨਾ ਜਾ ਸਕਦਾ ਹੋਵੇ। ਗੁਰਮਤਿ—ਗੁਰੂ ਦੀ ਮੱਤ, ਸ਼ਬਦ-ਗੁਰੂ ਦੀ ਕਮਾਈ। ਦਿਖਾਈ—ਦਿਦਾਰ ਹੋਣਾ, ਸੋਝੀ ਹੋਣਾ। ਗੁਰ ਗਿਆਨਿ—ਗੁਰੂ ਦੇ ਬਖ਼ਸ਼ੇ ਹੋਏ ਗਿਆਨ ਰਾਹੀਂ। ਰਵਿਆ—ਵਿਆਪਕ। ਜਿਤੁ—ਜਿਸ ਕੰਮ `ਚ। ਅਗਿਆਨੁ—ਆਤਮਕ ਜੀਵਨ ਵੱਲੋਂ ਬੇ-ਸਮਝੀ। ਭਰਮੁ—ਭਟਕਣਾ, ਖੁਆਰ ਹੋਣਾ। ਪੁਰਖ—ਵਿਆਪਕ, ਜਿਸਦੀ ਹੋਂਦ ਜ਼ਰੇ ਜ਼ਰੇ `ਚ ਹੋਵੇ। ਸਚਿਆ—ਹੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ। ਲਾਇਹਿ—ਤੂੰ ਲਗਾਂਦਾ ਹੈਂ। ਕੋ—ਕੋਈ ਜੀਵ। ਤਿਤੁ—ਉਸ ਕੰਮ `ਚ।

ਅਰਥ: — “ਤੂੰ ਆਪੇ ਆਪਿ ਵਰਤਦਾ, ਆਪਿ ਬਣਤ ਬਣਾਈ” -ਹੇ ਪ੍ਰਭੂ! ਜਗਤ ਦੀ ਬਣਤਰ ਵੀ, ਤੂੰ ਆਪ ਬਣਾਈ ਹੋਈ ਹੈ ਤੇ ਤੂੰ ਆਪ ਹੀ ਇਸ `ਚ ਹਰ ਥਾਂ `ਤੇ ਤੂੰ ਮੌਜੂਦ ਵੀ ਹੈਂ।

“ਤੁਧੁ ਬਿਨੁ ਦੂਜਾ ਕੋ ਨਹੀ, ਤੂ ਰਹਿਆ ਸਮਾਈ” -ਪ੍ਰਭੂ! ਤੇਰੇ ਵਰਗਾ ਤੇ ਤੇਰੇ ਤੋਂ ਬਿਨਾ ਹੋਰ ਕੋਈ ਨਹੀਂ ਅਤੇ ਤੂੰ ਹਰ ਥਾਂ `ਤੇ ਗੁਪਤ ਰੂਪ ਹੋ ਕੇ ਵਰਤ ਵੀ ਰਿਹਾ ਹੈਂ, ਸਮਾਇਆ ਹੋਇਆ ਹੈਂ।

“ਤੇਰੀ ਗਤਿ ਮਿਤਿ ਤੂਹੈ ਜਾਣਦਾ, ਤੁਧੁ ਕੀਮਤਿ ਪਾਈ” -ਤੂੰ ਕਿਹੋ ਜਿਹਾ ਹੈਂ ਤੇ ਕਿਡਾ ਵੱਡਾ ਹੈ, ਇਹ ਸਭ ਵੀ ਤੂੰ ਆਪ ਹੀ ਜਾਣਦਾ ਹੈਂ, ਅਤੇ ਆਪਣਾ ਮੁੱਲ ਵੀ ਤੂੰ ਆਪ ਹੀ ਪਾ ਸਕਦਾ ਹੈਂ।

