.

ਭੱਟ ਬਾਣੀ-30

ਬਲਦੇਵ ਸਿੰਘ ਟੋਰਾਂਟੋ

ਸਚੁ ਨਾਮੁ ਕਰਤਾਰੁ ਸੁ ਦ੍ਰਿੜੁ ਨਾਨਕਿ ਸੰਗ੍ਰਹਿਅਉ।।

ਤਾ ਤੇ ਅੰਗਦੁ ਲਹਣਾ ਪ੍ਰਗਟਿ ਤਾਸੁ ਚਰਣਹ ਲਿਵ ਰਹਿਅਉ।।

ਤਿਤੁ ਕੁਲਿ ਗੁਰ ਅਮਰਦਾਸੁ ਆਸਾ

ਨਿਵਾਸੁ ਤਾਸੁ ਗੁਣ ਕਵਣ ਵਖਾਣਉ।।

ਜੋ ਗੁਣ ਅਲਖ ਅਗੰਮ ਤਿਨਹ ਗੁਣ ਅੰਤੁ ਨ ਜਾਣਉ।।

ਬੋਹਿਥਉ ਬਿਧਾਤੈ ਨਿਰਮਯੌ ਸਭ ਸੰਗਤਿ ਕੁਲ ਉਧਰਣ।।

ਗੁਰ ਅਮਰਦਾਸ ਕੀਰਤੁ ਕਹੈ ਤ੍ਰਾਹਿ ਤ੍ਰਾਹਿ ਤੁਅ ਪਾ ਸਰਣ।। ੧।। ੧੫।।

(ਪੰਨਾ ੧੩੯੫)

