.

ਸਿੰਮਲ ਰੁਖੁ ਸਰਾਇਰਾ……

ਬਾਣੀਕਾਰ ਮਨੁੱਖਤਾ ਦੇ ਸੱਚੇ ਦਰਦੀ ਸਨ। ਉਹ ਆਪਣੇ ਮਾਨਵਵਾਦੀ ਫ਼ਲਸਫ਼ੇ ਨੂੰ ਹਰ ਆਮ ਖ਼ਾਸ ਮਾਨਵ ਤੀਕ ਪਹੁੰਚਾਉਣਾ ਚਾਹੁੰਦੇ ਸਨ। ਉਨ੍ਹਾਂ ਦੇ ਜੀਵਨ ਦਾ ਮੁੱਖ ਮਕਸਦ ਇਹ ਹੀ ਸੀ ਕਿ ਅਗਿਆਨਤਾ ਦੇ ਅਨ੍ਹੇਰੇ ਵਿੱਚ ਭਟਕਦੇ ਅਤੇ ਅੰਧਵਿਸ਼ਵਾਸ ਦੀਆਂ ਔਝੜਾਂ `ਤੇ ਠੇਡੇ ਖਾ ਰਹੇ ਆਮ ਲੋਕਾਂ ਨੂੰ ਭੁਗਤਿ ਗਿਆਨੁ ਅਰਥਾਤ ਗਿਆਨ ਦੇ ਪ੍ਰਸਾਦ ਨਾਲ ਸੁਚੇਤ ਕਰਕੇ ਰਾਹਿ ਰਾਸਤ `ਤੇ ਪਾਇਆ ਜਾਵੇ। ਇਸ ਲਕਸ਼ ਦੀ ਪ੍ਰਾਪਤੀ ਵਾਸਤੇ ਜਿੱਥੇ ਉਨ੍ਹਾਂ ਨੇ ਦੇਸ ਵਿਦੇਸ ਜਾ ਜਾ ਕੇ ਗਿਆਨ-ਚਰਚਾਵਾਂ ਕੀਤੀਆਂ ਉੱਥੇ ਉਨ੍ਹਾਂ ਨੇ ਸਮੇਂ ਦੀਆਂ ਸਥਾਨਕ ਲੋਕ-ਬੋਲੀਆਂ ਵਿੱਚ ਰੱਬੀ ਬਾਣੀ ਉਚਾਰੀ ਤੇ ਰਚੀ ਤਾਂ ਜੋ ਉਨ੍ਹਾਂ ਦੇ ਪਰਮਾਰਥੀ ਤੇ ਮਾਨਵਵਾਦੀ ਸੁਨੇਹੇ ਦੀ ਮਨ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰਨ ਵਾਲੀ ਮਧੁਰ ਦੈਵੀ ਆਵਾਜ਼ ਮਾਨਵਤਾ ਦੇ ਭਲੇ ਲਈ ਹਮੇਸ਼ਾ ਵਾਸਤੇ ਗੂੰਜਦੀ ਰਹੇ। ਆਪਣੇ ਸੁਨੇਹੇ ਨੂੰ ਰੌਚਕ ਤੇ ਰਸੀਲਾ ਬਣਾ ਕੇ ਜਨਸਾਧਾਰਨ ਦੀ ਸਮਝ ਗੋਚਰਾ ਬਣਾਉਣ ਵਾਸਤੇ ਉਨ੍ਹਾਂ ਨੇ ਪਵਿਤ੍ਰ ਬਾਣੀ ਦੀ ਬੋਲੀ ਨੂੰ ਸੁੰਦਰ ਅਲੰਕਾਰਾਂ ਨਾਲ ਸ਼ਿੰਗਾਰਿਆ।

ਗੁਰੂ ਨਾਨਕ ਦੇਵ ਜੀ ਹਰ ਪੱਖੋਂ ਪ੍ਰਤਿਭਾਸ਼ੀਲ ਸ਼ਖ਼ਸੀਯਤ ਸਨ। ਅਤਿਅੰਤ ਸੁਚੱਜੇ ਤੇ ਢੁਕਵੇਂ ਰੂਪਕ (metaphors) ਵਰਤਨ ਵਿੱਚ ਉਨ੍ਹਾਂ ਦਾ ਕੋਈ ਸਾਨੀ ਨਹੀਂ! ਉਨ੍ਹਾਂ ਦੁਆਰਾ ਵਰਤੇ ਗਏ ਗੂੜ੍ਹ ਪਰ ਸਰਲ ਤੇ ਸਪਸ਼ਟ ਰੂਪਕਾਂ ਨੂੰ ਜੇ ਕੋਈ ਸੁਹਿਰਦ ਪਾਠਕ ਗਹੁ ਨਾਲ ਵਿਚਾਰੇ ਤਾਂ ਗੁਰੁ-ਗਿਆਨ ਦੀ ਰੌਸ਼ਨੀ ਉਸ ਦੇ ਅੰਤਰਆਤਮੇ ਘਰ ਕਰ ਜਾਵੇਗੀ ਅਤੇ ਉਹ ਅਗਿਆਨਤਾ ਦੇ ਬਿਖੜੇ ਪੈਂਡੇ ਤਿਆਗ ਕੇ ਗੁਰੂਆਂ ਦੁਆਰਾ ਦਰਸਾਏ ਰੂਹਾਨੀ ਰਾਹ ਦਾ ਪਾਂਧੀ ਬਣ ਕੇ ਆਪਣਾ ਮਾਨਵ ਜੀਵਨ ਸੁਧਾਰਨ ਵਿੱਚ ਸਫ਼ਲ ਰਹੇ ਗਾ!

ਇਸ ਲੇਖ ਵਿੱਚ ਅਸੀਂ ਗੁਰੂ ਨਾਨਕ ਦੇਵ ਜੀ ਦੁਆਰਾ ਰਚੇ ਕੁੱਝ ਇੱਕ ਸ਼ਬਦਾਂ ਵਿੱਚ ਵਰਤੇ ਗਏ “ਸਿੰਮਲ ਰੁਖੁ” ਦੇ ਰੂਪਕ ਉੱਤੇ ਆਧਾਰਿਤ ਇੱਕ ਸ਼ਬਦ ਦੀ ਵਿਚਾਰ ਕਰਨੀ ਹੈ। ਸਿੰਬਲ ਦਾ ਦਰਖ਼ਤ ਵੇਖਣ ਨੂੰ ਬੜਾ ਸੁਹਣਾ, ਸੁਹਾਵਾ ਤੇ ਦਰਸ਼ਨੀ ਹੁੰਦਾ ਹੈ। ਫਲਾਂ ਫੁੱਲਾਂ ਦਾ ਅਹਾਰ ਕਰਨ ਵਾਲੇ ਤੋਤੇ ਆਦਿ ਪੰਛੀ ਇਸ ਦੀ ਪ੍ਰਲੋਭਤ ਕਰਨ ਵਾਲੀ ਦਿੱਖ ਤੋਂ ਪ੍ਰਭਾਵਿਤ ਹੋ ਕੇ ਇਸ ਵੱਲ ਖਿਚੇ ਚਲੇ ਜਾਂਦੇ ਹਨ। ਪਰੰਤੂ ਇਹ ਰੁੱਖ ਉਨ੍ਹਾਂ ਵਾਸਤੇ ਕਿਸੇ ਵੀ ਕੰਮ ਦਾ ਸਾਬਤ ਨਹੀਂ ਹੁੰਦਾ, ਕਿਉਂਕਿ ਇਸ ਦੇ ਫਲ ਤੇ ਫੁੱਲ ਰਸਹੀਨ ਤੇ ਬੇਸੁਆਦ ਹੋਣ ਕਾਰਣ ਪੰਛੀਆਂ ਦੇ ਅਹਾਰ ਦੇ ਯੋਗ ਹੀ ਨਹੀਂ ਹੁੰਦੇ ਅਤੇ ਨਾ ਹੀ ਇਸ ਦੇ ਪੱਤਿਆਂ ਨਾਲ ਆਲਨਾ ਉਸਾਰਿਆ ਜਾ ਸਕਦਾ ਹੈ।

ਗੁਰੂ ਨਾਨਕ ਦੇਵ ਜੀ ਨੇ ਇਹ ਰੂਪਕ ਸ਼ੁਭ ਗੁਣਾਂ ਤੋਂ ਸੱਖਣੇ ਉਨ੍ਹਾਂ ਛੂਛੇ ਭੇਖੀਆਂ ਵਾਸਤੇ ਵਰਤਿਆ ਹੈ ਜੋ ਮੁਰਦਾਰ ਖਾ ਖਾ ਕੇ ਪਾਲੇ ਹੋਏ ਆਪਣੇ ਰਿਸ਼ਟ ਪੁਸ਼ਟ ਸਰੀਰਾਂ ਨੂੰ ਭੇਖਾਂ ਤੇ ਚਿੰਨ੍ਹਾਂ ਨਾਲ ਸ਼ਿੰਗਾਰ ਕੇ ਸਿੱਧੜ ਸ਼੍ਰੱਧਾਲੂਆਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਲੈਂਦੇ ਹਨ ਤੇ ਫੇਰ ਉਨ੍ਹਾਂ ਨੂੰ ਰੱਬ ਤੇ ਗੁਰੂ ਦੇ ਨਾਮ `ਤੇ ਮੁੱਛ ਮੁੱਛ ਕੇ ਖਾਂਦੇ ਹਨ। ਗੁਰੂ ਜੀ ਦਾ ਫ਼ਰਮਾਨ ਹੈ:-

ਸਲੋਕੁ ਮ: ੧॥

ਸਿੰਮਲ ਰੁਖੁ ਸਰਾਇਰਾ ਅਤਿ ਦੀਰਘੁ ਅਤਿ ਮੁਚੁ॥

ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ॥

ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ॥

ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥

ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ॥

ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ॥

ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ॥

ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ॥ ੧॥

ਸ਼ਬਦ ਅਰਥ:- ਸਿੰਮਲ: ਸਿੰਬਲ, ਇੱਕ ਪ੍ਰਕਾਰ ਦਾ ਉੱਚਾ ਲੰਮਾ ਵਿਸ਼ਾਲ ਦਰਖ਼ਤ। ਸਰਾਇਰਾ: ਤੀਰ ਵਾਂਙ ਸਿੱਧਾ ਤੇ ਹਰਾ ਭਰਾ। ਅਤਿ: ਬਹੁਤ ਜ਼ਿਆਦਾ, ਅਧਿਕ। ਦੀਰਘ: ਲੰਬਾ ਚੌੜਾ ਤੇ ਵੱਡਾ। ਮੁਚੁ: ਆਕਾਰ ਵਿੱਚ ਅਤਿਅੰਤ ਵੱਡਾ। (ਨੋਟ:- ਮੁਚ ਸ਼ਬਦ ਸਪੇਨ ਦੀ ਭਾਸ਼ਾ (Spanish) ਦਾ ਹੈ ਜਿਸ ਦੇ ਅਰਥ ਹਨ: ਬਹੁਤ ਜ਼ਿਆਦਾ; ਮੁਚ ਅੰਗਰੇਜ਼ੀ ਦੇ much ਦਾ ਸਮਾਨਅਰਥੀ ਹੈ। ਇਸ ਤੱਥ ਤੋਂ ਇਉਂ ਲਗਦਾ ਹੈ ਕਿ, ਸ਼ਾਇਦ, ਗੁਰੂ ਨਾਨਕ ਦੇਵ ਜੀ ਨੂੰ ਯੋਰਪੀ ਭਾਸ਼ਾਵਾਂ ਦਾ ਵੀ ਥੋੜਾ ਬਹੁਤ ਗਿਆਨ ਸੀ!) ਓਇ: ਤੋਤੇ ਆਦਿ ਪੰਛੀ ਜਿਨ੍ਹਾਂ ਦਾ ਅਹਾਰ ਫੁੱਲ ਫਲ ਆਦਿ ਹੈ। ਪਤ: ਪਤ੍ਰੇ, ਪੱਤੇ। ਮਿਠਤੁ: ਮਿੱਠਾ ਸੁਭਾਉ; ਹਲੀਮੀ, ਨਮ੍ਰਤਾ ਤੇ ਪਰਉਪਕਾਰਤਾ ਆਦਿ ਮਾਨਵੀ ਗੁਣਾਂ ਦੀ ਮਿਠਾਸ। ਨੀਵੀ: ਵਿਨੀਤ ਜਾਂ ਨਮ੍ਰ ਹੋਣ ਵਿੱਚ, ਨਿਮਾਣੇ ਨਿਰਹੰਕਾਰ ਮਨੁੱਖਾਂ ਵਿੱਚ। ਤਤੁ: ਨਿਚੋੜ, ਸਾਰ। ਸਭੁ ਕੋ: ਸਭ ਕੋਈ, ਹਰ ਇੱਕ ਮਨੁੱਖ। ਆਪ ਕਉ: ਆਪਣੇ ਫ਼ਾਇਦੇ ਵਾਸਤੇ, ਸਵਾਰਥ ਵਾਸਤੇ। ਪਰ ਕਉ: ਪਰਾਇਆਂ ਜਾਂ ਦੂਜਿਆਂ ਦੇ ਭਲੇ ਲਈ। ਗਉਰਾ: (ਗੁਣਾਂ ਨਾਲ) ਭਾਰਾ। ਹੰਤਾ: ਹਨਨ (ਮਾਰਨ) ਵਾਲਾ, ਸ਼ਿਕਾਰੀ। ਮਿਰਗਾਹਿ: ਮ੍ਰਿਗ, ਹਰਿਨ, ਚੌਪਾਏ ਜਾਨਵਰ ਨੂੰ। ਰਿਦੈ: ਹਿਰਦਾ, ਮਨ। ਕੁਸੁਧੇ: ਪੁੱਠੇ ਪਾਸੇ, ਪਾਪਾਂ ਵੱਲ।

ਭਾਵ ਅਰਥ:- ਸਿੰਮਲ ਦਾ ਦਰਖ਼ਤ ਸਿੱਧਾ, ਹਰਾ ਭਰਾ, ਬਹੁਤ ਜ਼ਿਆਦਾ ਲੰਬਾ ਚੌੜਾ, ਉੱਚਾ ਤੇ ਆਕਾਰ ਵਿੱਚ ਵਿਸ਼ਾਲ ਤੇ ਫੈਲਾਓ ਵਾਲਾ ਹੁੰਦਾ ਹੈ।

(ਫੁੱਲਾਂ ਫਲਾਂ ਦਾ ਅਹਾਰ ਕਰਨ ਤੇ ਦਰਖ਼ਤਾਂ ਵਿੱਚ ਆਲਨਾ ਬਣਾ ਕੇ ਬਸੇਰਾ ਕਰਨ ਵਾਲੇ) ਪੰਛੀ ਅਹਾਰ ਤੇ ਆਲ੍ਹਨੇ ਵਾਸਤੇ ਯੋਗ ਥਾਂ ਦੀ ਭਾਲ ਵਿੱਚ ਸਿੰਮਲ ਦੇ ਦਰਖ਼ਤ ਵੱਲ ਖਿਚੇ ਚਲੇ ਜਾਂਦੇ ਹਨ। (ਪਰੰਤੂ ਸਿੰਮਲ ਦੀ ਭਰਮਪੂਰਨ ਦਿੱਖ ਤੋਂ) ਨਿਰਾਸ ਹੋਕੇ ਉਨ੍ਹਾਂ ਨੂੰ (ਖਾਜੇ ਅਤੇ ਬਸੇਰੇ ਦੀ ਭਾਲ ਵਿੱਚ) ਕਿਤੇ ਹੋਰ ਜਾਣਾ ਪੈਂਦਾ ਹੈ।

