.

“ਜਪੁ ਬਾਣੀ ਅਰਥ ਭਾਵ ਉਚਾਰਣ ਸੇਧਾਂ ਸਹਿਤ ਕਿਸ਼ਤ-8”

“ਗੁਰਮੁਖਿ ਨਾਦੰ, ਗੁਰਮੁਖਿ ਵੇਦੰ, ਗੁਰਮੁਖਿ ਰਹਿਆ ਸਮਾਈ”

ਗੁਰਮੁਖਿ-{ਕਰਣ ਕਾਰਕ ਇਕਵਚਨ} ਗੁਰੂ ਦੁਆਰਾ{ ਨੋਟ ‘ਲਫ਼ਜ਼ ‘ਗੁਰਮੁਖਿ’ ਇਕਵਚਨ ਜਾਂ ਬਹੁਵਚਨ ਵਿਚ ਏਸੇ ਰੂਪ ਵਿਚ ਹੀ ਰਹਿੰਦਾ ਹੈ}

ਨਾਦੰ-{ ਨਾਂਵ} ਸ਼ਬਦ ਧੁਨਿ ਤੋਂ ਉਪਜਿਆ ਗਿਆਨ

ਵੇਦੰ-{ ਪੁਲਿੰਗ} ਵਿਆਪਕ ਬ੍ਰਹਮ ਬਾਰੇ ਗਿਆਨ

ਰਹਿਆ-{ਕਿਰਿਆ ਇਕਵਚਨੀ} ਪ੍ਰਤੀਤ ਹੁੰਦਾ ਹੈ

ਅਰਥ :

ਗੁਰੂ ਦੁਆਰਾ ਹੀ ਸ਼ਬਦ ਧੁਨਿ ਤੋਂ ਉਪਜਿਆ ਗਿਆਨ ਅਤੇ ਗੁਰੂ ਦੁਆਰਾ ਹੀ ਵਿਆਪਕ ਬ੍ਰਹਮ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ, ਗੁਰੂ ਦੁਆਰਾ ਹੀ ਬ੍ਰਹਮ ਸਾਰੇ ਬ੍ਰਹਮੰਡ ਵਿਚ ਵਿਆਪਕ ਹੋਇਆ ਪ੍ਰਤੀਤ ਹੁੰਦਾ ਹੈ

“ਗੁਰੁ ਈਸਰੁ, ਗੁਰੁ ਗੋਰਖੁ ਬਰਮਾ, ਗੁਰੁ ਪਾਰਬਤੀ ਮਾਈ” ਉਚਾਰਣ ਸੇਧ :

ਵਿਸ਼ਰਾਮ ਦਾ ਪੂਰਾ ਖਿਆਲ ਰੱਖੋ

‘ਗੁਰੁ’ ਪਦ ਅਗਲੇਰੇ ਪਦ ਦਾ ਵਿਸ਼ੇਸ਼ਣ ਨਹੀਂ , ਪੁਲਿੰਗ ਨਾਂਵ ਹੈ

ਈਸਰ ਦਾ ਉਚਾਰਣ ‘ਈਸ਼ਰ’ ਕਰਨਾ ਹੈ

ਬਰਮਾ ਦਾ ਉਚਾਰਣ ‘ਰ’ ਭਾਰ ਸਹਿਤ

ਗੁਰ ਈਸਰੁ-{ ਇਕ ਵਚਨ ਪੁਲਿੰਗ ਨਾਂਵ} ਗੁਰੂ ਹੀ ਸ਼ਿਵ ਜੀ ਹੈ#

ਗੋਰਖੁ-{ਸੰਸਕ੍ਰਿਤ} ਵਿਸ਼ਨੂੰ

ਪਾਰਬਤੀ- ਸ਼ਿਵਜੀ ਦੀ ਵਹੁਟੀ

ਮਾਈ- {ਦੇਖੋ ਸੰਸਕ੍ਰਿਤ ਕੋਸ਼} ਵਿਸ਼ਨੂੰ ਦੀ ਵਹੁਟੀ, ਲੱਛਮੀ

ਅਰਥ :