ਪਦ ਅਰਥ:- ਸਚੁ - ਸੱਚ। ਨਾਮੁ – ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ। ਨਾਨਕਿ – ਨਾਨਕ ਜੀ ਨੇ। ਸੰਗ੍ਰਹਿਅਉ – ਗ੍ਰਹਿਣ ਕੀਤਾ। ਸਚੁ ਨਾਮੁ ਕਰਤਾਰੁ ਸੁ ਦ੍ਰਿੜ ਨਾਨਕਿ ਸੰਗ੍ਰਹਿਅਉ – ਸੱਚ ਰੂਪ ਕਰਤਾਰ ਦੇ ਸੱਚ ਗਿਆਨ ਨੂੰ ਨਾਨਕ ਜੀ ਨੇ ਆਪਣੇ ਜੀਵਨ ਵਿੱਚ ਅਪਣਾ ਕੇ ਉਸ ਨੂੰ ਦ੍ਰਿੜ੍ਹ ਕਰਕੇ ਆਪਣੇ ਹਿਰਦੇ ਅੰਦਰ ਗ੍ਰਹਿਣ ਕੀਤਾ। ਤਾ ਤੇ – ਉਨ੍ਹਾਂ ਤੋਂ ਅੱਗੇ। ਅੰਗਦੁ ਲਹਣਾ ਪ੍ਰਗਟਿ – ਲਹਣਾ ਜੀ ਅੰਗਦ ਬਣ ਕੇ ਪ੍ਰਗਟ ਹੋਏ। ਤਾਸੁ – ਉਸ, ਉਹ। “ਤਾਸੁ ਗੁਰੂ, ਮੈ ਦਾਸ” (ਸ. ਕਬੀਰ ਜੀ)।। ਤਾਸੁ ਚਰਣਹ ਲਿਵ ਰਹਿਅਉ – ਉਸ ਗਿਆਨ ਗੁਰੂ ਦੇ ਚਰਨਾਂ ਵਿੱਚ ਹਮੇਸ਼ਾ ਲੀਨ ਰਹੇ। ਤਿਤੁ ਕੁਲਿ ਗੁਰ ਅਮਰਦਾਸੁ – ਉਸੇ ਗਿਆਨ ਗੁਰੂ ਦੀ ਕੁਲ - ਵੀਚਾਰਧਾਰਾ ਵਿੱਚ ਅਮਰਦਾਸ ਜੀ ਨੇ ਵੀ। ਆਸਾ ਨਿਵਾਸੁ – ਆਪਣੇ ਹਿਰਦੇ ਅੰਦਰ ਨਿਵਾਸ-ਟਿਕਾਅ ਲੈਣਾ, ਅਪਣਾ ਲੈਣਾ। ਆਸਾ ਨਿਵਾਸੁ ਤਾਸੁ – ਉਸ ਗਿਆਨ ਗੁਰੂ ਨੂੰ ਆਪਣੇ ਹਿਰਦੇ ਅੰਦਰ ਟਿਕਾਅ ਲਿਆ। ਗੁਣ ਕਵਣ ਵਖਾਣਉ – ਕਿਹੜੇ ਕਿਹੜੇ ਗੁਣ ਬਿਆਨ ਕਰਾਂ। ਅਮਰਦਾਸ ਜੀ ਨੇ ਵੀ ਉਸੇ ਗਿਆਨ ਗੁਰੂ ਦੀ ਕੁਲ-ਵੀਚਾਰਧਾਰਾ ਵਿੱਚ ਲੀਨ ਹੋ ਕੇ ਗਿਆਨ ਗੁਰੂ ਨੂੰ ਹੀ ਅਪਣਾਇਆ, ਉਸ ਕਰਤਾਰ ਦੀ ਬਖ਼ਸ਼ਿਸ਼ ਗਿਆਨ ਗੁਰੂ ਦੇ ਕਿਹੜੇ-ਕਿਹੜੇ ਗੁਣ ਬਿਆਨ ਕਰਾਂ। ਜੋ ਗੁਣ –ਜਿਸ ਦੇ ਗੁਣ। ਤਿਨਹ – ਉਸ ਦੇ। ਅਲਖ ਅਗੰਮ ਤਿਨਹ ਗੁਣ ਅੰਤੁ ਨ ਜਾਣਉ – ਉਸ ਕਰਤਾਰ ਦੇ ਗੁਣ ਅਲਖ ਅਤੇ ਅਗੰਮ ਹਨ, ਜਿਨ੍ਹਾਂ ਦਾ ਅੰਤ ਨਹੀਂ ਜਾਣਿਆ ਜਾ ਸਕਦਾ ਭਾਵ ਬੇਅੰਤ ਹਨ। ਬੋਹਿਥਉ – ਸੰਸਾਰ। ਬਿਧਾਤੈ – ਕਰਤੇ। ਨਿਰਮਯੌ – ਰਚਿਆ ਸਿਰਜਿਆ ਹੈ। ਸਭ – ਤਮਾਮ। ਸੰਗਤਿ – ਕਰਤੇ ਦਾ ਸੰਗ ਕਰਨ ਭਾਵ ਉਸ ਨਾਲ ਜੁੜਨ ਨਾਲ। ਕੀਰਤੁ ਕਹੈ – ਕੀਰਤੀ ਕਰਨੀ, ਪ੍ਰਚਾਰ ਕਰਨਾ। ਤ੍ਰਾਹਿ ਤ੍ਰਾਹਿ – ਵਾਰ-ਵਾਰ ਮੁੜ ਮੁੜ ਕੇ। ਤੁਅ – ਉਸ ਦੇ, ਉਸ ਦੀ। ਪਾ ਸਰਣ – ਸ਼ਰਨ ਪੈਣ ਲਈ।