(ਉਨਹਾਂ ਦੀ ਨਿਰਾਸਾ ਦਾ ਕਾਰਣ ਇਹ ਹੈ ਕਿ ਇਸ ਰੁੱਖ ਦੇ) ਫੁੱਲ ਬੇਸਵਾਦ, ਫਲ ਨੀਰਸ ਤੇ ਜੀਅ ਨੂੰ ਕੱਚਾ ਕਰਨ ਵਾਲੇ ਹੁੰਦੇ ਹਨ, ਅਤੇ ਇਸ ਦੇ ਪੱਤੇ ਵੀ ਆਲਨਾ ਬਣਾ ਕੇ ਰਹਿਣ ਦੇ ਕੰਮ ਨਹੀਂ ਆਉਂਦੇ।

ਹੇ ਨਾਨਕ! ਨਮਰਤਾ ਤੇ ਹਲੀਮੀ (ਮਿੱਠਤ) ਜੋ ਕਿ ਸਾਰੇ ਨੈਤਿਕ ਗੁਣਾਂ ਤੇ ਨੇਕੀਆਂ ਦਾ ਨਿਚੋੜ ਹੈ, ਉਹ ਝੁਕਨ ਵਾਲੇ ਨਿਰਹੰਕਾਰ ਨਿਮਾਣੇ ਨੀਵਿਆਂ ਵਿੱਚ ਹੀ ਹੁੰਦੀ ਹੈ। (ਨੋਟ:- ਮਿੱਠੇ ਫਲ ਦੇਣ ਵਾਲੇ ਰੁੱਖ ਆਮਤੌਰ ਤੇ ਨੀਂਵੇਂ ਹੀ ਹੁੰਦੇ ਹਨ। ਤਰਬੂਜ਼ ਤੇ ਖ਼ਰਬੂਜ਼ੇ ਆਦਿ ਵੱਡੇ ਤੇ ਮਿੱਠੇ ਫਲ ਦੇਣ ਵਾਲੀਆਂ ਵੇਲਾਂ ਤਾਂ ਇਤਨੀਆਂ ਨਿਮਾਣੀਆਂ ਹਨ ਕਿ ਧਰਤੀ ਤੋਂ ਉੱਠਦੀਆਂ ਹੀ ਨਹੀਂ!)

(ਇਹ ਵੀ ਇੱਕ ਸੱਚਾਈ ਹੈ ਕਿ ਮਨੁੱਖਾ ਸਮਾਜ ਵਿੱਚ) ਹਰ ਕੋਈ ਆਪਣੇ ਸੁਆਰਥ ਲਈ ਹੀ ਝੁਕਦਾ ਹੈ; ਪਰਾਇਆਂ ਦੇ ਭਲੇ ਜਾਂ ਪਰਸੁਆਰਥ ਵਾਸਤੇ ਕੋਈ ਨਹੀਂ ਝੁਕਦਾ।

(ਇਹ ਵੀ ਇੱਕ ਅਟਲ ਸੱਚਾਈ ਹੈ ਕਿ ਜਿਵੇਂ) ਤੱਕੜੀ ਦਾ ਓਹੀ ਪੱਲੜਾ ਭਾਰਾ ਹੁੰਦਾ ਹੈ ਜਿਹੜਾ ਦੂਜੇ ਨਾਲੋਂ ਨੀਵਾਂ ਹੋਵੇ। ਇਸੇ ਤਰ੍ਹਾਂ ਮਨੋਂ ਝੁਕਨ ਵਾਲਾ ਨਿਮਾਣਾ ਪਰ ਗੁਣਵਾਨ ਮਨੁੱਖ ਹੰਕਾਰੀ ਤੇ ਸਵਾਰਥੀ ਬੰਦੇ ਨਾਲੋਂ ਚੰਗੇਰਾ ਹੁੰਦਾ ਹੈ।

(ਕੇਵਲ ਝੁਕਨਾ ਹੀ ਕਾਫ਼ੀ ਨਹੀਂ ਕਿਉਂਕਿ) ਹਰਿਨ ਆਦਿ ਜੀਵਾਂ ਦਾ ਸ਼ਿਕਾਰ ਕਰਕੇ ਮਾਰਨ ਵਾਲੇ ਪਾਪੀ ਵੀ ਪੂਰਾ ਝੁਕ ਕੇ ਸ਼ਿਕਾਰ `ਤੇ ਸ਼ਿਸਤ (ਨਿਸ਼ਾਨਾ) ਲਾਉਂਦੇ ਹਨ।

ਸਿਰਫ਼ ਸਿਰ ਝੁਕਾਉਣ ਦਾ ਕੋਈ ਫ਼ਾਇਦਾ ਨਹੀਂ ਜਦ ਮਨ ਦਾ ਝੁਕਾਅ ਪਾਪ ਕਮਾਉਣ ਵੱਲ ਹੀ ਹੋਵੇ॥ ੧॥

ਗੁਰੂ ਨਾਨਕ ਦੇਵ ਜੀ ਦੇ ਉਕਤ ਸ਼ਬਦ ਦੀ ਵਿਚਾਰ ਤੋਂ ਸਾਨੂੰ ਨਿਮਨ ਲਿਖਤ ਸਿੱਖਿਆਵਾਂ ਮਿਲਦੀਆਂ ਹਨ:-

ਪਹਿਲੀ, ਗੁਰੂ ਦੇ ਸਿੱਖਾਂ ਨੂੰ ਆਪਣੀ ਦੁਰਲਭ ਮਾਨਵ ਹੋਂਦ ਨੂੰ ਆਪਣੇ ਸੁਵਾਰਥ ਦੀ ਖ਼ਾਤਿਰ ਗੁਣ-ਹੀਣ ਸਿੰਮਲ ਰੁੱਖ ਵਾਂਙ ਛਲ ਪੂਰਨ ਨਹੀਂ ਬਣਾਉਣਾ ਚਾਹੀਦਾ।

ਦੂਜੀ, ਭੋਲੇ ਪੰਛੀਆਂ ਵਾਂਙ, ਇਨਸਾਨੀ ਜਾਮੇ ਵਿੱਚ ਵਿਚਰਦੇ ਗੁਣ-ਹੀਣ ਸਿੰਬਲ ਰੁੱਖਾਂ ਮਗਰ ਲੱਗਿ ਆਪਣਾ ਕੀਮਤੀ ਜੀਵਨ ਵਿਅਰਥ ਗਵਾਉਣ ਦੀ ਬਜਾਏ ਸਾਨੂੰ ਗੁਰੂ ਦੇ ਬਖ਼ਸ਼ੇ ਗਿਆਨ ਦੇ ਭੰਡਾਰੇ ਗੁਰੂ ਗ੍ਰੰਥ ਵਿੱਚੋਂ ਆਪਣੇ ਮਨ ਤੇ ਆਤਮਾ ਦੀ ਖ਼ੁਰਾਕ/ਅਹਾਰ ਦੀ ਭਾਲ ਕਰਨੀ ਚਾਹੀਦੀ ਹੈ।

ਤੀਜੀ ਸਿੱਖਿਆ ਇਹ ਹੈ ਕਿ ਮਿੱਠਤ ਅਥਵਾ ਨਮਰਤਾ ਸਰਵਸ੍ਰੇਸ਼ਟ ਨੈਤਿਕ ਗੁਣ ਹੈ; ਅਤੇ ਹਲੀਮ ਤੇ ਨਮ੍ਰ ਸੁਭਾਉ ਵਾਲਾ ਪਰਉਪਕਾਰੀ ਮਨੁੱਖ ਅੱਖੜ, ਹੰਕਾਰੀ ਤੇ ਸੁਆਰਥੀ ਮਨੁੱਖ ਨਾਲੋਂ ਚੰਗੇਰਾ ਹੁੰਦਾ ਹੈ। ਸੋ, ਸਾਨੂੰ ਨਿਰਹੰਕਾਰ ਰਹਿੰਦਿਆਂ ਸੁਆਰਥ ਤਿਆਗ ਕੇ ਨਿਮਾਣੇ ਪਰਸੁਆਰਥੀ ਬਣਨਾ ਚਾਹੀਦਾ ਹੈ।

ਚੌਥੀ, ਨਿਰਾ ਸਿਰ ਝੁਕਾ ਕੇ ਮਿੱਠਤ ਜਾਂ ਨਮ੍ਰਤਾ ਦਾ ਦਿਖਾਵਾ ਕਰਨ ਦਾ ਕੋਈ ਫ਼ਾਇਦਾ ਨਹੀਂ ਜੇ ਮਨ ਦਾ ਝੁਕਾਅ ਪਾਪ ਕਰਮ ਕਮਾ ਕੇ ਸੰਸਾਰਕ ਸਵਾਰਥ ਪੂਰਾ ਕਰਨ ਵੱਲ ਹੀ ਹੈ।

ਹੁਣ ਸਵਾਲ ਇਹ ਉੱਠਦਾ ਹੈ ਕਿ ਨਾਨਕ-ਪੰਥੀਏ ਹੋਣ ਦਾ ਦਾਅਵਾ ਕਰਨ ਵਾਲੇ ਅਸੀਂ ‘ਸਿੱਖਾਂ’ ਨੇ ਪੰਜ ਸੌ ਸਾਲਾਂ ਵਿੱਚ ਇਸ ਸ਼ਬਦ ਵਿੱਚੋਂ ਮਿਲਦੀ ਸਿੱਖਿਆ `ਤੇ ਕਿਤਨਾ ਕੁ ਅਮਲ ਕੀਤਾ ਹੈ ਜਾਂ ਕਰ ਰਹੇ ਹਾਂ? ਇਸ ਜਾਇਜ਼ ਸਵਾਲ ਦਾ ਸਰਲ ਤੇ ਸਪਸ਼ਟ ਜਵਾਬ ਇਹ ਹੈ ਕਿ ਇਸ ਸ਼ਬਦ ਨੂੰ ਸਮਝਣ ਦਾ ਅਸੀਂ ਕਦੀ ਯਤਨ ਹੀ ਨਹੀਂ ਕੀਤਾ ਤੇ ਨਾ ਹੀ ਇਸ ਉੱਤੇ ਅਮਲ ਕਰਨ ਦੀ ਕਦੇ ਖੇਚਲ ਹੀ ਕੀਤੀ ਹੈ!

ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਤੇ ਚੇਤਾਵਨੀ ਦੇ ਬਾਵਜੂਦ ਵੀ, ਗੁਰਸਿੱਖੀ ਦਾ ਪ੍ਰਚਾਰ ਕਰਨ ਦਾ ਢੌਂਗ ਕਰਨ ਵਾਲੇ ਸਿੰਮਲ ਰੁੱਖ ਮਨੁੱਖਾ ਸਮਾਜ ਵਿੱਚ ਮਾਰੂ ਨਦੀਨ ਦੀ ਤਰ੍ਹਾਂ ਫੈਲ ਚੁੱਕੇ ਹਨ। ਇਹ ਛਲੀਏ ਆਪਣੇ ਭਰਮਪੂਰਨ ਸਿੰਮਲ ਰੁੱਖੀ ‘ਸਰੂਪਾਂ’ ਨਾਲ ਭੋਲੇ ਪੰਛੀਆਂ (ਅਗਿਆਨੀ, ਅੰਧਵਿਸ਼ਵਾਸੀ ਤੇ ਭਟਕੇ ਹੋਏ ਸ਼੍ਰੱਧਾਲੂਆਂ) ਨੂੰ ਮਗਰ ਲਾਈ ਫਿਰਦੇ ਹਨ। ਇਹ ਛੂਛੇ ਪਾਖੰਡੀ ਸਿੰਮਲ ਰੁੱਖ ਤੋਂ ਵੀ ਬਦਤਰ ਹਨ, ਕਿਉਂਕਿ ਸਿੰਬਲ ਦੇ ਦਰਖ਼ਤ ਨੂੰ ਤਾਂ ਸਿਰਜਨਹਾਰ ਨੇ ਸਿਰਜਿਆ ਹੀ ਅਜਿਹਾ ਹੈ; ਪਰੰਤੂ ਮਨੁੱਖੀ ਜਾਮੇ ਵਿੱਚ ਵਿਚਰਦੇ ਸਿੰਬਲ ਰੁੱਖ ਆਪਣੀ ਭਰਮਾਊ ਬਣਾਵਟੀ ਦਿੱਖ ਆਪ ਬਣਾਉਂਦੇ ਹਨ! ਦੂਜਾ, ਸਿੰਬਲ ਦਾ ਦਰਖ਼ਤ ਤਾਂ ਇੱਕ ਥਾਂ ਖੜਾ ਹੈ; ਅਤੇ ਜੇ ਉਹ ਭੋਲੇ ਪੰਛੀਆਂ ਨੂੰ ਕੁੱਝ ਦਿੰਦਾ ਨਹੀਂ ਤਾਂ ਉਨ੍ਹਾਂ ਤੋਂ ਲੈਂਦਾ ਵੀ ਕੁਛ ਨਹੀਂ! ਪਰੰਤੂ ਮਨੁੱਖੀ ਜਾਮੇ ਵਿੱਚ ਚਲਦੇ-ਫਿਰਦੇ (mobile) ਸਿੰਬਲ ਰੁੱਖ ਦੇਸ-ਵਿਦੇਸ ਦੇ ਲੋਕਾਂ ਨੂੰ ਭਰਮਾਉਂਦੇ ਫਿਰਦੇ ਹਨ। ਅਤੇ ਇਨ੍ਹਾਂ ਛੂਛੇ ਪਾਖੰਡੀਆਂ ਕੋਲ ਦੇਣ ਵਾਸਤੇ ਤਾਂ ਕੁੱਝ ਨਹੀਂ ਹੁੰਦਾ ਸਿਰਫ਼ ਆਪਣੀਆਂ ਪੱਤੇ ਬਾਜ਼ੀਆਂ ਤੇ ਚੁੰਚ ਗਿਆਨ ਨਾਲ ਲੋਕਾਂ ਨੂੰ ‘ਨਿਹਾਲ’ ਕਰਕੇ ਉਨ੍ਹਾਂ ਦੀ ਕਿਰਤ-ਕਮਾਈ ਬਟੋਰਦੇ ਫਿਰਦੇ ਹਨ। ਸਿੰਬਲ ਰੁੱਖ ਦਿੱਖ ਵਾਲੇ ਇਹ ਦੰਭੀ ਠੱਗ ਸਿੱਧੜ ਲੋਕਾਂ ਨੂੰ ਅਕਾਲ ਪੁਰਖ ਦੀ ਭਗਤੀ ਦੇ ਰਾਹ ਪਾਉਣ ਦੀ ਬਜਾਏ ਉਨ੍ਹਾਂ ਤੋਂ ਆਪਣੀ ਪੂਜਾ ਕਰਵਾਈ ਜਾ ਰਹੇ ਹਨ!

