.

ਏਕਤਾ ਅਤੇ ਮਜ਼ਬੂਰੀ

ਸਰੀਰ ਨੂੰ ਚਲਦਾ ਰੱਖਣ ਲਈ ਹਰ ਇੱਕ ਬੰਦੇ ਨੂੰ ਅੰਨ ਪਾਣੀ ਦੀ ਜਰੂਰਤ ਹੈ। ਜਿਸ ਦੇਸ਼ ਵਿੱਚ ਕੋਈ ਰਹਿੰਦਾ ਹੈ ਉਹ ਉਥੇ ਦੇ ਆਮ ਲੋਕਾਂ ਵਾਂਗ ਹੀ ਵੱਧ ਤੋਂ ਵੱਧ ਦੁਨੀਆਵੀ ਸਹੂਲਤਾਂ ਵੀ ਮਾਨਣਾ ਚਾਹੁੰਦਾ ਹੈ। ਇਸ ਵਿੱਚ ਕੋਈ ਗਲਤ ਗੱਲ ਵੀ ਨਹੀਂ ਹੈ ਅਤੇ ਨਾ ਹੀ ਇਹ ਗੱਲਾਂ ਗੁਰਮਤਿ ਤੋਂ ਉਲਟ ਹਨ। ਇਹ ਸਾਰਾ ਕੁੱਝ ਕਰਨ ਲਈ ਕਿਸੇ ਕਿਰਤ ਦੀ ਲੋੜ ਹੈ। ਕਿਰਤ ਕੋਈ ਵੀ ਮਾੜੀ ਨਹੀਂ ਅਤੇ ਇਹ ਕਿਸੇ ਤਰ੍ਹਾਂ ਦੀ ਵੀ ਹੋ ਸਕਦੀ ਹੈ। ਹਰ ਇੱਕ ਸਿੱਖ ਦਾ ਇਹ ਫਰਜ ਬਣਦਾ ਹੈ ਕਿ ਉਹ ਗੁਰਮਤਿ ਆਪ ਸਿੱਖੇ ਅਤੇ ਹੋਰਨਾ ਨੂੰ ਸਿੱਖਣ ਲਈ ਪ੍ਰੇਰਤ ਕਰੇ। ਕਈਆਂ ਦੀ ਕਿਰਤ ਐਸੀ ਹੁੰਦੀ ਹੈ ਕਿ ਉਹਨਾ ਲਈ ਉਹ ਸਾਰਾ ਕੁੱਝ ਕਹਿਣਾ ਮੁਸ਼ਕਲ ਹੁੰਦਾ ਹੈ ਜਿਹੜੇ ਕਿ ਹੋਰ ਕਹਿ ਸਕਦੇ ਹਨ ਅਤੇ ਕਹਿੰਦੇ ਵੀ ਹਨ। ਉਹਨਾ ਵਿੱਚ ਅਸੀਂ ਵੀ ਹਾਂ ਕਿ ਜੋ ਅਸੀਂ ਕਹਿਣਾ ਚਾਹੁੰਦੇ ਹਾਂ ਕਹਿ ਸਕਦੇ ਹਾਂ ਕਹਿੰਦੇ ਵੀ ਹਾਂ ਅਤੇ ਅਗਾਂਹ ਨੁੰ ਵੀ ਕਹਿੰਦੇ ਰਹਾਂਗੇ। ਜਦੋਂ ਅਸੀਂ ਇਹ ਸੋਚਦੇ ਹਾਂ ਕਿ ਜੋ ਮੈਂ ਕਹਿ ਸਕਦਾ ਹਾਂ ਜਾਂ ਕਹਿੰਦਾ ਹਾਂ, ਬਾਕੀ ਸਾਰੇ ਵੀ ਉਸੇ ਤਰ੍ਹਾਂ ਹੀ ਕਹਿਣ ਅਤੇ ਕਰਨ ਤਾਂ ਟਕਰਾਓ/ਤਕਰਾਰ ਪੈਦਾ ਹੋ ਜਾਂਦਾ ਹੈ। ਫਿਰ ਇੱਕ ਦੂਜੇ ਦੀ ਨੁਕਤਾਚੀਨੀ ਸ਼ੁਰੂ ਹੋ ਜਾਂਦੀ ਹੈ। ਇਸੇ ਹੀ ਨੁਕਤਾਚੀਨੀ ਦਾ ਇੱਕ ਨਮੂਨਾ ਹੇਠਾਂ ਪੇਸ਼ ਕਰ ਰਿਹਾ ਹਾਂ ਜੋ ਕਿ ਕੱਲ 4 ਅਕਤੂਬਰ ਨੂੰ ਸਾਨੂੰ ਮਿਲੀ ਸੀ। ਕਿਉਂਕਿ ਮੈਂ ਤਾਂ ਫੇਸਬੁੱਕ ਤੇ ਕਦੀ ਕਦਾਂਈ ਮਹੀਨੇ ਕੁ ਬਾਅਦ ਹੀ ਜਾਂਦਾਂ ਹਾਂ ਇਸ ਲਈ ਉਥੇ ਦੀ ਮੈਂਨੂੰ ਬਹੁਤੀ ਜਾਣਕਾਰੀ ਨਹੀਂ ਹੁੰਦੀ, ਪਰ ਉਥੇ ਜੋ ਹੁੰਦਾ ਹੈ ਉਸ ਬਾਰੇ ਹੇਠ ਲਿਖੀ ਲਿਖਤ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਪੇਸ਼ ਹੈ ਉਹ ਅਮਨਦੀਪ ਸਿੰਘ ਦੀ ਲਿਖਤ ਜੋ ਕਿ ਕੁੱਝ ਸਪੈਲਿੰਗ ਠੀਕ ਕਰਕੇ ਜਿਉਂ ਦੀ ਤਿਉਂ ਪਾਈ ਜਾ ਰਹੀ ਹੈ:

{ਇੱਕ ਬੇਨਤੀ ਹੈ ਪੰਥ ਦਰਦੀਆਂ ਨੂੰ}

ਵੀਰੋਂ ਮੈਂ ਜਿਹੜੀ ਗੱਲ ਕਰਨ ਜਾਂ ਰਿਹਾਂ ਹਾਂ, ਉਸ ਨਾਲ ਕੁੱਝ ਵੀਰਾਂ ਨੂੰ ਬਹੁਤ ਦੁੱਖ ਲੱਗੇਗਾ। ਕੁੱਝ ਦਿਨਾਂ ਤੋਂ ਬਹੁਤ ਰੋਲਾ ਪਇਆ ਹੈ, ਕੌਮ ਦੇ ਕੁੱਝ ਸੂਝਵਾਨ ਵੀਰਾਂ ਦਾ, ਫੇਸਬੁੱਕ ਤੇ। ਪਹਿਲਾਂ ਕਨੇਡਾ ਵਾਲੀ ਕਾਨਫਰੰਸ ਤੇ ਹੁਣ ਇੰਡੀਆਂਨਾ ਵਾਲੀ ਕਾਨਫਰੰਸ ਦਾ।

ਵੀਰੋ ਜੇ ਅਸੀ ਆਪ ਹੀ ਇੱਕ ਦੂਜੇ ਨਾਲ ਲੜਦੇ ਰਹੇ ਤਾਂ ਕਦੇ ਵੀ ਕਿਸੇ ਵੀ ਸਮੱਸਿਆਂ ਦਾ ਹੱਲ ਨਹੀਂ ਹੋ ਸਕਦਾ। ਪਹਿਲਾਂ ਸਾਨੂੰ ਸਭ ਨੂੰ ਇੱਕ ਮੰਚ ਤੇ ਇੱਕਠੇ ਹੋਣਾ ਚਾਹੀਦਾ ਹੈ ਤਾਂ ਹੀ ਅਸੀ ਕਿਸੇ ਗੱਲ ਦਾ ਹੱਲ ਲੱਭ ਸਕਦੇ ਹਾਂ।

ਕੋਈ ਕਹਿੰਦਾ ਹੈ ਸਰਬਜੀਤ ਸਿੰਘ ਧੂੰਦਾ ਇਸ ਤਰਾਂ ਕਰ ਰਿਹਾ ਹੈ, ਕੋਈ ਕਹਿੰਦਾ ਹੈ ਪਰਮਜੀਤ ਸਿੰਘ ਉਤਰਖੰਡ ਇਸ ਤਰਾਂ ਕਰ ਰਿਹਾ ਹੈ, ਕੋਈ ਕਹਿੰਦਾ ਹੈ ਹਰਨੇਕ ਸਿੰਘ ਇਸ ਤਰਾਂ ਕਹਿ ਰਿਹਾ ਹੈ, ਕੋਈ ਬਖਸੀਸ ਸਿੰਘ ਦਾ ਨਾਂ ਲੈ ਰਿਹਾਂ ਹੈ, ਕੋਈ ਵਰਿੰਦਰ ਸਿੰਘ ਗੋਲਡੀ ਦਾ, ਕੋਈ ਦਲਜੀਤ ਸਿੰਘ ਦਾ, ਕੋਈ ਕੁਲਦੀਪ ਸਿੰਘ ਦਾ , ਕੋਈ ਇੰਦਰਜੀਤ ਸਿੰਘ ਕਾਨਪੁਰੀ ਦਾ ਅਤੇ ਕੋਈ ਪ੍ਰੋ: ਦਰਸ਼ਨ ਸਿੰਘ ਜੀ ਦਾ। ਜੇ ਅਸੀਂ ਸਾਰੇ ਹੀ ਇੱਕ ਦੂਜੇ ਉੱਪਰ ਤੋਹਮਤਾਂ ਲੌਂਦੇ ਰਹੇ ਤਾਂ ਕੋਈ ਹੱਲ ਨਹੀ ਹੋ ਸਕਦਾ।