“ਤੂ ਅਲਖ ਅਗੋਚਰੁ ਅਗਮੁ ਹੈ, ਗੁਰਮਤਿ ਦਿਖਾਈ” -ਹੇ ਪ੍ਰਭੂ! ਤੂੰ ਅਦ੍ਰਿਸ਼ਟ ਹੈਂ। ਤੈਨੂੰ ਇਨ੍ਹਾਂ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ। ਕਿਉਂਕਿ ਤੂੰ ਮਾਨੁਖੀ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ, ਅਪਹੁੰਚ ਹੈਂ। ਤੇਰਾ ਦੀਦਾਰ ਕੇਵਲ ਗੁਰਮਤਿ ਭਾਵ ਸ਼ਬਦ-ਗੁਰੂ ਦੀ ਕਮਾਈ ਨਾਲ ਹੀ ਹੋ ਸਕਦਾ ਹੈ (ਉਸ ਤੋਂ ਬਿਨਾ ਅਜਿਹਾ ਹੋਣਾ ਸੰਭਵ ਨਹੀਂ)।

“ਅੰਤਰਿ ਅਗਿਆਨੁ ਦੁਖੁ ਭਰਮੁ ਹੈ, ਗੁਰ ਗਿਆਨਿ ਗਵਾਈ” -ਮਨੁੱਖਾ ਜੀਵਨ `ਚ ਜੋ ਅਗਿਆਨਤਾ ਦੇ ਦੁੱਖ ਤੇ ਭਟਕਣਾ ਆਦਿ ਹਨ, ਇਹ ਸਭ ਗੁਰੂ ਦੇ ਗਿਆਨ ਰਾਹੀਂ ਹੀ ਦੂਰ ਹੁੰਦੇ ਹਨ।

“ਜਿਸੁ ਕ੍ਰਿਪਾ ਕਰਹਿ ਤਿਸੁ ਮੇਲਿ ਲੈਹਿ, ਸੋ ਨਾਮੁ ਧਿਆਈ” -ਹੇ ਪ੍ਰਭੂ! ਜਿਸ `ਤੇ ਤੂੰ ਮਿਹਰ ਕਰਦਾ ਹੈਂ, ਉਸ ਨੂੰ ਤੂੰ ਆਪਣੇ ਨਾਲ ਮਿਲਾ ਲੈਂਦਾ ਹੈਂ ਤੇ ਉਹ ਤੇਰਾ ਨਾਮ ਸਿਮਰਦਾ ਹੈ ਭਾਵ ਸੁਆਸ ਸੁਆਸ ਤੇਰੀ ਸਿਫ਼ਤ ਸਲਾਹ ਨਾਲ ਜੁੜਿਆ ਰਹਿੰਦਾ ਹੈ।

“ਤੂ ਕਰਤਾ ਪੁਰਖੁ ਅਗੰਮੁ ਹੈ, ਰਵਿਆ ਸਭ ਠਾਈ” -ਤੂੰ ਸਭ ਨੂੰ ਬਣਾਣ ਵਾਲਾ ਹੈਂ, ਸਭ `ਚ ਮੌਜੂਦ ਵੀ ਹੈਂ ਫਿਰ ਵੀ ਪਹੁੰਚ ਤੋਂ ਪਰੇ ਹੈਂ, ਉਂਝ ਤੂੰ ਸਭ ਥਾਈਂ ਵਿਆਪਕ ਤੇ ਭਰਪੂਰ ਵੀ ਹੈਂ।

“ਜਿਤੁ ਤੂ ਲਾਇਹਿ ਸਚਿਆ, ਤਿਤੁ ਕੋ ਲਗੈ, ਨਾਨਕ ਗੁਣ ਗਾਈ” -ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਹੇ ਸੱਚੇ ਪ੍ਰਭੂ! ਤੂੰ ਜੀਵ ਨੂੰ ਜਿਸ ਪਾਸੇ ਲਗਾਂਦਾ ਹੈਂ, ਜੀਵ ਓਧਰ ਹੀ ਲੱਗਦਾ ਹੈ। ਉਪ੍ਰੰਤ ਜਿਸ ਨੂੰ ਤੂੰ ਪ੍ਰੇਰਦਾ ਹੈਂ ਕੇਵਲ ਉਹੀ ਤੇਰੀ ਸਿਫ਼ਤ ਸਲਾਹ ਨਾਲ ਜੁੜਦਾ ਹੈ। ੨੮। ੧।

