.

ਵੱਖ-ਵੱਖ ਵਿਦਵਾਨਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ

-ਗਿਆਨ-ਨਿਰਪੱਖ-ਸਚਾਈ ਭਰਪੂਰ ਦਿਲੀ ਜਜ਼ਬਾਤ

(ਸੰਗ੍ਰਹਿਕ-ਸੁਖਜੀਤ ਸਿੰਘ ਕਪੂਰਥਲਾ)

ਭਾਗ-3

ਸ੍ਰੀ ਗੁਰੂ ਗ੍ਰੰਥ ਸਾਹਿਬ ਮਨੁੱਖ ਦੀਆਂ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਅਤੇ ਚਣੌਤੀਆਂ ਨੂੰ ਸਰ ਕਰਕੇ ਮਨੁੱਖੀ ਜੀਵਨ ਨੂੰ ਅਨੰਦਮਈ ਤਥਾ ਸਫਲ ਬਣਾਉਣ ਦਾ ਮੁਕੰਮਲ ਅਤੇ ਸ੍ਰੇਸ਼ਠ ਫ਼ਲਸਫ਼ਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਨੁੱਖ ਦੀ ਨਿੱਜੀ ਤੋਂ ਨਿੱਜੀ ਅਤੇ ਵੱਡੀ ਤੋਂ ਵੱਡੀ ਸਮੱਸਿਆ ਦਾ ਹੱਲ ਹੈ। ਇਸ ਵਿੱਚ ਦਰਸਾਈ ਜੀਵਨ-ਜੁਗਤ ਮਨੁੱਖ ਨੂੰ ਸੰਪੂਰਨ ਮਨੁੱਖ ਤਥਾ ਯੋਧਾ-ਸੂਰਮਾ ਤਥਾ ਹਰ ਮੈਦਾਨ ਫ਼ਤਹਿ ਪਾਉਣ ਦੇ ਸਮਰੱਥ ਬਣਾਉਣ ਦੇ ਯੋਗ ਹੈ।

(ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ)

ਸਾਂਝੀਵਾਲਤਾ ਅਤੇ ਸਮਾਜਵਾਦ ਦਾ ਬੀਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਫੁੱਟਦਾ ਪ੍ਰਤੱਖ ਨਜਰ ਆਉਂਦਾ ਹੈ। ਧਰਮ, ਰਾਸ਼ਟਰ, ਸਦਾਚਾਰ ਅਤੇ ਮਾਨਵਤਾ ਦੇ ਧਰੋਹੀਆਂ ਨੂੰ ਧਰੋਹੀ ਆਖਣ ਦੀ ਇਸ ਵਿੱਚ ਜੁਰਅੱਤ, ਵੰਗਾਰ ਅਤੇ ਨਿਡਰਤਾ ਹੈ। (ਪਾਪ ਕੀ ਜੰਝ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ।। -੭੧੨)

ਸ੍ਰੀ ਗੁਰੂ ਗ੍ਰੰਥ ਸਾਹਿਬ ਅਜਿਹੇ ਸੀਤਲ ਅਤੇ ਮਿੱਠੇ ਜਲ ਦਾ ਚਸ਼ਮਾ ਹਨ ਜੋ ਨਿਰੰਤਰ ਵਗਦਾ ਰਹਿੰਦਾ ਹੈ। ਇਸ ਜਲ ਦੇ ਸੇਵਨ ਨਾਲ ਹਜ਼ਾਰਾਂ ਦੁਖੀ ਰੂਹਾਂ ਨੂੰ ਸ਼ਾਂਤੀ ਅਤੇ ਸਕੂਨ ਮਿਲਦਾ ਹੈ। … …. . ਅਜਿਹੇ ਅਦੁੱਤੀ, ਸ੍ਰੇਸ਼ਠ ਅਤੇ ਮਹਾਨ ਗ੍ਰੰਥ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਸਭਿਆਚਾਰਕ, ਸਾਹਿਤਕ ਅਤੇ ਭਾਈਚਾਰਕ ਧਰਮ ਹੈ। ਇਸ ਪ੍ਰਤੀ ਬੇਮੁਖ ਹੋਣਾ ਭਾਰਤੀ ਸੰਸਕ੍ਰਿਤੀ ਨਾਲ ਧ੍ਰੋਹ ਕਮਾਉਣਾ ਹੈ, ਇਹ ਉਜੱਡਪੁਣਾ ਅਤੇ ਮੂਰਖਤਾ ਹੈ।

(ਡਾ. ਰੋਸ਼ਨ ਲਾਲ ਅਹੂਜਾ)