ਜੇਕਰ ਸਾਡੀ ਕੋਈ ਆਪਸੀ ਰੰਜਸ਼ ਹੈ ਤਾਂ ਉਸ ਨੂੰ ਆਪਸ ਵਿੱਚ ਬੈਠ ਕੇ ਨਵੇੜੋ ਨਾਂ ਕਿ ਫੇਸਬੁੱਕ ਉਪਰ ਇੱਕ ਦੂਜੇ ਦਾ ਜਲੂਸ ਕੱਢੋ। ਇਸ ਤਰਾਂ ਕਰਨ ਨਾਲ ਤੁਸੀ ਆਪ ਆਪਣੇ ਦੁਸ਼ਮਣ ਨੂੰ ਆਪਣੇ ਘਰ ਦਾ ਰਸਤਾ ਦੱਸ ਰਹੇ ਹੋ। ਅੱਜ ਤੱਕ ਜੇ ਸਾਨੂੰ ਕੁੱਝ ਨ੍ਹੀਂ ਮਿਲਿਆ ਉਸ ਦਾ ਕਾਰਨ ਹੈ ਸਾਡੀ ਆਪਸੀ ਫੁੱਟ। ਜੇ ਕਰ ਅਸੀਂ ਇੱਕਠੇ ਹੋ ਕੇ ਚਲੀਏ ਤਾਂ ਸਾਇਦ ਕੋਈ ਹੱਲ ਲੱਭ ਜਾਵੇ। ਅੱਜ ਤੱਕ ਅਸੀਂ ਜਿੰਨਾਂ ਵੀ ਰੋਲਾ ਪਾਇਆ ਹੈ ਉਸ ਨਾਲ ਕਿਸੇ ਮਸਲੇ ਦਾ ਕੋਈ ਹੱਲ ਹੋਇਆ ਹੈ ਤਾਂ ਦੱਸੋ?

ਵੀਰੋ ਇੱਕ ਗੱਲ ਸੋਚ ਕੇ ਵੇਖੋ ਕਿ ਸਾਡਾ ਸਾਰਿਆਂ ਦਾ ਮਕਸਿਦ ਇੱਕ ਹੈ ਤੇ ਉਹ ਹੈ ਸਿੱਖ ਪੰਥ ਦੀ ਚੜਦੀ ਕਲਾ ਦਾ। ਜੇਕਰ ਅਸੀਂ 40-50 ਬੰਦੇ ਇੱਕਠੇ ਹੋ ਕੇ ਨਹੀਂ ਚੱਲ ਸਕਦੇ ਤਾਂ ਅਸੀਂ ਕਿਸ ਆਸ ਤੇ ਸੋਚ ਰਹੇ ਹਾਂ ਕਿ ਸਿੱਖ ਪੰਥ ਨੂੰ ਇੱਕਠਾ ਕਰ ਲਵਾਂਗੇ? ਅਸੀਂ ਸਾਰਿਆਂ ਨੇ ਇੱਕ ਕਹਾਣੀ ਤਾਂ ਸੁਣੀ ਹੈ ਕਿ ਇੱਕ ਇੱਕ ਲਕੜੀ ਤੋੜਨੀ ਸੌਖੀ ਹੈ, ਪਰ ਇੱਕਠੀਆਂ ਨੂੰ ਤੋੜਨਾਂ ਔਖਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇੱਕਠੇ ਹੋਣਾ ਚਾਹਿਦਾ ਹੈ।

ਵੀਰੋ ਇਹ ਬੇਨਤੀ ਮੈ ਤੁਹਾਨੂੰ ਇਸ ਲਈ ਕੀਤੀ ਹੈ ਕਿਉਕਿ ਸਾਡਾ ਸਾਰਿਆਂ ਦਾ ਮਕਸਦ ਇੱਕ ਹੈ ਤੇ ਜਿਹਨਾਂ ਦਾ ਮਕਸਦ ਇਸ ਤੋਂ ਵੱਖਰਾ ਹੈ ਉਹ ਜਿੰਨਾਂ ਮਰਜੀ ਇੱਕ ਦੁਜੇ ਨੂੰ ਕੋਸੀ ਜਾਣ ,ਸਾਨੂੰ ਕੋਈ ਦੁੱਖ ਨਹੀਂ ਹੋਣਾ।