ਗੁਰਮੱਤ ਵਿਚਾਰ ਦਰਸ਼ਨ-ਸਮੂਚੀ ਪਉੜੀ `ਚ ਇਸੇ ਸੱਚ ਨੂੰ ਦ੍ਰਿੜ ਕਰਵਾਇਆ ਹੈ ਕਿ ਸਾਰੀ ਰਚਨਾ ਦਾ ਕਰਤਾ-ਧਰਤਾ ਕੇਵਲ ਇਕੋ ਇੱਕ ਅਕਾਲਪੁਰਖ ਹੀ ਹੈ। ਉਸ ਪ੍ਰਭੂ ਤੋਂ ਇਲਾਵਾ ਕੋਈ ਵੀ ਹੋਰ ਦੂਜਾ ਨਹੀਂ। ਜਦਕਿ ਇਹ ਵੀ ਸੱਚ ਹੈ ਕਿ ਪ੍ਰਭੂ ਨੂੰ ਇਨ੍ਹਾਂ ਗਿਆਨ ਤੇ ਕਰਮ ਇੰਦ੍ਰਿਆਂ ਨਾਲ ਨਹੀ ਪਾਇਆ ਜਾ ਸਕਦਾ, ਕਿਉਂਕਿ ਪ੍ਰਭੂ ਇਨ੍ਹਾਂ ਇਦ੍ਰਿਆਂ ਦੀ ਪਉਂਚ ਤੋਂ ਪਰੇ ਹੈ। ਪ੍ਰਭੂ ਕਿਤਨਾ ਵੱਡਾ ਤੇ ਕਿਤਨੇ ਗੁਣਾਂ ਦਾ ਮਾਲਿਕ ਹੈ ਇਸ ਦਾ ਵੀ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ।

ਉਪ੍ਰੰਤ ਪ੍ਰਭੂ ਨੂੰ ਕੇਵਲ ਤੇ ਕੇਵਲ ਸ਼ਬਦ ਗੁਰੂ ਦੀ ਕਮਾਈ ਨਾਲ ਹੀ ਪਾਇਆ ਜਾ ਸਕਦਾ ਹੈ। ਸ਼ਬਦ-ਗੁਰੂ ਦੀ ਕਮਾਈ ਤੋਂ ਬਿਨਾ ਮਨੁੱਖ ਅਗਿਆਨਤਾ ਦੇ ਘੁਪ ਹਨੇਰੇ `ਚੋਂ ਨਹੀਂ ਨਿਕਲ ਸਕਦਾ। ਇਸ ਅਗਿਆਨਤਾ ਕਾਰਣ ਹੀ ਮਨੁੱਖ ਦੇ ਜੀਵਨ `ਚ ਮਾਨਸਿਕ ਉਖਾੜ, ਚਿੰਤਾ ਤ੍ਰਿਸ਼ਨਾ, ਭਟਕਣਾ ਤੇ ਖੁਆਰੀਆਂ ਆਦਿ ਦੇ ਦੁਖ ਭਰੇ ਰਹਿੰਦੇ ਹਨ ਭਾਵ ਆਤਮਕ ਮੌਤੇ ਮਰੇ ਰਹਿੰਦੇ ਹਨ। ਪਰ ਜਿਹੜੇ ਸ਼ਬਦ-ਗ੍ਰੁਰੂ ਦੀ ਕਮਾਈਂ ਰਾਹੀਂ ਸਰਵ-ਵਿਆਪਕ ਕਰਤੇ ਦੀ ਸਿਫ਼ਤ ਸਲਾਹ ਨਾਲ ਜੁੜ ਜਾਂਦੇ ਹਨ। ਪ੍ਰਭੂ ਆਪ ਆਪਣੀ ਬਖ਼ਸ਼ਿਸ਼ ਕਰਕੇ ਉਨ੍ਹਾਂ ਨੂੰ ਆਪਣੇ ਨਾਲ ਜੋੜ ਲੈਂਦਾ ਹੈ ਅਤੇ ਆਪਣੇ ਦਰ `ਤੇ ਕਬੂਲ ਕਰ ਲੈਂਦਾ ਹੈ।

