.

ਸਿੱਖ ਕੌਮ ਨੂੰ ਦਰਪੇਸ਼ ਮਸਲੇ ਅਤੇ ਉਨ੍ਹਾਂ ਦੇ ਹੱਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
੧੯੨੫ ਬਸੰਤ ਐਵੇਨਿਊ, ਲੁਧਿਆਣਾ
(ਕਿਸ਼ਤ ਨੰ: 4)

ਕੇਂਦਰੀ ਸੰਸਥਾ ਦੀ ਸਥਾਪਨਾ
ਪਹਿਲਾਂ ਦਸੇ ਅਨੁਸਾਰ ਸਿੱਖ ਕੇਂਦਰੀ ਸ਼ਕਤੀਆਂ ਬਹੁਤ ਕਮਜ਼ੋਰ ਹੋ ਗਈਆਂ ਹਨ, ਬੇਅਸਰ ਹਨ ਤੇ ਲਗਭਗ ਟੁੱਟ ਹੀ ਗਈਆਂ ਹਨ। ਉਹਨਾਂ ਨੂੰ ਮੁੜ ਸੁਰਜੀਤ ਕਰਨ ਅਤੇ ਸਿੱਖ ਮਰਿਆਦਾ ਅਨੁਸਾਰ ਕੰਮ ਕਰਨ ਦੀ ਸੇਧ ਦੇਣੀ ਚਾਹੀਦੀ ਹੈ। ਇਨ੍ਹਾਂ ਸੰਸਥਾਂਵਾਂ ਦਾ ਕੰਟਰੋਲ ਉਨ੍ਹਾਂ ਹੱਥਾਂ ਵਿੱਚ ਦੇਣਾ ਚਾਹੀਦਾ ਹੈ ਜੋ ਸਿੱਖੀ ਅਧਿਆਤਮਕਤਾ ਅਤੇ ਸਿੱਖੀ ਸਰੂਪ ਦੀ ਜਿਊੰਦੀ ਜਾਗਦੀ ਮਿਸਾਲ ਹੋਣ ਤੇ ਕਿਸੇ ਵੀ ਪੱਖਪਾਤੀ ਅਤੇ ਰਾਜਨੀਤਕ ਪ੍ਰਭਾਵ ਤੋਂ ਦੂਰ ਹੋਣ। ਉਨ੍ਹਾਂ ਦਾ ਮੁੱਖ ਨਿਸ਼ਾਨਾਂ ਸਿੱਖੀ ਦਾ ਵਿਸ਼ਵ ਪੱਧਰ ਤੇ ਚੜ੍ਹਦੀ ਕਲਾ ਰੱਖਣ ਦਾ ਹੋਣਾ ਚਾਹੀਦਾ ਹੈ। ਜ਼ਾਤੀ ਮੁਫਾਦਾਂ ਅਤੇ ਇਖਤਲਾਫਾਂ ਤੋਂ ਦੂਰ ਰਹਿ ਕੇ (ਜਲ ਮੇਂ ਕਮਲ ਸਮਾਨ) ਉਨ੍ਹਾਂ ਨੂੰ ਸਿੱਖ ਪੰਥ ਨੂੰ ਸੁਚੱਜੀ ਸੇਧ ਦੇਣੀ ਚਾਹੀਦੀ ਹੈ। ਇੱਕ ਵਿਅਕਤੀ ਦਾ ਕੰਟਰੋਲ ਇਸ ਨੂੰ ਕਮਜ਼ੋਰ ਕਰਦਾ ਹੈ। ਨਿਜੀ ਸਵਾਰਥਾਂ ਦੀ ਬਜਾਏ ਸਿੱਖੀ ਦੇ ਵਿਕਾਸ ਵੱਲ ਧਿਆਨ ਦੇਣ ਦੀ ਲੋੜ ਹੈ। ਸਮੇਂ ਦੀ ਮੰਗ ਹੈ ਕਿ ਧਰਮ ਨੂੰ ਰਾਜਨੀਤੀ ਤੋਂ ਵੱਖ ਕੀਤਾ ਜਾਵੇ। ਸਿੱਖ ਧਰਮ ਅਧਿਆਤਮਕ ਮੁੱਲਾਂ ਅਤੇ ਅਧਿਆਤਮ ਸ਼ਕਤੀ ਤੇ ਅਧਾਰਿਤ ਹੈ। ਰਾਜਨੀਤਕ ਸ਼ਕਤੀ ਦੂਜੇ ਥਾਂ ਤੇ ਆਉਂਦੀ ਹੈ। ਸ੍ਰੀ ਗੁਰੁ ਹਰਗੋਬਿੰਦ ਸਾਹਿਬ ਅਤੇ ਸ੍ਰੀ ਗੁਰੁ ਗੋਬਿੰਦ ਸਿੰਘ ਇਸ ਵਿਸ਼ੇ ਦੇ ਸਹੀ ਮਾਰਗ ਦਰਸ਼ਕ ਹਨ। ਉਹਨਾਂ ਵਿੱਚ ਅਧਿਆਤਮਕ ਸ਼ਕਤੀ ਸੀ। ਅਧਿਆਤਮਕ ਲੀਡਰਾਂ ਦੇ ਹੱਥ ਵਿੱਚ ਰਾਜਨੀਤਕ ਸ਼ਕਤੀ ਸਿੱਖੀ ਦਾ ਵਿਕਾਸ ਕਰ ਸਕਦੀ ਹੈ ਪਰ ਅਸ਼ੁੱਧ ਰਾਜਨੀਤਕ ਲੀਡਰ ਤਬਾਹੀ ਹੀ ਮਚਾਉਣਗੇ। ਅੱਗੇ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ। ਸਿੱਖਾਂ ਦਾ ਇਹਨਾਂ ਸੰਸਥਾਂਵਾਂ ਵਿੱਚ ਵਿਸ਼ਵਾਸ ਟੁੱਟ ਚੁੱਕਾ ਹੈ। ਇਹੀ ਕਾਰਨ ਹੈ ਕਿ ਸਿੱਖ ਸਿੱਖੀ ਤੋਂ ਟੁੱਟ ਰਹੇ ਹਨ ਅਤੇ ਹੋਰ ਡੇਰਿਆਂ ਨਾਲ ਜੁੜ ਰਹੇ ਹਨ। ਇਨ੍ਹਾਂ ਨੂੰ ਅਜੌਕੀ, ਗੰਦੀ, ਭ੍ਰਿਸ਼ਟ, ਆਪਾਧਾਰੀ ਮਾਇਆਧਾਰੀ ਅਤੇ ਪਰਿਵਾਰ ਵਧਾਊ ਰਾਜਨੀਤੀ ਤੋਂ ਹਟ ਕੇ ਰਹਿਣਾ ਚਾਹੀਦਾ ਹੈ। ਧਾਰਮਿਕ ਆਗੂਆਂ ਦਾ ਸਿੱਖ ਧਰਮ ਪ੍ਰਤੀ ਸਮਰਪਣ ਹੀ ਉਨ੍ਹਾਂ ਨੂੰ ਸਿੱਖ ਪੰਥ ਦਾ ਇਨ੍ਹਾਂ ਸੰਸਥਾਂਵਾਂ ਪ੍ਰਤੀ ਗੁਆਚਿਆ ਵਿਸ਼ਵਾਸ਼ ਪ੍ਰਾਪਤ ਕਰਨ ਵਿੱਚ ਮਦਦ ਦੇਵੇਗਾ ਜੋ ਸਿੱਖ ਡੇਰਿਆਂ ਨਾਲ ਜੁੜੇ ਹਨ ਜਾਂ ਜੁੜਨ ਲਈ ਜਾਂਦੇ ਹਨ ਸਾਰੇ ਹੀ ਵਾਪਸ ਪਰਤਣਗੇ। ਅਕਾਲ ਤਖਤ ਸਾਡੀ ਸਰਵ ਉੱਚ ਸ਼ਕਤੀ ਹੈ। ਇਹ ਸਾਡੀ ਸਿੱਖ ਸ਼ਕਤੀ ਦਾ ਆਧਾਰ ਹੈ। ਇਸ ਦੇ ਪੂਰੇ ਪ੍ਰਭਾਵ ਨਾਲ ਨਾਲ ਸਥਾਨਕ ਕਬਜ਼ਾ ਖਤਮ ਸਕਦਾ ਹੈ ਸਿੱਖਾਂ ਵਿੱਚ ਪਾੜਾ ਵੀ ਨਹੀਂ ਪਵੇਗਾ ਸਰਵ ਭਾਰਤੀ ਗੁਰਦੁਆਰਾ ਐਕਟ ਦੀ ਲੋੜ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਇਰਾ ਵਧਾਵੇ ਤਾਂ ਜੋ ਸਿੱਖਾਂ ਨੂੰ ਰਾਸ਼ਟਰੀ ਪੱਧਰ ਤੇ ਪਹਿਚਾਣ ਮਿਲੇ। ਅਕਾਲ ਤਖਤ ਦੀ ਰਹਿਨੁਮਾਈ ਹੇਠ ਵਿਸ਼ਵ ਸਿੱਖ ਕਾਊਂਸਲ ਬਣਾਈ ਜਾਵੇ। ਸਤੰਬਰ ੧੯੯੫ ਵਿੱਚ ਵਿਸ਼ਵ ਸਿੱਖ ਸੰਮੇਲਨ ਵਿੱਚ ਵਿਸ਼ਵ ਸਿੱਖ ਕਾਊਂਸਲ ਦਾ ਮਤਾ ਪਾਸ ਹੋਇਆ ਜੋ ਇਸ ਮਿਸ਼ਨ ਲਈ ਸਭ ਤੋਂ ਉੱਚੀ ਅਤੇ ਸਰਵਹਿਤਕਾਰੀ ਸੰਸਥਾ ਸਿੱਧ ਹੋ ਸਕਦੀ ਹੈ। ਵਿਸ਼ਵ ਦੇ ਸਾਰੇ ਗੁਰਦੁਆਰਿਆਂ ਨੂੰ ਅਕਾਲ ਤਖਤ ਦੇ ਘੇਰੇ ਹੇਠ ਲਿਆ ਸਕਦੀ ਹੈ। ਇਹੀ ਇੱਕ ਅਜਿਹੀ ਸੰਸਥਾ ਹੈ ਜੋ ਗੁਰੂ ਪੰਥ ਨੂੰ ਜੀਵਨ ਦਾਨ ਦੇ ਸਕਦੀ ਹੈ।