ਮੇਰੇ ਲਈ ਗੁਰੂ ਹੀ ਸ਼ਿਵ ਹੈ ਗੁਰੂ ਹੀ ਵਿਸ਼ਨੂੰ ਅਤੇ ਬ੍ਰਹਮਾ ਹੈ, ਗੁਰੂ ਹੀ ਪਾਰਬਤੀ ਹੈ ਅਤੇ ਗੁਰੂ ਹੀ ਲੱਛਮੀ ਹੈ ਭਾਵ ਗੁਰੂ ਹੀ ਜੀਵਨ ਧੁਰਾ ਹੈ, ਜਿਸ ਸਦਕਾ ਕਿਸੇ ਦੇਵੀ ਦੇਵਤੇ ਦੀ ਮੁਥਾਜੀ ਨਹੀਂ ਰਹਿੰਦੀ|

“ ਦੇਵੀ ਦੇਵ ਨ ਸੇਵਕਾਂ ਤੰਤ ਨ ਮੰਤ ਨ ਫੁਰਨਿ ਵਿਚਾਰੇ

ਵੇਦ ਕਤੇਬ ਨ ਅਸਟ ਧਾਤੁ ਪੂਰੇ ਸਤਿਗੁਰ ਸਬਦਿ ਸਵਾਰੇ

ਗੁਰਮੁਖਿ ਪੰਥ ਸੁਹਾਵੜਾ ਧੰਨ ਗੁਰੂ ਧੰਨੁ ਗੁਰੂ ਪਿਆਰੇ (ਭਾਈ ਗੁਰਦਾਸ ਜੀ)

ਉਪਰੋਕਤ ਪੰਗਤੀ ਦਾ ਵਿਸਰਾਮ ਸੰਪ੍ਰਦਾਈ ਵੀਰ ‘ਬਰਮਾ ਗੁਰ’ ਤੇ ਦਿੰਦੇ ਹਨ; ਕਹਿਣ ਤੇ ਉਹਨਾ ਵੱਲੋਂ ਇਹ ਦਲੀਲ ਦਿੱਤੀ ਕਿ ਜੇ ‘ਗੁਰੁ’ ਪਦ ‘ਪਾਰਬਤੀ’ ਨਾਲ ਲਾ ਦਿੱਤਾ ਤਾਂ ‘ਗੁਰੁ’ ਪਦ ਪਾਰਬਤੀ ਦਾ ਵਿਸ਼ੇਸ਼ਣ ਬਣ ਜਾਏਗਾ, ਲਗ ਮਾਤ੍ਰੀ ਨਿਯਮਾਂਵਲੀ ਤੋਂ ਅਣਜਾਣ ਹਨ ਕਿਉਂਕਿ ਜੇ ‘ਗੁਰੁ’ ਪਦ ਵਿਸ਼ੇਸ਼ਣ ਹੁੰਦਾ ‘ਪਾਰਬਤੀ’ ਦਾ ਤਾਂ ‘ਗੁਰ’ ਦੇ ‘ਰ’ ਨੂੰ ਔਂਕੜ ਨਾ ਹੁੰਦਾ ਇਸ ਕਰਕੇ ਇਥੇ ਇਹ ਪਦ ਵਿਸ਼ੇਸ਼ਣ ਤੌਰ ਤੇ ਨਹੀਂ ਹੈ, ਬਰਮਾ ਗੁਰੁ’ ਉਪਰ ਵਿਸਰਾਮ ਦੇਣਾ ਅਸ਼ੁਧ ਹੈ ਅਰਥ ਅਨਰਥ ਹੋ ਜਾਂਦੇ ਹਨ ਉਪਰੋਕਤ ਵੀਰ ਅਰਥ ਤਾਂ ਇਹੋ ਹੀ ਕਰਦੇ ਹਨ ਪਰ ਉਚਾਰਣ ਸਮੇਂ ਵਿਸਰਾਮ ਦਰੁਸਤ ਨਹੀਂ ਦਿੰਦੇ! ਗੁਰਬਾਣੀ ਸਾਰੀ ਕਾਵਿ ਰੂਪ ਹੈ, ਕਾਵਿ ਦਾ ਵਿਆਕਰਣ ਪਿੰਗਲ ਹੈ, ਪਿੰਗਲ ਅਨੁਸਾਰ ਭੀ ਵਿਸਰਾਮ ‘ਬਰਮਾ’ ਤੇ ਹੀ ਲਗਦਾ ਹੈ -:

ਦਵਯਾ ਛੰਦ : ਗੁਰੁ-$-2 , ਈਸਰੁ-$+$-4, ਗੁਰੁ-$-2, ਗੋਰਖੁ-$+$-4, ਬਰਮਾ-$+$-4=16 ਪਹਿਲਾ ਵਿਸਰਾਮ ਸੋਲ੍ਹਾਂ ਮਾਤਰਾਂ ਤੇ ਦੂਜਾ ‘ਬਾਰ੍ਹਾਂ’ ਤੇ ਹੈ ,

ਗੁਰੁ-$-2, ਪਾਰਬਤੀ-$-$-$-6, ਮਾਈ-$-$=12- 16/12-{ਦਵਯਾ ਛੰਦ} ਫੁਟਕਲ :

ਕੁਝ ਵਿਦਵਾਨਾ ਨੇ ‘ਮਾਈ’ ਪਦ ਨੂੰ ‘ਪਾਰਬਤੀ’ ਦਾ ਸਯੁੰਕਤ ਸ਼ਬਦ ਵਿਸ਼ੇਸ਼ਣ ਰੂਪ ਮੰਣਦੇ ਹਨ ਪਰ ‘ਮਾਈ’ ਪਦ ਅਲੱਗ ਹੈ ‘ਪਾਰਬਤੀ’ ਅਲੱਗ, ਗੁਰਬਾਣੀ ਵਿਚ ‘ਮਾਈ’ ਪਦ ਮਾਇਆ ਲਈ ਭੀ ਵਰਤਿਆ ਹੈ

“ਜੇ ਹਉ ਜਾਣਾ ਆਖਾ ਨਾਹੀ, ਕਹਣਾ ਕਥਨੁ ਨ ਜਾਈ” ਉਚਾਰਣ ਸੇਧ :

ਬਿੰਦੀ ਸਹਿਤ: ਜਾਣਾਂ, ਆਖਾਂ

ਕਹਣਾ ਦਾ ਉਚਾਰਣ ‘ਕਹਿਣਾ’ ਵਾਂਗ ਠੀਕ ਨਹੀਂ ‘ਹ’ ਖੜੀ ਤੜੀ ਬੋਲੀ ਵਿਚ ਬੋਲੋ

ਜੇ- {ਯੋਜਕ} ਜੇਕਰ

ਹਉ-{ਪੁਰਖਵਾਚੀ ਪੜਨਾਉਂ ਉਤਮਪੁਰਖ} ਮੈਂ

ਜਾਣਾ- ਜਾਣ ਲਵਾਂ

ਕਹਣਾ ਕਥਨੁ- ਉਸ ਦਾ ਕਥਨ ਪੂਰੀ ਤਰਾਂ ਬਿਆਨ ਨਹੀਂ ਕੀਤਾ ਜਾ ਸਕਦਾ ਅਰਥ :

ਜੇਕਰ ਮੈਂ ਵਿਆਪਕ ਪ੍ਰਭੂ ਨੂੰ ਅੰਤਰ ਆਤਮੇ ਜਾਣ ਵੀ ਲਵਾਂ ਤਾਂ ਭੀ ਮੈਂ ਉਸ ਨੂੰ ਪੂਰੀ ਤਰਾਂ ਬਿਆਨ ਨਹੀਂ ਕਰ ਸਕਦਾ ਕਿਉਂਕਿ ਉਸ ਦਾ ਕਥਨ ਪੂਰੀ ਤਰਾਂ ਵਰਣਨ ਹੀ ਨਹੀਂ ਕੀਤਾ ਜਾ ਸਕਦਾ

“ਗੁਰਾ ! ਇਕ ਦੇਹਿ ਬੁਝਾਈ” ਉਚਾਰਣ ਸੇਧ :

ਗੁਰਾ’ ਪਦ ਸੰਬੋਧਨ ਰੂਪ ਵਿਚ ਹੀ ਉਚਾਰਣਾ ਹੈ ਅਤੇ ਬਿੰਦੀ ਦਾ ਪ੍ਰਯੋਗ ਨਹੀਂ ਕਰਣਾ|

ਲਫਜ਼ ‘ਇਕ’ ਇਸਤਰੀ ਲਿੰਗ ਨਾਂਵ ਹੈ ਅਤੇ ‘ਬੁਝਾਈ’ ਦਾ ਵਿਸ਼ੇਸ਼ਣ ਹੋਣ ਕਰਕੇ ਔਂਕੜ ਨਹੀਂ ਆਈ|

ਗੁਰਾ- ਹੇ ਸਤਿਗੁਰੂ

ਦੇਹਿ-{ਕਿਰਿਆ ਹੁਕਮੀ ਭਵਿਖਤ} ਸੋਝੀ ਬੁਝਾਅ ਦਿਓ

ਅਰਥ:

ਹੇ ਸਤਿਗੁਰੂ ਜੀਓ! ਮੈਨੂੰ ਇਕ ਬੂਝ,ਸੋਝੀ ਬੁਝਾਅ ਦਿਓ; {ਕਿਹੜੀ ਸੂਝ ਅਗਲੀਆਂ ਤੁਕਾਂ ਵਿਚ ਜ਼ਿਕਰ ਹੈ}ਸਭਨਾ ਜੀਆ ਕਾ ਇਕੁ ਦਾਤਾ, ਸੋ ਮੈ ਵਿਸਰਿ ਨ ਜਾਈ”॥੫॥ਉਚਾਰਣ ਸੇਧ :

ਬਿੰਦੀ ਸਹਿਤ: ਸਭਨਾਂ, ਜੀਆਂ

{ ਲਫਜ਼ ‘ਇਕੁ’ ਪੁਲਿੰਗ ਇਕਵਚਨ ਨਾਂਵ ਹੈ ਅਤੇ ਲਫਜ਼ ‘ਦਾਤਾ’ ਦਾ ਵਿਸ਼ੇਸ਼ਣ ਹੈ ਇਸ ਕਰਕੇ ‘ਇਕੁ’ ਨੂੰ ਔਂਕੜ ਆਇਆ ਹੈ}

ਅਰਥ :

ਸਾਰੇ ਜੀਵ-ਜੰਤੂਆਂ ਦਾ ਜੋ ਇਕੋ ਇਕ ਦਾਤਾ ਵਿਆਪਕ ਬ੍ਰਹਮ ਹੈ, ਉਹ ਮੈਨੂੰ ਕਦੇ ਵੀ ਭੁਲ ਨਾ ਜਾਏ|

ਫੁਟਕਲ : ਭਾਈ ਰਣਧੀਰ ਸਿੰਘ ਜੀ ਨੇ ‘ਗੁਰਾ’ ਪਦ ਨੂੰ ‘ਗੁਰਾਂ’ ਉਚਾਰਣ ਦੀ ਸੇਧ ਦਿਤੀ ਹੈ, ਪਰ ਗੁਰਬਾਣੀ ਵਿਆਕਰਣ ਅਨੁਸਾਰ ਇਹ ਪਦ ਸੰਬੋਧਨ ਵਾਚੀ ਹੈ ਇਸ ਤੇ ਬਿੰਦੀ ਦਾ ਪ੍ਰਯੋਗ ਕਰਣਾ ਨਿਰਾਰਥਕ ਹੈ ਗੁਰਬਾਣੀ ਵਿਚ ‘ਗੁਰਾ’ ਪਦ ਕੇਵਲ ਤਿੰਨ ਵਾਰ ਹੀ ਆਇਆ ਹੈ, ਤਿੰਨੇ ਵਾਰ ਹੀ ਸੰਬੋਧਨ ਵਾਚੀ ਰੂਪ ਵਿਚ ਆਇਆ ਹੈ -:

“ਤਵ ਗੁਨ ਕਹਾ ਜਗਤ ਗੁਰਾ ! ਜਉ ਕਰਮੁ ਨ ਨਾਸੈ” (858)

ਭਾਈ ਸਾਹਿਬ ਨੇ ‘ਦੇਹਿ’ ਦੇ ਅਰਥ ਭੀ ਲਗ ਮਾਤ੍ਰੀ ਨਿਯਮਾਂਵਲੀ ਤੋਂ ਵਿਪਰੀਤ ਹੀ ਕੀਤੇ ਜਾਪਦੇ ਹਨ, ਗੁਰਬਾਣੀ ਵਿਚ ‘ਦੇਹਿ’ ਪਦ ਜਦੋਂ ‘ਹ’ ਨੂੰ ਸਿਹਾਰੀ ਸਹਿਤ ਆਉਂਦਾ ਹੈ ਤਾਂ ‘ਕਿਰਿਆ ਰੂਪ’ ਵਿਚ ਹੀ ਹੁੰਦਾ ਹੈ|

ਭੁੱਲ-ਚੁਕ ਮੁਆਫ

ਹਰਜਿੰਦਰ ਸਿੰਘ ‘ਘੜਸਾਣਾ’

Khalsasingh.hs@gmail.com
.