.

ਗੁਰਬਾਣੀ ਦਾ ਸਿੱਖ ਧਰਮ ਨਾਲ ਸਬੰਧ

ਹਾਕਮ ਸਿੰਘ

ਹਰ ਧਰਮ ਅਧਿਆਤਮਕ ਵਿਚਾਰਧਾਰ ਤੇ ਆਧਾਰਤ ਹੁੰਦਾ ਹੈ ਅਤੇ ਅਧਿਆਤਮਕ ਵਿਚਾਰਧਾਰਾ ਦੀ ਵਿਆਖਿਆ ਉਸ ਧਰਮ ਦੇ ਧਰਮਸ਼ਾਸਤਰੀ ਅਤੇ ਵਿਦਵਾਨ ਕਰਦੇ ਹਨ ਅਤੇ ਉਹੋ ਉਸ ਧਰਮ ਦੇ ਪ੍ਰਤੀਨਿਧ ਮੰਨੇ ਜਾਂਦੇ ਹਨ। ਸਿੱਖ ਧਰਮ ਹੀ ਸ਼ਾਇਦ ਇੱਕ ਐਸਾ ਧਰਮ ਹੈ ਜਿਸ ਦੀ ਪ੍ਰਤੀਨਿਧਤਾ ਪਿਛਲੇ ਤਕਰੀਬਨ ਸੌ ਸਾਲਾਂ ਤੋਂ ਸਿਆਸਤਦਾਨਾਂ ਦੀ ਸਰਪਰੱਸਤੀ ਅਤੇ ਅਗਵਾਈ ਹੇਠ ਪਾਠੀ ਅਤੇ ਗ੍ਰੰਥੀ ਕਰਦੇ ਆ ਰਹੇ ਹਨ। ਸਿਆਸਤਦਾਨਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੋਈ ਦਿਲਚਸਪੀ ਨਹੀਂ ਹੈ ਅਤੇ ਪਾਠੀ ਅਤੇ ਗ੍ਰੰਥੀ ਧਰਮਸ਼ਾਸਤਰੀ ਅਤੇ ਵਿਦਵਾਨ ਨਹੀਂ ਹਨ। ਪਾਠੀ ਅਤੇ ਗ੍ਰੰਥੀ ਸਿੱਖ ਧਰਮ ਵਿੱਚ ਮਹਤੱਵਪੂਰਨ ਕਰਤਵ ਨਿਭਾਉਂਦੇ ਹਨ ਅਤੇ ਉਹਨਾਂ ਨੂੰ ਸਿੱਖ ਜਗਤ ਵਿੱਚ ਬਹੁਤ ਸਤਕਾਰ ਪਰਾਪਤ ਹੈ ਪਰ ਉਹ ਸਿੱਖ ਧਰਮ ਦੇ ਵਿਦਵਾਨ ਨਹੀਂ ਹਨ ਅਤੇ ਉਹਨਾਂ ਵਿੱਚ ਸਿੱਖ ਧਰਮ ਦੀ ਪ੍ਰਤੀਨਿਧਤਾ ਕਰਨ ਦੀ ਯੋਗਤਾ ਨਹੀਂ ਹੈ। ਯੋਗ ਅਗਵਾਈ ਨਾ ਹੋਣ ਕਾਰਨ ਅਜੋਕੇ ਸਿੱਖ ਧਰਮ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਣ, ਸੁਨਣ, ਸਮਝਣ, ਵਿਚਾਰਨ ਅਤੇ ਉਸ ਦੇ ਉਪਦੇਸ਼ ਨੂੰ ਜੀਵਨ ਵਿੱਚ ਧਾਰਨ ਕਰਨ ਦੀ ਪਰਥਾ ਨਹੀਂ ਹੈ। ਇਸ ਦੇ ਉਲਟ ਅਖੰਡ ਪਾਠ ਕਰਵਾਉਣ ਅਤੇ ਭਾਵਨਾਵਾਂ ਉਤੇਜਤ ਕਰਨ ਵਾਲੇ ਜਲਸੇ ਜਲੂਸਾਂ, ਜੋੜ ਮੇਲਿਆਂ, ਲੰਗਰਾਂ, ਗਤਕਿਆਂ ਦੀਆਂ ਪਰਦਰਸ਼ਨੀਆਂ ਅਤੇ ਸਿਆਸੀ ਇਕੱਠਾਂ ਵਿੱਚ ਭਾਗ ਲੈਣ ਨੂੰ ਪਰਸਿਧ ਧਾਰਮਕ ਗਤੀਵਿਧੀਆਂ ਸਮਝਿਆ ਜਾਂਦਾ ਹੈ। ਕੋਈ ਤਿੰਨ ਸੌ ਸਾਲ ਪਹਿਲੋਂ ਗੁਰਬਾਣੀ ਉਪਦੇਸ਼ ਦੀ ਵਿਆਖਿਆ ਨੂੰ ਵੈਦਕ ਅਤੇ ਸਨਾਤਨੀ ਵਿਚਾਰਧਾਰਾ, ਪਰੰਪਰਾਵਾਂ ਅਤੇ ਕਰਮ ਕਾਂਡਾਂ ਵਿੱਚ ਰਲਗੱਡ ਕਰਨ ਦੀ ਰੀਤ ਚਲ ਪਈ ਸੀ ਅਤੇ ਪਿਛਲੇ ਸੌ ਸਾਲਾਂ ਤੋਂ ਗੁਰਮਤਿ ਵਿਚਾਰਧਾਰਾ ਨੂੰ ਤੋੜ ਮਰੋੜ ਕੇ ਸਮਾਜਕ ਮਨਸੂਬਿਆਂ ਅਤੇ ਕਾਰਵਾਈਆਂ ਦੇ ਹਿੱਤ ਵਿੱਚ ਵਰਤਣ ਦੀ ਪਰਥਾ ਬਣ ਗਈ ਹੈ। ਗੁਰਬਾਣੀ ਉਹੋ ਰਹੀ ਹੈ ਪਰ ਉਸ ਦੀ ਸਿਖਿਆ ਅਤੇ ਉਪਦੇਸ਼ ਨਾਲੋਂ ਉਸ ਦੇ ਤੱਤ ਅਲਗ ਅਤੇ ਭਿੰਨ ਹੁੰਦੇ ਰਹੇ ਹਨ।

ਗੁਰੂ ਸਾਹਿਬਾਨ ਦੇ ਜੀਵਨ ਗੁਰਬਾਣੀ ਉਪਦੇਸ਼ ਦੇ ਸੰਚਾਰ ਨੂੰ ਸਮਰਪੱਤ ਸਨ। ਗੁਰ ਪਰਵਾਰਾਂ ਦੇ ਕਈ ਸਦੱਸ ਗੁਰਗੱਦੀ, ਪੋਥੀ ਸਾਹਿਬ, ਅਤੇ ਗੁਰ ਅਸਥਾਨਾਂ ਦੀ ਸੰਪੱਤੀ ਤੇ ਕਬਜ਼ੇ ਕਰਨ ਲਈ ਗੁਰੂ ਸਾਹਿਬਾਨ ਦੀ ਵਿਰੋਧਤਾ ਅਤੇ ਗੁਰਰਬਾਣੀ ਉਪਦੇਸ਼ ਦੀ ਅਵੱਗਿਆ ਕਰਦੇ ਸਨ। ਉਹਨਾਂ ਦੀ ਵਿਰੋਧਤਾ ਕਾਰਨ ਬਹੁਤੇ ਗੁਰੂ ਸਾਹਿਬਾਨ ਨੂੰ ਆਪਣੇ ਪਰਚਾਰ ਟਿਕਾਣੇ ਤਿਅਗਣੇ ਪਏ ਸਨ। ਗੁਰੂ ਸਾਹਿਬਾਨ ਗੁਰਬਾਣੀ ਰਚਦੇ ਅਤੇ ਪਰਚਾਰਦੇ ਸਨ ਪਰ ਉਹਨਾਂ ਦੇ ਵਿਰੋਧੀ ਜਨਮ ਸਾਖੀਆਂ ਅਤੇ ਗੁਰ ਬਿਲਾਸ ਲਿਖ ਕੇ ਗੁਰੂ ਸਾਹਿਬਾਨ ਨੂੰ ਨਿੰਦਣ ਦਾ ਜਤਨ ਕਰਦੇ ਸਨ, ਜਿਹਨਾਂ ਰਚਨਾਵਾਂ ਨੂੰ ਅੱਜ ਦੇ ਅਗਿਆਨੀ ਸਿੱਖ ਪੁਰਾਤਨ ਇਤਹਾਸਕ ਸਰੋਤ ਮੰਨਣ ਦੀ ਭੁਲ ਕਰੀ ਜਾਂਦੇ ਹਨ। ਅੰਗ੍ਰੇਜ਼ ਅਤੇ ਦੂਜੇ ਇਤਹਾਸਕਾਰਾਂ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਹਾਨ ਫੌਜੀ ਜਰਨੈਲ਼ ਅਤੇ ਸੰਗਠਕ ਸਿੱਧ ਕਰਨ ਤੇ ਜ਼ੋਰ ਦਿੱਤਾ ਹੈ। ਗੁਰੂ ਸਾਹਿਬ ਸਿੱਖ ਧਰਮ ਦੇ ਗੁਰੂ ਸਨ ਅਤੇ ਉਹਨਾਂ ਦੀ ਗੁਰੂ ਦੀ ਪਦਵੀ ਕਿਸੇ ਦੁਨਿਆਵੀ ਕਿੱਤੇ ਵਿੱਚ ਨਿਪੁੰਨਤਾ ਪਰ ਆਸਰਤ ਨਹੀਂ ਸੀ। ਗੁਰਬਾਣੀ ਦੁਨਿਆਵੀ ਪਰਾਪਤੀਆਂ ਨੂੰ ਕੋਈ ਮਹਤੱਤਾ ਨਹੀਂ ਦਿੰਦੀ। ਦੁਨਿਆਵੀ ਪਰਾਪਤੀਆਂ ਗੁਰੂ ਦੇ ਗੁਣ ਨਹੀਂ ਹੁੰਦੇ। ਗੁਰੂ ਸਾਹਿਬ ਦੇ ਜੀਵਨ ਦੇ ਧਾਰਮਕ ਅਤੇ ਸੰਸਾਰਕ ਪਹਿਲੂਆਂ ਦੇ ਵਰਨਨਾਂ ਵਿੱਚ ਅੱਜ ਵੀ ਭਾਰੀ ਅਸੰਤੁਲਨ ਹੈ। ਗੁਰੂ ਸਾਹਿਬ ਦੇ ਜੀਵਨ ਨੂੰ ਦਾਗੀ ਕਰਨ ਅਤੇ ਸਿੱਖ ਸ਼ਰਧਾਲੂਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਪਦੇਸ਼ ਨਾਲੋਂ ਤੋੜਣ ਦੇ ਇਰਾਦੇ ਨਾਲ ਦਸਮ ਗ੍ਰੰਥ ਨਾਮੀ ਅਸ਼ਲੀਲ ਗ੍ਰੰਥ ਨੂੰ ਗੁਰੂ ਸਾਹਿਬ ਦੀ ਕਿਰਤ ਅਤੇ ਸਵੈਜੀਵਨੀ ਪਰਚਾਰਨ ਦਾ ਕੋਝਾ ਜਤਨ ਵੀ ਕੀਤਾ ਗਿਆ ਹੈ।

ਗੁਰੂ ਗੋਬਿੰਦ ਸਿੰਘ ਜੀ ਨੇ ਗੁਰਬਾਣੀ ਉਪਦੇਸ਼ ਦੇ ਅਨੁਕੂਲ ਸ਼ਾਂਤੀ, ਹਲੀਮੀ ਅਤੇ ਸਹਿਜ ਵਾਲਾ, ਗੁਰਬਾਣੀ ਸੰਚਾਰ ਨੂੰ ਸਮਰਪਤ ਪਰਉਪਕਾਰੀ ਜੀਵਨ ਜੀਵਿਆ ਸੀ। ਉਹਨਾਂ ਕੇਵਲ ਆਪਣੇ ਸ਼ਰਧਾਲੂਆਂ ਅਤੇ ਗੁਰਬਾਣੀ ਸੰਚਾਰ ਦੇ ਸਾਧਨਾਂ ਦੀ ਰਖਿਆ ਲਈ ਹੀ ਸ਼ਸਤਰ ਵਰਤੇ ਸਨ। ਉਹਨਾਂ ਕਦੇ ਕਿਸੇ ਤੇ ਹਮਲਾ ਨਹੀਂ ਕੀਤਾ ਅਤੇ ਨਾ ਹੀ ਕਿਸੇ ਨੂੰ ਡਰਾਉਣ, ਧਮਕਾਉਣ ਜਾਂ ਸਜ਼ਾ ਦੇਣ ਲਈ ਸ਼ਕਤੀ ਦੀ ਵਰਤੋਂ ਕੀਤੀ। ਉਹਨਾਂ ਦਮਦਮੀ ਬੀੜ ਦਾ ਸੰਕਲਨ ਕਰ ਕੇ ਮਾਨਵਤਾ ਤੇ ਵੱਡਾ ਪਰਉਪਕਾਰ ਕੀਤਾ ਹੈ। ਉਹਨਾਂ ਵਿਅਕਤੀ ਗੁਰੂ ਦੀ ਪਰਥਾ ਨੂੰ ਸਮਾਪਤ ਕਰ ਕੇ ਅਤੇ ਦਮਦਮੀ ਬੀੜ ਵਿੱਚ ਅੰਕਤ ਗੁਰਬਾਣੀ ਨੂੰ ਸਦੀਵੀ ਗੁਰੂ ਐਲਾਨ ਕੇ ਗੁਰਬਾਣੀ ਦੇ ਅਧਿਆਤਮਕ ਗਿਆਨ ਦੀ ਮਹਾਨਤਾ ਨੂੰ ਉਜਾਗਰ ਕੀਤਾ ਹੈ। ਗੁਰੂ ਸਾਹਿਬਾਨ ਨੇ ਕਿਸੇ ਵਖਰੇ ਸਮਾਜ ਦੀ ਸਥਾਪਨਾ ਨਹੀਂ ਕੀਤੀ ਹੈ ਕੇਵਲ ਗੁਰਬਾਣੀ ਉਪਦੇਸ਼ ਰਾਹੀਂ ਮਾਨਵਤਾ ਨੂੰ ਜੀਵਨ ਦੇ ਸਹੀ ਰਾਹ ਦਾ ਗਿਆਨ ਪਰਦਾਨ ਕੀਤਾ ਹੈ।