ਇਸ ਕੌਂਸਲ ਨੂੰ ਦੁਬਾਰਾ ਜੀਵਾਣਾਂ ਤੇ ਵਿਸ਼ਵ ਪੱਧਰ ਦੇ ਸੂਝਵਾਨ ਵਿਅਕਤੀ ਦੇ ਹੱਥ ਸੋਂਪਣਾ ਹੀ ਇਸ ਦੀ ਕਾਮਯਾਬੀ ਦਾ ਹੱਲ ਹੈ। ਇਸ ਕੌਂਸਲ ਨੂੰ ਸਾਰੇ ਸਿੱਖ ਭਰਾਵਾਂ ਨੂੰ ਨਾਲ ਮਿਲਾ ਕੇ ਉਹਨਾਂ ਦੀਆਂ ਗਤੀਵਿਧੀਆਂ ਨੂੰ ਸੰਚਾਲਿਤ ਕਰਨਾ ਚਾਹੀਦਾ ਹੈ। ਫਰਾਂਸ, ਅਮਰੀਕਾ, ਕਨੇਡਾ ਅਤੇ ਯੂਰਪ ਦੇ ਦੇਸ਼ਾਂ ਵਿੱਚ ਸਿੱਖਾਂ ਨੂੰ ਕਕਾਰ ਪਹਿਨਣ ਵਿੱਚ ਮੁਸ਼ਕਿਲ ਪੇਸ਼ ਆਉਂਦੀ ਹੈ। ਇਸ ਮੁਸ਼ਕਿਲ ਨੂੰ ਵੀ ਇਹ ਕੌਂਸਲ ਹੀ ਸੁਲਝਾ ਸਕਦੀ ਹੈ। ਸਿੱਖੀ ਹੁਣ ਵਿਸ਼ਵ ਪੱਧਰ ਤੇ ਜਾਣੀ ਪਛਾਣੀ ਜਾਂਦੀ ਹੈ। ਇਸ ਲਈ ਸਿੱਖੀ ਰਹਿਤ ਬਹਿਤ ਦੀ ਸੁਰੱਖਿਆ ਲਈ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਸਿੱਖੀ ਵਿਸ਼ਵ ਪੱਧਰ ਤੇ ਵਿਕਾਸ ਕਰ ਸਕੇ। ਸਿੱਖੀ ਸਰੂਪ ਦੇ ਆਧਾਰ ਤੇ ਧਰਮ, ਰਾਜਨੀਤੀ ਅਤੇ ਸਮਾਜਿਕ ਸੰਸਥਾਵਾਂ ਵਿੱਚ ਚੋਣ ਪ੍ਰਣਾਲੀ ਦੀ ਥਾਂ ਪ੍ਰਧਾਨੀ ਪ੍ਰਣਾਲੀ ਨੂੰ ਕਬੂਲਿਆ ਅਤੇ ਅਪਣਾਇਆ ਜਾਣਾ ਚਾਹੀਦਾ ਹੈ ਸਿੱਖਾਂ ਨੇ ਪੰਚ ਪਰਧਾਨੀ ਦੀ ਪ੍ਰਣਾਲੀ ਨੂੰ ਹੁਣ ਤੱਕ ਕਬੂਲਿਆ ਅਤੇ ਅਪਣਾਇਆ ਹੈ। ਇਸ ਪ੍ਰਣਾਲੀ ਨੂੰ ਪ੍ਰਫੁਲਤ ਕਰਨਾ ਪ੍ਰਚਾਰਿਤ ਕਰਨਾ ਹੀ ਸਾਡੀ ਪੰਥ ਪ੍ਰਤੀ ਸੱਚੀ ਸ਼ਰਧਾ ਹੋਵੇਗੀ। ਸਾਨੂੰ ਸਭ ਤੋਂ ਵੱਧ ਸੂਝਵਾਨ ਅਤੇ ਯੋਗ ਵਿਅਕਤੀ ਨੂੰ ਹੀ ਪੰਥ ਦੀ ਵਾਗਡੋਰ ਫੜਾਉਣੀ ਚਾਹੀਦੀ ਹੈ ਤੇ ਕੇਂਦਰੀ ਸਿੱਖ ਅਥਾਰਟੀ ਵਿੱਚ ਵਿਸ਼ਵਾਸ਼ ਪੈਦਾ ਕਰਨਾ ਬਹੁਤ ਜ਼ਰੂਰੀ ਹੈ। ਇਹ ਜਿਤਨੀ ਜਲਦੀ ਹੋ ਸਕੇ ਉਤਨਾ ਹੀ ਚੰਗਾ ਹੈ।
ਡੇਰੇ
ਡੇਰੇ ਸਿੱਖੀ ਨੂੰ ਘੁਣ ਵਾਂਗ ਲੱਗੇ ਹੋਏ ਹਨ। ਸਿੱਖੀ ਮਾਣ-ਮਰਿਯਾਦਾ ਅਤੇ ਕਦਰਾਂ ਕੀਮਤਾਂ ਨੂੰ ਲੋੜ ਅਨੁਸਾਰ ਤੋੜ ਮੋੜ ਕੇ ਗੁਰਬਾਣੀ ਨੂੰ ਲੋੜ ਅਨੁਸਾਰ ਵਰਤ ਕੇ ਇਹ ਸਿੱਖਾਂ ਨੂੰ ਗੁਮਰਾਹ ਕਰਕੇ ਵੱਡੀ ਗਿਣਤੀ ਵਿੱਚ ਆਪਣੇ ਨਾਲ ਰਲਾ ਰਹੇ ਹਨ। ਡੇਰਿਆਂ ਦਾ ਸਿੱਖਾਂ ਤੇ ਅਸਰ ਖਤਮ ਕਰਨ ਲਈ ਯੋਜਨਬੱਧ ਕਦਮ ਚੁੱਕੇ ਜਾਣੇ ਚਾਹੀਦੇ ਹਨ। ਸਾਨੂੰ ਇਸ ਸਮੱਸਿਆ ਨੂੰ ਚੰਗੀ ਤਰ੍ਹਾਂ ਸਮਝ ਕੇ ਯੋਜਨਾਂਬੱਧ ਤਰੀਕੇ ਨਾਲ ਇੱਕਮੁੱਠ ਹੋ ਕੇ ਚੱਲਣਾ ਚਾਹੀਦਾ ਹੈ। ਇਹ ਯੋਜਨਾਂਵਾਂ ਦੂਰ ਦ੍ਰਿਸ਼ਟੀ ਨਾਲ ਬਣਾਈਆਂ ਜਾਣੀਆਂ ਚਾਹੀਦੀਆਂ ਹਨ।
ਇਤਿਹਾਸ ਅਤੇ ਸੱਭਿਆਚਾਰ
ਸਿੱਖ ਇਤਿਹਾਸ ਉੱਤੇ ਬਹੁਤ ਹੀ ਘੱਟ ਕਿਤਾਬਾਂ ਲਿਖੀਆਂ ਗਈਆਂ ਹਨ। ਸਿੱਖਾਂ ਦੇ ਦਿੱਲੀ ਉੱਤੇ ਰਾਜ ਦੇ ਸੁਨਿਹਰੀ ਕਾਲ ਉੱਪਰ ਬਹੁਤ ਹੀ ਘੱਟ ਖੋਜ ਹੋਈ ਹੈ। ਸਾਡੇ ਪਾਠਕ੍ਰਮ ਦੀਆਂ ਕਿਤਾਬਾਂ ਵਿੱਚ ਜਨਰਲ ਬਘੇਲ ਸਿੰਘ, ਬੱਚਿਤਰ ਸਿੰਘ, ਮੋਹਨ ਸਿੰਘ, ਹਰਬਖਸ਼ ਸਿੰਘ, ਅਰਜਨ ਸਿੰਘ ਜਾਂ ਜਗਜੀਤ ਸਿੰਘ ਅਰੋੜਾ ਵਰਗੇ ਸੂਰਮਿਆਂ ਦੀ ਜਾਣਕਾਰੀ ਸ਼ਾਮਿਲ ਨਹੀਂ। ਅਸੀਂ ਅੰਨ੍ਹੇਵਾਹ ਕੇਂਦਰੀ ਪੱਧਰ ਦੀਆਂ ਕਿਤਾਬਾਂ ਵਿੱਚ ਤੋੜ-ਮਰੋੜ ਕੇ ਦਿੱਤੇ ਗਏ ਸਿੱਖ ਇਤਿਹਾਸ ਅਤੇ ਸੱਭਿਆਚਾਰ ਨੂੰ ਹੀ ਅਪਣਾ ਰਹੇ ਹਾਂ। ਅੱਜ ਸਮੇਂ ਦੀ ਬਹੁਤ ਲੋੜ ਹੈ ਕਿ ਪਹਿਲੀ ਜਮਾਤ ਤੋਂ ਹੀ ਸਿੱਖਾਂ ਦਾ ਇਤਿਹਾਸ ਪੜ੍ਹਾਇਆ ਜਾਵੇ। ਸਾਡੇ ਪਾਠਕ੍ਰਮ ਦੀਆਂ ਕਿਤਾਬਾਂ ਜੋਗਾ ਸਿੰਘ ਵਰਗੇ ਲੇਖਕਾਂ ਦੁਆਰਾ ਲਿਖੀਆਂ ਗਈਆਂ ਹਨ ਜਿਨ੍ਹਾਂ ਨੇ ਜਾਣਬੁਝ ਕੇ ਸਿੱਖ ਇਤਿਹਾਸ ਅਤੇ ਧਾਰਮਿਕ ਸਿਧਾਂਤਾਂ ਨੂੰ ਸ਼ਾਮਿਲ ਨਹੀ ਕੀਤਾ। ਇਸ ਨੂੰ ਹੁਣੇ ਹੀ ਸੁਧਾਰਿਆ ਜਾਣਾ ਚਾਹੀਦਾ ਹੈ ਅਤੇ ਸਿੱਖ ਇਤਿਹਾਸ ਅਤੇ ਧਰਮ ਨੂੰ ਪਾਠਕ੍ਰਮ ਵਿੱਚ ਮੁੜ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਅੱਜਕੱਲ ਇੱਕ ਨਵੀਂ ਲਹਿਰ ਚੱਲੀ ਹੈ ਜਿਸ ਵਿੱਚ ਸਿੱਖਾਂ ਦੇ ਇਤਿਹਾਸ ਨੂੰ ਤੁਅਸਬੀ ਅਨਸਰਾਂ ਦੁਆਰਾ ਹਿੰਦੂ ਧਰਮ ਦਾ ਹਿੱਸਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਭਾਰਤ ਦੇ ਇਤਿਹਾਸ ਨੂੰ ਬਦਲਣ ਦੀ ਆੜ ਵਿੱਚ ਸਿੱਖੀ ਸਿਧਾਂਤਾਂ ਅਤੇ ਸੱਭਿਆਚਾਰ ਨੂੰ ਤੋੜ ਮਰੋੜ ਕੇ ਵਿਖਾਇਆ ਜਾਂਦਾ ਹੈ। ਸਿੱਖਾਂ ਨੂੰ ਹਮੇਸ਼ਾਂ ਹਿੰਦੂਆਂ ਨਾਲੋਂ ਘੱਟ ਕਦਰਾਂ ਕੀਮਤਾਂ ਵਾਲਾ ਬਣਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਇਸ ਤਰ੍ਹਾਂ ਇਤਿਹਾਸ ਦੇ ਵਿਦਿਆਰਥੀ ਵੀ ਸਿੱਖ ਸਖਸ਼ੀਅਤ, ਸਿੱਖ ਇਤਿਹਾਸ ਤੇ ਸਿੱਖ ਕਦਰਾਂ ਕੀਮਤਾਂ ਤੋਂ ਸਹੀ ਤਰ੍ਹਾਂ ਜਾਣੂ ਨਹੀਂ ਹੁੰਦੇ। ਸੋ ਜ਼ਰੂਰੀ ਹੈ ਕਿ ਸਿੱਖ ਇਤਿਹਾਸਕਾਰ ਬੱਚਿਆਂ ਲਈ ਛੋਟੀਆਂ ਇਤਿਹਾਸਕ ਕਹਾਣੀਆਂ ਲਿਖਣ ਤਾਂ ਜੋ ਬੱਚਿਆਂ ਨੂੰ ਮੂਲ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ। ਕਾਰਟੂਨ ਫਿਲਮਾਂ ਇਸ ਵਿੱਚ ਵਧੀਆ ਰੋਲ ਅਦਾ ਕਰ ਸਕਦੀਆਂ ਹਨ। ਸਿੱਖ ਇਤਿਹਾਸ ਦੀ ਅਮੀਰੀ ਨੂੰ ਵਿਸ਼ਵ ਪੱਧਰ ਤੇ ਪਹੁੰਚਾਉਣ ਲਈ ਪਹਿਲਾਂ ਛੋਟੇ ਪੱਧਰ ਤੋਂ ਸ਼ੁਰੂਆਤ ਕਰਕੇ ਵੱਡੇ ਪੱਧਰ ਤੇ ਪਹੁੰਚਿਆ ਜਾਵੇ। ਇਸੇ ਤਰ੍ਹਾਂ ਸਿੱਖ ਵਿਦਵਾਨਾਂ ਦੀ ਇੱਕ ਟੀਮ ਦਾ ਗਠਨ ਕੀਤਾ ਜਾਵੇ ਜੋ ਇਸ ਤਰ੍ਹਾਂ ਦੀਆਂ ਘਟੀਆ ਲਿਖਤਾਂ ਦਾ ਪਾਜ ਖੋਲੇ ਤੇ ਵਿਰੋਧ ਕਰੇ। ਗੁਰੂਆਂ ਦਾ ਇਤਿਹਾਸ, ਖਾਲਸਾ ਪੰਥ ਦੀ ਸਾਜਨਾਂ, ਪੰਜ ਕਕਾਰ, ਪਗੜੀ, ਬਾਣੀ-ਬਾਣਾ, ਗ੍ਰੰਥ-ਪੰਥ, ਸੰਗਤ-ਪੰਗਤ ਅਤੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਨੂੰ ਅਜੋਕੀ ਦੁਨੀਆਂ ਤੱਕ ਪਹੁੰਚਾਉਣ ਲਈ ਵੱਧ ਤੋਂ ਵੱਧ ਭਾਸ਼ਾਵਾਂ ਵਿੱਚ ਛਾਪਿਆ ਜਾਣਾ ਚਾਹੀਦਾ ਹੈ। ਅਣਜਾਣਪੁਣਾ ਲੈ ਡੁਬਦਾ ਹੈ, ਇਸ ਲਈ ਆਮ ਅਣਜਾਣ ਲੋਕਾਂ ਨੂੰ ਸਿੱਖੀ ਦੇ ਪਿਛੋਕੜ ਬਾਰੇ ਜਾਣੂ ਕਰਵਾਉਣਾ ਜ਼ਰੂਰੀ ਹੈ। ਸਿੱਖ ਸਮਾਜ ਨੂੰ ਇੱਕ ਨਵੀਨੀਕਰਨ ਵਿੱਚੋਂ ਗੁਜਰਨਾਂ ਪਵੇਗਾ ਤਾਂ ਜੋ ਆਮ ਲੋਕਾਂ ਨੂੰ ‘ਮਾਡਰਨ ਕਲਚਰ’ ਦੇ ਜਾਲ ਤੋਂ ਛੁਡਾਇਆ ਜਾ ਸਕੇ ਅਤੇ ਅਮੀਰ ਸਿੱਖ ਵਿਰਸੇ ਨੂੰ ਅੱਗੇ ਲਿਆਂਦਾ ਜਾਵੇ।
ਨਸ਼ਿਆਂ ਦੀ ਆਦਤ
ਪੇਂਡੂ ਸਿੱਖਾਂ ਵਿੱਚ ਨਸ਼ਿਆਂ ਦੀ ਆਦਤ ਹੱਦੋਂ ਵੱਧ ਹੋ ਚੁੱਕੀ ਹੈ। ਇਸ ਭੈੜੀ ਆਦਤ ਨੇ ਸਿੱਖਾਂ ਨੂੰ ਸ਼ਰੀਰਕ ਅਤੇ ਮਾਨਸਿਕ ਪੱਖੋਂ ਕਮਜ਼ੋਰ ਬਣਾ ਦਿੱਤਾ ਹੈ ਅਤੇ ਧਾਰਮਿਕ ਸਿਧਾਂਤਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਇਨ੍ਹਾਂ ਖੇਤਰਾਂ ਵਿੱਚ ਸਿੱਖਾਂ ਦੀ ਅੰਤਰ ਆਤਮਾ ਇਤਨੀ ਕੁ ਕਮਜ਼ੋਰ ਹੋ ਚੁੱਕੀ ਹੈ ਕਿ ਉਹ ਡੇਰਿਆਂ ਦੁਆਰਾ ਸਿੱਖੀ ਉੱਤੇ ਹੋ ਰਹੇ ਹਮਲਿਆਂ ਨੂੰ ਰੋਕਣ ਵਿੱਚ ਨਾਕਾਮਯਾਬ ਹੋ ਰਹੇ ਹਨ। ਇਸ ਅਵਸਥਾ ਨੂੰ ਰੋਕਣ ਲਈ ਇੱਕ ਜਾਗਰੂਕਤਾ ਅਭਿਆਨ ਚਲਾਇਆ ਜਾਣਾ ਚਾਹੀਦਾ ਹੈ। ਨਸ਼ਾ ਛੁਡਾਊ ਕੇਂਦਰਾਂ ਦੀ ਥਾਂ ਥਾਂ ਸਥਾਪਨਾ ਹੋਣੀ ਚਾਹੀਦੀ ਹੈ।
ਸਿੱਖੀ ਸਰੂਪ ਦੀ ਸਮੱਸਿਆ
ਪੇਂਡੂ ਖੇਤਰਾਂ ਵਿੱਚ ਸਿੱਖੀ ਸਰੂਪ ਗੁਆਚਦਾ ਜਾ ਰਿਹਾ ਹੈ ਅਤੇ ਇਹੀ ਸਵਾਲ ਅੰਤਰ-ਰਾਸ਼ਟਰੀ ਪੱਧਰ ਤੇ ਵੀ ਪਾਇਆ ਜਾ ਰਿਹਾ ਹੈ। ਪੇਂਡੂ ਖੇਤਰਾਂ ਵਿੱਚ ਸਿੱਖੀ ਸਰੂਪ ਨੂੰ ਸਥਾਪਿਤ ਕਰਨ ਲਈ ਇੱਕ ਯੋਜਨਾਬੱਧ ਤਰੀਕੇ ਨਾਲ ਚੱਲਣਾ ਪਵੇਗਾ। ਸਾਡਾ ਪ੍ਰਚਾਰ ਇੱਕ ਮਿਸ਼ਨ ਦੇ ਅਧੀਨ ਸਮਰਪਿਤ ਹੋਣਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਸਾਰੇ ਮੈਂਬਰ ਜਾਂ ਤਾਂ ਰਾਜਨੀਤੀ ਵਿੱਚ ਵਿਅਸਤ ਹਨ ਜਾਂ ਆਪਣੇ ਨਿੱਜੀ ਸੁਆਰਥਾਂ ਵਿੱਚ ਗੁਆਚੇ ਹੋਏ ਹਨ। ਉਹ ਨੀਲੀਆ ਬੱਤੀਆਂ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ ਪਰ ਪਿੰਡ ਪਿੰਡ ਜਾ ਕੇ ਸਿੱਖੀ ਪ੍ਰਚਾਰ ਬਾਰੇ ਤਾਂ ਸੋਚਦੇ ਵੀ ਨਹੀਂ। ਉਹ ਧਾਰਮਿਕ ਪ੍ਰਚਾਰ ਵੱਲ ਬਹੁਤ ਘੱਟ ਧਿਆਨ ਦਿੰਦੇ ਹਨ। ਇਸੇ ਤਰ੍ਹਾਂ ਬਹੁਤ ਸਾਰੇ ਸਿੱਖ ਮਿਸ਼ਨਰੀਆਂ ਦਾ ਮੁੱਖ ਟੀਚਾ ਮਾਇਆ ਹੁੰਦਾ ਹੈ ਨਾ ਕਿ ਸਿੱਖੀ ਦਾ ਵਾਧਾ। ਇਸ ਰੁਝਾਨ ਤੇ ਨਕੇਲ ਪਾਉਣ ਦੀ ਲੋੜ ਹੈ। ਇਸ ਦਿਸ਼ਾ ਵਿੱਚ ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਵਿਸ਼ਵ ਪੱਧਰੀ ਕੈਂਪ ਲਾਏ ਜਾਂਦੇ ਹਨ। ਸਿਕਲੀਗਰ, ਵਣਜਾਰਾ ਅਤੇ ਹੋਰ ਵਿਸਰੀਆਂ ਹੋਈਆਂ ਜਾਤੀਆਂ ਨੂੰ ਸਿੱਖ ਪੰਥ ਵਿੱਚ ਫਿਰ ਜਗ੍ਹਾ ਮਿਲਣੀਂ ਚਾਹੀਦੀ ਹੈ। ਸਾਰੀਆਂ ਸਿੱਖ ਏਜੰਸੀਆਂ ਨੂੰ ਇੱਕਜੁਟ ਹੋ ਕੇ ਕੰਮ ਕਰਨਾ ਚਾਹੀਦਾ ਹੈ। ਸਿੱਖੀ ਸਰੂਪ ਬਾਰੇ ਸਾਹਿਤ ਸਾਰੇ ਵਿਸ਼ਵ ਵਿੱਚ ਵੰਡਿਆ ਜਾਣਾ ਚਾਹੀਦਾ ਹੈ ਅਤੇ ਸਿੱਖੀ ਸਰੂਪ ਦਾ ਪ੍ਰਚਾਰ ਹੋਣਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਇੱਕ ਕੇਂਦਰੀ ਟੀਮ ਗਠਿਤ ਕੀਤੀ ਜਾਵੇ ਜੋ ਵਿਸ਼ਵ ਭਰ ਵਿੱਚ ਸਿੱਖੀ ਸਰੂਪ ਬਾਰੇ ਚੱਲ ਰਹੇ ਕੋਰਟ ਕੇਸਾਂ ਨਾਲ ਨਿਬੜੇ। ਪੰਜਾਂ ਕਕਾਰਾਂ ਬਾਰੇ ਵਿਸਥਾਰ ਨਾਲ ਛਾਪਿਆ ਜਾਵੇ ਤਾਂ ਜੋ ਆਸਾਨੀ ਨਾਲ ਜਾਣਕਾਰੀ ਹਾਸਲ ਕੀਤੀ ਜਾ ਸਕੇ। ਸਿੱਖ ਹਸਤੀਆਂ ਜੋ ਸਿੱਖੀ ਸਰੂਪ ਵਿੱਚ ਹਨ ਉਨ੍ਹਾਂ ਦੀਆਂ ਤਸਵੀਰਾਂ ਦਾ ਆਧਾਰ ਲੈ ਕੇ ਪ੍ਰਚਾਰ ਕੀਤਾ ਜਾਵੇ। ਮੀਡੀਆ ਜਾਂ ਖਬਰਾਂ ਵਿੱਚ ਸਿੱਖਾਂ ਨੂੰ ਢਾਅ ਲਾਉਣ ਵਾਲੀ ਗੱਲ ਦਾ ਤੁਰੰਤ ਅਤੇ ਅਸਰਦਾਰ ਜਵਾਬ ਦਿੱਤਾ ਜਾਵੇ। ਜਿਨ੍ਹਾਂ ਕਿਤਾਬਾਂ ਵਿੱਚ ਸਿੱਖਾਂ ਦੀ ਤਸਵੀਰ ਨੂੰ ਮਾੜਾ ਵਿਖਾਇਆ ਗਿਆ ਹੈ ਜਾਂ ਗਲਤ ਧਾਰਨਾਂਵਾਂ ਪੇਸ਼ ਕੀਤੀਆਂ ਗਈਆਂ ਹਨ ਉਨ੍ਹਾਂ ਨੂੰ ਤੁਰੰਤ ਬਦਲਿਆ ਜਾਵੇ। ਵਿਸ਼ਵ ਪੱਧਰ ਤੇ ਸਿੱਖ ਸਿਧਾਂਤਾਂ ਅਤੇ ਬਾਣੇ ਬਾਰੇ ਮੁਕਾਬਲੇ ਕਰਵਾਏ ਜਾਣ। ਵਿਸ਼ਵ ਪੱਧਰੀ ਸ਼ਖਸ਼ੀਅਤਾਂ ਦੁਆਰਾ ਜੇਤੂਆਂ ਦਾ ਸਨਮਾਨ ਕਰਵਾਇਆ ਜਾਣਾ ਚਾਹੀਦਾ ਹੈ।
ਜਾਤੀ ਭੇਦਭਾਵ
ਸਾਰੇ ਗੁਰੁ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਹੈ ਕਿ ਸਾਰੇ ਬਰਾਬਰ ਹਨ। ਸਮਾਨਤਾ ਅਤੇ ਭਾਈਚਾਰਾ ਸਿੱਖਾਂ ਦੀ ਮੁਢਲੀ ਤਾਕਤ ਹੈ। ਵੱਖੋ ਵੱਖਰੀਆਂ ਜਾਤੀਆਂ ਦੇ ਪੰਜ ਪਿਆਰਿਆਂ ਨੂੰ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ ਗੁਰੁ ਗੋਬਿੰਦ ਸਿੰਘ ਨੇ ਸਾਰੀ ਜਾਤੀ ਭੇਦ-ਭਾਵ ਮਿਟਾ ਦਿੱਤੇ ਹਨ ਪਰ ਕੁੱਝ ਮਤਲਬੀ ਅਨਸਰ ਇਸ ਸੋਚ ਨੂੰ ਮੰਨਣ ਤੋਂ ਮੁਨਕਰ ਹਨ। ਉਹ ਜਾਤੀ ਦੇ ਆਧਾਰ ਤੇ ਕਿਸੇ ਨਾ ਕਿਸੇ ਮੌਕੇ ਤੇ ਫੁੱਟ ਪਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਸੇ ਕਾਰਨ ਵਿਸਰੇ ਕਬੀਲੇ ਅਜੇ ਵੀ ਸਿੱਖੀ ਦੇ ਦਾਇਰੇ ਤੋਂ ਬਾਹਰ ਹਨ। ਰਾਮਗੜ੍ਹੀਆ ਅਤੇ ਰਾਮਦਾਸੀਏ ਗੁਰਦੁਆਰੇ ਆਦਿ ਨਾਮ ਅਜੇ ਵੀ ਜਾਤੀ ਪ੍ਰਥਾ ਨਾਲ ਲੜ ਰਹੇ ਹਨ। ਇਨ੍ਹਾਂ ਸਾਰੀਆਂ ਪ੍ਰਥਾਂਵਾਂ ਨੂੰ ਰੋਕਣ ਲਈ ਯੋਜਨਾਂਬੱਧ ਤਰੀਕੇ ਨਾਲ ਕੋਸ਼ਿਸ਼ਾਂ ਦੀ ਲੋੜ ਹੈ। ਸ੍ਰੀ ਅਕਾਲ ਤਖਤ ਦੇ ਹੁਕਮਨਾਮੇ ਤੇ ਚੱਲ ਕੇ ਸਾਰੇ ਸਿੱਖ ਇੱਕਮੁੱਠ ਹੋ ਸਕਦੇ ਹਨ।
ਮਰਦ ਪ੍ਰਧਾਨਤਾ ਅਤੇ ਭਰੂਣ ਹੱਤਿਆ