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਹਾਨ ਉਪਦੇਸ਼, ਸਿਧਾਂਤ, ਫ਼ਲਸਫ਼ਾ ਬਾਕੀ ਸਾਰੇ ਧਾਰਮਿਕ ਗ੍ਰੰਥਾਂ ਤੋਂ ਨਿਆਰਾ, ਨਿਵੇਕਲਾ ਅਤੇ ਅੱਡਰਾ ਹੈ। ਇਹ ਪ੍ਰੇਮ ਅਤੇ ਸੰਘਰਸ਼ ਦਾ ਫ਼ਲਸਫ਼ਾ ਹੈ। ਇਹ ਮਾਇਆ ਵਿੱਚ ਵਿਚਰਦਿਆਂ ਹੋਇਆਂ ਨਿਰਲੇਪਤਾ ਦਾ ਲਾ-ਮਿਸਾਲ ਸਿਧਾਂਤ ਹੈ। ਇਹ ਅੰਦੂਰਨੀ ਅਤੇ ਬਹਿਰੂਨੀ ਅਤਿਆਚਾਰ ਉਤੇ ਸਭਿਆਚਾਰ ਦੀ ਫ਼ਤਿਹ ਦੀ ਪ੍ਰਾਪਤੀ ਦਾ ਸਿਧਾਂਤ ਹੈ। ਇਹ ਅਦ੍ਰਿਸ਼ਟ ਤੋਂ ਹੁੰਦਿਆਂ ਹੋਇਆਂ ਦ੍ਰਿਸ਼ਟ ਤਕ ਪਹੁੰਚਣ ਦਾ ਸਿਧਾਂਤ ਹੈ। ਇਹ ਅਧੂਰੇ ਤੋਂ ਸੰਪੂਰਨ ਹੋਣ ਦਾ ਸਿਧਾਂਤ ਹੈ।

(ਪ੍ਰੋ. ਕਿਰਪਾਲ ਸਿੰਘ ਬਡੂੰਗਰ)

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਜਿਹੇ ‘ਸਚਿਆਰ` ਮਨੁੱਖ ਦਾ ਸੰਕਲਪ ਸਿਰਜਦੀ ਹੈ ਜੋ ਸਬਰ-ਸੰਤੋਖ ਦਾ ਧਾਰਨੀ, ਸੱਚ ਦੇ ਮਾਰਗ ਤੇ ਚਲਣ ਵਾਲਾ, ਸੰਜਮੀ, ਸਰੱਬਤ ਦਾ ਭਲਾ ਮੰਗਣ ਵਾਲਾ ਅਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਮੁਕਤ ਹੋਵੇ। ਅਜਿਹਾ ‘ਸਚਿਆਰ` ਮਨੁੱਖ ਬਨਣ ਲਈ ਦਿਸ਼ਾ-ਨਿਰਦੇਸ਼ ਵੀ ਗੁਰਬਾਣੀ ਵਿੱਚ ਹੀ ਨਿਰਧਾਰਤ ਕੀਤੇ ਗਏ ਹਨ।

(ਡਾ. ਸੁਖਦੇਵ ਸਿੰਘ)

ਮਿਹਨਤ ਕਰਨੀ, ਇਮਾਨਦਾਰੀ ਵਰਤਣੀ, ਬਿਨਾ ਕਿਸੇ ਭੇਦ-ਭਾਵ ਦੇ ਨਾਮ ਜਪਣਾ, ਵੰਡ ਛਕਣਾ ਅਤੇ ਸਾਥੀਆਂ ਦੇ ਦੁਖ-ਸੁਖ ਵਿੱਚ ਪਰਉਪਕਾਰੀ ਭਾਵਨਾ ਨਾਲ ਸ਼ਰੀਕ ਹੋਣਾ ਅਤੇ ਨਿਜਵਾਦ, ਨਿਜਲਾਭ, ਹਉਂਵਾਦ, ਕੂੜਵਾਦ, ਭੰਡਵਾਦ ਨੂੰ ਜੀਵਨ ਵਿਚੋਂ ਮਨਫੀ ਕਰਨ ਵਾਲੇ ਮਾਨਵ-ਹਿਤੂ ਸਿਧਾਂਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਮੋਲਕ ਰਤਨ ਹਨ।

(ਡਾ. ਜਗਬੀਰ ਸਿੰਘ)

ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਮੱਧਕਾਲ ਵਿੱਚ ਹੋਈ ਹੈ, ਪਰ ਇਸ ਦੇ ਕ੍ਰਾਂਤੀਕਾਰ ਪ੍ਰਵਚਨਾਂ ਵਿੱਚ ਅਨੇਕਾਂ ਅੰਤਰ-ਦ੍ਰਿਸ਼ਟੀਆਂ ਅਜਿਹੀਆਂ ਹਨ ਜੋ ਅਜੋਕੇ ਭਾਰਤੀ ਸਮਾਜ-ਸਭਿਆਚਾਰ ਲਈ ਹੀ ਨਹੀਂ ਸਗੋਂ ਸਮੁੱਚੀ ਮਨੁੱਖ ਜਾਤੀ ਲਈ ਵੀ ਅਤਿਅੰਤ ਸਾਰਥਕ ਅਤੇ ਪ੍ਰਾਸੰਗਿਕ ਹਨ।

(ਡਾ. ਜਗਬੀਰ ਸਿੰਘ)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਭਗਤ ਸਾਹਿਬਾਨ, ਭੱਟ ਸਾਹਿਬਾਨ ਅਤੇ ਗੁਰੂ ਘਰ ਦੇ ਨਿਕਟਵਰਤੀ ਸਿਖ ਸੇਵਕਾਂ ਦੀ ਬਾਣੀ ਨੂੰ ਦਰਜ ਕਰਨਾ ਇੱਕ ਮਹੱਤਵਪੂਰਨ ਸ਼ਲਾਘਾਯੋਗ ਕਦਮ ਸੀ। ਕਥਿਤ ਪਛੜੀਆਂ ਤੇ ਨੀਵੀਆਂ ਜਾਤੀਆਂ ਵਿਚੋਂ ਹੋਣ ਕਰਕੇ ਵੀ ਭਗਤ ਸਾਹਿਬਾਨ ਦੁਆਰਾ ਰਚਿਤ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਥਾਨ ਦੇਣਾ ਬਹੁਤ ਵੱਡੀ ਤੇ ਡੁੰਘੀ ਸੋਚ ਦਾ ਨਤੀਜਾ ਸੀ। ਇਹ ਰਾਸ਼ਟਰ ਅਤੇ ਵਿਸ਼ਵਵਿਆਪੀ ਪੱਧਰ ਤੇ ਇੱਕ ਐਸਾ ਕਦਮ ਸੀ, ਜਿਸ ਨਾਲ ਮਾਨਵ-ਏਕਤਾ ਤੇ ਸਮਾਨਤਾ ਨੂੰ ਹੋਰ ਬਲ ਮਿਲਿਆ।

(ਡਾ. ਸ਼ਮਸ਼ੇਰ ਸਿੰਘ)

ਥੋੜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੁਤਬੇ ਬਾਰੇ ਸਾਰੇ ਦੇ ਸਾਰੇ ਵਿਦਵਾਨ ਇਕਮੱਤ ਹਨ ਕਿ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਅਜਿਹਾ ਧਰਮ-ਗ੍ਰੰਥ ਹੈ ਜਿਸ ਨੂੰ ਸਦੀਵੀ-ਗੁਰੂ ‘ਸਦ ਜੀਵੈ ਨਹੀ ਮਰਤਾ` ਦਾ ਦਰਜਾ ਪ੍ਰਾਪਤ ਹੈ।

(ਚਾਰਲਸ ਮੈਸਨ)

ਸ੍ਰੀ ਗੁਰੂ ਨਾਨਕ ਸਾਹਿਬ ਦੁਆਰਾ ਉਚਾਰਨ ਕੀਤੇ ਧਰਮ-ਸਿਧਾਂਤਾਂ ਨੂੰ ਹੀ ਮੂਲ ਰੂਪ ਵਿੱਚ ਬਾਕੀ ਨੌਂ ਗੁਰੂ ਸਾਹਿਬਾਨ ਨੇ ਅਪਣਾਇਆ ਅਤੇ ਪ੍ਰਚਾਰਿਆ। ਜਦ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਪ ਕੀਤਾ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਇਨ੍ਹਾਂ ਮੂਲ ਸਿਧਾਂਤਾਂ ਬਾਰੇ ਕਦੀ ਵੀ ਕੋਈ ਕਿੰਤੂ-ਪ੍ਰੰਤੂ ਨਹੀਂ ਉਠਿਆ।

(ਅਰਨਸਟ ਟ੍ਰੰਪ)

ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਰੱਬੀ ਏਕਤਾ` ਦੇ ਸਿਧਾਂਤ ਦਾ ਪ੍ਰਚਾਰ ਕੀਤਾ ਅਤੇ ਆਪਣੇ ਅਨੁਯਾਈਆਂ ਵਿੱਚ ਰੱਬੀ ਏਕਤਾ ਬਾਰੇ ਸ਼ਰਧਾ ਪੈਦਾ ਕਰਨ ਹਿੱਤ ਬਹੁਤ ਸਾਰੇ ਸ਼ਬਦ ਉਚਾਰੇ, ਜੋ ਸਾਰੇ ਦੇ ਸਾਰੇ ਉਸ ਪਰਮ-ਸੱਤਾ ਦੀ ਸਿਫ਼ਤ ਸਲਾਹ ਬਾਰੇ ਹਨ। ਇਹ ਸਾਰੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਹਿਬ ਵਿੱਚ ਦਰਜ ਹਨ ਅਤੇ ਇਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਧਾਰਸ਼ਿਲਾ ਹਨ।

(ਵਿਲੀਅਮ ਵਰਡ)

ਸ੍ਰੀ ਗੁਰੂ ਗ੍ਰੰਥ ਸਹਿਬ ਦੇ ਸੰਕਲਪ ਨਾਲ ਸਿਖ ਧਰਮ ਨੂੰ ਸਥਿਰਤਾ ਹਾਸਲ ਹੋਈ ਕਿਉਂਕਿ ਇਹ ਸਿਖ ਧਾਰਮਿਕ ਅਕੀਦਿਆਂ ਤੇ ਨੈਤਿਕ ਜਾਬਤੇ ਦੇ ਪ੍ਰਪੱਕ ਨਿਯਮਾਂ ਦਾ ਸੰਗ੍ਰਹਿ ਹੈ। ਨਿਰਸੰਦੇਹ ਸ੍ਰੀ ਗੁਰੂ ਗ੍ਰੰਥ ਸਾਹਿਬ ਧਾਰਮਿਕ ਵਿਸ਼ਵਾਸ ਤੇ ਰਹੁ-ਰੀਤਾਂ ਦਾ ਸਦਾ ਵਰਤ ਸੋਮਾ ਹੈ।

(ਜੇਮਜ਼ ਬਰਾਊਨ)

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਦੀ ਵਿਸ਼ਾਲਤਾ ਅਤੇ ਮਹੱਤਤਾ ਨੂੰ ਬਾਖੂਬੀ ਸਮਝ ਲਿਆ ਸੀ ਕਿ ਇਹ ਸਿਖਿਆਵਾਂ ਮਨੁੱਖੀ ਜਿੰਦਗੀ ਦੇ ਹਰ ਪਹਿਲੂ ਦੇ ਨਾਲ-ਨਾਲ ਸਮਾਜ ਦੀ ਹਰੇਕ ਦਸ਼ਾ ਵਿਚ, ਸਮਾਜੀ ਬਣਤਰ ਨੂੰ ਦਿਸ਼ਾ ਪ੍ਰਦਾਨ ਕਰਨ ਵਿੱਚ ਕਿਸ ਹੱਦ ਤਕ ਕਾਰਗਰ ਸਾਬਤ ਹੋ ਸਕਦੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪਾਦਿਤ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿਖਾਂ ਨੂੰ ਧਾਰਮਿਕ ਅਤੇ ਨੈਤਿਕ ਨਿਯਮਾਂ ਦਾ ਸਥਾਈ ਸੰਵਿਧਾਨ ਪ੍ਰਦਾਨ ਕਰ ਦਿਤਾ ਹੈ।

(ਜੇ. ਡੀ. ਕਨਿੰਘਮ)

ਸ੍ਰੀ ਗੁਰੂ ਗ੍ਰੰਥ ਸਾਹਿਬ ਸਿਖ ਧਰਮ-ਸਿਧਾਂਤਾਂ ਦਾ ਸੋਮਾ ਹੈ ਅਤੇ ਇਹ ਧਰਮ ਨਾ ਹੀ ਕਿਸੇ ਮਨੁੱਖ, ਜਾਤ, ਧਰਮ ਤੇ ਨਸਲ ਦੇ ਆਧਾਰ ਤੇ ਵਿਤਕਰਾ ਕਰਨਾ ਸਿਖਾਉਂਦਾ ਹੈ ਅਤੇ ਨਾ ਹੀ ਬੁੱਤ-ਪੂਜਾ ਤੇ ਸ਼ਖਸ਼ੀ-ਪੂਜਾ ਦੀ ਇਜ਼ਾਜ਼ਤ ਦਿੰਦਾ ਹੈ।

(ਬੈਰਨ ਚਾਰਲਸ ਹਿਊਗਲ)

==============

-ਸੁਖਜੀਤ ਸਿੰਘ, ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

[email protected] 




.