੨੮। ੧। ਸੁਧੁ। -ਪਉੜੀ ਉਪ੍ਰੰਤ ਇਨ੍ਹਾਂ ਅੰਕਾਂ `ਚ ਨੰ: ੨੮ ਦਾ ਅਰਥ ਹੈ ਕਿ ਇਸ ਵਾਰ ਦੀਆਂ ਕੁਲ ੨੮ ਪਉੜੀਆਂ ਹਨ। ਉਪ੍ਰੰਤ ਨੰ: ੧ ਦਾ ਅਰਥ ਹੈ, ਅਠਾਈ ਪਉੜੀਆਂ ਤੇ ਸਲੋਕਾਂ ਸਮੇਤ, ਇਹ ਸਮੂਚੀ ਵਾਰ ਇਕੋ ਲੜੀ `ਚ ਤੇ ਇਕੋ ਹੀ ਹੈ। ਬਲਕਿ ਸਾਰੀ ਵਾਰ ਦਾ ਧੁਰਾ ਤੇ ਕੇਂਦਰੀ ਮਜ਼ਮੂਨ ਵੀ ਇਕੋ ਹੀ ਹੈ। ਇਸੇਤਰ੍ਹਾਂ ਇਥੇ ਲਫ਼ਜ਼ ‘ਸੁਧੁ’ ਬਾਣੀ ਨਾਲ ਪੜ੍ਹਣ ਜਾਂ ਅਰਥਾਂ ਲਈ ਨਹੀਂ ਹੈ। ਇਸ ਲਫ਼ਜ਼ ਤੋਂ ਸੂਚਨਾ ਮਿਲਦੀ ਹੈ ਕਿ ਭਾਈ ਗੁਰਦਾਸ ਜੀ ਰਾਹੀਂ ਕੀਤੀ ਜਾ ਰਹੀ ਬਾਣੀ ਦੀ ਲਿਖਾਈ `ਚ ਇਥੋਂ ਤੀਕ ਗ਼ਲਤੀ ਨਹੀਂ ਸ਼ੁਧ ਹੈ ਤੇ ਇਸ ਨੂੰ ਚੈਕ ਕਰ ਲਿਆ ਗਿਆ ਹੈ।

ਸ਼ਬਦ ‘ਸੁਧੁ’ ਬਾਰੇ ਕੁੱਝ ਹੋਰ- ਕੁੱਝ ਵਾਰਾਂ ਦੀ ਸਮਾਪਤੀ ਉਪ੍ਰੰਤ ਅੰਕਾਂ ਤੋਂ ਬਾਹਿਰ ਲਫ਼ਜ਼ ‘ਸੁਧੁ’ ਆਇਆ ਹੈ ਜਿਵੇਂ ਹੱਥਲੀ ਵਾਰ `ਚ। ਇਸ ਤਰ੍ਹਾਂ ਉਥੇ ਇਹ ਲਫ਼ਜ਼ ਗੁਰਬਾਣੀ ਵਜੋਂ ਉਚਾਰਣ ਲਈ ਨਹੀਂ ਤੇ ਨਾ ਹੀ ਗੁਰਬਾਣੀ ਦੇ ਅਰਥਾਂ ਨਾਲ ਇਸ ਦਾ ਸੰਬੰਧ ਹੈ। ਉਂਝ ਮੂਲ ਰੂਪ `ਚ ਇਸ ਲਫ਼ਜ਼ ਦਾ ਉਚਾਰਣ ਵੀ ‘ਸ਼ੁਧ’ ਹੋਣਾ ਹੈ ਜਿਵੇਂ ਗੁਰਬਾਣੀ ਵਿਚਲੇ ਲਫ਼ਜ਼ ‘ਮੇਰੇ ਸਾਹਾ’ ਨਹੀਂ ਬਲਕਿ ‘ਮੇਰੇ ਸ਼ਾਹਾ’ ਆਦਿ। ਇਸੇ ਤਰ੍ਹਾਂ ਅਰਥਾਂ ਅਤੇ ਪ੍ਰਕਰਣਾਂ ਅਨੁਸਾਰ ਬੇਅੰਤ ਥਾਵੇਂ ਲਫ਼ਜ਼ ‘ਜ, ਫ, ਖ, ਲ, ਗ’ ਅੱਖਰ ਵੀ ‘ਜ਼, ਫ਼, ਖ਼, ਲ਼, ਗ਼ ਅਰਬੀ-ਫ਼ਾਰਸੀ ਭਾਸ਼ਾਵਾਂ ਤੋਂ ਆਏ ਬਹੁਤੇਰੇ ਸ਼ਬਦਾਂ ਦੇ ਦੋਹਰੇ ਉਚਾਰਣ ਨੂੰ ਉਜਾਗਰ ਕਰਦੇ ਹਨ। ਜਿਵੇਂ ਖ਼ਾਲਸਾ, ਫ਼ਖ਼ਰ, ਜ਼ਨ, ਜ਼ੋਰ, ਮਸ਼ਕਤਿ, ਲਫ਼ਜ਼ ਆਦਿ।

