.

“ਪਾਠੰਤਰ ਵੀਚਾਰ-3”

‘ਤਿਨਰ/ ਤਿ ਨਰ’

ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੧੩੯੪ ‘ਤੇ ਭੱਟ ਬਾਣੀ ਅੰਦਰ ਲਫਜ਼ ‘ਤਿ ਨਰ’ ਤਕਰੀਬਨ ਦੱਸ ‘ਕੁ ਬਾਰ ਵਰਤਿਆ ਹੈ, ਮੋਜੂਦਾ ਬੀੜ ਅੰਦਰ ਭਾਵੇਂ ਇਹ ਲਫ਼ਜ਼ ਅਲੱਗ ਅਲੱਗ ਪ੍ਰਿੰਟ ਹੈ ਪਰ ਗੁਰਬਾਣੀ ਵਿਆਕਰਣ ਅਨੁਸਾਰ ‘ਤਿਨਰ’ ਅਤੇ ‘ਤਿ ਨਰ’ ਦਾ ਅਰਥਾਂ ਵਿਚ ਬੜ੍ਹਾ ਭਾਰੀ ਅੰਤਰ ਹੈ ਇਸ ਕਰਕੇ ਹੀ ਉਚਾਰਣ ਵਿਚ ਕਾਫੀ ਫਰਕ ਪੈ ਜਾਂਦਾ ਹੈ, ਇਸ ਸਵਈਏ ਵਿਚ ਹੀ ਆਏ ‘ਤਿ ਨਰ’ ਲਫਜ਼ ਦਾ ਉਚਾਰਣ ਅਰਥ ਅਲੱਗ ਅਲੱਗ ਹੈ, ਪਹਿਲਾਂ ਵਿਆਕਰਣਿਕ ਨਿਯਮ ਸਮਝੀਏ

“ਤਿ ਨਰ” - ਇਹ ਦੋ ਪਦਾਂ ਦਾ ਸਮਾਸ ਹੈ {ਤਿ-ਨਰ} ਅਤੇ ‘ਨਿਸ਼ਚੇ ਵਾਚੀ ਪੜਨਾਂੜ ਬਹੁਵਚਨ ਹੈ ਇਸਦਾ ਅਰਥ ਹੈ ‘ਉਹ ਮਨੁੱਖ’

“ਤਿਨਰ”- ਜੁੜਤਰੂਪ ਵਾਲਾ ‘ਤਿਨਰ’ ਦੋਂ ਪਦਾਂ ਦੀ ਸੰਧੀ ਹੈ ‘{ਤਿਨ+ਨਰ}’ ਅਤੇ ‘ਨਿਸ਼ਚੇਵਾਚੀ ਪੜਨਾਂਵ ਬਹੁਵਚਨ ਸੰਪ੍ਰਦਾਨ ਕਾਰਕ ‘ ਹੈ ਇਸ ਦਾ ਅਰਥ ਹੈ ‘ਉਹਨਾਂ ਮਨੁੱਖਾਂ ਨੂੰ’

“ ਉਚਾਰਣ”- ਜੁੜਤ ਰੂਪ ‘ਤਿਨਰ’ ਦਾ ਉਚਾਰਣ ਕਰਨ ਲਗਿਆਂ ‘ਨ’ ਦਾ ਉਚਾਰਣ ਬੱਲ ਧੁਨੀ ਨਾਲ ਕੀਤਾ ਜਾਏ

‘ਤਿ ਨਰ’- ਦਾ ਉਚਾਰਣ ‘ਤਿ’ ਪਦ ਦੀ ਧੁਨੀ ਦਾ ਉਚਾਰਣ ਕੱਸਵਾਂ’ ਹੈ

ਇਸ ਸਵਈਏ ਵਿਚ ਅਸੀਂ ‘ਤਿ ਨਰ’ ਨੂੰ ਅਰਥਾਂ ਮੁਤਾਬਕ ਪਦ-ਛੇਦ ਅਤੇ ਜੁੜਤਰੂਪ ਕੀਤਾ ਹੈ, ਤਾਂ ਕਿ ਉਚਾਰਣ ਕਰਨਿ ਲਗਿਆਂ ਮੁਸ਼ਕਲ ਨਾਂ ਆਵੇ -:

‘ਤਿਨਰ ਦੁਖ ਨਹ ਭੁਖ, ‘ਤਿ ਨਰ’ ਨਿਧਨ ਨਹੁ ਕਹੀਅਹਿ’