ਭੁੱਲ ਚੁੱਕ ਲਈ ਖਿਮਾਂ,

ਅਮਨਦੀਪ ਸਿੰਘ।

ਸੂਝਵਾਨ ਪਾਠਕ ਉਪਰਲੀ ਲਿਖਤ ਤੋਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹਨ ਕਿ ਇਹ ਦੂਸ਼ਨਬਾਜੀ ਕਿਸ ਤਰ੍ਹਾਂ ਦੀ ਹੋ ਰਹੀ ਹੈ। ਮੇਰੇ ਖਿਆਲ ਮੁਤਾਬਕ ਇਸ ਦਾ ਹੱਲ ਤਾਂ ਬਹੁਤ ਸੌਖਾ ਹੈ ਪਰ ਅਮਲ ਕਰਨਾ ਕੁੱਝ ਔਖਾ ਹੈ। ਸਭ ਤੋਂ ਵੱਡੀ ਅਤੇ ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਇਹ ਸੋਚਣਾ ਬੰਦ ਕਰ ਦੇਣਾ ਚਾਹੀਦਾ ਹੈ ਕਿ ਮੈਂ ਹੀ ਸਭ ਤੋਂ ਸਿਆਣਾ ਅਤੇ ਅਕਲੰਮਦ ਹਾਂ ਅਤੇ ਜਿਹੜਾ ਮੇਰੀ ਸੋਚਣੀ ਮੁਤਾਬਕ ਨਹੀਂ ਚੱਲਦਾ ਉਹ ਗਲਤ ਹੈ ਅਤੇ ਜਾਂ ਫਿਰ ਉਸ ਨੂੰ ਪੰਥ ਦੋਖੀ ਸਮਝਣ ਲੱਗ ਪੈਂਦੇ ਹਾਂ। ਜੇ ਕਰ ਕਿਸੇ ਦਾ ਵਿਰੋਧ ਵੀ ਕਰਨਾ ਹੈ ਤਾਂ ਉਹ ਠੀਕ ਤਰੀਕੇ ਨਾਲ ਉਸ ਸ਼ਬਦਾਵਲੀ ਵਿੱਚ ਕਰੋ ਜਿਸ ਤਰ੍ਹਾਂ ਦੀ ਕਿ ਤੁਸੀਂ ਖੁਦ ਆਪ ਵੀ ਮੁੜ ਕੇ ਸਹਿ ਸਕਦੇ ਹੋ। ਕਿਸੀ ਦੀ ਕੋਈ ਮਜ਼ਬੂਰੀ ਵੀ ਸਮਝੋ ਅਤੇ ਇਹ ਵੀ ਸੋਚੋ ਕਿ ਜਿਸ ਵਿਆਕਤੀ ਦਾ ਤੁਸੀਂ ਵਿਰੋਧ ਕਰ ਰਹੇ ਹੋ ਕਿ ਉਹ ਤੁਹਾਡੀ ਸੋਚਣੀ ਮੁਤਾਬਕ ਹੀ ਚੱਲੇ ਤਾਂ ਉਸ ਦਾ ਚੰਗਾ ਅਤੇ ਮਾੜਾ ਪੱਖ ਦੋਵੇਂ ਤਰ੍ਹਾਂ ਦਾ ਹੀ ਸੋਚੋ ਅਤੇ ਵਿਚਾਰੋ। ਇਥੇ ਦੋ ਮਿਸਾਲਾਂ ਦੇਣੀਆਂ ਠੀਕ ਰਹਿਣਗੀਆਂ। ਇਹ ਦੋ ਮਿਸਾਲਾਂ ਹਨ ਸਰਬਜੀਤ ਸਿੰਘ ਧੂੰਦੇ ਅਤੇ ਕੁਲਦੀਪ ਸਿੰਘ ਦੀਆਂ। ਇਹਨਾ ਦਾ ਵਿਰੋਧ ਅਤੇ ਪ੍ਰਸੰਸਾ ਕਈ ਸਾਲਾਂ ਤੋਂ ਹੋ ਰਹੀ ਹੈ। ਧੁੰਦੇ ਦੇ ਵਿਰੋਧ ਦੇ ਸਭ ਤੋਂ ਵੱਡੇ ਦੋ ਮੁੱਖ ਕਾਰਨ ਹਨ। ਇੱਕ ਤਾਂ ਇਹ ਹੈ ਕਿ ਉਹ ਪੁਜਾਰੀਆਂ ਅੱਗੇ ਪੇਸ਼ ਕਿਉਂ ਹੋਇਆ ਅਤੇ ਦੂਸਰਾ ਹੈ ਕਿ ਉਹ ਹੁਣ ਦਸਮ ਗ੍ਰੰਥ ਦੇ ਵਿਰੁੱਧ ਨਹੀਂ ਬੋਲਦਾ। ਬਹੁਤੇ ਵਿਸਥਾਰ ਵਿੱਚ ਨਾ ਜਾਂਦਾ ਹੋਇਆ ਮੈਂ ਸਿਰਫ ਇਤਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਜੇ ਕਰ ਧੁੰਦਾ ਪਿੰਦਰਪਾਲ ਵਾਗੂੰ ਦਸਮ ਗ੍ਰੰਥ ਦੇ ਹੱਕ ਵਿੱਚ ਬੋਲਣ ਲੱਗ ਜਾਂਦਾ ਹੈ ਤਾਂ ਇਹ ਕੌਡੀ ਦਾ ਵੀ ਨਹੀਂ ਰਹੇਗਾ। ਜੇ ਕਰ ਉਹ ਇਸ ਤਰ੍ਹਾਂ ਨਹੀਂ ਕਰਦਾ ਤਾਂ ਜਿਤਨਾ ਕੁ ਅਤੇ ਜਿਸ ਤਰ੍ਹਾਂ ਦਾ ਵੀ ਉਹ ਪ੍ਰਚਾਰ ਕਰਦਾ ਹੈ ਉਸ ਨੂੰ ਕਰੀ ਜਾਣ ਦਿਓ। ਚੰਗਾ ਲਗਦਾ ਹੈ ਸੁਣੋਂ ਨਹੀਂ ਚੰਗਾ ਲਗਦਾ ਨਾ ਸੁਣੋਂ। ਜੇ ਕਰ ਉਹ ਕੋਈ ਗੱਲ ਗੁਰਮਤਿ ਦੇ ਉਲਟ ਕਰਦਾ ਹੈ ਤਾਂ ਜਰੂਰ ਉਸ ਦਾ ਵਿਰੋਧ ਜ਼ਾਇਜ ਤਰੀਕੇ ਨਾਲ ਕਰੋ। ਇਸੇ ਤਰ੍ਹਾਂ ਸ਼ੇਰੇ ਪੰਜਾਬ ਵਾਲਾ ਕੁਲਦੀਪ ਸਿੰਘ ਹੈ। ਉਹ ਪਖੰਡੀ ਸਾਧਾਂ ਦੇ ਬਥੇਰੇ ਪਖੰਡ ਉਧੇੜਦਾ ਹੈ ਪਰ ਜੇ ਕਰ ਤੁਸੀਂ ਇਹ ਕਹੋ ਕਿ ਉਹ ਸਾਰੇ ਦਸਮ ਗ੍ਰੰਥ ਨੂੰ ਰੱਦ ਕਰੇ ਅਤੇ ਮਰਯਾਦਾ ਵਾਲੀਆਂ ਬਾਣੀਆਂ ਦਾ ਵੀ ਵਿਰੋਧ ਕਰੇ ਤਾਂ ਮੁਸ਼ਕਲ ਹੈ ਅਤੇ ਨਾ ਕਰ ਸਕਣ ਦੀ ਉਸ ਦੀ ਮਜਬੂਰੀ ਵੀ। ਕਿਉਂਕਿ ਬਹੁਤਿਆਂ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਉਸ ਰੇਡੀਓ ਦੇ ਮਾਲਕ ਬਾਦਲ ਦਲ ਨਾਲ ਸੰਬੰਧ ਰੱਖਦੇ ਹਨ। ਕੀ ਉਹ ਇਹ ਸਾਰਾ ਕੁੱਝ ਬਰਦਾਸਤ ਕਰ ਲੈਣਗੇ? ਪਹਿਲਾਂ ਵੀ ਉਸ ਨਾਲ ਇਸ ਤਰ੍ਹਾਂ ਦੀ ਕੁੱਝ ਵਾਪਰ ਚੁੱਕੀ ਹੈ। ਹੁਣ ਸੋਚਣਾ ਇਹ ਬਣਦਾ ਹੈ ਕਿ ਉਸ ਨੂੰ ਮਜਬੂਰ ਕਰਕੇ ਉਸ ਤੋਂ ਸਾਰਾ ਦਸਮ ਗ੍ਰੰਥ ਰੱਦ ਕਰਵਾਉਣ ਨਾਲ ਭਲਾ ਹੁੰਦਾ ਹੈ ਜਾਂ ਨੁਕਸਾਨ। ਕੀ ਕੋਈ ਚਾਹੁੰਦਾ ਹੈ ਕਿ ਸਾਧਾਂ ਵਿਰੁੱਧ ਬੋਲਣ ਵਾਲੀ ਇੱਕ ਸਟੇਜ ਬੰਦ ਹੋ ਜਾਵੇ? ਇਸ ਤਰ੍ਹਾਂ ਦੀਆਂ ਮਜਬੂਰੀਆਂ ਅਤੇ ਚੰਗੇ ਮਾੜੇ ਪੱਖ ਦੀ ਵਿਚਾਰ ਕਰਕੇ ਹੀ ਸੋਚ ਕੇ ਲਿਖਣਾ ਚਾਹੀਦਾ ਹੈ।