ਠੀਕ ਉਸੇ ਤਰ੍ਹਾਂ ਗੁਰਬਾਣੀ `ਚ ਲਫ਼ਜ਼ ਦੇ ਵੀ ਅਰਥ ਦੇ ਭੇਦ ਨੂੰ ਸਾਹਮਣੇ ਰਖ ਕੇ ਪ੍ਰਕਰਣ ਤੇ ਲੋੜ ਅਨੁਸਾਰ ਦੋ ਉਚਾਰਣ ਹਨ ‘ਸ’ ਤੇ ‘ਸ਼’ ਜਿਵੇਂ ‘ਸਿਮ੍ਰਿਤੀ’, ‘ਸ਼ਾਸਤ੍ਰ’ ਆਦਿ। ਉਂਝ ਗੁਰਬਾਣੀ ਰਚਨਾ `ਚ ਸੰਬੰਧਤ ਅੱਖਰਾਂ ਦੇ ਪੈਰਾਂ `ਚ ਇਹ ਬਿੰਦੀਆਂ ਲਗੀਆਂ ਹੋਈਆ ਨਹੀਂ ਹਨ। ਕਿਉਂਕਿ ਗੁਰਮੁਖੀ ਲਿਪੀ `ਚ ਅੱਖਰਾਂ ਦੇ ਲਿਖ਼ਣ ਢੰਗ `ਚ ਇਹ ਤਬਦੀਲੀ ਗੁਰਬਾਣੀ ਰਚਨਾ ਤੋਂ ਬਾਅਦ ਆਈ ਹੈ ਜਦਕਿ ਅਜਿਹੇ ਉਚਾਰਣ ਪਹਿਲਾਂ ਤੋਂ ਹੀ ਮੌਜੂਦ ਸਨ।

ਦੂਜਾ ਇਹ ਵੀ ਕਿ, ਲਫ਼ਜ਼ ‘ਸੁਧੁ’ ਕੇਵਲ ਇਥੇ ਹੀ ਨਹੀਂ ਬਲਕਿ ਕੁਲ ਬਾਈ ਵਾਰਾਂ `ਚੋਂ ਤੇਰਾਂ ਵਾਰਾਂ ਦੀ ਸਮਾਪਤੀ ਤੇ ਅੰਕ ਨੰ: ਤੋਂ ਬਾਅਦ ਤੇ ਬਾਹਰ, ਨੰਬਰਵਾਰ ਤੇਰਾਂ ਵਾਰੀ ਪੰ: ਨੰ: ੧੫੦, ੩੧੮, ੪੭੫, ੫੧੭, ੫੫੬, ੫੯੪, ੬੫੪, ੮੫੫, ੯੫੬, ੯੬੬, ੧੦੯੪, ੧੨੫੧, ੧੩੧੮ `ਤੇ ਵੀ ਆਇਆ ਹੈ ਬਲਕਿ ਇੱਕ ਵਾਰੀ ਤਾਂ ਪੰ: ਨੰ: ੩੨੩ `ਤੇ ਇਸ ਦਾ ਰੂਪ ‘ਸੁਧ ਕੀਚੇ’ ਵੀ ਹੈ।