ਪਹਿਲਾਂ ਜੁੜਤਰੂਪ ਵਿਚ ਫਿਰ ਪਦ-ਛੇਦ

‘ਤਿਨਰ ਸੋਕੁ ਨਹੁ ਹੂਐ, ਤਿ ਨਰ ਸੇ ਅੰਤੁ ਨ ਲਹੀਅਹਿ’

‘ਤਿ ਨਰ ਸੇਵ ਨਹੁ ਕਰਹਿ, ਤਿਨਰ ਸਯ ਸਹਸ ਸਮਪਹਿ

‘ਤਿ ਨਰ ਦੁਲੀਚੈ ਬਹਹਿ, ਤਿ ਨਰ ਉਥਪਿ ਬਿਥਪਹਿ

ਸੁਖ ਲਹਹਿ ਤਿ ਨਰ ਸੰਸਾਰ ਮਹਿ, ਅਭੈ ਪਟੁ ਰਿਪ ਮਧਿ ਤਿਹ

ਸਕਯਥ ਤਿ ਨਰ ਜਾਲਪੁ ਭਣੈ, ਗੁਰ ਅਮਰਦਾਸ ਸੁਪ੍ਰਸੰਨੁ ਜਿਹ” (1394)

‘ਹਰਿਹਾਂ’

ਸੰਪ੍ਰਦਾਈ ਸ਼ਟੀਕ ਵਿਚ ‘ਫੁਨਹੇ’ ਪ੍ਰਤੀ ਇਹ ਸੂਚਨਾ ਦਿੱਤੀ ਹੈ ਇਸ ਸਿਰਲੇਖ ਅਧੀਨ ਬਾਣੀ ਵਿਚ ਲਫਜ਼ ‘ਹਰਿਹਾਂ’ ਗੁਰੂ ਅਰਜਨ ਸਾਹਿਬ ਜੀ ਦੀ ਸਾਲੀ ਉਸ ਨੂੰ ਗੁਰੂ ਜੀ ਨੇ ਉਪਦੇਸ਼ ਦਿੱਤਾ ਹੈ|

‘ਗੁਰਬਾਣੀ ਪਾਠ ਦਰਪਨ’ {ਪ੍ਰਕਾਸ਼ਕ ਗਿ. ਗੁਰਬਚਨ ਸਿੰਘ ਜੀ ਐਡੀਸ਼ਨ 1998} ਵਿਚ ਇਹ ਸੂਚਨਾ ਦਰਜ ਹੈ -:

“ਹਰਿਹਾਂ ਸਖੀ ਦਾ ਨਾਮ ਹੈ ਇਹ ਮਾਂਉ ਪਿੰਡ ਵਿਚ ਮਹਾਰਾਜ ਦੇ ਅੰਨਦ ਕਾਰਜ ਵੇਲੇ ਹਰਿਹਾਂ ਦੇ ਪ੍ਰਥਾਇ ਬਾਣੀ ਰਚੀ ਸੀ”

ਵੀਚਾਰ :

ਉਪਰੋਕਤ ਵੀਚਾਰ ਮਨੋਕਲਪਿਤ ਹਨ,

‘ਫੁਨਹਾ’ ਸਿਰਲੇਖ ਹੇਠ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪੰਨਾ 1361 ਉੱਪਰ ਦਰਜ ਹੈ

‘ਫੁਨਹਾ’ ਲਫਜ਼ ਸੰਸਕ੍ਰਿਤ ਦੇ ‘ਪੁਨਹ’ ਦਾ ਤਦਭਵ ਰੂਪ ਹੈ ਇਸ ਦਾ ਅਰਥ ਹੈ ਮੁੜ ਮੁੜ ਕੇ, ਬਾਰ-ਬਾਰ, ਇਕ ਸ਼ਬਦ ਦੀ ਟੇਕ ਬਾਰ ਬਣਾਈ ਜਾਵੇ, ਇਸ ਬਾਣੀ ਵਿਚ ‘ਹਰਿਹਾਂ’ ਸ਼ਬਦ ਦੀ ਵਰਤੋਂ 19 ਵਾਰ ਕੀਤੀ ਹੈ, ਹਿੰਦੀ ਸਾਹਿਤ ਅਨੁਸਾਰ ਇਹ ਛੰਦ ‘ਅੜਿਲ’ ਕਰਕੇ ਪ੍ਰਸਿਧ ਹੈ, ਪਟਿਆਲਾ ਯੂਨੀਵਰਸਟੀ ਵੱਲੋਂ ਵਜੀਦ ਜੀ ਦੀ ਬਾਣੀ ਨਾਮਕ ਇਕ ਪੁਸਤਕ ਪ੍ਰਕਾਸ਼ਿਤ ਕੀਤੀ ਹੈ, ਇਹ ਵਜੀਦ ਜੀ ਉਹ ਹਨ ਜਿਹਨਾਂ ਦੀ ਆਮ ਕਰਕੇ ਇਹ ਲਾਈਨਾਂ ਪ੍ਰਸਿਧ ਹਨ-:

“ ਵਜੀਦਾ ਕਉਨ ਸਾਹਿਬ ਨੂੰ ਆਖੇ ਇੰਜ ਨਹੀਂ, ਇੰਜ ਕਰ” (ਵਜੀਦ ਬਾਣੀ)

ਇਸ ਪੁਸਤਕ ਵਿਚ ਵਜੀਦ ਜੀ ਨੇ ਆਪਣੀ ਬਾਣੀ ‘ਚ’ ਬਾਰ-ਬਾਰ ‘ਹਰਿਹਾ’ ਦਾ ਸ਼ਬਦ ਦਾ ਪ੍ਰਯੋਗ ਕੀਤਾ ਹੈ; ਕੀ ਉਹ ਭੀ ‘ਹਰਿਹਾਂ’ ਕੋਈ ਇਸਤਰੀ ਨਾਂਮ ਹੈ?

ਅਸਲ ਵਿਚ ‘ਹਰਿਹਾਂ’ ਸੰਬੋਧਨ ਰੂਪ ਵਿਚ ਛੰਦਾਂ ਦੇ ਅੰਤ ਵਿਚ ਵਰਤਿਆ ਹੈ , ਜਿਵੇਂ ਕੇ ਅੜਿੱਲ ਦੇ ਪਿਛਲੇ ਚਰਣ ਵਿਚ ‘ਹੋ’ ਆਉਂਦਾ ਹੈ, ਇਹ ਲਫਜ਼ ਇਕ ਟੇਕ ਮਾਤ੍ਰ ਹੈ ਜਿਵੇਂ ਸ੍ਵੈਯਾਂ ਵਿਚ ਅੰਤ ‘ਹਾਂ ਕਿ’ ਆਉਂਦਾ ਹੈ, ਇਹ ਗੱਲ ਆਖਣੀ ਕਿ ਇਹ ਨਾਂਮ ਗੁਰੂ ਅਰਜਨ ਸਾਹਿਬ ਜੀ ਦੀ ‘ਸਾਲੀ’ ਦਾ ਹੈ ਇਹ ਬਿਲਕੁਲ ਕਲਪਿਤ ਹੈ ਕਿਉਂਕਿ ਗੁਰੂ ਅਰਜਨ ਸਾਹਿਬ ਦਾ ਵਿਵਾਹ ਗੁਰ-ਗੱਦੀ ਪ੍ਰਾਪਤੀ ਤੋਂ ਦੋ ਸਾਲ ਪਹਿਲਾਂ ਹੋਇਆ ਸੀ, ਗੁਰ-ਗੱਦੀ ਦੀ ਪ੍ਰਾਪਤੀ ਤੋਂ ਪਹਿਲਾਂ ਉਹਨਾਂ ਵੱਲੋ ‘ਨਾਨਕ’ ਛਾਪ ਦੀ ਵਰਤੋਂ ਕੀਤੇ ਜਾਣਾ ਗੁਰਮਤਿ ਰਵਾਇਤ ਅਨੁਸਾਰ ਸੰਭਵ ਨਹੀਂ ਹੋ ਸਕਦਾ, ਇਸ ਕਰਕੇ ‘ਫੁਨਹਾ’ ਇਕ ਛੰਦ ਹੈ ਇਸ ਵਿਚ ਅੰਤਲੀ ਤੁਕ ਦਾ ਪਦਾ ‘ਹਰਿਹਾਂ’ ਹਰੇਕ ਛੰਦ ਵਰਤੇ ਜਾਣ ਕਰਕੇ ਇਸ ਦਾ ਨਾਮ 5’ਫੁਨਹੇ’ ਹੈ, ਪਿੰਗਲ ਅਨੁਸਾਰ ਇਹ ਛੰਦ ਆਮ ਤੌਰ ਤੇ 11+10 ਮਾਤ੍ਰਾ ਦਾ ਹੁੰਦਾ ਹੈ, ਪਹਿਲਾ ਵਿਸ੍ਰਾਮ 11 ਤੇ ਦੂਜਾ 10 ਤੇ ਲਗਦਾ ਹੈ,