ਅਰਥ:- ਹੇ ਭਾਈ! ਜਿਵੇਂ ਸੱਚ ਰੂਪ ਕਰਤਾਰ ਦੇ ਸੱਚ ਨੂੰ ਨਾਨਕ ਜੀ ਨੇ ਆਪਣੇ ਜੀਵਨ ਵਿੱਚ ਅਪਣਾ ਕੇ ਉਸ ਨੂੰ ਦ੍ਰਿੜ੍ਹ ਕਰਕੇ ਆਪਣੇ ਹਿਰਦੇ ਅੰਦਰ ਗ੍ਰਹਿਣ ਕੀਤਾ, ਉਹੀ ਸੱਚ ਗਿਆਨ, ਗੁਰੂ ਦੀ ਸ਼ਰਨ ਆਉਣ ਨਾਲ ਜਦੋਂ ਲਹਣਾ ਜੀ ਅੰਦਰ ਪ੍ਰਗਟ ਹੋਇਆ ਤਾਂ ਉਹ ਵੀ ਉਸ ਅਕਾਲ ਪੁਰਖ ਦੀ ਬਖ਼ਸ਼ਿਸ਼ ਗਿਆਨ ਗੁਰੂ ਦੇ ਚਰਨਾਂ ਵਿੱਚ ਲੀਨ ਹੋ ਗਏ ਭਾਵ ਸੱਚ ਰੂਪ ਕਰਤੇ ਨਾਲ ਜੁੜ ਗਏ। ਇਸੇ ਤਰ੍ਹਾਂ ਅਕਾਲ ਪੁਰਖ ਦੀ ਬਖ਼ਸ਼ਿਸ਼ ਗਿਆਨ ਗੁਰੂ ਦੀ ਕੁਲ ਵੀਚਾਰਧਾਰਾ ਵਿੱਚ ਲੀਨ ਹੋ ਕੇ ਜਦੋਂ ਅਮਰਦਾਸ ਜੀ ਨੇ ਗਿਆਨ ਗੁਰੂ ਨੂੰ ਹੀ ਜਦੋਂ ਅਪਣਾਇਆ, ਤਾਂ ਉਨ੍ਹਾਂ ਵੀ ਇਹ ਹੀ ਕਿਹਾ ਕਿ ਉਸ ਕਰਤਾਰ ਦੀ ਬਖ਼ਸ਼ਿਸ਼ ਗਿਆਨ ਗੁਰੂ ਦੇ ਕਿਹੜੇ-ਕਿਹੜੇ ਗੁਣ ਬਿਆਨ ਕਰਾਂ। ਉਸ ਕਰਤਾਰ ਦੇ ਗੁਣ ਅਲਖ ਅਤੇ ਅਗੰਮ ਭਾਵ ਬਿਆਨ ਕਰਨ ਤੋਂ ਬਾਹਰ ਹਨ ਜਿਨ੍ਹਾਂ ਦਾ ਅੰਤ ਨਹੀਂ ਜਾਣਿਆ ਜਾ ਸਕਦਾ। ਹੇ ਭਾਈ! ਅਮਰਦਾਸ ਜੀ ਵੀ ਉਸ ਕਰਤੇ ਦੀ ਬਖ਼ਸ਼ਿਸ਼ ਗਿਆਨ ਗੁਰੂ ਦੀ ਵਾਰ-ਵਾਰ ਕੀਰਤੀ-ਪ੍ਰਚਾਰ, ਪ੍ਰੇਰਨਾ, ਉਸ ਦੀ ਸ਼ਰਨ ਪੈਣ ਲਈ ਹੀ ਕਰ ਰਹੇ ਹਨ। ਜਿਸ ਕਰਤੇ ਨੇ ਸੰਸਾਰ ਸਿਰਜਿਆ ਹੈ, ਤਮਾਮ ਉਸ ਦਾ ਸੰਗ ਕਰਨ ਵਾਲੇ ਭਾਵ ਉਸ ਨਾਲ ਜੁੜਨ ਲਈ ਗਿਆਨ ਗੁਰੂ ਦੀ ਕੁਲ/ਵੀਚਾਰਧਾਰਾ ਅਪਣਾਉਣ ਵਾਲੇ ਹੀ (ਅਵਤਾਰਵਾਦ ਦੇ ਕਰਮ-ਕਾਂਡ ਤੋਂ) ਉੱਪਰ ਉਠ ਕੇ ਗਤਿ ਭਾਵ ਛੁਟਕਾਰਾ ਪਾਉਂਦੇ ਹਨ।

ਜਿਹੜੇ ਅਵਤਾਰਵਾਦ ਤੋਂ ਛੁਟਕਾਰਾ ਪਾਉਂਦੇ ਹਨ। : -

ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ।।

ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ।।

ਜਹ ਕਹ ਤਹ ਭਰਪੂਰੁ ਸਬਦੁ ਦੀਪਕਿ ਦੀਪਾਯਉ।।

ਜਿਹ ਸਿਖਹ ਸੰਗ੍ਰਹਿਓ ਤਤੁ ਹਰਿ ਚਰਣ ਮਿਲਾਯਉ।।

ਨਾਨਕ ਕੁਲਿ ਨਿੰਮਲੁ ਅਵਤਰਿ੍ਯ੍ਯਉ ਅੰਗਦ ਲਹਣੇ ਸੰਗਿ ਹੁਅ।।

ਗੁਰ ਅਮਰਦਾਸ ਤਾਰਣ ਤਰਣ ਜਨਮ ਜਨਮ ਪਾ ਸਰਣਿ ਤੁਅ।। ੨।। ੧੬।।

(ਪੰਨਾ ੧੩੯੫)