ਵਿਦਵਾਨਾਂ ਅਨੁਸਾਰ ਪੰਚਮ ਪਿਤਾ ਨੇ ਰਾਮਸਰ ਸਰੋਵਰ ਦੇ ਕੰਡੇ ਜਦੋਂ ਭਾਈ ਗੁਰਦਾਸ ਜੀ ਪਾਸੋਂ ਆਦਿ ਬੀੜ ਲਿਖਵਾਈ ਤਾਂ ਗੁਰਦੇਵ ਨਾਲ ਨਾਲ ਪੱਕਾ ਕਰਦੇ ਗਏ ਕਿ ਇਥੋਂ ਤੱਕ ਗੁਰਬਾਣੀ ‘ਸ਼ੁਧ’ ਦਰਜ ਹੋ ਗਈ ਹੈ ਅਤੇ ਇਸ `ਚ ਹੁਣ ਕੋਈ ਵੀ ਅਸ਼ੁਧੀ, ਉਕਾਈ ਅਥਵਾ ਤਰੁੱਟੀ ਬਾਕੀ ਨਹੀਂ।

ਪਉੜੀ ਅਤੇ ਸਲੋਕਾਂ ਦੀ ਆਪਸੀ ਸਾਂਝ-ਜਿਵੇਂ ਪਉੜੀ `ਚ ਗੁਰਦੇਵ ਨੇ ਸਪਸ਼ਟ ਕੀਤਾ ਹੈ ਕਿ ਸਮੂਚੀ ਰਚਨਾ “ਅਲਖ ਅਗੋਚਰੁ ਅਗਮੁ” ਅਕਾਲ ਪੁਰਖ ਦੀ ਹੀ ਬਣਾਈ ਹੋਈ ਹੈ ਅਤੇ ਪ੍ਰਭੂ ਇਸ ਦੇ ਜ਼ਰੇ ਜ਼ਰੇ `ਚ ਵਿਆਪਕ ਹੈ। ਇਸੇਤਰ੍ਹਾਂ ਸਲੋਕਾਂ `ਚ ਪਟੀ, ਦਵਾਤ ਤੇ ਲਿਖਾਰੀ ਆਦਿ ਦੇ ਵਿਸ਼ੇ ਨੂੰ ਆਧਾਰ ਬਣਾ ਕੇ ਗੁਰਦੇਵ ਨੇ ਫ਼ੁਰਮਾਇਆ ਹੈ ਬੇਸ਼ਕ ਇਹ ਸਭ ਕੁੱਝ ਪ੍ਰਭੂ ਤੋਂ ਭਿੰਨ ਤੇ ਵੱਖਰਾ ਦਿਖਾਈ ਦੇ ਰਿਹਾ ਪਰ ਸੰਸਾਰ ਤਲ `ਤੇ ਹਰੇਕ ਜੜ੍ਹ ਅਤੇ ਚੇਤਨ, ਜੀਵਧਾਰੀ ਅਤੇ ਨਿਰਜੀਵ, ਸਾਰਿਆਂ `ਚ ਸਤਾ, ਤਾਕਤ ਅਤੇ ਹੋਂਦ ਉਸ ਪ੍ਰਭੂ ਦੀ ਹੀ ਹੈ। ਇਸ ਤਰ੍ਹਾਂ ਸਮੂਚੀ ਰਚਨਾ ਹੀ ਪ੍ਰਭੂ ਦੀ ਹੋਂਦ ਦਾ ਪ੍ਰਗਟਾਵਾ ਤੇ ਉਸੇ ਦਾ ਸਰਗੁਣ ਸਰੂਪ ਹੈ। ਇਸ ਲਈ ਪ੍ਰਭੂ ਦਾ ਦਰ ਛੱਡ ਕੇ ਕਿਸੇ ਮਨੁੱਖ ਰਾਹੀਂ ਇਧਰ ਓਧਰ ਭਟਕਣਾ, ਨਿਰੋਲ ਖੁਆਰ ਹੋਣਾ ਹੀ ਹੈ।