ਬੰਦਾ ਬਹਾਦਰ ਦਾ ਮੁਗਲ ਸਾਸ਼ਨ ਤੇ ਹਮਲਾ ਗੁਰਬਾਣੀ ਉਪਦੇਸ਼ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਨੀਤੀ ਦੇ ਵਿਰੁਧ ਸੀ। ਉਸ ਦੇ ਹਮਲੇ ਦੇ ਵਿਰੋਧ ਵਿੱਚ ਮੁਗਲਾਂ ਨੇ ਸਿੱਖ ਸ਼ਰਧਾਲੂਆਂ ਦੀ ਨਸਲਕੁਸ਼ੀ ਦਾ ਆਦੇਸ਼ ਦੇ ਦਿੱਤੇ ਅਤੇ ਸਿੱਖਾਂ ਨੂੰ ਆਪਣੇ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਪਨਾਹ ਲੈਣੀ ਪਈ। ਸਿੱਖ ਸ਼ਰਧਾਲੂਆਂ ਦੀ ਗੈਰਹਾਜ਼ਰੀ ਵਿੱਚ ਗੁਰ ਪਰਵਾਰਾਂ ਦੇ ਗੁਰਮਤਿ ਵਿਰੋਧੀ ਸਦੱਸਾਂ ਅਤੇ ਉਹਨਾਂ ਦੇ ਸਹਿਯੋਗੀ ਉਦਾਸੀ ਅਤੇ ਨਿਰਮਲਿਆਂ ਨੇ ਸਾਰੇ ਗੁਰ ਅਸਥਾਨਾਂ ਤੇ ਕਬਜ਼ੇ ਕਰ ਕੇ ਗੁਰਮਤਿ ਵਿਰੋਧੀ ਪਰਚਾਰ ਕਰਨਾ ਸ਼ੁਰੂ ਕਰ ਦਿੱਤਾ। ਗੁਰ ਅਸਥਾਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਰਕਾਸ਼ ਕਰਨ ਦੀ ਪਰੰਪਰਾ ਕਾਇਮ ਰਹੀ ਪਰ ਗੁਰਬਾਣੀ ਉਪਦੇਸ਼ ਦੇ ਵਿਪਰੀਤ ਗ੍ਰੰਥ ਸਾਹਿਬ ਦੀ ਮੂਰਤੀ ਪੂਜਾ ਕਰਨ ਅਤੇ ਗੁਰਬਾਣੀ ਦੇ ਸ਼ਬਦਾਂ ਨੂੰ ਸੰਸਾਰਕ ਪਰਾਪਤੀਆਂ ਦੇ ਮੰਤਰਾਂ ਵਜੋਂ ਵਰਤਣ ਦੀ ਪਰਥਾ ਚਲ ਪਈ। ਮਿਸਲਾਂ ਅਤੇ ਰਣਜੀਤ ਸਿੰਘ ਦੇ ਰਾਜ ਸਮੇਂ ਵੀ ਉਦਾਸੀ ਅਤੇ ਨਿਰਮਲੇ ਵਿਦਵਾਨਾਂ ਦੀ ਗੁਰਮਤਿ ਵਿਰੋਧੀ ਵਿਚਾਰਧਾਰਾ ਹੀ ਪਰਧਾਨ ਰਹੀ।

ਤਕਰੀਬਨ ਦੋ ਸੌ ਸਾਲਾਂ ਤੋਂ ਚਲੀ ਆ ਰਹੀ ਸਨਾਤਨੀ ਰੰਗ ਵਿੱਚ ਰੰਗੀ ਗੁਰਮਤਿ ਵਿਚਾਰਧਾਰਾ ਅਤੇ ਵਿਹਾਰ ਨੂੰ ਸਿੰਘ ਸਭਾਵਾਂ ਨੇ ਚਣੌਤੀ ਦਿੱਤੀ ਸੀ। ਸਿੰਘ ਸਭਾਵਾਂ ਅਤੇ ਚੀਫ ਖਾਲਸਾ ਦੀਵਾਨ ਦੇ ਆਗੂ ਪੱਛਮੀ ਸਿਖਿਆ ਅਤੇ ਧਾਰਮਕ ਵਿਚਾਰਧਾਰਾ ਤੋਂ ਪਰਭਾਵਤ ਸਨ। ਪੱਛਮ ਵਿੱਚ ਧਰਮ ਨੂੰ ਅਧਿਆਤਮਕ ਅਵਸਥਾ ਜਾਂ ਸ਼ੁਭ ਕਰਮ ਹੀ ਨਹੀਂ ਬਲਕਿ ਇੱਕ ਵਿਸ਼ੇਸ਼ ਵਿਸ਼ਵਾਸ ਤੇ ਆਧਾਰਤ ਸਮਾਜਕ ਸੰਗਠਨ ਮੰਨਿਆ ਜਾਂਦਾ ਹੈ। ਸਮਾਜ ਦਾ ਇੱਕ ਸਤਕਾਰਤ ਸੰਗਠਨ ਹੋਣ ਕਾਰਨ ਈਸਾਈ ਮਤ ਦੇ ਆਗੂ ਲੰਮੇ ਸਮੇਂ ਯੂਰਪ ਦੇ ਸਮਰਾਟਾਂ ਨਾਲ ਰਾਜਾਂ ਵਿੱਚ ਭਾਗੀਦਾਰ ਬਣੇ ਰਹੇ ਸਨ। ਸਿੰਘ ਸਭਾਵਾਂ ਦੇ ਵਿਦਵਾਨ ਵੀ ਈਸਾਈ ਮਤ ਦੀ ਧਰਮ ਪਰਣਾਲੀ ਅਤੇ ਸੋਚ ਤੋਂ ਬਹੁਤ ਪਰਭਾਵਤ ਸਨ। ਉਹਨਾਂ ਈਸਾਈ ਮਤ ਦੀ ਨਕਲ ਵਿੱਚ ਗੁਰਬਾਣੀ ਦੇ ਸ਼ਰਧਾਲੂਆਂ ਨੂੰ ਸੰਗਤ ਦੀ ਥਾਂ ਸਿੱਖ ਧਰਮ ਦਾ ਨਾਂ ਦੇ ਕੇ ਪਰਚਾਰਨਾ ਸ਼ੁਰੂ ਕਰ ਦਿੱਤਾ। ਗੁਰਬਾਣੀ ਸਮਾਜਕ ਸੰਗਠਨ ਨੂੰ ਧਰਮ ਦਾ ਨਾਂ ਨਹੀਂ ਦਿੰਦੀ। ਉਹ ਧਰਮ ਨੂੰ ਅਧਿਆਤਮਕ ਕਿਰਿਆ ਮੰਨਦੀ ਹੈ ਸੰਸਾਰਕ ਜਾਂ ਸਮਾਜਕ ਕਿਰਿਆ ਨਹੀਂ। ਗੁਰਬਾਣੀ ਵਿੱਚ ਧਰਮ ਨੂੰ ਇਸ ਪਰਕਾਰ ਪਰਿਭਾਸ਼ਤ ਕੀਤਾ ਗਿਆ ਹੈ: “ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨੁ” (ਪੰ: ੧੧੬੮); “ਸਰਬ ਧਰਮ ਮਹਿ ਸ੍ਰੇਸਟ ਧਰਮ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥” (ਪੰ: ੨੬੬); “ਧੌਲੁ ਧਰਮੁ ਦਇਆ ਕਾ ਪੂਤੁ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ” (ਪੰ: ੩); ਅਤੇ “ਕਬੀਰ ਜਹਾ ਗਿਆਨੁ ਤਹ ਧਰਮ ਹੈ ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥” (ਪੰ: ੧੩੭੨)। ਗੁਰਬਾਣੀ ਅਨੁਸਾਰ ਧਰਮ ਖੰਡ ਅਧਿਆਤਮ ਮਾਰਗ ਦਾ ਪਹਿਲਾ ਪੜਾ ਹੈ ਇਹ ਕੋਈ ਸਮਾਜਕ ਸੰਗਠਨ ਜਾਂ ਸੰਸਥਾ ਨਹੀਂ ਹੈ। ਸਿੱਖਾ ਵਿਦਵਾਨਾਂ ਨੇ ਸਿੱਖ ਧਰਮ ਨੂੰ ਹੋਰ ਵਖਰਾ ਕਰਨ ਲਈ ਇਸ ਨੂੰ ਪੰਥ ਦਾ ਨਾਂ ਦੇ ਦਿੱਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਹਵਾਲੇ ਨਾਲ ਪੰਥ ਨੂੰ ਗੁਰੂ ਪਦਵੀ ਦਾ ਅਧਿਕਾਰੀ ਵੀ ਘੌਸ਼ਤ ਕਰ ਦਿੱਤਾ। ਗੁਰਬਾਣੀ ਸੰਸਾਰ ਨੂੰ “ਧੰਧ ਪਿਟੋ ਸੰਸਾਰੁ ਸਚੁ ਨ ਭਾਇਆ” (ਪੰ: ੪੧੯) ਅਤੇ “ਕਾਗਦ ਕੋਟੁ ਇਹੁ ਜਗੁ ਹੈ ਬਪੁਰੋ ਰੰਗਨਿ ਚਿਹਨ ਚਤੁਰਾਈ॥ ਨਾਨੀ ਸੀ ਬੂੰਦ ਪਵਨੁ ਪਤਿ ਖੋਵੈ ਜਨਮਿ ਮਰੈ ਖਿਨੁ ਤਾਈ॥” (ਪੰ: ੧੨੭੪) ਆਖਦੀ ਹੈ। ਪੰਥ ਸੰਸਾਰ ਦੀ ਇੱਕ ਸਮਾਜਕ ਇਕਾਈ ਹੈ ਇਸ ਲਈ ਇਸ ਨੂੰ ਗੁਰੂ ਦੇ ਗੁਣਾਂ ਤੋਂ ਬਗੈਰ ਹੀ ਗੁਰੂ ਦੀ ਉਪਾਧੀ ਨਾਲ ਸਨਮਾਨਤ ਕਰਨਾ ਅਣਉਚੱਤ ਹੈ।

ਸਿੰਘ ਸਭਾਵਾਂ ਗੁਰਦੁਆਰਿਆਂ ਵਿੱਚ ਗੁਰਮੁਖੀ ਪੜ੍ਹਾਈ ਅਤੇ ਗੁਰਬਾਣੀ ਸੰਥਿਆ ਦੀ ਵਿਵਸਥਾ ਤੋਂ ਸੰਤੁਸ਼ਟ ਨਹੀਂ ਸਨ। ਚੀਫ ਖਾਲਸਾ ਦੀਵਾਨ ਨੇ ਬਚਿਆਂ ਨੂੰ ਗੁਰਮੁਖੀ ਲਿੱਪੀ ਅਤੇ ਸਿੱਖ ਧਰਮ ਦੀ ਸਿਖਿਆ ਦੇਣ ਦੀ ਵਿਵਸਥਾ ਕਰਨ ਲਈ ਖਾਲਸਾ ਸਕੂਲ ਅਤੇ ਖਾਲਸਾ ਕਾਲਜ ਸਥਾਪਤ ਕੀਤੇ। ਇਸ ਦੇ ਨਾਲ ਨਾਲ ਸਿੱਖ ਧਰਮ ਨਾਲ ਸਬੰਧਤ ਬਹੁਤ ਸਾਰਾ ਸਾਹਿਤ ਵੀ ਪਰਕਾਸ਼ਤ ਹੋਇਆ। ਕਿਊਂਕੇ ਸਿੱਖ ਧਰਮ ਦੀ ਸਿਖਿਆ ਨੂੰ ਸਕੂਲ ਸਲੇਬਸ ਵਿੱਚ ਪਰਵਾਨਗੀ ਨਹੀਂ ਮਿਲੀ ਸੀ ਅਤੇ ਖਾਲਸਾ ਸਕੂਲਾਂ ਅਤੇ ਕਾਲਜਾਂ ਦਾ ਵਾਤਾਵਰਣ ਧਾਰਮਕ ਸਿਖਿਆ ਲਈ ਸੁਖਾਵਾਂ ਨਹੀਂ ਸੀ, ਇਹ ਤਜਰਬਾ ਬਹੁਤਾ ਸਫਲ ਨਾ ਹੋਇਆ। ਇਸ ਘਾਟੇ ਨੂੰ ਪੂਰਾ ਕਰਨ ਲਈ ਸਿੱਖ ਮਿਸ਼ਨਰੀ ਸੰਸਥਾਵਾਂ ਹੋਂਦ ਵਿੱਚ ਆਈਆਂ।

ਸਿੰਘ ਸਭਾਵਾਂ ਦੇ ਵਿਦਵਾਨਾਂ ਅਤੇ ਉਦਾਸੀ-ਨਿਰਮਲੇ ਧਰਮਸ਼ਾਸਤਰੀਆਂ ਵਿੱਚ ਵਿਚਾਰਧਾਰਕ ਮਤਭੇਦ ਤੇ ਹੈ ਹੀ ਸਨ ਪਰ ਉਹਨਾਂ ਵਿੱਚ ਗੁਰਬਾਣੀ ਉਪਦੇਸ਼ ਪ੍ਰਤਿ ਸ਼ਰਧਾ ਅਤੇ ਨਿਸ਼ਚੇ ਵਿੱਚ ਵੀ ਬਹੁਤ ਅੰਤਰ ਸੀ। ਸਿੰਘ ਸਭਾਵਾਂ ਦੇ ਵਿਦਵਾਨਾਂ ਨੇ ਚੀਫ ਖਾਲਸਾ ਦੀਵਾਨ ਵਿੱਚ ਧਨਾਡ ਸਮਾਜਕ ਅਤੇ ਸਿਆਸੀ ਅਗੂਆਂ ਦੀ ਅਗਵਾਈ ਪਰਵਾਨ ਕਰਕੇ ਉਸ ਸੰਸਥਾ ਨੂੰ ਆਪਣੇ ਹੱਥੀਂ ਸਿਆਸੀ ਕਾਰਕੁਨਾਂ ਦੇ ਹਵਾਲੇ ਕਰ ਦਿੱਤਾ। ਉਹਨਾਂ ਦੀ ਆਪਣੀ ਕੋਈ ਕੇਂਦਰੀ ਸੰਸਥਾ ਨਾ ਰਹੀ ਅਤੇ ਉਹ ਅਨਾਥ ਹੋ ਗਏ। ਚੀਫ ਖਾਲਸਾ ਦੀਵਾਨ ਦੇ ਆਗੂਆਂ ਦੀ ਗੁਰਬਾਣੀ ਸੰਚਾਰ ਵਿੱਚ ਬਹੁਤੀ ਦਿਲਚਸਪੀ ਨਹੀ ਸੀ ਜਿਸ ਦੇ ਫਲ ਸਰੂਪ ਸਿੱਖ ਧਰਮ ਵਿੱਚ ਗੁਰਬਾਣੀ ਸੰਚਾਰ ਨੂੰ ਨਜ਼ਰ ਅੰਦਾਜ਼ ਕਰਨ ਦੀ ਪਿਰਤ ਪੈ ਗਈ। ਸਿੰਘ ਸਭਾਵਾਂ ਦੇ ਵਿਦਵਾਨਾਂ ਦੀ ਸੋਚ ਤੋਂ ਵਿਪਰੀਤ ਉਦਾਸੀ ਅਤੇ ਨਿਰਮਲੇ ਧਰਮਸ਼ਾਸਤਰੀਆਂ ਨੇ ਗੁਰਮਤਿ ਦੇ ਅਧਿਐਨ ਅਤੇ ਸੰਚਾਰ ਨੂੰ ਬਰਕਰਾਰ ਰਖਣ ਅਤੇ ਬੜ੍ਹਾਵਾ ਦੇਣ ਲਈ ਕਈ ਸੰਸਥਾਵਾਂ ਕਾਇਮ ਕੀਤੀਆਂ। ਅਠਾਰਵੀਂ ਸ਼ਤਾਬਦੀ ਦੇ ਅੰਤ ਵਿੱਚ ਮਹਾਤਮਾ ਪ੍ਰੀਤਮ ਦਾਸ ਨੇ ਪ੍ਰਯਾਗ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਤ ਉਦਾਸੀ ਮਤ ਦਾ “ਪੰਚਾਇਤੀ” ਅਖਾੜਾ ਸਥਾਪਤ ਕੀਤਾ, ਜਿਸ ਦੀਆਂ ਸ਼ਾਖਾਂ ਕਨਖਲ, ਕਾਸ਼ੀ, ਆਦਿ ਥਾਵਾਂ ਤੇ ਵੀ ਕਾਇਮ ਹੋਈਆਂ। ਕੁੱਝ ਹੋਰ ਉਦਾਸੀਆਂ ਨੇ ਇੱਕ ਦੂਜਾ “ਸ੍ਰੀ ਗੁਰੁ ਨਯਾ ਅਖਾੜ੍ਹਾ ਉਦਾਸੀਨ” ਸਥਾਪਤ ਕੀਤਾ ਜਿਸ ਨੂੰ “ਉਦਾਸੀਆਂ ਦਾ ਛੋਟਾ ਅਖਾੜਾ” ਵੀ ਆਖਿਆ ਜਾਂਦਾ ਹੈ। ਨਿਰਮਲੇ ਧਰਮਸ਼ਾਸਤਰੀਆਂ ਨੇ ਵੀ ਉਨ੍ਹੀਵੀਂ ਸ਼ਤਾਬਦੀ ਦੇ ਅੰਤ ਵਿੱਚ ਪਟਿਆਲਾ, ਨਾਭਾ ਅਤੇ ਜੀਂਦ (ਸੰਗਰੂਰ) ਰਿਆਸਤਾਂ ਦੇ ਰਾਜਿਆਂ ਦੀ ਮਾਲੀ ਸਹਾਇਤਾ ਨਾਲ ਗੁਰਮਿਤ ਦੇ ਅਧਿਐਨ ਅਤੇ ਸੰਚਾਰ ਲਈ “ਧਰਮਧੁਜਾ” ਨਾਂ ਦਾ ਅਖਾੜਾ ਸਥਾਪਤ ਕੀਤਾ। ਇਹ ਅਖਾੜੇ ਅੱਜ ਵੀ ਕਾਇਮ ਹਨ ਅਤੇ ਆਪਣੀ ਸ਼ਰਧਾ, ਵਿਸ਼ਵਾਸ ਅਤੇ ਸਮਰਥਾ ਅਨੁਸਾਰ ਗੁਰਬਾਣੀ ਸੰਚਾਰ ਦਾ ਕਰਤਵ ਨਿਭਾ ਰਹੇ ਹਨ। ਇਥੇ ਇਹ ਉਲੇਖ ਕਰਨਾ ਵੀ ਉਚੱਤ ਹੋਵੇਗਾ ਕਿ ਸਿੱਖ ਧਰਮਸ਼ਾਸਤਰੀਆਂ ਅਤੇ ਵਿਦਵਾਨਾਂ ਦੀਆਂ ਪਦਵੀਆਂ ਹਉਮੈ ਪਰਧਾਨ ਸੰਸਾਰਕ ਪਦਵੀਆਂ ਹੁੰਦੀਆਂ ਹਨ। ਧਰਮਸ਼ਾਸਤਰੀ ਅਤੇ ਵਿਦਵਾਨ ਗੁਰਬਾਣੀ ਦੀ ਵਿਆਖਿਆ ਕਰਨ ਅਤੇ ਰਸਮੀ ਸਿਖਿਆ ਦੇਣ ਯੋਗ ਹੁੰਦੇ ਹਨ ਪਰ ਉਹ ਭਗਤ, ਬ੍ਰਹਮ ਗਿਆਨੀ, ਗੁਰਮੁਖ, ਸੰਤ ਜਾਂ ਚੌਥੇ ਪਦ ਨੂੰ ਪਰਾਪਤ ਵਿਅਕਤੀ ਨਹੀਂ ਹੁੰਦੇ। ਉਹਨਾਂ ਨੂੰ ਅਧਿਆਤਮਕ ਵਿਚਾਰਧਾਰਾ ਦੀ ਜਾਣਕਾਰੀ ਹੁੰਦੀ ਹੈ ਪਰ ਅਧਿਆਤਮਕ ਗਿਆਨ ਦਾ ਅਨੁਭਵ ਨਹੀਂ ਹੁੰਦਾ। ਨਿਰਮਲੇ ਅਤੇ ਉਦਾਸੀ ਵਿਦਵਾਨ ਗੁਰੂ ਸਾਹਿਬਾਨ ਅਤੇ ਭਗਤ ਜਨਾਂ ਨੂੰ ਗੁਰਬਾਣੀ ਦੇ ਰਚਨਹਾਰ ਮੰਨਦੇ ਹਨ ਅਤੇ ਗੁਰਬਾਣੀ ਦੀ ਅਧਿਆਤਮਕ ਵਿਚਾਰਧਾਰਾ ਨੂੰ ਮਾਨਵਤਾ ਲਈ ਮਹਤੱਵਪੂਰਨ ਸਮਝਦੇ ਹਨ ਪਰ ਉਹ ਕਿਸੇ ਵਿਸ਼ੇਸ਼ ਸਮਾਜਕ ਗੁੱਟ ਨੂੰ ਇਸ ਵਿਚਾਰਧਾਰਾ ਦਾ ਵਾਰਸ ਪਰਵਾਨ ਨਹੀਂ ਕਰਦੇ।

ਗੁਰਬਾਣੀ ਉਪਦੇਸ਼ ਨੂੰ ਨਿਰਮਲੇ ਅਤੇ ਉਦਾਸੀਆਂ ਦੀਆਂ ਗਤੀਵਿਧੀਆਂ ਦੇ ਪਰਭਾਵ ਤੋਂ ਮੁਕਤ ਕਰਵਾਉਣ ਲਈ ਨਿਰੰਕਾਰੀ ਅਤੇ ਨਾਮਧਾਰੀ ਲਹਿਰਾਂ ਵੀ ਉਠੀਆਂ ਸਨ ਜੋ ਅੰਗ੍ਰੇਜ਼ੀ ਰਾਜ ਦੀਆਂ ਗੁਰਮਤਿ ਵਿਰੋਧੀ ਚਾਲਾਂ ਕਾਰਨ ਬਹੁਤੀ ਦੇਰ ਤਕ ਸਿੱਖ ਜਗਤ ਵਿੱਚ ਆਪਣੀ ਲੋਕ ਪਰੀਅਤਾ ਕਾਇਮ ਨਾ ਰੱਖ ਸਕੀਆਂ। ਉਸ ਸਮੇਂ ਇਤਹਾਸਕ ਅਤੇ ਵੱਡੇ ਗੁਰਦੁਆਰਿਆਂ ਉਤੇ ਉਦਾਸੀ ਮਹੰਤਾਂ ਦੇ ਕਬਜ਼ੇ ਸਨ। ਮਹੰਤ ਉਹਨਾਂ ਗੁਰਦੁਆਰਿਆਂ ਦੀ ਸੰਪੱਤੀ ਦੇ ਮਾਲਕ ਸਨ ਅਤੇ ਗੁਰਦੁਆਰਿਆਂ ਵਿੱਚ ਗੁਰਮਤਿ ਵਿਰੋਧੀ ਕਾਰਵਾਈਆਂ ਨੂੰ ਬੜ੍ਹਾਵਾ ਦਿੰਦੇ ਸਨ। ਮਹੰਤਾਂ ਦਾ ਵਿਹਾਰ ਗੁਰਬਾਣੀ ਉਪਦੇਸ਼ ਦੇ ਪਰਚਾਰ ਵਿੱਚ ਵੱਡੀ ਭਾਰੀ ਰੁਕਾਵਟ ਬਣਿਆਂ ਹੋਇਆ ਸੀ। ਸਿੰਘ ਸਭਾਵਾਂ ਮਹੰਤਾਂ ਦੇ ਗੁਰਦੁਆਰਿਆਂ ਦੇ ਪਰਬੰਧ ਵਿੱਚ ਸੁਧਾਰ ਲਿਆਉਣ ਲਈ ਉਤਸੁਕ ਸਨ। ਸਿੰਘ ਸਭਾਵਾਂ ਦੇ ਆਗੂਆਂ ਨੇ ਮਹੰਤਾਂ ਨੂੰ ਸਮਝਾਉਣ ਜਾਂ ਉਹਨਾਂ ਦੇ ਗੁਰਦੁਆਰਿਆਂ ਦੇ ਸ਼ਰਧਾਲੂਆਂ ਨੂੰ ਮਹੰਤਾਂ ਤੇ ਦਬਾਓ ਪਾਉਣ ਦੀ ਥਾਂ ਪੱਛਮੀ ਸੋਚ ਤੋਂ ਪਰਭਾਵਤ ਹੋ ਕੇ ਸਿਆਸੀ ਸੰਘਰਸ਼ ਕਰਨ ਦਾ ਫੈਸਲਾ ਕਰ ਲਿਆ। ਸਿਆਸਤ ਅਤੇ ਅਧਿਆਤਮਕ ਵਿਚਾਰਧਾਰਾ ਵਿੱਚ ਕੋਈ ਸਾਂਝ ਨਹੀਂ ਹੈ। ਗੁਰਬਾਣੀ ਦਾ ਕਥਨ ਹੈ: “ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇੱਕ ਠਾਇ॥” (ਪੰ: ੫੬੦)। ਗੁਰਦੁਆਰਾ ਸੁਧਾਰ ਲਹਿਰ ਨੇ ਸਿੱਖ ਧਰਮ ਨੂੰ ਇੱਕ ਸਿਆਸੀ ਪੰਥ ਦਾ ਰੂਪ ਦੇ ਕੇ ਗੁਰਮਤਿ ਦੀ ਅਧਿਆਤਮਕ ਵਿਚਾਰਧਾਰਾ ਨਾਲੋਂ ਵਖਰਾ ਕਰ ਦਿੱਤਾ।

ਗੁਰਦੁਆਰਾ ਸੁਧਾਰ ਲਹਿਰ ਦਾ ਮਨੋਰਥ ਗੁਰਬਾਣੀ ਉਪਦੇਸ਼ ਦੇ ਸੰਚਾਰ ਦੀ ਸੁਵਿਧਾ ਵਿੱਚ ਸੁਧਾਰ ਲਿਆ ਕੇ ਸਿੱਖ ਸਮਾਜ ਵਿੱਚ ਗੁਰਬਾਣੀ ਉਪਦੇਸ਼ ਅਨੁਸਾਰੀ ਰਹਿਤ ਲਾਗੂ ਕਰਨਾ ਸੀ। ਪਰ ਸਿਆਸਤਦਾਨਾਂ ਦੀ ਅਗਿਆਨਤਾ ਅਤੇ ਅੰਗ੍ਰੇਜ਼ ਸਰਕਾਰ ਦੇ ਸਿੱਖ ਦਲਾਲਾਂ ਦੀ ਦਖਲਅੰਦਾਜ਼ੀ ਕਾਰਨ ਉਹ ਲਹਿਰ ਆਪਣੇ ਮਨੋਰਥ ਵਿੱਚ ਸਫਲ ਨਾ ਹੋ ਸਕੀ। ਗੁਰਦੁਆਰਾ ਸੁਧਾਰ ਲਹਿਰ ਦੇ ਪਰਿਣਾਮ ਵਜੋਂ ਸਿੱਖ ਗੁਰਦੁਆਰਾਜ਼ ਐਕਟ, ੧੯੨੫ ਹੋਂਦ ਵਿੱਚ ਆਇਆ ਜਿਸ ਨੇ ਇਤਹਾਸਕ ਗੁਰਦੁਆਰਿਆਂ ਦੇ ਪਰਬੰਧ ਲਈ ਇੱਕ ਸਿੱਖ ਵੋਟਰਾਂ ਵਲੋਂ ਚੁਣੇ ਬੋਰਡ ਦੀ ਵਿਵਸਥਾ ਕਰ ਦਿੱਤੀ ਅਤੇ ਗੁਰਦੁਆਰਿਆਂ ਦਾ ਮਲਕੀਅਤ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ। ਉਸ ਬੋਰਡ ਦੀ ਬਨਤਰ ਵਿਚ, ਜਿਸ ਨੂੰ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਖਿਆ ਜਾਂਦਾ ਹੈ, ਸਰਕਾਰ ਆਪਣੀ ਮਰਜ਼ੀ ਨਾਲ ਸੋਧ ਕਰ ਸਕਦੀ ਹੈ। ਭਾਵੇਂ ਸਿੱਖ ਧਾਰਮਕ ਜਗਤ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਹੁਤ ਸਨਮਾਨ ਪਰਾਪਤ ਹੈ ਪਰ ਕਨੂੰਨ ਦੀ ਉਪਜ ਹੋਣ ਕਾਰਨ ਕਨੂੰਨ ਦੀ ਨਿਗਾਹ ਵਿੱਚ ਸ਼੍ਰੋਮਣੀ ਕਮੇਟੀ ਦੀ ਹੈਸੀਅਤ ਇੱਕ ਮਿਊਨਸਿਪਲ ਕਮੇਟੀ ਜਾਂ ਕਾਰਪੋਰੇਸ਼ਨ ਵਾਲੀ ਹੈ। ਗੁਰਦੁਆਰਾ ਸੁਧਾਰ ਲਹਿਰ ਦੇ ਪਰਿਣਾਮ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਧਾਰਮਕ ਮਨੋਰਥ ਦੀ ਪੂਰਤੀ ਲਈ ਕੇਵਲ ਗੁਰਬਾਣੀ ਵਿੱਚ ਦਰਸਾਏ ਢੰਗ ਹੀ ਵਰਤਣੇ ਉਪਯੋਗੀ ਸਿੱਧ ਹੁੰਦੇ ਹਨ ਕਿਊਂਕੇ ਗੁਰਦੁਆਰਾ ਸੁਧਾਰ ਲਹਿਰ ਨੇ ਜੋ ਵੀ ਸਫਲਤਾ ਪਰਾਪਤ ਕੀਤੀ ਸੀ ਉਹ ਲਹਿਰ ਦੇ ਆਗੂਆਂ ਵਲੋਂ ਗੁਰਬਾਣੀ ਉਪਦੇਸ਼ ਤੋਂ ਸੇਧ ਲੈ ਕੇ ਅਨਿਆਂ ਅਤੇ ਜ਼ੁਲਮ ਦਾ ਨਿਰਭੈਤਾ ਅਤੇ ਸ਼ਾਂਤਮਈ ਢੰਗ ਨਾਲ ਟਾਕਰਾ ਕਰਨ ਨਾਲ ਹੀ ਸੰਭਵ ਹੋ ਸਕੀ ਸੀ। ਸਿੱਖ ਗੁਰਦੁਆਰਾਜ਼ ਐਕਟ ਨੇ ਸਿੱਖ ਧਰਮ ਨੂੰ ਉਸ ਦੇ ਆਧਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਪਦੇਸ਼ ਨਾਲੋਂ ਤੋੜਣ ਦੀ ਭੁਮਿਕਾ ਨਿਭਾਈ ਹੈ।

ਗੁਰਬਾਣੀ ਸਪਸ਼ਟ ਕਰਦੀ ਹੈ ਕਿ ਅਧਿਆਤਮਕ ਵਿਚਾਰਧਾਰਾ ਅਤੇ ਸੰਸਾਰਕ ਵਿਹਾਰ ਦੋ ਵਖਰੀਆਂ ਅਤੇ ਵਿਰੋਧੀ ਧਰਾਤਲਾਂ ਤੇ ਵਿਚਰਦੇ ਹਨ। ਗੁਰਬਾਣੀ ਅਨੁਸਾਰ ਦਿਖਾਈ ਦੇ ਰਿਹਾ ਸੰਸਾਰ ਤ੍ਰੈਗੁਣਾ, ਮਾਇਆ ਦੇ ਪਰਭਾਵ ਅਧੀਨ, ਭੌਜਲ, ਭਰਮਾਊ, ਗਤੀਸ਼ੀਲ ਅਤੇ ਝੂਠਾ ਹੈ ਜਦੋਂ ਕਿ ਅਧਿਆਤਮਕ ਵਿਚਾਰਧਾਰਾ ਅਦਿੱਖ ਪਰਭੁ, ਆਤਮਾ ਅਤੇ ਮਨੁੱਖੀ ਮਨ ਦੀ ਵਾਸਤਵਿਕਤਾ ਅਤੇ ਉਹਨਾਂ ਦੇ ਆਪਸੀ ਸਬੰਧਾਂ ਦੇ ਗਿਆਨ ਦਾ ਸੱਚ ਹੈ। ਸਿੱਖ ਜਗਤ ਵਿੱਚ ਗੁਰਬਾਣੀ ਦੇ ਅਧਿਆਤਮਕ ਗਿਆਨ ਅਤੇ ਸੰਸਾਰਕ ਜਾਂ ਵਿਗਿਆਨਕ ਜਾਣਕਾਰੀ ਦੇ ਅੰਤਰ ਬਾਰੇ ਬਹੁਤ ਭੁਲੇਖੇ ਹਨ। ਗੁਰਬਾਣੀ ਪਰਭੂ, ਅਤਮਾ ਅਤੇ ਮਨੁੱਖੀ ਮਨ ਦੇ ਅਦਿੱਖ, ਨਿਹਚਲ ਅਤੇ ਸਦੀਵੀ ਸੱਚ ਹੋਣ ਦਾ ਵਿਸ਼ਵਾਸ ਹੈ। ਇਸ ਦੇ ਉਲਟ ਵਿਗਿਆਨਕ ਜਾਣਕਾਰੀ ਗਤੀਸ਼ੀਲ, ਜੰਮਣ-ਮਰਨ ਦੇ ਗੇੜ ਵਿੱਚ ਪਏ ਅਤੇ ਨਜ਼ਰ ਆਉਣ ਵਾਲੇ ਜਾਂ ਅਨੁਭਵ ਕੀਤੇ ਜਾਣ ਵਾਲੇ ਪਦਾਰਥਕ ਜਗਤ, ਸਰਿਸ਼ਟੀ, ਜੀਵਾਂ ਅਤੇ ਮਨੁੱਖੀ ਸਮਾਜ ਦੀ ਪਰਖੀ ਹੋਈ ਜਾਣਕਾਰੀ ਹੈ ਜੋ ਹਰ ਪਲ ਬਦਲਦੀ ਰਹਿੰਦੀ ਹੈ। ਗੁਰਬਾਣੀ ਸੰਸਾਰਕ ਵਿਵਾਦਾਂ ਵਿੱਚ ਦਖਲ ਦੇਣ ਦੀ ਸਮਰਥਕ ਨਹੀਂ ਹੈ ਕਿਊਂਕੇ ਗੁਰਬਾਣੀ ਅਨੁਸਾਰ ਜੋ ਕੁੱਝ ਵੀ ਹੁੰਦਾ ਹੈ ਉਹ ਪਰਭੂ ਦੇ ਹੁਕਮ ਅਤੇ ਰਜ਼ਾ ਵਿੱਚ ਹੀ ਹੁੰਦਾ ਹੈ ਅਤੇ ਉਸ ਦੀ ਵਿਰੋਧਤਾ ਰਾਹੀਂ ਉਸ ਨੂੰ ਬਦਲਣ ਦਾ ਪਰਯਾਸ ਕਰਨਾ ਪਰਭੂ ਦੇ ਨਜ਼ਾਮ ਵਿੱਚ ਦਖਲ ਅੰਦਾਜ਼ੀ ਕਰਨ ਤੁੱਲ ਹੈ। ਗੁਰਬਾਣੀ ਦੇ ਕਥਨ ਹਨ: “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥” ਅਤੇ “ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ” (ਜਪੁ ਜੀ)। “ਲੇਖੈ ਬੋਲਣੁ ਲੇਖੈ ਚਲਣੁ ਕਾਇਤੁ ਕੀਚਹਿ ਦਾਵੇ॥” (ਪੰ: ੧੨੩੮)। ਗੁਰਬਾਣੀ ਮੂਰਖ ਨਾਲ ਲੁਝਣ ਤੋਂ ਵੀ ਵਰਜਤ ਕਰਦੀ ਹੈ। ਦਰ ਅਸਲ ਗੁਰਬਾਣੀ ਕੋਈ ਸਮਾਜ ਸੁਧਾਰ ਦੀ ਵਿਧੀ ਨਹੀਂ ਹੈ ਕਿਊਂਕੇ ਸਮਾਜ ਮਨੁੱਖਾਂ ਵਲੋਂ ਮਾਇਆ ਦੇ ਪਰਭਾਵ ਅਧੀਨ ਮਨੁੱਖਤਾ ਵਿੱਚ ਵੰਡੀਆਂ ਪਾ ਕੇ ਸਵੈਰਖਿਆ ਲਈ ਸਿਰਜਿਆ ਪਰਬੰਧ ਹੁੰਦਾ ਹੈ ਜਿਸ ਦਾ ਆਧਾਰ ਗੁਰਬਾਣੀ ਦੇ ਮੂਲ਼ ਉਪਦੇਸ਼ ਦੇ ਵਿਪਰੀਤ ਹੈ। ਗੁਰਬਾਣੀ ਤੇ ਮਨੁੱਖ ਨੂੰ ਸੰਸਾਰਕ ਇੱਛਾਵਾਂ ਤੇ ਕਾਬੂ ਪਾ ਕੇ ਮਨ ਨੂੰ ਪਰਭੂ ਦੀ ਯਾਦ ਵਿੱਚ ਲਾਉਣ ਦਾ ਜਤਨ ਕਰਨ ਦਾ ਉਪਦੇਸ਼ ਕਰਦੀ ਹੈ। ਕਿਊਂਕੇ “ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ॥ ਕਾਮ ਕ੍ਰੋਧ ਜਿਹ ਪਰਸੈ ਨਾਹਿਨ ਤਿਹ ਘਟਿ ਬ੍ਰਹਮੁ ਨਿਵਾਸਾ॥” (ਪੰ: ੬੩੩)। ਗੁਰਬਾਣੀ ਮਨੁੱਖ ਨੂੰ ਸੰਸਾਰ ਵਿੱਚ ਮਾਇਆ ਦੇ ਪਰਭਾਵ ਦੀ ਅਸਲੀਅਤ ਨੂੰ ਸਮਝ ਕੇ ਆਪਣੇ ਮਨ ਨੂੰ ਸੰਸਾਰ ਵਿੱਚ ਲੁਪਤ ਹੋਣ ਤੋਂ ਰੋਕਣ ਅਤੇ ਸੰਗਤ ਵਿੱਚ ਗੁਰ ਸ਼ਬਦ ਦੀ ਸਹਾਇਤਾ ਨਾਲ ਆਪਣੇ ਅੰਦਰ ਵਸ ਰਹੇ ਪਰਭੂ ਨਾਲ ਮਿਲਾਪ ਲਈ ਉਦੱਮ ਕਰਨ ਲਈ ਪਰੇਰਤ ਕਰਦੀ ਹੈ। ਮਨ ਪਰ ਕਾਬੂ ਪਾਉਣ ਨਾਲ ਹੀ ਜੱਗ ਜਿਤਿਆ ਜਾ ਸਕਦਾ ਹੈ ਕਿਊਂਕੇ “ਮਨ ਜੀਤੈ ਜਗੁ ਜੀਤੁ॥” (ਜਪੁ ਜੀ)। ਗੁਰਬਾਣੀ ਸੰਸਾਰ ਦੇ ਇੱਕ ਹੋਰ ਦੂਜੇ ਰੂਪ ਦਾ ਵਰਨਨ ਵੀ ਕਰਦੀ ਹੈ। ਪਰਭੂ ਸੰਸਾਰ ਵਿੱਚ ਵਿਆਪਕ ਹੈ ਪਰ ਉਹ ਗਤੀਸ਼ੀਲ ਸੰਸਾਰ ਵਿੱਚ ਨਿਹਚਲ ਹੈ ਅਤੇ ਸਾਧਾਰਨ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ। ਗੁਰਬਾਣੀ ਦਾ ਕਥਨ ਹੈ: “ਏਹੁ ਵਿਸੁ ਸੰਸਾਰ ਤੁਮ ਦੇਖਦੇ ਇਹੁ ਹਰਿ ਕਾ ਰੂਪ ਹੈ ਹਰਿ ਰੂਪ ਨਦਰੀ ਆਇਆ॥” (ਪੰ: ੯੨੨) ਅਤੇ “ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ॥” (ਪੰ: ੧੧੦੦)। ਗੁਰਬਾਣੀ ਦੀ ਰਸਮੀ ਸਿਖਿਆ ਅਤੇ ਜਾਣਕਾਰੀ ਤੋਂ ਸਦਾਚਾਰਕ ਜੀਵਨ ਵਿੱਚ ਸੁਧਾਰ ਦੀ ਸੰਭਾਵਨਾ ਤੇ ਹੁੰਦੀ ਹੈ ਪਰ ਅਧਿਆਤਮਕ ਗਿਆਨ ਦਾ ਅਨੁਭਵ ਨਹੀਂ ਹੁੰਦਾ।

ਸਿੱਖ ਧਰਮ ਦੇ ਕਈ ਅਨੁਆਈਆਂ ਵਿੱਚ ਹਿੰਸਕ ਅਤੇ ਸਵਾਰਥੀ ਸੋਚ ਭਾਰੂ ਹੈ। ਉਹ ਹਿੰਸਕ ਕਾਰਵਾਈਆਂ ਅਤੇ ਹਥਿਆਰਾਂ ਨਾਲ ਸਮਾਜਕ ਸਮਸਿਆਵਾਂ ਦਾ ਹੱਲ ਕਰਨ ਦੇ ਹਾਮੀ ਹਨ। ਗੁਰਬਾਣੀ ਹਿੰਸਾ ਨੂੰ ਅੱਗ ਦੀ ਨਦੀ ਆਖਦੀ ਹੈ। “ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ॥” (ਪੰ: ੧੪੭)। ਹਿੰਸਾ ਦਾ ਸੁਭਾਵ ਹੈ ਕਿ ਉਹ ਵਿਰੋਧ ਕਰਨ ਨਾਲ ਹੋਰ ਭਿਅੰਕਰ ਹੋ ਕੇ ਫੈਲਦੀ ਹੈ। ਇਸੇ ਲਈ ਗੁਰਬਾਣੀ ਹਿੰਸਾ ਨਹੀਂ ਸ਼ਾਂਤੀ ਦਾ ਉਪਦੇਸ਼ ਕਰਦੀ ਹੈ। “ਸ਼ਾਂਤੀ ਵਿਚਿ ਕਾਰ ਕਮਾਵਣੀ ਸਾ ਖਸਮੁ ਪਾਇ ਥਾਇ॥ ਨਾਨਕ ਕਾਮਿ ਕ੍ਰੋਧਿ ਕਿਨੈ ਨ ਪਾਇਓ ਪੁਛਹੁ ਗਿਆਨੀ ਜਾਇ॥” (ਪੰ: ੫੫੧)। ਹਿੰਸਕ ਸੋਚ ਵਾਲੇ ਸਿੱਖ ਸ਼ਰਧਾਲੁ ਗੁਰਬਾਣੀ ਉਪਦੇਸ਼ ਨੂੰ ਵਿਸਾਰ ਕੇ ਗੁਰਬਾਣੀ ਵਿਚਾਰਧਾਰਾ ਦੇ ਵਿਰੋਧ ਵਿੱਚ ਜਾ ਖੜ੍ਹੇ ਹੋਏ ਹਨ। ਗੁਰਬਾਣੀ ਤੇ ਕਿਸੇ ਨੂੰ ਵੀ ਬੁਰਾ ਜਾਂ ਵੈਰੀ ਨਹੀਂ ਸਮਝਦੀ: “ਮੰਦਾ ਕਿਸ ਨੂੰ ਆਖੀਐ ਜਾਂ ਸਭਨਾ ਸਾਹਿਬੁ ਏਕੁ॥” (ਪੰ: ੧੨੩੮)।
.