ਮਰਦ ਪ੍ਰਧਾਨ ਸਮਾਜ ਵਿੱਚ ਸਿੱਖ ਔਰਤਾਂ ਸੁਧਾਰਾਂ ਦੇ ਵਾਧੇ ਵਿੱਚ ਪਿੱਛੇ ਰਹਿ ਗਈਆਂ ਹਨ। ਕੁੜੀਆਂ ਨੂੰ ਨਾ ਸਿਰਫ ਨਫਰਤ ਕੀਤੀ ਜਾਂਦੀ ਹੈ ਬਲਕਿ ਕੁੱਖ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ। ਇਸ ਭਰੂਣ ਹੱਤਿਆ ਨੇ ਮਰਦ ਔਰਤ ਦੇ ਅਨੁਪਾਤ ਨੂੰ ਹੈਰਾਨੀਜਨਕ ਢੰਗ ਨਾਲ ਘਟਾ ਦਿੱਤਾ ਹੈ। ਇਸ ਮੁੱਦੇ ਤੇ ਹੁਕਮਨਾਮਾਂ ਜਾਰੀ ਕਰਨ ਦੀ ਲੋੜ ਹੈ। ਲੋਕਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾਵੇ ਅਤੇ ਜੋ ਇਹ ਕਾਰਾ ਕਰੇ ਉਸ ਨੂੰ ਸਮਾਜ ਵਿੱਚੋਂ ਛੇਕ ਦਿੱਤਾ ਜਾਵੇ। ਅਸਲ ਵਿੱਚ ਸਿੱਖੀ ਦੇ ਪ੍ਰਚਾਰ ਵਿੱਚ ਮਾਂ ਸਭ ਤੋਂ ਵੱਡੀ ਭੁਮਿਕਾ ਨਿਭਾ ਸਕਦੀ ਹੈ ਪਰ ਤ੍ਰਾਸਦੀ ਇਹ ਹੈ ਕਿ ਮਾਂਵਾਂ ਆਪਣੇ ਬੱਚਿਆਂ ਨੂੰ ਸਿੱਖੀ ਦੇ ਰਾਹ ਤੋਂ ਭਟਕਣ ਤੋਂ ਨਹੀਂ ਰੋਕ ਸਕੀਆਂ।
ਫਿਲਮਾਂ, ਟੈਲੀਵਿਜ਼ਨ ਅਤੇ ਮੀਡੀਆ ਨੇ ਸਿੱਖਾਂ ਦੇ ਗੈਰ ਸਿੱਖੀ ਰੂਪ ਨੂੰ ਅਹਿਮੀਅਤ ਦੇ ਕੇ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ ਹੈ ਮਿਸਾਲ ਦੇ ਤੌਰ ਤੇ ਸ੍ਰ: ਭਗਤ ਸਿੰਘ, ਹਰਭਜਨ ਸਿੰਘ, ਨਵਜੋਤ ਸਿੰਘ ਸਿੱਧੂ ਆਦਿ ਟੋਪੀ ਪਹਿਨੇ ਹੋਏ ਪ੍ਰਚਾਰੇ ਜਾਂਦੇ ਹਨ। ਇਥੋਂ ਤਕ ਕਿ ਸਿੱਖ ਮਾਡਲ ਬਿਨ੍ਹਾਂ ਕੇਸ ਅਤੇ ਪੱਗਾਂ ਤੋਂ ਦਿਖਾਏ ਜਾਂਦੇ ਹਨ। ਸਾਡੇ ਗੁਰੂ, ਸਿੱਖ ਯੋਧੇ ਅਤੇ ਸਾਹਿਬਜ਼ਾਦੇ ਸਾਰੇ ਇਤਿਹਾਸ ਵਿੱਚ ਸਿੱਖੀ ਸਰੂਪ ਦੇ ਮਹਾਨ ਸੋਮੇਂ ਹਨ ਅਤੇ ਇਨ੍ਹਾਂ ਦੀ ਸਾਬਤ ਸੂਰਤ ਨੂੰ ਬੱਚਿਆਂ ਵਿੱਚ ਹਰਮਨ ਪਿਆਰਾ ਬਣਾਇਆ ਜਾਣਾ ਚਾਹੀਦਾ ਹੈ। ਨਵੀਂ ਪੀੜ੍ਹੀ ਲਈ ਨਵੇਂ ਉਦਾਹਰਣ ਬਣਾਏ ਜਾ ਸਕਦੇ ਹਨ ਮਿਸਾਲ ਵਜੋਂ ਪੰਜਾਂ ਕਕਾਰਾਂ ਵਿੱਚ ਸਿੱਖ ਬੱਚੇ ਦੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਧਿਆਨ ਮਗਨ ਤਸਵੀਰ ਜੋ ਕਿ ਬਹੁਤ ਪ੍ਰਸਿੱਧ ਹੋਈ ਹੈ ਜਿਸ ਨੂੰ ਵੇਖ ਕੇ ਬਹੁਤ ਸਾਰੀਆਂ ਮਾਂਵਾਂ ਆਪਣੇ ਬੱਚਿਆਂ ਨੂੰ ਉਸੇ ਤਰ੍ਹਾਂ ਦਾ ਬਾਣਾ ਪਵਾਉਣਾ ਚਾਹੁੰਦੀਆਂ ਹਨ। ਪੰਜ ਕਕਾਰੀ ਨੌਜਵਾਨ ਸਿੱਖਾਂ ਦੇ ਮੁਕਾਬਲੇ ਬੜੇ ਹੀ ਅਸਰਦਾਰ ਸਿੱਧ ਹੋਏ ਹਨ। ਵਧੀਆ ਸਿੱਖੀ ਪਹਿਰਾਵਾ ਅਤੇ ਪਗੜੀ ਦੇ ਮੁਕਾਬਲੇ ਵੀ ਭਰਵਾਂ ਹੁੰਗਾਰਾ ਲੈ ਰਹੇ ਹਨ। ਦੋਨੋਂ ਸਿੱਖ ਜਰਨੈਲ, ਏਅਰ ਚੀਫ ਮਾਰਸ਼ਲ ਅਰਜਨ ਸਿੰਘ, ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਗਿਆਨੀ ਜ਼ੈਲ ਸਿੰਘ, ਰੱਖਿਆ ਮੰਤਰਿ ਬਲਦੇਵ ਸਿੰਘ, ਲੋਕ ਸਭਾ ਸਪੀਕਰ ਸਰਦਾਰ ਢਿਲੋਂ ਗੱਲ ਕੀ ਕੋਈ ਵੀ ਉਹ ਸਿੱਖ ਕੇਂਦਰੀ ਪੱਧਰ ਜਾਂ ਮੁੱਖ ਮੰਤਰੀ ਪਦ ਤਕ ਨਹੀਂ ਪਹੁੰਚਿਆ ਜਿਸਦੇ ਦਾੜ੍ਹੀ ਕੇਸ ਨਹੀਂ ਸਨ, ਇਸ ਤੋਂ ਸਾਡੀ ਨਵੀਂ ਪੀੜ੍ਹੀ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ।
ਧਾਰਮਿਕ ਸੰਸਥਾਂਵਾਂ ਅਤੇ ਸਮਾਗਮਾਂ ਵਿੱਚ ਕਰਮ ਕਾਂਡ
ਸਿੱਖਾਂ ਵਿੱਚ ਜੰਮਣ, ਮਰਨ ਤੇ ਵਿਆਹਾਂ ਦੀਆਂ ਰੀਤੀ ਰਿਵਾਜਾਂ ਉੱਪਰ ਬੇਤਹਾਸ਼ਾ ਖਰਚ ਕੀਤਾ ਜਾਂਦਾ ਹੈ ਜਿੁਸਨੇ ਬਹੁਤੇ ਕਿੱਤਾਮੁਖੀ ਸਿੱਖਾਂ ਨੂੰ ਢਾਹ ਲਿਆ ਹੈ। ਕਰਜ਼ਈ ਆਤਮਹੱਤਿਆ ਤੱਕ ਕਰ ਲੈਂਦੇ ਹਨ। ਸਾਡੇ ਗ੍ਰੰਥੀ, ਪਾਠੀ, ਕੀਰਤਨੀਏ, ਜਿਸ ਤਰ੍ਹਾਂ ਕਰਮ ਕਾਂਡਾਂ ਨੂੰ ਵਧਾਵਾ ਦੇ ਰਹੇ ਹਨ ਉਹ ਵੀ ਚਿੰਤਾ ਵਾਲੀ ਗੱਲ ਹੈ। ਇੱਕ ਸਧਾਰਨ ਅਖੰਡ ਪਾਠ ਵਿੱਚ ਗ੍ਰੰਥੀ, ਪਾਠੀ, ਕੀਰਤਨੀਏ ਜਿਸ ਤਰ੍ਹਾਂ ਆਪਣੀ ਮਜ਼ਦੂਰੀ ਬੰਨਦੇ ਹਨ ਉਹ ਤਾਂ ਸ਼ਰਮਨਾਕ ਹੈ ਹੀ ਪਰ ਉਹ ਇੱਕੋ ਸਮੇਂ ਤਿੰਨ ਤਿੰਨ ਥਾਂਈਂ ਤੇ ਇਕੋ ਦਿਨ ਛੇ-ਛੇ, ਸੱਤ-ਸੱਤ ਪ੍ਰੋਗਾਮਾਂ ਵਿੱਚ ਜਿਸ ਤਰ੍ਹਾਂ ਹਾਜ਼ਰੀ ਲਵਾਉਂਦੇ ਹਨ ਉਹ ਧਾਰਮਿਕ ਸ਼ਰਧਾ ਤੋਂ ਉੱਕਾ ਊਣੀ ਹੁੰਦੀ ਹੈ, ਨਾ ਪੜ੍ਹਣ, ਗਾਉਣ ਵਾਲੇ ਨੂੰ ਤੇ ਨਾ ਸੁਣਨ ਵਾਲੇ ਨੂੰ ਰਸ ਆਉਂਦਾ ਹੈ। ਵਿਆਹਾਂ ਸ਼ਾਦੀਆਂ ਵਿੱਚ ਦਾਜ ਦੀ ਰਸਮ ਨੇ ਮਰਦ ਦਾ ਪਲੜਾ ਹਾਲੇ ਵੀ ਭਾਰੀ ਰੱਖਿਆ ਹੋਇਆ ਹੈ ਜੋ ਗੁਰਮਤਿ ਵਿਰੁੱਧ ਹੈ। ਆਨੰਦ ਕਾਰਜ ਵੇਲੇ ਲਾੜੇ ਲਾੜੀ ਨੂੰ ਅੰਮ੍ਰਿਤ ਨਹੀਂ ਛਕਾਇਆ ਜਾਂਦਾ ਸਗੋਂ ਕੁੱਝ ਕੁ ਲੋਕਾਂ ਸਾਹਮਣੇ ਘੰਟੇ ਵਿੱਚ ਪੂਰੀ ਕੀਤੀ ਡਰਿਲ ਹੁੰਦੀ ਹੈ। ਮੈਰਿਜ ਪੈਲੇਸ ਦੇ ਨੇੜੇ ਗੁਰਦੁਆਰਿਆਂ ਵਿੱਚ ਮੈਂ ਇਹ ਫਟਾ-ਫਟ ਦਾ ਦ੍ਰਿਸ਼ ਦੇਖਕੇ ਹੈਰਾਨ ਰਹਿ ਗਿਆ ਜਦੋਂ ਇੱਕ ਬਰਾਤ ਦਸ ਵਜੇ, ਦੂਜੀ ਗਿਆਰਾਂ ਵਜੇ, ਤੀਜੀ ਇੱਕ ਵਜੇ ਅਤੇ ਚੌਥੀ ਢਾਈ ਵਜੇ ਆਨੰਦ ਕਾਰਜ ਲਈ ਪਹੁੰਚੀ। ਮੈਰਿਜ ਪੈਲੇਸ ਕੋਝੇ ਦਿਖਾਵੇ ਦਾ ਸਥਾਨ ਹਨ ਜਿਥੇ ‘ਕਲਚਰਲ ਟਰੁਪ’ ਕੰਜਰੀ ਨਾਚ ਹੀ ਹੁੰਦੇ ਹਨ ਜੋ ਸਿੱਖ ਇਤਿਹਾਸ ਵਿੱਚ ਵਰਜਿਤ ਹਨ ਮਿਸਾਲ ਵਜੋਂ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਅਕਾਲ ਤਖਤ ਤੇ ਪਹੁੰਚ ਇਸੇ ਕੰਜਰੀ ਨਾਚ ਦੀ ਬਦੌਲਤ ਕੋੜ੍ਹੇ ਸਹਿਣੇ ਪਏ ਸਨ ਪਰ ਅੱਜਕੱਲ੍ਹ ਦੇ ਪੜ੍ਹੇ ਲਿਖੇ ਸਿੱਖ ਪਰਿਵਾਰਾਂ ਨੂੰ ਕੋੜ੍ਹਿਆਂ ਦੀ ਸਜ਼ਾ ਕੌਣ ਦੇਵੇ? ਸਾਰੇ ਸੰਸਕਾਰਾਂ ਦੀ ਵਿਧੀ ਜੋ ਗੁਰਮਤਿ ਰਹਿਤ ਮਰਿਆਦਾ ਵਿੱਚ ਦਰਜ ਹੈ ਬੜੀ ਸਿਧੀ ਸਾਦੀ ਤੇ ਸਰਲ ਹੈ ਤੇ ਬਿਨਾਂ ਕਿਸੇ ਖਰਚ ਦੇ ਹੈ। ਸਾਨੂੰ ਸਮੂਹਿਕ ਸ਼ਾਦੀਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਤੇ ਗਰੀਬ ਪਰਿਵਾਰਾਂ ਦੇ ਵਿਆਹ ਸਿੱਖ ਸਮਾਜ ਵੱਲੋਂ ਕਰਨੇ ਚਾਹੀਦੇ ਹਨ ਜਿਸ ਨਾਲ ਕਿਸੇ ਗਰੀਬ ਤੇ ਕੋਈ ਬੋਝ ਨਾ ਪਵੇ। ਸਿੱਖ ਧਰਮ ਵਿੱਚ ਸ਼ਰਾਬ ਤੇ ਹੋਰ ਕਿਸੇ ਪ੍ਰਕਾਰ ਦੇ ਨਸ਼ੇ ਵਰਜਿਤ ਹਨ ਇਸ ਦਾ ਭਰਵਾਂ ਪ੍ਰਚਾਰ ਹੋਣਾ ਚਾਹੀਦਾ ਹੈ ਕਿਸੇ ਵੀ ਗਮੀਂ ਖੁਸ਼ੀ ਵੇਲੇ ਇਨ੍ਹਾਂ ਦੀ ਵਰਤੋਂ ਨਹੀਂ ਹੋਣੀ ਚਾਹੀਦੀ।
ਗੁਰਦੁਆਰਿਆਂ ਵਿੱਚ ਸਿੱਖ ਸੰਗਤ ਦਾ ਘਟ ਜਾਣਾ ਸਾਡੇ ਗੁਰਦੁਆਰਿਆਂ ਵਿੱਚ ਸ਼ਰਧਾ ਦੀ ਥਾਂ ਕਰਮ-ਕਾਂਡਾਂ ਦੀ ਬਹੁਲਤਾ ਹੈ। ਗੁਰਦੁਆਰਿਆਂ ਵਿੱਚ ਗ੍ਰੰਥੀ, ਪਾਠੀ, ਕੀਰਤਨੀਏ, ਸੇਵਾਦਾਰ ਸਾਰੇ ਸਿੱਖ ਕਰਮਚਾਰੀ ਹੁੰਦੇ ਹਨ ਜੋ ਕਰਮਚਾਰੀਆਂ ਦੀ ਤਰ੍ਹਾਂ ਹੀ ਆਪਣੀਆਂ ਡਿਊਟੀਆਂ ਨਿਭਾਉਂਦੇ ਹਨ ਜਿਸ ਸਦਕਾ ਨਵੀਂ ਪੀੜ੍ਹੀ ਨੂੰ ਉਨ੍ਹਾਂ ਨੇ ਜੋੜਨਾ ਤਾਂ ਕੀ ਹੈ ਸਗੋਂ ਤੋੜਨ ਦਾ ਕੰਮ ਕਰਦੇ ਹਨ। ਵਕਤ ਹੈ ਸਾਡੇ ਬਜ਼ੁਰਗ ਗੁਰਦੁਆਰਿਆਂ ਨਾਲ ਜੁੜਣ ਤੇ ਇਨ੍ਹਾਂ ਸੇਵਾਵਾਂ ਨੂੰ ਭੇਟਾ ਰਹਿਤ, ਸੇਵਾ ਦੇ ਤੌਰ ਤੇ ਸੰਭਲਣ ਤੇ ਆਪਣੀ ਸ਼ਰਧਾ ਦੇ ਰਸ ਪਾਕੇ ਨਵੀਂ ਪੀੜ੍ਹੀ ਨੂੰ ਪ੍ਰਭਾਵਿਤ ਕਰਨ।
ਖੇਡਾਂ ਵਿੱਚ ਸ਼ਾਨ ਨੂੰ ਮੁੱੜ ਸਜੀਵ ਕਰਨਾ
ਸਿੱਖ ਕਦੇ ਖੇਡਾਂ ਲਈ ਜਾਣੇ ਜਾਂਦੇ ਸਨ। ਹਾਕੀ ਅਤੇ ਅਥਲੈਟਿਕਸ ਵਿੱਚ ਇਨ੍ਹਾਂ ਦਾ ਅੰਤਰ-ਰਾਸ਼ਟਰੀ ਪੱਧਰ ਤੇ ਦਬਦਬਾ ਸੀ। ਇਸ ਨਾਲ ਉਨ੍ਹਾਂ ਦੀ ਅੰਤਰ ਆਤਮਾ ਉੱਚੀ ਰਹਿੰਦੀ ਸੀ। ਸਾਨੂੰ ਸਿੱਖਾਂ ਨੂੰ ਵਿਸ਼ਵ ਪੱਧਰ ਤੇ ਮੁਕਾਬਲੇ ਲੜਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਖਾਲਸਾਈ ਖੇਡਾਂ ਇਸ ਦਿਸ਼ਾ ਵਿੱਚ ਚੁੱਕਿਆ ਇੱਕ ਵਧੀਆ ਕਦਮ ਹੈ ਪਰ ਇਸ ਨੂੰ ਅੱਗੇ ਵਿਸ਼ਵ ਪੱਧਰ ਤੇ ਲੈ ਕੇ ਜਾਣ ਦੀ ਲੋੜ ਹੈ। ਇਸ ਮੰਤਵ ਲਈ ਖੇਡ ਅਕਾਦਮੀਆਂ ਸਥਾਪਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਸਿੱਖ ਧਾਰਮਿਕ ਸਿਧਾਂਤਾਂ ਨੂੰ ਵਿਸ਼ਵ ਪੱਧਰ ਤੇ ਫੈਲਾਉਣਾ