ਮਨੁੱਖੀ ਜਾਮੇ ਵਿੱਚ ਵਿਚਰ ਰਹੇ ਇਨ੍ਹਾਂ ਸਿੰਮਲ ਰੁੱਖਾਂ ਵਿੱਚ ਹੰਕਾਰ ਇਤਨਾ ਹੈ ਕਿ ਦੇਖ ਸੁਣ ਕੇ ਕੰਨਾਂ ਨੂੰ ਹੱਥ ਲੱਗਦੇ ਹਨ। ਹਉਮੈ-ਗਾਲੇ ਇਨ੍ਹਾਂ ਪਾਪੀਆਂ ਨੂੰ ਆਪਣੀ ਦਾਦੀ ਦਾਦੇ ਦੀ ਉਮਰ ਦੇ ਬਜ਼ੁਰਗਾਂ ਅਤੇ ਧੀਆਂ ਭੈਣਾਂ ਸਮਾਨ ਬੀਬੀਆਂ ਕੋਲੋਂ ਪੈਰੀਂ ਹੱਥ ਲਵਾਉਂਦਿਆਂ ਤੇ ਉਨ੍ਹਾਂ ਦੀ ਕਿਰਤ-ਕਮਾਈ ਭੇਟਾਵਾਂ ਦੇ ਰੂਪ ਵਿੱਚ ਲੁੱਟਦਿਆਂ ਜ਼ਰਾ ਵੀ ਸ਼ਰਮ ਨਹੀਂ ਆਉਂਦੀ! ਇਹ ਹੋਛੇ ਹੰਕਾਰੀ ਆਪਣੀ ਫਿੱਟੀ ਹੋਈ ਭੱਦੀ ਸ਼ਖ਼ਸੀਅਤ ਉੱਤੇ ਮਿੱਠਤ ਅਥਵਾ ਨਿਰਮਾਣਤਾ ਦਾ ਪਰਛਾਵਾਂ ਤਕ ਵੀ ਨਹੀਂ ਪੈਣ ਦਿੰਦੇ! ਆਪਣੀ ਹਉਮੈਂ ਦੀ ਫੰਡਰ ਮੱਝ ਨੂੰ ਪੱਠੇ ਪਾਉਣ ਵਾਸਤੇ ਇਨ੍ਹਾਂ ਨੇ ਜੂਠਖ਼ੋਰੇ ਚਾਪਲੂਸ ਪਾਲੇ ਹੋਏ ਹਨ।

ਗੁਰੂ ਨਾਨਕ ਦੇਵ ਜੀ ਦੀ ਅਨਮੋਲ ਸਿੱਖਿਆ ਦੇ ਬਾਵਜੂਦ ਵੀ ਸਾਡੀ ਭੋਲੇ ਪੰਛੀਆਂ ਦੀ ਮਾਨਸਿਕ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ। ਸਿੰਬਲ ਰੁੱਖਾਂ ਦੀ ਘਾਤਿਕ ਨਦੀਨ ਨੂੰ ਹੋਰ ਫੈਲਣ ਤੋਂ ਰੋਕਨ ਦੀ ਬਜਾਏ ਅਸੀਂ ਆਪ ਇਸ ਦੇ ਵੱਧਣ ਫੁਲਣ ਵਿੱਚ ਸਹਾਈ ਹੋ ਰਹੇ ਹਾਂ। ਇਹ ਚਲਦੇ-ਫਿਰਦੇ ਠੱਗ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਆਪਣੀ ਆਮਦ ਦਾ ਢੰਡੋਰਾ ਪਿੱਟਵਾਉਂਦੇ ਹਨ। ਇਨ੍ਹਾਂ ਦੇ ਜੁੰਡੀਦਾਰ ਇਨ੍ਹਾਂ ਦੇ ਸ਼ਾਹੀ ਸਵਾਗਤ ਦਾ ਅਜਿਹਾ ਪ੍ਰਬੰਧ ਕਰਦੇ ਹਨ ਕਿ ਜਿਸ ਨੂੰ ਦੇਖ ਕੇ ਸਾਡੇ ਵਰਗੇ ਅਗਿਆਨੀ ਸ਼੍ਰੱਧਾਲੂਆਂ ਨੂੰ ਰੱਬ ਵੀ ਭੁੱਲ ਜਾਂਦਾ ਹੈ! ਅਸੀਂ ਸਿਧਾਏ ਹੋਏ ਪਸ਼ੂਆਂ ਦੀ ਤਰ੍ਹਾਂ ਹੇੜ੍ਹਾਂ ਬਣਾ ਬਣਾ ਕੇ ਇਨ੍ਹਾਂ ਸਿੰਬਲ ਰੁੱਖਾਂ ਦੇ ‘ਦਰਸ਼ਨ’ ਕਰਨ ਜਾ ਪਹੁੰਚਦੇ ਹਾਂ ਤੇ ਆਪਣੀ ਕਿਰਤ-ਕਮਾਈ ਤੇ ਸਮਾਂ ਬਰਬਾਦ ਕਰਕੇ ਛਿੱਥੇ ਹੋ ਮੂੰਹ ਲਟਕਾਈ ਪਰਤ ਆਉਂਦੇ ਹਾਂ। ਆਪਣਾ ਛਿੱਥਾਪਣ ਤੇ ਸ਼ਰਮਿੰਦਗੀ ਛੁਪਾਉਣ ਵਾਸਤੇ ਹਰ ਇੱਕ ਕਹਿੰਦਾ ਸੁਣੀਂਦਾ ਹੈ, “ਵਾਹ ਬਈ ਵਾਹ! ਅਨੰਦ ਆ ਗਿਆ!” ਓਧਰ ਸਿੰਬਲ ਰੁੱਖ ਦੇ ਬੇ-ਗ਼ੈਰਤ ਚਮਚੇ ਮੀਡੀਏ ਵਿੱਚ ਮੋਟੀਆਂ ਮੋਟੀਆਂ ਸੁਰਖ਼ੀਆਂ ਵਾਲੀਆਂ ਸਚਿਤ੍ਰ ਖ਼ਬਰਾਂ ਦੇ ਕੇ ਉਸ ਦੀ ਹੋਰ ਝੂਠੀ ਮਸ਼ਹੂਰੀ ਕਰਦਿਆਂ ਕਹਿੰਦੇ ਹਨ ਕਿ ਫ਼ਲਾਂ ਫ਼ਲਾਂ ‘ਜਗਤ-ਪ੍ਰਸਿੱਧ ਪੰਥ-ਸੇਵਕ ਮਹਾਂਪੁਰਖ’ ਨੇ ਗਿਆਨ ਦੀ ਵਰਖਾ ਕਰਕੇ ਸਥਾਨਕ ਸੰਗਤਾਂ ਨੂੰ ‘ਨਿਹਾਲ’ ਕੀਤਾ ਤੇ ਜੁੜੀ ਸੰਗਤ ਨੇ ਉਸ ਮਹਾਨ ਹਸਤੀ ਨੂੰ ਸਿਰੋਪੇ, ਮਾਇਆ ਤੇ ਸੋਨੇ ਦੇ ਤਮਗੇ ਆਦਿ ਭੇਟ ਕਰਕੇ ਸਨਮਾਨਿਤ ਕੀਤਾ! ਇਸ ਖ਼ਬਰ ਦੇ ਪ੍ਰਸਾਰਨ ਵਿੱਚ ਇੱਕ ਛਲਪੂਰਨ ਇਸ਼ਾਰਾ ਹੈ, ਜਿਸ ਦਾ ਗੁੱਝਾ ਮਤਲਬ ਇਹ ਹੈ ਕਿ ਜੇ ਕੋਈ ਸਜਨ ਜਾਂ ਸੰਸਥਾ ਉਸ ਸਿੰਮਲ ਰੁੱਖ ਨੂੰ ‘ਸੰਗਤਾਂ ਨੂੰ ਨਿਹਾਲ’ ਕਰਨ ਲਈ ਬੁਲਾਏ, ਤਾਂ ਉਹ ਉਸ ‘ਮਹਾਂਪੁਰਖ’ ਵਾਸਤੇ ਮਾਇਆ ਦੇ ਗੱਫੇ ਤੇ ਸੋਨੇ ਦਾ ਤਮਗ਼ਾ ਜਾਂ ਸੋਨੇ ਦਾ ਸਿੱਕਾ ‘ਭੇਟਾ’ ਵਾਸਤੇ ਤਿਆਰ ਰੱਖੇ!