ਵਾਰ ਦਾ ਸਮੂਚਾ ਭਾਵ- ਧਿਆਨ ਰਹੇ! ਹਰੇਕ ਵਾਰ ਦੀ ਪਹਿਲੀ ਪਉੜੀ ਉਸ ਵਾਰ ਵਿਚਲੇ ਮਜ਼ਮੂਨ ਤੇ ਵਾਰ ਲਿਖਣ ਦੇ ਮਕਸਦ ਨੂੰ ਉਜਾਗਰ ਕਰ ਰਹੀ ਹੈ ਅਤੇ ਅੰਤਮ ਪਉੜੀ ਵਾਰ ਦਾ ਨਿਚੋੜ ਅਥਵਾ ਸਮੂਚਾ ਭਾਵ ਹੁੰਦਾ ਹੈ। ਜਿਵੇਂ ਕਿ ਹੱਥਲੀ ਵਾਰ ਦੀ ਪਹਿਲੀ ਪਉੜੀ `ਚ ਵੀ ਵਾਰ ਲਿਖਣ ਦਾ ਕੇਵਲ ਮੰਤਵ ਹੀ ਹੈ। ਇਸ ਵਾਰ ਦੀ ਪਹਿਲੀ ਪਉੜੀ “ਆਪੀਨੈੑ ਆਪੁ ਸਾਜਿ ਆਪੁ ਪਛਾਣਿਆ॥ ਅੰਬਰੁ ਧਰਤਿ ਵਿਛੋੜਿ ਚੰਦੋਆ ਤਾਣਿਆ॥ ਵਿਣੁ ਥੰਮਾੑ ਗਗਨੁ ਰਹਾਇ ਸਬਦੁ ਨੀਸਾਣਿਆ॥ ਸੂਰਜੁ ਚੰਦੁ ਉਪਾਇ ਜੋਤਿ ਸਮਾਣਿਆ॥ ਕੀਏ ਰਾਤਿ ਦਿਨੰਤੁ ਚੋਜ ਵਿਡਾਣਿਆ॥ ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ॥ ਤੁਧੁ ਸਰਿ ਅਵਰੁ ਨ ਕੋਇ ਕਿ ਆਖਿ ਵਖਾਣਿਆ॥ ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ” `ਚ ਵਾਰ ਦਾ ਮਕਸਦ ਮਨੁੱਖ ਨੂੰ ਕਰਤੇ ਪ੍ਰਭੂ ਦੀ ਸਰਬ ਉੱਤਮਤਾ ਤੇ ਦੂਜੇ, ਮਨੁੱਖ ਦੀ ਅਸਲੀਅਤ ਤੋਂ ਜਾਣੂ ਕਰਵਾਉਣਾ ਹੈ, ਇਸੇ ਲਈ ਵਾਰ; ਚ ਦੋਨਾਂ ਦੇ ਫ਼ਰਕ ਨੂੰ ਆਹਮਣੇ ਸਾਹਮਣੇ ਰਖਿਆ ਹੋਇਆ ਹੈ। ਪ੍ਰਭੂ ਸਦੀਵੀ ਹੈ ਤੇ ਜੀਵ ਆਵਾਗਉਣ ਦੇ ਗੇੜ `ਚ ਆਦਿ, ਆਦਿ।