ਸੰਨ 2014 ਦੀਆਂ ਗਰਮੀਆਂ ਵਿੱਚ ਚੋਣਾਂ ਦੀ ਗਹਿਮਾਂ ਗਹਿਮੀ ਵਿੱਚ ਗੁਜਰਾਤ ਦੇ ਮੁੱਖ ਮੰਤਰੀ, ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਉੱਪਰ ਫਬਤੀ ਕਸਦਿਆਂ ਕਿਹਾ- “ਸਰਦਾਰ ਜੀ ਕੇ ਬਾਰਾਂ ਬਜ ਗਏ” ਉਹਨਾਂ ਨੇ ਪ੍ਰਧਾਨ ਮੰਤਰੀ ਉੱਪਰ ਹੀ ਨਹੀਂ ਸਿੱਖਾਂ ਉੱਪਰ ਵਾਰ ਕੀਤਾ ਹੈ। ਇਹ ਆਰ. ਐਸ. ਐਸ. ਦੀ ਆਮ ਗੱਲ ਹੈ। ਬਾਰਾਂ ਵਜੇ ਦੀ ਇਹ ਕਹਾਣੀ ਉਸ ਸਮੇਂ ਨਾਲ ਸੰਬੰਧ ਰੱਖਦੀ ਹੈ ਜਦੋਂ ਅਬਦਾਲੀ ਅਤੇ ਹੋਰ ਹਮਲਾਵਰ ਹਿੰਦੂ ਰਾਜਿਆਂ ਨੂੰ ਹਰਾ ਕੇ ਉਹਨਾਂ ਦੀਆਂ ਔਰਤਾਂ, ਧੀਆਂ ਨੂੰ ਚੁੱਕ ਕੇ ਲੈ ਜਾਂਦੇ ਸਨ। ਸਾਰੀਆਂ ਔਰਤਾਂ ਨੂੰ ਸੰਗਲਾਂ ਵਿੱਚ ਬੰਨ੍ਹ ਕੇ ਰੱਖਿਆ ਜਾਂਦਾ ਸੀ। ਇਹ ਸਿੱਖ ਹੀ ਸਨ ਜੋ ਇਨ੍ਹਾਂ ਨੂੰ ਜ਼ਾਲਮਾਂ ਦੇ ਚੁੰਗਲ ਵਿੱਚੋਂ ਛੁਡਾ ਕੇ ਲਿਆਉਂਦੇ ਸਨ। ਰਾਤ ਨੂੰ ਬਾਰਾਂ ਵਜੇ ਜਦ ਸਾਰੇ ਪਾਸੇ ਸ਼ਾਂਤੀ ਹੋ ਜਾਂਦੀ ਤਾਂ ਲੀਡਰ ਸੂਚਨਾਂ ਦਿੰਦਾ:- ਸਰਦਾਰ ਜੀ ਬਾਰਾਂ ਬੱਜ ਗਏ। ਸਿੱਖ ਅੱਧੀ ਰਾਤ ਨੂੰ ਅਬਦਾਲੀ ਦੇ ਦਲਾਂ ਤੇ ਹੱਲਾ ਕਰਕੇ ਬੰਨ੍ਹੀਆਂ ਹੋਈਆਂ ਔਰਤਾਂ ਨੂੰ ਆਜਾਦ ਕਰਵਾਉਂਦੇ ਤੇ ਸਹੀ ਸਲਾਮਤ ਘਰੋ ਘਰੀ ਪਹੁੰਚਾਉਂਦੇ। ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਏ ਨੇ ਅਜਿਹੀਆਂ ਘਟਨਾਵਾਂ ਨੂੰ ਮਜ਼ਾਕ ਬਣਾ ਦਿੱਤਾ। ਸੱਚ ਇਹ ਹੈ ਕਿ ਅਜੋਕੇ ਹਿੰਦੂ ਆਪਣੀ ਹੋਂਦ ਲਈ ਸਿੱਖਾਂ ਦੇ ਦੇਣਦਾਰ ਹਨ। ਕੀ ਗੁਰੂ ਤੇਗ ਬਹਾਦੁਰ ਜੀ ਨੇ ਹਿੰਦੂਆਂ ਦੀ ਰੱਖਿਆ ਲਈ ਸ਼ਹੀਦੀ ਨਹੀ ਪਾਈ? ਕੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਸਰਬੰਸ ਹਿੰਦੂਆਂ ਦੀ ਹੋਂਦ ਮਿਟਣੋਂ ਰੋਕਣ ਲਈ ਨਹੀਂ ਵਾਰਿਆ? ਕੀ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਦੀਆਂ ਸ਼ਹੀਦੀਆਂ ਭਾਰਤ ਨੂੰ ਆਜ਼ਾਦੀ ਦਿਵਾਉਣ ਲਈ ਜ਼ਿਮੇਵਾਰ ਨਹੀਂ? ਕੀ ਪਟਿਆਲਾ ਸਿੱਖ ਨੇ ਕਸ਼ਮੀਰ ਵਾਦੀ ਪਾਕਿਸਤਾਨ ਦੀ ਝੋਲੀ ਜਾਣ ਤੋਂ ਨਹੀਂ ਬਚਾਈ? ਕੀ ਏਅਰ ਚੀਫ ਮਾਰਸ਼ਲ ਅਰਜਨ ਸਿੰਘ ਤੇ ਜਨਰਲ ਅਰੋੜਾ ਨੇ ਪਾਕਿਸਤਾਨ ਨੂੰ ਧੂੜ ਚਟਾਕੇ ਜਿੱਤ ਹਿੰਦਸਤਾਨ ਦੀ ਝੋਲੀ ਨਹੀਂ ਪਾਈ? ਕੀ ਡਾ: ਮਨਮੋਹਨ ਸਿੰਘ ਨੇ ਦੇਸ਼ ਨੂੰ ਦੀਵਾਲੀਏ ਨਿਕਲਣ ਦੀ ਬੇਇਜੱਤੀ ਤੋਂ ਨਹੀਂ ਬਚਾਇਆ? ਕਹਾਣੀਆਂ ਬਹੁਤ ਲੰਮੀਆ ਹਨ ਬਸ ਟੂਕ ਮਾਤ੍ਰ ਹੀ ਦਿਤਾ ਹੈ। ਹਿੰਦੂ ਅੱਜ ਸਿੱਖਾਂ ਦੀਆਂ ਕੁਰਬਾਨੀਆਂ ਕਰਕੇ ਹੀ ਹਨ; ਇਹ ਹਿੰਦੂ ਇਤਿਹਾਸ ਦੀ ਬਹੁਤ ਵੱਡੀ ਸੱਚਾਈ ਹੈ ਜਿਸਨੂੰ ਨਜ਼ਰ ਅੰਦਾਜ ਕੀਤਾ ਜਾ ਰਿਹਾ ਹੈ। ਸਿੱਖੀ ਧਰਮ ਹੀ ਹਿੰਦੂਆਂ ਦੀ ਹੋਂਦ ਲਈ ਸਾਰੇ ਕਾਰਨਾਂ ਦਾ ਕਾਰਨ ਹੈ। ਇਸ ਸੱਚਾਈ ਨੂੰ ਮੰਨਣਾਂ ਪਵੇਗਾ। ਸੱਚ ਤੋਂ ਅੱਖਾਂ ਮੂੰਦਣ ਨਾਲ ਸੱਚ ਮਰਦਾ ਨਹੀਂ। ਸਿੱਖਾਂ ਨੂੰ ਸਿਰਫ ਇੱਕ ਪੱਖਪਾਤੀ ਇਤਿਹਾਸਕਾਰ ਜਾਂ ਗਲਤ ਸਮਝ ਵਾਲੇ ਨਜਰਅੰਦਾਜ ਨਹੀਂ ਕਰ ਸਕਦੇ। ਨਰਿੰਦਰ ਮੋਦੀ ਅਤੇ ਆਮ ਜਨਤਾ ਇਤਿਹਾਸ ਤੋਂ ਜਾਣੂ ਨਹੀਂ ਹਨ। ਪਰੇਸ਼ਾਨੀ ਵਾਲੀ ਗੱਲ ਹੈ ਬੀ. ਜੇ. ਪੀ. ਦੇ ਉੱਘੇ ਲੀਡਰਾਂ ਦੀ ਚੁੱਪ। ਬਹੁਤ ਹੀ ਘੱਟ ਹਿੰਦੂ ਲੋਕ ਇਸ ਗੱਲ ਨੂੰ ਸਮਝ ਅਤੇ ਮਹਿਸੂਸ ਕਰ ਸਕਦੇ ਹਨ ਕਿ ਉਹਨਾਂ ਦੀ ਹੋਂਦ ਸਿੱਖ ਗੁਰੂਆਂ, ਉਹਨਾਂ ਦੇ ਭਗਤਾਂ ਅਤੇ ਕੁਰਬਾਨੀਆਂ ਦੀ ਦੇਣ ਹੈ। ਇਸ ਕਾਂਡ ਦਾ ਨਿਚੋੜ ਇਹ ਹੈ ਕਿ ਹਿੰਦੂ ਜਿੰਨੀ ਜਲਦੀ ਇਸ ਸੱਚਾਈ ਨੂੰ ਮੰਨ ਲੈਣ ਉਨ੍ਹਾਂ ਦੀ ਸਮਾਜਿਕ ਹੋਂਦ ਲਈ ਇਹ ਉਤਨਾਂ ਹੀ ਚੰਗਾ ਹੋਵੇਗਾ। ਵੱਖ-ਵੱਖ ਤਰ੍ਹਾਂ ਦੇ ਇਤਿਹਾਸਾਂ ਦਾ ਭੱਦਾਪਣ ਸਮਾਜਿਕ ਖਿਚਾਅ ਪੈਦਾ ਕਰਦਾ ਹੈ। ਇੱਕ ਹਿੰਦੂ ਦੁਆਰਾ ਇਸ ਖਬਰ ਨੂੰ ਦਿੱਤੇ ਜਾਣਾ ਹੀ ਆਰ. ਐਸ. ਐਸ. ਅਤੇ ਬੀ. ਜੇ. ਪੀ. ਦੀ ਪੋਲ ਖੋਲ੍ਹਦਾ ਹੈ। ਕੀ ਸਾਨੂੰ ਇਸਨੂੰ ਰੋਕਣ ਲਈ ਕੁੱਝ ਨਹੀਂ ਕਰਨਾ ਚਾਹੀਦਾ?