ਪਦ ਅਰਥ:- ਆਪਿ ਨਰਾਇਣੁ ਕਲਾ ਧਾਰਿ – ਨਰਾਇਣ ਆਪ ਆਪਣੀ ਕਲਾ ਵਰਤਾ ਕੇ। ਕਲਾ ਧਾਰਿ – ਕਲਾ ਵਰਤਾ ਕੇ। ਜਗ ਮਹਿ ਪਰਵਰਿਯਉ – ਜਗਤ ਵਿੱਚ ਰੰਮਿਆ ਹੋਇਆ ਹੈ। ਪਰਵਰਿਯਉ – ਪ੍ਰਵਿਰਤ ਹੋਇਆ, ਰੰਮਿਆ ਹੋਇਆ ਹੈ। ਨਿਰੰਕਾਰਿ ਅਕਾਰੁ ਜੋਤਿ – ਉਹ ਨਿਰੰਕਾਰਿ ਜਿਸ ਦੀ ਜੋਤ ਆਕਾਰ ਤੋਂ ਰਹਿਤ ਹੈ, ਨਿਰੰਕਾਰਿ ਹੈ। ਜਗ ਮੰਡਲਿ – ਜਗਤ ਮੰਡਲਿ, ਸੰਸਾਰ ਰਚਨਾ। ਜਹ – ਜਹਾਨ, ਜਗਤ। ਕਹ ਤਹ – ਜਿੱਥੇ ਕਿੱਥੇ, ਹਰ ਜਗ੍ਹਾ। ਭਰਪੂਰੁ – ਵਿਆਪਕ, ਹਾਜ਼ਰ-ਨਾਜ਼ਰ। ਸਬਦੁ – ਬਖ਼ਸ਼ਿਸ਼। ਸਬਦੁ ਦੀਪਕਿ – ਉਸ ਅਕਾਲ ਪੁਰਖ ਦੀ ਬਖਸ਼ਿਸ਼ ਦੇ ਦੀਪਕ। ਦੀਪਾਯਉ – ਜਗਾਇਆ। ਜਿਹ ਸਿਖਹ ਸੰਗ੍ਰਹਿਓ ਤਤੁ – ਜਿਨ੍ਹਾਂ ਨੇ ਤਤੁ ਗਿਆਨ ਦੀ ਸਿੱਖਿਆ ਗ੍ਰਹਿਣ ਕੀਤੀ। ਹਰਿ ਚਰਣ ਮਿਲਾਯਉ – ਉਹ ਨਿਰੰਕਾਰ ਹਰੀ ਦੇ ਚਰਨਾਂ ਭਾਵ ਗਿਆਨ ਨਾਲ ਮਿਲ ਗਏ ਭਾਵ ਜੁੜ ਗਏ। ਨਾਨਕ ਕੁਲਿ ਨਿੰਮਲੁ – ਨਾਨਕ ਦੀ ਨਿਰਮਲ ਵਿਚਾਰਧਾਰਾ। ਕੁਲਿ – ਵੀਚਾਰਧਾਰਾ। (ਨੋਟ:- ਨਾਨਕ ਕੁਲਿ ਤੋਂ ਭਾਵ ਨਾਨਕ ਜੀ ਦੀ ਵੀਚਾਰਧਾਰਾ ਅਪਣਾਉਣ ਤੋਂ ਹੈ)। ਅਵਤਰਿ੍ਯ੍ਯਉ – ਜਨਮ ਹੋਇਆ। ਸੰਗਿ – ਜੁੜਨ ਨਾਲ, ਸੰਗ ਕਰਨ ਨਾਲ। ਹੁਅ – ਹੋਇਆ। ਅੰਗਦ – ਪੂਰਨ ਤੌਰ `ਤੇ ਨਾਨਕ ਕੁਲਿ-ਵੀਚਾਰਧਾਰਾ ਨਾਲ ਜੁੜਨ ਕਰਕੇ। ਗੁਰ – ਗਿਆਨ। ਤਾਰਣ ਤਰਣ – ਡੁੱਬਣ ਤੋਂ ਬਚਣ-ਤਰਨ ਲਈ ਸਾਰਥਿਕ। ਜਨਮ - ਜੀਵਨ, ਜ਼ਿੰਦਗੀ, ਉੱਤਪਤੀ, ਪੈਦਾਇਸ਼। ਜਨਮ ਜਨਮ – ਜੀਵਨ ਤੋਂ ਅੱਗੇ ਵੀਚਾਰਧਾਰਕ ਜੀਵਨ। ਪਾ – ਪ੍ਰੇਰਨਾ। ਤੁਅ – ਰਹੇ ਹਨ। ਤੁਅ - ਪ੍ਰੇਰਨਾ ਕਰ ਰਹੇ ਹਨ।