ਅਕਾਲ ਪੁਰਖ ਅਤੇ ਗੁਰੂ ਤੋਂ ਬਿਨਾ ਕੋਈ ਵੀ ਬੰਦਾ ਪਰੀ-ਪੂਰਨ ਨਹੀਂ ਹੋ ਸਕਦਾ। ਹਰ ਕੋਈ ਗਲਤੀ ਕਰ ਸਕਦਾ ਹੈ ਅਤੇ ਸਮੇ ਦੀ ਜਾਣਕਾਰੀ ਅਨੁਸਾਰ ਵਿਚਾਰ ਬਦਲਦੇ ਵੀ ਰਹਿੰਦੇ ਹਨ। ਜਿਸ ਨੂੰ ਅੱਜ ਤੁਸੀਂ ਅਧੂਰੀ ਜਾਣਕਾਰੀ ਦੇ ਅਧਾਰ ਤੇ ਠੀਕ ਕਹਿੰਦੇ ਹੋ ਉਹ ਕੱਲ ਨੂੰ ਗਲਤ ਵੀ ਹੋ ਸਕਦੀ ਹੈ। ਇਹ ਗੱਲ ਠੀਕ ਹੈ ਕਿ ਪ੍ਰੋ: ਦਰਸ਼ਨ ਸਿੰਘ ਨਾਲ ਸੰਬੰਧਿਤ ਵਿਆਕਤੀ ਇਸ ਵੇਲੇ ਸਭ ਤੋਂ ਵੱਧ ਪ੍ਰਚਾਰ ਦਸਮ ਗ੍ਰੰਥ ਦੇ ਵਿਰੁੱਧ ਕਰਦੇ ਹਨ ਅਤੇ ਬਾਕੀਆਂ ਦੀ ਵਿਰੋਧਤਾ ਵੀ ਇਹੀ ਸਭ ਤੋਂ ਵੱਧ ਕਰਦੇ ਹਨ। ਕੀ ਕੁੱਝ ਸਾਲ ਪਹਿਲਾਂ ਵੀ ਇਹਨਾ ਦੇ ਦਸਮ ਗ੍ਰੰਥ ਵਿਰੁੱਧ ਇਹੀ ਵਿਚਾਰ ਸਨ ਜੋ ਅੱਜ ਹਨ? ਬਿੱਲਕੁੱਲ ਨਹੀਂ। ਇਹਨਾ ਦੀ ਸੋਚਣੀ ਸਿਰਫ ਉਥੋਂ ਤੱਕ ਹੀ ਜਾ ਸਕਦੀ ਹੈ ਜਿਥੋਂ ਤੱਕ ਪ੍ਰੋ: ਦਰਸ਼ਨ ਸਿੰਘ ਦੀ ਸੋਚਣੀ ਜਾ ਸਕਦੀ ਹੈ। ਜਿਹੜੀ ਗੱਲ ਅਸੀਂ ਅੱਜ ਤੋਂ ਪੰਜ ਦਸ ਸਾਲ ਪਹਿਲਾਂ ਕਰਦੇ ਸੀ ਹੁਣ ਇਹ ਵੀ ਉਹੀ ਕਰਦੇ ਹਨ ਪਰ ਉਸ ਵੇਲੇ ਇਹ ਸਾਡੀ ਵਿਰੋਧਤਾ ਕਰਦੇ ਸੀ। ਹੋ ਸਕਦਾ ਹੈ ਕਿ ਆਉਣ ਵਾਲੇ ਸਮੇ ਵਿੱਚ ਵੀ ਇਸੇ ਤਰ੍ਹਾਂ ਹੀ ਹੋਵੇ। ਇਹ ਸਿਰਫ ਮੈਂ ਤੱਥ ਪੇਸ਼ ਕਰ ਰਿਹਾ ਹਾਂ ਨਾ ਕਿ ਕਿਸੇ ਦੀ ਵਿਰੋਧਤਾ ਕਰਨ ਲਈ। ਇਹ ਮੈਂ ਪਹਿਲਾਂ ਵੀ ਲਿਖ ਚੁੱਕਾ ਹਾਂ ਅਤੇ ਹੁਣ ਫਿਰ ਲਿਖ ਰਿਹਾ ਹਾਂ ਕਿ ਸਾਰੇ ਦਸਮ ਗ੍ਰੰਥ ਨੂੰ ਰੱਦ ਕਰਨ ਲਈ ਅਤੇ ਇਸ ਦੇ ਵਿਰੁੱਧ ਪ੍ਰਚਾਰ ਕਰਨ ਲਈ ਇਸ ਵੇਲੇ ਇਹ ਸਭ ਤੋਂ ਅੱਗੇ ਹਨ। ਖ਼ਾਲਸਾ ਨਿਉਜ਼ ਤੇ ਕੱਲ ਜੋ ਇਹਨਾ ਨੇ ਪੋਸਟ ਕੀਤਾ ਸੀ ਉਸ ਦਾ ਇੱਕ ਨਮੂਨਾ ਕਾਪੀ ਪੇਸਟ ਕਰਕੇ ਪਾ ਰਿਹਾ ਹਾਂ ਅਤੇ ਹੇਠਾਂ ਕੋਈ ਪੰਜ ਸਾਲ ਪਹਿਲਾਂ ਦੀ ਪ੍ਰੋ: ਦਰਸ਼ਨ ਸਿੰਘ ਦੀ ਭਗੌਤੀ ਦੀ ਵਿਆਖਿਆ ਵਾਲਾ ਲਿੰਕ ਪਾ ਰਿਹਾ ਹਾਂ। ਪੜ੍ਹ ਸੁਣ ਕੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਕਿ ਉਸ ਵਿਚਲੀ ਵਿਆਖਿਆ ਕਿਤਨੀ ਕੁ ਗੁਰਮਤਿ ਅਨੁਸਾਰੀ ਹੈ। ਇਹ ਉਸੇ ਹੀ ਵੀਡੀਓ ਦਾ ਹਿੱਸਾ ਹੈ ਜਿਹੜੀ ਕਿ ਲਾਂਬੇ ਨੇ ਲਾਂਬੂ ਲਉਣ ਲਈ ਕੱਟ-ਵੱਢ ਕਰਕੇ ਭੇਜੀ ਸੀ। ਇਹ ਵੀਡੀਓ ਪ੍ਰੋ: ਦਰਸ਼ਨ ਸਿੰਘ ਦੇ ਹੀ ਕਿਸੇ ਸਮਰੱਥਕ ਵਲੋਂ ਪਾਈ ਲਗਦੀ ਹੈ। ਲਓ ਪੇਸ਼ ਹੈ ਪਹਿਲਾਂ ਖ਼ਾਲਸਾ ਨਿਉਜ਼ ਤੋਂ ਕਾਪੀ ਪੇਸਟ ਅਤੇ ਫਿਰ ਵੀਡੀਓ ਲਿੰਕ:

ਦੁਰਗਾ ਪੂਜਾ ਦੇ ਮੌਕੇ 'ਤੇ ਪਟਨਾ ਸਾਹਿਬ ਗੁਰਦੁਆਰੇ 'ਚ ਹੁੰਦਾ ਹੈ ਚੰਡੀ ਪਾਠ

-: ਇੰਦਰਜੀਤ ਸਿੰਘ, ਕਾਨਪੁਰ

ਪਟਨਾ ਸਿਟੀ: ਦੁਨੀਆਂ ‘ਚ ਸਿੱਖਾਂ ਦੇ ਦੂਸਰੇ ਵੱਡੇ ਤਖ਼ਤ ਸ੍ਰੀ ਹਰਿਮੰਦਿਰ ਸਾਹਿਬ ਜੀ ਪਟਨਾ ਸਾਹਿਬ ‘ਚ ਸ਼ਨਿੱਚਰਵਾਰ ਤੋਂ ਚੰਡੀ ਪਾਠ ਸੁਰੂ ਹੋਇਆ, ਜੋ ਨਵਮੀ ਨੂੰ ਸਮਾਪਤ ਹੋਵੇਗਾ। ਇਹ ਅਨੁਸ਼ਠਾਨ ਹਿੰਦੂ ਸਿੱਖ ਵਿਰਾਸਤ ਅਤੇ ਸਦਭਾਵ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਥੋਂ ਦੇ ਗ੍ਰੰਥੀ ਨੇ ਦੱਸਿਆ ਕਿ ਨਵਮੀ ਵਾਲੇ ਦਿਨ ਗੁਰਦੁਆਰੇ ‘ਚ ਸ਼ਸਤਰਾਂ ਦੀ ਪੂਜਾ ਹੋਵੇਗੀ ਅਤੇ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।

ਮੀਤ ਗ੍ਰੰਥੀ ਭਾਈ ਬਲਦੇਵ ਸਿੰਘ ਨੇ ਦੱਸਿਆ ਕਿ ਭਾਰਤ ਦੇ ਪ੍ਰਮੁਖ ਪੰਜ ਤਖ਼ਤਾਂ ‘ਚ ਪਟਨਾ ਸਾਹਿਬ ਹੀ ਐਸਾ ਇਕਲੌਤਾ ਤਖ਼ਤ ਹੈ, ਜਿੱਥੇ ਦੁਰਗਾ ਪੂਜਾ ਦੇ ਮੌਕੇ ‘ਤੇ ਸਾਲਾਂ ਤੋਂ ਚੰਡੀ ਦਾ ਪਾਠ ਹੁੰਦਾ ਹੈ। ਇਸ ਵਿੱਚ ਅਮ੍ਰਿੰਤਸਰ, ਪੰਜਾਬ, ਦਿੱਲੀ, ਮੁੰਬਈ, ਲੁਧਿਆਣਾ ਤੋਂ ਆਏ ਜੱਥੇ ਸ਼ਾਮਿਲ ਹੁੰਦੇ ਹਨ।

ਜੇ ਤਖਤ ਪਟਨਾ ਸਾਹਿਬ ਅਤੇ ਤਖਤ ਹਜੂਰ ਸਾਹਿਬ ਵਿਚ ਦੁਰਗਾ ਪਾਠ ਅਤੇ ਉਸ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ, ਤਾਂ ਕਸੂਰ ਉੱਥੇ ਦੇ ਜੱਥੇਦਾਰਾਂ ਹੈ, ਉੱਥੇ ਜਾਕੇ ਮੱਥਾ ਟੇਕਨ ਵਾਲੇ ਭੇਡੂ ਸਿੱਖਾਂ ਦਾ ਨਹੀਂ ਹੈ। ਕਸੂਰ ਤਾਂ ਉਥੇ ਪਏ “ਕੂੜ ਪੋਥੇ” ਦਾ ਹੈ, ਜਿਸ ਵਿਚ “ਦੁਰਗਾ” ਦੀ ਥਾਂ ਥਾਂ ‘ਤੇ ਪੂਜਾ ਕੀਤੀ ਗਈ ਹੈ। ਅਤੇ ਉਸ ਦੁਰਗਾ ਪਾਠ ਦੀ ਪਹਿਲੀ ਪੌੜ੍ਹੀ ਤੁਸੀਂ ਬੜੇ ਫਖਰ ਨਾਲ ਅਪਣੀ ਪੰਥਿਕ ਅਰਦਾਸ ਵਿਚ ਰੋਜ਼ ਪੜ੍ਹਦੇ ਹੋ। ਇਸ ਦੀ ਪਹਿਲੀ ਪੌੜ੍ਹੀ ਤਾਂ ਤੁਸੀਂ ਪੜ੍ਹ ਲੈੰਦੇ ਹੋ, ਕਦੀ ਇਸ “ਦੁਰਗਾ ਪਾਠ” ਦੀ 54ਵੀਂ ਅਤੇ 55ਵੀਂ ਪੌੜ੍ਹੀ ਵੀ ਪੜ੍ਹ ਲੈੰਦੇ ਮੇਰੇ ਵੀਰੋ, ਤਾਂ ਕਦੀ ਅਰਦਾਸ ਵਿਚ “ਭਗਉਤੀ” (ਦੁਰਗਾ) ਨੂੰ “ਕਿਰਪਾਨ” ਜਾਂ ਅਕਾਲਪੁਰਖ” ਸਮਝਣ ਦੀ ਹਿਮਾਕਤ ਨਾ ਕਰਦੇ। ਇਹ ਰਚਨਾਂ ਤਾਂ ਆਪ ਉੱਚੀ ਉਚੀ ਰੌਲਾ ਪਾ ਕੇ ਕਹਿ ਰਹੀ ਹੈ।। ।

ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ॥ ਫੇਰ ਨ ਜੂਨੀ ਆਇਆ ਜਿਨ ਇਹ ਗਾਇਆ ॥੫੫॥

ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੈ ॥ ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ ॥ ਅਖੌਤੀ ਦਸਮ ਗ੍ਰੰਥ ਪੇਜ 127

ਟਿੱਪਣੀ: ਹੁਣ ਕਿੱਥੇ ਹਨ ਅਖੌਤੀ ਦਸਮ ਗ੍ਰੰਥ ਦੇ ਸਮਰਥਕ, ਜਿਹੜੇ ਕਹਿੰਦੇ ਹਨ ਕਿ ਚੰਡੀ ਦਾ ਮਤਲਬ ਸ਼ਕਤੀ ਹੈ, ਤਲਵਾਰ ਹੈ।। । ਅਗਲੇ ਦੁਰਗਾ ਪੂਜਾ ਮਨਾਉਣ ਡਏ ਆ।। । ਲੱਖ ਲਾਹਨਤ।। । ਤੇ ਇਧਰ ਦੁਸ਼ਹਿਰਾ ਵੀ ਮਨਾਇਆ ਜਾ ਰਿਹਾ ਹੈ, ਉਹ ਵੀ ਅਖੌਤੀ ਦਸਮ ਗ੍ਰੰਥ ਕਰਕੇ।। । ਹਾਲੇ ਵੀ ਅੱਖਾਂ ਤੋਂ ਪਰਦਾ ਨਹੀਂ ਹਟਦਾ ਕਿ ਇਹ ਕੂੜ੍ਹ ਗ੍ਰੰਥ ਸਿੱਖਾਂ ਨੂੰ ਹਿੰਦੂ ਸਾਬਿਤ ਕਰਨ ਲਈ ਹੀ ਸਿੱਖੀ ਦੇ ਵਿਹੜੇ 'ਚ ਸੁਟਿਆ ਗਿਆ ਹੈ? ? ? ?

ਸੰਪਾਦਕ ਖ਼ਾਲਸਾ ਨਿਊਜ਼

ਅੰਤ ਵਿੱਚ ਮੈਂ ਫਿਰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜੇ ਕਰ ਕਿਸੇ ਨਾਲ ਖਿਆਲ ਨਹੀਂ ਮਿਲਦੇ ਤਾਂ ਵਿਰੋਧਤਾ ਕਰਨੀ ਜਰੂਰੀ ਨਹੀਂ ਹੈ, ਹੋ ਸਕਦਾ ਹੈ ਕਿ ਅਗਲਾ ਠੀਕ ਹੀ ਹੋਵੇ ਜਾਂ ਤੁਹਾਨੂੰ ਉਸ ਬਾਰੇ ਪੂਰੀ ਜਾਣਕਾਰੀ ਹੀ ਨਾ ਹੋਵੇ ਜਾਂ ਕੋਈ ਕਿਸੇ ਦੀ ਮਜ਼ਬੂਰੀ ਹੋਵੇ। ਅਤੇ ਜੇ ਕਰ ਜਰੂਰ ਹੀ ਕਰਨੀ ਹੈ ਤਾਂ ਇਸ ਹਿਸਾਬ ਨਾਲ ਕਰੋ ਕਿ ਤੁਹਾਨੂੰ ਮੁੜ ਕੇ ਉਸੇ ਕੌੜੀ ਕੁਸੈਲੀ ਬੋਲੀ ਵਿੱਚ ਨਾ ਸੁਣਨੀ ਪਵੇ। ਉਮੀਦ ਤਾਂ ਨਹੀਂ ਕਿ ਸਿੱਖਾਂ ਨੂੰ ਕੋਈ ਅਕਲ ਆ ਜਾਵੇ ਅਤੇ ਮਿਲ ਬੈਠ ਕੇ ਕੋਈ ਚੰਗੀ ਵਿਚਾਰ ਕਰ ਸਕਣ ਪਰ ਫਿਰ ਵੀ ਕੋਸ਼ਿਸ਼ ਤਾਂ ਕਰਦੇ ਹੀ ਰਹਿਣਾ ਚਾਹੀਦਾ ਹੈ। ਇਸੇ ਤਰ੍ਹਾਂ ਦੀ ਕੋਸ਼ਿਸ਼ ਕੱਲ ਇੱਕ ਕਾਨਫਰੰਸ ਕਰਨ ਦੀ ਹੋਈ ਹੈ ਜਿਸ ਦੀ ਜਾਣਕਾਰੀ ਆਉਣ ਵਾਲੇ ਦਿਨਾ ਵਿੱਚ ਮਿਲ ਜਾਵੇਗੀ।

ਮੱਖਣ ਸਿੰਘ ਪੁਰੇਵਾਲ,

ਅਕਤੂਬਰ 05, 2014.
.