ਪਾਠਕ ਸੱਜਨੋਂ! ਜੇ ਅਸੀਂ ਗੁਰੁ-ਗਿਆਨ ਦੀ ਰੌਸ਼ਨੀ ਵਿੱਚ ਇਨ੍ਹਾਂ ਦੰਭੀ ਸਿੰਬਲ ਰੁੱਖਾਂ ਨੂੰ ਵਕਤ ਸਿਰ ਪਛਾਣਿਆ ਹੁੰਦਾ ਤਾਂ ਅੱਜ ਇਹ ਫਫੇਕੁੱਟ ਠੱਗ ਸਾਨੂੰ ਬੁੱਧੂ ਬਣਾ ਕੇ ਠੱਗਦੇ ਨਾ ਹੁੰਦੇ!

ਉਪਰੋਕਤ ਤੱਥਾਂ ਤੋਂ ਸਪਸ਼ਟ ਹੈ ਕਿ ਮਾਨਵ ਹੋਂਦ ਵਿੱਚ ਵਿਚਰਦੇ ਸਿੰਮਲ ਰੁੱਖ ਚੰਟ ਸ਼ਿਕਾਰੀ ਹਨ, ਜੋ ਰੱਬ ਦੇ ਭੋਲੇ ਬੰਦਿਆਂ ਨੂੰ ਆਪਣੇ ਵਿਛਾਏ ਭਰਮ-ਜਾਲ ਵਿੱਚ ਫਸਾ ਕੇ ਉਨ੍ਹਾਂ ਦਾ ਸ਼ਿਕਾਰ ਕਰਨ ਦਾ ਪਾਪ ਕਮਾਉਂਦੇ ਫਿਰਦੇ ਹਨ! ਅਤੇ ਗੁਰੂਆਂ ਦੀ ਚੇਤਾਵਨੀ ਦੇ ਬਾਵਜੂਦ ਵੀ ਅਸੀਂ ਆਪ ਇਨ੍ਹਾਂ ਫ਼ਰੇਬੀਆਂ ਦੇ ਵਿਛਾਏ ਭਰਮ-ਜਾਲ ਵਿੱਚ ਜਾ ਫਸਦੇ ਹਾਂ। ਇਹੋ ਜਿਹੀ ਨਿਰਾਸ਼ਾਜਨਕ ਸਥਿਤੀ `ਚ ਤਾਂ ਇਹੋ ਕਹਿਣਾ ਬਣਦਾ ਹੈ ਕਿ,

ਆਪੇ ਫਾਥੀਏ ਤੈਨੂੰ ਕੌਣ ਛੁਡਾਏ?

ਗੁਰਇੰਦਰ ਸਿੰਘ ਪਾਲ

ਅਕਤੂਬਰ 19, 2014




.