‘ਹਰਿਹਾਂ’ ਲਫਜ਼ ਵਿਚੋਂ ਵਿਆਕਰਣ ਅਨੁਸਾਰ ਕੋਈ ਸੰਬੰਧਕੀ ਅਰਥ ਨਹੀਂ ਨਿਕਲ ਸਕਦੇ ਇਸ ਕਰਕੇ ਇਸਦਾ ਪ੍ਰਸੰਗਕ ਅਰਥ ‘ਹੇ ਹਰੀ’ ਠੀਕ ਹੈ ਅਤੇ ‘ਰ’ ਨੂੰ ਲੱਗੀ ਸਿਹਾਰੀ ਉਚਾਰਣ ਦਾ ਭਾਗ ਹੈ, ਅਤੇ ਇਹ ਸ਼ਬਦ ਭੀ ਇਕੱਠ ਵਿਚ ਹੀ ਉਚਾਰਣਾ ਹੈ

“ਬਾਲਤਣਿ”

ਗੁਰਬਾਣੀ ਵਿਚ ‘ਬਾਲਤਣਿ’ ਲਫਜ਼ ਕੇਵਲ ਦੋ ਵਾਰ ਹੀ ਆਇਆ ਹੈ ਇਸ ਦੇ ਉਚਾਰਣ ਸੰਬੰਧੀ ਵਖ਼ਰੇਵਾਂ ਹੈ, ਪਹਿਲਾਂ ਪੰਗਤੀਆਂ ਦੇ ਦਰਸ਼ਨ ਕਰੀਏ-:

“ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ” (138)

“ ਨਾਨਕ ਬਾਲਤਣਿ ਰਾਡੇਪਾ ਬਿਨੁ ਪਿਰੁ ਧਨ ਕੁਮਲਾਣੀ” (763)

ਗੁਰਬਾਣੀ ਪਾਠ ਦਰਪਣ{ਪ੍ਰਕਾਸ਼ਕ ਗਿ. ਗੁਰਬਚਨ ਸਿੰਘ} ਵਿਚ ਇਸ ਸ਼ਬਦ ਦੇ ਉਚਾਰਣ ਸੰਬੰਧੀ ਇਹ ਸੂਚਨਾ ਦਿੱਤੀ ਹੈ ਕਿ ਉਪਰੋਕਤ ਪੰਗਤੀਆਂ ‘ਚੋਂ ਪਹਿਲੀ ਪੰਗਤੀ ਵਿਚ ਆਇਆ ‘ਬਾਲਤਣਿ’ ਦਾ ਉਚਾਰਣ ‘ਬਾਲਤੱਣਿ’ ਅਤੇ ਦੂਜੀ ਪੰਗਤੀ ਵਿਚ ਅਧੱਕ ਰਹਿਤ ਉਚਾਰਣ ਦੀ ਸੂਚਨਾ ਦਿਤੀ ਹੈ|