ਅਰਥ:- ਹੇ ਭਾਈ! ਉਹ ਨਿਰੰਕਾਰ ਜਿਸ ਦੀ ਜੋਤਿ ਆਕਾਰ ਤੋਂ ਰਹਿਤ ਹੈ, ਜਿਸ ਨੇ ਜਗਤ ਮੰਡਲ ਦੀ ਸਿਰਜਣਾ ਕੀਤੀ ਹੈ, ਉਹ ਆਪਣੀ ਕਲਾ ਆਪ ਵਰਤਾ ਕੇ ਆਪ ਆਪਣੀ ਜਗਤ-ਰਚਨਾ ਵਿੱਚ ਹੀ ਰੰਮਿਆ ਹੋਇਆ ਹੈ ਭਾਵ ਆਪਣੀ ਜਗਤ-ਰਚਨਾ ਵਿੱਚ ਬਖ਼ਸ਼ਿਸ਼ ਰੂਪ ਵਿੱਚ ਹਰ ਜਗ੍ਹਾ ਵਿਆਪਕ ਹੈ। ਜਿਨ੍ਹਾਂ ਨੇ ਉਸ ਨਿਰੰਕਾਰਿ ਨੂੰ ਸਰਬ ਵਿਆਪਕ ਜਾਣਿਆ, ਉਨ੍ਹਾਂ ਨੇ ਇਸ ਗਿਆਨ ਦੇ ਦੀਪਕ ਨੂੰ ਅੱਗੇ ਤੋਂ ਅੱਗੇ ਜਗਾਇਆ। ਜਿਨ੍ਹਾਂ ਨੇ ਇਹ ਤੱਤ ਗਿਆਨ ਦੀ ਸਿੱਖਿਆ ਗ੍ਰਹਿਣ ਕੀਤੀ, ਉਹ ਨਿਰੰਕਾਰ ਹਰੀ ਦੇ ਚਰਨਾਂ-ਗਿਆਨ ਨਾਲ ਮਿਲ ਗਏ, ਭਾਵ ਜੁੜ ਗਏ। ਇਸ ਤਰ੍ਹਾਂ ਨਾਨਕ ਕੁਲ ਦੀ ਨਿਰਮਲ ਵੀਚਾਰਧਾਰਾ ਦਾ ਜਨਮ ਲਹਣਾ ਜੀ ਦੇ ਅੰਦਰ ਇਸ ਵੀਚਾਰਧਾਰਾ ਨਾਲ ਜੁੜਨ ਕਰਕੇ ਹੋਇਆ। ਭਾਵ ਲਹਣਾ ਜੀ, ਪੂਰਨ ਤੌਰ `ਤੇ ਇਸ ਵੀਚਾਰਧਾਰਾ ਨਾਲ ਜੁੜਨ ਕਰਕੇ, ਨਾਨਕ ਕੁਲ/ਵੀਚਾਰਧਾਰਾ ਅੰਦਰ ਲਹਣਾ ਜੀ ਤੋਂ ਅੰਗਦ ਅਖਵਾਏ। ਹੇ ਭਾਈ! ਇਸੇ ਤਰ੍ਹਾਂ ਹੀ ਉਸੇ ਗਿਆਨ ਗੁਰੂ ਦੀ ਸ਼ਰਨ ਜੋ (ਕਰਮ-ਕਾਂਡੀ) ਵੀਚਾਰਧਾਰਾ ਵਿੱਚ ਡੁੱਬਣ ਤੋਂ ਬਚਣ ਲਈ ਸਾਰਥਿਕ-ਤਾਰਨ ਤਰਨ ਹੈ, ਉਸੇ ਵੀਚਾਰਧਾਰਾ ਗਿਆਨ ਗੁਰੂ ਦੀ ਕੁਲਿ-ਵੀਚਾਰਧਾਰਾ ਦਾ ਜਨਮ ਅਮਰਦਾਸ ਜੀ ਦੇ ਜੀਵਨ ਵਿੱਚ ਵੀ ਹੋਇਆ ਅਤੇ ਉਸ ਵੀਚਾਰਧਾਰਾ ਗਿਆਨ ਗੁਰੂ ਦੀ ਸ਼ਰਨ ਪੈਣ-ਆਉਣ ਲਈ ਹੀ ਅੱਗੇ ਪ੍ਰੇਰਨਾ ਕਰ ਰਹੇ ਹਨ।
.