ਸਿੱਖੀ ਦਾ ਸੱਚਾ ਸੱਤ ਕਿਸੇ ਵਿਰਲੇ ਨੂੰ ਹੀ ਗਿਆਤ ਹੈ। ਜ਼ਿਆਦਾਤਰ ਸਿੱਖ ਬ੍ਰਾਹਮਣਾਂ ਦੀ ਮੰਨੂ ਸਮਰਿਤੀ ਦੀ ਜੱਟ, ਖੱਤਰੀ, ਰਾਮਗੜ੍ਹੀਆ ਆਦਿ ਦੀ ਵੰਡ ਨੂੰ ਹੀ ਮੰਨ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਉਹ ਮੈਂਬਰ ਜਿਨ੍ਹਾਂ ਨੂੰ ਸਿੱਖੀ ਦੇ ਪ੍ਰਚਾਰ ਦੀ ਜਿੰਮੇਂਵਾਰੀ ਸੌਂਪੀ ਗਈ ਹੈ ਉਹ ਵੀ ਸਿੱਖ ਧਰਮ ਅਤੇ ਸਿੱਖੀ ਕਦਰਾਂ ਕੀਮਤਾਂ ਤੋਂ ਭਟਕ ਗਏ ਹਨ। ਜਾਤੀਵਾਦ ਨੇ ਲੋਕਾਂ ਨੂੰ ਵੰਡ ਦਿੱਤਾ ਹੈ ਅਤੇ ਲਗਾਤਾਰ ਦੂਰੀ ਵਧਦੀ ਜਾ ਰਹੀ ਹੈ ਜਿਸ ਕਾਰਨ ਡੇਰਿਆਂ ਵੱਲ ਝੁਕਾਅ ਵਧਦਾ ਜਾ ਰਿਹਾ ਹੈ। ਮਿਸ਼ਨਰੀਆਂ ਅਤੇ ਧਾਰਮਕ ਆਗੂਆਂ ਵਿੱਚ ਯੋਗਤਾ, ਮਿਹਨਤ ਅਤੇ ਲਗਨ ਦੀ ਘਾਟ ਕਾਰਨ ਸਿੱਖੀ ਨਾਲੋਂ ਟੁੱਟੇ ਹੋਏ ਲੋਕ ਵਾਪਸ ਨਹੀ ਜੁੜ ਸਕੇ।
ਵਿਸ਼ਵ ਪੱਧਰ ਤੇ ਗੁਰਦੁਆਰੇ ਨਾ ਤਾਂ ਕਿਰਿਆਸ਼ੀਲ ਹਨ ਅਤੇ ਨਾ ਹੀ ਧਰਮ ਤੇ ਆਉਂਦੇ ਕਿਸੇ ਸੰਕਟ ਦਾ ਸਾਹਮਣਾ ਕਰ ਸਕਦੇ ਹਨ। ਆਮ ਤੌਰ ਤੇ ਜਦੋਂ ਉਹ ਕਿਰਿਆਸ਼ੀਲ ਹੁੰਦੇ ਹਨ ਤਾਂ ਸੰਕਟ ਟਲ ਚੁੱਕਾ ਹੰਦਾ ਹੈ ਪਰ ਉਹ ਪੈਸਾ ਇੱਕਠਾ ਕਰਨ ਵਿੱਚ ਮਾਹਰ ਹੁੰਦੇ ਹਨ। ਫਿਰ ਵੀ ਇੱਕ ਆਸ ਦੀ ਕਿਰਨ ਜ਼ਰੂਰ ਨਜ਼ਰ ਆਉਂਦੀ ਹੈ। ਅਸੀਂ ਅਪਣੀਂ ਨੀਂਦ ਤੋਂ ਭਾਵੇਂ ਦੇਰ ਨਾਲ ਉੱਠੇ ਹਾਂ ਪਰ ਅਸੀਂ ਸਥਾਨਕ ਲੋੜਾਂ ਅਤੇ ਮੁੱਦਿਆਂ ਤੋਂ ਅਣਭਿੱਜ ਨਹੀਂ ਹਾਂ।
ਮੀਡੀਆ
ਸਿੱਖਾਂ ਨੂੰ ਮੀਡੀਏ ਵਿੱਚ ਸਹੀ ਸਥਾਨ ਨਹੀਂ ਮਿਲਦਾ। ਇਸਦਾ ਕਾਰਨ ਇਹ ਹੈ ਕਿ ਸਿੱਖਾਂ ਦਾ ਵਿਸ਼ਵ ਪੱਧਰ ਤੇ ਜਾਂ ਰਾਸ਼ਟਰੀ ਪੱਧਰ ਤੇ ਅਖਬਾਰ ਜਾਂ ਟੈਲੀਵਿਜ਼ਨ ਚੈਨਲ ਨਹੀਂ ਹੈ। ਚਮਕ ਦਮਕ ਦੇ ਇਸ ਦੌਰ ਵਿੱਚ ਮੀਡੀਏ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਸਾਨੂੰ ਵੀ ਇਸ ਦੀ ਸਿੱਖੀ ਪ੍ਰਚਾਰ ਲਈ ਭਰਪੂਰ ਵਰਤੋਂ ਕਰਨੀਂ ਚਾਹੀਦੀ ਹੈ। ਸਾਡੇ ਲਿਖਾਰੀਆਂ ਨੂੰ ਸਿੱਖ ਧਰਮ ਅਤੇ ਇਤਿਹਾਸ ਬਾਰੇ ਵਿਸ਼ਵ ਪੱਧਰ ਦੀ ਬੋਲੀ ਭਾਵ ਅੰਗ੍ਰੇਜ਼ੀ ਵਿੱਚ ਲਿਖ ਕੇ ਸਿੱਖੀ ਪ੍ਰਚਾਰ ਨੂੰ ਅੰਤਰ-ਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਦਾ ਯਤਨ ਕਰਨਾ ਚਾਹੀਦਾ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਹਰੇਕ ਖੇਤਰ ਵਿੱਚ ਵਿਸ਼ਵ ਪੱਧਰ ਤੇ ਜਾਣਿਆ ਜਾਵੇ ਜਾਂ ਸਿੱਖ ਦੀ ਵਿਸ਼ਵ ਪੱਧਰ ਤੇ ਪਛਾਣ ਹੋਵੇ ਤਾਂ ਇਸ ਵਾਸਤੇ ਭਰਪੂਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਿੱਖਾਂ ਨੂੰ ਵਿਸ਼ਵ ਪੱਧਰ ਤੇ ਇੱਕ ਤਾਕਤ ਦੇ ਤੌਰ ਤੇ ਉਭਾਰਨ ਲਈ ਵਿਸਥਾਰ ਪੂਰਵਕ ਮੀਡੀਆ ਯੋਜਨਾ ਬਣਾਈ ਜਾਣੀ ਚਾਹੀਦੀ ਹੈ। ਯੁਨੀਵਰਸਿਟੀ ਦੇ ਪ੍ਰੋਫੈਸਰਾਂ ਅਤੇ ਹੋਰ ਸਿੱਖ ਵਿਦਵਾਨਾਂ ਨੂੰ ਇਹ ਸੇਵਾ ਸੌਂਪੀ ਜਾਣੀਂ ਚਾਹੀਦੀ ਹੈ। ਸਾਨੂੰ ਵੀ ਵਿਸ਼ਵ ਪੱਧਰ ਤੇ ਸਿੱਖ ਇਤਿਹਾਸ, ਸੱਭਿਆਚਾਰ ਅਤੇ ਸਿਧਾਂਤਾਂ ਬਾਰੇ ਸਾਹਿਤ ਛਾਪਣਾ ਚਾਹੀਦਾ ਹੈ। ਸਾਡੇ ਕੋਲ ਸਿੱਖ ਮੀਡੀਆ ਸੈਲ, ਸੁਤੰਤਰ ਟੈਲੀਵਿਜ਼ਨ ਚੈਨਲ ਅਤੇ ਸੁਤੰਤਰ ਅੰਗ੍ਰੇਜ਼ੀ, ਪੰਜਾਬੀ ਅਤੇ ਹਿੰਦੀ ਦਾ ਅਖਬਾਰ ਚਾਹੀਦਾ ਹੈ।
ਸਿੱਖਾਂ ਨੂੰ ਇਹ ਸਭ ਅਪਣੇ ਆਪ ਹੀ ਕਰਨਾ ਪਵੇਗਾ ਕੋਈ ਬਾਹਰੋਂ ਆ ਕੇ ਸਾਡੀ ਮੱਦਦ ਨਹੀਂ ਕਰ ਸਕਦਾ। ਸਾਨੂੰ ਇਹ ਨਹੀਂ ਉਡੀਕਣਾ ਚਾਹੀਦਾ ਕਿ ਸਾਡਾ ਗੁਆਂਢੀ ਸਿੱਖ ਇਹ ਕੰਮ ਕਰੇਗਾ। ਸਾਨੂੰ ਇਹ ਜਿੰਮੇਵਾਰੀ ਅਪਣੇ ਉਪਰ ਲੈ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਹ ਜਿਤਨੀ ਜਲਦੀ ਕੀਤਾ ਜਾ ਸਕੇ ਉਤਨਾਂ ਹੀ ਸਾਡੇ ਲਈ ਬਿਹਤਰ ਰਹੇਗਾ। ਇੱਕ ਵਾਰ ਹੱਥੋਂ ਲੰਘਿਆ ਸਮਾਂ ਫਿਰ ਮੁੜ ਕੇ ਕਦੇ ਵਾਪਸ ਨਹੀਂ ਆਉਂਦਾ।
.