ਗਿ. ਹਰਬੰਸ ਸਿੰਘ ਜੀ ਨੇ ਉਪਰੋਕਤ ਸ਼ਬਦਾਂ ਨੂੰ ਅਧੱਕ ਰਹਿਤ ਉਚਾਰਣ ਦਸਿਆ ਹੈ|

ਪਰ ਗੁਰਬਾਣੀ ਲਿਖਣਢੰਗ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਉਚਾਰਣ ਵਾਲੀ ਸਮੱਸਿਆ ਆਪਨੇ ਆਪ ਹੱਲ ਹੋ ਜਾਂਦੀ ਹੈ, ਗੁਰਬਾਣੀ ਵਿਚ ਏਸੇ ਸ਼੍ਰੇਣੀ ਦੇ ਸ਼ਬਦ ‘ਭੋਲਤਣਿ’, ਪੀਰਤਨ, ਸੂਰਤਣ, ਜੋਗਤਨ, ਕਉੜਤਣਿ’ ਆਦਿਕ ਸ਼ਬਦ ਆਉਂਦੇ ਹਨ, ਇਹਨਾਂ ਸਮੂਹ ਸ਼ਬਦਾਂ ਦਾ ਉਚਾਰਣ ਵਿਸ਼ੇਸ਼ਣ ਰੂਪ ਵਿਚ ‘ਬਾਲੱਤਣਿ, ਭੋਲੱਤਣਿ, ਪੀਰੱਤਨ, ਸੂਰੱਤਣ, ਜੋਗੱਤਨ’ ਕਉੜੱਤਣਿ’ ਅਧੱਕ ਸਹਿਤ ਕਰਣਾ ਚਾਹੀਦਾ ਜਿਸ ਨਾਲ ਕਾਵਿਕ ਸੁਮੇਲ ਭੀ ਬਣ ਜਾਂਦਾ ਹੈ, ਭਾਵ ਇਸ ਸ਼੍ਰੇਣੀ ਦੇ ਸ਼ਬਦ ਜਿਹਨਾਂ ਦੇ ਪਿਛੇਤਰ ‘ਤਣਿ’ ਲੱਗੇ ਉਹਨਾਂ ਦਾ ਉਹਨਾਂ ਸ਼ਬਦਾਂ ਦਾ ਉਚਾਰਣ ਅਧੱਕ ਸਹਿਤ ਕਰਨਾ ਚਾਹੀਦਾ ਹੈ

“ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ” (138)

ਬਾਲਤਣਿ-{ਨਾਂਵ ਵਿਸ਼ੇਸ਼ਣ,ਅਧਿਕਰਨ ਕਾਰਕ} ਬਾਲਕਪਨ ਵਿਚ {ਪੰਜਾਬੀ ਵਿਚ ਬਾਲਪਨ ਦਾ ਦੂਜਾ ਰੂਪ} ਉਚਾਰਣ -ਬਾਲੱਤਣਿ ਵਾਂਗ

“ਨਾਨਕ, ਬਾਲਤਣਿ ਰਾਡੇਪਾ ਬਿਨੁ ਪਿਰ ਧਨ ਕੁਮਲਾਣੀ” (763)

ਬਾਲਤਣਿ-{ਨਾਂਵ ਵਿਸ਼ੇਸ਼ਣ ਅਧਿਕਰਣ ਕਾਰਕ} ਬਾਲ ਉਮਰ ਵਿਚ {ਉਚਾਰਣ-ਬਾਲਤੱਣਿ}

ਇਸ ਤੋਂ ਅਲਾਵਾ ਗੁਰਬਾਣੀ ਵਿਚ ਇਹ ਸ਼ਬਦ ਭੀ ਆਉਂਦੇ ਹਨ ਜਿਹਨਾਂ ਦੇ ਪਿੱਛੇ ‘ਪਨ’ ਲਗਦਾ ਹੈ ਜਿਵੇਂ ‘ਬਡਪਨਾ, ਡਾਹਪਣਿ, ਆਦਿ ਸ਼ਬਦਾਂ ਨੂੰ ਅਧੱਕ ਰਹਿਤ ‘ਬਡਪਨਾ, ਡਾਹਪਣਿ’ ਉਚਾਰਣਾ ਚਾਹੀਦਾ ਹੈ

“ ਡਾਹਪਣਿ ਤਨਿ ਸੁਖੁ ਨਹੀ ਬਿਨੁ ਡਰ ਬਿਣਠੀ ਡਾਰ” (933)

ਡਾਹਪਣਿ-{ਨਾਂਵ ਇਸਤਰੀ ਲਿੰਗ ਭਾਵਵਾਚਕ, ਵਿਸ਼ੇਸ਼ਣ, ਅਧਿਕਰਣ ਕਾਰਕ} ਦਾਹਪਣ ਤੋਂ ਡਾਹਪਣਿ, ਤ੍ਰਿਸ਼ਣਾ ਦੀ ਅੱਗ ਵਿਚ, ਉਚਾਰਣ-ਡਾਹਪਣਿ

“ਜਲਿ ਜਾਉ ਏਹੁ ਬਡਪਨਾ ਮਾਇਆ ਲਪਟਾਏ” (745)

ਬਡਪਨਾ-{ਨਾਂਵ ਭਾਵ ਵਾਚਕ ਇਸਤਰੀ ਲਿੰਗ} ਵਡਿਆਈ ,ਉਚਾਰਣ-ਬਡਪਨਾ

ਭੁੱਲ-ਚੁਕ ਮੁਆਫ

ਹਰਜਿੰਦਰ ਸਿੰਘ ‘ਘੜਸਾਣਾ’

Khalsasingh.hs@gmail.com
.