ਉਪ੍ਰੰਤ ਅੰਤਮ ਪਉੜੀ `ਚ ਗੁਰਦੇਵ ਪੂਰੀ ਵਾਰ ਦਾ ਨਿਚੋੜ ਅਥਵਾ ਸਮੂਚਾ ਭਾਵ ਪ੍ਰਗਟ ਕਰਦੇ ਹਨ। ਸਪਸ਼ਟ ਕਰਦੇ ਹਨ ਕਿ ਕਰਣ ਕਾਰਣ ਇਕੋ ਇੱਕ ਅਕਾਲਪੁਰਖ ਹੀ ਹੈ ਪਰ ਮਨੁੱਖ ਤਲ `ਤੇ ਦੋ ਤਰ੍ਹਾਂ ਦੇ ਵਿਰੋਧੀ ਜੀਵਨ ਤਿਆਰ ਹੁੰਦੇ ਹਨ। ਇੱਕ ਉਹ ਲੋਕ ਜਿਹੜੇ “ਤੂ ਅਲਖ ਅਗੋਚਰੁ ਅਗਮੁ ਹੈ, ਗੁਰਮਤਿ ਦਿਖਾਈ” ਸ਼ਬਦ-ਗੁਰੂ ਦੀ ਸ਼ਰਨ `ਚ ਆ ਕੇ ਤੇਰੀ ਸਿਫ਼ਤ ਸਲਾਹ ਨਾਲ ਜੁੜ ਜਾਂਦੇ ਹਨ। ਉਹ ਤੇਰੀ ਬਖ਼ਸ਼ਿਸ਼ ਦੇ ਪਾਤ੍ਰ ਹੋ ਜਾਂਦੇ ਹਨ ਉਨ੍ਹਾਂ ਦਾ ਲੋਕ ਵੀ ਸਫ਼ਲ ਹੋ ਜਾਂਦਾ ਹੈ ਤੇ ਪ੍ਰਲੋਕ ਵੀ। ਭਾਵ ਜੀਂਦੇ ਜੀਅ ਵੀ ਵਿਕਾਰਾਂ, ਤ੍ਰਿਸ਼ਨਾ, ਚਿੰਤਾ, ਖੁਆਰਡੀਆਂ ਰਹਿਤ ਸੰਤੋਖੀ ਜੀਵਨ ਬਤੀਤ ਕਰਦੇ ਹਨ ਤੇ ਸਰੀਰਕ ਮੌਤ ਬਾਅਦ ਵੀ ਤੇਰੇ `ਚ ਅਭੇਦ ਹੋ ਜਾਂਦੇ ਹਨ, ਮੁੜ ਜੂਨਾਂ-ਗਰਭਾਂ `ਚ ਨਹੀਂ ਆਉਂਦੇ।

ਦੂਜੇ ਜਿਹੜੇ “ਅੰਤਰਿ ਅਗਿਆਨੁ ਦੁਖੁ ਭਰਮੁ ਹੈ, ਗੁਰ ਗਿਆਨਿ ਗਵਾਈ” ਸ਼ਬਦ ਗੁਰੂ ਦੀ ਸ਼ਰਣ `ਚ ਨਹੀਂ ਆਉਂਦੇ। ਉਹ ਜੀਂਦੇ ਜੀਅ ਵੀ ਅਗਿਆਨਤਾ ਦੇ ਹਨੇਰੇ `ਚ ਠੋਕਰਾਂ ਖਾਂਦੇ, ਵਿਕਾਰਾਂ ਦੀ ਮਾਰ ਤੇ ਭਟਕਣਾ ਭਰਿਆ ਜੀਵਨ ਬਤੀਤ ਕਰਦੇ ਹਨ। ਉਪ੍ਰੰਤ ਗੁਰਬਾਣੀ ਅਨੁਸਾਰ, ਸਰੀਰਕ ਮੌਤ ਤੋਂ ਬਾਅਦ ਵੀ ਮੁੜ ਜਨਮ-ਮਰਨ ਦੇ ਗੇੜ `ਚ ਹੀ ਪੈਦੇ ਹਨ। ਜਦਕਿ ਇਹ ਸਭ ਵੀ “ਅੰਤਰਿ ਅਗਿਆਨੁ ਦੁਖੁ ਭਰਮੁ ਹੈ, ਗੁਰ ਗਿਆਨਿ ਗਵਾਈ” ਕਾਰਣ ਪ੍ਰਭੂ ਦੇ ਸੱਚ ਨਿਆਂ `ਚ ਹੀ ਹੁੰਦਾ ਹੈ। (ਚਲਦਾ) #Instt. 37.28 Mlkiv.03.014#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Malaar Ki Vaar M:1 Steek & GVD” BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.